Skip to content

Skip to table of contents

ਮਹਾਂ ਗੁਰੂ ਦੀ ਰੀਸ ਕਰੋ

ਮਹਾਂ ਗੁਰੂ ਦੀ ਰੀਸ ਕਰੋ

ਮਹਾਂ ਗੁਰੂ ਦੀ ਰੀਸ ਕਰੋ

“ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”—ਮੱਤੀ 28:19, 20.

1, 2. (ੳ) ਅਸੀਂ ਸਾਰੇ ਕਿਹੜੇ ਤਰੀਕਿਆਂ ਨਾਲ ਸਿੱਖਿਅਕ ਦਾ ਕੰਮ ਕਰਦੇ ਹਾਂ? (ਅ) ਸਿੱਖਿਆ ਦੇਣ ਦੇ ਸੰਬੰਧ ਵਿਚ ਸੱਚੇ ਮਸੀਹੀਆਂ ਨੂੰ ਕਿਹੜੀ ਅਨੋਖੀ ਜ਼ਿੰਮੇਵਾਰੀ ਦਿੱਤੀ ਗਈ ਹੈ?

ਕੀ ਤੁਸੀਂ ਸਿੱਖਿਅਕ ਹੋ? ਕਿਸੇ-ਨਾ-ਕਿਸੇ ਤਰੀਕੇ ਨਾਲ ਅਸੀਂ ਸਾਰੇ ਸਿੱਖਿਅਕ ਹਾਂ। ਮਿਸਾਲ ਲਈ, ਤੁਸੀਂ ਜਦੋਂ ਵੀ ਕਿਸੇ ਭੁੱਲੇ-ਭਟਕੇ ਮੁਸਾਫ਼ਰ ਨੂੰ ਸਹੀ ਰਾਹ ਦੱਸਦੇ ਹੋ, ਕਿਸੇ ਨੂੰ ਕੋਈ ਕੰਮ ਕਰਨਾ ਸਿਖਾਉਂਦੇ ਹੋ ਜਾਂ ਇਕ ਬੱਚੇ ਨੂੰ ਤਸਮੇ ਬੰਨ੍ਹਣੇ ਸਿਖਾਉਂਦੇ ਹੋ, ਤਾਂ ਤੁਸੀਂ ਸਿੱਖਿਅਕ ਦਾ ਕੰਮ ਕਰਦੇ ਹੋ। ਇਸ ਤਰ੍ਹਾਂ ਦੂਸਰਿਆਂ ਦੀ ਮਦਦ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ, ਹੈ ਨਾ?

2 ਸਿੱਖਿਆ ਦੇਣ ਦੇ ਸੰਬੰਧ ਵਿਚ ਸੱਚੇ ਮਸੀਹੀਆਂ ਨੂੰ ਇਕ ਅਨੋਖੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਨੂੰ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ ਅਤੇ ਸਿਖਾਉਣ’ ਦਾ ਕੰਮ ਸੌਂਪਿਆ ਗਿਆ ਹੈ। (ਮੱਤੀ 28:19, 20) ਸਾਨੂੰ ਕਲੀਸਿਯਾ ਵਿਚ ਵੀ ਸਿਖਾਉਣ ਦੇ ਮੌਕੇ ਮਿਲਦੇ ਹਨ। ਯੋਗ ਆਦਮੀਆਂ ਨੂੰ “ਪਾਸਬਾਨ ਅਤੇ ਉਸਤਾਦ” ਵਜੋਂ ਨਿਯੁਕਤ ਕੀਤਾ ਜਾਂਦਾ ਹੈ ਤਾਂਕਿ ਉਹ ਕਲੀਸਿਯਾ ਨੂੰ ਉਤਸ਼ਾਹ ਦੇ ਸਕਣ। (ਅਫ਼ਸੀਆਂ 4:11-13) ਸਿਆਣੀਆਂ ਤੀਵੀਆਂ ਨੂੰ ਆਪਣੇ ਮਸੀਹੀ ਕੰਮਾਂ ਵਿਚ ਮੁਟਿਆਰਾਂ ਨੂੰ ‘ਸੋਹਣੀਆਂ ਗੱਲਾਂ ਸਿਖਾਉਣੀਆਂ’ ਚਾਹੀਦੀਆਂ ਹਨ। (ਤੀਤੁਸ 2:3-5) ਬਾਈਬਲ ਸਾਨੂੰ ਸਾਰਿਆਂ ਨੂੰ ਇਕ ਦੂਜੇ ਨੂੰ ਹੌਸਲਾ ਦੇਣ ਦੀ ਸਲਾਹ ਦਿੰਦੀ ਹੈ। (1 ਥੱਸਲੁਨੀਕੀਆਂ 5:11) ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਪਰਮੇਸ਼ੁਰ ਦਾ ਬਚਨ ਸਿਖਾਈਏ ਅਤੇ ਹੋਰਨਾਂ ਨੂੰ ਉਹ ਰੂਹਾਨੀ ਗੱਲਾਂ ਦੱਸੀਏ ਜਿਨ੍ਹਾਂ ਦਾ ਉਨ੍ਹਾਂ ਨੂੰ ਹਮੇਸ਼ਾ ਲਈ ਫ਼ਾਇਦਾ ਹੋਵੇਗਾ!

3. ਅਸੀਂ ਬਿਹਤਰ ਸਿੱਖਿਅਕ ਕਿਵੇਂ ਬਣ ਸਕਦੇ ਹਾਂ?

3 ਪਰ ਅਸੀਂ ਬਿਹਤਰ ਸਿੱਖਿਅਕ ਕਿਵੇਂ ਬਣ ਸਕਦੇ ਹਾਂ? ਮੁੱਖ ਤੌਰ ਤੇ ਆਪਣੇ ਮਹਾਂ ਗੁਰੂ ਯਿਸੂ ਮਸੀਹ ਦੀ ਰੀਸ ਕਰ ਕੇ। ਪਰ ਸਾਡੇ ਮਨ ਵਿਚ ਸਵਾਲ ਉੱਠ ਸਕਦਾ ਹੈ ਕਿ ‘ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਉਹ ਤਾਂ ਸੰਪੂਰਣ ਸੀ।’ ਇਹ ਸੱਚ ਹੈ ਕਿ ਅਸੀਂ ਸਿਖਾਉਣ ਵਿਚ ਸੰਪੂਰਣ ਨਹੀਂ ਹੋ ਸਕਦੇ। ਫਿਰ ਵੀ, ਆਪਣੀਆਂ ਕਮੀਆਂ ਦੇ ਬਾਵਜੂਦ ਅਸੀਂ ਯਿਸੂ ਦੇ ਸਿਖਾਉਣ ਦੇ ਢੰਗ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਅਸੀਂ ਸਰਲਤਾ, ਚੰਗੇ ਸਵਾਲ, ਦਲੀਲਾਂ ਅਤੇ ਚੰਗੇ ਦ੍ਰਿਸ਼ਟਾਂਤ ਵਰਤ ਕੇ ਇਨ੍ਹਾਂ ਚਾਰ ਗੱਲਾਂ ਵਿਚ ਯਿਸੂ ਦੀ ਕਿਵੇਂ ਰੀਸ ਕਰ ਸਕਦੇ ਹਾਂ।

ਸਰਲ ਤਰੀਕਿਆਂ ਨਾਲ ਸਿੱਖਿਆ ਦਿਓ

4, 5. (ੳ) ਬਾਈਬਲ ਦੀ ਸੱਚਾਈ ਸਮਝਣੀ ਆਮ ਤੌਰ ਤੇ ਸੌਖੀ ਕਿਉਂ ਹੁੰਦੀ ਹੈ? (ਅ) ਸਰਲਤਾ ਨਾਲ ਸਿਖਾਉਣ ਲਈ ਸਾਨੂੰ ਆਮ ਬੋਲੀ ਕਿਉਂ ਵਰਤਣੀ ਚਾਹੀਦੀ ਹੈ?

4 ਪਰਮੇਸ਼ੁਰ ਦੇ ਬਚਨ ਵਿਚ ਬੁਨਿਆਦੀ ਸੱਚਾਈਆਂ ਗੁੰਝਲਦਾਰ ਨਹੀਂ ਹਨ। ਪ੍ਰਾਰਥਨਾ ਵਿਚ ਯਿਸੂ ਨੇ ਕਿਹਾ ਸੀ: “ਹੇ ਪਿਤਾ . . . ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਨ੍ਹਾਂ ਨੂੰ ਨਿਆਣਿਆਂ ਉੱਤੇ ਪਰਗਟ ਕੀਤਾ।” (ਮੱਤੀ 11:25) ਯਹੋਵਾਹ ਨੇ ਆਪਣੇ ਮਕਸਦ ਉਨ੍ਹਾਂ ਸੱਚੇ ਦਿਲ ਵਾਲੇ ਲੋਕਾਂ ਨੂੰ ਪ੍ਰਗਟ ਕੀਤੇ ਹਨ। (1 ਕੁਰਿੰਥੀਆਂ 1:26-28) ਇਸ ਲਈ, ਬਾਈਬਲ ਦੀ ਸੱਚਾਈ ਸਮਝਣੀ ਆਮ ਤੌਰ ਤੇ ਸੌਖੀ ਹੁੰਦੀ ਹੈ।

5 ਜਦੋਂ ਤੁਸੀਂ ਬਾਈਬਲ ਸਟੱਡੀ ਕਰਾਉਂਦੇ ਹੋ ਜਾਂ ਦਿਲਚਸਪੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲਣ ਜਾਂਦੇ ਹੋ, ਤਾਂ ਤੁਸੀਂ ਸਰਲਤਾ ਨਾਲ ਕਿਵੇਂ ਸਿਖਾ ਸਕਦੇ ਹੋ? ਅਸੀਂ ਆਪਣੇ ਮਹਾਂ ਗੁਰੂ ਤੋਂ ਕੀ ਸਿੱਖਿਆ ਸੀ? ਆਪਣੇ ਸੁਣਨ ਵਾਲਿਆਂ ਦੇ ਦਿਲਾਂ ਤਕ ਪਹੁੰਚਣ ਲਈ, ਜਿਹੜੇ “ਵਿਦਵਾਨ ਨਹੀਂ ਸਗੋਂ ਆਮ” ਵਿਅਕਤੀ ਸਨ, ਯਿਸੂ ਨੇ ਆਮ ਬੋਲੀ ਵਰਤੀ ਸੀ ਜੋ ਉਹ ਸਮਝ ਸਕਦੇ ਸਨ। (ਰਸੂਲਾਂ ਦੇ ਕਰਤੱਬ 4:13) ਤਾਂ ਫਿਰ ਸੌਖੇ ਤਰੀਕੇ ਨਾਲ ਸਿਖਾਉਣ ਲਈ ਪਹਿਲੀ ਗੱਲ ਇਹ ਹੈ ਕਿ ਅਸੀਂ ਸੋਚ-ਸਮਝ ਕੇ ਸ਼ਬਦ ਚੁਣੀਏ। ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿਖਾਉਣ ਲਈ ਸਾਨੂੰ ਵੱਡੇ-ਵੱਡੇ ਲਫ਼ਜ਼ ਵਰਤਣ ਦੀ ਲੋੜ ਨਹੀਂ ਹੈ। “ਉੱਚੇ ਪੱਧਰ ਦੀ ਭਾਸ਼ਾ” ਸੁਣ ਕੇ ਉਹ ਲੋਕ ਘਬਰਾ ਸਕਦੇ ਹਨ ਜੋ ਇੰਨੇ ਪੜ੍ਹੇ-ਲਿਖੇ ਨਹੀਂ ਹਨ। (1 ਕੁਰਿੰਥੀਆਂ 2:1, 2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਿਸੂ ਦੀ ਮਿਸਾਲ ਦਿਖਾਉਂਦੀ ਹੈ ਕਿ ਆਮ ਬੋਲੀ ਵਰਤ ਕੇ ਸੱਚਾਈ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

6. ਅਸੀਂ ਬਾਈਬਲ ਦੇ ਵਿਦਿਆਰਥੀ ਉੱਤੇ ਜ਼ਿਆਦਾ ਗੱਲਾਂ ਦਾ ਬੋਝ ਪਾਉਣ ਤੋਂ ਕਿਵੇਂ ਬਚ ਸਕਦੇ ਹਾਂ?

6 ਸਰਲਤਾ ਨਾਲ ਸਿਖਾਉਣ ਲਈ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਬਾਈਬਲ ਦੇ ਵਿਦਿਆਰਥੀ ਉੱਤੇ ਜ਼ਿਆਦਾ ਗੱਲਾਂ ਦਾ ਬੋਝ ਨਾ ਪਾਈਏ। ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਕਿੰਨੀਆਂ ਕੁ ਗੱਲਾਂ ਸਹਾਰ ਸਕਦੇ ਸਨ। (ਯੂਹੰਨਾ 16:12) ਸਾਨੂੰ ਵੀ ਆਪਣੇ ਵਿਦਿਆਰਥੀ ਦਾ ਧਿਆਨ ਰੱਖਣਾ ਚਾਹੀਦਾ ਹੈ। ਮਿਸਾਲ ਲਈ ਜਦੋਂ ਤੁਸੀਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਿੱਚੋਂ ਸਟੱਡੀ ਕਰਾਉਂਦੇ ਹੋ, ਤਾਂ ਤੁਹਾਨੂੰ ਹਰ ਨਿੱਕੀ-ਨਿੱਕੀ ਗੱਲ ਨੂੰ ਸਮਝਾਉਣ ਦੀ ਲੋੜ ਨਹੀਂ ਹੈ। * ਅਤੇ ਨਾ ਹੀ ਇਹ ਜ਼ਰੂਰੀ ਹੈ ਕਿ ਅਸੀਂ ਇੱਕੋ ਵਾਰੀ ਕਾਹਲੀ-ਕਾਹਲੀ ਪੂਰਾ ਅਧਿਆਇ ਪੜ੍ਹਾ ਦੇਈਏ। ਇਸ ਦੀ ਬਜਾਇ, ਬੁੱਧੀਮਤਾ ਦੀ ਗੱਲ ਇਹ ਹੈ ਕਿ ਅਸੀਂ ਵਿਦਿਆਰਥੀ ਦੀਆਂ ਲੋੜਾਂ ਅਤੇ ਕਾਬਲੀਅਤਾਂ ਨੂੰ ਮਨ ਵਿਚ ਰੱਖਦੇ ਹੋਏ ਸਟੱਡੀ ਕਰਾਈਏ। ਅਸੀਂ ਚਾਹੁੰਦੇ ਹਾਂ ਕਿ ਇਹ ਵਿਦਿਆਰਥੀ ਮਸੀਹ ਦਾ ਇਕ ਚੇਲਾ ਬਣੇ ਅਤੇ ਯਹੋਵਾਹ ਦੀ ਸੇਵਾ ਕਰੇ। ਸਾਨੂੰ ਸੱਚਾਈ ਸਮਝਾਉਣ ਲਈ ਉੱਨਾ ਸਮਾਂ ਲਾਉਣਾ ਚਾਹੀਦਾ ਹੈ ਜਿੰਨਾ ਵਿਦਿਆਰਥੀ ਨੂੰ ਚਾਹੀਦਾ ਹੈ ਤਾਂਕਿ ਉਹ ਜੋ ਕੁਝ ਸਿੱਖ ਰਿਹਾ ਹੈ ਉਹ ਉਸ ਨੂੰ ਪੂਰੀ ਤਰ੍ਹਾਂ ਸਮਝ ਸਕੇ। ਇਸ ਤਰ੍ਹਾਂ ਸੱਚਾਈ ਉਸ ਦੇ ਦਿਲ ਤਕ ਪਹੁੰਚੇਗੀ ਅਤੇ ਉਹ ਸਹੀ ਕਦਮ ਚੁੱਕਣ ਲਈ ਪ੍ਰੇਰਿਤ ਹੋਵੇਗਾ।—ਰੋਮੀਆਂ 12:2.

7. ਕਲੀਸਿਯਾ ਵਿਚ ਭਾਸ਼ਣ ਦਿੰਦੇ ਹੋਏ ਅਸੀਂ ਸਰਲਤਾ ਨਾਲ ਸਿਖਾਉਣ ਲਈ ਕਿਹੜੀਆਂ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ?

7 ਜਦੋਂ ਅਸੀਂ ਕਲੀਸਿਯਾ ਵਿਚ ਕੋਈ ਭਾਸ਼ਣ ਦਿੰਦੇ ਹਾਂ, ਤਾਂ ਅਸੀਂ ਖ਼ਾਸ ਕਰਕੇ ਉਦੋਂ “ਸਿੱਧੀ ਗੱਲ” ਕਿਵੇਂ ਕਰ ਸਕਦੇ ਹਾਂ ਜਦੋਂ ਨਵੇਂ ਲੋਕ ਹਾਜ਼ਰ ਹੁੰਦੇ ਹਨ? (1 ਕੁਰਿੰਥੀਆਂ 14:9) ਤਿੰਨ ਗੱਲਾਂ ਵੱਲ ਧਿਆਨ ਦਿਓ ਜੋ ਇਸ ਮਾਮਲੇ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਪਹਿਲੀ ਗੱਲ ਇਹ ਹੈ ਕਿ ਸਾਨੂੰ ਅਜਿਹੇ ਸ਼ਬਦ ਸਮਝਾਉਣੇ ਚਾਹੀਦੇ ਹਨ ਜੋ ਉਨ੍ਹਾਂ ਲਈ ਨਵੇਂ ਹਨ। ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਸੀਂ ਕਈ ਐਸੇ ਸ਼ਬਦ ਸਿੱਖਦੇ ਹਾਂ ਜਿਹੜੇ ਆਮ ਨਹੀਂ ਵਰਤੇ ਜਾਂਦੇ। ਜੇਕਰ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ,” “ਹੋਰ ਭੇਡਾਂ” ਜਾਂ “ਵੱਡੀ ਬਾਬੁਲ” ਵਰਗੇ ਸ਼ਬਦ ਵਰਤਦੇ ਹਾਂ, ਤਾਂ ਸਾਨੂੰ ਸ਼ਾਇਦ ਉਨ੍ਹਾਂ ਨੂੰ ਇਨ੍ਹਾਂ ਦਾ ਅਰਥ ਸੌਖਿਆਂ ਸ਼ਬਦਾਂ ਵਿਚ ਸਮਝਾਉਣਾ ਪਵੇ। ਦੂਜੀ ਗੱਲ ਇਹ ਹੈ ਕਿ ਸਾਨੂੰ ਬਹੁਤ ਸਾਰੇ ਲਫ਼ਜ਼ ਕਹਿਣ ਦੀ ਲੋੜ ਨਹੀਂ ਹੈ। ਜੇਕਰ ਅਸੀਂ ਬਹੁਤ ਕੁਝ ਕਹੀਏ, ਤਾਂ ਸ਼ਾਇਦ ਸਾਡੀ ਗੱਲ ਵਿਚ ਲੋਕਾਂ ਦੀ ਦਿਲਚਸਪੀ ਨਾ ਰਹੇ। ਸਾਨੂੰ ਐਵੇਂ ਵਾਧੂ ਗੱਲਾਂ ਨਹੀਂ ਸਗੋਂ ਜ਼ਰੂਰੀ ਗੱਲਾਂ ਹੀ ਕਰਨੀਆਂ ਚਾਹੀਦੀਆਂ ਹਨ। ਤੀਜੀ ਗੱਲ ਇਹ ਹੈ ਕਿ ਲੋੜ ਤੋਂ ਵੱਧ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈ। ਕਿਸੇ ਵਿਸ਼ੇ ਤੇ ਰਿਸਰਚ ਕਰਦੇ ਹੋਏ ਸਾਨੂੰ ਸ਼ਾਇਦ ਬਹੁਤ ਦਿਲਚਸਪ ਗੱਲਾਂ ਲੱਭਣ। ਪਰ ਵਧੀਆ ਗੱਲ ਇਹ ਹੋਵੇਗੀ ਕਿ ਅਸੀਂ ਖ਼ਾਸ-ਖ਼ਾਸ ਨੁਕਤਿਆਂ ਵੱਲ ਧਿਆਨ ਦੇਈਏ ਅਤੇ ਸਿਰਫ਼ ਉਹੀ ਗੱਲਾਂ ਦੱਸੀਏ ਜੋ ਦਿੱਤੇ ਗਏ ਸਮੇਂ ਵਿਚ ਸਾਫ਼-ਸਾਫ਼ ਸਮਝਾਈਆਂ ਜਾ ਸਕਦੀਆਂ ਹਨ।

ਵਧੀਆ ਸਵਾਲ ਪੁੱਛੋ

8, 9. ਅਸੀਂ ਲੋਕਾਂ ਦੀ ਦਿਲਚਸਪੀ ਪੈਦਾ ਕਰਨ ਲਈ ਕਿਹੋ ਜਿਹੇ ਸਵਾਲ ਪੁੱਛ ਸਕਦੇ ਹਾਂ? ਉਦਾਹਰਣਾਂ ਦਿਓ।

8 ਯਾਦ ਕਰੋ ਕਿ ਯਿਸੂ ਸਵਾਲ ਪੁੱਛਣ ਵਿਚ ਮਾਹਰ ਸੀ। ਉਹ ਆਪਣੇ ਚੇਲਿਆਂ ਨੂੰ ਸਵਾਲ ਪੁੱਛ ਕੇ ਪਤਾ ਕਰ ਲੈਂਦਾ ਸੀ ਕਿ ਉਹ ਕੀ ਸੋਚ ਰਹੇ ਸਨ ਅਤੇ ਉਹ ਉਨ੍ਹਾਂ ਦੀ ਸੋਚਣੀ ਸੁਧਾਰ ਦਿੰਦਾ ਸੀ। ਸਵਾਲਾਂ ਰਾਹੀਂ ਯਿਸੂ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕਿਆ। (ਮੱਤੀ 16:13, 15; ਯੂਹੰਨਾ 11:26) ਯਿਸੂ ਵਾਂਗ ਅਸੀਂ ਵੀ ਕਿਵੇਂ ਸਵਾਲ ਪੁੱਛ ਸਕਦੇ ਹਾਂ?

9 ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਸਵਾਲ ਪੁੱਛ ਕੇ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰ ਸਕਦੇ ਹਾਂ। ਅਸੀਂ ਅਜਿਹਾ ਸਵਾਲ ਕਿਵੇਂ ਪੁੱਛ ਸਕਦੇ ਹਾਂ ਜੋ ਕਿਸੇ ਵਿਅਕਤੀ ਵਿਚ ਦਿਲਚਸਪੀ ਪੈਦਾ ਕਰੇ? ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਤਾਂ ਉਨ੍ਹਾਂ ਦੇ ਵਿਹੜੇ ਵਿਚ ਸਰਸਰੀ ਨਿਗਾਹ ਮਾਰੋ। ਕੀ ਵਿਹੜੇ ਵਿਚ ਖਿਡੌਣੇ ਪਏ ਹੋਏ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਘਰ ਵਿਚ ਬੱਚੇ ਹਨ? ਤਾਂ ਫਿਰ ਅਸੀਂ ਪੁੱਛ ਸਕਦੇ ਹਾਂ: ‘ਕੀ ਤੁਸੀਂ ਕਦੀ ਇਸ ਬਾਰੇ ਸੋਚਿਆ ਹੈ ਕਿ ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਣਗੇ, ਤਾਂ ਇਹ ਦੁਨੀਆਂ ਕਿਸ ਤਰ੍ਹਾਂ ਦੀ ਹੋਵੇਗੀ?’ (ਜ਼ਬੂਰ 37:10, 11) ਜੇ ਦਰਵਾਜ਼ੇ ਤੇ ਬਹੁਤ ਸਾਰੇ ਜਿੰਦੇ ਲੱਗੇ ਹੋਏ ਹਨ ਜਾਂ ਘਰ ਨੂੰ ਅਲਾਰਮ ਲੱਗਾ ਹੋਇਆ ਹੈ, ਤਾਂ ਅਸੀਂ ਪੁੱਛ ਸਕਦੇ ਹਾਂ: ‘ਤੁਹਾਡੇ ਖ਼ਿਆਲ ਵਿਚ ਕੀ ਕਦੀ ਉਹ ਸਮਾਂ ਆਵੇਗਾ ਜਦੋਂ ਅਸੀਂ ਚਾਹੇ ਘਰ ਹੋਈਏ ਜਾਂ ਬਾਹਰ, ਸਾਨੂੰ ਡਰਨ ਦੀ ਲੋੜ ਨਹੀਂ ਹੋਵੇਗੀ?’ (ਮੀਕਾਹ 4:3, 4) ਕੀ ਘਰ ਦੇ ਮੋਹਰੇ ਵੀਲ੍ਹ-ਚੇਅਰ ਚੜ੍ਹਾਉਣ ਲਈ ਢਲਾਣ ਬਣੀ ਹੋਈ ਹੈ? ਅਸੀਂ ਪੁੱਛ ਸਕਦੇ ਹਾਂ: ‘ਕੀ ਅਜਿਹਾ ਵਕਤ ਆਵੇਗਾ ਜਦੋਂ ਸਾਰੇ ਲੋਕ ਤੰਦਰੁਸਤ ਹੋਣਗੇ?’ (ਯਸਾਯਾਹ 33:24) ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਵਿਚ ਬਹੁਤ ਸਾਰੇ ਸੁਝਾਅ ਦਿੱਤੇ ਗਏ ਹਨ। *

10. ਅਸੀਂ ਸਵਾਲ ਪੁੱਛ ਕੇ ਵਿਦਿਆਰਥੀ ਦੇ ਦਿਲ ਦੀਆਂ ਭਾਵਨਾਵਾਂ ਕਿਵੇਂ “ਬਾਹਰ ਕੱਢ” ਸਕਦੇ ਹਾਂ, ਪਰ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?

10 ਬਾਈਬਲ ਸਟੱਡੀ ਕਰਾਉਂਦੇ ਸਮੇਂ ਅਸੀਂ ਸਵਾਲ ਕਿਵੇਂ ਵਰਤ ਸਕਦੇ ਹਾਂ? ਯਿਸੂ ਦੀ ਤਰ੍ਹਾਂ ਅਸੀਂ ਇਹ ਨਹੀਂ ਦੇਖ ਸਕਦੇ ਕਿ ਲੋਕਾਂ ਦੇ ਦਿਲਾਂ ਵਿਚ ਕੀ ਹੈ। ਪਰ ਅਸੀਂ ਸਵਾਲ ਪੁੱਛ ਕੇ ਵਿਦਿਆਰਥੀ ਦੇ ਦਿਲ ਦੀਆਂ ਭਾਵਨਾਵਾਂ “ਬਾਹਰ ਕੱਢ” ਸਕਦੇ ਹਾਂ। (ਕਹਾਉਤਾਂ 20:5) ਫ਼ਰਜ਼ ਕਰੋ ਕਿ ਅਸੀਂ ਗਿਆਨ ਪੁਸਤਕ ਵਿੱਚੋਂ “ਇਕ ਈਸ਼ਵਰੀ ਜੀਵਨ ਬਤੀਤ ਕਰਨਾ ਕਿਉਂ ਖ਼ੁਸ਼ੀ ਲਿਆਉਂਦਾ ਹੈ” ਨਾਂ ਦਾ ਅਧਿਆਇ ਪੜ੍ਹ ਰਹੇ ਹਾਂ। ਇਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਬੇਈਮਾਨੀ, ਵਿਭਚਾਰ ਤੇ ਹੋਰ ਗੱਲਾਂ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ। ਵਿਦਿਆਰਥੀ ਸ਼ਾਇਦ ਪੁਸਤਕ ਵਿਚ ਲਿਖੇ ਸਵਾਲਾਂ ਦੇ ਸਹੀ-ਸਹੀ ਜਵਾਬ ਦੇਵੇ, ਪਰ ਕੀ ਉਹ ਜੋ ਕੁਝ ਸਿੱਖ ਰਿਹਾ ਹੈ ਉਸ ਨਾਲ ਸਹਿਮਤ ਵੀ ਹੈ? ਅਸੀਂ ਪੁੱਛ ਸਕਦੇ ਹਾਂ: ‘ਇਨ੍ਹਾਂ ਮਾਮਲਿਆਂ ਬਾਰੇ ਯਹੋਵਾਹ ਜੋ ਕਹਿੰਦਾ ਹੈ, ਕੀ ਤੁਹਾਨੂੰ ਸਹੀ ਲੱਗਦਾ ਹੈ?’ ‘ਤੁਸੀਂ ਬਾਈਬਲ ਦੇ ਇਹ ਸਿਧਾਂਤ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ?’ ਪਰ ਤੁਹਾਨੂੰ ਸਵਾਲ ਪੁੱਛਦੇ ਸਮੇਂ ਵਿਦਿਆਰਥੀ ਦਾ ਆਦਰ ਕਰਨਾ ਚਾਹੀਦਾ ਹੈ। ਸਾਨੂੰ ਅਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ ਜੋ ਉਸ ਨੂੰ ਸ਼ਰਮਿੰਦਾ ਕਰਨ ਜਾਂ ਉਸ ਦਾ ਅਪਮਾਨ ਕਰਨ।—ਕਹਾਉਤਾਂ 12:18.

11. ਪਬਲਿਕ ਭਾਸ਼ਣਕਾਰ ਸਵਾਲਾਂ ਦਾ ਚੰਗਾ ਇਸਤੇਮਾਲ ਕਿਵੇਂ ਕਰ ਸਕਦੇ ਹਨ?

11 ਪਬਲਿਕ ਭਾਸ਼ਣਕਾਰ ਵੀ ਸਵਾਲਾਂ ਦਾ ਚੰਗਾ ਇਸਤੇਮਾਲ ਕਰ ਸਕਦੇ ਹਨ। ਉਹ ਸੁਣਨ ਵਾਲਿਆਂ ਤੋਂ ਅਜਿਹੇ ਸਵਾਲ ਪੁੱਛ ਸਕਦੇ ਹਨ ਜਿਸ ਦਾ ਉੱਚੀ ਆਵਾਜ਼ ਵਿਚ ਜਵਾਬ ਦੇਣ ਦੀ ਲੋੜ ਨਹੀਂ, ਪਰ ਜਿਨ੍ਹਾਂ ਬਾਰੇ ਉਹ ਆਪਣੇ ਮਨ ਵਿਚ ਸੋਚ ਸਕਦੇ ਹਨ। ਕਦੀ-ਕਦੀ ਯਿਸੂ ਨੇ ਵੀ ਅਜਿਹੇ ਸਵਾਲ ਪੁੱਛੇ ਸਨ। (ਮੱਤੀ 11:7-9) ਇਸ ਤੋਂ ਇਲਾਵਾ, ਭਾਸ਼ਣਕਾਰ ਸ਼ੁਰੂ ਵਿਚ ਖ਼ਾਸ ਨੁਕਤਿਆਂ ਦੇ ਸੰਬੰਧ ਵਿਚ ਅਜਿਹੇ ਸਵਾਲ ਪੁੱਛ ਸਕਦਾ ਹੈ ਜਿਨ੍ਹਾਂ ਦਾ ਜਵਾਬ ਭਾਸ਼ਣ ਵਿਚ ਦਿੱਤਾ ਜਾਵੇਗਾ। ਉਹ ਕਹਿ ਸਕਦਾ ਹੈ: “ਅੱਜ ਇਸ ਭਾਸ਼ਣ ਵਿਚ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ ਕਿ . . .” ਫਿਰ, ਭਾਸ਼ਣ ਦੇ ਅਖ਼ੀਰ ਵਿਚ ਉਹ ਖ਼ਾਸ ਨੁਕਤਿਆਂ ਤੇ ਮੁੜ ਵਿਚਾਰ ਕਰਨ ਲਈ ਉਨ੍ਹਾਂ ਸਵਾਲਾਂ ਵੱਲ ਧਿਆਨ ਖਿੱਚ ਸਕਦਾ ਹੈ।

12. ਉਦਾਹਰਣ ਦਿਓ ਕਿ ਮਸੀਹੀ ਬਜ਼ੁਰਗ ਕਿਸੇ ਭੈਣ ਜਾਂ ਭਰਾ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਦਿਲਾਸਾ ਦੇਣ ਲਈ ਸਵਾਲ ਕਿਵੇਂ ਪੁੱਛ ਸਕਦੇ ਹਨ।

12 ਜਦੋਂ ਮਸੀਹੀ ਬਜ਼ੁਰਗ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦੇ ਹਨ, ਤਾਂ ਉਹ ਯਹੋਵਾਹ ਦੇ ਬਚਨ ਵਿੱਚੋਂ “ਕਮਦਿਲਿਆਂ” ਨੂੰ ਦਿਲਾਸਾ ਦੇਣ ਲਈ ਸਵਾਲ ਪੁੱਛ ਸਕਦੇ ਹਨ। (1 ਥੱਸਲੁਨੀਕੀਆਂ 5:14) ਮਿਸਾਲ ਲਈ, ਜਿਹੜਾ ਵਿਅਕਤੀ ਨਿਰਾਸ਼ ਮਹਿਸੂਸ ਕਰਦਾ ਹੈ ਉਸ ਲਈ ਬਜ਼ੁਰਗ ਜ਼ਬੂਰ 34:18 ਪੜ੍ਹ ਸਕਦਾ ਹੈ। ਇਸ ਵਿਚ ਲਿਖਿਆ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” ਇਹ ਦਿਖਾਉਣ ਲਈ ਕਿ ਇਹ ਹਵਾਲਾ ਉਸ ਵਿਅਕਤੀ ਉੱਤੇ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਬਜ਼ੁਰਗ ਪੁੱਛ ਸਕਦਾ ਹੈ: ‘ਯਹੋਵਾਹ ਕਿਨ੍ਹਾਂ ਦੇ ਨੇੜੇ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਕਈ ਵਾਰ ਤੁਹਾਡਾ ‘ਦਿਲ ਟੁੱਟਾ ਹੋਇਆ ਤੇ ਆਤਮਾ ਕੁਚਲੀ ਹੋਈ ਹੈ?’ ਬਾਈਬਲ ਇੱਥੇ ਕਹਿੰਦੀ ਹੈ ਕਿ ਯਹੋਵਾਹ ਅਜਿਹੇ ਲੋਕਾਂ ਦੇ ਨੇੜੇ ਹੈ, ਤਾਂ ਕੀ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਡੇ ਨੇੜੇ ਹੈ?’ ਨਿਰਾਸ਼ ਵਿਅਕਤੀ ਨੂੰ ਅਜਿਹੀਆਂ ਪਿਆਰੀਆਂ ਅਤੇ ਕੋਮਲ ਗੱਲਾਂ ਤੋਂ ਬਹੁਤ ਹੌਸਲਾ ਮਿਲ ਸਕਦਾ ਹੈ।—ਯਸਾਯਾਹ 57:15.

ਠੋਸ ਦਲੀਲਾਂ ਪੇਸ਼ ਕਰੋ

13, 14. (ੳ) ਅਸੀਂ ਉਸ ਵਿਅਕਤੀ ਨੂੰ ਕੀ ਕਹਿ ਸਕਦੇ ਹਾਂ ਜੋ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਉਹ ਉਸ ਨੂੰ ਦੇਖ ਨਹੀਂ ਸਕਦਾ? (ਅ) ਸਾਨੂੰ ਇਹ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਕਿ ਹਰੇਕ ਜਣਾ ਸਾਡੀ ਗੱਲ ਮੰਨ ਲਵੇਗਾ?

13 ਅਸੀਂ ਪ੍ਰਚਾਰ ਦੌਰਾਨ ਗੱਲਾਂ ਚੰਗੀ ਤਰ੍ਹਾਂ ਸਮਝਾ ਕੇ ਲੋਕਾਂ ਦੇ ਦਿਲਾਂ ਤਕ ਪਹੁੰਚਣਾ ਚਾਹੁੰਦੇ ਹਾਂ। (ਰਸੂਲਾਂ ਦੇ ਕਰਤੱਬ 19:8; 28:23, 24) ਕੀ ਇਸ ਦਾ ਮਤਲਬ ਹੈ ਕਿ ਲੋਕਾਂ ਵਿਚ ਬਾਈਬਲ ਦੀ ਸੱਚਾਈ ਵਿਚ ਵਿਸ਼ਵਾਸ ਪੈਦਾ ਕਰਨ ਲਈ ਸਾਨੂੰ ਗੁੰਝਲਦਾਰ ਦਲੀਲਾਂ ਪੇਸ਼ ਕਰਨੀਆਂ ਸਿੱਖਣੀਆਂ ਪੈਣਗੀਆਂ? ਬਿਲਕੁਲ ਨਹੀਂ। ਸੱਚਾਈ ਸਮਝਾਉਣ ਲਈ ਵੱਡੀਆਂ-ਵੱਡੀਆਂ ਗੱਲਾਂ ਕਰਨ ਦੀ ਲੋੜ ਨਹੀਂ। ਸੌਖੀਆਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ। ਇਕ ਉਦਾਹਰਣ ਵੱਲ ਧਿਆਨ ਦਿਓ।

14 ਅਸੀਂ ਉਸ ਵਿਅਕਤੀ ਨੂੰ ਕੀ ਕਹਿ ਸਕਦੇ ਹਾਂ ਜੋ ਕਹਿੰਦਾ ਹੈ ਕਿ ਉਹ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਉਹ ਉਸ ਨੂੰ ਦੇਖ ਨਹੀਂ ਸਕਦਾ? ਅਸੀਂ ਸਮਝਾ ਸਕਦੇ ਹਾਂ ਕਿ ਹਰ ਬਣੀ ਚੀਜ਼ ਦਾ ਕੋਈ-ਨਾ-ਕੋਈ ਬਣਾਉਣ ਵਾਲਾ ਹੁੰਦਾ ਹੈ। ਅਸੀਂ ਕਹਿ ਸਕਦੇ ਹਾਂ: ‘ਜੇ ਤੁਸੀਂ ਇਕ ਸੁੰਨੀ ਜਗ੍ਹਾ ਵਿਚ ਇਕ ਸੁੰਦਰ ਘਰ ਦੇਖੋ ਜਿਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਪਈਆਂ ਹੋਈਆਂ ਹਨ, ਤਾਂ ਤੁਸੀਂ ਇਕਦਮ ਮੰਨ ਲਓਗੇ ਕਿ ਕਿਸੇ ਵਿਅਕਤੀ ਨੇ ਇਹ ਘਰ ਬਣਾਇਆ ਅਤੇ ਉਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ। ਇਸੇ ਤਰ੍ਹਾਂ ਜਦੋਂ ਅਸੀਂ ਧਰਤੀ ਉੱਤੇ ਨਿਗਾਹ ਮਾਰਦੇ ਹਾਂ ਤੇ ਇਸ ਉੱਤੇ ਬਹੁਤ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇਖਦੇ ਹਾਂ, ਤਾਂ ਕੀ ਇਹ ਗੱਲ ਸਾਫ਼ ਨਹੀਂ ਹੋ ਜਾਂਦੀ ਕਿ ਕਿਸੇ ਨੇ ਇਸ ਨੂੰ ਬਣਾਇਆ ਹੈ?’ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਪਰ ਇਸ ਦਾ ਇਹ ਮਤਲਬ ਨਹੀਂ ਕਿ ਹਰੇਕ ਜਣਾ ਸਾਡੀ ਗੱਲ ਮੰਨ ਲਵੇਗਾ ਭਾਵੇਂ ਅਸੀਂ ਆਪਣੀ ਗੱਲ ਬਹੁਤ ਚੰਗੀ ਤਰ੍ਹਾਂ ਸਮਝਾਈ ਹੋਵੇ। ਬਾਈਬਲ ਸਾਨੂੰ ਯਾਦ ਕਰਾਉਂਦੀ ਹੈ ਕਿ ਸਿਰਫ਼ ‘ਸਹੀ ਮਨੋਬਿਰਤੀ ਰੱਖਣ’ ਵਾਲੇ ਲੋਕ ਨਿਹਚਾ ਕਰਨਗੇ।—ਰਸੂਲਾਂ ਦੇ ਕਰਤੱਬ 13:48, ਨਿ ਵ; 2 ਥੱਸਲੁਨੀਕੀਆਂ 3:2.

15. ਅਸੀਂ ਯਹੋਵਾਹ ਦੇ ਗੁਣਾਂ ਅਤੇ ਕੰਮਾਂ ਉੱਤੇ ਜ਼ੋਰ ਦੇਣ ਲਈ ਕਿਹੜੀ ਦਲੀਲ ਦੇ ਸਕਦੇ ਹਾਂ ਅਤੇ ਅਸੀਂ ਕਿਹੜੀਆਂ ਦੋ ਉਦਾਹਰਣਾਂ ਵਰਤ ਸਕਦੇ ਹਾਂ?

15 ਚਾਹੇ ਅਸੀਂ ਪ੍ਰਚਾਰ ਦੌਰਾਨ ਜਾਂ ਕਲੀਸਿਯਾ ਵਿਚ ਸਿੱਖਿਆ ਦੇ ਰਹੇ ਹਾਂ, ਅਸੀਂ ਯਹੋਵਾਹ ਦੇ ਗੁਣਾਂ ਅਤੇ ਕੰਮਾਂ ਉੱਤੇ ਜ਼ੋਰ ਦੇਣ ਲਈ ਦਲੀਲਾਂ ਦੇ ਸਕਦੇ ਹਾਂ। ਖ਼ਾਸ ਕਰਕੇ ਅਸੀਂ ਯਿਸੂ ਵਾਂਗ “ਕਿੰਨਾ ਵਧੀਕ” ਸ਼ਬਦ ਵਰਤ ਕੇ ਆਪਣੀ ਗੱਲ ਸਮਝਾ ਸਕਦੇ ਹਾਂ। (ਲੂਕਾ 11:13; 12:24) ਗੱਲ ਕਰਦੇ ਹੋਏ ਦਲੀਲਾਂ ਦੇਣ ਦਾ ਕਾਫ਼ੀ ਚੰਗਾ ਅਸਰ ਪੈ ਸਕਦਾ ਹੈ। ਇਹ ਦਿਖਾਉਣ ਲਈ ਕਿ ਨਰਕ ਦੀ ਅੱਗ ਦੀ ਸਿੱਖਿਆ ਕਿੰਨੀ ਗ਼ਲਤ ਤੇ ਫਜ਼ੂਲ ਹੈ, ਅਸੀਂ ਕਹਿ ਸਕਦੇ ਹਾਂ: ‘ਕੋਈ ਵੀ ਪਿਤਾ ਜੋ ਆਪਣੇ ਬੱਚੇ ਨੂੰ ਪਿਆਰ ਕਰਦਾ ਹੈ ਸਜ਼ਾ ਦੇਣ ਲਈ ਉਸ ਦਾ ਹੱਥ ਅੱਗ ਵਿਚ ਨਹੀਂ ਸਾੜੇਗਾ। ਤਾਂ ਫਿਰ ਸਾਡੇ ਸਵਰਗੀ ਪਿਤਾ ਨੂੰ ਨਰਕ ਦੀ ਸਿੱਖਿਆ ਕਿੰਨੀ ਘਿਣਾਉਣੀ ਲੱਗਦੀ ਹੋਵੇਗੀ!’ (ਯਿਰਮਿਯਾਹ 7:31) ਇਹ ਸਿਖਾਉਣ ਲਈ ਕਿ ਯਹੋਵਾਹ ਆਪਣੇ ਹਰੇਕ ਸੇਵਕ ਦੀ ਨਿੱਜੀ ਤੌਰ ਤੇ ਦੇਖ-ਭਾਲ ਕਰਦਾ ਹੈ, ਅਸੀਂ ਕਹਿ ਸਕਦੇ ਹਾਂ: ‘ਜੇ ਯਹੋਵਾਹ ਲੱਖਾਂ-ਕਰੋੜਾਂ ਤਾਰਿਆਂ ਦੇ ਨਾਂ ਜਾਣਦਾ ਹੈ, ਤਾਂ ਉਹ ਇਨਸਾਨਾਂ ਦੀ ਕਿੰਨੀ ਦੇਖ-ਭਾਲ ਕਰਦਾ ਹੋਵੇਗਾ ਜੋ ਉਸ ਨਾਲ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਨੂੰ ਉਸ ਨੇ ਆਪਣੇ ਪੁੱਤਰ ਦੇ ਬਹੁਮੁੱਲੇ ਲਹੂ ਨਾਲ ਮੁੱਲ ਲਿਆ ਹੋਇਆ ਹੈ!’ (ਯਸਾਯਾਹ 40:26; ਰਸੂਲਾਂ ਦੇ ਕਰਤੱਬ 20:28) ਇਸ ਤਰ੍ਹਾਂ ਗੱਲ ਸਮਝਾ ਕੇ ਅਸੀਂ ਲੋਕਾਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ।

ਚੰਗੇ ਦ੍ਰਿਸ਼ਟਾਂਤ ਇਸਤੇਮਾਲ ਕਰੋ

16. ਸਿਖਾਉਣ ਵਿਚ ਦ੍ਰਿਸ਼ਟਾਂਤ ਇੰਨੇ ਫ਼ਾਇਦੇਮੰਦ ਕਿਉਂ ਹਨ?

16 ਚੰਗੇ ਦ੍ਰਿਸ਼ਟਾਂਤ ਭੋਜਨ ਵਿਚ ਮਿਰਚ-ਮਸਾਲੇ ਦੀ ਤਰ੍ਹਾਂ ਹੁੰਦੇ ਹਨ ਜੋ ਸਾਡੀ ਸਿੱਖਿਆ ਸੁਆਦਲੀ ਬਣਾਉਂਦੇ ਹਨ। ਸਿਖਾਉਣ ਵਿਚ ਦ੍ਰਿਸ਼ਟਾਂਤ ਇੰਨੇ ਫ਼ਾਇਦੇਮੰਦ ਕਿਉਂ ਹਨ? ਇਕ ਅਧਿਆਪਕ ਨੇ ਨੋਟ ਕੀਤਾ: ‘ਇਨਸਾਨ ਹਮੇਸ਼ਾ ਸੋਚਣ ਵੇਲੇ ਆਪਣੇ ਮਨ ਵਿਚ ਤਸਵੀਰਾਂ ਬਣਾਉਂਦਾ ਹੈ। ਇਸ ਤੋਂ ਬਿਨਾਂ ਉਸ ਲਈ ਸੋਚਣਾ ਬਹੁਤ ਔਖਾ ਹੈ।’ ਦ੍ਰਿਸ਼ਟਾਂਤਾਂ ਰਾਹੀਂ ਸਾਡੇ ਮਨ ਵਿਚ ਤਸਵੀਰਾਂ ਬਣਦੀਆਂ ਹਨ ਅਤੇ ਇਹ ਨਵੀਆਂ ਗੱਲਾਂ ਸਮਝਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਯਿਸੂ ਨੇ ਬੇਮਿਸਾਲ ਦ੍ਰਿਸ਼ਟਾਂਤ ਵਰਤੇ ਸਨ। (ਮਰਕੁਸ 4:33, 34) ਆਓ ਆਪਾਂ ਦੇਖੀਏ ਕਿ ਦ੍ਰਿਸ਼ਟਾਂਤ ਵਰਤਣ ਵਿਚ ਅਸੀਂ ਉਸ ਦੀ ਕਿਵੇਂ ਰੀਸ ਕਰ ਸਕਦੇ ਹਾਂ।

17. ਕਿਹੜੀਆਂ ਚਾਰ ਗੱਲਾਂ ਇਕ ਦ੍ਰਿਸ਼ਟਾਂਤ ਨੂੰ ਵਧੀਆ ਬਣਾਉਂਦੀਆਂ ਹਨ?

17 ਕਿਹੜੀਆਂ ਗੱਲਾਂ ਇਕ ਦ੍ਰਿਸ਼ਟਾਂਤ ਨੂੰ ਵਧੀਆ ਬਣਾਉਂਦੀਆਂ ਹਨ? ਪਹਿਲੀ ਗੱਲ ਇਹ ਹੈ ਕਿ ਉਹ ਸਾਡੇ ਸੁਣਨ ਵਾਲਿਆਂ ਲਈ ਢੁਕਵਾਂ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਯਾਦ ਰੱਖੋ ਕਿ ਯਿਸੂ ਆਪਣੇ ਸੁਣਨ ਵਾਲਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਦ੍ਰਿਸ਼ਟਾਂਤ ਵਰਤਦਾ ਹੁੰਦਾ ਸੀ। ਦੂਜੀ ਗੱਲ, ਤੁਹਾਡੇ ਦ੍ਰਿਸ਼ਟਾਂਤ ਨਾਲ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝ ਆਉਣੀ ਚਾਹੀਦੀ ਹੈ। ਜੇ ਦ੍ਰਿਸ਼ਟਾਂਤ ਸਾਡੀ ਗੱਲ ਨਾਲ ਮੇਲ ਨਹੀਂ ਖਾਂਦਾ, ਤਾਂ ਸਾਡੇ ਸੁਣਨ ਵਾਲਿਆਂ ਦਾ ਧਿਆਨ ਕਿਸੇ ਹੋਰ ਪਾਸੇ ਜਾ ਸਕਦਾ ਹੈ। ਤੀਜੀ ਗੱਲ, ਦ੍ਰਿਸ਼ਟਾਂਤ ਵਿਚ ਬਹੁਤ ਸਾਰੇ ਨੁਕਤੇ ਨਹੀਂ ਹੋਣੇ ਚਾਹੀਦੇ। ਯਾਦ ਰੱਖੋ ਕਿ ਯਿਸੂ ਨੇ ਸਿਰਫ਼ ਖ਼ਾਸ-ਖ਼ਾਸ ਗੱਲਾਂ ਹੀ ਦੱਸੀਆਂ ਸਨ। ਚੌਥੀ ਗੱਲ, ਜਦੋਂ ਅਸੀਂ ਇਕ ਦ੍ਰਿਸ਼ਟਾਂਤ ਵਰਤਦੇ ਹਾਂ, ਤਾਂ ਉਸ ਦਾ ਮਤਲਬ ਸਾਫ਼ ਹੋਣਾ ਚਾਹੀਦਾ ਹੈ, ਨਹੀਂ ਤਾਂ ਲੋਕ ਉਸ ਨੂੰ ਸਮਝ ਨਹੀਂ ਸਕਣਗੇ।

18. ਅਸੀਂ ਚੰਗੇ ਦ੍ਰਿਸ਼ਟਾਂਤ ਕਿਵੇਂ ਬਣਾ ਸਕਦੇ ਹਾਂ?

18 ਅਸੀਂ ਚੰਗੇ ਦ੍ਰਿਸ਼ਟਾਂਤ ਕਿਵੇਂ ਬਣਾ ਸਕਦੇ ਹਾਂ? ਸਾਨੂੰ ਲੰਬੀਆਂ ਤੇ ਗੁੰਝਲਦਾਰ ਕਹਾਣੀਆਂ ਘੜਨ ਦੀ ਲੋੜ ਨਹੀਂ ਹੈ। ਛੋਟੀਆਂ ਕਹਾਣੀਆਂ ਬਹੁਤ ਅਸਰਦਾਰ ਸਾਬਤ ਹੋ ਸਕਦੀਆਂ ਹਨ। ਤੁਸੀਂ ਆਪਣੀ ਗੱਲ ਨਾਲ ਸੰਬੰਧਿਤ ਕਿਸੇ ਉਦਾਹਰਣ ਬਾਰੇ ਸੋਚ ਸਕਦੇ ਹੋ। ਫ਼ਰਜ਼ ਕਰੋ ਕਿ ਅਸੀਂ ਪਰਮੇਸ਼ੁਰ ਵੱਲੋਂ ਮਾਫ਼ ਕੀਤੇ ਜਾਣ ਬਾਰੇ ਗੱਲ ਕਰ ਰਹੇ ਹਾਂ ਅਤੇ ਅਸੀਂ ਰਸੂਲਾਂ ਦੇ ਕਰਤੱਬ 3:19 ਵਿੱਚੋਂ ਉਦਾਹਰਣ ਦੇਣੀ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਪਾਪ ‘ਮਿਟਾਉਂਦਾ’ ਹੈ। ਇਹ ਗੱਲ ਖ਼ੁਦ ਇਕ ਉਦਾਹਰਣ ਹੈ ਪਰ ਅਸੀਂ ਇਸ ਨੁਕਤੇ ਨੂੰ ਕਿਵੇਂ ਦਰਸਾ ਸਕਦੇ ਹਾਂ? ਅਸੀਂ ਕਹਿ ਸਕਦੇ ਹਾਂ: ‘ਜਿਵੇਂ ਅਸੀਂ ਬਲੈਕਬੋਰਡ ਤੇ ਲਿਖੀਆਂ ਗੱਲਾਂ ਨੂੰ ਕੱਪੜੇ ਨਾਲ ਮਿਟਾ ਦਿੰਦੇ ਹਾਂ, ਉਵੇਂ ਹੀ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ।’ ਅਜਿਹੀ ਸੌਖੀ ਉਦਾਹਰਣ ਨਾਲ ਅਸੀਂ ਆਪਣਾ ਨੁਕਤਾ ਸਾਫ਼-ਸਾਫ਼ ਸਮਝਾ ਸਕਦੇ ਹਾਂ।

19, 20. (ੳ) ਸਾਨੂੰ ਚੰਗੇ ਦ੍ਰਿਸ਼ਟਾਂਤ ਕਿੱਥੋਂ ਮਿਲ ਸਕਦੇ ਹਨ? (ਅ) ਸਾਡੇ ਪ੍ਰਕਾਸ਼ਨਾਂ ਵਿਚ ਵਰਤੇ ਗਏ ਕੁਝ ਵਧੀਆ ਦ੍ਰਿਸ਼ਟਾਂਤਾਂ ਦੀ ਮਿਸਾਲ ਦਿਓ। (ਡੱਬੀ ਵੀ ਦੇਖੋ।)

19 ਤੁਹਾਨੂੰ ਚੰਗੇ ਦ੍ਰਿਸ਼ਟਾਂਤ ਅਤੇ ਤਜਰਬੇ ਕਿੱਥੋਂ ਮਿਲ ਸਕਦੇ ਹਨ? ਇਹ ਆਪਣੀ ਜ਼ਿੰਦਗੀ ਜਾਂ ਭੈਣਾਂ-ਭਰਾਵਾਂ ਦੀਆਂ ਜ਼ਿੰਦਗੀਆਂ ਤੋਂ ਮਿਲ ਸਕਦੇ ਹਨ। ਇਸ ਤੋਂ ਇਲਾਵਾ ਦ੍ਰਿਸ਼ਟਾਂਤ ਬੇਜਾਨ ਤੇ ਜੀਉਂਦੀਆਂ ਚੀਜ਼ਾਂ ਤੋਂ, ਘਰ ਦੇ ਸਮਾਨ ਤੋਂ ਜਾਂ ਸਮਾਜ ਵਿਚ ਕੋਈ ਮਸ਼ਹੂਰ ਘਟਨਾ ਤੋਂ ਲਏ ਜਾ ਸਕਦੇ ਹਨ। ਚੰਗੇ ਦ੍ਰਿਸ਼ਟਾਂਤ ਲੱਭਣ ਦਾ ਵਧੀਆ ਤਰੀਕਾ ਇਹ ਹੈ ਕਿ ਅਸੀਂ ਰੋਜ਼ਾਨਾ ਆਪਣੇ ਆਲੇ-ਦੁਆਲੇ ਦੇ ਹਾਲਾਤਾਂ ਉੱਤੇ ‘ਨਿਗਾਹ ਮਾਰੀਏ।’ (ਰਸੂਲਾਂ ਦੇ ਕਰਤੱਬ 17:22, 23) ਪਬਲਿਕ ਭਾਸ਼ਣ ਦੇਣ ਬਾਰੇ ਇਕ ਪੁਸਤਕ ਨੇ ਕਿਹਾ: “ਜਿਹੜਾ ਭਾਸ਼ਣਕਾਰ ਇਨਸਾਨਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਵੱਖੋ-ਵੱਖਰੇ ਕੰਮਾਂ ਉੱਤੇ ਗੌਰ ਕਰਦਾ ਹੈ, ਕਈ ਤਰ੍ਹਾਂ ਦੇ ਬੰਦਿਆਂ ਨਾਲ ਗੱਲਬਾਤ ਕਰਦਾ ਹੈ, ਛਾਣਬੀਣ ਕਰਦਾ ਹੈ ਤੇ ਸਵਾਲ ਪੁੱਛਦਾ ਹੈ, ਉਸ ਨੂੰ ਬਹੁਤ ਜਾਣਕਾਰੀ ਹੋ ਜਾਂਦੀ ਹੈ ਅਤੇ ਜ਼ਰੂਰਤ ਪੈਣ ਤੇ ਉਹ ਇਸ ਤੋਂ ਕਈ ਦ੍ਰਿਸ਼ਟਾਂਤ ਬਣਾ ਸਕਦਾ ਹੈ।”

20ਪਹਿਰਾਬੁਰਜ, ਜਾਗਰੂਕ ਬਣੋ! ਅਤੇ ਯਹੋਵਾਹ ਦੇ ਗਵਾਹਾਂ ਦੇ ਹੋਰ ਪ੍ਰਕਾਸ਼ਨਾਂ ਵਿੱਚੋਂ ਵੀ ਦ੍ਰਿਸ਼ਟਾਂਤ ਮਿਲ ਸਕਦੇ ਹਨ। ਤੁਸੀਂ ਇਨ੍ਹਾਂ ਪ੍ਰਕਾਸ਼ਨਾਂ ਵਿਚ ਦਿੱਤੇ ਦ੍ਰਿਸ਼ਟਾਂਤ ਵਰਤਣ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹੋ। * ਉਦਾਹਰਣ ਲਈ, ਗਿਆਨ ਪੁਸਤਕ ਦੇ 17ਵੇਂ ਅਧਿਆਇ ਦੇ 11ਵੇਂ ਪੈਰੇ ਵਿਚ ਦਿੱਤੇ ਗਏ ਦ੍ਰਿਸ਼ਟਾਂਤ ਵੱਲ ਧਿਆਨ ਦਿਓ। ਇਸ ਵਿਚ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਤੁਲਨਾ ਸੜਕ ਤੇ ਚੱਲ ਰਹੀਆਂ ਅਨੇਕ ਗੱਡੀਆਂ ਨਾਲ ਕੀਤੀ ਗਈ ਹੈ। ਇਹ ਦ੍ਰਿਸ਼ਟਾਂਤ ਚੰਗਾ ਕਿਉਂ ਹੈ? ਧਿਆਨ ਦਿਓ ਕਿ ਇਸ ਦਾ ਸੰਬੰਧ ਰੋਜ਼ਾਨਾ ਜ਼ਿੰਦਗੀ ਨਾਲ ਹੈ, ਇਹ ਨੁਕਤੇ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਅਤੇ ਇਸ ਦਾ ਮਤਲਬ ਸਾਫ਼ ਹੈ। ਸ਼ਾਇਦ ਅਸੀਂ ਬਾਈਬਲ ਦੇ ਵਿਦਿਆਰਥੀ ਨੂੰ ਸਿੱਖਿਆ ਦੇਣ ਲਈ ਜਾਂ ਕੋਈ ਭਾਸ਼ਣ ਦੇਣ ਲਈ ਪ੍ਰਕਾਸ਼ਨਾਂ ਵਿਚ ਦਿੱਤੇ ਗਏ ਦ੍ਰਿਸ਼ਟਾਂਤਾਂ ਨੂੰ ਥੋੜ੍ਹਾ ਜਿਹਾ ਬਦਲ ਕੇ ਵਰਤ ਸਕਦੇ ਹਾਂ।

21. ਸਾਨੂੰ ਪਰਮੇਸ਼ੁਰ ਦਾ ਬਚਨ ਚੰਗੀ ਤਰ੍ਹਾਂ ਸਿਖਾਉਣ ਕਰਕੇ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

21 ਇਕ ਚੰਗਾ ਸਿੱਖਿਅਕ ਬਣਨ ਦੀਆਂ ਬਰਕਤਾਂ ਬਹੁਤ ਹਨ। ਜਦੋਂ ਅਸੀਂ ਸਿਖਾਉਂਦੇ ਹਾਂ, ਤਾਂ ਅਸੀਂ ਦੂਸਰਿਆਂ ਨੂੰ ਆਪਣਾ ਕੁਝ ਦੇ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਨੂੰ ਖ਼ੁਸ਼ੀ ਹੁੰਦੀ ਹੈ ਕਿਉਂਕਿ ਉਹ ਲੋਕਾਂ ਨੂੰ ਅਜਿਹਾ ਕੁਝ ਦੇ ਰਹੇ ਹਨ ਜੋ ਕਦੀ ਵੀ ਖ਼ਤਮ ਨਹੀਂ ਹੋਵੇਗਾ ਯਾਨੀ ਯਹੋਵਾਹ ਬਾਰੇ ਗਿਆਨ। ਸਾਨੂੰ ਇਸ ਕਰਕੇ ਵੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਮਹਾਂ ਗੁਰੂ ਯਿਸੂ ਮਸੀਹ ਦੀ ਰੀਸ ਕਰ ਰਹੇ ਹਾਂ।

[ਫੁਟਨੋਟ]

^ ਪੈਰਾ 6 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 9 “ਪ੍ਰਸਤਾਵਨਾਵਾਂ—ਖੇਤਰ ਸੇਵਕਾਈ ਵਿਚ ਵਰਤੋਂ ਦੇ ਲਈ” ਦੇ ਸਫ਼ੇ 2-7 ਦੇਖੋ। ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 20 ਦ੍ਰਿਸ਼ਟਾਂਤ ਲੱਭਣ ਲਈ ਵਾਚ ਟਾਵਰ ਪਬਲਿਕੇਸ਼ੰਜ਼ ਇੰਡੈਕਸ 1986-2000 ਵਿਚ “Illustrations” (ਇਲੱਸਟ੍ਰੇਸ਼ਨਜ਼) ਦੇ ਸਿਰਲੇਖ ਹੇਠਾਂ ਦੇਖੋ। ਇਹ ਯਹੋਵਾਹ ਦੇ ਗਵਾਹਾਂ ਦੁਆਰਾ ਕਈਆਂ ਭਾਸ਼ਾਵਾਂ ਵਿਚ ਛਾਪਿਆ ਗਿਆ ਹੈ।

ਕੀ ਤੁਹਾਨੂੰ ਯਾਦ ਹੈ?

• ਅਸੀਂ ਬਾਈਬਲ ਸਟੱਡੀ ਕਰਾਉਂਦੇ ਹੋਏ ਅਤੇ ਕਲੀਸਿਯਾ ਵਿਚ ਭਾਸ਼ਣ ਦਿੰਦੇ ਹੋਏ ਸਰਲਤਾ ਨਾਲ ਕਿਵੇਂ ਸਿਖਾ ਸਕਦੇ ਹਾਂ?

• ਘਰ-ਘਰ ਪ੍ਰਚਾਰ ਕਰਦੇ ਸਮੇਂ ਅਸੀਂ ਚੰਗੀ ਤਰ੍ਹਾਂ ਸਵਾਲ ਕਿਵੇਂ ਪੁੱਛ ਸਕਦੇ ਹਾਂ?

• ਯਹੋਵਾਹ ਦੇ ਗੁਣਾਂ ਅਤੇ ਕੰਮਾਂ ਉੱਤੇ ਜ਼ੋਰ ਦੇਣ ਲਈ ਅਸੀਂ ਕਿੱਦਾਂ ਦੀਆਂ ਦਲੀਲਾਂ ਦੇ ਸਕਦੇ ਹਾਂ?

• ਸਾਨੂੰ ਚੰਗੇ ਦ੍ਰਿਸ਼ਟਾਂਤ ਕਿੱਥੋਂ ਮਿਲ ਸਕਦੇ ਹਨ?

[ਸਵਾਲ]

[ਸਫ਼ੇ 23 ਉੱਤੇ ਡੱਬੀ/ਤਸਵੀਰ]

ਕੀ ਤੁਹਾਨੂੰ ਇਹ ਦ੍ਰਿਸ਼ਟਾਂਤ ਯਾਦ ਹਨ?

ਥੱਲੇ ਕੁਝ ਚੰਗੇ ਦ੍ਰਿਸ਼ਟਾਂਤ ਦਿੱਤੇ ਗਏ ਹਨ। ਕਿਉਂ ਨਾ ਇਨ੍ਹਾਂ ਪ੍ਰਕਾਸ਼ਨਾਂ ਵਿਚ ਇਹ ਦ੍ਰਿਸ਼ਟਾਂਤ ਦੇਖੋ ਅਤੇ ਨੋਟ ਕਰੋ ਕਿ ਦ੍ਰਿਸ਼ਟਾਂਤ ਕਿਵੇਂ ਵਰਤੇ ਗਏ ਸਨ?

• ਦੋ ਬਾਜ਼ੀਗਰਾਂ ਜਾਂ ਬਰਫ਼ ਉੱਤੇ ਸਕੇਟਿੰਗ ਕਰ ਰਹੇ ਵਿਅਕਤੀਆਂ ਦੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਵਿਆਹ ਦੀ ਸਫ਼ਲਤਾ ਇਕ ਚੰਗੇ ਸਾਥੀ ਉੱਤੇ ਨਿਰਭਰ ਹੈ।—ਪਹਿਰਾਬੁਰਜ, 15 ਮਈ 2001, ਸਫ਼ਾ 16.

• ਗੱਲ ਕਰਨੀ ਗੇਂਦ ਸੁੱਟਣ ਵਾਂਗ ਹੁੰਦੀ ਹੈ। ਤੁਸੀਂ ਗੇਂਦ ਜਾਂ ਤਾਂ ਹੌਲੀ ਸੁੱਟ ਸਕਦੇ ਹੋ ਤਾਂਕਿ ਦੂਸਰਾ ਵਿਅਕਤੀ ਇਸ ਨੂੰ ਸੌਖਿਆਂ ਹੀ ਫੜ ਲਵੇ ਜਾਂ ਤੁਸੀਂ ਜ਼ੋਰ ਨਾਲ ਸੁੱਟ ਸਕਦੇ ਹੋ ਕਿ ਦੂਸਰੇ ਨੂੰ ਸੱਟ ਲੱਗ ਜਾਵੇ।—ਜਾਗਰੂਕ ਬਣੋ!, ਜਨਵਰੀ-ਮਾਰਚ 2001, ਸਫ਼ਾ 10.

• ਪ੍ਰੇਮ ਨੂੰ ਦਿਖਾਉਣ ਦਾ ਤਰੀਕਾ ਸਿੱਖਣਾ ਇਕ ਨਵੀਂ ਭਾਸ਼ਾ ਸਿੱਖਣ ਵਾਂਗ ਹੈ।—ਪਹਿਰਾਬੁਰਜ, 1 ਫਰਵਰੀ 1999, ਸਫ਼ੇ 25, 29-30.

• ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਲੁਭਾਉਣ ਲਈ ਚੋਗਾ ਵਰਤਦੇ ਹਨ, ਉਸੇ ਤਰ੍ਹਾਂ ਬੁਰੇ ਦੂਤ ਪ੍ਰੇਤਵਾਦ ਨੂੰ ਇਸਤੇਮਾਲ ਕਰਦੇ ਹਨ।—ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਸਫ਼ਾ 111.

• ਯਿਸੂ ਆਦਮ ਦੇ ਬੱਚਿਆਂ ਨੂੰ ਬਚਾਉਂਦਾ ਹੈ ਇਸ ਨੂੰ ਸਮਝਾਉਣ ਲਈ ਇਕ ਐਸੇ ਅਮੀਰ ਅਤੇ ਚੰਗੇ ਮਨੁੱਖ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ ਜੋ ਕੰਪਨੀ ਦਾ ਕਰਜ਼ਾ ਚੁਕਾ ਕੇ ਫੈਕਟਰੀ ਨੂੰ ਦੁਬਾਰਾ ਖੋਲ੍ਹ ਦਿੰਦਾ ਹੈ ਜਿਸ ਦਾ ਇਕ ਬੇਈਮਾਨ ਮੈਨੇਜਰ ਨੇ ਦਿਵਾਲ਼ਾ ਕੱਢ ਦਿੱਤਾ ਸੀ। ਇਸ ਤੋਂ ਉਸ ਦੇ ਸਾਰੇ ਮਜ਼ਦੂਰਾਂ ਨੂੰ ਲਾਭ ਹੁੰਦਾ ਹੈ।—ਪਹਿਰਾਬੁਰਜ, 1 ਫਰਵਰੀ 1999, ਸਫ਼ਾ 22.

• ਚੰਗਾ ਨਾਂ ਕਮਾਉਣਾ ਇਕ ਬਹੁਤ ਸੋਹਣੀ ਤਸਵੀਰ ਦੀ ਤਰ੍ਹਾਂ ਹੈ ਜਿਸ ਵਿਚ ਚਿੱਤਰਕਾਰ ਨੇ ਵੱਖਰੇ-ਵੱਖਰੇ ਰੰਗ ਭਰਨ ਲਈ ਬਹੁਤ ਵਾਰ ਬੁਰਸ਼ ਫੇਰਿਆ ਹੈ। ਇਸ ਤਰ੍ਹਾਂ ਉਮਰ ਭਰ ਛੋਟੇ-ਛੋਟੇ ਕੰਮ ਕਰ ਕੇ ਚੰਗਾ ਨਾਂ ਕਮਾਇਆ ਜਾ ਸਕਦਾ ਹੈ।—ਪਹਿਰਾਬੁਰਜ, 1 ਜੂਨ 1999, ਸਫ਼ਾ 32.

[ਸਫ਼ੇ 20 ਉੱਤੇ ਤਸਵੀਰਾਂ]

ਸੱਚੇ ਮਸੀਹੀ ਪਰਮੇਸ਼ੁਰ ਦਾ ਬਚਨ ਸਿਖਾਉਂਦੇ ਹਨ

[ਸਫ਼ੇ 21 ਉੱਤੇ ਤਸਵੀਰ]

ਬਜ਼ੁਰਗ ਸਵਾਲ ਪੁੱਛ ਕੇ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਦਿਲਾਸਾ ਦੇ ਸਕਦੇ ਹਨ