Skip to content

Skip to table of contents

ਵਹਿਮਾਂ ਵਿਚ ਫਸੀ ਜ਼ਿੰਦਗੀ

ਵਹਿਮਾਂ ਵਿਚ ਫਸੀ ਜ਼ਿੰਦਗੀ

ਵਹਿਮਾਂ ਵਿਚ ਫਸੀ ਜ਼ਿੰਦਗੀ

ਤੁਸੀਂ ਘਰੋਂ ਨਿਕਲਦੇ ਹੀ ਕਿਸੇ ਨੂੰ ਮਿਲ ਪੈਂਦੇ ਹੋ। ਤੁਹਾਨੂੰ ਤੁਰੇ ਜਾਂਦਿਆਂ ਨੂੰ ਠੋਕਰ ਲੱਗਦੀ ਹੈ। ਰਾਤ ਨੂੰ ਇਕ ਪੰਛੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਤੁਹਾਨੂੰ ਇੱਕੋ ਸੁਪਨਾ ਵਾਰ-ਵਾਰ ਆਉਂਦਾ ਹੈ। ਕਈਆਂ ਲੋਕਾਂ ਲਈ ਇਹ ਆਮ ਘਟਨਾਵਾਂ ਹਨ। ਪਰ ਪੱਛਮੀ ਅਫ਼ਰੀਕਾ ਵਿਚ ਇਨ੍ਹਾਂ ਘਟਨਾਵਾਂ ਨੂੰ ਨਿਸ਼ਾਨੀਆਂ, ਬਦਸ਼ਗਨ ਜਾਂ ਆਤਮਿਕ ਲੋਕ ਤੋਂ ਸੰਦੇਸ਼ ਸਮਝਿਆ ਜਾਂਦਾ ਹੈ। ਲੋਕ ਇਨ੍ਹਾਂ ਨਿਸ਼ਾਨੀਆਂ ਦੇ ਅਰਥ ਕੱਢਦੇ ਹਨ, ਫਿਰ ਉਨ੍ਹਾਂ ਦੇ ਅਨੁਸਾਰ ਉਹ ਯਕੀਨ ਕਰਦੇ ਹਨ ਕਿ ਕੁਝ ਚੰਗਾ ਜਾਂ ਮਾੜਾ ਹੋਣ ਵਾਲਾ ਹੈ।

ਸਾਨੂੰ ਪਤਾ ਹੈ ਕਿ ਸਿਰਫ਼ ਅਫ਼ਰੀਕਾ ਦੇ ਲੋਕ ਹੀ ਵਹਿਮੀ ਨਹੀਂ ਹਨ। ਚੀਨ ਅਤੇ ਸਾਬਕਾ ਸੋਵੀਅਤ ਸੰਘ ਦੇ ਦੇਸ਼ਾਂ ਦੇ ਲੋਕਾਂ ਨੇ ਵੀ ਵਹਿਮਾਂ ਨੂੰ ਫੜੀ ਰੱਖਿਆ ਹੈ, ਭਾਵੇਂ ਕਿ ਉਹ ਕਈ ਸਾਲਾਂ ਤੋਂ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਪੱਛਮੀ ਦੇਸ਼ਾਂ ਵਿਚ ਲੋਕ ਆਪਣਾ ਰਾਸ਼ੀ-ਫਲ ਪੜ੍ਹਦੇ ਹਨ, ਸ਼ੁੱਕਰਵਾਰ 13 ਤਾਰੀਖ਼ ਤੋਂ ਡਰਦੇ ਹਨ ਅਤੇ ਕਾਲੀਆਂ ਬਿੱਲੀਆਂ ਤੋਂ ਪਰੇ ਰਹਿੰਦੇ ਹਨ। ਧਰਤੀ ਦੇ ਉੱਤਰੀ ਇਲਾਕੇ ਵਿਚ ਲੋਕ ਉੱਤਰੀ ਪ੍ਰਕਾਸ਼ ਨੂੰ ਜੰਗ ਅਤੇ ਮਹਾਂਮਾਰੀ ਦਾ ਬਦਸ਼ਗਨ ਸਮਝਦੇ ਹਨ। ਭਾਰਤ ਵਿਚ ਟਰੱਕ ਡ੍ਰਾਈਵਰ ਏਡਜ਼ ਦੀ ਬੀਮਾਰੀ ਫੈਲਾ ਰਹੇ ਹਨ ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਗਰਮੀ ਵਿਚ ਆਪਣੇ ਸਰੀਰ ਨੂੰ ਠੰਢਾ ਰੱਖਣ ਲਈ ਸੰਭੋਗ ਕਰਨਾ ਬਹੁਤ ਜ਼ਰੂਰੀ ਹੈ। ਜਪਾਨ ਵਿਚ ਸੁਰੰਗਾਂ ਪੁੱਟਣ ਵਾਲੇ ਕਾਮੇ ਮੰਨਦੇ ਹਨ ਕਿ ਜੇ ਸੁਰੰਗ ਪੂਰੀ ਹੋ ਜਾਣ ਤੋਂ ਪਹਿਲਾਂ ਹੀ ਕੋਈ ਤੀਵੀਂ ਉਸ ਵਿਚ ਪੈਰ ਰੱਖੇ, ਤਾਂ ਇਹ ਬਦਸ਼ਗਨੀ ਹੈ। ਖੇਡਾਂ ਵਿਚ ਵੀ ਲੋਕਾਂ ਦੇ ਵਹਿਮ ਦੇਖੇ ਜਾਂਦੇ ਹਨ। ਮਿਸਾਲ ਲਈ, ਵਾਲੀਬਾਲ ਦੇ ਇਕ ਖਿਡਾਰੀ ਦਾ ਵਹਿਮ ਸੀ ਕਿ ਜਦੋਂ ਉਹ ਚਿੱਟੀਆਂ ਦੀ ਬਜਾਇ ਕਾਲੀਆਂ ਜੁਰਾਬਾਂ ਪਹਿਨਦਾ ਸੀ, ਤਾਂ ਉਸ ਦੀ ਟੀਮ ਜਿੱਤਦੀ ਸੀ। ਤੇ ਵਹਿਮਾਂ ਦੀਆਂ ਮਿਸਾਲਾਂ ਦਾ ਕੋਈ ਅੰਤ ਨਹੀਂ।

ਤੁਹਾਡੇ ਬਾਰੇ ਕੀ? ਕੀ ਤੁਹਾਨੂੰ ਕਿਸੇ ਚੀਜ਼ ਦਾ ਡਰ ਹੈ ਜੋ ਤੁਸੀਂ ਸਮਝਾ ਨਹੀਂ ਸਕਦੇ, ਪਰ ਇਹ ਹਮੇਸ਼ਾ ਤੁਹਾਡੇ ਦਿਲ ਵਿਚ ਰਹਿੰਦਾ ਹੈ? ਕੀ ਤੁਹਾਨੂੰ ਅਜਿਹਾ ਕੋਈ ਭਰਮ ਜਾਂ ਅਜਿਹੀ ਕੋਈ ਆਦਤ ਹੈ ਜਿਸ ਨੂੰ ਸਮਝਾਇਆ ਨਹੀਂ ਜਾ ਸਕਦਾ? ਤੁਹਾਡਾ ਜਵਾਬ ਦਿਖਾਵੇਗਾ ਕਿ ਕੀ ਤੁਹਾਡੀ ਜ਼ਿੰਦਗੀ ਵਹਿਮਾਂ ਵਿਚ ਫਸੀ ਹੈ ਕਿ ਨਹੀਂ ਕਿਉਂਕਿ “ਵਹਿਮ” ਦਾ ਇਹੀ ਮਤਲਬ ਹੈ।

ਜਿਹੜਾ ਇਨਸਾਨ ਵਹਿਮਾਂ ਨੂੰ ਆਪਣੇ ਫ਼ੈਸਲਿਆਂ ਅਤੇ ਰੋਜ਼ਾਨਾ ਜ਼ਿੰਦਗੀ ਉੱਤੇ ਅਸਰ ਪੈਣ ਦਿੰਦਾ ਹੈ, ਉਹ ਅਣਜਾਣੇ ਵਿਚ ਫੰਦੇ ਵਿਚ ਫਸਦਾ ਹੈ। ਕੀ ਵਹਿਮ ਕਰਨਾ ਅਕਲਮੰਦੀ ਹੈ? ਕੀ ਸਾਨੂੰ ਆਪਣੇ ਆਪ ਉੱਤੇ ਕਿਸੇ ਤਰ੍ਹਾਂ ਦਾ ਸ਼ੱਕੀ ਅਤੇ ਸ਼ਾਇਦ ਬੁਰਾ ਪ੍ਰਭਾਵ ਪੈ ਲੈਣ ਦੇਣਾ ਚਾਹੀਦਾ ਹੈ? ਵਹਿਮ ਕਰਨ ਵਿਚ ਕੀ ਕੋਈ ਖ਼ਤਰਾ ਹੈ ਜਾਂ ਨਹੀਂ?