Skip to content

Skip to table of contents

‘ਇਕ ਦੂਜੇ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰੋ’

‘ਇਕ ਦੂਜੇ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰੋ’

‘ਇਕ ਦੂਜੇ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰੋ’

ਕੀ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਨੇ ਤੁਹਾਡੇ ਪਾਪ ਮਾਫ਼ ਕਰ ਦਿੱਤੇ ਹਨ? ਲੱਗਦਾ ਹੈ ਕਿ ਅਮਰੀਕਾ ਵਿਚ ਜ਼ਿਆਦਾਤਰ ਲੋਕ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਯੂਨੀਵਰਸਿਟੀ ਆਫ਼ ਮਿਸ਼ੀਗਨ ਦੀ ਸਮਾਜੀ ਰਿਸਰਚ ਇੰਸਟੀਟਿਊਟ ਦੁਆਰਾ ਕੀਤੀ ਗਈ ਇਕ ਖੋਜ ਦੇ ਮੁੱਖ ਲੇਖਕ ਡਾਕਟਰ ਲੌਰਨ ਟੂਸਾਂ ਨੇ ਦੱਸਿਆ ਕਿ 1,423 ਅਮਰੀਕਨਾਂ ਦੀ ਰਾਇ ਲੈਣ ਤੋਂ ਬਾਅਦ ਉਨ੍ਹਾਂ ਵਿੱਚੋਂ 80 ਫੀ ਸਦੀ, ਜਿਨ੍ਹਾਂ ਦੀ ਉਮਰ 45 ਤੋਂ ਵੱਧ ਸੀ, ਨੇ ਸੋਚਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਪਾਪ ਮਾਫ਼ ਕਰ ਦਿੱਤੇ ਸਨ।

ਇਹ ਵੀ ਦਿਲਚਸਪ ਗੱਲ ਹੈ ਕਿ ਇਨ੍ਹਾਂ ਵਿੱਚੋਂ ਸਿਰਫ਼ 57 ਫੀ ਸਦੀ ਨੇ ਹੋਰਨਾਂ ਦੀਆਂ ਗ਼ਲਤੀਆਂ ਮਾਫ਼ ਕੀਤੀਆਂ ਸਨ। ਇਹ ਸਾਨੂੰ ਯਿਸੂ ਦੇ ਪਹਾੜੀ ਉਪਦੇਸ਼ ਦੇ ਸ਼ਬਦ ਯਾਦ ਕਰਾਉਂਦੇ ਹਨ ਕਿ “ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।” (ਮੱਤੀ 6:14, 15) ਜੀ ਹਾਂ, ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੇ ਅਪਰਾਧ ਮਾਫ਼ ਕਰੇ, ਤਾਂ ਇਹ ਕੁਝ ਹੱਦ ਤਕ ਇਸ ਉੱਤੇ ਨਿਰਭਰ ਹੈ ਕਿ ਅਸੀਂ ਹੋਰਨਾਂ ਨੂੰ ਮਾਫ਼ ਕਰਦੇ ਹਾਂ ਜਾਂ ਨਹੀਂ।

ਪੌਲੁਸ ਰਸੂਲ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਇਸ ਅਸੂਲ ਬਾਰੇ ਯਾਦ ਕਰਾਇਆ। ਉਸ ਨੇ ਤਾਕੀਦ ਕੀਤੀ ਕਿ “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਵੇ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁੱਸੀਆਂ 3:13) ਪਰ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਉਦੋਂ ਜਦੋਂ ਕੋਈ ਸਾਨੂੰ ਬਿਨਾਂ ਸੋਚੇ-ਸਮਝੇ ਕੋਈ ਕਠੋਰ ਗੱਲ ਕਹਿੰਦਾ ਹੈ।

ਫਿਰ ਵੀ, ਦੂਸਰਿਆਂ ਨੂੰ ਮਾਫ਼ ਕਰਨ ਦੇ ਕਈ ਲਾਭ ਹੁੰਦੇ ਹਨ। ਡਾਕਟਰ ਡੈਵਿਡ ਆਰ. ਵਿਲੀਅਮਜ਼ ਨਾਂ ਦੇ ਸਮਾਜ-ਵਿਗਿਆਨੀ ਨੇ ਰਿਸਰਚ ਕਰਨ ਤੋਂ ਬਾਅਦ ਕਿਹਾ: “ਅਸੀਂ ਦੇਖਿਆ ਹੈ ਕਿ ਅੱਧਖੜ ਅਤੇ ਜ਼ਿਆਦਾ ਉਮਰ ਦੇ ਅਮਰੀਕਨਾਂ ਵਿੱਚੋਂ ਜਿਹੜੇ ਹੋਰਨਾਂ ਨੂੰ ਮਾਫ਼ ਕਰਦੇ ਹਨ, ਉਹ ਮਾਨਸਿਕ ਤੌਰ ਤੇ ਜ਼ਿਆਦਾ ਤੰਦਰੁਸਤ ਹੁੰਦੇ ਹਨ।” ਇਹ ਬੁੱਧੀਮਾਨ ਰਾਜੇ ਸੁਲੇਮਾਨ ਦੇ ਸ਼ਬਦਾਂ ਨੂੰ ਸਹੀ ਸਾਬਤ ਕਰਦਾ ਹੈ ਜਿਸ ਨੇ 3,000 ਸਾਲ ਪਹਿਲਾਂ ਲਿਖਿਆ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾਉਤਾਂ 14:30) ਕਿਉਂ ਜੋ ਮਾਫ਼ ਕਰਨ ਵਾਲਾ ਰਵੱਈਆ ਪਰਮੇਸ਼ੁਰ ਅਤੇ ਸਾਡੇ ਗੁਆਂਢੀ ਨਾਲ ਚੰਗਾ ਰਿਸ਼ਤਾ ਕਾਇਮ ਕਰਦਾ ਹੈ, ਸਾਡੇ ਕੋਲ ਬੜਾ ਚੰਗਾ ਕਾਰਨ ਹੈ ਕਿ ਅਸੀਂ ਇਕ ਦੂਜੇ ਨੂੰ ਦਿਲੋਂ ਮਾਫ਼ ਕਰੀਏ। —ਮੱਤੀ 18:35.