Skip to content

Skip to table of contents

“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ”

“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ”

“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ”

‘ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਨ੍ਹਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋਏ।’—ਲੂਕਾ 4:22.

1, 2. (ੳ) ਉਹ ਸਿਪਾਹੀ ਖਾਲੀ ਹੱਥ ਕਿਉਂ ਮੁੜੇ ਜਿਨ੍ਹਾਂ ਨੂੰ ਯਿਸੂ ਨੂੰ ਫੜਨ ਲਈ ਘੱਲਿਆ ਗਿਆ ਸੀ? (ਅ) ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਸਿਪਾਹੀਆਂ ਤੋਂ ਇਲਾਵਾ ਹੋਰਨਾਂ ਨੂੰ ਵੀ ਯਿਸੂ ਦੀ ਸਿੱਖਿਆ ਚੰਗੀ ਲੱਗੀ ਸੀ?

ਸਿਪਾਹੀ ਯਿਸੂ ਨੂੰ ਫੜਨ ਲਈ ਘੱਲੇ ਗਏ ਸਨ ਪਰ ਉਹ ਖਾਲੀ ਹੱਥ ਮੁੜੇ। ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਉਨ੍ਹਾਂ ਤੋਂ ਪੁੱਛਿਆ: “ਤੁਸੀਂ ਉਹ ਨੂੰ ਕਿਉਂ ਨਾ ਲਿਆਏ?” ਅਸਲ ਵਿਚ ਸਿਪਾਹੀ ਉਸ ਮਨੁੱਖ ਨੂੰ ਕਿਉਂ ਨਹੀਂ ਫੜ ਸਕੇ ਜਿਸ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਸੀ? ਸਿਪਾਹੀਆਂ ਨੇ ਜਵਾਬ ਦਿੱਤਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” ਉਹ ਯਿਸੂ ਦੇ ਸਿੱਖਿਆ ਦੇਣ ਦੇ ਢੰਗ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਉਸ ਅਮਨ-ਪਸੰਦ ਬੰਦੇ ਨੂੰ ਗਿਰਫ਼ਤਾਰ ਨਾ ਕਰ ਸਕੇ। *ਯੂਹੰਨਾ 7:32, 45, 46.

2 ਇਨ੍ਹਾਂ ਸਿਪਾਹੀਆਂ ਤੋਂ ਇਲਾਵਾ ਹੋਰ ਲੋਕ ਵੀ ਯਿਸੂ ਦੀ ਸਿੱਖਿਆ ਤੋਂ ਪ੍ਰਭਾਵਿਤ ਹੋਏ ਸਨ। ਬਾਈਬਲ ਸਾਨੂੰ ਦੱਸਦੀ ਹੈ ਕਿ ਬਹੁਤ ਸਾਰੇ ਲੋਕ ਯਿਸੂ ਦੀਆਂ ਗੱਲਾਂ ਸੁਣਨ ਲਈ ਆਉਂਦੇ ਸਨ। ਉਸ ਦੇ ਆਪਣੇ ਨਗਰ ਦੇ ਲੋਕ “ਉਨ੍ਹਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂੰਹੋਂ ਨਿੱਕਲਦੀਆਂ ਸਨ” ਹੈਰਾਨ ਹੋਏ। (ਲੂਕਾ 4:22) ਕਈ ਵਾਰ ਯਿਸੂ ਨੇ ਬੇੜੀ ਵਿਚ ਬੈਠ ਕੇ ਗਲੀਲ ਦੀ ਝੀਲ ਦੇ ਕਿਨਾਰੇ ਇਕੱਠੀਆਂ ਹੋਈਆਂ ਵੱਡੀਆਂ ਭੀੜਾਂ ਨੂੰ ਸਿੱਖਿਆ ਦਿੱਤੀ ਸੀ। (ਮਰਕੁਸ 3:9; 4:1; ਲੂਕਾ 5:1-3) ਇਕ ਵਾਰ ਇਕ “ਵੱਡੀ ਭੀੜ” ਕਈ ਦਿਨਾਂ ਲਈ ਕੁਝ ਖਾਧੇ ਬਿਨਾਂ ਉਸ ਦੇ ਨਾਲ ਰਹੀ।—ਮਰਕੁਸ 8:1, 2.

3. ਯਿਸੂ ਮਹਾਨ ਸਿੱਖਿਅਕ ਕਿਉਂ ਸੀ?

3 ਯਿਸੂ ਮਹਾਨ ਸਿੱਖਿਅਕ ਕਿਉਂ ਸੀ? ਇਸ ਦਾ ਖ਼ਾਸ ਕਾਰਨ ਪਿਆਰ ਸੀ। * ਯਿਸੂ ਲੋਕਾਂ ਨਾਲ ਪਿਆਰ ਕਰਦਾ ਸੀ ਅਤੇ ਉਨ੍ਹਾਂ ਸੱਚਾਈਆਂ ਨਾਲ ਵੀ ਜੋ ਉਹ ਸਿਖਾਉਂਦਾ ਸੀ। ਇਸ ਦੇ ਨਾਲ-ਨਾਲ ਉਹ ਸਿੱਖਿਆ ਦੇਣ ਦੇ ਚੰਗੇ ਤਰੀਕੇ ਵੀ ਜਾਣਦਾ ਸੀ। ਇਸ ਰਸਾਲੇ ਵਿਚ ਅਸੀਂ ਤਿੰਨ ਲੇਖਾਂ ਦਾ ਅਧਿਐਨ ਕਰਾਂਗੇ ਜੋ ਸਾਨੂੰ ਯਿਸੂ ਦੇ ਸਿਖਾਉਣ ਦੇ ਤਰੀਕਿਆਂ ਬਾਰੇ ਦੱਸਣਗੇ ਅਤੇ ਇਹ ਵੀ ਕਿ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਉਸ ਨੇ ਸਰਲ ਤੇ ਸਾਫ਼ ਸ਼ਬਦ ਵਰਤੇ

4, 5. (ੳ) ਯਿਸੂ ਨੇ ਆਪਣੀ ਸਿੱਖਿਆ ਵਿਚ ਆਮ ਬੋਲੀ ਕਿਉਂ ਵਰਤੀ ਸੀ ਅਤੇ ਇਹ ਇੰਨੀ ਵੱਡੀ ਗੱਲ ਕਿਉਂ ਸੀ? (ਅ) ਪਹਾੜੀ ਉਪਦੇਸ਼ ਤੋਂ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਯਿਸੂ ਨੇ ਸਰਲਤਾ ਨਾਲ ਸਿੱਖਿਆ ਦਿੱਤੀ ਸੀ?

4 ਆਮ ਤੌਰ ਤੇ ਪੜ੍ਹੇ-ਲਿਖੇ ਲੋਕ ਅਜਿਹੀ ਭਾਸ਼ਾ ਵਰਤਦੇ ਹਨ ਜੋ ਉਨ੍ਹਾਂ ਦੇ ਸੁਣਨ ਵਾਲਿਆਂ ਦੀ ਸਮਝ ਤੋਂ ਬਾਹਰ ਹੁੰਦੀ ਹੈ। ਪਰ ਜੇ ਦੂਜਿਆਂ ਨੂੰ ਸਾਡੀਆਂ ਗੱਲਾਂ ਸਮਝ ਨਹੀਂ ਆਉਂਦੀਆਂ, ਤਾਂ ਉਨ੍ਹਾਂ ਨੂੰ ਸਾਡੇ ਗਿਆਨ ਤੋਂ ਕੀ ਲਾਭ ਹੋ ਸਕਦਾ ਹੈ? ਇਕ ਸਿੱਖਿਅਕ ਹੋਣ ਦੇ ਨਾਤੇ ਯਿਸੂ ਨੇ ਕਦੀ ਵੀ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਨਹੀਂ ਕੀਤੀਆਂ ਸਨ। ਜੇ ਯਿਸੂ ਚਾਹੁੰਦਾ, ਤਾਂ ਉਹ ਔਖੇ-ਔਖੇ ਲਫ਼ਜ਼ ਵੀ ਵਰਤ ਸਕਦਾ ਸੀ। ਪਰ ਉਸ ਨੇ ਗਿਆਨੀ ਹੋਣ ਦੇ ਬਾਵਜੂਦ ਆਪਣਾ ਨਹੀਂ, ਸਗੋਂ ਆਪਣੇ ਸੁਣਨ ਵਾਲਿਆਂ ਦਾ ਖ਼ਿਆਲ ਰੱਖਿਆ। ਉਹ ਜਾਣਦਾ ਸੀ ਕਿ ਉਹ ਲੋਕ “ਵਿਦਵਾਨ ਨਹੀਂ ਸਗੋਂ ਆਮ” ਸਨ। (ਰਸੂਲਾਂ ਦੇ ਕਰਤੱਬ 4:13) ਅਜਿਹੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਉਸ ਨੇ ਅਜਿਹੀ ਬੋਲੀ ਵਰਤੀ ਜੋ ਉਹ ਸਮਝ ਸਕਦੇ ਸਨ। ਭਾਵੇਂ ਉਸ ਦੇ ਸ਼ਬਦ ਸਰਲ ਸਨ ਪਰ ਉਨ੍ਹਾਂ ਵਿਚ ਬਹੁਤ ਡੂੰਘੀਆਂ ਸੱਚਾਈਆਂ ਸਨ।

5 ਮਿਸਾਲ ਲਈ ਮੱਤੀ 5:3–7:27 ਵਿਚ ਦਰਜ ਪਹਾੜੀ ਉਪਦੇਸ਼ ਵੱਲ ਧਿਆਨ ਦਿਓ। ਸ਼ਾਇਦ ਯਿਸੂ ਨੇ ਇਹ ਪੂਰਾ ਉਪਦੇਸ਼ ਲਗਭਗ 20 ਮਿੰਟਾਂ ਵਿਚ ਦਿੱਤਾ ਹੋਵੇ। ਪਰ ਇਸ ਵਿਚ ਵਿਭਚਾਰ, ਤਲਾਕ ਅਤੇ ਧਨ-ਦੌਲਤ ਵਰਗੇ ਮਹੱਤਵਪੂਰਣ ਵਿਸ਼ਿਆਂ ਬਾਰੇ ਡੂੰਘੀਆਂ ਗੱਲਾਂ ਦੱਸੀਆਂ ਗਈਆਂ ਹਨ। (ਮੱਤੀ 5:27-32; 6:19-34) ਫਿਰ ਵੀ ਇਸ ਉਪਦੇਸ਼ ਵਿਚ ਔਖੀਆਂ ਗੱਲਾਂ ਜਾਂ ਵੱਡੇ-ਵੱਡੇ ਲਫ਼ਜ਼ ਨਹੀਂ ਪਾਏ ਜਾਂਦੇ ਹਨ। ਦਰਅਸਲ ਇਸ ਵਿਚ ਅਜਿਹਾ ਕੋਈ ਵੀ ਸ਼ਬਦ ਨਹੀਂ ਹੈ ਜੋ ਬੱਚੇ ਦੀ ਸਮਝ ਤੋਂ ਬਾਹਰ ਹੈ! ਇਸੇ ਕਰਕੇ ਭੀੜ “ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ,” ਭਾਵੇਂ ਕਿ ਭੀੜ ਵਿਚ ਬੈਠੇ ਲੋਕ ਸ਼ਾਇਦ ਕਿਸਾਨ, ਅਯਾਲੀ ਅਤੇ ਮਛਿਆਰੇ ਸਨ!—ਮੱਤੀ 7:28.

6. ਇਸ ਦੀ ਇਕ ਉਦਾਹਰਣ ਦਿਓ ਕਿ ਯਿਸੂ ਨੇ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਸਨ।

6 ਯਿਸੂ ਅਕਸਰ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੰਦਾ ਸੀ। ਯਿਸੂ ਦੇ ਜ਼ਮਾਨੇ ਵਿਚ ਪੁਸਤਕਾਂ ਨਹੀਂ ਛਾਪੀਆਂ ਜਾਂਦੀਆਂ ਸਨ, ਫਿਰ ਵੀ ਉਸ ਨੇ ਆਪਣਾ ਸੰਦੇਸ਼ ਆਪਣੇ ਸੁਣਨ ਵਾਲਿਆਂ ਦੇ ਦਿਲਾਂ-ਦਿਮਾਗ਼ਾਂ ਉੱਤੇ ਛਾਪ ਦਿੱਤਾ। ਕੁਝ ਉਦਾਹਰਣਾਂ ਵੱਲ ਧਿਆਨ ਦਿਓ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ . . . ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।” “ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ।” “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” * (ਮੱਤੀ 6:24; 7:1, 20; 9:12; 26:52; ਮਰਕੁਸ 12:17; ਰਸੂਲਾਂ ਦੇ ਕਰਤੱਬ 20:35) ਭਾਵੇਂ ਕਿ ਯਿਸੂ ਨੇ ਇਹ ਵਧੀਆ ਗੱਲਾਂ ਲਗਭਗ 2,000 ਸਾਲ ਪਹਿਲਾਂ ਕਹੀਆਂ ਸਨ, ਪਰ ਇਹ ਸਾਨੂੰ ਅੱਜ ਵੀ ਯਾਦ ਹਨ।

ਉਸ ਨੇ ਸਵਾਲ ਪੁੱਛੇ

7. ਯਿਸੂ ਸਵਾਲ ਕਿਉਂ ਪੁੱਛਦਾ ਹੁੰਦਾ ਸੀ?

7 ਯਿਸੂ ਸਿੱਖਿਆ ਦੇਣ ਲਈ ਵਧੀਆ ਤਰੀਕੇ ਨਾਲ ਸਵਾਲ ਵੀ ਪੁੱਛਦਾ ਸੀ। ਉਹ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਅਕਸਰ ਸਵਾਲ ਪੁੱਛਦਾ ਹੁੰਦਾ ਸੀ ਭਾਵੇਂ ਇਹ ਤਰੀਕਾ ਵਰਤਣ ਵਿਚ ਕੁਝ ਸਮਾਂ ਲੱਗਦਾ ਸੀ। ਉਹ ਸਵਾਲ ਕਿਉਂ ਪੁੱਛਦਾ ਸੀ? ਕਦੀ-ਕਦੀ ਉਹ ਆਪਣੇ ਵਿਰੋਧੀਆਂ ਦੇ ਦਿਲਾਂ ਦੇ ਖੋਟ ਪ੍ਰਗਟ ਕਰਨ ਲਈ ਅਜਿਹੇ ਸਵਾਲ ਪੁੱਛਦਾ ਸੀ ਜਿਨ੍ਹਾਂ ਨਾਲ ਉਹ ਉਨ੍ਹਾਂ ਨੂੰ ਚੁੱਪ ਕਰਾ ਦਿੰਦਾ ਸੀ। (ਮੱਤੀ 12:24-30; 21:23-27; 22:41-46) ਪਰ ਕਈ ਵਾਰ ਯਿਸੂ ਸੱਚਾਈ ਦੱਸਣ ਲਈ, ਲੋਕਾਂ ਨੂੰ ਉਨ੍ਹਾਂ ਦੇ ਦਿਲ ਦੀ ਗੱਲ ਕਹਿਣ ਲਈ ਅਤੇ ਆਪਣੇ ਚੇਲਿਆਂ ਦੀ ਸੋਚਣੀ ਸੁਧਾਰਨ ਲਈ ਸਵਾਲ ਪੁੱਛਦਾ ਸੀ। ਆਓ ਆਪਾਂ ਦੋ ਮਿਸਾਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਵਿਚ ਪਤਰਸ ਰਸੂਲ ਸ਼ਾਮਲ ਸੀ।

8, 9. ਹੈਕਲ ਲਈ ਟੈਕਸ ਭਰਨ ਦੇ ਮਾਮਲੇ ਵਿਚ ਯਿਸੂ ਨੇ ਸਵਾਲਾਂ ਰਾਹੀਂ ਪਤਰਸ ਤੋਂ ਸਹੀ ਸਿੱਟਾ ਕਿਵੇਂ ਕਢਵਾਇਆ ਸੀ?

8 ਪਹਿਲਾਂ, ਉਹ ਘਟਨਾ ਯਾਦ ਕਰੋ ਜਦੋਂ ਟੈਕਸ ਇਕੱਠਾ ਕਰਨ ਵਾਲਿਆਂ ਨੇ ਪਤਰਸ ਨੂੰ ਪੁੱਛਿਆ ਕਿ ਯਿਸੂ ਹੈਕਲ ਦਾ ਟੈਕਸ ਭਰਦਾ ਸੀ ਕਿ ਨਹੀਂ। * ਪਤਰਸ ਜੋ ਕਈ ਵਾਰ ਬਿਨਾਂ ਸੋਚੇ ਝੱਟ ਜਵਾਬ ਦੇ ਦਿੰਦਾ ਸੀ, ਨੇ ਕਿਹਾ “ਹਾਂ।” ਪਰ ਥੋੜ੍ਹੀ ਦੇਰ ਬਾਅਦ, ਯਿਸੂ ਨੇ ਉਸ ਨੂੰ ਕਿਹਾ: “ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆਂ ਤੋਂ? ਜਦ ਉਹ ਬੋਲਿਆ, ਪਰਾਇਆਂ ਤੋਂ ਤਦ ਯਿਸੂ ਨੇ ਉਹ ਨੂੰ ਆਖਿਆ, ਫੇਰ ਪੁੱਤ੍ਰ ਤਾਂ ਮਾਫ਼ ਹੋਏ।” (ਮੱਤੀ 17:24-27) ਪਤਰਸ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਯਿਸੂ ਨੇ ਇਹ ਸਵਾਲ ਕਿਉਂ ਪੁੱਛਿਆ ਸੀ। ਉਸ ਨੂੰ ਕਿਉਂ ਸਮਝ ਜਾਣਾ ਚਾਹੀਦਾ ਸੀ?

9 ਯਿਸੂ ਦੇ ਜ਼ਮਾਨੇ ਵਿਚ ਹਾਕਮਾਂ ਦੇ ਪਰਿਵਾਰਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ ਸੀ। ਇਸ ਲਈ, ਯਿਸੂ ਨੂੰ ਵੀ ਟੈਕਸ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਤਾਂ ਹੈਕਲ ਦੇ ਮਾਲਕ ਤੇ ਸਵਰਗੀ ਰਾਜੇ ਦਾ ਇਕਲੌਤਾ ਪੁੱਤਰ ਸੀ। ਧਿਆਨ ਦਿਓ ਕਿ ਯਿਸੂ ਨੇ ਪਤਰਸ ਨੂੰ ਸਿੱਧਾ ਜਵਾਬ ਦੇਣ ਦੀ ਬਜਾਇ ਉਸ ਨੇ ਵਧੀਆ ਤਰੀਕੇ ਨਾਲ ਸਵਾਲਾਂ ਰਾਹੀਂ ਖ਼ੁਦ ਪਤਰਸ ਤੋਂ ਸਹੀ ਸਿੱਟਾ ਕਢਵਾਇਆ। ਸ਼ਾਇਦ ਉਸ ਨੇ ਪਤਰਸ ਨੂੰ ਇਹ ਵੀ ਸਿਖਾਇਆ ਕਿ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਹੈ।

10, 11. ਯਿਸੂ ਨੇ ਕੀ ਕੀਤਾ ਸੀ ਜਦੋਂ ਸਾਲ 33 ਵਿਚ ਪਸਾਹ ਦੀ ਰਾਤ ਨੂੰ ਪਤਰਸ ਨੇ ਇਕ ਬੰਦੇ ਦਾ ਕੰਨ ਵੱਢ ਸੁੱਟਿਆ ਸੀ ਅਤੇ ਇਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਸਵਾਲ ਪੁੱਛਣ ਦੀ ਮਹੱਤਤਾ ਜਾਣਦਾ ਸੀ?

10 ਦੂਜੀ ਮਿਸਾਲ ਉਸ ਘਟਨਾ ਦੇ ਸੰਬੰਧ ਵਿਚ ਸੀ ਜੋ ਸਾਲ 33 ਵਿਚ ਪਸਾਹ ਦੀ ਰਾਤ ਨੂੰ ਵਾਪਰੀ ਸੀ ਜਦੋਂ ਇਕ ਭੀੜ ਯਿਸੂ ਨੂੰ ਗਿਰਫ਼ਤਾਰ ਕਰਨ ਆਈ ਸੀ। ਚੇਲਿਆਂ ਨੇ ਯਿਸੂ ਨੂੰ ਕਿਹਾ ਕਿ ਜੇ ਉਹ ਕਹੇ, ਤਾਂ ਉਹ ਉਸ ਨੂੰ ਬਚਾਉਣ ਲਈ ਲੜਨ ਲਈ ਤਿਆਰ ਸਨ। (ਲੂਕਾ 22:49) ਸਵਾਲ ਦਾ ਜਵਾਬ ਮਿਲਣ ਤੋਂ ਪਹਿਲਾਂ ਹੀ ਪਤਰਸ ਨੇ ਤਲਵਾਰ ਨਾਲ ਇਕ ਬੰਦੇ ਦਾ ਕੰਨ ਵੱਢ ਸੁੱਟਿਆ (ਸ਼ਾਇਦ ਉਹ ਇਸ ਤੋਂ ਜ਼ਿਆਦਾ ਸੱਟ ਲਾਉਣੀ ਚਾਹੁੰਦਾ ਸੀ)। ਪਤਰਸ ਆਪਣੇ ਮਾਲਕ ਦੀ ਮਰਜ਼ੀ ਦੇ ਖ਼ਿਲਾਫ਼ ਗਿਆ ਕਿਉਂਕਿ ਯਿਸੂ ਤਾਂ ਆਪਣੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਤਿਆਰ ਸੀ। ਯਿਸੂ ਨੇ ਕੀ ਕੀਤਾ? ਧੀਰਜ ਨਾਲ ਉਸ ਨੇ ਪਤਰਸ ਨੂੰ ਤਿੰਨ ਸਵਾਲ ਪੁੱਛੇ: “ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪੀਆਂ?” “ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ? ਫੇਰ ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?”—ਯੂਹੰਨਾ 18:11; ਮੱਤੀ 26:52-54.

11 ਇਸ ਘਟਨਾ ਉੱਤੇ ਜ਼ਰਾ ਗੌਰ ਕਰੋ। ਯਿਸੂ ਦੇ ਆਲੇ-ਦੁਆਲੇ ਗੁੱਸੇ ਨਾਲ ਭਰੀ ਭੀੜ ਖੜ੍ਹੀ ਸੀ। ਯਿਸੂ ਜਾਣਦਾ ਸੀ ਕਿ ਉਸ ਦੀ ਮੌਤ ਦਾ ਸਮਾਂ ਬਹੁਤ ਨੇੜੇ ਸੀ। ਆਪਣੇ ਪਿਤਾ ਦੇ ਨਾਂ ਦੀ ਬਦਨਾਮੀ ਦੂਰ ਕਰਨ ਅਤੇ ਮਨੁੱਖਜਾਤੀ ਨੂੰ ਮੁਕਤੀ ਦੇਣ ਦੀ ਜ਼ਿੰਮੇਵਾਰੀ ਉਸ ਉੱਤੇ ਸੀ। ਫਿਰ ਵੀ, ਉਸ ਨੇ ਉਸੇ ਵਕਤ ਪਤਰਸ ਦੇ ਮਨ ਵਿਚ ਅਹਿਮ ਸੱਚਾਈਆਂ ਬਿਠਾਉਣ ਲਈ ਸਮਾਂ ਕੱਢਿਆ। ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਸਵਾਲ ਪੁੱਛਣ ਦੀ ਮਹੱਤਤਾ ਜਾਣਦਾ ਸੀ।

ਉਸ ਨੇ ਵਧੀਆ ਉਦਾਹਰਣਾਂ ਵਰਤੀਆਂ

12, 13. (ੳ) ਸਿਖਾਉਣ ਲਈ ਯਿਸੂ ਨੇ ਵਧੀਆ ਉਦਾਹਰਣਾਂ ਕਿਵੇਂ ਇਸਤੇਮਾਲ ਕੀਤੀਆਂ ਸਨ? (ਅ) ਯਿਸੂ ਨੇ ਕਿਹੜੀ ਵਧੀਆ ਉਦਾਹਰਣ ਵਰਤ ਕੇ ਦਿਖਾਇਆ ਸੀ ਕਿ ਆਪਣੇ ਭਰਾਵਾਂ ਵਿਚ ਛੋਟੀਆਂ-ਛੋਟੀਆਂ ਗ਼ਲਤੀਆਂ ਲੱਭਣੀਆਂ ਮੂਰਖਤਾ ਹੈ?

12 ਯਿਸੂ ਨੇ ਆਪਣੀ ਸੇਵਕਾਈ ਵਿਚ ਸਿਖਾਉਣ ਦਾ ਇਕ ਹੋਰ ਵਧੀਆ ਤਰੀਕਾ ਵਰਤਿਆ ਸੀ। ਉਹ ਕਿਹੜਾ? ਉਹ ਕਿਸੇ ਗੱਲ ਉੱਤੇ ਜ਼ੋਰ ਦੇਣ ਲਈ ਜਾਣ-ਬੁੱਝ ਕੇ ਵਧਾ-ਚੜ੍ਹਾ ਕੇ ਉਦਾਹਰਣ ਦਿੰਦਾ ਸੀ। ਇਸ ਤਰ੍ਹਾਂ ਯਿਸੂ ਨੇ ਲੋਕਾਂ ਦੇ ਮਨ ਵਿਚ ਅਜਿਹੀਆਂ ਤਸਵੀਰਾਂ ਬਣਾਈਆਂ ਸਨ ਜੋ ਭੁਲਾਉਣੀਆਂ ਮੁਸ਼ਕਲ ਸਨ। ਆਓ ਆਪਾਂ ਕੁਝ ਉਦਾਹਰਣਾਂ ਦੇਖੀਏ।

13 ਪਹਾੜੀ ਉਪਦੇਸ਼ ਵਿਚ ਜਦੋਂ ਯਿਸੂ ‘ਦੋਸ਼ ਨਾ ਲਾਉਣ’ ਦੀ ਗੱਲ ਕਰ ਰਿਹਾ ਸੀ, ਤਾਂ ਉਸ ਨੇ ਕਿਹਾ: “ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ?” (ਮੱਤੀ 7:1-3) ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ? ਆਪਣੇ ਭਰਾ ਦੀ “ਅੱਖ” ਵਿਚ ਕੱਖ ਦੇਖਣ ਵਾਲਾ ਬੰਦਾ ਹਮੇਸ਼ਾ ਉਸ ਉੱਤੇ ਦੋਸ਼ ਲਾਉਂਦਾ ਰਹਿੰਦਾ ਹੈ। ਇਸ ਬੰਦੇ ਦੇ ਖ਼ਿਆਲ ਵਿਚ ਉਸ ਦਾ ਭਰਾ ਮਾਮਲੇ ਨੂੰ ਚੰਗੀ ਤਰ੍ਹਾਂ ਦੇਖ-ਪਰਖ ਨਹੀਂ ਸਕਦਾ ਜਿਸ ਲਈ ਉਹ ਸਹੀ ਫ਼ੈਸਲਾ ਕਰਨ ਦੇ ਯੋਗ ਨਹੀਂ। ਪਰ ਦੋਸ਼ ਲਾਉਣ ਵਾਲਾ ਖ਼ੁਦ ਕੋਈ ਫ਼ੈਸਲਾ ਨਹੀਂ ਕਰ ਸਕਦਾ ਕਿਉਂਕਿ ਉਸ ਦੀ ਆਪਣੀ ਅੱਖ ਵਿਚ ਤਾਂ “ਸ਼ਤੀਰ” ਹੈ! ਯਿਸੂ ਨੇ ਕਿੰਨੇ ਵਧੀਆ ਢੰਗ ਨਾਲ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਆਪਣੇ ਭਰਾਵਾਂ ਵਿਚ ਛੋਟੀਆਂ-ਛੋਟੀਆਂ ਗ਼ਲਤੀਆਂ ਲੱਭਣੀਆਂ ਕਿੰਨੀ ਵੱਡੀ ਮੂਰਖਤਾ ਹੈ ਜਦ ਕਿ ਅਸੀਂ ਆਪ ਵੱਡੀਆਂ-ਵੱਡੀਆਂ ਗ਼ਲਤੀਆਂ ਕਰਦੇ ਹਾਂ!

14. ਮੱਛਰ ਪੁਣਨ ਅਤੇ ਊਠ ਨਿਗਲਣ ਬਾਰੇ ਯਿਸੂ ਦੀ ਉਦਾਹਰਣ ਇੰਨੀ ਵਧੀਆ ਕਿਉਂ ਸੀ?

14 ਇਕ ਹੋਰ ਸਮੇਂ ਤੇ ਯਿਸੂ ਨੇ ਫ਼ਰੀਸੀਆਂ ਦੀ ਨਿੰਦਿਆ ਕੀਤੀ: “ਹੇ ਅੰਨ੍ਹੇ ਆਗੂਓ ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹੋ!” (ਮੱਤੀ 23:24) ਇਹ ਉਦਾਹਰਣ ਵਧੀਆ ਕਿਉਂ ਸੀ? ਇਕ ਮੱਛਰ ਅਤੇ ਊਠ ਦੇ ਸਾਈਜ਼ ਵਿਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਯਿਸੂ ਦੇ ਸੁਣਨ ਵਾਲੇ ਜਾਣਦੇ ਸਨ ਕਿ ਊਠ ਇਕ ਬਹੁਤ ਵੱਡਾ ਜਾਨਵਰ ਹੁੰਦਾ ਸੀ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਇਕ ਊਠ ਦਾ ਭਾਰ 7 ਕਰੋੜ ਮੱਛਰਾਂ ਦੇ ਭਾਰ ਦੇ ਬਰਾਬਰ ਹੋਵੇਗਾ! ਨਾਲੇ ਯਿਸੂ ਜਾਣਦਾ ਸੀ ਕਿ ਫ਼ਰੀਸੀ ਮੈ ਪੀਣ ਤੋਂ ਪਹਿਲਾਂ ਉਸ ਨੂੰ ਕੱਪੜੇ ਨਾਲ ਪੁਣਦੇ ਸਨ ਤਾਂਕਿ ਉਹ ਗ਼ਲਤੀ ਨਾਲ ਮੱਛਰ ਨਾ ਨਿਗਲ ਜਾਣ ਅਤੇ ਅਸ਼ੁੱਧ ਹੋ ਜਾਣ। ਪਰ ਯਿਸੂ ਨੇ ਕਿਹਾ ਕਿ ਉਹ ਤਾਂ ਊਠ ਨੂੰ ਵੀ ਨਿਗਲ ਜਾਂਦੇ ਸਨ ਜਿਸ ਨੂੰ ਇਕ ਅਸ਼ੁੱਧ ਜਾਨਵਰ ਮੰਨਿਆ ਜਾਂਦਾ ਸੀ। (ਲੇਵੀਆਂ 11:4, 21-24) ਯਿਸੂ ਦੀ ਗੱਲ ਸਾਫ਼ ਸੀ। ਫ਼ਰੀਸੀ ਬਿਵਸਥਾ ਦੀਆਂ ਛੋਟੀਆਂ-ਛੋਟੀਆਂ ਗੱਲਾਂ ਪੂਰੀਆਂ ਕਰਦੇ ਸਨ, ਪਰ ਉਹ “ਨਿਆਉਂ ਅਰ ਦਯਾ ਅਰ ਨਿਹਚਾ” ਦੇ ਸੰਬੰਧ ਵਿਚ ਵੱਡੇ-ਵੱਡੇ ਹੁਕਮ ਤੋੜਦੇ ਸਨ। (ਮੱਤੀ 23:23) ਯਿਸੂ ਨੇ ਕਿੰਨੀ ਚੰਗੀ ਤਰ੍ਹਾਂ ਦਿਖਾਇਆ ਕਿ ਉਨ੍ਹਾਂ ਦਾ ਅਸਲੀ ਰੂਪ ਕੀ ਸੀ!

15. ਯਿਸੂ ਨੇ ਵਧੀਆ ਉਦਾਹਰਣਾਂ ਰਾਹੀਂ ਕਿਹੜੀਆਂ ਕੁਝ ਗੱਲਾਂ ਸਿਖਾਈਆਂ ਸਨ?

15 ਯਿਸੂ ਨੇ ਆਪਣੀ ਸੇਵਕਾਈ ਦੌਰਾਨ ਅਜਿਹੀਆਂ ਵਧਾ-ਚੜ੍ਹਾ ਕੇ ਕਈ ਵਧੀਆ ਉਦਾਹਰਣਾਂ ਵਰਤੀਆਂ ਸਨ। ਮਿਸਾਲ ਲਈ: “ਇੱਕ ਰਾਈ ਦੇ ਦਾਣੇ ਸਮਾਨ ਨਿਹਚਾ” ਪਹਾੜ ਨੂੰ ਹਿਲਾ ਸਕਦੀ ਹੈ। ਇਸ ਗੱਲ ਉੱਤੇ ਜ਼ੋਰ ਦੇਣ ਲਈ ਉਹ ਇਸ ਤੋਂ ਵਧੀਆ ਉਦਾਹਰਣ ਨਹੀਂ ਦੇ ਸਕਦਾ ਸੀ ਕਿ ਥੋੜ੍ਹੀ ਜਿਹੀ ਨਿਹਚਾ ਬਹੁਤ ਕੁਝ ਕਰ ਸਕਦੀ ਹੈ। (ਮੱਤੀ 17:20) ਸੂਈ ਦੇ ਨੱਕੇ ਵਿਚ ਦੀ ਇਕ ਵੱਡੇ ਊਠ ਦਾ ਲੰਘਣਾ ਕਿੰਨੀ ਚੰਗੀ ਤਰ੍ਹਾਂ ਦਰਸਾਉਂਦਾ ਹੈ ਕਿ ਉਸ ਅਮੀਰ ਬੰਦੇ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਬਹੁਤ ਔਖੀ ਹੈ ਜੋ ਧਨ-ਦੌਲਤ ਕਮਾਉਣ ਵਿਚ ਲੱਗਾ ਹੋਇਆ ਹੈ! (ਮੱਤੀ 19:24) ਕੀ ਤੁਸੀਂ ਯਿਸੂ ਦੀਆਂ ਵਧੀਆ ਉਦਾਹਰਣਾਂ ਤੋਂ ਹੈਰਾਨ ਨਹੀਂ ਹੁੰਦੇ ਅਤੇ ਇਸ ਗੱਲ ਤੋਂ ਵੀ ਕਿ ਉਹ ਥੋੜ੍ਹੇ ਹੀ ਸ਼ਬਦਾਂ ਵਿਚ ਬਹੁਤ ਕੁਝ ਕਹਿ ਦਿੰਦਾ ਸੀ?

ਉਸ ਨੇ ਲਾਜਵਾਬ ਦਲੀਲ ਦਿੱਤੀ

16. ਯਿਸੂ ਆਪਣਾ ਦਿਮਾਗ਼ ਹਮੇਸ਼ਾ ਕਿਸ ਤਰ੍ਹਾਂ ਵਰਤਦਾ ਸੀ?

16 ਯਿਸੂ ਆਪਣੇ ਸੰਪੂਰਣ ਦਿਮਾਗ਼ ਨਾਲ ਲੋਕਾਂ ਨੂੰ ਗੱਲਾਂ ਸਮਝਾਉਣ ਵਿਚ ਬੇਮਿਸਾਲ ਸੀ। ਪਰ ਉਸ ਨੇ ਕਦੀ ਵੀ ਇਸ ਯੋਗਤਾ ਦੀ ਕੁਵਰਤੋਂ ਨਹੀਂ ਕੀਤੀ ਸੀ। ਉਸ ਨੇ ਸੱਚਾਈ ਸਿਖਾਉਣ ਵਿਚ ਆਪਣਾ ਦਿਮਾਗ਼ ਵਰਤਿਆ। ਕਦੀ-ਕਦੀ ਉਹ ਆਪਣੇ ਧਾਰਮਿਕ ਵਿਰੋਧੀਆਂ ਵੱਲੋਂ ਲਾਏ ਇਲਜ਼ਾਮਾਂ ਨੂੰ ਝੂਠਾ ਸਾਬਤ ਕਰਨ ਲਈ ਵਧੀਆ ਦਲੀਲਾਂ ਦਿੰਦਾ ਸੀ। ਕਈ ਵਾਰ ਉਹ ਆਪਣੇ ਚੇਲਿਆਂ ਨੂੰ ਜ਼ਰੂਰੀ ਗੱਲਾਂ ਸਿਖਾਉਣ ਲਈ ਦਲੀਲ ਦਿੰਦਾ ਸੀ। ਆਓ ਆਪਾਂ ਦੇਖੀਏ ਕਿ ਯਿਸੂ ਕਮਾਲ ਦੀਆਂ ਦਲੀਲਾਂ ਦੇ ਕੇ ਲੋਕਾਂ ਨੂੰ ਕਿਵੇਂ ਸਿਖਾਉਂਦਾ ਸੀ।

17, 18. ਯਿਸੂ ਨੇ ਫ਼ਰੀਸੀਆਂ ਦੁਆਰਾ ਲਾਏ ਇਲਜ਼ਾਮ ਨੂੰ ਝੂਠਾ ਸਾਬਤ ਕਰਨ ਲਈ ਕਿਹੜੀ ਦਲੀਲ ਦਿੱਤੀ ਸੀ?

17 ਜ਼ਰਾ ਉਸ ਸਮੇਂ ਬਾਰੇ ਸੋਚੋ ਜਦੋਂ ਯਿਸੂ ਨੇ ਉਸ ਅੰਨ੍ਹੇ ਅਤੇ ਗੁੰਗੇ ਬੰਦੇ ਨੂੰ ਠੀਕ ਕੀਤਾ ਸੀ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ। ਇਸ ਬਾਰੇ ਸੁਣ ਕੇ ਫ਼ਰੀਸੀਆਂ ਨੇ ਕਿਹਾ: “ਇਹ ਭੂਤਾਂ ਦੇ ਸਰਦਾਰ ਬਆਲਜ਼ਬੂਲ [ਸ਼ਤਾਨ] ਦੀ ਸਹਾਇਤਾ ਬਿਨਾ ਭੂਤਾਂ ਨੂੰ ਨਹੀਂ ਕੱਢਦਾ।” ਗੌਰ ਕਰੋ ਕਿ ਫ਼ਰੀਸੀ ਇਹ ਮੰਨਦੇ ਸਨ ਕਿ ਭੂਤ ਕੱਢਣੇ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਸੀ। ਪਰ ਉਹ ਨਹੀਂ ਚਾਹੁੰਦੇ ਸਨ ਕਿ ਲੋਕ ਯਿਸੂ ਵਿਚ ਨਿਹਚਾ ਕਰਨ, ਇਸ ਲਈ ਉਨ੍ਹਾਂ ਨੇ ਕਿਹਾ ਕਿ ਉਹ ਸ਼ਤਾਨ ਦੀ ਸ਼ਕਤੀ ਨਾਲ ਹੀ ਇਹ ਕੰਮ ਕਰ ਸਕਦਾ ਸੀ। ਇਹ ਦਿਖਾਉਣ ਲਈ ਕਿ ਉਨ੍ਹਾਂ ਨੇ ਇਹ ਗੱਲ ਕਹਿਣ ਤੋਂ ਪਹਿਲਾਂ ਸੋਚਿਆ ਨਹੀਂ ਸੀ, ਯਿਸੂ ਨੇ ਜਵਾਬ ਦਿੱਤਾ: “ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਅਥਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ। ਅਤੇ ਜੇ ਸ਼ਤਾਨ ਹੀ ਸ਼ਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿੱਕੁਰ ਕਾਇਮ ਰਹੇ?” (ਮੱਤੀ 12:22-26) ਦਰਅਸਲ ਯਿਸੂ ਕਹਿ ਰਿਹਾ ਸੀ ਕਿ ‘ਜੇ ਤੁਸੀਂ ਕਹਿੰਦੇ ਹੋ ਕਿ ਮੈਂ ਸ਼ਤਾਨ ਦਾ ਸੇਵਕ ਹਾਂ, ਤਾਂ ਮੈਂ ਉਸ ਦੇ ਕੰਮ ਨੂੰ ਕਿਉਂ ਵਿਗਾੜਾਂ। ਇੱਦਾਂ ਤਾਂ ਉਹ ਟਿੱਕਿਆ ਨਹੀਂ ਰਹਿ ਸਕਦਾ।’ ਕਿੰਨੀ ਵਧੀਆ ਦਲੀਲ, ਹੈ ਨਾ?

18 ਫਿਰ ਯਿਸੂ ਨੇ ਅੱਗੇ ਇਸ ਬਾਰੇ ਹੋਰ ਦੱਸਿਆ। ਉਹ ਜਾਣਦਾ ਸੀ ਕਿ ਕੁਝ ਫ਼ਰੀਸੀਆਂ ਨੇ ਵੀ ਭੂਤ ਕੱਢੇ ਸਨ। ਇਸ ਲਈ ਉਸ ਨੇ ਇਕ ਸੌਖਾ ਪਰ ਲਾਜਵਾਬ ਕਰ ਦੇਣ ਵਾਲਾ ਸਵਾਲ ਪੁੱਛਿਆ: “ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤ੍ਰ [ਜਾਂ ਚੇਲੇ] ਕਿਹ ਦੀ ਸਹਾਇਤਾ ਨਾਲ ਕੱਢਦੇ ਹਨ?” (ਮੱਤੀ 12:27) ਯਿਸੂ ਦੀ ਦਲੀਲ ਇਹ ਸੀ: ‘ਜੇ ਮੈਂ ਸ਼ਤਾਨ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਵੀ ਉਸੇ ਦੀ ਸਹਾਇਤਾ ਨਾਲ ਇਹ ਕੰਮ ਕਰਦੇ ਹੋਣਗੇ।’ ਫ਼ਰੀਸੀ ਕੀ ਜਵਾਬ ਦੇ ਸਕਦੇ ਸਨ? ਉਹ ਤਾਂ ਇਹ ਕਦੀ ਵੀ ਕਬੂਲ ਨਹੀਂ ਕਰ ਸਕਦੇ ਸਨ ਕਿ ਉਨ੍ਹਾਂ ਦੇ ਚੇਲੇ ਸ਼ਤਾਨ ਦੀ ਸ਼ਕਤੀ ਨਾਲ ਭੂਤ ਕੱਢਦੇ ਸਨ। ਇਸ ਲਾਜਵਾਬ ਦਲੀਲ ਰਾਹੀਂ ਯਿਸੂ ਨੇ ਦਿਖਾਇਆ ਕਿ ਉਨ੍ਹਾਂ ਵੱਲੋਂ ਉਸ ਉੱਤੇ ਇਲਜ਼ਾਮ ਲਾਉਣਾ ਫਜ਼ੂਲ ਸੀ।

19, 20. (ੳ) ਯਿਸੂ ਨੇ ਕਿਹੜੀ ਵਧੀਆ ਦਲੀਲ ਦਿੱਤੀ ਸੀ? (ਅ) ਜਦੋਂ ਯਿਸੂ ਦੇ ਚੇਲਿਆਂ ਨੇ ਉਸ ਨੂੰ ਪ੍ਰਾਰਥਨਾ ਕਰਨੀ ਸਿਖਾਉਣ ਲਈ ਕਿਹਾ ਸੀ, ਤਾਂ ਯਿਸੂ ਨੇ ‘ਕਿੰਨਾ ਵਧੀਕ’ ਸ਼ਬਦ ਵਰਤਦੇ ਹੋਏ ਕੀ ਸਿਖਾਇਆ ਸੀ?

19 ਯਿਸੂ ਨੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਾਉਣ ਦੇ ਨਾਲ-ਨਾਲ ਯਹੋਵਾਹ ਬਾਰੇ ਸੋਹਣੀਆਂ ਤੇ ਵਧੀਆ ਗੱਲਾਂ ਸਿਖਾਉਣ ਲਈ ਵੀ ਦਲੀਲਾਂ ਦਿੱਤੀਆਂ ਸਨ। ਕਈ ਵਾਰ ਯਿਸੂ ਨੇ ਆਪਣੀਆਂ ਉਦਾਹਰਣਾਂ ਵਿਚ ‘ਕਿੰਨਾ ਵਧੀਕ’ ਸ਼ਬਦ ਵਰਤੇ ਜਿਨ੍ਹਾਂ ਨਾਲ ਉਸ ਨੇ ਲੋਕਾਂ ਦੀ ਨਿਹਚਾ ਹੋਰ ਵੀ ਮਜ਼ਬੂਤ ਕੀਤੀ। ਆਓ ਆਪਾਂ ਦੋ ਉਦਾਹਰਣ ਦੇਖੀਏ।

20 ਜਦੋਂ ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਵੇ, ਤਾਂ ਯਿਸੂ ਨੇ ਇਕ ਬੰਦੇ ਦੀ ਮਿਸਾਲ ਦਿੱਤੀ। ਉਹ ਬੰਦਾ ਅੱਧੀ ਰਾਤ ਨੂੰ ਇਕ ਦੋਸਤ ਕੋਲੋਂ ਕੁਝ ਮੰਗਣ ਲਈ ਗਿਆ ਸੀ ਪਰ ਦੋਸਤ ਬਿਸਤਰ ਤੋਂ ਉੱਠਣਾ ਨਹੀਂ ਚਾਹੁੰਦਾ ਸੀ। ਫਿਰ ਵੀ ਉਸ ਬੰਦੇ ਦੇ “ਢੀਠਪੁਣੇ” ਦੇ ਕਾਰਨ ਉਸ ਦੀ ਮੰਗ ਪੂਰੀ ਕੀਤੀ ਗਈ। ਯਿਸੂ ਨੇ ਇਹ ਵੀ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ “ਚੰਗੀਆਂ ਦਾਤਾਂ ਦੇਣੀਆਂ” ਜਾਣਦੇ ਹਨ। ਫਿਰ ਅੰਤ ਵਿਚ ਉਸ ਨੇ ਕਿਹਾ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਟੇਢੇ ਟਾਈਪ ਸਾਡੇ।) (ਲੂਕਾ 11:1-13) ਯਿਸੂ ਨੇ ਇੱਥੇ ਇਕ ਵਿਰੋਧੀ ਸਥਿਤੀ ਪੇਸ਼ ਕਰ ਕੇ ਪਰਮੇਸ਼ੁਰ ਦੇ ਵਧੀਆ ਗੁਣਾਂ ਉੱਤੇ ਜ਼ੋਰ ਦਿੱਤਾ। ਜੇ ਇਕ ਦੋਸਤ ਨੂੰ ਤੁਹਾਡੀ ਕੋਈ ਲੋੜ ਪੂਰੀ ਕਰਨ ਲਈ ਮਨਾਇਆ ਜਾ ਸਕਦਾ ਹੈ ਅਤੇ ਜੇ ਅਪੂਰਣ ਮਾਪੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਤਾਂ ਕਿੰਨਾ ਵਧੀਕ ਸਾਡਾ ਪਿਆਰਾ ਪਿਤਾ ਖ਼ੁਸ਼ ਹੋ ਕੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਆਪਣੀ ਪਵਿੱਤਰ ਆਤਮਾ ਦੇਵੇਗਾ ਜੋ ਨਿਮਰ ਹੋ ਕੇ ਉਸ ਨੂੰ ਪ੍ਰਾਰਥਨਾ ਕਰਦੇ ਹਨ!

21, 22. (ੳ) ਯਿਸੂ ਨੇ ਉਦੋਂ ਕਿਹੜੀ ਦਲੀਲ ਦਿੱਤੀ ਸੀ ਜਦੋਂ ਉਹ ਭੌਤਿਕ ਚੀਜ਼ਾਂ ਬਾਰੇ ਚਿੰਤਾ ਨਾ ਕਰਨ ਦੀ ਗੱਲ ਕਰ ਰਿਹਾ ਸੀ? (ਅ) ਯਿਸੂ ਦੇ ਸਿਖਾਉਣ ਦੇ ਕੁਝ ਤਰੀਕਿਆਂ ਤੇ ਗੌਰ ਕਰਨ ਤੋਂ ਬਾਅਦ ਅਸੀਂ ਕਿਸ ਸਿੱਟੇ ਤੇ ਪਹੁੰਚਦੇ ਹਾਂ?

21 ਯਿਸੂ ਨੇ ਅਜਿਹੀ ਦਲੀਲ ਉਦੋਂ ਵੀ ਦਿੱਤੀ ਸੀ ਜਦੋਂ ਉਸ ਨੇ ਇਹ ਸਿੱਖਿਆ ਦਿੱਤੀ ਸੀ ਕਿ ਸਾਨੂੰ ਭੌਤਿਕ ਚੀਜ਼ਾਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਉਸ ਨੇ ਕਿਹਾ: “ਕਾਵਾਂ ਦੀ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ। ਓਹਨਾਂ ਦੇ ਕੋਲ ਨਾ ਭੰਡਾਰ ਨਾ ਭੜੋਲਾ ਹੈ ਅਤੇ ਪਰਮੇਸ਼ੁਰ ਓਹਨਾਂ ਦੀ ਪਿਰਤਪਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਕਿੰਨੇ ਹੀ ਉੱਤਮ ਹੋ! ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਜੋ ਓਹ ਕਿੱਕੁਰ ਵਧਦੇ ਹਨ। ਓਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ . . . ਸੋ ਜਦ ਪਰਮੇਸ਼ੁਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਇਹੋ ਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜੀ ਪਰਤੀਤ ਵਾਲਿਓ, ਉਹ ਕਿੰਨਾ ਵਧੀਕ ਤੁਹਾਨੂੰ ਪਹਿਨਾਵੇਗਾ!” (ਟੇਢੇ ਟਾਈਪ ਸਾਡੇ।) (ਲੂਕਾ 12:24, 27, 28) ਜੀ ਹਾਂ, ਜੇ ਯਹੋਵਾਹ ਪੰਛੀਆਂ ਅਤੇ ਫੁੱਲਾਂ ਦੀ ਦੇਖ-ਭਾਲ ਕਰਦਾ ਹੈ, ਤਾਂ ਉਹ ਕਿੰਨਾ ਵਧੀਕ ਆਪਣੇ ਸੇਵਕਾਂ ਦੀ ਦੇਖ-ਭਾਲ ਕਰੇਗਾ! ਯਿਸੂ ਨੇ ਅਜਿਹੀ ਕੋਮਲ ਪਰ ਵਧੀਆ ਦਲੀਲ ਰਾਹੀਂ ਜ਼ਰੂਰ ਆਪਣੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੋਹਿਆ ਹੋਵੇਗਾ।

22 ਯਿਸੂ ਦੇ ਸਿੱਖਿਆ ਦੇਣ ਦੇ ਕੁਝ ਤਰੀਕਿਆਂ ਤੇ ਗੌਰ ਕਰਨ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੂੰ ਗਿਰਫ਼ਤਾਰ ਨਾ ਕਰ ਸਕਣ ਵਾਲੇ ਸਿਪਾਹੀਆਂ ਨੇ ਬਿਲਕੁਲ ਸਹੀ ਕਿਹਾ ਸੀ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” ਪਰ ਸਿੱਖਿਆ ਦੇਣ ਲਈ ਸ਼ਾਇਦ ਯਿਸੂ ਦ੍ਰਿਸ਼ਟਾਂਤ ਦੇਣ ਜਾਂ ਕਹਾਣੀਆਂ ਦੱਸਣ ਕਰਕੇ ਜ਼ਿਆਦਾ ਮਸ਼ਹੂਰ ਸੀ। ਉਸ ਨੇ ਦ੍ਰਿਸ਼ਟਾਂਤ ਕਿਉਂ ਵਰਤੇ ਸਨ? ਅਤੇ ਇਹ ਦ੍ਰਿਸ਼ਟਾਂਤ ਇੰਨੇ ਅਸਰਦਾਰ ਕਿਉਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।

[ਫੁਟਨੋਟ]

^ ਪੈਰਾ 1 ਇਹ ਸਿਪਾਹੀ ਸ਼ਾਇਦ ਯਹੂਦੀ ਮਹਾਸਭਾ ਦੇ ਪ੍ਰਧਾਨ ਜਾਜਕਾਂ ਦੇ ਅਧੀਨ ਸਨ।

^ ਪੈਰਾ 3 ਪਹਿਰਾਬੁਰਜ ਦੇ 15 ਅਗਸਤ 2002 ਦੇ ਅੰਕ ਵਿਚ “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ” ਅਤੇ ‘ਮੇਰੇ ਪਿੱਛੇ ਚੱਲੋ’ ਲੇਖ ਦੇਖੋ।

^ ਪੈਰਾ 6 ਸਿਰਫ਼ ਪੌਲੁਸ ਰਸੂਲ ਨੇ ਹੀ ਇਸ ਆਖ਼ਰੀ ਆਇਤ ਦਾ ਹਵਾਲਾ ਦਿੱਤਾ ਸੀ ਜੋ ਰਸੂਲਾਂ ਦੇ ਕਰਤੱਬ 20:35 ਵਿਚ ਲਿਖਿਆ ਹੋਇਆ ਹੈ। ਪਰ ਇਨ੍ਹਾਂ ਸ਼ਬਦਾਂ ਦਾ ਅਰਥ ਇੰਜੀਲਾਂ ਵਿਚ ਵੀ ਮਿਲਦਾ ਹੈ। ਪੌਲੁਸ ਨੂੰ ਇਹ ਬਿਆਨ ਸ਼ਾਇਦ ਯਿਸੂ ਦੇ ਕਿਸੇ ਚੇਲੇ ਨੇ ਮੂੰਹ-ਜ਼ਬਾਨੀ ਦੱਸਿਆ ਹੋਵੇ ਜਾਂ ਹੋ ਸਕਦਾ ਹੈ ਕਿ ਇਹ ਉਸ ਨੂੰ ਦਰਸ਼ਣ ਵਿਚ ਦੱਸਿਆ ਗਿਆ ਹੋਵੇ।—ਰਸੂਲਾਂ ਦੇ ਕਰਤੱਬ 22:6-15; 1 ਕੁਰਿੰਥੀਆਂ 15:6, 8.

^ ਪੈਰਾ 8 ਯਹੂਦੀਆਂ ਨੂੰ ਹਰ ਸਾਲ ਹੈਕਲ ਲਈ ਦੋ ਦਰਾਖਮਾ ਟੈਕਸ ਭਰਨਾ ਪੈਂਦਾ ਸੀ ਜੋ ਦੋ ਦਿਨਾਂ ਦੀ ਕਮਾਈ ਦੇ ਬਰਾਬਰ ਹੁੰਦਾ ਸੀ। ਇਹ ਪੈਸਾ ਹੈਕਲ ਦੀ ਮੁਰੰਮਤ ਲਈ, ਉੱਥੇ ਕੀਤੀ ਗਈ ਸੇਵਾ ਲਈ ਅਤੇ ਕੌਮ ਦੀ ਖ਼ਾਤਰ ਰੋਜ਼ ਚੜ੍ਹਾਈਆਂ ਜਾਂਦੀਆਂ ਬਲੀਆਂ ਲਈ ਵਰਤਿਆ ਜਾਂਦਾ ਸੀ।

ਕੀ ਤੁਹਾਨੂੰ ਯਾਦ ਹੈ?

• ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਯਿਸੂ ਨੇ ਸਰਲ ਤੇ ਸਾਫ਼ ਸ਼ਬਦਾਂ ਵਿਚ ਸਿੱਖਿਆ ਦਿੱਤੀ ਸੀ?

• ਯਿਸੂ ਨੇ ਸਿੱਖਿਆ ਦੇਣ ਲਈ ਸਵਾਲ ਕਿਉਂ ਪੁੱਛੇ ਸਨ?

• ਯਿਸੂ ਨੇ ਲੋਕਾਂ ਨੂੰ ਸਿਖਾਉਣ ਲਈ ਵਧੀਆ ਉਦਾਹਰਣਾਂ ਕਿਵੇਂ ਇਸਤੇਮਾਲ ਕੀਤੀਆਂ ਸਨ?

• ਯਿਸੂ ਨੇ ਯਹੋਵਾਹ ਬਾਰੇ ਸੋਹਣੀਆਂ ਗੱਲਾਂ ਸਿਖਾਉਣ ਲਈ ਕਿਹੜੀ ਦਲੀਲ ਦਿੱਤੀ ਸੀ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਯਿਸੂ ਨੇ ਅਜਿਹੀ ਬੋਲੀ ਵਰਤੀ ਜੋ ਆਮ ਲੋਕ ਸਮਝ ਸਕਦੇ ਸਨ

[ਸਫ਼ੇ 10 ਉੱਤੇ ਤਸਵੀਰ]

ਫ਼ਰੀਸੀ “ਮੱਛਰ ਪੁਣ ਲੈਂਦੇ” ਸਨ ਅਤੇ “ਊਠ ਨਿਗਲ ਜਾਂਦੇ” ਸਨ