Skip to content

Skip to table of contents

ਅਜ਼ਮਾਇਸ਼ਾਂ ਇਨ੍ਹਾਂ ਨੂੰ ਕਿਸ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ?

ਅਜ਼ਮਾਇਸ਼ਾਂ ਇਨ੍ਹਾਂ ਨੂੰ ਕਿਸ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ?

ਅਜ਼ਮਾਇਸ਼ਾਂ ਇਨ੍ਹਾਂ ਨੂੰ ਕਿਸ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ?

ਪਰੀਖਿਆਵਾਂ! ਅਜ਼ਮਾਇਸ਼ਾਂ! ਸਾਨੂੰ ਸਾਰਿਆਂ ਨੂੰ ਇਨ੍ਹਾਂ ਦਾ ਕਿਸੇ-ਨ-ਕਿਸੇ ਵੇਲੇ ਸਾਮ੍ਹਣਾ ਕਰਨਾ ਹੀ ਪੈਂਦਾ ਹੈ। ਇਹ ਸ਼ਾਇਦ ਆਪਸੀ ਮਤਭੇਦਾਂ, ਪੈਸਿਆਂ ਦੀ ਤੰਗੀ, ਖ਼ਰਾਬ ਸਿਹਤ, ਪਰਤਾਵਿਆਂ, ਹਾਣੀਆਂ ਵੱਲੋਂ ਬੁਰਾਈ ਕਰਨ ਦੇ ਦਬਾਅ, ਅਤਿਆਚਾਰ, ਸਾਡਾ ਨਿਰਪੱਖ ਰਹਿਣ ਜਾਂ ਮੂਰਤੀ-ਪੂਜਾ ਦੇ ਮਾਮਲਿਆਂ ਵਿਚ ਨਾ ਹਿੱਸਾ ਲੈਣ ਕਰਕੇ ਆ ਸਕਦੇ ਹਨ। ਅਜ਼ਮਾਇਸ਼ ਭਾਵੇਂ ਜੋ ਮਰਜ਼ੀ ਹੋਵੇ, ਇਨ੍ਹਾਂ ਕਾਰਨ ਅਸੀਂ ਦੁਖੀ ਹੋ ਜਾਂਦੇ ਹਾਂ ਅਤੇ ਚਿੰਤਾ ਕਰਨ ਲੱਗ ਪੈਂਦੇ ਹਾਂ। ਅਸੀਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਕੀ ਇਨ੍ਹਾਂ ਤੋਂ ਸਾਨੂੰ ਕੋਈ ਲਾਭ ਵੀ ਹੋ ਸਕਦਾ ਹੈ?

ਸਭ ਤੋਂ ਵਧੀਆ ਸਹਾਰਾ

ਪੁਰਾਣੇ ਜ਼ਮਾਨੇ ਦੇ ਰਾਜਾ ਦਾਊਦ ਦੀ ਜ਼ਿੰਦਗੀ ਅਜ਼ਮਾਇਸ਼ਾਂ ਨਾਲ ਭਰੀ ਹੋਈ ਸੀ, ਪਰ ਫਿਰ ਵੀ ਉਹ ਮੌਤ ਤਕ ਵਫ਼ਾਦਾਰ ਰਿਹਾ। ਉਹ ਅਜ਼ਮਾਇਸ਼ਾਂ ਨੂੰ ਕਿਸ ਤਰ੍ਹਾਂ ਸਹਿ ਸਕਿਆ? ਉਸ ਨੇ ਆਪਣੀ ਸਹਿਣ-ਸ਼ਕਤੀ ਦੇ ਸੋਮੇ ਦਾ ਜ਼ਿਕਰ ਕਰਦੇ ਹੋਏ ਕਿਹਾ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” ਉਸ ਨੇ ਅੱਗੇ ਕਿਹਾ ਕਿ “ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ। ਤੇਰੀ ਸੋਟੀ ਤੇ ਤੇਰੀ ਲਾਠੀ, ਏਹ ਮੈਨੂੰ ਤਸੱਲੀ ਦਿੰਦੀਆਂ ਹਨ।” (ਜ਼ਬੂਰਾਂ ਦੀ ਪੋਥੀ 23:1, 4) ਜੀ ਹਾਂ, ਯਹੋਵਾਹ ਸਹਾਰੇ ਦਾ ਸੋਮਾ ਹੈ। ਉਸ ਨੇ ਦਾਊਦ ਨੂੰ ਕਈ ਵਾਰੀ ਹਨੇਰੇ-ਭਰੇ ਸਮਿਆਂ ਵਿਚ ਸਹਾਰਾ ਤੇ ਅਗਵਾਈ ਦਿੱਤੀ ਸੀ ਅਤੇ ਲੋੜ ਪੈਣ ਤੇ ਯਹੋਵਾਹ ਸਾਡੇ ਲਈ ਵੀ ਇਸ ਤਰ੍ਹਾਂ ਕਰਨ ਲਈ ਤਿਆਰ ਹੈ।

ਅਸੀਂ ਯਹੋਵਾਹ ਦੀ ਮਦਦ ਕਿਵੇਂ ਪਾ ਸਕਦੇ ਹਾਂ? ਬਾਈਬਲ ਇਵੇਂ ਦੱਸ ਕੇ ਇਸ਼ਾਰਾ ਕਰਦੀ ਹੈ: “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।” (ਜ਼ਬੂਰ 34:8) ਇਹ ਬੜਾ ਨਿੱਘਾ ਸੱਦਾ ਹੈ, ਪਰ ਇਸ ਦਾ ਮਤਲਬ ਕੀ ਹੈ? ਇਹ ਯਹੋਵਾਹ ਦੀ ਸੇਵਾ ਕਰਨ ਅਤੇ ਆਪਣੀਆਂ ਜ਼ਿੰਦਗੀਆਂ ਪੂਰੀ ਤਰ੍ਹਾਂ ਉਸ ਦੀ ਇੱਛਾ ਅਨੁਸਾਰ ਜੀਉਣ ਦਾ ਸੱਦਾ ਹੈ। ਇਵੇਂ ਕਰਨ ਦਾ ਮਤਲਬ ਹੋਵੇਗਾ ਕਿ ਸਾਨੂੰ ਕੁਝ ਹੱਦ ਤਕ ਆਪਣੇ ਸਮੇਂ ਦੀ ਅਤੇ ਜ਼ਿੰਦਗੀ ਵਿਚ ਹੋਰ ਕਿਸਮ ਦੀਆਂ ਕੁਰਬਾਨੀਆਂ ਕਰਨ ਦੀ ਲੋੜ ਪਵੇਗੀ। ਇਸ ਦੇ ਨਤੀਜੇ ਵਜੋਂ ਹੋ ਸਕਦਾ ਹੈ ਕਿ ਸਾਡੇ ਤੇ ਅਜ਼ਮਾਇਸ਼ਾਂ, ਅਤਿਆਚਾਰ ਜਾਂ ਦੁੱਖ-ਤਕਲੀਫ਼ਾਂ ਆਉਣ। ਪਰ ਜੋ ਇਸ ਸੱਦੇ ਨੂੰ ਖੁੱਲ੍ਹੇ ਦਿਲ ਨਾਲ ਕਬੂਲ ਕਰ ਲੈਂਦੇ ਹਨ, ਉਨ੍ਹਾਂ ਨੂੰ ਕਦੇ ਵੀ ਪਛਤਾਉਣ ਦੀ ਲੋੜ ਨਹੀਂ ਪਵੇਗੀ। ਯਹੋਵਾਹ ਹਮੇਸ਼ਾ ਉਨ੍ਹਾਂ ਦਾ ਭਲਾ ਕਰੇਗਾ। ਉਹ ਉਨ੍ਹਾਂ ਨੂੰ ਸਿੱਧੇ ਰਾਹ ਪਾਵੇਗਾ ਅਤੇ ਅਧਿਆਤਮਿਕ ਤੌਰ ਤੇ ਵੀ ਉਨ੍ਹਾਂ ਦੀ ਦੇਖ-ਭਾਲ ਕਰੇਗਾ। ਉਹ ਆਪਣੇ ਬਚਨ, ਪਵਿੱਤਰ ਆਤਮਾ ਅਤੇ ਮਸੀਹੀ ਕਲੀਸਿਯਾ ਰਾਹੀਂ ਅਜ਼ਮਾਇਸ਼ਾਂ ਨੂੰ ਸਹਾਰਨ ਲਈ ਉਨ੍ਹਾਂ ਦੀ ਮਦਦ ਕਰੇਗਾ। ਅਤੇ ਅਖ਼ੀਰ ਵਿਚ ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦਾ ਇਨਾਮ ਦੇਵੇਗਾ।—ਜ਼ਬੂਰਾਂ ਦੀ ਪੋਥੀ 23:6; 25:9; ਯਸਾਯਾਹ 30:21; ਰੋਮੀਆਂ 15:5.

ਜਿਹੜੇ ਲੋਕ ਯਹੋਵਾਹ ਦੀ ਸੇਵਾ ਕਰਨ ਦਾ ਜ਼ਿੰਦਗੀ ਬਦਲਾਉਣ ਵਾਲਾ ਫ਼ੈਸਲਾ ਕਰਦੇ ਹਨ ਅਤੇ ਇਸ ਫ਼ੈਸਲੇ ਅਨੁਸਾਰ ਡਟੇ ਰਹਿੰਦੇ ਹਨ, ਉਹ ਦੇਖਦੇ ਹਨ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰਦਾ ਹੈ। ਇਹੀ ਉਨ੍ਹਾਂ ਇਸਰਾਏਲੀਆਂ ਦਾ ਅਨੁਭਵ ਸੀ ਜਿਹੜੇ ਯਹੋਸ਼ੁਆ ਦੇ ਨਾਲ ਵਾਅਦਾ ਕੀਤੇ ਹੋਏ ਦੇਸ਼ ਨੂੰ ਗਏ ਸਨ। ਯਰਦਨ ਨਦੀ ਪਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ, ਉਨ੍ਹਾਂ ਨੇ ਯੁੱਧ ਲੜੇ ਅਤੇ ਔਖੇ ਸਬਕ ਸਿੱਖੇ। ਲੇਕਿਨ ਇਸ ਪੀੜ੍ਹੀ ਦੇ ਲੋਕ ਆਪਣੇ ਪਿਉ-ਦਾਦਿਆਂ ਨਾਲੋਂ ਜ਼ਿਆਦਾ ਵਫ਼ਾਦਾਰ ਨਿਕਲੇ ਜਿਹੜੇ ਮਿਸਰ ਛੱਡ ਕੇ ਉਜਾੜ ਵਿਚ ਮਰੇ ਸਨ। ਯਹੋਵਾਹ ਨੇ ਵਫ਼ਾਦਾਰਾਂ ਨੂੰ ਸਹਾਰਾ ਦਿੱਤਾ ਅਤੇ ਯਹੋਸ਼ੁਆ ਦੀ ਜ਼ਿੰਦਗੀ ਦੇ ਅਖ਼ੀਰ ਵਿਚ ਬਾਈਬਲ ਉਨ੍ਹਾਂ ਬਾਰੇ ਕਹਿੰਦੀ ਹੈ: “ਯਹੋਵਾਹ ਨੇ ਉਨ੍ਹਾਂ ਨੂੰ ਆਲਿਓਂ ਦੁਆਲਿਓਂ ਸੁਖ ਦਿੱਤਾ ਜਿਵੇਂ ਉਸ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ . . . ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।” (ਯਹੋਸ਼ੁਆ 21:44, 45) ਸਾਡਾ ਵੀ ਇਹੋ ਹੀ ਅਨੁਭਵ ਹੋ ਸਕਦਾ ਹੈ ਜੇ ਅਸੀਂ ਅਜ਼ਮਾਇਸ਼ਾਂ ਵਿਚ ਅਤੇ ਹੋਰ ਸਮਿਆਂ ਤੇ ਵੀ ਯਹੋਵਾਹ ਤੇ ਪੂਰਾ ਭਰੋਸਾ ਰੱਖਾਂਗੇ।

ਯਹੋਵਾਹ ਵਿਚ ਸਾਡੇ ਭਰੋਸੇ ਨੂੰ ਸ਼ਾਇਦ ਕਿਹੜੀ ਗੱਲ ਕਮਜ਼ੋਰ ਕਰ ਸਕਦੀ ਹੈ? ਯਿਸੂ ਨੇ ਇਕ ਕਾਰਨ ਦੱਸਿਆ ਜਦੋਂ ਉਸ ਨੇ ਕਿਹਾ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ . . . ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ ਹੋ।” (ਮੱਤੀ 6:24) ਜੇ ਅਸੀਂ ਯਹੋਵਾਹ ਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਭੌਤਿਕ ਚੀਜ਼ਾਂ ਤੋਂ ਸੁਰੱਖਿਆ ਨਹੀਂ ਲੱਭਾਂਗੇ। ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਸਲਾਹ ਦਿੱਤੀ ਕਿ “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ [ਜ਼ਰੂਰੀ ਭੌਤਿਕ] ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਇਕ ਮਸੀਹੀ ਜੋ ਭੌਤਿਕ ਚੀਜ਼ਾਂ ਨੂੰ ਸੰਤੁਲਿਤ ਨਜ਼ਰੀਏ ਤੋਂ ਦੇਖਦਾ ਹੈ ਅਤੇ ਯਹੋਵਾਹ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲਾ ਦਰਜਾ ਦਿੰਦਾ ਹੈ ਉਹ ਸਹੀ ਚੋਣ ਕਰਦਾ ਹੈ। (ਉਪਦੇਸ਼ਕ ਦੀ ਪੋਥੀ 7:12) ਜੀ ਹਾਂ, ਉਸ ਨੂੰ ਸ਼ਾਇਦ ਕੁਝ-ਨ-ਕੁਝ ਕੁਰਬਾਨ ਕਰਨਾ ਪਵੇ। ਸ਼ਾਇਦ ਉਸ ਨੂੰ ਧਨ-ਦੌਲਤ ਵਗੈਰਾ ਤਿਆਗਣਾ ਪਵੇ। ਪਰ ਉਹ ਜ਼ਰੂਰ ਕਈ ਲਾਭ ਉਠਾਏਗਾ। ਅਤੇ ਯਹੋਵਾਹ ਉਸ ਦਾ ਸਹਾਰਾ ਬਣ ਜਾਵੇਗਾ।—ਯਸਾਯਾਹ 48:17, 18.

ਅਸੀਂ ਅਜ਼ਮਾਇਸ਼ਾਂ ਤੋਂ ਕੀ ਸਿੱਖਦੇ ਹਾਂ

ਜੇ ਅਸੀਂ ‘ਯਹੋਵਾਹ ਦੀ ਭਲਿਆਈ ਚੱਖਣ ਅਤੇ ਵੇਖਣ’ ਦਾ ਫ਼ੈਸਲਾ ਕਰਦੇ ਹਾਂ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਜ਼ਿੰਦਗੀ ਦੀਆਂ ਬਦਲਦੀਆਂ ਹਾਲਾਤਾਂ ਤੋਂ ਬਚਾਂਗੇ; ਨਾ ਇਸ ਦਾ ਇਹ ਮਤਲਬ ਹੈ ਕਿ ਅਸੀਂ ਪੂਰੀ ਤਰ੍ਹਾਂ ਸ਼ਤਾਨ ਅਤੇ ਧਰਤੀ ਉੱਤੇ ਉਸ ਦੇ ਭਗਤਾਂ ਦੇ ਹਮਲਿਆਂ ਤੋਂ ਬਚੇ ਰਹਾਂਗੇ। (ਉਪਦੇਸ਼ਕ ਦੀ ਪੋਥੀ 9:11) ਇਸ ਦੇ ਕਾਰਨ ਇਕ ਮਸੀਹੀ ਦੀ ਖਰਿਆਈ ਅਤੇ ਉਸ ਦੀ ਦ੍ਰਿੜ੍ਹਤਾ ਜ਼ਰੂਰ ਪਰਖੇ ਜਾਣਗੇ। ਯਹੋਵਾਹ ਆਪਣੇ ਉਪਾਸਕਾਂ ਉੱਤੇ ਇਨ੍ਹਾਂ ਅਜ਼ਮਾਇਸ਼ਾਂ ਨੂੰ ਕਿਉਂ ਆਉਣ ਦਿੰਦਾ ਹੈ? ਪਤਰਸ ਰਸੂਲ ਨੇ ਇਕ ਕਾਰਨ ਦਿੱਤਾ ਜਦੋਂ ਉਸ ਨੇ ਲਿਖਿਆ: “ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ ਭਾਵੇਂ ਹੁਣ ਥੋੜਾਕੁ ਚਿਰ ਜੇਕਰ ਲੋੜੀਦਾ ਹੋਵੇ ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ। ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।” (1 ਪਤਰਸ 1:6, 7) ਜੀ ਹਾਂ, ਅਜ਼ਮਾਇਸ਼ਾਂ ਸਾਨੂੰ ਮੌਕਾ ਦਿੰਦੀਆਂ ਹਨ ਕਿ ਅਸੀਂ ਯਹੋਵਾਹ ਲਈ ਆਪਣੇ ਪ੍ਰੇਮ ਅਤੇ ਨਿਹਚਾ ਦੀ ਡੂੰਘਾਈ ਨੂੰ ਸਾਬਤ ਕਰੀਏ। ਇਸ ਦੇ ਨਾਲ-ਨਾਲ ਇਹ ਸ਼ਤਾਨ ਦੇ ਮਿਹਣਿਆਂ ਅਤੇ ਦੋਸ਼ ਦਾ ਉੱਤਰ ਦੇਣ ਦਾ ਕੰਮ ਕਰਦੀਆਂ ਹਨ।—ਕਹਾਉਤਾਂ 27:11; ਪਰਕਾਸ਼ ਦੀ ਪੋਥੀ 12:10.

ਅਜ਼ਮਾਇਸ਼ਾਂ ਰਾਹੀਂ ਅਸੀਂ ਹੋਰ ਵੀ ਮਸੀਹੀ ਗੁਣ ਪੈਦਾ ਕਰ ਸਕਦੇ ਹਾਂ। ਮਿਸਾਲ ਵਜੋਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਤੇ ਗੌਰ ਕਰੋ: “[ਯਹੋਵਾਹ] ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!” (ਜ਼ਬੂਰਾਂ ਦੀ ਪੋਥੀ 138:6) ਸਾਡੇ ਵਿੱਚੋਂ ਜ਼ਿਆਦਾਤਰ ਕੁਦਰਤੀ ਤੌਰ ਤੇ ਨਿਮਰ ਨਹੀਂ ਹਨ, ਪਰ ਸ਼ਾਇਦ ਅਜ਼ਮਾਇਸ਼ਾਂ ਰਾਹੀਂ ਅਸੀਂ ਇਹ ਲੋੜੀਂਦਾ ਗੁਣ ਸਿੱਖੀਏ। ਮੂਸਾ ਦੇ ਸਮੇਂ ਦੀ ਉਹ ਗੱਲ ਯਾਦ ਕਰੋ ਜਦੋਂ ਕੁਝ ਇਸਰਾਏਲੀ ਰੋਜ਼-ਰੋਜ਼ ਮੰਨ ਖਾ ਕੇ ਅੱਕ ਗਏ ਸਨ। ਉਨ੍ਹਾਂ ਨੇ ਮੰਨ ਨੂੰ ਇਕ ਚਮਤਕਾਰੀ ਪ੍ਰਬੰਧ ਸਮਝਣ ਦੀ ਬਜਾਇ ਇਸ ਨੂੰ ਸਿਰਫ਼ ਮਾਮੂਲੀ ਜਿਹਾ ਖਾਣਾ ਜਾਂ ਅਜ਼ਮਾਇਸ਼ ਸਮਝਣ ਲੱਗ ਪਏ। ਇਸ ਅਜ਼ਮਾਇਸ਼ ਦਾ ਕੀ ਮਕਸਦ ਸੀ? ਮੂਸਾ ਨੇ ਉਨ੍ਹਾਂ ਨੂੰ ਦੱਸਿਆ: “[ਯਹੋਵਾਹ] ਨੇ ਤੁਹਾਨੂੰ ਉਜਾੜ ਵਿੱਚ ਮੰਨ ਖਿਲਾਇਆ . . . ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ।”—ਬਿਵਸਥਾ ਸਾਰ 8:16.

ਇਸੇ ਤਰ੍ਹਾਂ ਸਾਡੀ ਨਿਮਰਤਾ ਵੀ ਪਰਖੀ ਜਾ ਸਕਦੀ ਹੈ। ਕਿਵੇਂ? ਅਸੀਂ ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਬਾਰੇ ਕੀ ਸੋਚਦੇ ਹਾਂ? (ਯਸਾਯਾਹ 60:17) ਕੀ ਅਸੀਂ ਪੂਰੇ ਮਨ ਨਾਲ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ? (ਮੱਤੀ 24:14; 28:19, 20) ਕੀ ਅਸੀਂ ਖ਼ੁਸ਼ੀ ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਤੋਂ ਬਾਈਬਲ ਸੱਚਾਈਆਂ ਦੀ ਸਿੱਖਿਆ ਸਵੀਕਾਰ ਕਰਦੇ ਹਾਂ? (ਮੱਤੀ 24:45-47; ਕਹਾਉਤਾਂ 4:18) ਕੀ ਅਸੀਂ ਨਵੇਂ ਤੋਂ ਨਵੇਂ ਫ਼ੈਸ਼ਨ, ਨਵੇਂ ਤੋਂ ਨਵੇਂ ਯੰਤਰ, ਨਵੀਂ ਤੋਂ ਨਵੀਂ ਗੱਡੀ ਲੈਣ ਵਗੈਰਾ ਦੀ ਇੱਛਾ ਨੂੰ ਦਬਾ ਕੇ ਰੱਖਦੇ ਹਾਂ? ਇਕ ਨਿਮਰ ਵਿਅਕਤੀ ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਹਾਂ ਕਹਿ ਸਕੇਗਾ।—1 ਪਤਰਸ 1:14-16; 2 ਪਤਰਸ 3:11.

ਅਜ਼ਮਾਇਸ਼ਾਂ ਸਾਡੇ ਵਿਚ ਇਕ ਹੋਰ ਜ਼ਰੂਰੀ ਗੁਣ ਵੀ ਪੈਦਾ ਕਰ ਸਕਦੀਆਂ ਹਨ ਯਾਨੀ ਕਿ ਧੀਰਜ। ਮਸੀਹ ਦੇ ਚੇਲੇ ਯਾਕੂਬ ਨੇ ਕਿਹਾ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।” (ਯਾਕੂਬ 1:2, 3) ਜੇ ਅਸੀਂ ਆਪਣਾ ਪੂਰਾ ਭਰੋਸਾ ਯਹੋਵਾਹ ਤੇ ਰੱਖਦੇ ਹੋਏ ਲਗਾਤਾਰ ਆਉਣ ਵਾਲੀਆਂ ਅਜ਼ਮਾਇਸ਼ਾਂ ਨੂੰ ਸਹਾਂਗੇ, ਤਾਂ ਇਹ ਸਾਡੇ ਵਿਚ ਦ੍ਰਿੜ੍ਹਤਾ ਅਤੇ ਧੀਰਜ ਪੈਦਾ ਕਰੇਗਾ ਤੇ ਅਸੀਂ ਆਪਣੀ ਖਰਿਆਈ ਵੀ ਫੜੀ ਰੱਖਾਂਗੇ। ਇਵੇਂ ਕਰਨ ਨਾਲ ਅਸੀਂ ਮਜ਼ਬੂਤ ਹੁੰਦੇ ਹਾਂ, ਤਾਂਕਿ ਅਸੀਂ ਅੱਗੇ ਆਉਣ ਵਾਲੇ ਉਨ੍ਹਾਂ ਹਮਲਿਆਂ ਨੂੰ ਸਹਿ ਸਕੀਏ ਜੋ ਇਸ ਦੁਨੀਆਂ ਦੇ ਕ੍ਰੋਧਵਾਨ ਈਸ਼ਵਰ ਸ਼ਤਾਨ ਨੇ ਸਾਡੇ ਤੇ ਲਿਆਉਣੇ ਹਨ।—1 ਪਤਰਸ 5:8-10; 1 ਯੂਹੰਨਾ 5:19; ਪਰਕਾਸ਼ ਦੀ ਪੋਥੀ 12:12.

ਅਜ਼ਮਾਇਸ਼ਾਂ ਨੂੰ ਸਹੀ ਨਜ਼ਰੀਏ ਤੋਂ ਦੇਖੋ

ਜਦੋਂ ਪਰਮੇਸ਼ੁਰ ਦਾ ਸੰਪੂਰਣ ਪੁੱਤਰ ਯਿਸੂ ਮਸੀਹ ਇਸ ਧਰਤੀ ਤੇ ਸੀ ਉਸ ਨੇ ਵੀ ਅਜ਼ਮਾਇਸ਼ਾਂ ਸਹਿਣ ਦੁਆਰਾ ਕਈ ਲਾਭ ਹਾਸਲ ਕੀਤੇ। ਪੌਲੁਸ ਨੇ ਲਿਖਿਆ ਕਿ ਯਿਸੂ “ਨੇ ਦੁਖ ਭੋਗੇ [ਅਤੇ] ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।” (ਇਬਰਾਨੀਆਂ 5:8) ਮੌਤ ਤਕ ਉਸ ਦੀ ਵਫ਼ਾਦਾਰੀ ਕਰਕੇ ਯਹੋਵਾਹ ਦੇ ਨਾਂ ਦੀ ਪ੍ਰਸ਼ੰਸਾ ਹੋਈ ਅਤੇ ਯਿਸੂ ਨੂੰ ਆਪਣੇ ਸੰਪੂਰਣ ਜੀਵਨ ਰਾਹੀਂ ਮਨੁੱਖਜਾਤੀ ਦੀ ਰਿਹਾਈ-ਕੀਮਤ ਭਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਯਿਸੂ ਵਿਚ ਨਿਹਚਾ ਕਰਨ ਵਾਲਿਆਂ ਲਈ ਸਦੀਪਕ ਜੀਵਨ ਪਾਉਣ ਦਾ ਰਾਹ ਖੁੱਲ੍ਹਿਆ। (ਯੂਹੰਨਾ 3:16) ਕਿਉਂ ਜੋ ਯਿਸੂ ਮੌਤ ਤਕ ਵਫ਼ਾਦਾਰ ਰਿਹਾ ਉਹ ਹੁਣ ਸਾਡਾ ਪ੍ਰਧਾਨ ਜਾਜਕ ਅਤੇ ਰਾਜਾ ਹੈ।—ਇਬਰਾਨੀਆਂ 7:26-28; 12:2.

ਸਾਡੇ ਬਾਰੇ ਕੀ? ਅਜ਼ਮਾਇਸ਼ਾਂ ਦੇ ਸਾਮ੍ਹਣੇ ਸਾਡੀ ਵਫ਼ਾਦਾਰੀ ਸਾਡੇ ਲਈ ਵੀ ਵਡੀਆਂ ਬਰਕਤਾਂ ਲਿਆਉਂਦੀ ਹੈ। ਉਨ੍ਹਾਂ ਬਾਰੇ ਜਿਨ੍ਹਾਂ ਦੀ ਸਵਰਗੀ ਆਸ ਹੈ ਬਾਈਬਲ ਕਹਿੰਦੀ ਹੈ: “ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪਰਾਪਤ ਹੋਵੇਗਾ ਜਿਹ ਦਾ ਪ੍ਰਭੁ ਨੇ ਆਪਣਿਆਂ ਪ੍ਰੇਮੀਆਂ ਨਾਲ ਵਾਇਦਾ ਕੀਤਾ ਹੈ।” (ਯਾਕੂਬ 1:12) ਜਿਨ੍ਹਾਂ ਦੀ ਧਰਤੀ ਤੇ ਰਹਿਣ ਦੀ ਆਸ ਹੈ ਉਨ੍ਹਾਂ ਨੂੰ ਭਰੋਸਾ ਦਿਲਾਇਆ ਜਾਂਦਾ ਕਿ ਜੇ ਉਹ ਵਫ਼ਾਦਾਰੀ ਨਾਲ ਚੱਲਦੇ ਰਹਿਣਗੇ, ਤਾਂ ਉਨ੍ਹਾਂ ਨੂੰ ਧਰਤੀ ਉੱਤੇ ਸਦੀਪਕ ਜੀਵਨ ਮਿਲੇਗਾ। (ਪਰਕਾਸ਼ ਦੀ ਪੋਥੀ 21:3-6) ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਦੀ ਵਫ਼ਾਦਾਰੀ ਤੇ ਸਹਿਣਸ਼ੀਲਤਾ ਕਰਕੇ ਯਹੋਵਾਹ ਦੀ ਵਡਿਆਈ ਹੁੰਦੀ ਹੈ।

ਜਿਉਂ-ਜਿਉਂ ਅਸੀਂ ਯਿਸੂ ਦੀ ਪੈਰਵੀ ਕਰਦੇ ਹਾਂ, ਅਸੀਂ ਪੂਰੀ ਉਮੀਦ ਰੱਖ ਸਕਦੇ ਹਾਂ ਕਿ ਜੋ ਵੀ ਅਜ਼ਮਾਇਸ਼ ਸਾਡੇ ਤੇ ਆਵੇ ਅਸੀਂ ਉਸ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋ ਸਕਦੇ ਹਾਂ। (1 ਕੁਰਿੰਥੀਆਂ 10:13; 1 ਪਤਰਸ 2:21) ਕਿਵੇਂ? ਯਹੋਵਾਹ ਤੇ ਭਰੋਸਾ ਰੱਖਣ ਰਾਹੀਂ ਜੋ ਉਨ੍ਹਾਂ ਨੂੰ “ਅੱਤ ਵੱਡਾ ਮਹਾਤਮ” ਦਿੰਦਾ ਹੈ ਜਿਹੜੇ ਉਸ ਵਿਚ ਪਨਾਹ ਲੈਂਦੇ ਹਨ। (2 ਕੁਰਿੰਥੀਆਂ 4:7) ਉਮੀਦ ਹੈ ਕਿ ਸਾਡੀ ਨਿਹਚਾ ਅੱਯੂਬ ਦੀ ਨਿਹਚਾ ਵਰਗੀ ਹੋਵੇਗੀ ਜਿਸ ਨੇ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਦ੍ਰਿੜ੍ਹਤਾ ਨਾਲ ਕਿਹਾ “ਜਦ ਕਦੀ ਉਸ ਮੈਨੂੰ ਤਾਇਆ ਤਾਂ ਮੈਂ ਸੋਨੇ ਵਾਂਙੁ ਨਿੱਕਲਾਂਗਾ।”—ਅੱਯੂਬ 23:10.

[ਸਫ਼ੇ 31 ਉੱਤੇ ਤਸਵੀਰ]

ਯਿਸੂ ਦੀ ਵਫ਼ਾਦਾਰੀ ਕਰਕੇ ਯਹੋਵਾਹ ਦੇ ਨਾਂ ਦੀ ਵਡਿਆਈ ਹੋਈ। ਸਾਡੀ ਵਫ਼ਾਦਾਰੀ ਕਰਕੇ ਵੀ ਇਸ ਤਰ੍ਹਾਂ ਹੋ ਸਕਦਾ ਹੈ