Skip to content

Skip to table of contents

ਸੋਚਣ ਸ਼ਕਤੀ ਤੁਹਾਨੂੰ ਕਿਵੇਂ ਸਾਂਭ ਕੇ ਰੱਖ ਸਕਦੀ ਹੈ?

ਸੋਚਣ ਸ਼ਕਤੀ ਤੁਹਾਨੂੰ ਕਿਵੇਂ ਸਾਂਭ ਕੇ ਰੱਖ ਸਕਦੀ ਹੈ?

ਸੋਚਣ ਸ਼ਕਤੀ ਤੁਹਾਨੂੰ ਕਿਵੇਂ ਸਾਂਭ ਕੇ ਰੱਖ ਸਕਦੀ ਹੈ?

ਸਮੁੰਦਰ ਦੀਆਂ ਉੱਚੀਆਂ-ਉੱਚੀਆਂ ਲਹਿਰਾਂ ਦੇਖਣ ਨੂੰ ਬੜੀਆਂ ਵਧੀਆ ਹੁੰਦੀਆਂ ਹਨ ਪਰ ਜਹਾਜ਼ੀਆਂ ਲਈ ਇਹ ਖ਼ਤਰੇ ਦਾ ਸੰਕੇਤ ਕਰਦੀਆਂ ਹਨ। ਇਹ ਲਹਿਰਾਂ ਉਨ੍ਹਾਂ ਦੀਆਂ ਜਾਨਾਂ ਵੀ ਲੈ ਸਕਦੀਆਂ ਹਨ।

ਇਸੇ ਤਰ੍ਹਾਂ, ਸ਼ਾਇਦ ਪਰਮੇਸ਼ੁਰ ਦੇ ਸੇਵਕ ਵੀ ਵੱਡਿਆਂ-ਵੱਡਿਆਂ ਦਬਾਵਾਂ ਦਾ ਸਾਮ੍ਹਣਾ ਕਰਨ ਜਿਨ੍ਹਾਂ ਕਰ ਕੇ ਉਹ ਤਬਾਹ ਹੋਣ ਦੇ ਖ਼ਤਰੇ ਵਿਚ ਪੈ ਜਾਂਦੇ ਹਨ। ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਮਸੀਹੀਆਂ ਉੱਤੇ ਅਜ਼ਮਾਇਸ਼ਾਂ ਤੇ ਪਰੀਖਿਆਵਾਂ ਦੀ ਇਕ ਲਹਿਰ ਤੋਂ ਬਾਅਦ ਦੂਸਰੀ ਲਹਿਰ ਆਉਂਦੀ ਹੈ। ਤੁਸੀਂ ਜ਼ਰੂਰ ਇਨ੍ਹਾਂ ਦਾ ਪੱਕੀ ਤਰ੍ਹਾਂ ਵਿਰੋਧ ਕਰ ਕੇ ਰੂਹਾਨੀ ਤੌਰ ਤੇ ਆਪਣੀ ਕਿਸ਼ਤੀ ਨੂੰ ਤਬਾਹੀ ਤੋਂ ਬਚਾਉਣਾ ਚਾਹੋਗੇ। (1 ਤਿਮੋਥਿਉਸ 1:19) ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸੋਚਣ ਸ਼ਕਤੀ ਇਕ ਜ਼ਰੂਰੀ ਗੱਲ ਹੈ। ਪਰ, ਸੋਚਣ ਸ਼ਕਤੀ ਕੀ ਹੈ ਅਤੇ ਅਸੀਂ ਇਹ ਕਿਵੇਂ ਪਾ ਸਕਦੇ ਹਾਂ?

“ਮੱਤ,” ਯਾਨੀ ਸੋਚਣ ਸ਼ਕਤੀ ਲਈ ਵਰਤਿਆ ਗਿਆ ਇਬਰਾਨੀ ਸ਼ਬਦ ਮਾਜ਼ੀਮਾਹ ਹੈ। (ਕਹਾਉਤਾਂ 1:4) ਇਹ ਉਸ ਮੂਲ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਯੋਜਨਾ ਬਣਾਉਣੀ ਜਾਂ ਤਰਕੀਬ ਸੋਚਣੀ।” ਇਸ ਲਈ ਕੁਝ ਬਾਈਬਲ ਤਰਜਮਿਆਂ ਵਿਚ ਮਾਜ਼ੀਮਾਹ ਦਾ ਅਨੁਵਾਦ “ਸਮਝਦਾਰ” ਜਾਂ “ਸੂਝਵਾਨ” ਕੀਤਾ ਗਿਆ ਹੈ। ਬਾਈਬਲੀ ਵਿਦਵਾਨਾਂ ਜੈਮਿਸਨ, ਫੋਸੇਟ, ਅਤੇ ਬ੍ਰਾਊਨ ਨੇ ਮਾਜ਼ੀਮਾਹ ਬਾਰੇ ਇਹ ਕਿਹਾ ਕਿ ਇਹ “ਬੁਰਿਆਈ ਤੋਂ ਦੂਰ ਹੋ ਕੇ ਭਲਾਈ ਕਰਨ ਦੀ ਹੁਸ਼ਿਆਰੀ ਹੈ।” ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਕੰਮਾਂ ਦੇ ਉਨ੍ਹਾਂ ਨਤੀਜਿਆਂ ਬਾਰੇ ਸੋਚਣ ਦੀ ਲੋੜ ਹੈ ਜੋ ਹੁਣ ਹੋਣਗੇ ਅਤੇ ਜੋ ਬਾਅਦ ਵਿਚ ਵੀ ਹੋਣਗੇ। ਸੋਚਣ ਸ਼ਕਤੀ ਰਾਹੀਂ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਰੀਆਂ ਗੱਲਾਂ ਬਾਰੇ ਸੋਚਾਂਗੇ, ਖ਼ਾਸ ਕਰਕੇ ਜਦੋਂ ਅਸੀਂ ਮਹੱਤਵਪੂਰਣ ਫ਼ੈਸਲੇ ਕਰਨੇ ਹਨ।

ਸੋਚਣ ਸ਼ਕਤੀ ਵਰਤਣ ਵਾਲਾ ਬੰਦਾ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਫ਼ੈਸਲੇ ਦੇ ਬੁਰੇ ਨਤੀਜਿਆਂ ਜਾਂ ਖ਼ਤਰਿਆਂ ਬਾਰੇ ਸੋਚਦਾ ਹੈ, ਚਾਹੇ ਇਹ ਹੁਣ ਉਸ ਉੱਤੇ ਅਸਰ ਪਾਉਣ ਜਾਂ ਭਵਿੱਖ ਵਿਚ। ਉਹ ਖ਼ਤਰਿਆਂ ਦਾ ਅੰਦਾਜ਼ਾ ਲਾਉਣ ਤੋਂ ਬਾਅਦ ਆਪਣੇ ਆਲੇ-ਦੁਆਲੇ ਦੇ ਮਾਹੌਲ ਅਤੇ ਸੰਗਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਤੈ ਕਰ ਲੈਂਦਾ ਹੈ ਕਿ ਉਹ ਇਨ੍ਹਾਂ ਤੋਂ ਕਿਵੇਂ ਬਚ ਸਕਦਾ ਹੈ। ਇਸ ਤਰ੍ਹਾਂ ਉਹ ਅਜਿਹੀ ਤਰਕੀਬ ਸੋਚ ਸਕਦਾ ਹੈ ਜਿਸ ਤੋਂ ਸਭ ਤੋਂ ਚੰਗੇ ਨਤੀਜੇ ਨਿਕਲਣਗੇ ਅਤੇ ਜਿਸ ਤੇ ਪਰਮੇਸ਼ੁਰ ਦੀ ਅਸੀਸ ਹੋਵੇਗੀ। ਆਓ ਆਪਾਂ ਕੁਝ ਉਦਾਹਰਣਾਂ ਦੇਖੀਏ ਜੋ ਸੋਚਣ ਸ਼ਕਤੀ ਵਰਤਣ ਦੇ ਫ਼ਾਇਦੇ ਦਿਖਾਉਂਦੀਆਂ ਹਨ।

ਅਨੈਤਿਕਤਾ ਦੇ ਫੰਧੇ ਤੋਂ ਬਚੋ

ਜਦੋਂ ਹਵਾ ਕਰਕੇ ਸਮੁੰਦਰ ਦੀਆਂ ਲਹਿਰਾਂ ਕਿਸ਼ਤੀ ਦੇ ਅਗਲੇ ਸਿਰੇ ਨਾਲ ਵਜਦੀਆਂ ਹਨ ਤਾਂ ਜਹਾਜ਼ੀ ਲਈ ਇਹ ਖ਼ਤਰਾ ਹੁੰਦਾ ਹੈ ਕਿ ਕਿਤੇ ਕਿਸ਼ਤੀ ਉਲਟ ਨਾ ਜਾਵੇ। ਕਿਸ਼ਤੀ ਨੂੰ ਉਲਟਣ ਤੋਂ ਬਚਾਉਣ ਲਈ ਉਸ ਨੂੰ ਕਿਸ਼ਤੀ ਦਾ ਸਿਰਾ ਅੱਗੇ ਨੂੰ ਰੱਖ ਕੇ ਲਹਿਰਾਂ ਨਾਲ ਟਕਰਾਉਣਾ ਪੈਂਦਾ ਹੈ।

ਸੈਕਸ ਵੱਲ ਖਿੱਚੀ ਜਾਣ ਵਾਲੀ ਦੁਨੀਆਂ ਵਿਚ ਰਹਿੰਦੇ ਹੋਏ ਸਾਨੂੰ ਵੀ ਅਜਿਹੀਆਂ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਹਰ ਦਿਨ, ਸੈਕਸ ਬਾਰੇ ਗੱਲਾਂ ਅਤੇ ਤਸਵੀਰਾਂ ਲਹਿਰਾਂ ਵਾਂਗ ਸਾਡੇ ਨਾਲ ਟਕਰਾਉਂਦੀਆਂ ਹਨ। ਸਾਨੂੰ ਇਹ ਗੱਲ ਕਦੀ ਵੀ ਨਹੀਂ ਭੁੱਲਣੀ ਚਾਹੀਦੀ ਕਿ ਇਹ ਸਾਡੀਆਂ ਕੁਦਰਤੀ ਇੱਛਾਵਾਂ ਉੱਤੇ ਅਸਰ ਪਾ ਸਕਦੀਆਂ ਹਨ। ਇਸ ਲਈ ਸਾਨੂੰ ਖ਼ਤਰਨਾਕ ਹਾਲਾਤਾਂ ਵਿਚ ਵਹਿਣ ਦੀ ਬਜਾਇ ਆਪਣੀ ਸੋਚਣ ਸ਼ਕਤੀ ਵਰਤ ਕੇ ਪੱਕੀ ਤਰ੍ਹਾਂ ਇਨ੍ਹਾਂ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ।

ਮਿਸਾਲ ਲਈ, ਮਸੀਹੀ ਭਰਾਵਾਂ ਨੂੰ ਅਕਸਰ ਅਜਿਹੇ ਲੋਕਾਂ ਦੇ ਨਾਲ ਕੰਮ ਕਰਨਾ ਪੈਂਦਾ ਹੈ ਜੋ ਤੀਵੀਆਂ ਦੀ ਬਹੁਤ ਘੱਟ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਰਫ਼ ਸਰੀਰਕ ਜ਼ਰੂਰਤ ਪੂਰੀ ਕਰਨ ਦੀ ਚੀਜ਼ ਸਮਝਦੇ ਹਨ। ਸੰਗੀ ਕਾਮੇ ਸ਼ਾਇਦ ਆਪਣੀਆਂ ਗੱਲਾਂ-ਬਾਤਾਂ ਵਿਚ ਗੰਦੇ ਚੁਟਕਲੇ ਦੱਸਣ ਜਾਂ ਲਿੰਗੀ ਚੀਜ਼ਾਂ ਵੱਲ ਇਸ਼ਾਰੇ ਕਰਨ। ਅਜਿਹੇ ਮਾਹੌਲ ਕਾਰਨ ਹੋ ਸਕਦਾ ਹੈ ਕਿ ਮਸੀਹੀ ਦੇ ਮਨ ਵਿਚ ਵੀ ਅਨੈਤਿਕ ਖ਼ਿਆਲ ਆ ਸਕਦੇ ਹਨ।

ਹੋ ਸਕਦਾ ਹੈ ਕਿ ਇਕ ਮਸੀਹੀ ਭੈਣ ਨੂੰ ਵੀ ਕੰਮ ਤੇ ਜਾਣਾ ਪਵੇ ਅਤੇ ਇਸ ਕਾਰਨ ਉਸ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ। ਸ਼ਾਇਦ ਉਸ ਨੂੰ ਅਜਿਹੇ ਆਦਮੀਆਂ ਤੇ ਔਰਤਾਂ ਨਾਲ ਕੰਮ ਕਰਨਾ ਪਵੇ ਜੋ ਉਸ ਦੇ ਨੈਤਿਕ ਮਿਆਰਾਂ ਨੂੰ ਨਾ ਸਮਝਣ। ਹੋ ਸਕਦਾ ਹੈ ਕਿ ਕੰਮ ਤੇ ਇਕ ਆਦਮੀ ਉਸ ਨੂੰ ਪਸੰਦ ਕਰੇ। ਪਹਿਲਾਂ-ਪਹਿਲ, ਉਹ ਸ਼ਾਇਦ ਬੜੇ ਲਿਹਾਜ਼ ਨਾਲ ਪੇਸ਼ ਆਵੇ ਅਤੇ ਭੈਣ ਦਿਆਂ ਧਾਰਮਿਕ ਅਸੂਲਾਂ ਦੀ ਕਦਰ ਵੀ ਕਰੇ। ਜੇ ਆਦਮੀ ਲਗਾਤਾਰ ਉਸ ਵੱਲ ਜ਼ਿਆਦਾ ਧਿਆਨ ਦੇਵੇ ਅਤੇ ਉਸ ਦੇ ਪਿੱਛੇ-ਪਿੱਛੇ ਫਿਰਦਾ ਰਹੇ ਤਾਂ ਹੋ ਸਕਦਾ ਹੈ ਕਿ ਮਸੀਹੀ ਭੈਣ ਵੀ ਉਸ ਨੂੰ ਪਸੰਦ ਕਰਨ ਲੱਗ ਪਵੇ।

ਮਸੀਹੀਆਂ ਵਜੋਂ, ਇਨ੍ਹਾਂ ਹਾਲਾਤਾਂ ਵਿਚ ਸਾਡੀ ਸੋਚਣ ਸ਼ਕਤੀ ਸਾਡੀ ਮਦਦ ਕਿਵੇਂ ਕਰ ਸਕਦੀ ਹੈ? ਪਹਿਲੀ ਗੱਲ ਹੈ ਕਿ ਇਹ ਸਾਨੂੰ ਰੂਹਾਨੀ ਖ਼ਤਰਿਆਂ ਬਾਰੇ ਹੁਸ਼ਿਆਰ ਕਰਦੀ ਹੈ, ਅਤੇ ਦੂਸਰੀ ਗੱਲ ਹੈ ਕਿ ਇਹ ਸਾਨੂੰ ਸਹੀ ਕਦਮ ਚੁੱਕਣ ਲਈ ਪ੍ਰੇਰਿਤ ਕਰਦੀ ਹੈ। (ਕਹਾਉਤਾਂ 3:21-23) ਇਨ੍ਹਾਂ ਹਾਲਾਤਾਂ ਵਿਚ ਸ਼ਾਇਦ ਸਾਨੂੰ ਕੰਮ ਤੇ ਆਪਣੇ ਸਾਥੀਆਂ ਨੂੰ ਸਾਫ਼-ਸਾਫ਼ ਦੱਸਣਾ ਪਵੇ ਕਿ ਸਾਡੇ ਬਾਈਬਲੀ ਵਿਸ਼ਵਾਸਾਂ ਕਰਕੇ ਸਾਡੇ ਮਿਆਰ ਉਨ੍ਹਾਂ ਦੇ ਮਿਆਰਾਂ ਤੋਂ ਬਿਲਕੁਲ ਵੱਖਰੇ ਹਨ। (1 ਕੁਰਿੰਥੀਆਂ 6:18) ਸਾਡੀ ਬੋਲੀ ਅਤੇ ਚਾਲ-ਚੱਲਣ ਇਸ ਗੱਲ ਨੂੰ ਹੋਰ ਵੀ ਪੱਕਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਹੋ ਸਕਦਾ ਹੈ ਕਿ ਸਾਨੂੰ ਕੁਝ ਕਾਮਿਆਂ ਨਾਲ ਬਿਲਕੁਲ ਮਿਲਣਾ-ਜੁਲਣਾ ਨਹੀਂ ਚਾਹੀਦਾ।

ਲੇਕਿਨ, ਅਨੈਤਿਕਤਾ ਦੇ ਦਬਾਅ ਸਿਰਫ਼ ਕੰਮ ਦੀ ਜਗ੍ਹਾ ਤੇ ਹੀ ਨਹੀਂ ਆਉਂਦੇ। ਇਹ ਉਦੋਂ ਵੀ ਆ ਸਕਦੇ ਹਨ ਜਦੋਂ ਪਤੀ-ਪਤਨੀ ਸਮੱਸਿਆਵਾਂ ਨੂੰ ਉਨ੍ਹਾਂ ਦੀ ਏਕਤਾ ਵਿਚ ਰੁਕਾਵਟ ਪਾਉਣ ਦਿੰਦੇ ਹਨ। ਇਕ ਸਫ਼ਰੀ ਨਿਗਾਹਬਾਨ ਨੇ ਕਿਹਾ: “ਵਿਆਹ ਬੰਧਨ ਆਪਣੇ ਆਪ ਨਹੀਂ ਟੁੱਟਦੇ। ਪਤੀ-ਪਤਨੀ ਹੌਲੀ-ਹੌਲੀ ਅਲੱਗ ਹੋ ਜਾਂਦੇ ਹਨ। ਉਹ ਇਕ ਦੂਸਰੇ ਨਾਲ ਘੱਟ ਹੀ ਬੋਲਦੇ-ਚੱਲਦੇ ਹਨ ਜਾਂ ਸਮਾਂ ਗੁਜ਼ਾਰਦੇ ਹਨ। ਆਪਣੇ ਰਿਸ਼ਤੇ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਉਹ ਸ਼ਾਇਦ ਪੈਸਾ ਅਤੇ ਚੀਜ਼ਾਂ ਇਕੱਠੀਆਂ ਕਰਨ ਲੱਗ ਪੈਣ। ਅਤੇ ਕਿਉਂਕਿ ਉਹ ਬਹੁਤ ਹੀ ਘੱਟ ਇਕ ਦੂਸਰੇ ਦੀ ਤਾਰੀਫ਼ ਜਾਂ ਪ੍ਰਸ਼ੰਸਾ ਕਰਦੇ ਹਨ, ਉਹ ਸ਼ਾਇਦ ਦੂਸਰਿਆਂ ਆਦਮੀਆਂ ਜਾਂ ਤੀਵੀਆਂ ਵੱਲ ਖਿੱਚੇ ਜਾਣ।”

ਇਹ ਤਜਰਬੇਕਾਰ ਨਿਗਾਹਬਾਨ ਅੱਗੇ ਕਹਿੰਦਾ ਹੈ: “ਨਿਯਮਿਤ ਤੌਰ ਤੇ, ਪਤੀ-ਪਤਨੀ ਨੂੰ ਬੈਠ ਕੇ ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ ਕਿ ਕੋਈ ਗੱਲ ਉਨ੍ਹਾਂ ਦੇ ਰਿਸ਼ਤੇ ਉੱਤੇ ਬੁਰਾ ਅਸਰ ਤਾਂ ਨਹੀਂ ਪਾ ਰਹੀ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਵੇਂ ਇਕੱਠੇ ਸਟੱਡੀ, ਪ੍ਰਾਰਥਨਾ, ਅਤੇ ਪ੍ਰਚਾਰ ਕਰ ਸਕਦੇ ਹਨ। ਜਿਵੇਂ ਮਾਪੇ “ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ” ਆਪਣੇ ਬੱਚਿਆਂ ਨਾਲ ਗੱਲਾਂ ਕਰਦੇ ਹਨ, ਉਸੇ ਤਰ੍ਹਾਂ ਪਤੀ-ਪਤਨੀ ਨੂੰ ਇਕ ਦੂਸਰੇ ਨਾਲ ਗੱਲ ਕਰਨ ਵਿਚ ਬਹੁਤ ਲਾਭ ਹੋਵੇਗਾ।—ਬਿਵਸਥਾ ਸਾਰ 6:7-9.

ਮਸੀਹੀਆਂ ਵੱਲੋਂ ਬੁਰੇ ਸਲੂਕ ਦਾ ਸਾਮ੍ਹਣਾ ਕਰਨਾ

ਨੇਕ ਚਾਲ-ਚੱਲਣ ਰੱਖਣ ਦੇ ਨਾਲ-ਨਾਲ ਸੋਚਣ ਸ਼ਕਤੀ ਸਾਨੂੰ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਵੀ ਮਦਦ ਕਰ ਸਕਦੀ ਹੈ ਜੋ ਸੰਗੀ ਮਸੀਹੀਆਂ ਵੱਲੋਂ ਆਉਂਦੀਆਂ ਹਨ। ਜਦੋਂ ਹਵਾ ਸਮੁੰਦਰ ਦੀਆਂ ਲਹਿਰਾਂ ਨੂੰ ਕਿਸ਼ਤੀ ਦੇ ਪਿਛਲੇ ਹਿੱਸੇ ਵੱਲ ਲਿਆਉਂਦੀ ਹੈ ਤਾਂ ਲਹਿਰਾਂ ਕਿਸ਼ਤੀ ਦੇ ਪਿਛਲੇ ਹਿੱਸੇ ਨੂੰ ਉੱਪਰ ਚੁੱਕ ਕੇ ਉਸ ਨੂੰ ਇਕ ਪਾਸੇ ਵੱਲ ਲੈ ਜਾਂਦੀਆਂ ਹਨ। ਇਸ ਤਰ੍ਹਾਂ ਕਿਸ਼ਤੀ ਦਾ ਪਾਸਾ ਲਹਿਰਾਂ ਵੱਲ ਮੁੜ ਜਾਂਦਾ ਹੈ ਜੋ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਹੋ ਸਕਦਾ ਹੈ ਕਿ ਸਾਡੇ ਸਾਮ੍ਹਣੇ ਵੀ ਅਜਿਹਾ ਖ਼ਤਰਾ ਆ ਜਾਵੇ ਜਿਸ ਦੀ ਅਸੀਂ ਕਲਪਨਾ ਨਾ ਕੀਤੀ ਹੋਵੇ। ਅਸੀਂ “ਇੱਕ ਮਨ ਹੋ ਕੇ” ਕਈ ਵਫ਼ਾਦਾਰ ਮਸੀਹੀ ਭੈਣਾਂ-ਭਰਾਵਾਂ ਦੇ ਸੰਗ ਯਹੋਵਾਹ ਦੀ ਸੇਵਾ ਕਰਦੇ ਹਾਂ। (ਸਫ਼ਨਯਾਹ 3:9) ਜੇਕਰ ਉਨ੍ਹਾਂ ਵਿੱਚੋਂ ਕੋਈ ਸਾਡੇ ਨਾਲ ਅਜਿਹਾ ਸਲੂਕ ਕਰੇ ਜੋ ਮਸੀਹੀਆਂ ਦੇ ਯੋਗ ਨਹੀਂ ਹੈ ਤਾਂ ਸ਼ਾਇਦ ਸਾਨੂੰ ਇਸ ਤਰ੍ਹਾਂ ਲੱਗੇ ਕਿ ਉਨ੍ਹਾਂ ਨੇ ਸਾਡਾ ਵਿਸ਼ਵਾਸ ਤੋੜਿਆ ਹੈ। ਇਸ ਕਾਰਨ ਸ਼ਾਇਦ ਸਾਨੂੰ ਬਹੁਤ ਦੁੱਖ ਵੀ ਪਹੁੰਚੇ। ਤਾਂ ਫਿਰ ਸੋਚਣ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਤਾਂਕਿ ਅਸੀਂ ਇਸ ਗੱਲ ਨੂੰ ਦਿਲ ਨਾਲ ਲਾ ਕੇ ਇਸ ਨੂੰ ਹੱਦੋਂ ਵੱਧ ਗੰਭੀਰ ਨਾ ਸਮਝੀਏ?

ਇਹ ਗੱਲ ਯਾਦ ਕਰੋ ਕਿ “ਕੋਈ ਆਦਮੀ ਅਜੇਹਾ ਨਹੀਂ ਜੋ ਪਾਪ ਨਾ ਕਰੇ।” (1 ਰਾਜਿਆਂ 8:46) ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਕਦੀ-ਕਦੀ ਮਸੀਹੀ ਭੈਣ ਜਾਂ ਭਰਾ ਸਾਨੂੰ ਨਾਰਾਜ਼ ਕਰੇਗਾ ਜਾਂ ਠੇਸ ਪਹੁੰਚਾਵੇਗਾ। ਇਹ ਜਾਣਦੇ ਹੋਏ ਅਸੀਂ ਇਸ ਗੱਲ ਉੱਤੇ ਮਨਨ ਕਰ ਸਕਦੇ ਹਾਂ ਕਿ ਅਸੀਂ ਅਜਿਹੇ ਮੌਕੇ ਤੇ ਕੀ ਕਰਾਂਗੇ। ਪੌਲੁਸ ਰਸੂਲ ਨੇ ਕੀ ਕੀਤਾ ਸੀ ਜਦੋਂ ਉਸ ਦੇ ਕੁਝ ਮਸੀਹੀ ਭਰਾਵਾਂ ਨੇ ਉਸ ਬਾਰੇ ਨਫ਼ਰਤ-ਭਰੀਆਂ ਗੱਲਾਂ ਕਹੀਆਂ ਸਨ? ਆਪਣੇ ਰੂਹਾਨੀ ਸੰਤੁਲਨ ਨੂੰ ਗੁਆਉਣ ਦੀ ਬਜਾਇ ਉਸ ਨੇ ਤੈ ਕੀਤਾ ਕਿ ਇਨਸਾਨਾਂ ਦੀ ਪ੍ਰਵਾਨਗੀ ਨਾਲੋਂ ਯਹੋਵਾਹ ਦੀ ਪ੍ਰਵਾਨਗੀ ਹਾਸਲ ਕਰਨੀ ਜ਼ਿਆਦਾ ਜ਼ਰੂਰੀ ਸੀ। (2 ਕੁਰਿੰਥੀਆਂ 10:10-18) ਅਜਿਹਾ ਰਵੱਈਆ ਸਾਨੂੰ ਉਦੋਂ ਜਲਦਬਾਜ਼ੀ ਵਿਚ ਗ਼ਲਤ ਕਦਮ ਚੁੱਕਣ ਤੋਂ ਰੋਕੇਗਾ ਜਦੋਂ ਕੋਈ ਸਾਨੂੰ ਭੜਕਾਉਂਦਾ ਹੈ।

ਇਹ ਕੁਝ ਹੱਦ ਤਕ ਉਸ ਤਰ੍ਹਾਂ ਹੈ ਜਦੋਂ ਸਾਡੇ ਪੈਰ ਤੇ ਠੋਕਰ ਲੱਗਦੀ ਹੈ। ਦਰਦ ਦੇ ਮਾਰੇ ਸ਼ਾਇਦ ਕੁਝ ਕੁ ਮਿੰਟਾਂ ਲਈ ਅਸੀਂ ਚੰਗੀ ਤਰ੍ਹਾਂ ਸੋਚ ਨਾ ਸਕੀਏ। ਪਰ ਜਦੋਂ ਦਰਦ ਘੱਟ ਜਾਂਦਾ ਹੈ, ਤਾਂ ਅਸੀਂ ਠੀਕ ਹੋ ਜਾਂਦੇ ਹਾਂ ਅਤੇ ਆਮ ਕੰਮਾਂ ਵਿਚ ਲੱਗ ਜਾਂਦੇ ਹਾਂ। ਇਸੇ ਤਰ੍ਹਾਂ, ਸਾਨੂੰ ਕਿਸੇ ਦੀ ਕਹੀ ਜਾਂ ਕੀਤੀ ਗਈ ਰੁੱਖੀ ਗੱਲ ਤੋਂ ਠੋਕਰ ਲੱਗਣ ਕਰਕੇ ਇਕਦਮ ਜਵਾਬ ਨਹੀਂ ਦੇਣਾ ਚਾਹੀਦਾ। ਇਸ ਦੀ ਬਜਾਇ, ਰੁਕ ਕੇ ਜ਼ਰਾ ਇਹ ਸੋਚੋ ਕੇ ਬਦਲੇ ਵਿਚ ਤੁਹਾਡੇ ਜਵਾਬ ਦੇ ਕੀ ਨਤੀਜੇ ਹੋਣਗੇ।

ਕਈਆਂ ਸਾਲਾਂ ਤੋਂ ਮਿਸ਼ਨਰੀ ਸੇਵਾ ਕਰਦਾ ਮੇਲਕਮ ਨਾਂ ਦਾ ਇਕ ਭਰਾ ਸਮਝਾਉਂਦਾ ਹੈ ਕਿ ਉਹ ਕੀ ਕਰਦਾ ਹੈ ਜਦੋਂ ਉਸ ਨੂੰ ਕੋਈ ਨਾਰਾਜ਼ ਕਰਦਾ ਹੈ। “ਪਹਿਲਾਂ ਮੈਂ ਆਪਣੇ ਆਪ ਤੋਂ ਇਹ ਸਵਾਲ ਪੁੱਛਦਾ ਹਾਂ: ਕੀ ਮੈਂ ਇਸ ਲਈ ਗੁੱਸੇ ਹਾਂ ਕਿਉਂਕਿ ਮੇਰੀ ਉਸ ਭਰਾ ਨਾਲ ਬਣਦੀ ਨਹੀਂ? ਜੋ ਉਸ ਨੇ ਕਿਹਾ ਹੈ ਕੀ ਉਹ ਸੱਚ-ਮੁੱਚ ਇੰਨੀ ਵੱਡੀ ਗੱਲ ਹੈ? ਮਲੇਰੀਆ ਕਾਰਨ ਜੋ ਮੇਰੇ ਤੇ ਅਸਰ ਪਿਆ ਹੈ ਕੀ ਉਸ ਕਰਕੇ ਮੈਂ ਜ਼ਿਆਦਾ ਜਜ਼ਬਾਤੀ ਹੋ ਰਿਹਾ ਹਾਂ? ਕੀ ਕੁਝ ਘੰਟਿਆਂ ਬਾਅਦ ਮੇਰਾ ਗੁੱਸਾ ਠੰਢਾ ਹੋ ਜਾਵੇਗਾ?” ਮੇਲਕਮ ਨੇ ਅਕਸਰ ਇਹ ਦੇਖਿਆ ਹੈ ਕਿ ਜੋ ਅਣਬਣ ਹੋਈ ਸੀ ਉਹ ਇੰਨੀ ਵੱਡੀ ਗੱਲ ਨਹੀਂ ਸੀ ਅਤੇ ਭੁਲਾਈ ਜਾ ਸਕਦੀ ਸੀ। *

ਮੇਲਕਮ ਅੱਗੇ ਕਹਿੰਦਾ ਹੈ: “ਕਦੀ-ਕਦੀ, ਭਾਵੇਂ ਮੈਂ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ, ਦੂਸਰਾ ਭਰਾ ਰੁੱਖਾ-ਰੁੱਖਾ ਰਹਿੰਦਾ ਹੈ। ਮੈਂ ਇਸ ਕਾਰਨ ਜ਼ਿਆਦਾ ਪਰੇਸ਼ਾਨ ਨਾ ਹੋਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਲਈ ਹੈ, ਤਾਂ ਮੈਂ ਮਾਮਲੇ ਨੂੰ ਹੋਰ ਨਜ਼ਰੀਏ ਤੋਂ ਦੇਖਦਾ ਹਾਂ। ਮੈਂ ਇਸ ਨੂੰ ਸਭ ਤੋਂ ਜ਼ਰੂਰੀ ਗੱਲ ਸਮਝਣ ਦੀ ਬਜਾਇ ਇਸ ਨੂੰ ਅਜਿਹੀ ਗੱਲ ਸਮਝਣ ਲੱਗਦਾ ਹਾਂ ਜੋ ਬਾਅਦ ਵਿਚ ਸੁਲਝਾਈ ਜਾ ਸਕਦੀ ਹੈ। ਮੈਂ ਇਸ ਮਾਮਲੇ ਨੂੰ ਰੂਹਾਨੀ ਤੌਰ ਤੇ ਮੈਨੂੰ ਨੁਕਸਾਨ ਪਹੁੰਚਾਉਣ ਨਹੀਂ ਦਿੰਦਾ ਅਤੇ ਨਾ ਹੀ ਯਹੋਵਾਹ ਨਾਲ ਅਤੇ ਆਪਣੇ ਭਰਾਵਾਂ ਨਾਲ ਆਪਣੇ ਰਿਸ਼ਤੇ ਉੱਤੇ ਇਸ ਨੂੰ ਅਸਰ ਪਾਉਣ ਦਿੰਦਾ ਹਾਂ।”

ਮੇਲਕਮ ਵਾਂਗ, ਸਾਨੂੰ ਵੀ ਇਕ ਵਿਅਕਤੀ ਦੇ ਬੁਰੇ ਸਲੂਕ ਕਾਰਨ ਹੱਦੋਂ ਵੱਧ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਹਰੇਕ ਕਲੀਸਿਯਾ ਵਿਚ ਅਨੇਕ ਚੰਗੇ ਅਤੇ ਵਫ਼ਾਦਾਰ ਭੈਣ-ਭਰਾ ਹਨ। ਮਸੀਹੀ ਰਾਹ ਵਿਚ ਇਨ੍ਹਾਂ ਦੇ ਨਾਲ-ਨਾਲ “ਇੱਕ ਮਨ ਹੋ ਕੇ” ਚੱਲਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ। (ਫ਼ਿਲਿੱਪੀਆਂ 1:27) ਇਹ ਵੀ ਯਾਦ ਰੱਖਣਾ ਕਿ ਸਾਡਾ ਸਵਰਗੀ ਪਿਤਾ ਪਿਆਰ ਨਾਲ ਸਾਨੂੰ ਸਹਾਰਾ ਦਿੰਦਾ ਹੈ ਅਤੇ ਸਾਨੂੰ ਮਾਮਲਿਆਂ ਨਾਲ ਨਿਪਟਣ ਵਿਚ ਮਦਦ ਦੇਵੇਗਾ।—ਜ਼ਬੂਰ 23:1-3; ਕਹਾਉਤਾਂ 5:1, 2; 8:12.

ਸੰਸਾਰ ਨਾਲ ਪਿਆਰ ਨਾ ਕਰੋ

ਸੋਚਣ ਸ਼ਕਤੀ ਸਾਨੂੰ ਅਜਿਹੇ ਦਬਾਵਾਂ ਦਾ ਸਾਮ੍ਹਣਾ ਕਰਨ ਵਿਚ ਵੀ ਮਦਦ ਕਰਦੀ ਹੈ, ਜੋ ਸ਼ਾਇਦ ਆਸਾਨੀ ਨਾਲ ਪਛਾਣੇ ਨਾ ਜਾ ਸਕਣ। ਕਦੀ-ਕਦੀ ਹਵਾ ਕਾਰਨ ਸਮੁੰਦਰ ਦੀਆਂ ਲਹਿਰਾਂ ਕਿਸ਼ਤੀ ਦੇ ਬੀਮ, ਜਾਂ ਪਾਸੇ ਨਾਲ ਟਕਰਾਉਂਦੀਆਂ ਹਨ। ਜਦੋਂ ਸ਼ਾਂਤ ਹਾਲਾਤਾਂ ਵਿਚ ਇਸ ਤਰ੍ਹਾਂ ਹੁੰਦਾ ਹੈ ਪਾਣੀ ਕਿਸ਼ਤੀ ਨੂੰ ਹੌਲੀ-ਹੌਲੀ ਗ਼ਲਤ ਪਾਸੇ ਨੂੰ ਲੈ ਜਾ ਸਕਦਾ ਹੈ। ਪਰ, ਜੇ ਤੂਫ਼ਾਨ ਦੌਰਾਨ ਲਹਿਰਾਂ ਕਿਸ਼ਤੀ ਦੇ ਪਾਸੇ ਨਾਲ ਵੱਜਣ ਤਾਂ ਕਿਸ਼ਤੀ ਉਲਟ ਸਕਦੀ ਹੈ।

ਇਸੇ ਤਰ੍ਹਾਂ, ਜੇ ਅਸੀਂ ਇਸ ਦਬਾਅ ਹੇਠ ਆ ਜਾਈਏ ਕਿ ਅਸੀਂ ਦੁਨੀਆਂ ਵੱਲੋਂ ਪੇਸ਼ ਕੀਤੀ ਗਈ ਧੰਨ-ਦੌਲਤ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣਾ ਚਾਹੁੰਦੇ ਹਾਂ, ਤਾਂ ਅਸੀਂ ਸ਼ਾਇਦ ਸੱਚਾਈ ਦੇ ਰਾਹ ਤੋਂ ਗ਼ਲਤ ਪਾਸੇ ਨੂੰ ਖਿੱਚੇ ਜਾਈਏ। (2 ਤਿਮੋਥਿਉਸ 4:10) ਜੇ ਅਸੀਂ ਇਸ ਵੱਲ ਧਿਆਨ ਨਾ ਦੇਈਏ ਤਾਂ ਹੋ ਸਕਦਾ ਹੈ ਕਿ ਆਖ਼ਰਕਾਰ ਸੰਸਾਰ ਨਾਲ ਮੋਹ ਜਾਂ ਪਿਆਰ ਰੱਖਣ ਕਾਰਨ ਅਸੀਂ ਸੱਚਾਈ ਨੂੰ ਬਿਲਕੁਲ ਹੀ ਛੱਡ ਦੇਈਏ। (1 ਯੂਹੰਨਾ 2:15) ਸੋਚਣ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਪਹਿਲੀ ਗੱਲ ਇਹ ਹੈ ਕਿ ਸਾਨੂੰ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਕਿ ਸਾਡੇ ਸਾਮ੍ਹਣੇ ਕਿਹੜੇ ਖ਼ਤਰੇ ਪੇਸ਼ ਹਨ। ਜੋ ਵੀ ਦੁਨੀਆਂ ਦੇ ਵੱਸ ਵਿਚ ਹੈ ਉਹ ਉਸ ਨੂੰ ਸਾਨੂੰ ਭਰਮਾਉਣ ਲਈ ਇਸਤੇਮਾਲ ਕਰਦੀ ਹੈ। ਉਹ ਲਗਾਤਾਰ ਅਜਿਹਾ ਜੀਵਨ-ਢੰਗ ਅੱਗੇ ਵਧਾਉਂਦੀ ਹੈ ਜੋ ਉਹ ਚਾਹੁੰਦੀ ਹੈ ਕਿ ਸਾਰੇ ਅਪਣਾਉਣ। ਉਹ ਧੰਨ-ਦੌਲਤ, ਠਾਠ-ਬਾਠ, ਤੇ ਕਾਮਯਾਬੀ ਦਾ ਜੀਵਨ-ਢੰਗ ਪੇਸ਼ ਕਰਦੀ ਹੈ। (1 ਯੂਹੰਨਾ 2:16) ਸਾਡੇ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਸਾਨੂੰ ਸਾਰੀਆਂ ਦੀ, ਖ਼ਾਸ ਕਰਕੇ ਆਪਣੇ ਹਾਣੀਆਂ ਅਤੇ ਗੁਆਂਢੀਆਂ ਦੀ, ਪ੍ਰਸ਼ੰਸਾ ਤੇ ਮਨਜ਼ੂਰੀ ਮਿਲੇਗੀ। ਸੋਚਣ ਸ਼ਕਤੀ ਵਰਤ ਕੇ ਅਸੀਂ ਅਜਿਹੇ ਫੈਲਰੇ ਹੋਏ ਗ਼ਲਤ ਖ਼ਿਆਲਾਂ ਤੋਂ ਬਚ ਸਕਦੇ ਹਾਂ। ਅਤੇ ਇਹ ਸਾਨੂੰ ਯਾਦ ਕਰਾਵੇਗੀ ਕਿ ਸਾਨੂੰ ‘ਮਾਇਆ ਦੇ ਲੋਭ ਤੋਂ ਰਹਿਤ ਰਹਿਣਾ’ ਚਾਹੀਦਾ ਹੈ ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ‘ਉਹ ਸਾਨੂੰ ਕਦੇ ਨਾ ਛੱਡੇਗਾ।’—ਇਬਰਾਨੀਆਂ 13:5.

ਦੂਸਰੀ ਗੱਲ ਇਹ ਹੈ ਕਿ ਸੋਚਣ ਸ਼ਕਤੀ ਸਾਨੂੰ ਉਨ੍ਹਾਂ ਪਿੱਛੇ ਲੱਗਣ ਤੋਂ ਰੋਕੇਗੀ ਜੋ ‘ਸਚਿਆਈ ਦੇ ਰਾਹੋਂ ਖੁੰਝ ਗਏ’ ਹਨ। (2 ਤਿਮੋਥਿਉਸ 2:18) ਉਨ੍ਹਾਂ ਦਾ ਵਿਰੋਧ ਕਰਨਾ ਜਿਨ੍ਹਾਂ ਨੂੰ ਪਹਿਲਾਂ ਅਸੀਂ ਪਸੰਦ ਕਰਦੇ ਸਨ ਜਾਂ ਜਿਨ੍ਹਾਂ ਵਿਚ ਅਸੀਂ ਭਰੋਸਾ ਰੱਖਦੇ ਸਨ ਬਹੁਤ ਹੀ ਔਖਾ ਹੈ। (1 ਕੁਰਿੰਥੀਆਂ 15:12, 32-34) ਭਾਵੇਂ ਸਾਡੇ ਉੱਤੇ ਉਨ੍ਹਾਂ ਦਾ, ਜਿਨ੍ਹਾਂ ਨੇ ਮਸੀਹੀ ਰਾਹ ਛੱਡਿਆ ਹੈ, ਸਿਰਫ਼ ਥੋੜ੍ਹਾ ਹੀ ਅਸਰ ਪੈਂਦਾ ਹੋਵੇ ਫਿਰ ਵੀ ਇਹ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ ਅਤੇ ਸਾਡੀ ਰੂਹਾਨੀ ਤਰੱਕੀ ਨੂੰ ਰੋਕ ਸਕਦਾ ਹੈ। ਅਸੀਂ ਉਸ ਕਿਸ਼ਤੀ ਵਾਂਗ ਹੋਵਾਂਗੇ ਜੋ ਸਹੀ ਰਾਹ ਤੋਂ ਗ਼ਲਤ ਪਾਸੇ ਨੂੰ ਸਿਰਫ਼ ਥੋੜ੍ਹੀ ਹੀ ਜਿਹੀ ਮੁੜ ਜਾਵੇ। ਪਰ, ਲੰਬੇ ਸਫ਼ਰ ਦੌਰਾਨ, ਥੋੜ੍ਹੇ ਜਿਹੇ ਮੁੜਨ ਕਰਕੇ ਕਿਸ਼ਤੀ ਆਪਣੀ ਮੰਜ਼ਲ ਤੋਂ ਬਹੁਤ ਦੂਰ ਪਹੁੰਚ ਜਾਂਦੀ ਹੈ।—ਇਬਰਾਨੀਆਂ 3:12.

ਸੋਚਣ ਸ਼ਕਤੀ ਸਾਨੂੰ ਇਹ ਤੈ ਕਰਨ ਵਿਚ ਮਦਦ ਕਰੇਗੀ ਕਿ ਅਸੀਂ ਰੂਹਾਨੀ ਤੌਰ ਤੇ ਆਪਣੇ ਸਫ਼ਰ ਵਿਚ ਕਿੱਥੇ ਹਾਂ ਅਤੇ ਕਿੱਥੇ ਜਾ ਰਹੇ ਹਾਂ। ਸ਼ਾਇਦ ਸਾਨੂੰ ਲੱਗੇ ਕਿ ਮਸੀਹੀ ਕੰਮਾਂ ਵਿਚ ਸਾਨੂੰ ਜ਼ਿਆਦਾ ਹਿੱਸਾ ਲੈਣ ਦੀ ਲੋੜ ਹੈ। (ਇਬਰਾਨੀਆਂ 6:11, 12) ਧਿਆਨ ਦਿਓ ਕਿ ਇਕ ਜਵਾਨ ਮਸੀਹੀ ਨੇ ਰੂਹਾਨੀ ਟੀਚੇ ਹਾਸਲ ਕਰਨ ਲਈ ਆਪਣੀ ਸੋਚਣ ਸ਼ਕਤੀ ਕਿਵੇਂ ਵਰਤੀ ਸੀ। ਉਹ ਕਹਿੰਦਾ ਹੈ: “ਪੱਤਰਕਾਰ ਦੇ ਪੇਸ਼ੇ ਵਿਚ ਅੱਗੇ ਵਧਣ ਦਾ ਮੈਨੂੰ ਮੌਕਾ ਮਿਲਿਆ ਸੀ। ਅਜਿਹੇ ਕੰਮ ਵਿਚ ਮੈਨੂੰ ਬੜੀ ਦਿਲਚਸਪੀ ਸੀ, ਪਰ ਮੈਨੂੰ ਬਾਈਬਲ ਦਾ ਉਹ ਹਵਾਲਾ ਯਾਦ ਆਇਆ ਕਿ ‘ਸੰਸਾਰ ਬੀਤਦਾ ਜਾਂਦਾ ਹੈ’ ਪਰ ‘ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।’ (1 ਯੂਹੰਨਾ 2:17) ਮੈਂ ਸੋਚਿਆ ਕਿ ਜੋ ਵੀ ਮੈਂ ਆਪਣੀ ਜ਼ਿੰਦਗੀ ਵਿਚ ਕਰਦਾ ਹਾਂ ਉਸ ਤੋਂ ਮੇਰੇ ਵਿਸ਼ਵਾਸ ਜ਼ਾਹਰ ਹੋਣੇ ਚਾਹੀਦੇ ਹਨ। ਮੇਰੇ ਮਾਪਿਆਂ ਨੇ ਸੱਚਾਈ ਛੱਡ ਦਿੱਤੀ ਸੀ ਅਤੇ ਮੈਂ ਉਨ੍ਹਾਂ ਵਾਂਗ ਨਹੀਂ ਬਣਨਾ ਚਾਹੁੰਦਾ ਸੀ। ਇਸ ਲਈ ਮੈਂ ਪੱਕਾ ਇਰਾਦਾ ਕੀਤਾ ਕਿ ਮੈਂ ਮਕਸਦ-ਭਰੀ ਜ਼ਿੰਦਗੀ ਜੀਵਾਂਗਾ ਅਤੇ ਮੈਂ ਪਾਇਨੀਅਰੀ ਸ਼ੁਰੂ ਕੀਤੀ। ਚਾਰ ਖ਼ੁਸ਼ੀ-ਭਰੇ ਸਾਲਾਂ ਤੋਂ ਬਾਅਦ ਮੈਨੂੰ ਯਕੀਨ ਹੈ ਕਿ ਮੈਂ ਸਹੀ ਫ਼ੈਸਲਾ ਕੀਤਾ ਸੀ।”

ਰੂਹਾਨੀ ਤੂਫ਼ਾਨਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨਾ

ਅੱਜ ਇਹ ਇੰਨਾ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੀ ਸੋਚਣ ਸ਼ਕਤੀ ਵਰਤੀਏ? ਜਹਾਜ਼ੀਆਂ ਨੂੰ ਖ਼ਤਰਿਆਂ ਪ੍ਰਤੀ ਸਾਵਧਾਨ ਰਹਿਣਾ ਪੈਂਦਾ ਹੈ, ਖ਼ਾਸ ਕਰਕੇ ਜਦੋਂ ਤੂਫ਼ਾਨ ਆਉਣ ਵਾਲਾ ਹੈ। ਜੇਕਰ ਤਾਪਮਾਨ ਜਲਦੀ ਹੀ ਬਦਲ ਜਾਂਦਾ ਹੈ, ਯਾਨੀ ਠੰਢ ਹੋ ਜਾਂਦੀ ਅਤੇ ਹਵਾ ਚੱਲਣ ਲੱਗ ਪੈਂਦੀ ਹੈ, ਜਹਾਜ਼ੀ ਕਿਸ਼ਤੀ ਦੇ ਡੈੱਕ ਵਿਚ ਮੋਘਿਆਂ ਨੂੰ ਬੰਦ ਕਰ ਕੇ ਬੁਰੇ ਮੌਸਮ ਦੀ ਤਿਆਰੀ ਕਰਦੇ ਹਨ। ਇਸੇ ਤਰ੍ਹਾਂ, ਸਾਨੂੰ ਵੀ ਇਸ ਦੁਸ਼ਟ ਸੰਸਾਰ ਵੱਲੋਂ ਤੂਫ਼ਾਨ ਵਰਗੇ ਵੱਡੇ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਤਿਆਰੀ ਕਰਨੀ ਚਾਹੀਦੀ ਹੈ। ਇਸ ਸੰਸਾਰ ਦੀਆਂ ਨੈਤਿਕ ਕਦਰਾਂ-ਕੀਮਤਾਂ ਘੱਟਦੀਆਂ ਜਾ ਰਹੀਆਂ ਹਨ ਅਤੇ ‘ਦੁਸ਼ਟ ਮਨੁੱਖ ਬੁਰੇ ਤੋਂ ਬੁਰੇ ਹੁੰਦੇ ਜਾਂਦੇ ਹਨ।’ (2 ਤਿਮੋਥਿਉਸ 3:13) ਜਿਵੇਂ ਇਕ ਜਹਾਜ਼ੀ ਨਿਯਮਿਤ ਤੌਰ ਤੇ ਮੌਸਮ ਬਾਰੇ ਦਿੱਤੀਆਂ ਗਈਆਂ ਖ਼ਬਰਾਂ ਸੁਣਦਾ ਹੈ, ਸਾਨੂੰ ਵੀ ਪਰਮੇਸ਼ੁਰ ਦੇ ਬਚਨ ਦੀਆਂ ਭਵਿੱਖ-ਸੂਚਕ ਚੇਤਾਵਨੀਆਂ ਨੂੰ ਸੁਣਨਾ ਚਾਹੀਦਾ ਹੈ।—ਜ਼ਬੂਰ 19:7-11.

ਜਦੋਂ ਅਸੀਂ ਆਪਣੀ ਸੋਚਣ ਸ਼ਕਤੀ ਵਰਤਦੇ ਹਾਂ ਅਸੀਂ ਉਸ ਗਿਆਨ ਨੂੰ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ ਜੋ ਜੀਵਨ ਵੱਲ ਲੈ ਜਾਂਦਾ ਹੈ। (ਯੂਹੰਨਾ 17:3) ਅਸੀਂ ਸਮੱਸਿਆਵਾਂ ਬਾਰੇ ਪਹਿਲਾਂ ਹੀ ਜਾਣ ਲਵਾਂਗੇ ਅਤੇ ਇਹ ਫ਼ੈਸਲਾ ਕਰ ਲਵਾਂਗੇ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਸੁਲਝਾਉਣਾ ਹੈ। ਇਸ ਤਰ੍ਹਾਂ ਅਸੀਂ ਮਸੀਹੀ ਰਾਹ ਤੇ ਚੱਲਦੇ ਰਹਿਣ ਦਾ ਪੱਕਾ ਇਰਾਦਾ ਕਰਾਂਗੇ ਅਤੇ ਰੂਹਾਨੀ ਟੀਚੇ ਰੱਖਣ ਅਤੇ ਹਾਸਲ ਕਰਨ ਦੁਆਰਾ “ਅਗਾਹਾਂ ਲਈ ਇੱਕ ਚੰਗੀ ਨੀਂਹ” ਧਰਾਂਗੇ।—1 ਤਿਮੋਥਿਉਸ 6:19.

ਜੇ ਅਸੀਂ ਸਿਆਣਪ ਅਤੇ ਸੋਚਣ ਸ਼ਕਤੀ ਨੂੰ ਸਾਂਭ ਕੇ ਰੱਖਾਂਗੇ, ਤਾਂ ਸਾਨੂੰ ‘ਅਚਾਣਕ ਦੇ ਭੈ ਤੋਂ ਡਰਨ’ ਦੀ ਕੋਈ ਲੋੜ ਨਹੀਂ ਹੋਵੇਗੀ। (ਕਹਾਉਤਾਂ 3:21, 25, 26) ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੇ ਵਾਅਦੇ ਤੋਂ ਤਸੱਲੀ ਪਾ ਸਕਦੇ ਹਾਂ ਕਿ ਜਦੋਂ “ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ।”—ਕਹਾਉਤਾਂ 2:10, 11.

[ਫੁਟਨੋਟ]

^ ਪੈਰਾ 19 ਮੱਤੀ 5:23, 24 ਦੀ ਸਲਾਹ ਦੇ ਅਨੁਸਾਰ ਮਸੀਹੀਆਂ ਨੂੰ ਇਕ ਦੂਸਰੇ ਨਾਲ ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਮਾਮਲਾ ਬਹੁਤ ਗੰਭੀਰ ਹੈ, ਤਾਂ ਫਿਰ ਮੱਤੀ 18:15-17 ਦੇ ਅਨੁਸਾਰ ਉਨ੍ਹਾਂ ਨੂੰ ਆਪਣੇ ਭਰਾ ਨੂੰ ਖੱਟਣ, ਜਾਂ ਉਸ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਰਾਬੁਰਜ 15 ਅਕਤੂਬਰ 1999 ਦੇ ਸਫ਼ੇ 17-22 ਦੇਖੋ।

[ਸਫ਼ੇ 23 ਉੱਤੇ ਤਸਵੀਰ]

ਲਗਾਤਾਰ ਗੱਲਬਾਤ ਕਰਨ ਦੁਆਰਾ ਵਿਆਹ ਬੰਧਨ ਮਜ਼ਬੂਤ ਹੁੰਦਾ ਹੈ