ਵੱਡਾ ਜਤਨ—ਇਸ ਉੱਤੇ ਯਹੋਵਾਹ ਕਦੋਂ ਬਰਕਤ ਦਿੰਦਾ ਹੈ?
ਵੱਡਾ ਜਤਨ—ਇਸ ਉੱਤੇ ਯਹੋਵਾਹ ਕਦੋਂ ਬਰਕਤ ਦਿੰਦਾ ਹੈ?
“ਮੈਨੂੰ ਜਾਣ ਦੇਹ ਕਿਉਂਜੋ ਦਿਨ ਚੜ੍ਹ ਗਿਆ ਹੈ।”
“ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ।”
“ਤੇਰਾ ਨਾਉਂ ਕੀ ਹੈ?”
“ਯਾਕੂਬ।”
“ਤੇਰਾ ਨਾਉਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ ਸਗੋਂ ਇਸਰਾਏਲ ਕਿਉਂਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਜੁੱਧ ਕਰ ਕੇ ਜਿੱਤ ਗਿਆ ਹੈਂ।”—ਉਤਪਤ 32:26-28.
ਇਹ ਦਿਲਚਸਪ ਗੱਲਬਾਤ ਉਸ ਸਮੇਂ ਹੋਈ ਸੀ ਜਦ 97 ਸਾਲਾਂ ਦੇ ਯਾਕੂਬ ਨੇ ਖਿਡਾਰੀਆਂ ਵਾਂਗ ਚੁਸਤੀ-ਫੁਰਤੀ ਦਿਖਾਈ ਸੀ। ਬਾਈਬਲ ਇਹ ਨਹੀਂ ਦੱਸਦੀ ਕਿ ਯਾਕੂਬ ਇਕ ਖਿਡਾਰੀ ਸੀ, ਪਰ ਇਹ ਸੱਚ ਹੈ ਕਿ ਉਹ ਸਾਰੀ ਰਾਤ ਇਕ ਦੂਤ ਨਾਲ ਘੁਲਿਆ। ਕਿਉਂ? ਯਾਕੂਬ ਨੂੰ ਉਸ ਵਾਅਦੇ ਦੀ ਬੜੀ ਚਿੰਤਾ ਸੀ ਜੋ ਯਹੋਵਾਹ ਨੇ ਉਸ ਦੇ ਪਿਉ-ਦਾਦੇ ਨਾਲ ਕੀਤਾ ਸੀ। ਇਸ ਵਾਅਦੇ ਦਾ ਉਸ ਦੀ ਰੂਹਾਨੀ ਵਿਰਾਸਤ ਨਾਲ ਸੰਬੰਧ ਸੀ।
ਕਈ ਸਾਲ ਪਹਿਲਾਂ ਯਾਕੂਬ ਦੇ ਭਰਾ ਏਸਾਓ ਨੇ ਇਕ ਡੰਗ ਦੀ ਰੋਟੀ ਅਤੇ ਦਾਲ ਦੇ ਬਦਲੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਵੇਚ ਦਿੱਤਾ ਸੀ। ਕੁਝ ਸਾਲ ਬਾਅਦ ਯਾਕੂਬ ਨੂੰ ਪਤਾ ਲੱਗਦਾ ਹੈ ਕਿ ਏਸਾਓ 400 ਆਦਮੀਆਂ ਨੂੰ ਨਾਲ ਲੈ ਕੇ ਉਸ ਨੂੰ ਮਿਲਣ ਆ ਰਿਹਾ ਸੀ। ਅਸੀਂ ਸਮਝ ਸਕਦੇ ਹਾਂ ਕਿ ਯਾਕੂਬ ਕਿੰਨਾ ਘਬਰਾਇਆ ਹੋਣਾ। ਉਸ ਨੇ ਯਹੋਵਾਹ ਕੋਲੋਂ ਪ੍ਰਾਰਥਨਾ ਵਿਚ ਇਸ ਗੱਲ ਦਾ ਸਬੂਤ ਮੰਗਿਆ ਕਿ ਉਸ ਦਾ ਪਰਿਵਾਰ ਯਰਦਨ ਨਦੀ ਪਾਰ ਕਰ ਕੇ ਉਸ ਦੇਸ਼ ਵਿਚ ਵਧੇ-ਫੁੱਲੇਗਾ ਜਿਸ ਦਾ ਯਹੋਵਾਹ ਨੇ ਵਾਅਦਾ ਕੀਤਾ ਸੀ। ਆਪਣੀ ਪ੍ਰਾਰਥਨਾ ਅਨੁਸਾਰ ਯਾਕੂਬ ਨੇ ਸਹੀ ਕਦਮ ਵੀ ਚੁੱਕੇ ਸਨ। ਉਸ ਨੇ ਏਸਾਓ ਨੂੰ ਬਹੁਤ ਸਾਰੇ ਨਜ਼ਰਾਨੇ ਘੱਲੇ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਪਰਿਵਾਰ ਦੀ ਰੱਖਿਆ ਲਈ ਵੀ ਕਦਮ ਚੁੱਕੇ। ਉਸ ਨੇ ਆਪਣੇ ਨਾਲ ਦੇ ਲੋਕਾਂ ਦੀਆਂ ਦੋ ਟੋਲੀਆਂ ਬਣਾਈਆਂ ਅਤੇ ਆਪਣੀਆਂ ਤੀਵੀਆਂ ਤੇ ਬੱਚਿਆਂ ਨੂੰ ਲੈ ਕੇ ਯੱਬੋਕ ਦੇ ਪੱਤਣ ਤੋਂ ਪਾਰ ਲੰਘ ਗਿਆ। ਇਸ ਤੋਂ ਬਾਅਦ, ਉਹ ਪੂਰੇ ਜਤਨ ਨਾਲ ਸਾਰੀ ਰਾਤ ਇਕ ਦੂਤ ਨਾਲ ਘੁਲਦਾ ਰਿਹਾ ਅਤੇ ਉਸ ਨੇ ਰੋ-ਰੋ ਕੇ “ਉਹ ਦੀ ਦਯਾ ਮੰਗੀ।”—ਹੋਸ਼ੇਆ 12:4; ਉਤਪਤ 32:1-32.
ਹੁਣ ਇਸ ਤੋਂ ਕਈ ਸਾਲ ਪਹਿਲਾਂ ਦੀ ਇਕ ਉਦਾਹਰਣ ਵੱਲ ਧਿਆਨ ਦਿਓ। ਇਹ ਉਦਾਹਰਣ ਰਾਖੇਲ ਦੀ ਸੀ ਜੋ ਯਾਕੂਬ ਦੀ ਦੂਜੀ ਪਤਨੀ ਅਤੇ ਉਸ ਦਾ ਪਹਿਲਾ ਪਿਆਰ ਸੀ। ਰਾਖੇਲ ਜਾਣਦੀ ਸੀ ਕਿ ਯਹੋਵਾਹ ਨੇ ਯਾਕੂਬ ਨੂੰ ਬਰਕਤ ਦੇਣ ਦਾ ਵਾਅਦਾ ਕੀਤਾ ਸੀ। ਉਸ ਦੀ ਭੈਣ ਲੇਆਹ ਯਾਕੂਬ ਦੀ ਪਹਿਲੀ ਪਤਨੀ ਦੇ ਚਾਰ ਪੁੱਤਰ ਸਨ ਜਦ ਕਿ ਰਾਖੇਲ ਹਾਲੇ ਬਾਂਝ ਸੀ। (ਉਤਪਤ 29:31-35) ਆਪਣੇ ਆਪ ਉੱਤੇ ਤਰਸ ਖਾਣ ਦੀ ਬਜਾਇ, ਰਾਖੇਲ ਨੇ ਯਹੋਵਾਹ ਅੱਗੇ ਵਾਰ-ਵਾਰ ਬੇਨਤੀ ਕੀਤੀ ਅਤੇ ਆਪਣੀ ਪ੍ਰਾਰਥਨਾ ਅਨੁਸਾਰ ਜ਼ਰੂਰੀ ਕਦਮ ਵੀ ਚੁੱਕਿਆ। ਜਿਸ ਤਰ੍ਹਾਂ ਸਾਰਾਹ ਨੇ ਹਾਜਰਾ ਨਾਲ ਕੀਤਾ ਸੀ ਉਸੇ ਤਰ੍ਹਾਂ ਰਾਖੇਲ ਨੇ ਆਪਣੀ ਗੋੱਲੀ ਬਿਲਹਾਹ ਨਾਲ ਕੀਤਾ। ਉਸ ਨੇ ਬਿਲਹਾਹ ਨੂੰ ਦੂਜੀ ਪਤਨੀ ਦੇ ਤੌਰ ਤੇ ਯਾਕੂਬ ਨੂੰ ਦਿੱਤਾ ਕਿਉਂਕਿ ਰਾਖੇਲ ਨੇ ਕਿਹਾ: “ਮੈਂ ਭੀ ਇਸ ਤੋਂ ਅੰਸ ਵਾਲੀ ਬਣਾਈ ਜਾਵਾਂ।” * ਬਿਲਹਾਹ ਨੇ ਯਾਕੂਬ ਦੇ ਦੋ ਪੁੱਤਰਾਂ ਦਾਨ ਅਤੇ ਨਫਤਾਲੀ ਨੂੰ ਜਨਮ ਦਿੱਤਾ। ਨਫਤਾਲੀ ਦੇ ਜਨਮ ਤੇ ਰਾਖੇਲ ਨੇ ਆਪਣੇ ਜਜ਼ਬਾਤ ਇਨ੍ਹਾਂ ਸ਼ਬਦਾਂ ਦੁਆਰਾ ਪ੍ਰਗਟ ਕੀਤੇ: “ਮੇਰੀ ਆਪਣੀ ਭੈਣ ਨਾਲ ਮੇਰਾ ਪਰਮੇਸ਼ੁਰ ਦੇ ਘੋਲਾਂ ਵਰਗਾ ਘੋਲ ਹੋਇਆ ਪਰ ਮੈਂ ਜਿੱਤ ਗਈ।” ਇਸ ਤੋਂ ਬਾਅਦ ਰਾਖੇਲ ਦੀ ਵੀ ਗੋਦ ਹਰੀ ਹੋਈ ਅਤੇ ਉਸ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਉਨ੍ਹਾਂ ਦੇ ਨਾਂ ਸਨ ਯੂਸੁਫ਼ ਤੇ ਬਿਨਯਾਮੀਨ।—ਉਤਪਤ 30:1-8; 35:24.
ਯਹੋਵਾਹ ਨੇ ਯਾਕੂਬ ਅਤੇ ਰਾਖੇਲ ਦੁਆਰਾ ਕੀਤੇ ਸਰੀਰਕ ਅਤੇ ਜਜ਼ਬਾਤੀ ਜਤਨਾਂ ਉੱਤੇ ਬਰਕਤ ਕਿਉਂ ਪਾਈ ਸੀ? ਕਿਉਂਕਿ ਉਨ੍ਹਾਂ ਨੇ ਹਮੇਸ਼ਾ ਯਹੋਵਾਹ ਦੀ ਇੱਛਾ ਮਨ ਵਿਚ ਰੱਖੀ ਅਤੇ ਆਪਣੀ ਵਿਰਾਸਤ ਦੀ ਗਹਿਰੀ ਕਦਰ ਕੀਤੀ। ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਉਸ ਦੀ ਬਰਕਤ ਪਾਉਣ ਲਈ ਦਿਲੋਂ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਦੀ ਇੱਛਾ ਤੇ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਸਹੀ ਕਦਮ ਵੀ ਚੁੱਕੇ ਸਨ।
ਯਾਕੂਬ ਅਤੇ ਰਾਖੇਲ ਵਾਂਗ ਅੱਜ ਬਹੁਤ ਸਾਰੇ ਲੋਕ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਯਹੋਵਾਹ ਦੀ ਬਰਕਤ ਪਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਅਕਸਰ ਹੰਝੂ ਵਹਾ ਕੇ ਅਤੇ ਨਿਰਾਸ਼ਾ ਤੇ ਮਾਯੂਸੀ ਦਾ ਸਾਮ੍ਹਣਾ ਕਰ ਕੇ ਜਤਨ ਕਰਨੇ ਪੈਂਦੇ ਹਨ। ਇਲਿਜ਼ਬਥ ਨਾਂ ਦੀ ਇਕ ਮਸੀਹੀ ਮਾਂ ਯਾਦ ਕਰ ਕੇ ਦੱਸਦੀ ਹੈ ਕਿ ਉਸ ਨੂੰ ਕਾਫ਼ੀ ਸਮੇਂ ਤੋਂ ਬਾਅਦ ਦੁਬਾਰਾ ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋਣ ਲਈ ਕਿਵੇਂ ਵੱਡਾ ਜਤਨ ਕਰਨਾ ਪਿਆ। ਉਸ ਦੇ ਪੰਜ ਛੋਟੇ-ਛੋਟੇ ਮੁੰਡੇ ਸਨ, ਉਸ ਦਾ ਪਤੀ ਸੱਚਾਈ ਵਿਚ ਨਹੀਂ ਸੀ ਅਤੇ ਉਸ ਨੂੰ ਆਪਣੇ ਨੇੜਲੇ ਕਿੰਗਡਮ ਹਾਲ ਨੂੰ ਜਾਣ ਲਈ ਕਾਰ ਵਿਚ 30 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀ। ਉਸ ਲਈ ਇਸ ਤਰ੍ਹਾਂ ਕਰਨਾ ਬਹੁਤ ਹੀ ਮੁਸ਼ਕਲ ਸੀ। “ਲਗਾਤਾਰ ਸਭਾਵਾਂ ਵਿਚ ਜਾਣ ਲਈ ਮੈਨੂੰ ਸਖ਼ਤ ਜਤਨ ਕਰਨ ਅਤੇ ਚੰਗੀ ਆਦਤ ਬਣਾਉਣ ਦੀ ਲੋੜ ਸੀ। ਮੈਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਦਾ ਮੈਨੂੰ ਅਤੇ ਮੇਰਿਆਂ ਮੁੰਡਿਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਉਹ ਦੇਖ ਸਕੇ ਕਿ ਇਸ ਰਾਹ ਉੱਤੇ ਚੱਲਣ ਦੁਆਰਾ ਉਨ੍ਹਾਂ ਦਾ ਭਲਾ ਹੋਵੇਗਾ।” ਯਹੋਵਾਹ ਨੇ ਇਸ ਭੈਣ ਦੇ ਜਤਨਾਂ ਉੱਤੇ ਬਰਕਤ ਪਾਈ। ਉਸ ਦੇ ਤਿੰਨ ਮੁੰਡੇ ਸੱਚਾਈ ਵਿਚ ਹਨ ਅਤੇ ਇਨ੍ਹਾਂ ਵਿੱਚੋਂ ਦੋ ਪਾਇਨੀਅਰੀ ਕਰਦੇ ਹਨ। ਉਨ੍ਹਾਂ ਦੀ ਰੂਹਾਨੀ ਤਰੱਕੀ ਦੇਖ ਕੇ ਉਹ ਖ਼ੁਸ਼ੀ ਨਾਲ ਕਹਿੰਦੀ ਹੈ: “ਉਨ੍ਹਾਂ ਨੇ ਤਾਂ ਮੇਰੇ ਨਾਲੋਂ ਵੀ ਵੱਧ ਰੂਹਾਨੀ ਤਰੱਕੀ ਕੀਤੀ ਹੈ।” ਉਸ ਦੇ ਵੱਡੇ ਜਤਨਾਂ ਲਈ ਕਿੰਨੀ ਵਧੀਆ ਬਰਕਤ!
ਵੱਡਾ ਜਤਨ ਜਿਸ ਉੱਤੇ ਯਹੋਵਾਹ ਬਰਕਤ ਪਾਉਂਦਾ ਹੈ
ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਡਾ ਜਤਨ ਅਤੇ ਸਖ਼ਤ ਮਿਹਨਤ ਕਰਨ ਨਾਲ ਬਰਕਤਾਂ ਜ਼ਰੂਰ ਮਿਲਦੀਆਂ ਹਨ। ਕਿਸੇ ਕੰਮ ਵਿਚ ਅਸੀਂ ਜਿੰਨੀ ਵੀ ਜ਼ਿਆਦਾ ਮਿਹਨਤ ਕਰਦੇ ਹਾਂ ਉੱਨੀ ਹੀ ਜ਼ਿਆਦਾ ਸਾਨੂੰ ਖ਼ੁਸ਼ੀ ਮਿਲਦੀ ਹੈ। ਵੈਸੇ ਯਹੋਵਾਹ ਨੇ ਸਾਨੂੰ ਇਸੇ ਤਰ੍ਹਾਂ ਹੀ ਬਣਾਇਆ ਸੀ। ਰਾਜਾ ਸੁਲੇਮਾਨ ਨੇ ਲਿਖਿਆ: “ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪਦੇਸ਼ਕ ਦੀ ਪੋਥੀ 3:13; 5:18, 19) ਪਰ ਪਰਮੇਸ਼ੁਰ ਦੀ ਬਰਕਤ ਪਾਉਣ ਲਈ ਸਾਨੂੰ ਸਹੀ ਕੰਮ ਕਰਨ ਲਈ ਜਤਨ ਕਰਨਾ ਚਾਹੀਦਾ ਹੈ। ਮਿਸਾਲ ਲਈ, ਜੇਕਰ ਅਸੀਂ ਇੱਦਾਂ ਦਾ ਜੀਵਨ ਜੀਉਂਦੇ ਹਾਂ ਜਿਸ ਵਿਚ ਰੂਹਾਨੀ ਗੱਲਾਂ ਨੂੰ ਦੂਜੀ ਥਾਂ ਦਿੱਤੀ ਜਾਂਦੀ ਹੈ, ਤਾਂ ਕੀ ਅਸੀਂ ਯਹੋਵਾਹ ਦੀ ਬਰਕਤ ਦੀ ਉਮੀਦ ਰੱਖ ਸਕਦੇ ਹਾਂ? ਕੀ ਇਕ ਸਮਰਪਿਤ ਮਸੀਹੀ ਯਹੋਵਾਹ ਦੀ ਕਿਰਪਾ ਹਾਸਲ ਕਰਨ ਦੀ ਆਸ ਰੱਖ ਸਕਦਾ ਹੈ ਜੇਕਰ ਉਹ ਅਜਿਹਾ ਕੰਮ ਜਾਂ ਤਰੱਕੀ ਸਵੀਕਾਰ ਕਰੇ ਜਿਸ ਕਾਰਨ ਉਸ ਨੂੰ ਜ਼ਰੂਰੀ ਮਸੀਹੀ ਸਭਾਵਾਂ ਛੱਡਣੀਆਂ ਪੈਂਦੀਆਂ ਹਨ?—ਇਬਰਾਨੀਆਂ 10:23-25.
ਜੇਕਰ ਕੋਈ ਇਨਸਾਨ ਰੂਹਾਨੀ ਕੰਮਾਂ-ਕਾਰਾਂ ਨੂੰ ਛੱਡ ਕੇ ਸਾਰੀ ਉਮਰ ਚੰਗੀ ਨੌਕਰੀ ਜਾਂ ਧਨ-ਦੌਲਤ ਦਾ ਪਿੱਛਾ ਕਰਨ ਵਿਚ ਸਖ਼ਤ ਮਿਹਨਤ ਕਰਦਾ ਰਹੇ, ਤਾਂ ਇਹ ਜ਼ਰੂਰੀ ਨਹੀਂ ਕਿ ਉਹ ‘ਲਾਭ ਭੋਗੇਗਾ।’ ਯਿਸੂ ਨੇ ਬੀ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਦੇ ਕੇ ਇਹ ਸਮਝਾਇਆ ਕਿ ਗ਼ਲਤ ਕੰਮਾਂ ਲਈ ਜਤਨ ਕਰਨ ਦਾ ਨਤੀਜਾ ਕੀ ਹੋਵੇਗਾ। ਜਿਹੜਾ ਬੀ “ਕੰਡਿਆਲਿਆਂ ਵਿੱਚ ਬੀਜਿਆ ਗਿਆ” ਸੀ ਉਸ ਬਾਰੇ ਯਿਸੂ ਨੇ ਸਮਝਾਇਆ ਕਿ ਇਹ “ਉਹ ਹੈ ਜੋ ਮੱਤੀ 13:22) ਪੌਲੁਸ ਨੇ ਵੀ ਇਸ ਫੰਦੇ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਧਨ-ਦੌਲਤ ਦੇ ਪਿੱਛੇ ਲੱਗੇ ਹੋਏ ਹਨ ਉਹ “ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।” ਤਾਂ ਫਿਰ, ਅਸੀਂ ਰੂਹਾਨੀ ਬਰਬਾਦੀ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਪੌਲੁਸ ਅੱਗੇ ਦੱਸਦਾ ਹੈ: ‘ਇਨ੍ਹਾਂ ਗੱਲਾਂ ਤੋਂ ਭੱਜ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।’—1 ਤਿਮੋਥਿਉਸ 6:9, 11, 17.
ਬਚਨ ਨੂੰ ਸੁਣਦਾ ਹੈ ਪਰ ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਅਫੱਲ ਰਹਿ ਜਾਂਦਾ ਹੈ।” (ਸਾਡੀ ਜਿੰਨੀ ਮਰਜ਼ੀ ਉਮਰ ਹੋਵੇ ਜਾਂ ਯਹੋਵਾਹ ਦੀ ਸੇਵਾ ਕਰਦੇ ਹੋਏ ਜਿੰਨਾ ਮਰਜ਼ੀ ਸਮਾਂ ਹੋਇਆ ਹੋਵੇ, ਸਾਡੇ ਸਾਰਿਆਂ ਦਾ ਫ਼ਾਇਦਾ ਹੋ ਸਕਦਾ ਹੈ ਜੇਕਰ ਅਸੀਂ ਯਾਕੂਬ ਅਤੇ ਰਾਖੇਲ ਦੇ ਵੱਡੇ ਜਤਨ ਦੀ ਰੀਸ ਕਰੀਏ। ਪਰਮੇਸ਼ੁਰ ਦੀ ਕਿਰਪਾ ਹਾਸਲ ਕਰਦੇ ਹੋਏ ਭਾਵੇਂ ਕਿ ਉਨ੍ਹਾਂ ਦੇ ਹਾਲਾਤ ਬਹੁਤ ਹੀ ਭਿਆਨਕ ਜਾਂ ਨਿਰਾਸ਼ਾਜਨਕ ਸਨ, ਉਹ ਕਦੇ ਵੀ ਆਪਣੀ ਰੂਹਾਨੀ ਵਿਰਾਸਤ ਨੂੰ ਨਹੀਂ ਭੁੱਲੇ। ਅੱਜ ਸਾਨੂੰ ਵੀ ਸ਼ਾਇਦ ਇਸੇ ਤਰ੍ਹਾਂ ਦੀਆਂ ਭਿਆਨਕ, ਮਾਯੂਸ ਜਾਂ ਨਿਰਾਸ਼ ਕਰਨ ਵਾਲੀਆਂ ਮੁਸ਼ਕਲਾਂ ਅਤੇ ਤੰਗੀਆਂ ਦਾ ਸਾਮ੍ਹਣਾ ਕਰਨਾ ਪਵੇ। ਇਸ ਘੋਲ ਵਿਚ ਹਾਰ ਮੰਨਣ ਨਾਲ ਸ਼ਤਾਨ ਦੇ ਹਮਲਿਆਂ ਦਾ ਸ਼ਿਕਾਰ ਬਣਨਾ ਹੋਰ ਵੀ ਆਸਾਨ ਹੋ ਜਾਂਦਾ ਹੈ। ਉਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੇ ਵੱਸ ਵਿਚ ਕੋਈ ਵੀ ਜ਼ਰੀਆ ਵਰਤ ਸਕਦਾ ਹੈ, ਜਿਵੇਂ ਕਿ ਮਨੋਰੰਜਨ, ਖੇਡਾਂ ਜਾਂ ਕੰਮ-ਕਾਰ, ਕੈਰੀਅਰ ਜਾਂ ਧਨ-ਦੌਲਤ। ਲੋਕ ਵੱਡੇ-ਵੱਡੇ ਵਾਅਦੇ ਤਾਂ ਜ਼ਰੂਰ ਕਰਦੇ ਹਨ ਪਰ ਉਨ੍ਹਾਂ ਵਿੱਚੋਂ ਬਹੁਤ ਘੱਟ ਪੂਰੇ ਹੁੰਦੇ ਹਨ। ਜਿਹੜੇ ਧੋਖਾ ਖਾ ਕੇ ਇਨ੍ਹਾਂ ਕੰਮਾਂ ਵਿਚ ਲੱਗ ਜਾਂਦੇ ਹਨ, ਉਨ੍ਹਾਂ ਦੇ ਹੱਥ ਅਕਸਰ ਨਿਰਾਸ਼ਾ ਹੀ ਲੱਗਦੀ ਹੈ। ਯਾਕੂਬ ਅਤੇ ਰਾਖੇਲ ਵਾਂਗ, ਆਓ ਆਪਾਂ ਵੀ ਵੱਡਾ ਜਤਨ ਕਰਦੇ ਰਹੀਏ ਅਤੇ ਸ਼ਤਾਨ ਦੀਆਂ ਸਾਜ਼ਸ਼ਾਂ ਤੋਂ ਆਪਣਾ ਬਚਾਅ ਕਰੀਏ।
ਸ਼ਤਾਨ ਤਾਂ ਚਾਹੁੰਦਾ ਹੈ ਕਿ ਅਸੀਂ ਹਾਰ ਮੰਨ ਕੇ ਮਹਿਸੂਸ ਕਰੀਏ ਕਿ ‘ਉਮੀਦ ਦੀ ਕੋਈ ਕਿਰਨ ਨਹੀਂ। ਕੁਝ ਵੀ ਕਰਨ ਦਾ ਫ਼ਾਇਦਾ ਨਹੀਂ।’ ਇਸ ਲਈ ਸਾਡੇ ਸਾਰਿਆਂ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਅਜਿਹਾ ਖ਼ਤਰਨਾਕ ਰਵੱਈਆ ਅਪਣਾਉਣ ਤੋਂ ਬਚੀਏ ਕਿ ‘ਕੋਈ ਮੇਰੇ ਨਾਲ ਪਿਆਰ ਨਹੀਂ ਕਰਦਾ’ ਅਤੇ ‘ਯਹੋਵਾਹ ਮੈਨੂੰ ਭੁੱਲ ਚੁੱਕਾ ਹੈ।’ ਇਸ ਤਰ੍ਹਾਂ ਸੋਚ ਕੇ ਸਾਡਾ ਆਪਣਾ ਹੀ ਨੁਕਸਾਨ ਹੁੰਦਾ ਹੈ। ਕੀ ਅਜਿਹੀ ਸੋਚਣੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਅਸੀਂ ਹਾਰ ਮੰਨ ਚੁੱਕੇ ਹਾਂ ਅਤੇ ਜਦ ਤਕ ਸਾਨੂੰ ਬਰਕਤਾਂ ਨਹੀਂ ਮਿਲਦੀਆਂ ਅਸੀਂ ਮਿਹਨਤ ਨਹੀਂ ਕਰਾਂਗੇ? ਯਾਦ ਰੱਖੋ ਕਿ ਯਹੋਵਾਹ ਸਾਡੇ ਵੱਡੇ ਜਤਨ ਉੱਤੇ ਬਰਕਤ ਪਾਉਂਦਾ ਹੈ।
ਯਹੋਵਾਹ ਦੀ ਬਰਕਤ ਪਾਉਣ ਲਈ ਸੰਘਰਸ਼ ਕਰਦੇ ਰਹੋ
ਰੂਹਾਨੀ ਤੌਰ ਤੇ ਤੰਦਰੁਸਤ ਰਹਿਣ ਲਈ ਸਾਨੂੰ ਯਹੋਵਾਹ ਦੇ ਇਕ ਸੇਵਕ ਵਜੋਂ ਆਪਣੇ ਜੀਵਨ ਬਾਰੇ ਦੋ ਮੂਲ ਗੱਲਾਂ ਦੀ ਕਦਰ ਕਰਨ ਦੀ ਲੋੜ ਹੈ। (1) ਮੁਸ਼ਕਲਾਂ, ਬੀਮਾਰੀਆਂ ਜਾਂ ਜੀਵਨ ਵਿਚ ਹੋਰ ਕਿਸੇ ਵੀ ਤੰਗੀ ਤੇ ਕਾਬੂ ਪਾਉਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਅਤੇ (2) ਯਹੋਵਾਹ ਉਨ੍ਹਾਂ ਦੀ ਦੁਹਾਈ ਸੁਣਦਾ ਹੈ ਜੋ ਮਦਦ ਅਤੇ ਬਰਕਤ ਲਈ ਦਿਲੋਂ ਉਸ ਅੱਗੇ ਬੇਨਤੀ ਕਰਦੇ ਹਨ।—ਕੂਚ 3:7-10; ਯਾਕੂਬ 4:8, 10; 1 ਪਤਰਸ 5:8, 9.
ਸਾਡੇ ਹਾਲਾਤ ਚਾਹੇ ਜਿੰਨੇ ਮਰਜ਼ੀ ਔਖੇ ਹੋਣ ਜਾਂ ਅਸੀਂ ਸ਼ਾਇਦ ਉਹ ਨਾ ਕਰ ਸਕੀਏ ਜੋ ਅਸੀਂ ਚਾਹੁੰਦੇ ਹਾਂ, ਫਿਰ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਜੀ ਹਾਂ, ਸਾਨੂੰ ‘ਉਸ ਪਾਪ ਤੋਂ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ,’ ਯਾਨੀ ਨਿਹਚਾ ਦੀ ਘਾਟ ਤੋਂ ਬਚਣਾ ਚਾਹੀਦਾ ਹੈ। (ਇਬਰਾਨੀਆਂ 12:1) ਸੰਘਰਸ਼ ਕਰਦੇ ਰਹੋ ਜਦ ਤਕ ਤੁਹਾਨੂੰ ਬਰਕਤ ਨਹੀਂ ਮਿਲਦੀ। ਬਿਰਧ ਯਾਕੂਬ ਵਾਂਗ ਧੀਰਜ ਰੱਖੋ ਜੋ ਬਰਕਤ ਪਾਉਣ ਲਈ ਸਾਰੀ ਰਾਤ ਘੁਲਦਾ ਰਿਹਾ। ਇਕ ਕਿਸਾਨ ਬਸੰਤ ਨੂੰ ਬੀ ਬੀਜ ਕੇ ਵਾਢੀ ਦੀ ਉਡੀਕ ਕਰਦਾ ਹੈ। ਇਸੇ ਤਰ੍ਹਾਂ ਤੁਸੀਂ ਵੀ ਧੀਰਜ ਨਾਲ ਆਪਣੇ ਰੂਹਾਨੀ ਕੰਮਾਂ-ਕਾਰਾਂ ਉੱਤੇ ਯਹੋਵਾਹ ਦੀ ਬਰਕਤ ਦੀ ਉਮੀਦ ਰੱਖੋ, ਭਾਵੇਂ ਤੁਸੀਂ ਉੱਨਾ ਨਹੀਂ ਕਰ ਸਕਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ। (ਯਾਕੂਬ 5:7, 8) ਅਤੇ ਹਮੇਸ਼ਾ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਯਾਦ ਰੱਖੋ: “ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ।” (ਜ਼ਬੂਰ 126:5; ਗਲਾਤੀਆਂ 6:9) ਡਟੇ ਰਹੋ ਅਤੇ ਵੱਡਾ ਜਤਨ ਕਰਨ ਵਾਲਿਆਂ ਦਾ ਸਾਥ ਕਦੇ ਨਾ ਛੱਡੋ।
[ਫੁਟਨੋਟ]
^ ਪੈਰਾ 9 ਦੂਜੀ ਤੀਵੀਂ ਰੱਖਣ ਦਾ ਰਿਵਾਜ ਬਿਵਸਥਾ ਨੇਮ ਤੋਂ ਪਹਿਲਾਂ ਹੀ ਚੱਲਦਾ ਆ ਰਿਹਾ ਸੀ। ਇਸ ਦੀ ਨੇਮ ਵਿਚ ਇਜਾਜ਼ਤ ਦਿੱਤੀ ਗਈ ਸੀ ਅਤੇ ਇਸ ਦੇ ਸੰਬੰਧ ਵਿਚ ਕਾਨੂੰਨ ਵੀ ਬਣਾਏ ਗਏ ਸਨ। ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਨੇ ਇਕ ਤੀਵੀਂ ਨਾਲ ਵਿਆਹ ਕਰਵਾਉਣ ਦਾ ਮਿਆਰ ਕਾਇਮ ਕੀਤਾ ਸੀ। ਪਰ ਯਿਸੂ ਮਸੀਹ ਦੇ ਆਉਣ ਤਕ ਪਰਮੇਸ਼ੁਰ ਨੇ ਇਸ ਮਿਆਰ ਨੂੰ ਦੁਬਾਰਾ ਕਾਇਮ ਕਰਨਾ ਜ਼ਰੂਰੀ ਨਹੀਂ ਸਮਝਿਆ, ਪਰ ਉਸ ਨੇ ਕਾਨੂੰਨ ਸਥਾਪਿਤ ਕਰ ਕੇ ਦੂਜੀ ਤੀਵੀਂ ਦੀ ਰੱਖਿਆ ਦਾ ਪ੍ਰਬੰਧ ਜ਼ਰੂਰ ਕੀਤਾ ਸੀ। ਸਪੱਸ਼ਟ ਹੈ ਕਿ ਇਸ ਰਿਵਾਜ ਦੁਆਰਾ ਇਸਰਾਏਲ ਦੀ ਕੌਮ ਬਹੁਤ ਹੀ ਜਲਦੀ ਵਧੀ।