ਯੋਗਾ ਕੀ ਇਹ ਸਿਰਫ਼ ਕਸਰਤ ਹੀ ਹੈ?
ਯੋਗਾ ਕੀ ਇਹ ਸਿਰਫ਼ ਕਸਰਤ ਹੀ ਹੈ?
ਅੱਜ-ਕੱਲ੍ਹ ਪਤਲੇ ਅਤੇ ਸਿਹਤਮੰਦ ਸਰੀਰਾਂ ਦਾ ਜ਼ਮਾਨਾ ਹੈ! ਇਸ ਕਰਕੇ ਲੋਕ ਜਿਮਨੇਜ਼ੀਅਮਾਂ ਅਤੇ ਹੈੱਲਥ ਕਲੱਬਾਂ ਵਿਚ ਜਾਣ ਲੱਗ ਪਏ ਹਨ। ਪੱਛਮੀ ਦੇਸ਼ਾਂ ਦੇ ਲੋਕ ਵੀ ਪੂਰਬੀ ਦੇਸ਼ਾਂ ਦਾ ਯੋਗਾ ਅਭਿਆਸ ਪਸੰਦ ਕਰਦੇ ਹਨ ਕਿਉਂਕਿ ਉਹ ਵੀ ਚੰਗੀ ਸਿਹਤ ਦੇ ਚਾਹਵਾਨ ਹਨ।
ਅੱਜ-ਕੱਲ੍ਹ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਤਰ੍ਹਾਂ-ਤਰ੍ਹਾਂ ਦੇ ਦਬਾਅ ਆਉਂਦੇ ਹਨ ਜਿਨ੍ਹਾਂ ਕਰਕੇ ਉਹ ਡਿਪ੍ਰੈਸ ਹੋ ਜਾਂਦੇ ਹਨ। ਇਨ੍ਹਾਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨ ਲਈ ਉਹ ਕੋਈ-ਨਾ-ਕੋਈ ਹੱਲ ਲੱਭਦੇ ਹਨ। ਕਈ ਮਨ ਦੀ ਸ਼ਾਂਤੀ ਲਈ ਯੋਗਾ ਦਾ ਸਹਾਰਾ ਲੈਂਦੇ ਹਨ। ਹਿੱਪੀਆਂ ਦੇ ਜ਼ਮਾਨੇ ਤੋਂ, ਖ਼ਾਸ ਕਰਕੇ 1960 ਦੇ ਦਹਾਕੇ ਤੋਂ ਪੱਛਮੀ ਦੇਸ਼ਾਂ ਦੇ ਲੋਕ ਪੂਰਬੀ ਧਰਮਾਂ ਵਿਚ ਅਤੇ ਉਨ੍ਹਾਂ ਦੇ ਗੁੱਝੇ ਰੀਤਾਂ-ਰਿਵਾਜਾਂ ਵਿਚ ਬਹੁਤ ਦਿਲਚਸਪੀ ਲੈਣ ਲੱਗ ਪਏ। ਅੰਤਰਧਿਆਨ ਕਰਨ ਦਾ ਅਭਿਆਸ ਯੋਗਾ ਦੇ ਅਭਿਆਸ ਤੋਂ ਹੀ ਪੈਦਾ ਹੋਇਆ ਹੈ। ਫ਼ਿਲਮੀ ਸਿਤਾਰਿਆਂ ਅਤੇ ਰੌਕ ਸੰਗੀਤਕਾਰਾਂ ਨੇ ਇਸ ਅਭਿਆਸ ਨੂੰ ਕਾਫ਼ੀ ਮਸ਼ਹੂਰ ਕੀਤਾ ਹੈ। ਅੱਜ-ਕੱਲ੍ਹ ਯੋਗਾ ਵਿਚ ਇੰਨੀ ਦਿਲਚਸਪੀ ਹੋਣ ਕਰਕੇ ਅਸੀਂ ਸਵਾਲ ਪੁੱਛ ਸਕਦੇ ਹਾਂ: ‘ਕੀ ਯੋਗਾ ਸਿਰਫ਼ ਇਕ ਤਰ੍ਹਾਂ ਦੀ ਕਸਰਤ ਹੀ ਹੈ ਜਿਸ ਦੇ ਅਭਿਆਸ ਨਾਲ ਸਾਡੇ ਸਰੀਰ ਪਤਲੇ ਅਤੇ ਸਿਹਤਮੰਦ ਬਣ ਸਕਦੇ ਹਨ? ਕੀ ਇਸ ਅਭਿਆਸ ਤੋਂ ਸਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ? ਕੀ ਯੋਗਾ ਕਿਸੇ ਧਾਰਮਿਕ ਲਾਗ-ਲਪੇਟ ਤੋਂ ਬਿਨਾਂ ਕੀਤਾ ਜਾ ਸਕਦਾ ਹੈ? ਕੀ ਮਸੀਹੀ ਯੋਗਾ ਕਰ ਸਕਦੇ ਹਨ?’
ਯੋਗਾ ਦਾ ਅਭਿਆਸ ਕਿੱਥੋਂ ਸ਼ੁਰੂ ਹੋਇਆ?
ਸੰਸਕ੍ਰਿਤ ਸ਼ਬਦ ਯੋਗ ਦਾ ਅਰਥ ਹੈ ਇਕੱਠਾ ਕਰਨਾ, ਜੋੜਨਾ, ਜਿਵੇਂ ਰੱਥ ਨਾਲ ਦੋ ਘੋੜਿਆਂ ਨੂੰ ਜੋੜਨਾ ਆਦਿ। ਹਿੰਦੂ ਲੋਕਾਂ ਲਈ ਯੋਗਾ ਇਕ ਐਸਾ ਜ਼ਰੀਆ ਹੈ ਜਿਸ ਦੁਆਰਾ ਉਹ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ। ਪਰਮਾਤਮਾ ਨਾਲ ਦਿਲ-ਦਿਮਾਗ਼ ਤੇ ਆਤਮਾ ਦੇ ਮੇਲ ਨੂੰ ਯੋਗ ਕਿਹਾ ਗਿਆ ਹੈ।
ਇਤਿਹਾਸ ਅਨੁਸਾਰ ਯੋਗ ਦਾ ਅਭਿਆਸ ਕਦੋਂ ਸ਼ੁਰੂ ਹੋਇਆ ਸੀ? ਸਿੰਧ ਘਾਟੀ ਯਾਨੀ ਮੌਜੂਦਾ ਪਾਕਿਸਤਾਨ ਵਿਚ ਕੁਝ ਅਜਿਹੀਆਂ ਮੁਹਰਾਂ ਮਿਲੀਆਂ ਹਨ ਜਿਨ੍ਹਾਂ ਵਿਚ ਆਦਮੀ ਯੋਗ ਆਸਣ ਵਿਚ ਬੈਠੇ ਵਿਖਾਏ ਗਏ ਹਨ। ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਅਨੁਸਾਰ ਸਿੰਧ ਘਾਟੀ ਦਾ ਸਭਿਆਚਾਰ ਉਤਪਤ 10:8, 9) ਹਿੰਦੂ ਲੋਕ ਕਹਿੰਦੇ ਹਨ ਕਿ ਚੌਂਕੜੀ ਮਾਰ ਕੇ ਭਗਤੀ ਕਰ ਰਿਹਾ ਯੋਗੀ ਪੁਰਸ਼ ਸ਼ਿਵ ਜੀ ਹੈ। ਉਸ ਦੀ ਪੂਜਾ ਸ਼ਿਵਲਿੰਗ ਦੁਆਰਾ ਕੀਤੀ ਜਾਂਦੀ ਹੈ। ਹਿੰਦੂ ਵਰਲਡ ਨਾਂ ਦੀ ਪੁਸਤਕ ਯੋਗ ਦੇ ਅਭਿਆਸ ਬਾਰੇ ਕਹਿੰਦੀ ਹੈ ਕਿ ਯੋਗਾ “ਆਰੀਆ ਲੋਕਾਂ ਦੇ ਸਮੇਂ ਤੋਂ ਪਹਿਲਾਂ ਤੋਂ ਹੀ ਤਪੱਸਿਆ ਦੇ ਨਿਯਮ ਹਨ ਜਿਨ੍ਹਾਂ ਵਿਚ ਪ੍ਰਾਚੀਨ ਵਿਚਾਰ ਅਤੇ ਰੀਤੀ-ਰਿਵਾਜ ਪਾਏ ਜਾਂਦੇ ਹਨ।”
ਮੇਸੋਪੋਟੇਮੀ ਸਭਿਆਚਾਰ ਦੇ ਸਮੇਂ ਨਾਲ ਮੇਲ ਖਾਂਦਾ ਹੈ, ਯਾਨੀ ਇਹ ਦੋਵੇਂ ਸਭਿਆਚਾਰ ਅੱਜ ਤੋਂ ਤਕਰੀਬਨ ਤਿੰਨ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਵੱਸਦੇ ਸਨ। ਇਨ੍ਹਾਂ ਦੋਨਾਂ ਇਲਾਕਿਆਂ ਵਿੱਚੋਂ ਐਸੀਆਂ ਚੀਜ਼ਾਂ ਮਿਲੀਆਂ ਹਨ ਜੋ ਇਕ ਦੇਵਤੇ ਨੂੰ ਦਰਸਾਉਂਦੀਆਂ ਹਨ। ਇਹ ਇਕ ਬੰਦੇ ਦੀ ਮੂਰਤ ਹੈ ਜਿਸ ਦੇ ਸਿਰ ਤੇ ਪਸ਼ੂਆਂ ਦੇ ਸਿੰਗਾਂ ਦਾ ਮੁਕਟ ਹੈ ਅਤੇ ਉਸ ਦੇ ਆਲੇ-ਦੁਆਲੇ ਪਸ਼ੂ ਖੜ੍ਹੇ ਹਨ। ਉਸ ਨੂੰ ਦੇਖ ਕੇ ਬਾਈਬਲ ਵਿਚ ਜ਼ਿਕਰ ਕੀਤੇ ਗਏ “ਬਲਵੰਤ ਸ਼ਿਕਾਰੀ” ਨਿਮਰੋਦ ਦੀ ਯਾਦ ਆਉਂਦੀ ਹੈ। (ਯੋਗਾ ਕਰਨ ਦੇ ਤਰੀਕੇ ਪਹਿਲਾਂ-ਪਹਿਲ ਮੂੰਹ-ਜ਼ਬਾਨੀ ਹੀ ਸਿਖਾਏ ਜਾਂਦੇ ਸਨ। ਬਾਅਦ ਵਿਚ ਇਨ੍ਹਾਂ ਨੂੰ ਭਾਰਤ ਦੇ ਪਤੰਜਲੀ ਨਾਂ ਦੇ ਰਿਸ਼ੀ ਨੇ ਯੋਗ ਸੂਤਰ ਨਾਮਕ ਗ੍ਰੰਥ ਵਿਚ ਲਿਖਿਆ। ਹੁਣ ਯੋਗ ਦਾ ਅਭਿਆਸ ਇਹੀ ਪੁਸਤਕ ਤੋਂ ਸਿਖਾਇਆ ਜਾਂਦਾ ਹੈ। ਪਤੰਜਲੀ ਦੇ ਅਨੁਸਾਰ ਯੋਗ “ਤਨ ਤੇ ਮਨ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਕਰਨ ਦਾ ਸਿਲਸਿਲੇਵਾਰ ਅਭਿਆਸ ਹੈ।” ਸ਼ੁਰੂ ਤੋਂ ਹੀ ਯੋਗਾ ਖ਼ਾਸ ਕਰਕੇ ਹਿੰਦੂ, ਜੈਨ ਅਤੇ ਬੁੱਧ ਵਰਗੇ ਧਰਮਾਂ ਦਾ ਮੁੱਖ ਹਿੱਸਾ ਰਿਹਾ ਹੈ। ਕਈ ਲੋਕ ਇਹ ਮੰਨਦੇ ਹਨ ਕਿ ਯੋਗਾ ਦੁਆਰਾ ਉਹ ਪਰਮਾਤਮਾ ਨਾਲ ਇਕ ਹੋ ਕੇ ਮੁਕਤੀ ਪਾ ਸਕਦੇ ਹਨ।
ਸੋ ਅਸੀਂ ਫਿਰ ਤੋਂ ਸਵਾਲ ਪੁੱਛਦੇ ਹਾਂ: ‘ਕੀ ਅਸੀਂ ਯੋਗ ਦਾ ਅਭਿਆਸ ਸਿਰਫ਼ ਕਸਰਤ ਵਜੋਂ ਕਰ ਸਕਦੇ ਹਾਂ ਤਾਂਕਿ ਅਸੀਂ ਮਨ ਦੀ ਸ਼ਾਂਤੀ ਪਾ ਸਕੀਏ ਅਤੇ ਸਿਹਤਮੰਦ ਬਣ ਸਕੀਏ? ਕੀ ਇਹ ਬਿਨਾਂ ਕਿਸੇ ਧਰਮ ਨਾਲ ਸੰਬੰਧ ਤੋਂ ਕੀਤਾ ਜਾ ਸਕਦਾ ਹੈ?’ ਇਸ ਦੇ ਮੁੱਢ ਤੇ ਧਿਆਨ ਮਾਰਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇਹ ਮਸੀਹੀਆਂ ਲਈ ਨਹੀਂ ਹੈ।
ਯੋਗਾ ਕਰਨ ਦਾ ਨਤੀਜਾ
ਯੋਗ ਦੇ ਅਭਿਆਸ ਦੁਆਰਾ ਇਕ ਵਿਅਕਤੀ ਐਸੀ ਅਵਸਥਾ ਵਿਚ ਚਲਾ ਜਾਂਦਾ ਹੈ ਜਿਸ ਵਿਚ ਉਹ ਮਹਾਨ ਆਤਮਾ ਨਾਲ ‘ਮਿਲ ਜਾਂਦਾ’ ਹੈ। ਪਰ ਉਹ ਮਹਾਨ ਆਤਮਾ ਕੌਣ ਹੈ?
ਹਿੰਦੂ ਵਰਲਡ ਪੁਸਤਕ ਵਿਚ ਬੈਂਜਾਮਿਨ ਵੌਕਰ ਨੇ ਯੋਗਾ ਬਾਰੇ ਕਿਹਾ ਕਿ ‘ਹੋ ਸਕਦਾ ਹੈ ਕਿ ਪਹਿਲਾਂ-ਪਹਿਲਾਂ ਇਸ ਵਿਚ ਜਾਦੂ ਵਗੈਰਾ ਕੀਤਾ ਜਾਂਦਾ ਸੀ ਅਤੇ ਹਾਲੇ ਵੀ ਇਹੀ ਕੁਝ ਕੀਤਾ ਜਾਂਦਾ ਹੈ।’ ਹਿੰਦੂ ਫ਼ਿਲਾਸਫ਼ਰ ਇਹ ਗੱਲ ਮੰਨਦੇ ਹਨ ਕਿ ਯੋਗ ਦੇ ਕਾਰਨ ਇਕ ਵਿਅਕਤੀ ਨੂੰ ਕਰਾਮਾਤੀ ਸ਼ਕਤੀ ਮਿਲ ਸਕਦੀ ਹੈ, ਭਾਵੇਂ ਕਿ ਉਹ ਦਾਅਵਾ ਕਰਦੇ ਹਨ ਕਿ ਯੋਗ ਦਾ ਸਿਰਫ਼ ਇਹੋ ਮੰਤਵ ਨਹੀਂ ਹੈ। ਮਿਸਾਲ ਲਈ, ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਐਸ. ਰਾਧਾਕ੍ਰਿਸ਼ਨਨ ਨੇ ਇੰਡੀਅਨ ਫਿਲੋਸੋਫੀ ਨਾਂ ਦੀ ਪੁਸਤਕ ਵਿਚ ਕਿਹਾ ਕਿ ‘ਵਿਸ਼ੇਸ਼ ਆਸਣਾਂ ਦੁਆਰਾ ਸਰੀਰ ਉੱਤੇ ਕੰਟ੍ਰੋਲ ਕਰ ਸਕਣ ਨਾਲ ਯੋਗੀ ਠੰਢ ਜਾਂ ਗਰਮੀ ਨਹੀਂ ਮੰਨਦਾ। ਉਹ ਕਾਫ਼ੀ ਫ਼ਾਸਲੇ ਤੋਂ ਸੁਣ ਅਤੇ ਦੇਖ ਸਕਦਾ ਹੈ। ਉਹ ਬਿਨਾਂ ਕਿਸੇ ਸਾਧਨ ਦੁਆਰਾ ਦੂਸਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਯੋਗੀ ਆਪਣੇ ਸਰੀਰ ਨੂੰ ਅਲੋਪ ਕਰ ਸਕਦਾ ਹੈ।’
ਵਿਦੇਸ਼ਾਂ ਵਿਚ ਜਦੋਂ ਲੋਕ ਸੁਣਦੇ ਹਨ ਕਿ ਯੋਗੀ ਮੇਖਾਂ ਦੇ ਮੰਜੇ ਉੱਤੇ ਲੰਮੇ ਪੈ ਸਕਦੇ ਹਨ ਜਾਂ ਭੱਖਦੇ ਅੰਗਾਰਿਆਂ ਉੱਤੇ ਤੁਰ ਸਕਦੇ ਹਨ, ਤਾਂ ਉਹ ਇਨ੍ਹਾਂ ਗੱਲਾਂ ਨੂੰ ਮਜ਼ਾਕ ਸਮਝਦੇ ਹਨ। ਪਰ ਭਾਰਤ ਵਿਚ ਇਹ ਨਜ਼ਾਰੇ ਆਮ ਤੌਰ ਤੇ ਦੇਖੇ ਜਾਂਦੇ ਹਨ। ਕਈ ਵਾਰ ਘੰਟਿਆਂ ਬੱਧੀ ਇਕ ਲੱਤ ਤੇ ਖੜ੍ਹਾ ਬੰਦਾ ਸੂਰਜ ਵੱਲ ਤੱਕਦਾ ਹੈ। ਕਈ ਸਾਹ ਨੂੰ ਇਸ ਹੱਦ ਤਕ ਕੰਟ੍ਰੋਲ ਕਰ ਲੈਂਦੇ ਹਨ ਕਿ ਉਹ ਰੇਤ ਵਿਚ ਲੰਬੇ ਸਮੇਂ ਲਈ ਦੱਬੇ ਰਹਿ ਸਕਦੇ ਹਨ। ਦ ਟਾਈਮਜ਼ ਆਫ਼ ਇੰਡੀਆ ਦੇ ਜੂਨ 1995 ਦੇ ਅੰਕ ਵਿਚ ਸਾਢੇ ਤਿੰਨਾਂ ਸਾਲਾਂ ਦੀ ਇਕ ਨੰਨ੍ਹੀ ਲੜਕੀ ਦੀ ਕਹਾਣੀ ਦਿੱਤੀ ਗਈ ਸੀ। ਜਦੋਂ ਉਹ ਅੰਤਰਧਿਆਨ ਹੋ ਕੇ ਲੇਟੀ ਹੋਈ ਸੀ, ਤਾਂ ਉਸ ਦੇ ਢਿੱਡ ਉੱਤੋਂ 750 ਕਿਲੋ ਭਾਰੀ ਕਾਰ ਲੰਘਾਈ ਗਈ। ਲੋਕ ਉਸ ਨੂੰ ਦੇਖ ਕੇ ਹੱਕੇ-ਬੱਕੇ ਰਹਿ ਗਏ। ਜਦੋਂ ਉਹ ਉੱਠੀ, ਤਾਂ ਉਹ ਦੇ ਖਰੋਚ ਤਕ ਵੀ ਨਹੀਂ ਆਈ ਸੀ। ਇਸ ਰਿਪੋਰਟ ਅਨੁਸਾਰ “ਇਹ ਯੋਗਿਕ ਸ਼ਕਤੀ ਦਾ ਕਮਾਲ ਸੀ।”
ਬਿਨਾਂ ਸ਼ੱਕ ਆਮ ਤੌਰ ਤੇ ਕੋਈ ਇਨਸਾਨ ਐਸੇ ਕੰਮ ਨਹੀਂ ਕਰ ਸਕਦਾ। ਇਸ ਲਈ ਇਕ ਮਸੀਹੀ ਨੂੰ ਪੁੱਛਣਾ ਚਾਹੀਦਾ ਹੈ: ਇਹ ਕਾਰਾਮਾਤਾਂ ਕੌਣ ਕਰਾਉਂਦਾ ਹੈ? ਕੀ ਇਹ “ਸਾਰੀ ਧਰਤੀ ਉੱਤੇ ਅੱਤ ਮਹਾਨ” ਯਹੋਵਾਹ ਪਰਮੇਸ਼ੁਰ ਕਰਾਉਂਦਾ ਹੈ? (ਜ਼ਬੂਰ 83:18) ਬਾਈਬਲ ਇਸ ਗੱਲ ਦਾ ਸਾਫ਼-ਸਾਫ਼ ਜਵਾਬ ਦਿੰਦੀ ਹੈ। ਜਦੋਂ ਇਸਰਾਏਲੀ ਲੋਕ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਵਾਲੇ ਹੀ ਸਨ, ਜਿਸ ਦੇਸ਼ ਵਿਚ ਕਨਾਨੀ ਲੋਕ ਵੱਸਦੇ ਸਨ, ਤਾਂ ਯਹੋਵਾਹ ਨੇ ਇਸਰਾਏਲ ਦੇ ਪੁੱਤਰਾਂ ਨੂੰ ਮੂਸਾ ਰਾਹੀਂ ਦੱਸਿਆ: “ਤੁਸੀਂ ਇਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਙੁ ਕਰਨਾ ਨਾ ਸਿੱਖਿਓ।” ਕਿਹੜੇ ‘ਘਿਣਾਉਣੇ ਕੰਮ?’ ਮੂਸਾ ਨੇ ‘ਫ਼ਾਲ ਪਾਉਣ, ਮਹੂਰਤ ਵੇਖਣ, ਮੰਤਰ ਯਾ ਜਾਦੂ ਕਰਨ’ ਬਾਰੇ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ। (ਬਿਵਸਥਾ ਸਾਰ 18:9, 10) ਇਹ ਚੀਜ਼ਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੀਆਂ ਹਨ ਕਿਉਂਕਿ ਇਹ ਸ਼ਤਾਨ ਨਾਲੇ ਪਾਪੀ ਇਨਸਾਨਾਂ ਦੇ ਕੰਮ ਹਨ।—ਗਲਾਤੀਆਂ 5:19-21.
ਇਹ ਅਭਿਆਸ ਮਸੀਹੀਆਂ ਵਾਸਤੇ ਨਹੀਂ
ਸਿਹਤ ਸੰਬੰਧੀ ਸਲਾਹ ਦੇਣ ਵਾਲੇ ਲੋਕ ਭਾਵੇਂ ਜੋ ਮਰਜ਼ੀ ਸਾਨੂੰ ਦੱਸਣ, ਪਰ ਯੋਗਾ ਸਿਰਫ਼ ਕਸਰਤ ਹੀ ਨਹੀਂ ਹੈ। ਹਿੰਦੂਆਂ ਦੇ ਤੌਰ-ਤਰੀਕੇ, ਰੀਤੀ-ਰਿਵਾਜ ਅਤੇ ਤਿਉਹਾਰ (ਅੰਗ੍ਰੇਜ਼ੀ) ਪੁਸਤਕ ਵਿਚ ਦੋ ਨਵੇਂ-ਨਵੇਂ ਯੋਗੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਇਕ ਗੁਰੂ ਤੋਂ ਸਿੱਖਿਆ ਲਈ ਹੈ। ਇਕ ਦਾ ਕਹਿਣਾ ਹੈ: ‘ਮੈਂ ਕਾਫ਼ੀ ਚਿਰ ਲਈ ਪੂਰੇ ਜ਼ੋਰ ਨਾਲ ਆਪਣਾ ਸਾਹ ਰੋਕਣ ਦੀ ਕੋਸ਼ਿਸ਼ ਕੀਤੀ, ਮੈਂ ਸਿਰਫ਼ ਉਦੋਂ ਹੀ ਸਾਹ ਲਿਆ ਜਦੋਂ ਮੈਨੂੰ ਲੱਗਾ ਕਿ ਮੈਂ ਬੇਹੋਸ਼ ਹੋਣ ਲੱਗਾ। ਇਕ ਦਿਨ ਸਿਖਰ ਦੁਪਹਿਰੇ ਮੈਨੂੰ ਆਕਾਸ਼ ਵਿਚ ਚੰਦ ਨਜ਼ਰ ਆਇਆ ਜੋ ਚਮਕ ਰਿਹਾ ਸੀ ਨਾਲੇ ਹਲੂਰੇ ਖਾ ਰਿਹਾ ਸੀ। ਇਕ ਵਾਰ ਮੈਨੂੰ ਲੱਗਾ ਕਿ ਸਿਖਰ ਦੁਪਹਿਰੇ ਹਨੇਰਾ ਮੈਨੂੰ ਘੇਰ ਰਿਹਾ ਹੈ। ਜਦੋਂ ਮੈਂ ਇਹ ਗੱਲਾਂ ਆਪਣੇ ਗੁਰੂ ਨੂੰ ਦੱਸੀਆਂ, ਤਾਂ ਉਹ ਬੜਾ ਖ਼ੁਸ਼ ਹੋਇਆ। ਉਸ ਨੇ ਮੈਨੂੰ ਦੱਸਿਆ ਕਿ ਆਪਣੀ ਲਗਨ ਸਦਕਾ ਮੈਨੂੰ ਹੁਣ ਛੇਤੀ ਹੀ ਹੋਰ ਵੀ ਹੈਰਾਨ ਕਰਨ ਵਾਲੇ ਨਜ਼ਾਰੇ ਦਿਸਣਗੇ।’ ਦੂਜੇ ਬੰਦੇ ਨੇ ਦੱਸਿਆ: ‘ਉਸ ਨੇ ਮੈਨੂੰ ਰੋਜ਼ ਆਕਾਸ਼ ਵੱਲ ਤੱਕਣ ਲਈ ਮਜਬੂਰ ਕੀਤਾ ਅਤੇ ਕਿਹਾ ਕਿ ਮੈਨੂੰ ਨਾ ਤਾਂ ਅੱਖਾਂ ਝਮਕਣੀਆਂ ਚਾਹੀਦੀਆਂ ਅਤੇ ਨਾ ਹੀ ਹਿਲਣਾ ਚਾਹੀਦਾ। ਕਦੇ-ਕਦੇ ਮੈਨੂੰ ਲੱਗਾ ਕਿ ਮੈਂ ਅੱਗ ਦੀਆਂ ਚਿੰਘਾੜੀਆਂ ਦੇਖੀਆਂ; ਕਦੇ-ਕਦੇ ਮੈਂ ਅੱਗ ਦੇ ਗੋਲੇ ਅਤੇ ਦੂਜੇ ਟੁੱਟੇ ਹੋਏ ਤਾਰੇ ਦੇਖੇ। ਮੇਰਾ ਉਸਤਾਦ ਬੜਾ ਖ਼ੁਸ਼ ਹੋਇਆ ਕਿ ਮੈਨੂੰ ਆਪਣੀ ਮਿਹਨਤ ਦਾ ਫਲ ਮਿਲਿਆ।’
ਗੁਰੂਆਂ ਅਨੁਸਾਰ ਯੋਗ ਅਭਿਆਸ ਦਾ ਅਸਲੀ ਟੀਚਾ ਹਾਸਲ ਕਰਨ ਲਈ ਇਹ ਅਨੋਖੇ ਨਜ਼ਾਰੇ ਦਿਸਣੇ ਬਿਲਕੁਲ ਸਹੀ ਸਨ। ਯੋਗਾ ਦਾ ਅੰਤਲਾ ਟੀਚਾ ਮੁਕਤੀ ਹੈ, ਮਤਲਬ ਕਿ ਕਿਸੇ ਮਹਾਨ ਆਤਮਾ ਨਾਲ ਜਾ ਮਿਲਣਾ। ਯੋਗਾ ਨੂੰ ‘ਦਿਮਾਗ਼ ਦੇ ਸੋਚ-ਵਿਚਾਰਾਂ ਨੂੰ ਜਾਣ-ਬੁੱਝ ਕੇ ਬੰਦ ਕਰਨਾ’ ਕਿਹਾ ਗਿਆ ਹੈ। ਸਾਫ਼ ਤੌਰ ਤੇ ਇਸ ਤਰ੍ਹਾਂ ਕਰਨਾ ਮਸੀਹੀਆਂ ਦੇ ਟੀਚਿਆਂ ਤੋਂ ਬਿਲਕੁਲ ਉਲਟ ਗੱਲ ਹੈ, ਜਿਨ੍ਹਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ। ਅਤੇ ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”—ਰੋਮੀਆਂ 12:1, 2.
ਕਸਰਤ ਦੇ ਸੰਬੰਧ ਵਿਚ ਸਾਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ। ਪਰ ਮਸੀਹੀਆਂ ਨੂੰ ਕਸਰਤ, ਖਾਣ-ਪੀਣ, ਪਹਿਰਾਵੇ ਅਤੇ ਮਨੋਰੰਜਨ ਵਰਗੀਆਂ ਚੀਜ਼ਾਂ ਕਰਕੇ ਯਹੋਵਾਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਨਹੀਂ ਵਿਗਾੜਨਾ ਚਾਹੀਦਾ। (1 ਕੁਰਿੰਥੀਆਂ 10:31) ਆਪਣੀ ਸਿਹਤ ਚੰਗੀ ਬਣਾਉਣ ਲਈ ਯੋਗਾ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੀਆਂ ਕਸਰਤਾਂ ਹਨ ਜਿਨ੍ਹਾਂ ਵਿਚ ਜਾਦੂ-ਟੂਣੇ ਦਾ ਕੋਈ ਖ਼ਤਰੇ ਨਹੀਂ ਹੈ। ਝੂਠੇ ਧਰਮ ਤੋਂ ਪੈਦਾ ਹੋਏ ਅਭਿਆਸਾਂ ਤੋਂ ਪਰੇ ਰਹਿ ਕੇ ਅਸੀਂ ਉਸ ਧਰਮੀ ਨਵੇਂ ਸੰਸਾਰ ਦੀਆਂ ਬਰਕਤਾਂ ਦਾ ਆਨੰਦ ਮਾਣ ਸਕਦੇ ਹਾਂ ਜਿਸ ਵਿਚ ਸਾਡਾ ਤਨ-ਮਨ ਸਦਾ ਲਈ ਸਿਹਤਮੰਦ ਰਹੇਗਾ।—2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4.
[ਸਫ਼ੇ 22 ਉੱਤੇ ਤਸਵੀਰਾਂ]
ਕਈ ਲੋਕ ਖੇਡਾਂ ਵਗੈਰਾ ਦਾ ਆਨੰਦ ਮਾਣਦੇ ਹਨ ਜਿਨ੍ਹਾਂ ਵਿਚ ਕਿਸੇ ਤਰ੍ਹਾਂ ਦਾ ਵੀ ਜਾਦੂ ਵਗੈਰਾ ਨਹੀਂ ਹੁੰਦਾ