Skip to content

Skip to table of contents

ਚੰਗੇ ਗੁਆਂਢੀ ਸਾਡੇ ਲਈ ਅਣਮੋਲ ਦਾਤ ਹਨ

ਚੰਗੇ ਗੁਆਂਢੀ ਸਾਡੇ ਲਈ ਅਣਮੋਲ ਦਾਤ ਹਨ

ਚੰਗੇ ਗੁਆਂਢੀ ਸਾਡੇ ਲਈ ਅਣਮੋਲ ਦਾਤ ਹਨ

“ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।”—ਕਹਾਉਤਾਂ 27:10.

ਪਹਿਲੀ ਸਦੀ ਵਿਚ ਇਕ ਵਿਦਵਾਨ ਨੇ ਯਿਸੂ ਨੂੰ ਪੁੱਛਿਆ: ‘ਮੇਰਾ ਗੁਆਂਢੀ ਕੌਣ ਹੈ?’ ਯਿਸੂ ਨੇ ਉਸ ਨੂੰ ਜਵਾਬ ਦਿੰਦਿਆਂ ਸਿਰਫ਼ ਇਹੀ ਨਹੀਂ ਦੱਸਿਆ ਕਿ ਉਸ ਦਾ ਗੁਆਂਢੀ ਕੌਣ ਸੀ, ਪਰ ਇਹ ਵੀ ਕਿ ਅਸੀਂ ਚੰਗੇ ਗੁਆਂਢੀ ਕਿੱਦਾਂ ਬਣ ਸਕਦੇ ਹਾਂ। ਤੁਸੀਂ ਸ਼ਾਇਦ ਉਹ ਉਦਾਹਰਣ ਜਾਣਦੇ ਹੋਵੋਗੇ ਜੋ ਯਿਸੂ ਨੇ ਇਸ ਸੰਬੰਧ ਵਿਚ ਦਿੱਤੀ ਸੀ। ਕਈ ਲੋਕ ਇਸ ਨੂੰ ਚੰਗੇ ਸਾਮਰੀ ਦੀ ਕਹਾਣੀ ਸੱਦਦੇ ਹਨ। ਇਹ ਲੂਕਾ ਦੀ ਇੰਜੀਲ ਵਿਚ ਪਾਈ ਜਾਂਦੀ ਹੈ। ਯਿਸੂ ਨੇ ਇਹ ਕਹਾਣੀ ਇਵੇਂ ਦੱਸੀ:

“ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਰ ਅਧਮੋਇਆ ਛੱਡ ਕੇ ਚੱਲੇ ਗਏ। ਸਬੱਬ ਨਾਲ ਇੱਕ ਜਾਜਕ ਉਸ ਰਸਤੇ ਉਤਰਿਆ ਜਾਂਦਾ ਸੀ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ। ਇਸੇ ਤਰਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਆਇਆ। ਅਤੇ ਜਾਂ ਉਹ ਨੂੰ ਵੇਖਿਆ ਤਾਂ ਤਰਸ ਖਾ ਕੇ ਉਹ ਦੇ ਕੋਲ ਗਿਆ ਅਤੇ ਤੇਲ ਅਰ ਮੈ ਲਾਕੇ ਉਹ ਦੇ ਘਾਵਾਂ ਨੂੰ ਬੰਨ੍ਹਿਆ ਅਰ ਆਪਣੀ ਅਸਵਾਰੀ ਤੇ ਉਹ ਨੂੰ ਚੜ੍ਹਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਹ ਦੀ ਟਹਿਲ ਟਕੋਰ ਕੀਤੀ। ਫੇਰ ਸਵੇਰ ਨੂੰ ਦੋ ਅੱਠਿਆਨੀਆਂ ਕੱਢ ਕੇ ਭਠਿਆਰੇ ਨੂੰ ਦਿੱਤੀਆਂ ਅਤੇ ਆਖਿਆ ਭਈ ਇਹ ਦੀ ਟਹਿਲ ਟਕੋਰ ਕਰਦਾ ਰਹੀਂ, ਅਰ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਾਂ ਮੁੜ ਆਵਾਂ ਤੇਰਾ ਭਰ ਦਿਆਂਗਾ। ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ?”—ਲੂਕਾ 10:29-36.

ਇਵੇਂ ਲੱਗਦਾ ਹੈ ਕਿ ਇਹ ਵਿਦਵਾਨ ਕਹਾਣੀ ਦਾ ਮਤਲਬ ਸਮਝ ਗਿਆ ਸੀ। ਉਸ ਨੇ ਬਿਨਾਂ ਝਿਜਕ ਸਹੀ-ਸਹੀ ਦੱਸਿਆ ਕਿ ਜ਼ਖ਼ਮੀ ਆਦਮੀ ਦਾ ਗੁਆਂਢੀ ਕੌਣ ਸਾਬਤ ਹੋਇਆ ਸੀ: “ਜਿਹ ਨੇ ਉਸ ਉੱਤੇ ਦਯਾ ਕੀਤੀ।” ਫਿਰ ਯਿਸੂ ਨੇ ਉਸ ਨੂੰ ਆਖਿਆ: “ਤੂੰ ਵੀ ਜਾ ਕੇ ਏਵੇਂ ਹੀ ਕਰ।” (ਲੂਕਾ 10:37) ਇਸ ਅਸਰਦਾਰ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਚੰਗੇ ਗੁਆਂਢੀ ਕੌਣ ਹੁੰਦੇ ਹਨ। ਯਿਸੂ ਦੀ ਕਹਾਣੀ ਸੁਣਨ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛ ਸਕਦੇ ਹਾਂ: ‘ਮੈਂ ਕਿਸ ਤਰ੍ਹਾਂ ਦਾ ਗੁਆਂਢੀ ਹਾਂ? ਕੀ ਮੈਂ ਜਾਤ-ਪਾਤ ਦੇ ਆਧਾਰ ਤੇ ਇਹ ਫ਼ੈਸਲਾ ਕਰਦਾ ਹਾਂ ਕਿ ਮੈਂ ਕਿਨ੍ਹਾਂ ਨੂੰ ਆਪਣਾ ਗੁਆਂਢੀ ਬਣਾਵਾਂ? ਕੀ ਮੈਂ ਇਨ੍ਹਾਂ ਗੱਲਾਂ ਦੇ ਆਧਾਰ ਤੇ ਕਿਸੇ ਦੇ ਦੁੱਖ ਵਿਚ ਉਨ੍ਹਾਂ ਦੀ ਮਦਦ ਕਰਨ ਦਾ ਫ਼ੈਸਲਾ ਕਰਾਂਗਾ? ਕੀ ਮੈਂ ਚੰਗਾ ਗੁਆਂਢੀ ਬਣਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ?’

ਚੰਗਾ ਗੁਆਂਢੀ ਕਿਵੇਂ ਬਣੀਏ?

ਜੇ ਅਸੀਂ ਚੰਗੇ ਗੁਆਂਢੀ ਬਣਨ ਦੀ ਇੱਛਾ ਰੱਖਦੇ ਹਾਂ, ਤਾਂ ਪਹਿਲਾਂ ਸਾਨੂੰ ਆਪਣੇ ਸੋਚ-ਵਿਚਾਰ ਬਦਲਣੇ ਚਾਹੀਦੇ ਹਨ। ਜੇ ਅਸੀਂ ਆਪ ਚੰਗੇ ਗੁਆਂਢੀ ਬਣਾਂਗੇ, ਤਾਂ ਸਾਡੇ ਗੁਆਂਢੀ ਵੀ ਸਾਡੇ ਨਾਲ ਚੰਗਾ ਵਰਤਾਉ ਕਰਨਗੇ। ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਯਿਸੂ ਨੇ ਇਕ ਮਸ਼ਹੂਰ ਪਹਾੜੀ ਉਪਦੇਸ਼ ਦਿੱਤਾ ਸੀ ਜਿਸ ਵਿਚ ਉਸ ਨੇ ਇਨਸਾਨਾਂ ਦੇ ਆਪਸ ਵਿਚ ਰਿਸ਼ਤਿਆਂ ਬਾਰੇ ਇਹੀ ਵੱਡੀ ਗੱਲ ਦੱਸੀ ਸੀ। ਉਸ ਨੇ ਕਿਹਾ ਸੀ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਜੇ ਅਸੀਂ ਦੂਜਿਆਂ ਦੀ ਇੱਜ਼ਤ ਕਰਾਂਗੇ ਅਤੇ ਉਨ੍ਹਾਂ ਨਾਲ ਪਿਆਰ ਨਾਲ ਵਰਤਾਂਗੇ, ਤਾਂ ਉਹ ਵੀ ਸਾਡੇ ਨਾਲ ਇਵੇਂ ਹੀ ਕਰਨਗੇ।

ਦ ਨੇਸ਼ਨ ਸਿੰਸ 1865 ਨਾਂ ਦੇ ਰਸਾਲੇ ਵਿਚ ਜਰਨਲਿਸਟ ਲੀਜ਼ਾ ਫੁੰਡਰਬੁਰਗ ਨੇ ਆਪਣੇ ਲੇਖ “ਆਪਣੇ ਗੁਆਂਢੀ ਨਾਲ ਪਿਆਰ ਕਰੋ” ਵਿਚ ਕੁਝ ਸਾਧਾਰਣ ਗੱਲਾਂ ਦੱਸੀਆਂ ਜੋ ਗੁਆਂਢੀਆਂ ਵਿਚ ਪਿਆਰ-ਮੁਹੱਬਤ ਵਧਾ ਸਕਦੀਆਂ ਹਨ। ਉਸ ਨੇ ਲਿਖਿਆ: ‘ਮੇਰੇ ਖ਼ਿਆਲ ਵਿਚ ਤੁਸੀਂ ਆਪਣੇ ਗੁਆਂਢੀਆਂ ਲਈ ਅਨੇਕ ਛੋਟੇ-ਮੋਟੇ ਕੰਮ ਕਰ ਸਕਦੇ ਹੋ ਜਿਵੇਂ ਕਿ ਨਿਆਣਿਆਂ ਦੀ ਦੇਖ-ਭਾਲ ਵਿਚ ਹੱਥ ਵਟਾਉਣਾ ਜਾਂ ਉਨ੍ਹਾਂ ਲਈ ਬਜ਼ਾਰੋਂ ਕੁਝ ਖ਼ਰੀਦ ਲਿਆਉਣਾ। ਮੈਂ ਦੂਰ-ਦੂਰ ਰਹਿੰਦੇ ਲੋਕਾਂ ਵਿਚ ਇਹ ਨੇੜਤਾ ਦੇਖਣੀ ਚਾਹੁੰਦੀ ਹਾਂ ਕਿਉਂਕਿ ਅੱਜ-ਕੱਲ੍ਹ ਡਰ ਅਤੇ ਜੁਰਮ ਕਰਕੇ ਸਮਾਜ ਬਹੁਤ ਨਾਜ਼ੁਕ ਬਣਦਾ ਜਾ ਰਿਹਾ ਹੈ।’ ਉਸ ਨੇ ਅੱਗੇ ਕਿਹਾ: ‘ਤੁਸੀਂ ਚੰਗੇ ਗੁਆਂਢੀ ਬਣਨਾ ਕਿਤਿਓਂ-ਨ-ਕਿਤਿਓਂ ਤਾਂ ਸ਼ੁਰੂ ਕਰੋਗੇ, ਇਸ ਲਈ ਕਿਉਂ ਨਾ ਤੁਸੀਂ ਆਪਣੇ ਘਰ ਦੇ ਨਾਲ ਰਹਿੰਦੇ ਗੁਆਂਢੀ ਤੋਂ ਹੀ ਸ਼ੁਰੂ ਕਰੋ?’

ਕਨੇਡੀਅਨ ਜੀਓਗਰਾਫਿਕ ਰਸਾਲੇ ਨੇ ਵੀ ਐਸੀ ਵਧੀਆ ਗੱਲ ਕਹੀ ਜਿਸ ਕਰਕੇ ਗੁਆਂਢੀ ਇਕ ਦੂਜੇ ਵਿਚਕਾਰ ਚੰਗਾ ਮਾਹੌਲ ਪੈਦਾ ਕਰ ਸਕਦੇ ਹਨ। ਲੇਖਕ ਮਾਰਨੀ ਜੈਕਸਨ ਨੇ ਕਿਹਾ: “ਜਿਵੇਂ ਅਸੀਂ ਆਪਣੇ ਪਰਿਵਾਰ ਦੇ ਮੈਂਬਰ ਨਹੀਂ ਚੁਣ ਸਕਦੇ, ਉਸੇ ਤਰ੍ਹਾਂ ਅਸੀਂ ਆਪਣੇ ਗੁਆਂਢੀ ਨਹੀਂ ਚੁਣ ਸਕਦੇ। ਇਨ੍ਹਾਂ ਰਿਸ਼ਤਿਆਂ ਵਿਚ ਸਾਨੂੰ ਇਕ ਦੂਜੇ ਨਾਲ ਚੰਗੀ ਤਰ੍ਹਾਂ ਵਰਤਣਾ ਚਾਹੀਦਾ ਹੈ, ਮਿਲਣਸਾਰ ਹੋਣਾ ਚਾਹੀਦਾ ਹੈ ਤੇ ਇਕ ਦੂਜੇ ਦੀ ਗੱਲ ਬਰਦਾਸ਼ਤ ਕਰ ਲੈਣੀ ਚਾਹੀਦੀ ਹੈ।”

ਚੰਗੇ ਗੁਆਂਢੀ ਖੁੱਲ੍ਹ-ਦਿਲੇ ਹੁੰਦੇ ਹਨ

ਕਈ ਜਣੇ ਸ਼ਾਇਦ ਆਪਣੇ ਗੁਆਂਢੀਆਂ ਨਾਲ ਕੋਈ ਵਾਸਤਾ ਰੱਖਣਾ ਪਸੰਦ ਨਾ ਕਰਨ। ਸ਼ਾਇਦ ਸਾਨੂੰ ਦੂਜਿਆਂ ਤੋਂ ਪਰੇ-ਪਰੇ ਰਹਿਣਾ ਹੀ ਪਸੰਦ ਹੋਵੇ। ਅਸੀਂ ਸ਼ਾਇਦ ਕਿਸੇ ਨਾਲ ਅੱਖ ਵੀ ਨਾ ਮਿਲਾਉਣੀ ਚਾਹੀਏ। ਪਰ ਬਾਈਬਲ ਕਹਿੰਦੀ ਹੈ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਇਸ ਕਰਕੇ ਇਕ ਚੰਗਾ ਗੁਆਂਢੀ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਨਾਲ ਥੋੜ੍ਹਾ-ਬਹੁਤਾ ਵਾਕਫ਼ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਉਹ ਉਨ੍ਹਾਂ ਨਾਲ ਬਹੁਤ ਆਉਣੀ-ਜਾਣੀ ਰੱਖਣੀ ਚਾਹੁੰਦਾ ਹੈ, ਪਰ ਉਹ ਮੂੰਹ-ਮੱਥੇ ਲੱਗਦੇ ਉਨ੍ਹਾਂ ਨੂੰ ਹੈਲੋ ਜ਼ਰੂਰ ਕਹੇਗਾ ਜਾਂ ਉਨ੍ਹਾਂ ਵੱਲ ਮੁਸਕਰਾਏਗਾ।

ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਗੁਆਂਢੀਆਂ ਦੁਆਰਾ ਇਕ ਦੂਜੇ ਲਈ ਕੀਤੇ ਗਏ ‘ਅਨੇਕ ਛੋਟੇ-ਮੋਟੇ ਕੰਮ’ ਪਿਆਰ ਪੈਦਾ ਕਰਦੇ ਹਨ ਤੇ ਫਿਰ ਇਸ ਨੂੰ ਮਜ਼ਬੂਤ ਰੱਖਦੇ ਹਨ। ਸੋ ਇਸ ਲਈ ਚੰਗਾ ਹੋਵੇਗਾ ਜੇ ਤੁਸੀਂ ਆਪਣੇ ਗੁਆਂਢੀ ਲਈ ਕੋਈ ਛੋਟਾ-ਮੋਟਾ ਕੰਮ ਕਰੋ ਕਿਉਂਕਿ ਇਸ ਤੋਂ ਹੀ ਮਿਲਵਰਤਨ ਦੀ ਭਾਵਨਾ ਪੈਦਾ ਹੋਵੇਗੀ ਤੇ ਇਕ ਦੂਜੇ ਲਈ ਇੱਜ਼ਤ ਵਧੇਗੀ। ਇਸ ਤੋਂ ਇਲਾਵਾ ਅਸੀਂ ਬਾਈਬਲ ਦੀ ਸਲਾਹ ਉੱਤੇ ਚੱਲ ਰਹੇ ਹੋਵਾਂਗੇ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।”—ਕਹਾਉਤਾਂ 3:27; ਯਾਕੂਬ 2:14-17.

ਚੰਗੇ ਗੁਆਂਢੀ ਮਦਦ ਦੀ ਕਦਰ ਕਰਦੇ ਹਨ

ਕਈ ਇਨਸਾਨ ਦੂਜਿਆਂ ਨੂੰ ਦੇਣਾ ਪਸੰਦ ਕਰਦੇ ਹਨ, ਪਰ ਲੈਣਾ ਨਹੀਂ। ਨਾ ਹੀ ਉਹ ਕਿਸੇ ਦੀ ਮਦਦ ਚਾਹੁੰਦੇ ਹਨ ਅਤੇ ਨਾ ਹੀ ਉਹ ਉਨ੍ਹਾਂ ਤੋਂ ਕੁਝ ਲੈਣਾ ਚਾਹੁੰਦੇ ਹਨ। ਕਈ ਗੁਆਂਢੀ ਤਾਂ ਇੰਨੇ ਬੇਕਦਰੇ ਹੁੰਦੇ ਹਨ ਕਿ ਪਿਆਰ ਨਾਲ ਦੇਣ ਵਾਲਾ ਬੰਦਾ ਸੋਚ ਸਕਦਾ ਹੈ ਕਿ ‘ਮੈਂ ਅੱਗੇ ਤੋਂ ਕਦੀ ਉਸ ਲਈ ਕੁਝ ਨਹੀਂ ਕਰਾਂਗਾ!’ ਕਈ ਵਾਰ ਇਵੇਂ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਬੜੇ ਆਦਰ-ਪਿਆਰ ਨਾਲ ਹੈਲੋ ਕਰਦੇ ਹੋ, ਪਰ ਉਹ ਜਵਾਬ ਵਿਚ ਹੁੰਗਾਰਾ ਨਹੀਂ ਭਰਦਾ ਜਾਂ ਮਾੜਾ ਜਿਹਾ ਸਿਰ ਹੀ ਹਿਲਾਉਂਦਾ ਹੈ।

ਆਮ ਤੌਰ ਤੇ ਐਸੇ ਲੋਕ ਅਸਲ ਵਿਚ ਰੁੱਖੇ ਨਹੀਂ ਹੁੰਦੇ ਭਾਵੇਂ ਕਿ ਦੇਖਣ ਨੂੰ ਇਸ ਤਰ੍ਹਾਂ ਲੱਗੇ। ਸ਼ਾਇਦ ਉਹ ਆਪਣੇ ਪਰਿਵਾਰਕ ਪਿਛੋਕੜ ਕਾਰਨ ਝਿਜਕਦੇ ਹਨ ਜਿਸ ਵਜ੍ਹਾ ਉਹ ਦੂਜਿਆਂ ਨੂੰ ਰੁੱਖੇ ਲੱਗਦੇ ਹਨ। ਦੂਜੇ ਪਾਸੇ ਇਸ ਨਾਸ਼ੁਕਰੇ ਸੰਸਾਰ ਵਿਚ ਲੋਕ ਇਹ ਵੀ ਸ਼ੱਕ ਕਰ ਸਕਦੇ ਹਨ ਕਿ ਤੁਸੀਂ ਉਨ੍ਹਾਂ ਨਾਲ ਇੰਨੇ ਪਿਆਰ ਨਾਲ ਇਸੇ ਕਰਕੇ ਬੋਲਦੇ ਹੋ ਕਿਉਂਕਿ ਤੁਹਾਨੂੰ ਉਨ੍ਹਾਂ ਨਾਲ ਕੋਈ ਮਤਲਬ ਹੈ। ਸ਼ਾਇਦ ਤੁਹਾਨੂੰ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਪਵੇ ਕਿ ਤੁਸੀਂ ਉਨ੍ਹਾਂ ਨੂੰ ਕਿਸੇ ਮਤਲਬ ਕਰਕੇ ਨਹੀਂ ਬੁਲਾਉਂਦੇ-ਚਲਾਉਂਦੇ। ਸ਼ਾਇਦ ਆਪਸ ਵਿਚ ਜਾਣ-ਪਛਾਣ ਕਰਨ ਲਈ ਕੁਝ ਸਮਾਂ ਲੱਗੇ। ਪਰ ਉਹ ਗੁਆਂਢੀ ਜੋ ਖੁੱਲ੍ਹੇ ਦਿਲ ਨਾਲ ਦਿੰਦੇ ਹਨ ਨਾਲੇ ਦੂਜਿਆਂ ਦੀ ਮਦਦ ਦੀ ਕਦਰ ਕਰਦੇ ਹਨ, ਉਹ ਆਂਢ-ਗੁਆਂਢ ਵਿਚ ਚੰਗਾ ਮਾਹੌਲ ਪੈਦਾ ਕਰਦੇ ਹਨ।

ਦੁਰਘਟਨਾ ਸਮੇਂ

ਜਦ ਕਦੇ ਸਾਡੇ ਨਾਲ ਕੋਈ ਦੁਰਘਟਨਾ ਵਾਪਰਦੀ ਹੈ, ਤਾਂ ਉਸ ਸਮੇਂ ਚੰਗੇ ਗੁਆਂਢੀਆਂ ਦਾ ਅਸਲੀ ਮੁੱਲ ਪਤਾ ਚੱਲਦਾ ਹੈ। ਉਸ ਸਮੇਂ ਪਤਾ ਲੱਗਦਾ ਹੈ ਕਿ ਆਂਢ-ਗੁਆਂਢ ਕੀ ਹੁੰਦਾ ਹੈ। ਐਸੇ ਸਮਿਆਂ ਦੌਰਾਨ ਅਨੇਕ ਦੁਰਘਟਨਾਵਾਂ ਵਿਚ ਫਸੇ ਗੁਆਂਢੀਆਂ ਨੇ ਇਕ ਦੂਜੇ ਦੀ ਹੱਦੋਂ ਵੱਧ ਮਦਦ ਕੀਤੀ ਹੈ। ਖ਼ਾਸ ਕਰਕੇ ਉਦੋਂ ਸਾਰੇ ਜਣੇ ਇਕੱਠੇ ਹੋ ਕੇ ਇਕ ਦੂਜੇ ਦੀ ਮਦਦ ਕਰਦੇ ਹਨ ਜਦੋਂ ਬਿਪਤਾ ਦਾ ਅਸਰ ਸਾਰਿਆਂ ਤੇ ਪੈਂਦਾ ਹੈ। ਅਕਸਰ ਇਕ ਦੂਜੇ ਨੂੰ ਨਫ਼ਰਤ ਕਰਨ ਵਾਲੇ ਲੋਕ ਵੀ ਇਕੱਠੇ ਮਿਲ ਕੇ ਮਦਦ ਕਰਦੇ ਹਨ।

ਮਿਸਾਲ ਲਈ ਦ ਨਿਊਯਾਰਕ ਟਾਈਮਜ਼ ਅਖ਼ਬਾਰ ਦੱਸਦਾ ਹੈ ਕਿ ਜਦੋਂ 1999 ਵਿਚ ਤੁਰਕੀ ਵਿਚ ਇਕ ਵੱਡਾ ਭੁਚਾਲ ਆਇਆ ਸੀ, ਤਾਂ ਅਜਿਹੇ ਲੋਕਾਂ ਨੂੰ ਇਕ ਦੂਜੇ ਦੀ ਮਦਦ ਕਰਦੇ ਦੇਖਿਆ ਗਿਆ ਜਿਨ੍ਹਾਂ ਵਿਚ ਇੱਟ ਕੁੱਤੇ ਦਾ ਵੈਰ ਸੀ। ਗ੍ਰੀਕ ਕਾਲਮਨਵੀਸ ਆੱਨਾ ਸਟਾਰੇਯੁ ਨੇ ਐਥਿਨਜ਼ ਦੇ ਇਕ ਅਖ਼ਬਾਰ ਵਿਚ ਲਿਖਿਆ: “ਸਾਨੂੰ ਹਮੇਸ਼ਾ ਇਹੀ ਸਿਖਾਇਆ ਗਿਆ ਹੈ ਕਿ ਸਾਨੂੰ ਤੁਰਕਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ। ਪਰ ਸਾਨੂੰ ਯਕੀਨ ਨਹੀਂ ਆਉਂਦਾ ਸੀ ਕਿ ਉਹ ਕਿੰਨੇ ਕਸ਼ਟ ਭੋਗ ਰਹੇ ਹਨ। ਇਹ ਦੇਖ ਕੇ ਅਸੀਂ ਖ਼ੁਸ਼ ਨਹੀਂ ਹੋਏ। ਮਰਿਆਂ ਨਿਆਣਿਆਂ ਨੂੰ ਦੇਖ ਕੇ ਸਾਡੇ ਦਿਲ ਬਹੁਤ ਰੋਏ ਤੇ ਉਨ੍ਹਾਂ ਦੀ ਮਦਦ ਕਰਨ ਲਈ ਅਸੀਂ ਸਦੀਆਂ ਪੁਰਾਣੀ ਨਫ਼ਰਤ ਨੂੰ ਇਕ ਪਾਸੇ ਰੱਖ ਦਿੱਤਾ।” ਸਰਕਾਰੀ ਰਾਹਤ ਸੇਵਾਵਾਂ ਖ਼ਤਮ ਹੋ ਜਾਣ ਤੋਂ ਬਾਅਦ ਵੀ ਗ੍ਰੀਕ ਟੀਮਾਂ ਨੇ ਉਨ੍ਹਾਂ ਲੋਕਾਂ ਦੀ ਭਾਲ ਕਰਨੀ ਜਾਰੀ ਰੱਖੀ ਜੋ ਸ਼ਾਇਦ ਅਜੇ ਬਚ ਗਏ ਹੋਣ।

ਨਿਸ਼ਚੇ ਹੀ ਤਬਾਹੀ ਤੋਂ ਬਾਅਦ ਗੁਆਂਢੀਆਂ ਵਜੋਂ ਦੂਜਿਆਂ ਦੀ ਮਦਦ ਕਰਨੀ ਨੇਕੀ ਜਾਂ ਬਹਾਦਰੀ ਦਾ ਕੰਮ ਹੈ। ਆਪਣੇ ਗੁਆਂਢੀ ਨੂੰ ਕਿਸੇ ਬਿਪਤਾ ਦੇ ਆਉਣ ਤੋਂ ਪਹਿਲਾਂ ਉਸ ਨੂੰ ਖ਼ਬਰਦਾਰ ਕਰਨਾ ਇਸ ਤੋਂ ਵੀ ਜ਼ਿਆਦਾ ਨੇਕੀ ਦਾ ਕੰਮ ਸਮਝਿਆ ਜਾਂਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਇਤਿਹਾਸ ਇਸ ਗੱਲ ਨਾਲ ਸਹਿਮਤ ਨਹੀਂ ਹੈ। ਜਿਨ੍ਹਾਂ ਬੰਦਿਆਂ ਨੇ ਆਪਣੇ ਗੁਆਂਢੀਆਂ ਨੂੰ ਆਉਣ ਵਾਲੀ ਕਿਸੇ ਬਿਪਤਾ ਬਾਰੇ ਚੇਤਾਵਨੀ ਦਿੱਤੀ, ਉਨ੍ਹਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਕਿਉਂਕਿ ਉਹ ਆਪ ਕੋਈ ਐਸੀ ਬਿਪਤਾ ਆਉਂਦੀ ਦੇਖ ਨਹੀਂ ਸਕਦੇ ਸਨ। ਚੇਤਾਵਨੀ ਦੇਣ ਵਾਲਿਆਂ ਦੀ ਅਕਸਰ ਕੋਈ ਵੀ ਗੱਲ ਨਹੀਂ ਮੰਨਦਾ। ਲੋਕਾਂ ਨੂੰ ਇਹ ਅਹਿਸਾਸ ਕਰਾਉਣ ਲਈ ਕਿ ਉਨ੍ਹਾਂ ਦੇ ਹਾਲਾਤ ਕਿੰਨੇ ਖ਼ਤਰਨਾਕ ਹਨ, ਕਾਫ਼ੀ ਮਿਹਨਤ ਅਤੇ ਕੁਰਬਾਨੀ ਕਰਨ ਦੀ ਲੋੜ ਹੁੰਦੀ ਹੈ।

ਗੁਆਂਢੀਆਂ ਲਈ ਸਭ ਤੋਂ ਵੱਡਾ ਕੰਮ

ਅੱਜ, ਮਨੁੱਖਜਾਤੀ ਉੱਤੇ ਕਿਸੇ ਕੁਦਰਤੀ ਤਬਾਹੀ ਨਾਲੋਂ ਕਿਤੇ ਹੀ ਵੱਡੀ ਤਬਾਹੀ ਆਉਣ ਵਾਲੀ ਹੈ। ਪਹਿਲਾਂ ਹੀ ਦੱਸਿਆ ਗਿਆ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਇਸ ਧਰਤੀ ਤੋਂ ਜੁਰਮ ਅਤੇ ਦੁਸ਼ਟਤਾ ਤੇ ਇਨ੍ਹਾਂ ਨਾਲ ਆਉਣ ਵਾਲੀਆਂ ਮੁਸੀਬਤਾਂ ਖ਼ਤਮ ਕਰੇਗਾ। (ਪਰਕਾਸ਼ ਦੀ ਪੋਥੀ 16:16; 21:3, 4) ਇਹ ਵੱਡੀ ਘਟਨਾ ਸਿਰਫ਼ ਇਕ ਅਨੁਮਾਨ ਹੀ ਨਹੀਂ ਹੈ ਪਰ ਇਸ ਤਰ੍ਹਾਂ ਸੱਚ-ਮੁੱਚ ਹੋਣ ਵਾਲਾ ਹੈ! ਯਹੋਵਾਹ ਦੇ ਗਵਾਹ ਦੂਜਿਆਂ ਲੋਕਾਂ ਨਾਲ ਉਹ ਗਿਆਨ ਸਾਂਝਾ ਕਰਨ ਲਈ ਉਤਸੁਕ ਹਨ ਜੋ ਇਸ ਘਟਨਾ ਵਿੱਚੋਂ ਬਚ ਸਕਣ ਲਈ ਜ਼ਰੂਰੀ ਹੈ। ਇਸ ਲਈ ਉਹ ਸੰਸਾਰ ਭਰ ਵਿਚ ਆਪਣਾ ਪ੍ਰਚਾਰ ਦਾ ਜਾਣਿਆ-ਪਛਾਣਿਆ ਕੰਮ ਇੰਨੀ ਲਗਨ ਨਾਲ ਕਰਦੇ ਹਨ। (ਮੱਤੀ 24:14) ਉਹ ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਕਰਦੇ ਹਨ ਇਸ ਲਈ ਉਹ ਇਹ ਕੰਮ ਆਪਣੀ ਖ਼ੁਸ਼ੀ ਨਾਲ ਕਰਦੇ ਹਨ।

ਇਸ ਲਈ ਜਦੋਂ ਗਵਾਹ ਤੁਹਾਡੇ ਘਰ ਆਉਂਦੇ ਹਨ ਜਾਂ ਬਾਹਰ ਕਿਤੇ ਤੁਹਾਡੇ ਨਾਲ ਗੱਲ ਕਰਦੇ ਹਨ, ਤਾਂ ਉਨ੍ਹਾਂ ਨਾਲ ਖਿਝਣ ਦੀ ਬਜਾਇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ। ਉਹ ਚੰਗੇ ਗੁਆਂਢੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨ ਲਈ ਰਜ਼ਾਮੰਦ ਹੋਵੋ। ਬਾਈਬਲ ਵਿਚ ਪਾਏ ਜਾਂਦੇ ਪੱਕੇ ਵਾਅਦਿਆਂ ਬਾਰੇ ਗਿਆਨ ਲਵੋ ਕਿ ਜਲਦੀ ਹੀ ਗੁਆਂਢੀ ਆਪਸ ਵਿਚ ਕਿਵੇਂ ਮਿਲ-ਜੁਲ ਕੇ ਰਹਿਣਗੇ। ਉਸ ਸਮੇਂ ਨਸਲੀ ਅਤੇ ਧਾਰਮਿਕ ਮਤ-ਭੇਦ ਨਹੀਂ ਹੋਣਗੇ ਤੇ ਨਾ ਹੀ ਜਾਤ-ਪਾਤ ਦਾ ਫ਼ਰਕ ਉਸ ਆਪਸੀ ਚੰਗੇ ਰਿਸ਼ਤੇ ਨੂੰ ਵਿਗਾੜੇਗਾ ਜਿਸ ਦੀ ਅਸੀਂ ਸਾਰੇ ਇੱਛਾ ਰੱਖਦੇ ਹਾਂ।

[ਸਫ਼ਾ 6, 7 ਉੱਤੇ ਤਸਵੀਰਾਂ]

ਸਾਨੂੰ ਆਪਣੇ ਗੁਆਂਢ ਵਿਚ ਦੂਜਿਆਂ ਲਈ ਛੋਟੇ-ਮੋਟੇ ਕੰਮ ਕਰਨੇ ਚਾਹੀਦੇ ਹਨ

[ਕ੍ਰੈਡਿਟ ਲਾਈਨ]

ਗਲੋਬ: Mountain High Maps® Copyright © 1997 Digital Wisdom, Inc.