Skip to content

Skip to table of contents

ਤੁਹਾਨੂੰ ਕਿਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ?

ਤੁਹਾਨੂੰ ਕਿਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ?

ਤੁਹਾਨੂੰ ਕਿਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ?

“ਸਾਡਾ ਦੇਸ਼: . . . ਉਹ ਹਮੇਸ਼ਾ ਸਹੀ ਕੰਮ ਕਰੇ; ਭਲਾ ਹੈ ਜਾਂ ਬੁਰਾ ਹੈ ਜਿੱਦਾਂ ਦਾ ਵੀ ਹੈ, ਸਾਡਾ ਦੇਸ਼ ਮਹਾਨ ਹੈ।”—ਸਟੀਵਨ ਡੀਕੇਟਰ, ਯੂ. ਐੱਸ. ਜਲ ਸੈਨਾ ਦਾ ਅਫ਼ਸਰ, 1779-1820.

ਕਈ ਲੋਕ ਸੋਚਦੇ ਹਨ ਕਿ ਦੇਸ਼-ਭਗਤੀ ਕਰਨੀ ਉਨ੍ਹਾਂ ਦਾ ਸਭ ਤੋਂ ਵੱਡਾ ਫ਼ਰਜ਼ ਹੈ। ਦੂਸਰੇ ਲੋਕ ਸ਼ਾਇਦ ਸਟੀਵਨ ਡੀਕੇਟਰ ਦੀ ਗੱਲ ਨੂੰ ਬਦਲ ਕੇ ਇਵੇਂ ਕਹਿੰਦੇ ਹਨ, ‘ਮੇਰਾ ਧਰਮ, ਉਹ ਹਮੇਸ਼ਾ ਸਹੀ ਹੋਵੇ; ਭਲਾ ਹੈ ਜਾਂ ਬੁਰਾ ਹੈ ਜਿੱਦਾਂ ਦਾ ਵੀ ਹੈ, ਮੇਰਾ ਧਰਮ ਸੱਚਾ ਹੈ।’

ਜਿਸ ਦੇਸ਼ ਵਿਚ ਲੋਕ ਜੰਮੇ-ਪਲੇ ਹੁੰਦੇ ਹਨ ਉਹ ਅਕਸਰ ਉਸੇ ਦੇਸ਼ ਜਾਂ ਦੇਸ਼ ਦੇ ਧਰਮ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਪਰ ਅਸੀਂ ਕਿਸ ਦੇ ਪ੍ਰਤੀ ਵਫ਼ਾਦਾਰ ਰਹਿਣਾ ਹੈ, ਇਹ ਜ਼ਰੂਰੀ ਫ਼ੈਸਲਾ ਸਾਨੂੰ ਖ਼ੁਦ ਕਰਨਾ ਚਾਹੀਦਾ ਹੈ। ਲੇਕਿਨ, ਆਪਣੀ ਪਰੰਪਰਾ ਬਾਰੇ ਸਵਾਲ ਉਠਾਉਣ ਨਾਲ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਜਿਨ੍ਹਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦੀ ਲੋੜ ਹੈ।

ਪਰੰਪਰਾ ਤੋੜਨ ਦੀ ਚੁਣੌਤੀ

ਜ਼ੈਂਬੀਆ ਵਿਚ ਜੰਮੀ-ਪਲੀ ਇਕ ਔਰਤ ਨੇ ਕਿਹਾ: “ਮੈਨੂੰ ਬਚਪਨ ਤੋਂ ਹੀ ਧਾਰਮਿਕ ਸਿੱਖਿਆ ਦਿੱਤੀ ਗਈ ਸੀ। ਮੈਂ ਰੋਜ਼ ਆਪਣੇ ਘਰ ਵਿਚ ਪੂਜਾ-ਪਾਠ ਕਰਦੀ ਹੁੰਦੀ ਸੀ। ਮੈਂ ਧਾਰਮਿਕ ਤਿਉਹਾਰ ਵੀ ਮਨਾਉਂਦੀ ਸੀ ਅਤੇ ਲਗਾਤਾਰ ਮੰਦਰ ਜਾਂਦੀ ਸੀ। ਮੇਰਾ ਪੂਜਾ-ਪਾਠ ਦਾ ਮੇਰੇ ਸਭਿਆਚਾਰ, ਸਮਾਜ ਅਤੇ ਪਰਿਵਾਰ ਨਾਲ ਗਹਿਰਾ ਸੰਬੰਧ ਸੀ।”

ਪਰ, ਜਦੋਂ ਉਹ ਅਠਾਰਾਂ-ਉੱਨੀਆਂ ਕੁ ਸਾਲਾਂ ਦੀ ਸੀ, ਤਾਂ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਜਿਸ ਕਰਕੇ ਉਸ ਨੇ ਆਪਣਾ ਧਰਮ ਬਦਲਣ ਦਾ ਫ਼ੈਸਲਾ ਕੀਤਾ। ਕੀ ਉਸ ਨੇ ਆਪਣੇ ਧਰਮ ਨਾਲ ਬੇਵਫ਼ਾਈ ਕੀਤੀ ਸੀ?

ਜ਼ਲਾਟਕੋ ਨਾਂ ਦਾ ਆਦਮੀ ਬੋਸਨੀਆ ਵਿਚ ਜੰਮਿਆ-ਪਲਿਆ ਸੀ ਅਤੇ ਉਹ ਉੱਥੇ ਹੋ ਰਹੀ ਲੜਾਈ ਵਿਚ ਲੜਿਆ। ਉਸ ਨੇ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਹੁਣ ਉਹ ਦੂਜਿਆਂ ਖ਼ਿਲਾਫ਼ ਹਥਿਆਰ ਨਹੀਂ ਚੁੱਕਦਾ। ਕੀ ਉਸ ਨੇ ਆਪਣੇ ਦੇਸ਼ ਨਾਲ ਗੱਦਾਰੀ ਕੀਤੀ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਡੀ ਸੋਚਣੀ ਉੱਤੇ ਨਿਰਭਰ ਕਰਦੇ ਹਨ? ਪਹਿਲਾਂ ਜ਼ਿਕਰ ਕੀਤੀ ਗਈ ਔਰਤ ਨੇ ਕਿਹਾ: “ਸਾਡੇ ਸਮਾਜ ਵਿਚ ਜੇ ਕੋਈ ਧਰਮ ਨੂੰ ਬਦਲਦਾ ਹੈ, ਤਾਂ ਉਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾਂਦਾ; ਇਸ ਨੂੰ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਬੇਵਫ਼ਾਈ ਸਮਝਿਆ ਜਾਂਦਾ ਹੈ।” ਇਸੇ ਤਰ੍ਹਾਂ, ਜ਼ਲਾਟਕੋ ਦੇ ਸਾਬਕਾ ਫ਼ੌਜੀ ਸਾਥੀ ਅਜਿਹੇ ਕਿਸੇ ਵੀ ਵਿਅਕਤੀ ਨੂੰ ਗੱਦਾਰ ਸਮਝਦੇ ਸਨ ਜਿਹੜਾ ਉਨ੍ਹਾਂ ਦੇ ਪੱਖ ਵਿਚ ਨਹੀਂ ਲੜਦਾ ਸੀ। ਇਸ ਤਰ੍ਹਾਂ ਜ਼ੈਂਬੀਆ ਦੀ ਔਰਤ ਅਤੇ ਜ਼ਲਾਟਕੋ ਨੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਜ਼ਿਆਦਾ ਜ਼ਰੂਰੀ ਸਮਝਿਆ ਅਤੇ ਇਸੇ ਅਨੁਸਾਰ ਜੀਉਣ ਦਾ ਫ਼ੈਸਲਾ ਕੀਤਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਮੇਸ਼ੁਰ ਉਨ੍ਹਾਂ ਬਾਰੇ ਕੀ ਸੋਚਦਾ ਹੈ ਜੋ ਉਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੁੰਦੇ ਹਨ?

ਸੱਚੀ ਵਫ਼ਾਦਾਰੀ—ਪਿਆਰ ਦਾ ਸਬੂਤ

ਰਾਜਾ ਦਾਊਦ ਨੇ ਯਹੋਵਾਹ ਪਰਮੇਸ਼ੁਰ ਨੂੰ ਕਿਹਾ: “ਦਯਾਵਾਨ [“ਵਫ਼ਾਦਾਰ,” ਨਿ ਵ] ਲਈ ਤੂੰ ਆਪਣੇ ਆਪ ਨੂੰ ਦਯਾਵਾਨ [“ਵਫ਼ਾਦਾਰ,” ਨਿ ਵ] ਵਿਖਾਵੇਂਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਂਗਾ।” (2 ਸਮੂਏਲ 22:26) ਜਿਸ ਇਬਰਾਨੀ ਸ਼ਬਦ ਦਾ ਇਸ ਆਇਤ ਵਿਚ “ਵਫ਼ਾਦਾਰ” ਤਰਜਮਾ ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਮਕਸਦ ਪੂਰਾ ਹੋਣ ਤਕ ਕਿਸੇ ਨਾਲ ਪ੍ਰੇਮ-ਭਰੀ-ਦਇਆ ਕਰਦੇ ਰਹਿਣਾ। ਜਿਸ ਤਰ੍ਹਾਂ ਇਕ ਮਾਂ ਆਪਣੇ ਬੱਚੇ ਦਾ ਪਾਲਣ-ਪੋਸਣ ਕਰਦੀ ਹੈ ਉਸੇ ਤਰ੍ਹਾਂ ਯਹੋਵਾਹ ਉਨ੍ਹਾਂ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ ਜਿਹੜੇ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਯਹੋਵਾਹ ਨੇ ਵਫ਼ਾਦਾਰ ਇਸਰਾਏਲੀਆਂ ਨੂੰ ਕਿਹਾ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” (ਯਸਾਯਾਹ 49:15) ਜਿਹੜੇ ਲੋਕ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਨੂੰ ਸਭ ਤੋਂ ਜ਼ਰੂਰੀ ਗੱਲ ਸਮਝਦੇ ਹਨ, ਉਹ ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਦੀ ਉਮੀਦ ਰੱਖ ਸਕਦੇ ਹਨ।

ਯਹੋਵਾਹ ਪ੍ਰਤੀ ਅਸੀਂ ਇਸ ਲਈ ਵਫ਼ਾਦਾਰ ਰਹਿੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਵਫ਼ਾਦਾਰੀ ਕਾਰਨ ਅਸੀਂ ਉਨ੍ਹਾਂ ਚੀਜ਼ਾਂ ਨੂੰ ਪਿਆਰ ਕਰਦੇ ਹਾਂ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ ਅਤੇ ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦੇ ਹਾਂ ਜਿਨ੍ਹਾਂ ਨੂੰ ਉਹ ਨਫ਼ਰਤ ਕਰਦਾ ਹੈ। (ਜ਼ਬੂਰ 97:10) ਕਿਉਂਕਿ ਯਹੋਵਾਹ ਦਾ ਮੁੱਖ ਗੁਣ ਪ੍ਰੇਮ ਹੈ, ਇਸ ਲਈ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਨਾਲ ਅਸੀਂ ਦੂਜਿਆਂ ਨਾਲ ਵੀ ਪ੍ਰੇਮ ਕਰਨ ਦੀ ਕੋਸ਼ਿਸ਼ ਕਰਾਂਗੇ। (1 ਯੂਹੰਨਾ 4:8) ਇਸ ਲਈ ਜੇ ਕੋਈ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਆਪਣਾ ਧਰਮ ਬਦਲਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਹੁਣ ਆਪਣੇ ਪਰਿਵਾਰ ਨਾਲ ਪਿਆਰ ਨਹੀਂ ਕਰਦਾ।

ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦੇ ਫ਼ਾਇਦੇ

ਪਹਿਲਾਂ ਜ਼ਿਕਰ ਕੀਤੀ ਗਈ ਔਰਤ ਨੇ ਆਪਣੀ ਜ਼ਿੰਦਗੀ ਵਿਚ ਕੀਤੀਆਂ ਤਬਦੀਲੀਆਂ ਬਾਰੇ ਸਮਝਾਇਆ: “ਬਾਈਬਲ ਸਟੱਡੀ ਕਰ ਕੇ ਮੈਨੂੰ ਪਤਾ ਲੱਗਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਮੈਂ ਉਸ ਨਾਲ ਆਪਣਾ ਰਿਸ਼ਤਾ ਗੂੜ੍ਹਾ ਬਣਾ ਸਕੀ। ਯਹੋਵਾਹ ਉਨ੍ਹਾਂ ਦੇਵਤਿਆਂ ਵਰਗਾ ਨਹੀਂ ਜਿਨ੍ਹਾਂ ਦੀ ਮੈਂ ਪਹਿਲਾਂ ਪੂਜਾ ਕਰਦੀ ਸੀ; ਉਹ ਪ੍ਰੇਮ, ਨਿਆਂ, ਬੁੱਧੀ ਅਤੇ ਸ਼ਕਤੀ ਨਾਲ ਭਰਪੂਰ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਿਰਫ਼ ਉਸ ਦੀ ਭਗਤੀ ਕਰੀਏ, ਇਸ ਲਈ ਮੈਂ ਦੂਜੇ ਦੇਵੀ-ਦੇਵਤਿਆਂ ਨੂੰ ਛੱਡ ਦਿੱਤਾ।

“ਮੇਰੇ ਮਾਪੇ ਮੈਨੂੰ ਵਾਰ-ਵਾਰ ਕਹਿੰਦੇ ਸਨ ਕਿ ਉਹ ਮੇਰੇ ਨਾਲ ਬਹੁਤ ਹੀ ਨਾਰਾਜ਼ ਸਨ ਕਿਉਂਕਿ ਮੈਂ ਉਨ੍ਹਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਸੀ। ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਦੁੱਖ ਲੱਗਦਾ ਸੀ ਕਿਉਂਕਿ ਮੈਂ ਆਪਣੇ ਮਾਪਿਆਂ ਦੇ ਕਹਿਣੇ ਵਿਚ ਰਹਿਣਾ ਚਾਹੁੰਦੀ ਹਾਂ। ਪਰ ਜਿੱਦਾਂ-ਜਿੱਦਾਂ ਮੈਂ ਬਾਈਬਲ ਦੀ ਸੱਚਾਈ ਸਿੱਖਦੀ ਗਈ, ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਸੀ। ਮੈਂ ਹੁਣ ਯਹੋਵਾਹ ਨੂੰ ਛੱਡ ਨਹੀਂ ਸੀ ਸਕਦੀ।

“ਧਾਰਮਿਕ ਪਰੰਪਰਾਵਾਂ ਦੀ ਬਜਾਇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਬੇਵਫ਼ਾਈ ਕਰ ਰਹੀ ਹਾਂ। ਮੈਂ ਆਪਣੀ ਕਹਿਣੀ ਤੇ ਕਰਨੀ ਦੁਆਰਾ ਉਨ੍ਹਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਸਮਝਦੀ ਹਾਂ। ਪਰ ਜੇ ਮੈਂ ਯਹੋਵਾਹ ਪ੍ਰਤੀ ਵਫ਼ਾਦਾਰ ਨਾ ਰਹਾਂ, ਤਾਂ ਸ਼ਾਇਦ ਮੇਰਾ ਪਰਿਵਾਰ ਯਹੋਵਾਹ ਨੂੰ ਕਦੇ ਵੀ ਨਾ ਜਾਣ ਸਕੇ। ਅਸਲ ਵਿਚ ਮੇਰੇ ਲਈ ਇਹ ਬਹੁਤ ਵੱਡੀ ਬੇਵਫ਼ਾਈ ਹੋਵੇਗੀ।”

ਇਸੇ ਤਰ੍ਹਾਂ, ਜਦੋਂ ਕੋਈ ਵਿਅਕਤੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਕਰ ਕੇ ਰਾਜਨੀਤਿਕ ਤੌਰ ਤੇ ਨਿਰਪੱਖ ਰਹਿੰਦਾ ਹੈ ਤੇ ਦੂਜਿਆਂ ਵਿਰੁੱਧ ਹਥਿਆਰ ਨਹੀਂ ਚੁੱਕਦਾ, ਤਾਂ ਉਹ ਨੂੰ ਗੱਦਾਰ ਨਹੀਂ ਕਿਹਾ ਜਾ ਸਕਦਾ। ਜ਼ਲਾਟਕੋ ਨੇ ਆਪਣੀ ਜ਼ਿੰਦਗੀ ਵਿਚ ਕੀਤੀਆਂ ਤਬਦੀਲੀਆਂ ਬਾਰੇ ਇਸ ਤਰ੍ਹਾਂ ਸਮਝਾਇਆ: “ਭਾਵੇਂ ਕਿ ਮੈਂ ਈਸਾਈ ਪਰਿਵਾਰ ਵਿਚ ਜੰਮਿਆ-ਪਲਿਆ ਸੀ, ਪਰ ਮੇਰੀ ਪਤਨੀ ਈਸਾਈ ਨਹੀਂ ਸੀ। ਇਸ ਲਈ ਮੈਨੂੰ ਚੋਣ ਕਰਨੀ ਪਈ ਕਿ ਮੈਂ ਕਿਸ ਦੇ ਪੱਖ ਵਿਚ ਲੜਾਂ। ਮੈਂ ਸਾਢੇ ਤਿੰਨ ਸਾਲ ਲੜਾਈ ਲੜਦਾ ਰਿਹਾ। ਆਖ਼ਰਕਾਰ ਮੈਂ ਤਾਂ ਮੇਰੀ ਪਤਨੀ ਕ੍ਰੋਏਸ਼ੀਆ ਭੱਜ ਗਏ ਜਿੱਥੇ ਅਸੀਂ ਯਹੋਵਾਹ ਦੇ ਗਵਾਹਾਂ ਨੂੰ ਮਿਲੇ।

“ਬਾਈਬਲ ਸਟੱਡੀ ਕਰ ਕੇ ਸਾਨੂੰ ਪਤਾ ਲੱਗਾ ਕਿ ਸਾਨੂੰ ਖ਼ਾਸ ਕਰਕੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਗੁਆਂਢੀਆਂ ਨੂੰ ਪਿਆਰ ਕਰੀਏ ਚਾਹੇ ਉਹ ਕਿਸੇ ਵੀ ਧਰਮ ਜਾਂ ਨਸਲ ਦੇ ਹੋਣ। ਹੁਣ ਮੈਂ ਅਤੇ ਮੇਰੀ ਪਤਨੀ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। ਅਤੇ ਮੈਂ ਸਿੱਖਿਆ ਹੈ ਕਿ ਜੇ ਮੈਂ ਆਪਣੇ ਗੁਆਂਢੀ ਖ਼ਿਲਾਫ਼ ਲੜਦਾ ਹਾਂ, ਤਾਂ ਮੈਂ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਾਂਗਾ।”

ਸਹੀ ਗਿਆਨ ਵਫ਼ਾਦਾਰ ਰਹਿਣਾ ਸਿਖਾਉਂਦਾ ਹੈ

ਯਹੋਵਾਹ ਸਾਡਾ ਸਿਰਜਣਹਾਰ ਹੈ, ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਉਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 4:11) ਪਰ ਅਜਿਹੀ ਵਫ਼ਾਦਾਰੀ ਨੂੰ ਸਹੀ ਗਿਆਨ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਸ਼ਾਇਦ ਕੱਟੜ ਜਾਂ ਜ਼ੁਲਮੀ ਬਣ ਸਕਦੇ ਹਾਂ। ਬਾਈਬਲ ਸਾਨੂੰ ਹੌਸਲਾ ਦਿੰਦੀ ਹੈ ਕਿ “ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ . . . ਪਵਿੱਤਰਤਾਈ [“ਵਫ਼ਾਦਾਰੀ,” “ਨਿ ਵ”] ਵਿੱਚ ਉਤਪਤ ਹੋਈ।” (ਟੇਢੇ ਟਾਈਪ ਸਾਡੇ।) (ਅਫ਼ਸੀਆਂ 4:23, 24) ਇਨ੍ਹਾਂ ਸ਼ਬਦਾਂ ਨੂੰ ਲਿਖਣ ਵਾਲੇ ਮਸ਼ਹੂਰ ਆਦਮੀ ਨੇ ਆਪਣੀ ਪਰੰਪਰਾ ਬਾਰੇ ਸਵਾਲ ਉਠਾਉਣ ਦੀ ਹਿੰਮਤ ਕੀਤੀ। ਉਸ ਨੇ ਸੋਚ-ਸਮਝ ਕੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਜਿਸ ਨਾਲ ਉਸ ਨੂੰ ਬਹੁਤ ਫ਼ਾਇਦਾ ਹੋਇਆ।

ਸ਼ਾਊਲ ਵਾਂਗ ਅੱਜ ਦੇ ਜ਼ਮਾਨੇ ਦੇ ਕਈ ਲੋਕਾਂ ਨੇ ਵਫ਼ਾਦਾਰੀ ਦੀ ਚੁਣੌਤੀ ਦਾ ਸਾਮ੍ਹਣਾ ਕੀਤਾ ਹੈ। ਸ਼ਾਊਲ ਅਜਿਹੇ ਪਰਿਵਾਰ ਵਿਚ ਜੰਮਿਆ-ਪਲਿਆ ਸੀ ਜੋ ਆਪਣੇ ਅਸੂਲਾਂ ਦਾ ਪੱਕਾ ਸੀ ਅਤੇ ਉਹ ਆਪਣੇ ਮਾਪਿਆਂ ਦੇ ਧਰਮ ਪ੍ਰਤੀ ਵਫ਼ਾਦਾਰ ਸੀ। ਧਰਮ ਪ੍ਰਤੀ ਉਸ ਦੀ ਵਫ਼ਾਦਾਰੀ ਨੇ ਉਸ ਨੂੰ ਉਨ੍ਹਾਂ ਲੋਕਾਂ ਨਾਲ ਜ਼ੁਲਮ ਕਰਨ ਲਈ ਪ੍ਰੇਰਿਆ ਜੋ ਉਸ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ ਸਨ। ਸ਼ਾਊਲ ਮਸੀਹੀਆਂ ਦੇ ਘਰਾਂ ਵਿਚ ਵੜ-ਵੜ ਕੇ ਉਨ੍ਹਾਂ ਨੂੰ ਧੂ ਘਸੀਟ ਕੇ ਕੈਦ ਵਿਚ ਪਾਉਣ ਤੇ ਮਰਵਾਉਣ ਲਈ ਜਾਣਿਆ ਜਾਂਦਾ ਸੀ।—ਰਸੂਲਾਂ ਦੇ ਕਰਤੱਬ 22:3-5; ਫ਼ਿਲਿੱਪੀਆਂ 3:4-6.

ਪਰ ਸ਼ਾਊਲ ਨੇ ਬਾਈਬਲ ਦਾ ਸਹੀ ਗਿਆਨ ਲੈਣ ਤੋਂ ਬਾਅਦ ਅਜਿਹਾ ਕੁਝ ਕੀਤਾ ਜਿਸ ਦੀ ਉਸ ਦੇ ਮਿੱਤਰ ਕਲਪਨਾ ਵੀ ਨਹੀਂ ਕਰ ਸਕਦੇ ਸਨ। ਉਸ ਨੇ ਆਪਣਾ ਧਰਮ ਬਦਲ ਲਿਆ ਸੀ। ਸ਼ਾਊਲ ਨੂੰ ਬਾਅਦ ਵਿਚ ਪੌਲੁਸ ਰਸੂਲ ਵਜੋਂ ਜਾਣਿਆ ਜਾਣ ਲੱਗਾ ਜਿਸ ਨੇ ਆਪਣੀ ਪਰੰਪਰਾ ਦੀ ਬਜਾਇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਪਸੰਦ ਕੀਤਾ। ਸਹੀ ਗਿਆਨ ਉੱਤੇ ਆਧਾਰਿਤ ਪਰਮੇਸ਼ੁਰ ਪ੍ਰਤੀ ਪੌਲੁਸ ਦੀ ਵਫ਼ਾਦਾਰੀ ਨੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਆ। ਜ਼ੁਲਮੀ ਜਾਂ ਕੱਟੜ ਹੋਣ ਦੀ ਬਜਾਇ ਉਹ ਹੁਣ ਸਹਿਣਸ਼ੀਲ, ਪਿਆਰ ਕਰਨ ਵਾਲਾ ਅਤੇ ਦੂਜਿਆਂ ਦਾ ਹੌਸਲਾ ਵਧਾਉਣ ਵਾਲਾ ਬਣ ਗਿਆ।

ਵਫ਼ਾਦਾਰ ਕਿਉਂ ਰਹੀਏ?

ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਚੱਲ ਕੇ ਵਫ਼ਾਦਾਰ ਰਹਿਣ ਨਾਲ ਫ਼ਾਇਦੇ ਹੀ ਫ਼ਾਇਦੇ ਹੁੰਦੇ ਹਨ। ਮਿਸਾਲ ਲਈ, ਪਰਿਵਾਰਾਂ ਦਾ ਅਧਿਐਨ ਕਰਨ ਵਾਲੀ ਆਸਟ੍ਰੇਲੀਆ ਦੀ ਇਕ ਸੰਸਥਾ ਨੇ 1999 ਵਿਚ ਰਿਪੋਰਟ ਦਿੱਤੀ ਕਿ ਸੁਖੀ ਵਿਆਹੁਤਾ ਜੀਵਨ ਲਈ ‘ਭਰੋਸਾ, ਵਫ਼ਾਦਾਰੀ ਤੇ ਰੂਹਾਨੀ ਗੱਲਾਂ ਦੀ ਚਾਹ’ ਹੋਣੀ ਬਹੁਤ ਜ਼ਰੂਰੀ ਹੈ। ਇਸੇ ਅਧਿਐਨ ਤੋਂ ਪਤਾ ਲੱਗਾ ਹੈ ਕਿ “ਮਜ਼ਬੂਤ ਅਤੇ ਸੁਖੀ ਵਿਆਹੁਤਾ ਜੀਵਨ” ਕਾਰਨ ਆਦਮੀ ਅਤੇ ਔਰਤਾਂ ਜ਼ਿਆਦਾ ਖ਼ੁਸ਼ ਤੇ ਤੰਦਰੁਸਤ ਰਹਿੰਦੇ ਹਨ ਅਤੇ ਲੰਬੀ ਜ਼ਿੰਦਗੀ ਜੀਉਂਦੇ ਹਨ। ਇਸ ਦੇ ਨਾਲ-ਨਾਲ ਮਜ਼ਬੂਤ ਵਿਆਹੁਤਾ ਜੀਵਨ ਕਾਰਨ ਬੱਚੇ ਵੀ ਖ਼ੁਸ਼ੀਆਂ-ਭਰੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ।

ਇਸ ਡਾਵਾਂ-ਡੋਲ ਦੁਨੀਆਂ ਵਿਚ ਵਫ਼ਾਦਾਰੀ ਦੀ ਤੁਲਨਾ ਕਿਸ਼ਤੀ ਨਾਲ ਬੱਝੀ ਬਚਾਅ-ਰੱਸੀ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਫੜ ਕੇ ਤੈਰਾਕ ਆਪਣੀ ਜਾਨ ਬਚਾ ਸਕਦਾ ਹੈ। ਬੇਵਫ਼ਾਈ ਦੀ ਤੁਲਨਾ ਉਸ “ਤੈਰਾਕ” ਨਾਲ ਕੀਤੀ ਜਾ ਸਕਦੀ ਹੈ ਜੋ ਰੱਸੀ ਨੂੰ ਛੱਡ ਕੇ ਸਮੁੰਦਰ ਦੀਆਂ ਲਹਿਰਾਂ ਅਤੇ ਹਵਾ ਨਾਲ ਡਿੱਕੇ-ਡੋਲੇ ਖਾਂਦਾ ਹੈ। ਜੋ ਇਨਸਾਨ ਯਹੋਵਾਹ ਦੀ ਬਜਾਇ ਕਿਸੇ ਹੋਰ ਨਾਲ ਵਫ਼ਾਦਾਰੀ ਕਰਦੇ ਹਨ ਉਹ ਇਸ ਤਰ੍ਹਾਂ ਹਨ ਜਿਵੇਂ ਉਨ੍ਹਾਂ ਨੇ ਡੁੱਬਦੇ ਜਹਾਜ਼ ਦੀ ਰੱਸੀ ਨੂੰ ਫੜ ਲਿਆ ਹੋਵੇ। ਅਜਿਹੇ ਇਨਸਾਨ ਸ਼ਾਇਦ ਸ਼ਾਊਲ ਵਾਂਗ ਜ਼ੁਲਮੀ ਕੰਮਾਂ ਵਿਚ ਡੁੱਬ ਸਕਦੇ ਹਨ। ਪਰ ਸਹੀ ਗਿਆਨ ਉੱਤੇ ਆਧਾਰਿਤ ਯਹੋਵਾਹ ਪ੍ਰਤੀ ਵਫ਼ਾਦਾਰੀ ਉਸ ਬਚਾਅ-ਰੱਸੀ ਵਰਗੀ ਹੈ ਜਿਸ ਨੂੰ ਮਜ਼ਬੂਤੀ ਨਾਲ ਫੜ ਕੇ ਅਸੀਂ ਮੁਕਤੀ ਹਾਸਲ ਕਰ ਸਕਦੇ ਹਾਂ।—ਅਫ਼ਸੀਆਂ 4:13-15.

ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਇਹ ਵਾਅਦਾ ਕਰਦਾ ਹੈ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।” (ਜ਼ਬੂਰ 37:28) ਜਲਦੀ ਹੀ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਜੀਵਨ ਮਿਲੇਗਾ ਜਿੱਥੇ ਉਨ੍ਹਾਂ ਦੇ ਸਾਰੇ ਦੁੱਖ ਦੂਰ ਕੀਤੇ ਜਾਣਗੇ। ਉਸ ਸਮੇਂ ਉਹ ਧਾਰਮਿਕ ਅਤੇ ਰਾਜਨੀਤਿਕ ਫੁੱਟਾਂ ਤੋਂ ਬਿਨਾਂ ਇਕ-ਦੂਜੇ ਨਾਲ ਸ਼ਾਂਤੀ ਅਤੇ ਏਕਤਾ ਨਾਲ ਰਹਿਣਗੇ।—ਪਰਕਾਸ਼ ਦੀ ਪੋਥੀ 7:9, 14; 21:3, 4.

ਦੁਨੀਆਂ ਭਰ ਦੇ ਲੱਖਾਂ ਹੀ ਲੋਕਾਂ ਨੇ ਦੇਖਿਆ ਹੈ ਕਿ ਸੱਚੀ ਖ਼ੁਸ਼ੀ ਸਿਰਫ਼ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਹੀ ਮਿਲਦੀ ਹੈ। ਕਿਉਂ ਨਾ ਤੁਸੀਂ ਯਹੋਵਾਹ ਦੇ ਗਵਾਹਾਂ ਦੀ ਮਦਦ ਨਾਲ ਬਾਈਬਲ ਦੀ ਪੜ੍ਹਾਈ ਕਰ ਕੇ ਵਫ਼ਾਦਾਰੀ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਰੋ? ਬਾਈਬਲ ਸਾਨੂੰ ਦੱਸਦੀ ਹੈ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ।”—2 ਕੁਰਿੰਥੀਆਂ 13:5.

ਆਪਣੇ ਧਰਮ ਅਤੇ ਉਸ ਪ੍ਰਤੀ ਆਪਣੀ ਵਫ਼ਾਦਾਰੀ ਦੀ ਪਰਖ ਕਰਨ ਲਈ ਹਿੰਮਤ ਦੀ ਲੋੜ ਪੈਂਦੀ ਹੈ। ਪਰ ਇਸ ਤਰ੍ਹਾਂ ਕਰਨ ਨਾਲ ਸਾਨੂੰ ਬਰਕਤਾਂ ਮਿਲਦੀਆਂ ਹਨ ਤੇ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਕਈ ਲੋਕਾਂ ਵਾਂਗ ਪਹਿਲਾਂ ਜ਼ਿਕਰ ਕੀਤੀ ਗਈ ਔਰਤ ਇਸ ਤਰ੍ਹਾਂ ਆਪਣੇ ਜਜ਼ਬਾਤ ਪ੍ਰਗਟ ਕਰਦੀ ਹੈ: “ਮੈਂ ਸਿੱਖਿਆ ਹੈ ਕਿ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਅਤੇ ਉਸ ਦੇ ਮਿਆਰਾਂ ਅਨੁਸਾਰ ਚੱਲਣ ਨਾਲ ਅਸੀਂ ਆਪਣੇ ਪਰਿਵਾਰਾਂ ਨਾਲ ਚੰਗਾ ਵਰਤਾਉ ਕਰ ਸਕਦੇ ਹਾਂ ਤੇ ਸਮਾਜ ਦੇ ਬਿਹਤਰ ਮੈਂਬਰ ਬਣ ਸਕਦੇ ਹਾਂ। ਭਾਵੇਂ ਅਸੀਂ ਜਿੰਨੀਆਂ ਮਰਜ਼ੀ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਦੇ ਹਾਂ, ਪਰ ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ, ਤਾਂ ਉਹ ਹਮੇਸ਼ਾ ਸਾਡੇ ਨਾਲ ਵਫ਼ਾਦਾਰੀ ਕਰੇਗਾ।”

[ਸਫ਼ੇ 6 ਉੱਤੇ ਤਸਵੀਰ]

ਸਹੀ ਗਿਆਨ ਨੇ ਸ਼ਾਊਲ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਹੋਣ ਲਈ ਪ੍ਰੇਰਿਤ ਕੀਤਾ

[ਸਫ਼ੇ 7 ਉੱਤੇ ਤਸਵੀਰ]

ਕਿਉਂ ਨਾ ਤੁਸੀਂ ਵੀ ਬਾਈਬਲ ਦੀ ਮਦਦ ਨਾਲ ਆਪਣੀ ਵਫ਼ਾਦਾਰੀ ਦੀ ਜਾਂਚ ਕਰੋ?

[ਸਫ਼ੇ 4 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Churchill, upper left: U.S. National Archives photo; Joseph Göbbels, far right: Library of Congress