ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਜਦੋਂ ਮਾਪਿਆਂ ਵਿੱਚੋਂ ਸਿਰਫ਼ ਇਕ ਜਣਾ ਯਹੋਵਾਹ ਦਾ ਗਵਾਹ ਹੈ, ਤਾਂ ਬੱਚਿਆਂ ਦੀ ਸਿਖਲਾਈ ਬਾਰੇ ਬਾਈਬਲ ਕੀ ਸਲਾਹ ਦਿੰਦੀ ਹੈ?
ਬੱਚਿਆਂ ਦੀ ਸਿਖਲਾਈ ਬਾਰੇ ਬਾਈਬਲ ਵਿਚ ਦੋ ਮੂਲ ਅਸੂਲ ਹਨ ਜੋ ਉਸ ਵਿਅਕਤੀ ਦੁਆਰਾ ਲਾਗੂ ਕੀਤੇ ਜਾ ਸਕਦੇ ਹਨ ਜਿਸ ਦਾ ਵਿਆਹੁਤਾ ਸਾਥੀ ਗਵਾਹ ਨਹੀਂ ਹੈ। ਪਹਿਲਾ ਹੈ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਅਤੇ ਦੂਸਰਾ ਹੈ: “ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ।” (ਅਫ਼ਸੀਆਂ 5:23) ਦੂਸਰਾ ਸਿਧਾਂਤ ਸਿਰਫ਼ ਉਨ੍ਹਾਂ ਪਤਨੀਆਂ ਤੇ ਹੀ ਨਹੀਂ ਲਾਗੂ ਹੁੰਦਾ ਜਿਨ੍ਹਾਂ ਦੇ ਪਤੀ ਸੱਚਾਈ ਵਿਚ ਹਨ ਪਰ ਉਨ੍ਹਾਂ ਪਤਨੀਆਂ ਤੇ ਵੀ ਜਿਨ੍ਹਾਂ ਦੇ ਪਤੀ ਸੱਚਾਈ ਵਿਚ ਨਹੀਂ ਹਨ। (1 ਪਤਰਸ 3:1) ਆਪਣੇ ਬੱਚਿਆਂ ਨੂੰ ਸਿਖਲਾਉਂਦੇ ਸਮੇਂ ਗਵਾਹ ਮਾਂ ਜਾਂ ਬਾਪ ਇਨ੍ਹਾਂ ਸਿਧਾਂਤਾਂ ਨੂੰ ਕਿਵੇਂ ਸੰਤੁਲਨ ਨਾਲ ਲਾਗੂ ਕਰ ਸਕਦੇ ਹਨ?
ਜੇ ਪਿਤਾ ਯਹੋਵਾਹ ਦਾ ਇਕ ਗਵਾਹ ਹੈ, ਤਾਂ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਅਤੇ ਸਰੀਰਕ ਜ਼ਰੂਰਤਾਂ ਦਾ ਇੰਤਜ਼ਾਮ ਕਰੇ। (1 ਤਿਮੋਥਿਉਸ 5:8) ਭਾਵੇਂ ਕਿ ਅਵਿਸ਼ਵਾਸੀ ਮਾਂ ਸ਼ਾਇਦ ਨਿਆਣਿਆਂ ਨਾਲ ਜ਼ਿਆਦਾ ਸਮਾਂ ਬਿਤਾਉਂਦੀ ਹੈ, ਫਿਰ ਵੀ ਪਿਤਾ ਨੂੰ ਆਪਣੇ ਬੱਚਿਆਂ ਨੂੰ ਘਰ ਅਧਿਆਤਮਿਕ ਸਿਖਲਾਈ ਦੇਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਉਹ ਉਨ੍ਹਾਂ ਨੂੰ ਸਭਾਵਾਂ ਵਿਚ ਲੈ ਜਾ ਸਕਦਾ ਹੈ ਜਿੱਥੇ ਉਨ੍ਹਾਂ ਨੂੰ ਚੰਗੇ ਨੈਤਿਕ ਮਿਆਰ ਸਿਖਲਾਏ ਜਾਂਦੇ ਹਨ ਅਤੇ ਗੁਣਕਾਰੀ ਸੰਗਤ ਮਿਲਦੀ ਹੈ।
ਉਦੋਂ ਕੀ ਜੇ ਅਵਿਸ਼ਵਾਸੀ ਪਤਨੀ ਚਾਹੁੰਦੀ ਹੈ ਕਿ ਉਹ ਬੱਚਿਆਂ ਨੂੰ ਆਪਣਾ ਧਰਮ ਸਿਖਲਾਏ ਅਤੇ ਆਪਣੇ ਗਿਰਜੇ-ਮੰਦਰ ਤੇ ਲੈ ਕੇ ਜਾਏ? ਦੇਸ਼ ਦੇ ਕਾਨੂੰਨ ਮੁਤਾਬਕ ਸ਼ਾਇਦ ਇੰਜ ਕਰਨਾ ਉਸ ਦਾ ਹੱਕ ਹੈ। ਕੀ ਬੱਚੇ ਇਨ੍ਹਾਂ ਥਾਂਵਾਂ ਤੇ ਜਾ ਕੇ ਪੂਜਾ ਕਰਨ ਲਈ ਭਰਮਾਏ ਜਾਣਗੇ? ਇਹ ਸ਼ਾਇਦ ਇਸ ਉੱਤੇ ਨਿਰਭਰ ਹੋਵੇ ਕਿ ਪਿਤਾ ਨੇ ਰੂਹਾਨੀ ਗੱਲਾਂ ਵਿਚ ਉਨ੍ਹਾਂ ਨੂੰ ਕਿੰਨੀ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਸੀ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਅਧਿਆਤਮਿਕ ਸਿਖਲਾਈ ਤੋਂ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਤੇ ਚੱਲਣ ਦੀ ਮਦਦ ਮਿਲਣੀ ਚਾਹੀਦੀ ਹੈ। ਵਿਸ਼ਵਾਸੀ ਪਿਤਾ ਕਿੰਨਾ ਖ਼ੁਸ਼ ਹੋਵੇਗਾ ਜੇ ਉਸ ਦੇ ਬੱਚੇ ਸੱਚਾਈ ਅਪਣਾ ਲੈਣ!
ਜੇ ਮਾਂ ਯਹੋਵਾਹ ਦੀ ਗਵਾਹ ਹੈ, ਤਾਂ ਉਹ ਆਪਣੇ ਬੱਚਿਆਂ ਦੀ ਸਦੀਪਕ ਭਲਾਈ ਬਾਰੇ ਜ਼ਰੂਰ ਸੋਚੇਗੀ, ਪਰ ਘਰ ਦੀ ਸਰਦਾਰੀ ਦੇ ਅਸੂਲ ਦੇ ਅਨੁਸਾਰ ਚੱਲੇਗੀ। (1 ਕੁਰਿੰਥੀਆਂ 11:3) ਕਈ ਘਰਾਣਿਆਂ ਵਿਚ ਅਵਿਸ਼ਵਾਸੀ ਪਤੀ ਇਤਰਾਜ਼ ਨਹੀਂ ਕਰਦਾ ਜਦੋਂ ਮਾਂ ਬੱਚਿਆਂ ਨੂੰ ਅਧਿਆਤਮਿਕ ਚੀਜ਼ਾਂ ਅਤੇ ਸ਼ੁੱਧ ਨੈਤਿਕ ਮਿਆਰਾਂ ਬਾਰੇ ਸਿਖਲਾਉਣਾ ਚਾਹੁੰਦੀ ਹੈ, ਅਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਉਨ੍ਹਾਂ ਨੂੰ ਲੈ ਜਾਣਾ ਚਾਹੁੰਦੀ ਹੈ। ਮਾਂ ਆਪਣੇ ਪਤੀ ਦੀ ਇਹ ਦੇਖਣ ਵਿਚ ਮਦਦ ਕਰ ਸਕਦੀ ਹੈ ਕਿ ਯਹੋਵਾਹ ਦੇ ਸੰਗਠਨ ਰਾਹੀਂ ਮਿਲਦੀ ਉਤਸ਼ਾਹਜਨਕ ਸਿੱਖਿਆ ਕਿੰਨੀ ਲਾਭਦਾਇਕ ਹੈ। ਉਹ ਸਮਝਦਾਰੀ ਨਾਲ ਆਪਣੇ ਪਤੀ ਨੂੰ ਦਿਖਾ ਸਕਦੀ ਹੈ ਕਿ ਦੁਨੀਆਂ ਦੇ ਵਿਗੜਦੇ ਜਾ ਰਹੇ ਮਿਆਰਾਂ ਕਰਕੇ ਬਾਈਬਲ ਵਿੱਚੋਂ ਚੰਗੇ ਮਿਆਰ ਬੱਚਿਆਂ ਦੇ ਦਿਲਾਂ ਵਿਚ ਬਿਠਾਉਣੇ ਕਿੰਨੇ ਮਹੱਤਵਪੂਰਣ ਹਨ।
ਲੇਕਿਨ, ਅਵਿਸ਼ਵਾਸੀ ਪਤੀ ਸ਼ਾਇਦ ਚਾਹੇ ਕਿ ਬੱਚੇ ਉਸ ਦਾ ਧਰਮ ਅਪਣਾਉਣ, ਅਤੇ ਉਹ ਦੇ ਨਾਲ ਗਿਰਜੇ-ਮੰਦਰ ਤੇ ਜਾ ਕੇ ਧਾਰਮਿਕ ਗਿਆਨ ਸਿੱਖਣ। ਜਾਂ ਸ਼ਾਇਦ ਪਤੀ ਸਾਰੇ ਧਰਮਾਂ ਦਾ ਨਫ਼ਰਤ ਕਰੇ ਅਤੇ ਚਾਹੇ ਕਿ ਉਸ ਦੇ ਬੱਚੇ ਕੋਈ ਧਾਰਮਿਕ ਸਿੱਖਿਆ ਨਾ ਲੈਣ। ਪਰਿਵਾਰ ਦੇ ਸਰਦਾਰ ਹੋਣ ਦੇ ਨਾਤੇ ਉਹ ਖ਼ਾਸ ਕਰਕੇ ਇਹ ਫ਼ੈਸਲਾ ਕਰਨ ਲਈ ਜ਼ਿੰਮੇਵਾਰ ਹੈ। *
ਜਿਉਂ-ਜਿਉਂ ਇਕ ਪਤਨੀ ਆਪਣੇ ਪਤੀ ਦੀ ਘਰ ਦੇ ਸਰਦਾਰ ਵਜੋਂ ਇੱਜ਼ਤ ਕਰਦੀ ਹੈ, ਉਹ ਖ਼ੁਦ ਇਕ ਸਮਰਪਿਤ ਮਸੀਹੀ ਵਜੋਂ ਰਸੂਲ ਪਤਰਸ ਤੇ ਯੂਹੰਨਾ ਦੇ ਰਵੱਈਏ ਨੂੰ ਜ਼ਰੂਰ ਯਾਦ ਰੱਖੇਗੀ, ਜਿਨ੍ਹਾਂ ਨੇ ਕਿਹਾ ਕਿ “ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।” (ਰਸੂਲਾਂ ਦੇ ਕਰਤੱਬ 4:19, 20) ਆਪਣੇ ਬੱਚਿਆਂ ਦੀ ਅਧਿਆਤਮਿਕ ਤੰਦਰੁਸਤੀ ਦੇ ਬਾਰੇ ਸੋਚਦੇ ਹੋਏ ਇਕ ਮਸੀਹੀ ਮਾਂ ਉਨ੍ਹਾਂ ਨੂੰ ਚੰਗੇ ਨੈਤਿਕ ਮਿਆਰਾਂ ਦੇ ਬਾਰੇ ਸਿਖਲਾਉਣ ਦੇ ਮੌਕੇ ਜ਼ਰੂਰ ਲੱਭੇਗੀ। ਯਹੋਵਾਹ ਨੇ ਉਸ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਦੂਸਰਿਆਂ ਨੂੰ ਸੱਚਾਈ ਬਾਰੇ ਦੱਸੇ ਅਤੇ ਉਸ ਨੂੰ ਆਪਣੇ ਬੱਚਿਆਂ ਨੂੰ ਵੀ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ। (ਕਹਾਉਤਾਂ 1:8; ਮੱਤੀ 28:19, 20) ਮਸੀਹੀ ਮਾਂ ਇਹ ਸਮੱਸਿਆ ਦਾ ਸਾਮ੍ਹਣਾ ਕਿਵੇਂ ਕਰ ਸਕਦੀ ਹੈ?
ਮਿਸਾਲ ਵਜੋਂ ਇਕ ਰੱਬ ਵਿਚ ਵਿਸ਼ਵਾਸ ਕਰਨ ਦੀ ਗੱਲ ਬਾਰੇ ਸੋਚੋ। ਮਸੀਹੀ ਮਾਂ ਸ਼ਾਇਦ ਆਪਣੇ ਬੱਚਿਆਂ ਨਾਲ ਬਾਈਬਲ ਅਧਿਐਨ ਨਾ ਕਰਾ ਸਕੇ ਕਿਉਂਕਿ ਉਸ ਦੇ ਪਤੀ ਨੇ ਇਸ ਨੂੰ ਮਨ੍ਹਾ ਕੀਤਾ ਹੈ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਮਾਂ ਨੂੰ ਯਹੋਵਾਹ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੀਦਾ ਹੈ? ਨਹੀਂ, ਉਸ ਦੀਆਂ ਗੱਲਾਂ-ਬਾਤਾਂ ਅਤੇ ਉਸ ਦੇ ਕੰਮਾਂ-ਕਾਰਾਂ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਆਪਣੇ ਸਿਰਜਣਹਾਰ ਵਿਚ ਵਿਸ਼ਵਾਸ ਕਰਦੀ ਹੈ। ਨਿਰਸੰਦੇਹ ਉਸ ਦੇ ਬੱਚੇ ਉਸ ਨੂੰ ਇਸ ਗੱਲ ਬਾਰੇ ਪੁੱਛਣਗੇ। ਕਿਉਂ ਜੋ ਪਤਨੀ ਆਪਣਾ ਧਰਮ ਅਪਣਾਉਣ ਲਈ ਆਜ਼ਾਦ ਹੈ ਉਸ ਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਦੱਸਣ ਤੋਂ ਝਿਜਕਣਾ ਨਹੀਂ ਚਾਹੀਦਾ। ਭਾਵੇਂ ਕਿ ਉਹ ਆਪਣੇ ਬੱਚਿਆਂ ਨਾਲ ਬਾਈਬਲ ਅਧਿਐਨ ਨਾ ਕਰਾ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਸਾਰੀਆਂ ਸਭਾਵਾਂ ਵਿਚ ਲੈ ਜਾ ਸਕੇ ਉਹ ਫਿਰ ਵੀ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਬਾਰੇ ਗਿਆਨ ਦੇ ਸਕਦੀ ਹੈ।—ਬਿਵਸਥਾ ਸਾਰ 6:7.
ਇਕ ਅਵਿਸ਼ਵਾਸੀ ਵਿਅਕਤੀ ਅਤੇ ਉਸ ਦੇ ਸਾਥੀ ਵਿਚਲੇ ਸੰਬੰਧ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਕਿਹਾ: “ਕਿਉਂ ਜੋ ਬੇਪਰਤੀਤ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਅਤੇ ਬੇਪਰਤੀਤ ਪਤਨੀ ਉਸ ਭਰਾ ਦੇ ਕਾਰਨ ਪਵਿੱਤਰ ਹੋਈ ਹੈ, ਨਹੀਂ ਤਾਂ ਤੁਹਾਡੇ ਬਾਲ ਬੱਚੇ ਅਸ਼ੁੱਧ ਹੁੰਦੇ ਪਰ ਹੁਣ ਤਾਂ ਪਵਿੱਤਰ ਹਨ।” (1 ਕੁਰਿੰਥੀਆਂ 7:14) ਵਿਸ਼ਵਾਸੀ ਸਾਥੀ ਦੇ ਕਾਰਨ ਯਹੋਵਾਹ ਵਿਆਹ ਦੇ ਬੰਧਨ ਨੂੰ ਪਵਿੱਤਰ ਸਮਝਦਾ ਹੈ ਅਤੇ ਬੱਚੇ ਵੀ ਉਸ ਦੀ ਨਜ਼ਰ ਵਿਚ ਪਵਿੱਤਰ ਹਨ। ਮਸੀਹੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਵਿਚ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਤੇ ਬਾਕੀ ਯਹੋਵਾਹ ਦੇ ਹੱਥਾਂ ਵਿਚ ਛੱਡਣਾ ਚਾਹੀਦਾ ਹੈ।
ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਹਨ ਉਨ੍ਹਾਂ ਨੂੰ ਆਪਣੇ ਮਾਪਿਉ ਤੋਂ ਹਾਸਲ ਗਿਆਨ ਦੇ ਬਾਰੇ ਸੋਚ ਕੇ ਫ਼ੈਸਲਾ ਕਰਨਾ ਪਵੇਗਾ ਕਿ ਉਹ ਕਿਹੜਾ ਰਸਤਾ ਲੈਣਗੇ। ਸ਼ਾਇਦ ਉਹ ਯਿਸੂ ਦੇ ਸ਼ਬਦਾਂ ਤੇ ਚੱਲਣਾ ਚਾਹੁਣਗੇ: “ਜੋ ਕੋਈ ਪਿਉ ਯਾ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ।” (ਮੱਤੀ 10:37) ਉਨ੍ਹਾਂ ਨੂੰ ਇਹ ਵੀ ਹੁਕਮ ਦਿੱਤਾ ਗਿਆ ਹੈ: “ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।” (ਅਫ਼ਸੀਆਂ 6:1) ਕਈ ਨੌਜਵਾਨਾਂ ਨੇ ਫ਼ੈਸਲਾ ਕੀਤਾ ਹੈ ਕਿ ਅਵਿਸ਼ਵਾਸੀ ਮਾਪੇ ਦੀ ਬਜਾਇ ‘ਪਰਮੇਸ਼ੁਰ ਦੇ ਹੁਕਮ ਮੰਨਣੇ ਜਰੂਰੀ ਹੈ,’ ਚਾਹੇ ਇਵੇਂ ਕਰਨ ਨਾਲ ਉਨ੍ਹਾਂ ਦੇ ਅਵਿਸ਼ਵਾਸੀ ਮਾਂ ਜਾਂ ਬਾਪ ਨੇ ਵਿਰੋਧ ਕੀਤਾ ਹੈ। ਮਸੀਹੀ ਮਾਂ ਜਾਂ ਬਾਪ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜੇ ਉਸ ਦੇ ਬੱਚੇ ਵਿਰੋਧ ਦੇ ਬਾਵਜੂਦ ਫ਼ੈਸਲਾ ਕਰਨ ਕਿ ਉਹ ਯਹੋਵਾਹ ਦੀ ਸੇਵਾ ਕਰਨਗੇ।
[ਫੁਟਨੋਟ]
^ ਪੈਰਾ 7 ਜੇ ਦੇਸ਼ ਦੇ ਕਾਨੂੰਨ ਅਨੁਸਾਰ ਪਤਨੀ ਆਪਣੇ ਮਰਜ਼ੀ ਦਾ ਧਰਮ ਆਪਣਾ ਸਕਦੀ ਹੈ, ਤਾਂ ਇਸ ਵਿਚ ਮਸੀਹੀ ਸਭਾਵਾਂ ਤੇ ਜਾਣ ਦਾ ਹੱਕ ਵੀ ਹੈ। ਲੇਕਿਨ ਕਈ ਵਾਰ ਸਭਾਵਾਂ ਦੇ ਸਮਿਆਂ ਤੇ ਪਤੀ ਬੱਚਿਆਂ ਦੀ ਦੇਖ-ਭਾਲ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਨਤੀਜੇ ਵਜੋਂ ਮਾਂ ਨੂੰ ਸਭਾਵਾਂ ਤੇ ਬੱਚਿਆਂ ਨੂੰ ਨਾਲ ਲੈ ਜਾਣਾ ਪੈਂਦਾ ਹੈ।