ਵਫ਼ਾਦਾਰੀ ਦੇ ਬਦਲਦੇ ਰੰਗ
ਵਫ਼ਾਦਾਰੀ ਦੇ ਬਦਲਦੇ ਰੰਗ
ਇਸਰਾਏਲ ਦੇ ਤੇਲ ਅਵੀਵ ਸ਼ਹਿਰ ਵਿਚ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਨੌਜਵਾਨ ਨਾਈਟ-ਕਲੱਬ ਦੇ ਬਾਹਰ ਖੜ੍ਹੇ ਨੌਜਵਾਨਾਂ ਦੇ ਇਕ ਗਰੁੱਪ ਵਿਚ ਆ ਰਲਿਆ। ਕੁਝ ਹੀ ਪਲਾਂ ਵਿਚ ਭੀੜ ਵਿਚ ਜ਼ਬਰਦਸਤ ਬੰਬ ਧਮਾਕਾ ਹੋਇਆ।
ਇਸ ਨੌਜਵਾਨ ਨੇ 19 ਦੂਸਰੇ ਨੌਜਵਾਨਾਂ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਉਡਾ ਲਿਆ। ਇਕ ਡਾਕਟਰ ਨੇ ਬਾਅਦ ਵਿਚ ਰਿਪੋਰਟਰਾਂ ਨੂੰ ਦੱਸਿਆ: “ਹਰ ਜਗ੍ਹਾ ਉਨ੍ਹਾਂ ਨੌਜਵਾਨਾਂ ਦੇ ਟੁਕੜੇ-ਟੁਕੜੇ ਪਏ ਸਨ। ਮੈਂ ਇੱਦਾਂ ਦਾ ਭਿਆਨਕ ਦ੍ਰਿਸ਼ ਪਹਿਲਾਂ ਕਦੀ ਵੀ ਨਹੀਂ ਸੀ ਦੇਖਿਆ।”
ਥਰਸਟਨ ਬਰੂਅਨ ਨੇ ਲਾਂਸੈਟ ਰਸਾਲੇ ਵਿਚ ਲਿਖਿਆ: “ਜ਼ਿਆਦਾਤਰ ਲੋਕ ਵਫ਼ਾਦਾਰੀ . . . ਵਰਗੇ ਗੁਣਾਂ ਨੂੰ ਪਸੰਦ ਕਰਦੇ ਹਨ, ਪਰ ਅਜਿਹੇ ਗੁਣਾਂ ਕਰਕੇ ਹੀ ਲੜਾਈਆਂ ਸ਼ੁਰੂ ਹੁੰਦੀਆਂ ਹਨ ਜਿਨ੍ਹਾਂ ਨੂੰ ਖ਼ਤਮ ਕਰਨਾ ਬੜਾ ਮੁਸ਼ਕਲ ਹੁੰਦਾ ਹੈ।” ਜੇ ਈਸਾਈ-ਜਗਤ ਦੇ ਧਰਮ-ਯੁੱਧਾਂ ਜਾਂ ਨਾਜ਼ੀ ਜਰਮਨੀ ਦੇ ਖ਼ੂਨ-ਖ਼ਰਾਬੇ ਬਾਰੇ ਸੋਚਿਆ ਜਾਵੇ, ਤਾਂ ਅਸੀਂ ਦੇਖਦੇ ਹਾਂ ਕਿ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਪੂਰੇ ਇਤਿਹਾਸ ਦੌਰਾਨ ਲੋਕਾਂ ਨੇ ਲਾਸ਼ਾਂ ਦੇ ਢੇਰਾਂ ਦੇ ਢੇਰ ਲਾਏ ਹਨ।
ਬੇਵਫ਼ਾਈ ਦੇ ਸ਼ਿਕਾਰ
ਬਿਨਾਂ ਸ਼ੱਕ ਕੱਟੜ ਵਫ਼ਾਦਾਰ ਹੋਣਾ ਵੀ ਖ਼ਤਰਨਾਕ ਹੋ ਸਕਦਾ ਹੈ, ਪਰ ਦੂਜੇ ਪਾਸੇ ਬੇਵਫ਼ਾ ਹੋਣ ਨਾਲ ਸਮਾਜ ਦੇ ਟੁਕੜੇ-ਟੁਕੜੇ ਹੋ ਸਕਦੇ ਹਨ। ਵਫ਼ਾਦਾਰ ਹੋਣ ਦਾ ਮਤਲਬ ਹੈ ਕਿ ਅਸੀਂ ਆਪਣਾ ਮਕਸਦ ਪੂਰਾ ਕਰਾਂਗੇ ਅਤੇ ਗੱਦਾਰੀ ਕਰਨ ਦੇ ਪਰਤਾਵੇ ਵਿਚ ਆ ਕੇ ਕਿਸੇ ਇਨਸਾਨ ਦਾ ਸਾਥ ਨਹੀਂ ਛੱਡਾਂਗੇ। ਹਾਲਾਂਕਿ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਫ਼ਾਦਾਰੀ ਦਾ ਗੁਣ ਪਸੰਦ ਹੈ, ਪਰ ਸਮਾਜ ਦੀ ਨੀਂਹ ਯਾਨੀ ਪਰਿਵਾਰ ਵਿਚ ਅਜਿਹੀ ਵਫ਼ਾਦਾਰੀ ਨਾ ਹੋਣ ਕਰਕੇ ਸਮਾਜ ਤਬਾਹੀ ਵੱਲ ਵਧ ਰਿਹਾ ਹੈ। ਤਲਾਕਾਂ ਦੀ ਦਰ ਆਸਮਾਨਾਂ ਨੂੰ ਛੋਹਣ ਲੱਗੀ ਹੈ। ਕਿਉਂ? ਕਿਉਂਕਿ ਲੋਕ ਆਪਣੀ ਮਰਜ਼ੀ ਕਰਨੀ ਚਾਹੁੰਦੇ ਹਨ, ਉਹ ਜ਼ਿੰਦਗੀਆਂ ਦੀਆਂ ਵਧਦੀਆਂ ਚਿੰਤਾਵਾਂ ਦੇ ਬੋਝ ਥੱਲੇ ਦੱਬੇ ਹੋਏ ਹਨ, ਅਤੇ ਉਹ ਆਪਣੇ ਵਿਆਹੁਤਾ ਸਾਥੀ ਨਾਲ ਬੇਵਫ਼ਾਈ ਕਰਦੇ ਹਨ। ਅਤੇ ਤੇਲ ਅਵੀਵ ਵਿਚ ਹੋਏ ਬੰਬ ਧਮਾਕੇ ਦੇ ਸ਼ਿਕਾਰਾਂ ਵਾਂਗ, ਅਕਸਰ ਪਰਿਵਾਰ ਵਿਚ ਬੱਚਿਆਂ ਨੂੰ ਹੀ ਜ਼ਿਆਦਾ ਦੁੱਖ ਝੱਲਣਾ ਪੈਂਦਾ ਹੈ।
ਇਕ ਰਿਪੋਰਟ ਅਨੁਸਾਰ: “ਜਿਨ੍ਹਾਂ ਪਰਿਵਾਰਾਂ ਵਿਚ ਮਾਪਿਆਂ ਦਾ ਤਲਾਕ ਹੋ ਜਾਂਦਾ ਹੈ ਜਾਂ ਉਹ ਵੱਖਰੇ ਰਹਿੰਦੇ ਹਨ ਜਾਂ ਜਿਨ੍ਹਾਂ ਪਰਿਵਾਰਾਂ ਵਿਚ ਇਕੱਲੇ ਮਾਪੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ, ਉਨ੍ਹਾਂ ਡਾਵਾਂ-ਡੋਲ ਪਰਿਵਾਰਾਂ ਵਿਚ ਬੱਚਿਆਂ ਦੀ ਪੜ੍ਹਾਈ ਉੱਤੇ ਅਕਸਰ ਮਾੜਾ ਅਸਰ ਪੈਂਦਾ ਹੈ।” ਜਿਨ੍ਹਾਂ ਮੁੰਡਿਆਂ ਦੀ ਪਾਲਣਾ ਸਿਰਫ਼ ਮਾਵਾਂ ਕਰਦੀਆਂ ਹਨ ਖ਼ਾਸ ਕਰਕੇ ਉਨ੍ਹਾਂ ਦੀ ਪੜ੍ਹਾਈ ਉੱਤੇ ਮਾੜਾ ਅਸਰ ਪੈਂਦਾ ਹੈ ਅਤੇ ਉਨ੍ਹਾਂ ਦੁਆਰਾ ਆਤਮ-ਹੱਤਿਆ ਤੇ ਅਪਰਾਧ ਕਰਨ ਦਾ ਖ਼ਤਰਾ ਵੀ ਹੁੰਦਾ ਹੈ। ਹਰ ਸਾਲ ਅਮਰੀਕਾ ਵਿਚ 10 ਲੱਖ ਬੱਚਿਆਂ ਦੇ ਮਾਪਿਆਂ ਦਾ ਤਲਾਕ ਹੁੰਦਾ ਹੈ। ਅਤੇ ਸੰਭਵ ਹੈ ਕਿ ਹਰ ਸਾਲ ਅਮਰੀਕਾ ਵਿਚ 18 ਸਾਲ ਦੀ ਉਮਰ ਤਕ ਪਹੁੰਚਦੇ-ਪਹੁੰਚਦੇ 50 ਫੀ ਸਦੀ ਬੱਚਿਆਂ ਦੇ ਮਾਪਿਆਂ ਦਾ ਤਲਾਕ ਹੋ ਜਾਵੇਗਾ। ਅੰਕੜੇ ਦਿਖਾਉਂਦੇ ਹਨ ਕਿ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਬੱਚਿਆਂ ਨਾਲ ਇਸੇ ਤਰ੍ਹਾਂ ਹੋਵੇਗਾ।
ਕੀ ਵਫ਼ਾਦਾਰ ਰਹਿਣਾ ਔਖਾ ਹੈ?
ਦੁਨੀਆਂ ਵਿਚ ਬੇਵਫ਼ਾਈ ਦੇਖ ਕੇ ਸਾਨੂੰ ਰਾਜਾ ਦਾਊਦ ਦੇ ਸ਼ਬਦ ਯਾਦ ਆਉਂਦੇ ਹਨ: “ਹੇ ਯਹੋਵਾਹ, ਬਚਾ ਲੈ ਕਿਉਂ ਜੋ ਭਗਤ ਮੁੱਕ ਗਏ ਹਨ, ਅਤੇ ਆਦਮੀ ਦੀ ਸੰਤਾਨ ਵਿੱਚੋਂ ਈਮਾਨਦਾਰ ਜਾਂਦੇ ਰਹੇ ਹਨ।” (ਜ਼ਬੂਰ 12:1) ਬੇਵਫ਼ਾਈ ਇੰਨੀ ਜ਼ਿਆਦਾ ਕਿਉਂ ਫੈਲੀ ਹੋਈ ਹੈ? ਰੌਜਰ ਰੋਜ਼ਨਬਲੈਟ ਨੇ ਟਾਈਮ ਰਸਾਲੇ ਵਿਚ ਇਵੇਂ ਲਿਖਿਆ: “ਹਾਲਾਂਕਿ ਵਫ਼ਾਦਾਰੀ ਇਕ ਚੰਗਾ ਗੁਣ ਹੈ ਪਰ ਕਮਜ਼ੋਰ ਇਨਸਾਨਾਂ ਲਈ ਵਫ਼ਾਦਾਰ ਰਹਿਣਾ ਔਖਾ ਹੈ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਆਪਣੇ ਆਪ ਉੱਤੇ ਅਤੇ ਨਾ ਹੀ ਦੂਜਿਆਂ ਤੇ ਭਰੋਸਾ ਹੈ, ਅਤੇ ਉਹ ਆਪ ਸੁਆਰਥੀ ਅਤੇ ਅਭਿਲਾਸ਼ੀ ਹਨ।” ਸਾਡੇ ਸਮੇਂ ਬਾਰੇ ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: ‘ਮਨੁੱਖ ਆਪ ਸੁਆਰਥੀ, ਅਪਵਿੱਤਰ, ਨਿਰਮੋਹ ਹੋਣਗੇ।’—2 ਤਿਮੋਥਿਉਸ 3:1-5.
ਵਫ਼ਾਦਾਰ ਹੋਣ ਜਾਂ ਨਾ ਹੋਣ ਨਾਲ ਇਨਸਾਨਾਂ ਦੀ ਸੋਚਣੀ ਅਤੇ ਕਰਨੀ ਉੱਤੇ ਗਹਿਰਾ ਅਸਰ ਪੈ ਸਕਦਾ ਹੈ। ਇਸ ਲਈ ਸਵਾਲ ਉੱਠਦਾ ਹੈ ਕਿ ‘ਸਾਨੂੰ ਕਿਸ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ?’ ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photo above: © AFP/CORBIS