ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਹਾਬਲ ਜਾਣਦਾ ਸੀ ਕਿ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨ ਲਈ ਉਸ ਨੂੰ ਜਾਨਵਰ ਦੀ ਭੇਟ ਚੜ੍ਹਾਉਣ ਦੀ ਲੋੜ ਸੀ?
ਬਾਈਬਲ ਵਿਚ ਕਇਨ ਅਤੇ ਹਾਬਲ ਦਾ ਯਹੋਵਾਹ ਨੂੰ ਭੇਟ ਚੜ੍ਹਾਉਣ ਦਾ ਬਿਰਤਾਂਤ ਇੰਨਾ ਲੰਬਾ ਨਹੀਂ ਹੈ। ਉਤਪਤ 4:3-5 ਵਿਚ ਅਸੀਂ ਪੜ੍ਹਦੇ ਹਾਂ: “ਕੁਝ ਦਿਨਾਂ ਦੇ ਮਗਰੋਂ ਐਉਂ ਹੋਇਆ ਕਿ ਕਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਦੀ ਭੇਟ ਲਈ ਕੁਝ ਲੈ ਆਇਆ। ਹਾਬਲ ਵੀ ਇੱਜੜ ਦੇ ਪਲੌਠਿਆਂ ਅਰ ਉਨ੍ਹਾਂ ਦੀ ਚਰਬੀ ਤੋਂ ਕੁਝ ਲੈ ਆਇਆ, ਅਤੇ ਯਹੋਵਾਹ ਨੇ ਹਾਬਲ ਨੂੰ ਅਰ ਉਹ ਦੀ ਭੇਟ ਨੂੰ ਪਸੰਦ ਕੀਤਾ। ਪਰ ਕਇਨ ਅਰ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ।”
ਬਾਈਬਲ ਵਿਚ ਇਸ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ ਕਿ ਯਹੋਵਾਹ ਨੇ ਉਨ੍ਹਾਂ ਨੂੰ ਭੇਟ ਚੜ੍ਹਾਉਣ ਸੰਬੰਧੀ ਹਿਦਾਇਤਾਂ ਦਿੱਤੀਆਂ ਸਨ ਜਾਂ ਉਹ ਕਿਹੜੀਆਂ ਭੇਟਾਂ ਪਸੰਦ ਕਰਦਾ ਸੀ। ਤਾਂ ਫਿਰ ਇਹ ਜ਼ਾਹਰ ਹੈ ਕਿ ਕਇਨ ਅਤੇ ਹਾਬਲ ਨੇ ਆਪਣੀ ਇੱਛਾ ਮੁਤਾਬਕ ਭੇਟਾਂ ਚੜ੍ਹਾਈਆਂ ਸਨ। ਉਨ੍ਹਾਂ ਦੇ ਮਾਪਿਆਂ ਦੇ ਪਹਿਲੇ ਘਰ, ਯਾਨੀ ਫਿਰਦੌਸ ਵਿਚ ਉਨ੍ਹਾਂ ਦੇ ਜਾਣ ਤੇ ਪਾਬੰਦੀ ਲਾਈ ਹੋਈ ਸੀ; ਕਇਨ ਤੇ ਹਾਬਲ ਹੁਣ ਪਾਪ ਦਾ ਅਸਰ ਭੋਗ ਰਹੇ ਸਨ; ਅਤੇ ਉਹ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਸਨ। ਆਪਣੀ ਪਾਪੀ ਅਤੇ ਬੁਰੀ ਹਾਲਤ ਕਰਕੇ ਉਨ੍ਹਾਂ ਨੇ ਕਿੰਨਾ ਚਾਹਿਆ ਹੋਣਾ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਦਦ ਮਿਲੇ। ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਆਪਣੀ ਮਰਜ਼ੀ ਨਾਲ ਭੇਟ ਚੜ੍ਹਾ ਕੇ ਉਹ ਉਸ ਦੀ ਮਿਹਰ ਪ੍ਰਾਪਤ ਕਰਨੀ ਚਾਹੁੰਦੇ ਸਨ।
ਗੱਲ ਇਸ ਤਰ੍ਹਾਂ ਹੋਈ ਕਿ ਪਰਮੇਸ਼ੁਰ ਨੇ ਹਾਬਲ ਦੀ ਭੇਟ ਪਸੰਦ ਕੀਤੀ ਪਰ ਕਇਨ ਦੀ ਨਹੀਂ। ਕਿਉਂ? ਕੀ ਇਹ ਇਸ ਲਈ ਸੀ ਕਿ ਹਾਬਲ ਨੇ ਸਹੀ ਪਰ ਕਇਨ ਨੇ ਗ਼ਲਤ ਚੀਜ਼ਾਂ ਦੀ ਭੇਟ ਚੜ੍ਹਾਈ? ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਯਹੋਵਾਹ ਦੀ ਪ੍ਰਵਾਨਗੀ ਭੇਟ ਚੜ੍ਹਾਈ ਚੀਜ਼ ਤੇ ਨਿਰਭਰ ਸੀ ਜਾਂ ਨਹੀਂ ਕਿਉਂਕਿ ਨਾ ਤਾਂ ਕਇਨ ਨੂੰ ਅਤੇ ਨਾ ਹੀ ਹਾਬਲ ਨੂੰ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਨੂੰ ਕੀ ਪਸੰਦ ਹੈ ਤੇ ਕੀ ਨਹੀਂ। ਉਮੀਦ ਹੈ ਕਿ ਦੋਵੇਂ ਕਿਸਮ ਦੀਆਂ ਭੇਟਾਂ ਸਵੀਕਾਰ ਸਨ। ਇਸਰਾਏਲ ਕੌਮ ਨੂੰ ਬਾਅਦ ਵਿਚ ਦਿੱਤੀ ਯਹੋਵਾਹ ਦੀ ਸ਼ਰਾ ਦੇ ਅਧੀਨ ਮਨਜ਼ੂਰ ਬਲੀਦਾਨਾਂ ਦੇ ਵਿਚ ਸਿਰਫ਼ ਜਾਨਵਰ ਹੀ ਨਹੀਂ ਬਲਕਿ ਭੁੰਨੇ ਹੋਏ ਦਾਣੇ, ਜੌਂ ਦੀਆਂ ਭਰੀਆਂ, ਮੈਦਾ, ਪਕਾਈਆਂ ਹੋਈਆਂ ਚੀਜ਼ਾਂ, ਅਤੇ ਦਾਖ ਰਸ ਵੀ ਸ਼ਾਮਲ ਸਨ। (ਲੇਵੀਆਂ 6:19-23; 7:11-13; 23:10-13) ਤਾਂ ਫਿਰ ਸਪੱਸ਼ਟ ਹੈ ਕਿ ਪਰਮੇਸ਼ੁਰ ਨੇ ਕਇਨ ਅਤੇ ਹਾਬਲ ਦੀਆਂ ਭੇਟਾਂ ਸਿਰਫ਼ ਇਸ ਲਈ ਨਹੀਂ ਸਵੀਕਾਰ ਜਾਂ ਰੱਦ ਕੀਤੀਆਂ ਕਿਉਂਕਿ ਭੇਟ ਕੀਤੀਆਂ ਚੀਜ਼ਾਂ ਚੰਗੀਆਂ ਜਾਂ ਮਾੜੀਆਂ ਸਨ।—ਯਸਾਯਾਹ 1:11; ਆਮੋਸ 5:22 ਦੀ ਤੁਲਨਾ ਕਰੋ।
ਸਦੀਆਂ ਬਾਅਦ ਪੌਲੁਸ ਰਸੂਲ ਨੇ ਬਿਆਨ ਕੀਤਾ: “ਨਿਹਚਾ ਨਾਲ ਹਾਬਲ ਨੇ ਕਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ।” (ਇਬਰਾਨੀਆਂ 11:4) ਜੀ ਹਾਂ, ਨਿਹਚਾ ਕਰਕੇ ਹੀ ਪਰਮੇਸ਼ੁਰ ਨੇ ਹਾਬਲ ਨੂੰ ਧਰਮੀ ਮੰਨਿਆ। ਪਰ ਕਿਸ ਵਿਚ ਨਿਹਚਾ? ਯਹੋਵਾਹ ਦੇ ਵਾਅਦੇ ਵਿਚ ਨਿਹਚਾ ਕਿ ਉਸ ਨੇ ਇਕ ਅੰਸ ਪੈਦਾ ਕਰਾਉਣੀ ਸੀ ਜੋ ‘ਸੱਪ ਦੇ ਸਿਰ ਨੂੰ ਫੇਵੇਗੀ’ ਅਤੇ ਉਹ ਸ਼ਾਂਤੀ ਤੇ ਸੰਪੂਰਣਤਾ ਨੂੰ ਮੁੜ-ਬਹਾਲ ਕਰੇਗੀ ਜਿਸ ਦੀ ਮਨੁੱਖਜਾਤੀ ਪਹਿਲਾਂ ਆਨੰਦ ਮਾਣਦੀ ਸੀ। ਅੰਸ ‘ਦੀ ਅੱਡੀ ਨੂੰ ਡੰਗ ਮਾਰੇ’ ਜਾਣ ਬਾਰੇ ਸੁਣ ਕੇ ਹਾਬਲ ਨੇ ਸ਼ਾਇਦ ਸਿੱਟਾ ਕੱਢਿਆ ਹੋਵੇ ਕਿ ਭੇਟ ਚੜ੍ਹਾਉਣ ਵਿਚ ਖ਼ੂਨ ਵਹਾਉਣ ਦੀ ਲੋੜ ਸੀ। (ਉਤਪਤ 3:15) ਭਾਵੇਂ ਜੋ ਮਰਜ਼ੀ ਹੋਵੇ, ਪਰ ਅਸਲੀਅਤ ਤਾਂ ਇਹ ਹੈ ਕਿ ਨਿਹਚਾ ਕਰਕੇ ਹਾਬਲ ਨੇ “ਕਇਨ ਨਾਲੋਂ . . . ਉੱਤਮ ਬਲੀਦਾਨ ਚੜ੍ਹਾਇਆ।”
ਇਸੇ ਤਰ੍ਹਾਂ, ਕਇਨ ਨੂੰ ਆਪਣੀ ਨਿਹਚਾ ਦੀ ਘਾਟ ਕਾਰਨ ਰੱਦ ਕੀਤਾ ਗਿਆ ਸੀ ਜੋ ਉਸ ਦੇ ਕੰਮਾਂ ਤੋਂ ਜ਼ਾਹਰ ਹੋਈ। ਉਸ ਨੂੰ ਇਸ ਕਰਕੇ ਨਹੀਂ ਸੀ ਰੱਦ ਕੀਤਾ ਕਿ ਉਸ ਨੇ ਗ਼ਲਤ ਚੀਜ਼ਾਂ ਦੀ ਭੇਟ ਚੜ੍ਹਾਈ ਸੀ। ਯਹੋਵਾਹ ਨੇ ਕਇਨ ਨੂੰ ਸਾਫ਼-ਸਾਫ਼ ਦੱਸਿਆ ਸੀ: “ਜੇ ਤੂੰ ਭਲਾ ਕਰੇਂ ਕੀ [ਤੇਰਾ ਮੂੰਹ] ਉਤਾਹਾਂ ਨਾ ਕੀਤਾ ਜਾਵੇ?” (ਉਤਪਤ 4:7) ਪਰਮੇਸ਼ੁਰ ਨੇ ਕਇਨ ਨੂੰ ਉਸ ਦੀ ਭੇਟ ਤੋਂ ਨਾਰਾਜ਼ ਹੋਣ ਕਰਕੇ ਨਹੀਂ ਸੀ ਰੱਦ ਕੀਤਾ ਬਲਕਿ “ਇਸ ਲਈ ਜੋ ਉਹ ਦੇ ਕੰਮ ਬੁਰੇ” ਸਨ। ਇਨ੍ਹਾਂ ਕੰਮਾਂ ਵਿਚ ਈਰਖਾ, ਨਫ਼ਰਤ ਤੇ ਉਸ ਦੇ ਆਪਣੇ ਭਰਾ ਦਾ ਕਤਲ ਵੀ ਸ਼ਾਮਲ ਸਨ। ਇਸੇ ਕਰਕੇ ਪਰਮੇਸ਼ੁਰ ਨੇ ਕਇਨ ਨੂੰ ਰੱਦ ਕੀਤਾ ਸੀ।—1 ਯੂਹੰਨਾ 3:12.