ਆਂਢੀਆਂ-ਗੁਆਂਢੀਆਂ ਨੂੰ ਕੀ ਹੋ ਗਿਆ ਹੈ?
ਆਂਢੀਆਂ-ਗੁਆਂਢੀਆਂ ਨੂੰ ਕੀ ਹੋ ਗਿਆ ਹੈ?
“ਆਧੁਨਿਕ ਸਮਾਜ ਵਿਚ ਕਿਸੇ ਨੂੰ ਵੀ ਆਪਣਾ ਗੁਆਂਢੀ ਨਹੀਂ ਸਮਝਿਆ ਜਾਂਦਾ।”—ਬੈਂਜਾਮਿਨ ਡਿਸਰੈਲੀ, 19ਵੀਂ ਸਦੀ ਦਾ ਅੰਗ੍ਰੇਜ਼ ਸਿਆਸਤਦਾਨ।
ਕਿਊਬਾ ਦੇਸ਼ ਦੇ ਬਜ਼ੁਰਗ ਇਕ ਬੜੇ ਵਧੀਆ ਤਰੀਕੇ ਨਾਲ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹਨ। ਉਨ੍ਹਾਂ ਨੇ ਆਪਣੀਆਂ ਸਭਾਵਾਂ ਸਥਾਪਿਤ ਕੀਤੀਆਂ ਹੋਈਆਂ ਹਨ। ਸਾਲ 1997 ਦੀ ਇਕ ਰਿਪੋਰਟ ਅਨੁਸਾਰ, ਕਿਊਬਾ ਦੇ ਹਰ 5 ਬਜ਼ੁਰਗਾਂ ਵਿੱਚੋਂ ਤਕਰੀਬਨ 1 ਬਜ਼ੁਰਗ ਅਜਿਹੀ ਕਿਸੇ ਇਕ ਸਭਾ ਦਾ ਮੈਂਬਰ ਹੈ ਜਿੱਥੇ ਉਸ ਨੂੰ ਸਾਥ ਤੇ ਮਦਦ ਮਿਲ ਸਕਦੀ ਹੈ। ਇਸ ਦੇ ਜ਼ਰੀਏ ਉਹ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਬਣਾਈ ਰੱਖ ਸਕਦਾ ਹੈ। ਵਰਲਡ ਹੈਲਥ ਨਾਂ ਦਾ ਰਸਾਲਾ ਦੱਸਦਾ ਹੈ ਕਿ ‘ਜਦੋਂ ਵੀ ਉਨ੍ਹਾਂ ਦੇ ਇਲਾਕੇ ਦੇ ਡਾਕਟਰਾਂ ਨੂੰ ਟੀਕੇ ਲਾਉਣ ਦੀ ਮੁਹਿੰਮ ਵਿਚ ਮਦਦ ਦੀ ਜ਼ਰੂਰਤ ਹੁੰਦੀ ਹੈ, ਤਾਂ ਇਨ੍ਹਾਂ ਸਭਾਵਾਂ ਦੇ ਬਜ਼ੁਰਗ ਉਨ੍ਹਾਂ ਦੀ ਮਦਦ ਕਰਨ ਲਈ ਹਰਦਮ ਤਿਆਰ ਰਹਿੰਦੇ ਹਨ।’
ਪਰ ਅਫ਼ਸੋਸ ਦੀ ਗੱਲ ਹੈ ਕਿ ਕਈ ਦੇਸ਼ਾਂ ਵਿਚ ਹੁਣ ਐਸੇ ਕਦਰਦਾਨ ਸਮਾਜ ਨਹੀਂ ਰਹੇ। ਤੁਸੀਂ ਜਰਮਨੀ ਵਿਚ ਰਹਿਣ ਵਾਲੇ ਵੁਲਫ਼ਗਾਂਗ ਡਰਕਸ ਦੀ ਤਰਸਯੋਗ ਮਿਸਾਲ ਉੱਤੇ ਗੌਰ ਕਰੋ। ਉਹ ਇਕ ਅਪਾਰਟਮੈਂਟ ਬਿਲਡਿੰਗ ਵਿਚ ਰਹਿੰਦਾ ਸੀ ਜਿੱਥੇ ਹੋਰ 17 ਪਰਿਵਾਰ ਰਹਿੰਦੇ ਸਨ। ਕੁਝ ਸਾਲ ਪਹਿਲਾਂ ਦ ਕੈਨਬਰਾ ਟਾਈਮਜ਼ ਅਖ਼ਬਾਰ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ “ਕਿਸੇ ਨੇ ਵੀ ਉਸ ਦੇ ਦਰਵਾਜੇ ਦੀ ਘੰਟੀ ਨਹੀਂ ਵਜਾਈ” ਜਦੋਂ ਉਨ੍ਹਾਂ ਨੇ ਉਸ ਨੂੰ ਕਾਫ਼ੀ ਸਮਾਂ ਨਹੀਂ ਦੇਖਿਆ। ਆਖ਼ਰਕਾਰ ਜਦੋਂ ਉਸ ਅਪਾਰਟਮੈਂਟ ਬਿਲਡਿੰਗ ਦਾ ਮਾਲਕ ਉਸ ਦੇ ਫਲੈਟ ਵਿਚ ਆਇਆ, ਤਾਂ “ਉਸ ਨੂੰ ਟੈਲੀਵਿਯਨ ਮੋਹਰੇ ਇਕ ਪਿੰਜਰ ਬੈਠਾ ਮਿਲਿਆ।” ਉਸ ਪਿੰਜਰ ਦੀ ਝੋਲੀ ਵਿਚ ਇਕ ਟੈਲੀਵਿਯਨ ਪ੍ਰੋਗ੍ਰਾਮ ਪਿਆ ਸੀ ਜਿਸ ਦੀ ਤਾਰੀਖ਼ 5 ਦਸੰਬਰ 1993 ਸੀ। ਵੁਲਫ਼ਗਾਂਗ ਪੰਜ ਸਾਲ ਪਹਿਲਾਂ ਮਰ ਚੁੱਕਾ ਸੀ। ਕਿੰਨੇ ਦੁੱਖ ਦੀ ਗੱਲ ਹੈ ਕਿ ਹੁਣ ਆਂਢੀ-ਗੁਆਂਢੀ ਇਕ ਦੂਜੇ ਦੀ ਖ਼ਬਰ ਨਹੀਂ ਲੈਂਦੇ ਤੇ ਨਾ ਹੀ ਇਕ ਦੂਜੇ ਦੀ ਪਰਵਾਹ ਕਰਦੇ ਹਨ! ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਦ ਨਿਊਯਾਰਕ ਟਾਈਮਜ਼ ਮੈਗਜ਼ੀਨ ਵਿਚ ਇਕ ਲੇਖਕ ਨੇ ਕਿਹਾ ਕਿ ਦੂਸਰੇ ਆਂਢ-ਗੁਆਂਢ ਵਾਂਗ ਉਸ ਦਾ ਆਪਣਾ ਗੁਆਂਢ ਵੀ “ਅਜਨਬੀਆਂ ਨਾਲ ਭਰਿਆ ਹੋਇਆ” ਹੈ। ਕੀ ਤੁਹਾਡਾ ਗੁਆਂਢ ਵੀ ਇਸੇ ਤਰ੍ਹਾਂ ਦਾ ਹੈ?
ਇਹ ਗੱਲ ਸੱਚ ਹੈ ਕਿ ਪਿੰਡਾਂ ਦੇ ਆਂਢ-ਗੁਆਂਢ ਵਿਚ ਹਾਲੇ ਵੀ ਪਿਆਰ-ਮੁਹੱਬਤ ਦੇਖੀ ਜਾਂਦੀ ਹੈ ਅਤੇ ਕੁਝ ਸ਼ਹਿਰੀ ਇਲਾਕਿਆਂ ਵਿਚ ਵੀ ਆਂਢੀ-ਗੁਆਂਢੀ ਇਕ ਦੂਜੇ ਦਾ ਖ਼ਿਆਲ ਰੱਖਦੇ ਹਨ। ਪਰ ਫਿਰ ਵੀ ਸ਼ਹਿਰਾਂ ਵਿਚ ਕਈ ਲੋਕ ਆਪਣੇ ਆਂਢ-ਗੁਆਂਢ ਵਿਚ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹਨ ਅਤੇ ਡਰ ਕੇ ਰਹਿੰਦੇ ਹਨ। ਉਹ ਗੁਮਨਾਮੀ ਦੀਆਂ ਦੀਵਾਰਾਂ ਪਿੱਛੇ ਨਿਰਾਸ਼ਾ ਭਰੀ ਜ਼ਿੰਦਗੀ ਗੁਜ਼ਾਰਦੇ ਹਨ। ਇਹ ਕਿਸ ਤਰ੍ਹਾਂ?
ਗੁਮਨਾਮੀ ਦੀਆਂ ਦੀਵਾਰਾਂ ਪਿੱਛੇ
ਜ਼ਿਆਦਾਤਰ ਸਾਡੇ ਸਾਰਿਆਂ ਦੇ ਲਾਗੇ ਕੋਈ-ਨ-ਕੋਈ ਆਂਢੀ-ਗੁਆਂਢੀ ਜ਼ਰੂਰ ਰਹਿੰਦਾ ਹੈ। ਗੁਆਂਢੀਆਂ ਦੇ ਘਰਾਂ ਵਿਚ ਟੈਲੀਵਿਯਨ ਦੀ ਲੋਅ, ਬਾਰੀਆਂ ਵਿਚ ਪਰਛਾਵੇਂ, ਜਗਦੀਆਂ-ਬੁੱਝਦੀਆਂ ਲਾਈਟਾਂ, ਆਉਂਦੀਆਂ-ਜਾਂਦੀਆਂ ਗੱਡੀਆਂ, ਵਰਾਂਡਿਆਂ ਵਿਚ ਤੁਰਦੇ-ਫਿਰਦੇ ਲੋਕਾਂ ਦੀ ਆਵਾਜ਼, ਜਿੰਦੇ ਖੋਲ੍ਹਣ ਦੀ ਆਵਾਜ਼, ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਦੱਸਦੀਆਂ ਹਨ ਕਿ ਸਾਡੇ ਗੁਆਂਢ ਵਿਚ ਕੋਈ ਰਹਿੰਦਾ ਹੈ। ਪਰ ਜਦੋਂ ਲਾਗੇ-ਲਾਗੇ ਰਹਿੰਦੇ ਲੋਕ ਗੁਮਨਾਮੀ ਦੀਆਂ ਦੀਵਾਰਾਂ ਪਿੱਛੇ ਲੁਕ ਜਾਂਦੇ ਹਨ, ਤਾਂ ਉਨ੍ਹਾਂ ਵਿਚ ਕੋਈ ਨੇੜਤਾ ਨਹੀਂ ਰਹਿੰਦੀ। ਜ਼ਿੰਦਗੀ ਦੀ ਰੋਜ਼ਾਨਾ ਹਫੜਾ-ਦਫੜੀ ਵਿਚ ਉਹ ਆਪਣੇ ਤੋਂ ਇਲਾਵਾ ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਗੁਆਂਢੀਆਂ ਨਾਲ ਲੈਣ-ਦੇਣ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਨਾ ਹੀ ਇਕ ਦੂਜੇ ਦਾ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਆਸਟ੍ਰੇਲੀਆਈ ਅਖ਼ਬਾਰ ਹੈਰਲਡ ਸਨ ਨੇ ਕਿਹਾ: “ਕਿਉਂਕਿ ਲੋਕ ਅੱਜ-ਕੱਲ੍ਹ ਆਪਣੇ ਗੁਆਂਢ ਵਿਚ ਇਕ ਦੂਜੇ ਨੂੰ ਘੱਟ ਹੀ ਜਾਣਦੇ ਹਨ, ਇਸ ਕਾਰਨ ਉਹ ਇਹ ਨਹੀਂ ਸਮਝਦੇ ਕਿ ਸਮਾਜ ਪ੍ਰਤੀ ਉਨ੍ਹਾਂ ਦਾ ਕੋਈ ਫ਼ਰਜ਼ ਬਣਦਾ ਹੈ। ਇਸ ਰਵੱਈਏ ਕਰਕੇ ਉਹ ਦੂਜਿਆਂ ਦੀ ਪਰਵਾਹ ਕਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਜਿਨ੍ਹਾਂ ਨਾਲ ਉਹ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੇ।”
ਸਾਨੂੰ ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਹੈ। ਇਸ ਸੰਸਾਰ ਵਿਚ ਲੋਕ “ਆਪ ਸੁਆਰਥੀ” ਹਨ ਜਿਸ ਕਰਕੇ ਆਂਢੀ-ਗੁਆਂਢੀ ਆਪਣੀ ਕੀਤੀ ਦਾ ਹੀ ਫਲ ਭੁਗਤ ਰਹੇ ਹਨ। (2 ਤਿਮੋਥਿਉਸ 3:2) ਇਸ ਦਾ ਨਤੀਜਾ ਨਿਕਲਿਆ ਹੈ ਇਕੱਲਾਪਣ ਅਤੇ ਦੂਜਿਆਂ ਤੋਂ ਦੂਰ-ਦੂਰ ਰਹਿਣਾ। ਦੂਰ-ਦੂਰ ਰਹਿਣ ਕਰਕੇ ਲੋਕ ਇਕ ਦੂਜੇ ਉੱਤੇ ਵਿਸ਼ਵਾਸ ਨਹੀਂ ਕਰਦੇ, ਖ਼ਾਸ ਕਰਕੇ ਜਦੋਂ ਉਨ੍ਹਾਂ ਦੇ ਮੁਹੱਲੇ ਵਿਚ ਹਿੰਸਾ ਅਤੇ ਜੁਰਮ ਹੁੰਦੇ ਹਨ। ਇਸ ਦਾ ਇਹ ਵੀ ਨਤੀਜਾ ਨਿਕਲਦਾ ਹੈ ਕਿ ਉਨ੍ਹਾਂ ਨੂੰ ਇਕ ਦੂਜੇ ਤੇ ਤਰਸ ਨਹੀਂ ਆਉਂਦਾ।
ਤੁਹਾਡੇ ਗੁਆਂਢ ਦੇ ਹਾਲਾਤ ਵੱਖਰੇ ਹੋ ਸਕਦੇ ਹਨ, ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਮਾਜ ਵਿਚ ਚੰਗੇ ਗੁਆਂਢੀ ਅਨਮੋਲ ਹਨ। ਜਦੋਂ ਲੋਕ ਰਲ-ਮਿਲ ਕੇ ਇਕ ਦੂਜੇ ਦੇ ਭਲੇ ਬਾਰੇ ਸੋਚਦੇ ਹਨ, ਤਾਂ ਇਸ ਦਾ ਬਹੁਤ ਫ਼ਾਇਦਾ ਹੁੰਦਾ ਹੈ। ਅਸਲ ਵਿਚ ਚੰਗੇ ਗੁਆਂਢੀ ਸਾਡੇ ਲਈ ਵਰਦਾਨ ਸਾਬਤ ਹੋ ਸਕਦੇ ਹਨ। ਅਗਲਾ ਲੇਖ ਇਸ ਦਾ ਸਬੂਤ ਦੇਵੇਗਾ।