Skip to content

Skip to table of contents

“ਮੈਂ ਆਪਣੇ ਜੀਵਨ ਦੀ ਕੋਈ ਗੱਲ ਨਹੀਂ ਬਦਲਣੀ ਚਾਹੁੰਦੀ!”

“ਮੈਂ ਆਪਣੇ ਜੀਵਨ ਦੀ ਕੋਈ ਗੱਲ ਨਹੀਂ ਬਦਲਣੀ ਚਾਹੁੰਦੀ!”

ਜੀਵਨੀ

“ਮੈਂ ਆਪਣੇ ਜੀਵਨ ਦੀ ਕੋਈ ਗੱਲ ਨਹੀਂ ਬਦਲਣੀ ਚਾਹੁੰਦੀ!”

ਗਲੈਡਿਸ ਐਲਨ ਦੀ ਜ਼ਬਾਨੀ

ਕਦੇ-ਕਦੇ ਮੈਨੂੰ ਪੁੱਛਿਆ ਜਾਂਦਾ ਹੈ ਕਿ “ਜੇ ਤੈਨੂੰ ਦੁਬਾਰਾ ਜੀਉਣ ਦਾ ਮੌਕਾ ਮਿਲੇ, ਤਾਂ ਤੂੰ ਕਿਹੜੀ ਗੱਲ ਬਦਲਣੀ ਚਾਹੇਂਗੀ?” ਸੱਚੋ-ਸੱਚ ਦੱਸਾਂ ਤਾਂ “ਮੈਂ ਆਪਣੇ ਜੀਵਨ ਦੀ ਕੋਈ ਗੱਲ ਨਹੀਂ ਬਦਲਣੀ ਚਾਹੁੰਦੀ!” ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਕਿ ਮੈਂ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੀ ਹਾਂ।

ਸਾਲ 1929 ਦੀ ਗਰਮੀਆਂ ਦੀ ਰੁੱਤ ਵਿਚ, ਜਦ ਮੈਂ ਦੋ ਸਾਲਾਂ ਦੀ ਸੀ, ਮੇਰੇ ਪਿਤਾ ਜੀ ਮੈਥਿਊ ਐਲਨ ਨਾਲ ਇਕ ਬਹੁਤ ਹੀ ਵਧੀਆ ਗੱਲ ਹੋਈ। ਉਨ੍ਹਾਂ ਨੂੰ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਯਾਨੀ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ “ਲੱਖੋ-ਲੱਖ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ! (ਅੰਗ੍ਰੇਜ਼ੀ) ਨਾਮਕ ਪੁਸਤਿਕਾ ਮਿਲੀ। ਬੜੀ ਦਿਲਚਸਪੀ ਨਾਲ ਫਟਾਫਟ ਕੁਝ ਸਫ਼ੇ ਪੜ੍ਹਨ ਤੋਂ ਬਾਅਦ ਪਿਤਾ ਜੀ ਨੇ ਕਿਹਾ, “ਇਹ ਵਧੀਆ ਗੱਲਾਂ ਪਹਿਲਾਂ ਮੈਂ ਕਦੇ ਨਹੀਂ ਪੜ੍ਹੀਆਂ!”

ਥੋੜ੍ਹੇ ਚਿਰ ਬਾਅਦ, ਪਿਤਾ ਜੀ ਨੇ ਗਵਾਹਾਂ ਕੋਲੋਂ ਹੋਰ ਪ੍ਰਕਾਸ਼ਨ ਲਏ। ਉਹ ਜਲਦੀ ਹੀ ਸਿੱਖੀਆਂ ਹੋਈਆਂ ਗੱਲਾਂ ਆਪਣੇ ਸਾਰੇ ਗੁਆਂਢੀਆਂ ਨਾਲ ਸਾਂਝੀਆਂ ਕਰਨ ਲੱਗ ਪਏ। ਪਰ ਸਾਡੇ ਪੇਂਡੂ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀ ਕੋਈ ਕਲੀਸਿਯਾ ਨਹੀਂ ਸੀ। ਮਸੀਹੀ ਸਭਾਵਾਂ ਵਿਚ ਲਗਾਤਾਰ ਜਾਣ ਦੀ ਲੋੜ ਨੂੰ ਪਛਾਣਦੇ ਹੋਏ, ਪਿਤਾ ਜੀ 1935 ਵਿਚ ਸਾਰੇ ਪਰਿਵਾਰ ਨੂੰ ਕੈਨੇਡਾ ਦੇ ਸੂਬੇ ਆਂਟੇਰੀਓ ਦੇ ਔਰਿੰਜਵਿਲ ਨਗਰ ਵਿਚ ਲੈ ਗਏ ਕਿਉਂਕਿ ਉੱਥੇ ਮਸੀਹੀ ਕਲੀਸਿਯਾ ਸੀ।

ਉਨ੍ਹਾਂ ਦਿਨਾਂ ਵਿਚ ਮਾਪੇ ਬੱਚਿਆਂ ਨੂੰ ਮਸੀਹੀ ਸਭਾਵਾਂ ਲਈ ਅੰਦਰ ਨਹੀਂ ਲੈ ਕੇ ਜਾਂਦੇ ਸਨ; ਜਦੋਂ ਤਕ ਸਭਾ ਖ਼ਤਮ ਨਹੀਂ ਹੁੰਦੀ ਸੀ, ਤਦ ਤਕ ਬੱਚੇ ਅਕਸਰ ਬਾਹਰ ਖੇਡਦੇ ਰਹਿੰਦੇ ਸਨ। ਪਿਤਾ ਜੀ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਉਹ ਸੋਚਦੇ ਸਨ ਕਿ “ਜੇ ਇਹ ਸਭਾਵਾਂ ਮੇਰੇ ਲਈ ਫ਼ਾਇਦੇਮੰਦ ਹਨ, ਤਾਂ ਇਹ ਮੇਰੇ ਬੱਚਿਆਂ ਲਈ ਵੀ ਫ਼ਾਇਦੇਮੰਦ ਹਨ।” ਹਾਲਾਂਕਿ ਪਿਤਾ ਜੀ ਨੂੰ ਸਭਾਵਾਂ ਵਿਚ ਜਾਂਦਿਆਂ ਥੋੜ੍ਹਾ ਹੀ ਚਿਰ ਹੋਇਆ ਸੀ, ਉਨ੍ਹਾਂ ਨੇ ਮੇਰੇ ਭਰਾ ਬੌਬ, ਮੇਰੀਆਂ ਭੈਣਾਂ ਐਲਾ ਅਤੇ ਰੂਬੀ ਤੇ ਮੈਨੂੰ ਆਪਣੇ ਨਾਲ ਸਭਾਵਾਂ ਵਿਚ ਜਾਣ ਲਈ ਕਿਹਾ ਅਤੇ ਅਸੀਂ ਗਏ ਵੀ। ਜਲਦੀ ਹੀ ਦੂਜੇ ਗਵਾਹਾਂ ਦੇ ਬੱਚੇ ਵੀ ਸਭਾਵਾਂ ਵਿਚ ਆਉਣ ਲੱਗ ਪਏ। ਸਭਾਵਾਂ ਵਿਚ ਜਾਣਾ ਅਤੇ ਟਿੱਪਣੀਆਂ ਕਰਨੀਆਂ ਸਾਡੀਆਂ ਜ਼ਿੰਦਗੀਆਂ ਦਾ ਅਹਿਮ ਹਿੱਸਾ ਬਣ ਗਏ।

ਪਿਤਾ ਜੀ ਬਾਈਬਲ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਬਾਈਬਲ ਕਹਾਣੀਆਂ ਨੂੰ ਵਧੀਆ ਤਰੀਕੇ ਨਾਲ ਨਾਟਕ ਦੇ ਰੂਪ ਵਿਚ ਪੇਸ਼ ਕਰਦੇ ਸਨ। ਇਨ੍ਹਾਂ ਕਹਾਣੀਆਂ ਦੁਆਰਾ ਉਸ ਨੇ ਸਾਡੇ ਦਿਲਾਂ ਵਿਚ ਜ਼ਰੂਰੀ ਸਬਕਾਂ ਨੂੰ ਬਿਠਾਇਆ ਜੋ ਹਾਲੇ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹਨ। ਇਕ ਗੱਲ ਜੋ ਮੈਨੂੰ ਯਾਦ ਆਉਂਦੀ ਹੈ, ਉਹ ਇਹ ਹੈ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦਾ ਕਹਿਣਾ ਮੰਨਦੇ ਹਨ।

ਪਿਤਾ ਜੀ ਨੇ ਸਾਨੂੰ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬਾਈਬਲ ਤੋਂ ਜਵਾਬ ਦੇਣਾ ਵੀ ਸਿਖਾਇਆ। ਇਸ ਬਾਰੇ ਅਸੀਂ ਇਕ ਖੇਡ ਖੇਡਦੇ ਹੁੰਦੇ ਸਾਂ। ਪਿਤਾ ਜੀ ਕਹਿੰਦੇ ਸਨ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਮਰਨ ਤੋਂ ਬਾਅਦ ਸਵਰਗ ਜਾਵਾਂਗਾ। ਹੁਣ ਤੁਸੀਂ ਮੈਨੂੰ ਸਾਬਤ ਕਰ ਕੇ ਦਿਖਾਓ ਕਿ ਮੈਂ ਨਹੀਂ ਜਾਵਾਂਗਾ।” ਮੈਂ ਤੇ ਰੂਬੀ ਇਸ ਸਿੱਖਿਆ ਨੂੰ ਗ਼ਲਤ ਸਾਬਤ ਕਰਨ ਲਈ ਸ਼ਬਦ-ਅਨੁਕ੍ਰਮਣਿਕਾ (concordance) ਵਿੱਚੋਂ ਬਾਈਬਲ ਹਵਾਲਿਆਂ ਦੀ ਖੋਜ ਕਰਦੀਆਂ ਹੁੰਦੀਆਂ ਸਾਂ। ਅਸੀਂ ਲੱਭੇ ਗਏ ਹਵਾਲੇ ਪਿਤਾ ਜੀ ਨੂੰ ਪੜ੍ਹ ਕੇ ਸੁਣਾਉਂਦੀਆਂ ਸਾਂ, ਇਸ ਤੋਂ ਬਾਅਦ ਪਿਤਾ ਜੀ ਕਹਿੰਦੇ ਸਨ, “ਇਹ ਤਾਂ ਠੀਕ ਹੈ, ਪਰ ਮੈਨੂੰ ਹਾਲੇ ਵੀ ਯਕੀਨ ਨਹੀਂ ਹੋਇਆ।” ਅਸੀਂ ਫਿਰ ਸ਼ਬਦ-ਅਨੁਕ੍ਰਮਣਿਕਾ ਵਿਚ ਖੋਜ ਕਰਦੀਆਂ ਸਾਂ। ਇਹ ਖੇਡ ਘੰਟਿਆਂ ਤਾਈਂ ਚੱਲਦੀ ਰਹਿੰਦੀ ਸੀ ਜਦ ਤਕ ਪਿਤਾ ਜੀ ਨੂੰ ਉਨ੍ਹਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਜਾਂਦੇ ਸਨ। ਨਤੀਜੇ ਵਜੋਂ, ਮੈਂ ਤੇ ਰੂਬੀ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬਾਈਬਲ ਤੋਂ ਜਵਾਬ ਦੇਣ ਲਈ ਚੰਗੀ ਤਰ੍ਹਾਂ ਤਿਆਰ ਹੋ ਗਈਆਂ।

ਮਨੁੱਖ ਦੇ ਭੈ ਦਾ ਸਾਮ੍ਹਣਾ ਕਰਨਾ

ਘਰ ਅਤੇ ਮਸੀਹੀ ਸਭਾਵਾਂ ਵਿਚ ਚੰਗੀ ਸਿੱਖਿਆ ਲੈਣ ਦੇ ਬਾਵਜੂਦ ਮੈਂ ਮੰਨਦੀ ਹਾਂ ਕਿ ਇਕ ਮਸੀਹੀ ਹੋਣ ਕਰਕੇ ਮੈਨੂੰ ਕੁਝ ਗੱਲਾਂ ਉੱਤੇ ਚੱਲਣਾ ਮੁਸ਼ਕਲ ਲੱਗਦਾ ਸੀ। ਕਈ ਨੌਜਵਾਨਾਂ ਵਾਂਗ ਮੈਂ ਵੀ ਆਪਣੀ ਕਲਾਸ ਦੇ ਮੁੰਡੇ-ਕੁੜੀਆਂ ਨਾਲੋਂ ਅਲੱਗ ਨਜ਼ਰ ਨਹੀਂ ਆਉਣਾ ਚਾਹੁੰਦੀ ਸੀ। ਸ਼ੁਰੂ-ਸ਼ੁਰੂ ਵਿਚ ਮੇਰੀ ਨਿਹਚਾ ਦੀ ਪਰਖ ਉਦੋਂ ਹੋਈ ਜਦੋਂ ਮੈਨੂੰ ਇਸ਼ਤਿਹਾਰ-ਤਖ਼ਤੀਆਂ ਲੈ ਕੇ ਪ੍ਰਚਾਰ ਕਰਨਾ ਪਿਆ ਸੀ।

ਇਨ੍ਹਾਂ ਤਖ਼ਤੀਆਂ ਉੱਤੇ ਕੋਈ-ਨ-ਕੋਈ ਸੰਦੇਸ਼ ਲਿਖਿਆ ਹੁੰਦਾ ਸੀ ਤੇ ਭੈਣ-ਭਰਾ ਇਹ ਤਖ਼ਤੀਆਂ ਗਲੇ ਵਿਚ ਪਾ ਕੇ ਹੌਲੀ-ਹੌਲੀ ਮੁੱਖ ਸੜਕਾਂ ਉੱਤੇ ਤੁਰਦੇ ਸਨ। ਸਾਡੇ ਨਗਰ ਵਿਚ ਕੁਝ 3,000 ਲੋਕ ਰਹਿੰਦੇ ਸਨ ਤੇ ਉਹ ਇਕ-ਦੂਜੇ ਨੂੰ ਜਾਣਦੇ ਸਨ। ਇਕ ਵਾਰੀ ਮੈਂ ਸਾਰਿਆਂ ਦੇ ਪਿੱਛੇ-ਪਿੱਛੇ ਤੁਰੀ ਜਾ ਰਹੀ ਸਾਂ ਅਤੇ ਮੇਰੀ ਤਖ਼ਤੀ ਉੱਤੇ ਲਿਖਿਆ ਹੋਇਆ ਸੀ “ਧਰਮ ਇਕ ਫੰਧਾ ਅਤੇ ਧੰਦਾ ਹੈ।” ਮੇਰੀ ਕਲਾਸ ਦੇ ਕੁਝ ਮੁੰਡੇ-ਕੁੜੀਆਂ ਨੇ ਮੈਨੂੰ ਦੇਖ ਲਿਆ ਅਤੇ ਉਹ ਇਹ ਗਾਉਂਦੇ ਹੋਏ ਮੇਰੇ ਪਿੱਛੇ-ਪਿੱਛੇ ਤੁਰ ਪਏ ਕਿ “ਰੱਬ ਰਾਜੇ ਨੂੰ ਲੰਮੀ ਉਮਰ ਦੇਵੇ।” ਮੈਂ ਇਸ ਮੁਸੀਬਤ ਦਾ ਸਾਮ੍ਹਣਾ ਕਿਵੇਂ ਕੀਤਾ? ਮੈਂ ਤਾਕਤ ਵਾਸਤੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੈਂ ਤੁਰਦੀ ਜਾਵਾਂ। ਜਦੋਂ ਸਾਡਾ ਕੰਮ ਖ਼ਤਮ ਹੋਇਆ, ਤਾਂ ਮੈਂ ਤਖ਼ਤੀ ਵਾਪਸ ਕਰਨ ਲਈ ਕਿੰਗਡਮ ਹਾਲ ਭੱਜੀ ਗਈ ਤਾਂਕਿ ਮੈਂ ਘਰ ਜਾ ਸਕਾਂ। ਪਰ ਇਕ ਭਰਾ ਨੇ ਮੈਨੂੰ ਕਿਹਾ ਕਿ ਉਹ ਕਿਤੇ ਹੋਰ ਮਾਰਚ ਸ਼ੁਰੂ ਕਰਨ ਵਾਲੇ ਸਨ ਅਤੇ ਇਕ ਤਖ਼ਤੀ ਲੈ ਜਾਣ ਲਈ ਇਕ ਹੋਰ ਜਣੇ ਦੀ ਲੋੜ ਸੀ। ਮੈਂ ਫਿਰ ਮਾਰਚ ਤੇ ਗਈ ਅਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਗੰਭੀਰਤਾ ਨਾਲ ਪ੍ਰਾਰਥਨਾ ਕਰਨ ਲੱਗ ਪਈ। ਪਰ ਇਸ ਸਮੇਂ ਤਕ ਮੇਰੀ ਕਲਾਸ ਦੇ ਮੁੰਡੇ-ਕੁੜੀਆਂ ਥੱਕ ਚੁੱਕੇ ਸਨ ਤੇ ਘਰ ਨੂੰ ਚਲੇ ਗਏ। ਤਾਕਤ ਲਈ ਪ੍ਰਾਰਥਨਾਵਾਂ ਕਰਨ ਦੀ ਬਜਾਇ ਹੁਣ ਮੈਂ ਧੰਨਵਾਦ ਦੀਆਂ ਪ੍ਰਾਰਥਨਾਵਾਂ ਕਰਨ ਲੱਗ ਪਈ ਸਾਂ।—ਕਹਾਉਤਾਂ 3:5.

ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣ-ਭਰਾਵਾਂ ਲਈ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਸਨ। ਇਹ ਭੈਣ-ਭਰਾ ਬੜੇ ਖ਼ੁਸ਼ ਰਹਿੰਦੇ ਸਨ ਅਤੇ ਇਨ੍ਹਾਂ ਨੂੰ ਮਿਲ ਕੇ ਸਾਨੂੰ ਵੀ ਖ਼ੁਸ਼ੀ ਮਿਲਦੀ ਸੀ। ਜਿੱਥੋਂ ਤਕ ਮੈਨੂੰ ਯਾਦ ਹੈ ਸਾਡੇ ਮਾਪਿਆਂ ਨੇ ਹਮੇਸ਼ਾ ਸਾਨੂੰ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਕੀਤਾ ਸੀ।

ਉਨ੍ਹਾਂ ਨੇ ਮੈਨੂੰ ਇੰਨਾ ਉਤਸ਼ਾਹਿਤ ਕੀਤਾ ਕਿ ਮੈਂ 1945 ਵਿਚ ਪਾਇਨੀਅਰੀ ਕਰਨ ਲੱਗ ਪਈ। ਬਾਅਦ ਵਿਚ ਮੈਂ ਆਪਣੀ ਭੈਣ ਐਲਾ ਨਾਲ ਆਂਟੇਰੀਓ ਦੇ ਲੰਡਨ ਸ਼ਹਿਰ ਵਿਚ ਪਾਇਨੀਅਰੀ ਕਰਨ ਲੱਗ ਪਈ। ਉੱਥੇ ਮੈਨੂੰ ਪ੍ਰਚਾਰ ਕਰਨ ਦੇ ਇਕ ਨਵੇਂ ਤਰੀਕੇ ਬਾਰੇ ਦੱਸਿਆ ਗਿਆ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਕਦੇ ਵੀ ਇਸ ਤਰ੍ਹਾਂ ਪ੍ਰਚਾਰ ਨਹੀਂ ਕਰ ਸਕਦੀ। ਉੱਥੇ ਭੈਣ-ਭਰਾ ਸ਼ਰਾਬ-ਖ਼ਾਨੇ ਦੇ ਹਰ ਮੇਜ਼ ਤੇ ਜਾ ਕੇ ਗਾਹਕਾਂ ਨੂੰ ਪਹਿਰਾਬੁਰਜ ਅਤੇ ਕੌਂਸੋਲੇਸ਼ਨ (ਜੋ ਹੁਣ ਜਾਗਰੂਕ ਬਣੋ! ਹੈ) ਰਸਾਲੇ ਪੇਸ਼ ਕਰਦੇ ਹੁੰਦੇ ਸਨ। ਇਕ ਚੰਗੀ ਗੱਲ ਸੀ ਕਿ ਪ੍ਰਚਾਰ ਹਰ ਸ਼ਨੀਵਾਰ ਦੁਪਹਿਰ ਨੂੰ ਹੁੰਦਾ ਸੀ, ਇਸ ਲਈ ਪ੍ਰਚਾਰ ਤੇ ਜਾਣ ਦੀ ਹਿੰਮਤ ਲਈ ਮੇਰੇ ਕੋਲ ਪ੍ਰਾਰਥਨਾ ਕਰਨ ਲਈ ਪੂਰਾ ਹਫ਼ਤਾ ਹੁੰਦਾ ਸੀ! ਮੇਰੇ ਲਈ ਇਹ ਕੰਮ ਕਰਨਾ ਸੌਖਾ ਨਹੀਂ ਸੀ, ਪਰ ਇਸ ਤੋਂ ਬਰਕਤਾਂ ਬਹੁਤ ਮਿਲਦੀਆਂ ਸਨ।

ਦੂਜੇ ਪਾਸੇ, ਮੈਂ ਇਹ ਵੀ ਸਿੱਖਿਆ ਕਿ ਨਾਜ਼ੀ ਨਜ਼ਰਬੰਦੀ-ਕੈਂਪਾਂ ਵਿਚ ਸਾਡੇ ਭਰਾਵਾਂ ਨੂੰ ਦਿੱਤੇ ਜਾਂਦੇ ਤਸੀਹਿਆਂ ਸੰਬੰਧੀ ਕੌਂਸੋਲੇਸ਼ਨ ਦੇ ਖ਼ਾਸ ਲੇਖ ਕੈਨੇਡਾ ਦੇ ਵਪਾਰੀਆਂ ਅਤੇ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਕਿਸ ਤਰ੍ਹਾਂ ਪੇਸ਼ ਕਰਨੇ ਸਨ। ਕਈ ਸਾਲਾਂ ਤੋਂ ਮੈਂ ਦੇਖਿਆ ਹੈ ਕਿ ਯਹੋਵਾਹ ਹਮੇਸ਼ਾ ਸਾਡੀ ਮਦਦ ਕਰਦਾ ਹੈ ਜੇ ਅਸੀਂ ਤਾਕਤ ਲਈ ਉਸ ਉੱਤੇ ਭਰੋਸਾ ਰੱਖੀਏ। ਪਿਤਾ ਜੀ ਵੀ ਇਹੀ ਕਹਿੰਦੇ ਹੁੰਦੇ ਸਨ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦਾ ਕਹਿਣਾ ਮੰਨਦੇ ਹਨ।

ਕਿਊਬੈੱਕ ਵਿਚ ਸੇਵਾ ਕਰਨ ਦਾ ਸੱਦਾ

ਕੈਨੇਡਾ ਵਿਚ 4 ਜੁਲਾਈ 1940 ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। ਪਾਬੰਦੀ ਹਟਾਈ ਜਾਣ ਦੇ ਬਾਅਦ ਕਿਊਬੈੱਕ ਦੇ ਰੋਮਨ ਕੈਥੋਲਿਕ ਇਲਾਕੇ ਵਿਚ ਸਾਨੂੰ ਅਜੇ ਵੀ ਸਤਾਇਆ ਜਾਂਦਾ ਸੀ। ਭਰਾਵਾਂ ਨਾਲ ਕੀਤੇ ਜਾਂਦੇ ਬੁਰੇ ਸਲੂਕ ਵੱਲ ਧਿਆਨ ਦਿਵਾਉਣ ਲਈ ਉੱਥੇ ਜ਼ਬਰਦਸਤ ਸ਼ਬਦਾਂ ਵਾਲਾ ਇਕ ਖ਼ਾਸ ਟ੍ਰੈਕਟ ਵੰਡਿਆ ਗਿਆ ਜਿਸ ਦਾ ਵਿਸ਼ਾ ਸੀ: ਪਰਮੇਸ਼ੁਰ, ਯਿਸੂ ਅਤੇ ਆਜ਼ਾਦੀ ਖ਼ਿਲਾਫ਼ ਕਿਊਬੈੱਕ ਦੀ ਭੜਕਦੀ ਨਫ਼ਰਤ—ਸਾਰੇ ਕੈਨੇਡਾ ਵਾਸੀਆਂ ਲਈ ਇਕ ਕਲੰਕ। (ਅੰਗ੍ਰੇਜ਼ੀ) ਯਹੋਵਾਹ ਦੇ ਗਵਾਹਾਂ ਦੇ ਪ੍ਰਬੰਧਕ ਸਭਾ ਦੇ ਮੈਂਬਰ ਨੇਥਨ ਐੱਚ. ਨੌਰ ਮਾਂਟ੍ਰੀਆਲ ਸ਼ਹਿਰ ਵਿਚ ਹਜ਼ਾਰਾਂ ਪਾਇਨੀਅਰਾਂ ਨੂੰ ਇਹ ਸਮਝਾਉਣ ਲਈ ਮਿਲੇ ਕਿ ਇਸ ਕੰਮ ਦਾ ਨਤੀਜਾ ਕੀ ਨਿਕਲ ਸਕਦਾ ਹੈ। ਭਰਾ ਨੌਰ ਨੇ ਸਾਨੂੰ ਸਮਝਾਇਆ ਕਿ ਜੇ ਅਸੀਂ ਇਹ ਕੰਮ ਕਰਨ ਲਈ ਰਾਜ਼ੀ ਸਾਂ, ਤਾਂ ਸਾਨੂੰ ਗਿਰਫ਼ਤਾਰ ਕਰ ਕੇ ਜੇਲ੍ਹ ਵਿਚ ਵੀ ਸੁੱਟਿਆ ਜਾ ਸਕਦਾ ਹੈ। ਉਸ ਦੀ ਇਹ ਗੱਲ ਕਿੰਨੀ ਸੱਚੀ ਨਿਕਲੀ! ਸਮਾਂ ਬੀਤਣ ਨਾਲ ਮੈਨੂੰ 15 ਵਾਰੀ ਗਿਰਫ਼ਤਾਰ ਕੀਤਾ ਗਿਆ ਸੀ। ਜਦੋਂ ਅਸੀਂ ਪ੍ਰਚਾਰ ਸੇਵਾ ਵਿਚ ਜਾਂਦੇ ਸਾਂ, ਤਾਂ ਅਸੀਂ ਹਮੇਸ਼ਾ ਆਪਣਾ ਦੰਦ ਸਾਫ਼ ਕਰਨ ਵਾਲਾ ਬੁਰਸ਼ ਅਤੇ ਆਪਣੀ ਕੰਘੀ ਕੋਲ ਰੱਖਦੇ ਸਾਂ ਕਿ ਕਿਤੇ ਸਾਨੂੰ ਰਾਤ ਜੇਲ੍ਹ ਵਿਚ ਨਾ ਕੱਟਣੀ ਪਵੇ।

ਪਹਿਲਾਂ ਪਹਿਲ ਅਸੀਂ ਆਪਣਾ ਜ਼ਿਆਦਾਤਰ ਕੰਮ ਰਾਤ ਨੂੰ ਪੂਰਾ ਕਰਦੇ ਸਾਂ ਤਾਂਕਿ ਸਾਨੂੰ ਕਿਤੇ ਕੋਈ ਦੇਖ ਨਾ ਲਵੇ। ਮੈਂ ਵਾਧੂ ਟ੍ਰੈਕਟਾਂ ਦਾ ਇਕ ਝੋਲ਼ਾ ਆਪਣੇ ਕੋਟ ਹੇਠਾਂ ਗਲੇ ਵਿਚ ਪਾ ਕੇ ਰੱਖਦੀ ਸਾਂ। ਟ੍ਰੈਕਟਾਂ ਦਾ ਇਹ ਝੋਲ਼ਾ ਇੰਨਾ ਭਰਿਆ ਹੁੰਦਾ ਸੀ ਕਿ ਇਵੇਂ ਲੱਗਦਾ ਸੀ ਜਿਵੇਂ ਮੈਂ ਗਰਭਵਤੀ ਸਾਂ। ਇਸ ਨਾਲ ਮੈਨੂੰ ਬਹੁਤ ਹੀ ਫ਼ਾਇਦਾ ਹੁੰਦਾ ਸੀ ਕਿਉਂਕਿ ਜਦ ਮੈਂ ਭਰੀ ਹੋਈ ਟ੍ਰਾਮਗੱਡੀ ਵਿਚ ਚੜ੍ਹਦੀ ਸਾਂ, ਤਾਂ ਕਈ ਆਦਮੀ “ਗਰਭਵਤੀ” ਔਰਤ ਨੂੰ ਆਪਣੀ ਸੀਟ ਦੇਣ ਲਈ ਖੜ੍ਹੇ ਹੋ ਜਾਂਦੇ ਸਨ।

ਸਮਾਂ ਬੀਤਣ ਨਾਲ ਅਸੀਂ ਟ੍ਰੈਕਟ ਵੰਡਣ ਦਾ ਕੰਮ ਦਿਨੇ ਕਰਨ ਲੱਗ ਪਏ। ਅਸੀਂ ਤਿੰਨ-ਚਾਰ ਘਰਾਂ ਵਿਚ ਟ੍ਰੈਕਟ ਛੱਡ ਕੇ ਕਿਸੇ ਹੋਰ ਇਲਾਕੇ ਵਿਚ ਚਲੇ ਜਾਂਦੇ ਸਾਂ। ਆਮ ਤੌਰ ਤੇ ਇਸ ਤਰ੍ਹਾਂ ਕੰਮ ਕਰਨ ਨਾਲ ਚੰਗੇ ਨਤੀਜੇ ਨਿਕਲਦੇ ਸਨ। ਪਰ ਜੇ ਪਾਦਰੀ ਨੂੰ ਪਤਾ ਲੱਗ ਜਾਂਦਾ ਸੀ ਕਿ ਅਸੀਂ ਉਸ ਦੇ ਇਲਾਕੇ ਵਿਚ ਸਾਂ, ਤਾਂ ਸਾਡੇ ਲਈ ਮੁਸ਼ਕਲ ਖੜ੍ਹੀ ਹੋ ਜਾਂਦੀ ਸੀ। ਇਕ ਵਾਰ ਪਾਦਰੀ ਨੇ ਕੁਝ 50-60 ਨਿਆਣੇ-ਸਿਆਣੇ ਇਕੱਠੇ ਕਰ ਕੇ ਉਨ੍ਹਾਂ ਨੂੰ ਸਾਡੇ ਉੱਤੇ ਟਮਾਟਰ ਅਤੇ ਆਂਡੇ ਸੁੱਟਣ ਲਈ ਭੜਕਾਇਆ। ਅਸੀਂ ਇਕ ਮਸੀਹੀ ਭੈਣ ਦੇ ਘਰ ਵਿਚ ਪਨਾਹ ਲਈ ਜਿੱਥੇ ਸਾਨੂੰ ਫ਼ਰਸ਼ ਤੇ ਸੌਂ ਕੇ ਰਾਤ ਕੱਟਣੀ ਪਈ।

ਕਿਊਬੈੱਕ ਵਿਚ ਫਰਾਂਸੀਸੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਪਾਇਨੀਅਰਾਂ ਦੀ ਬੜੀ ਲੋੜ ਸੀ, ਇਸ ਲਈ ਦਸੰਬਰ 1958 ਵਿਚ ਮੈਂ ਅਤੇ ਮੇਰੀ ਭੈਣ ਰੂਬੀ ਫਰਾਂਸੀਸੀ ਭਾਸ਼ਾ ਸਿੱਖਣ ਲੱਗ ਪਈਆਂ। ਇਸ ਤੋਂ ਬਾਅਦ ਸਾਨੂੰ ਕਿਊਬੈੱਕ ਦੇ ਫਰਾਂਸੀਸੀ ਭਾਸ਼ਾ ਵਾਲੇ ਇਲਾਕਿਆਂ ਵਿਚ ਭੇਜਿਆ ਗਿਆ। ਹਰ ਥਾਂ ਤੇ ਸਾਨੂੰ ਅਨੋਖਾ ਤਜਰਬਾ ਹੋਇਆ। ਇਕ ਥਾਂ ਤੇ ਅਸੀਂ ਦੋ ਸਾਲਾਂ ਤਕ ਦਿਨ ਵਿਚ ਅੱਠ ਘੰਟੇ ਘਰ-ਘਰ ਪ੍ਰਚਾਰ ਕਰਦੀਆਂ ਰਹੀਆਂ ਤੇ ਕਿਸੇ ਨੇ ਵੀ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਉਹ ਸ਼ੀਸ਼ੇ ਦੇ ਦਰਵਾਜ਼ੇ ਤਕ ਆ ਕੇ ਸਿਰਫ਼ ਝਾਤੀ ਮਾਰਦੇ ਸਨ ਤੇ ਪਰਦੇ ਬੰਦ ਕਰ ਕੇ ਚਲੇ ਜਾਂਦੇ ਸਨ। ਪਰ ਅਸੀਂ ਹਿੰਮਤ ਨਹੀਂ ਹਾਰੀ। ਅੱਜ ਉਸ ਨਗਰ ਵਿਚ ਦੋ ਵਧ-ਫੁੱਲ ਰਹੀਆਂ ਕਲੀਸਿਯਾਵਾਂ ਹਨ।

ਯਹੋਵਾਹ ਨੇ ਹਰ ਤਰ੍ਹਾਂ ਸਾਨੂੰ ਸਹਾਰਾ ਦਿੱਤਾ

ਅਸੀਂ 1965 ਵਿਚ ਖ਼ਾਸ ਪਾਇਨੀਅਰੀ ਕਰਨ ਲੱਗ ਪਈਆਂ। ਇਕ ਥਾਂ ਤੇ ਖ਼ਾਸ ਪਾਇਨੀਅਰੀ ਕਰਦੇ ਸਮੇਂ ਸਾਨੂੰ 1 ਤਿਮੋਥਿਉਸ 6:8 ਵਿਚ ਦਰਜ ਪੌਲੁਸ ਦੇ ਸ਼ਬਦਾਂ ਦੇ ਅਰਥ ਦੀ ਪੂਰੀ ਸਮਝ ਆਈ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” ਸਾਨੂੰ ਆਪਣਾ ਗੁਜ਼ਾਰਾ ਤੋਰਨ ਲਈ ਧਿਆਨ ਨਾਲ ਪੈਸੇ ਖ਼ਰਚਣ ਦੀ ਲੋੜ ਸੀ। ਇਸ ਲਈ ਅਸੀਂ ਹੀਟਰ ਵਿਚ ਪਾਉਣ ਲਈ ਤੇਲ, ਕਿਰਾਇਆ, ਬਿਜਲੀ ਅਤੇ ਖਾਣੇ ਲਈ ਪੈਸੇ ਅਲੱਗ ਰੱਖਦੀਆਂ ਸਾਂ। ਇਸ ਤੋਂ ਬਾਅਦ ਸਾਡੇ ਕੋਲ ਸਿਰਫ਼ 25 ਸੈਂਟ (8 ਰੁਪਏ) ਹੀ ਬਚਦੇ ਸਨ ਜਿਨ੍ਹਾਂ ਨਾਲ ਅਸੀਂ ਕੋਈ ਹੋਰ ਚੀਜ਼ ਖ਼ਰੀਦ ਸਕਦੀਆਂ ਸਾਂ।

ਪੈਸਿਆਂ ਦੀ ਤੰਗੀ ਹੋਣ ਕਰਕੇ ਅਸੀਂ ਸਿਰਫ਼ ਰਾਤ ਨੂੰ ਦੋ ਘੰਟੇ ਹੀ ਹੀਟਰ ਲਾ ਸਕਦੀਆਂ ਸਾਂ। ਇਸ ਲਈ ਸਾਡਾ ਸੌਣ ਦਾ ਕਮਰਾ ਹਮੇਸ਼ਾ ਠੰਢਾ ਹੀ ਰਹਿੰਦਾ ਸੀ। ਇਕ ਦਿਨ ਰੂਬੀ ਦੀ ਬਾਈਬਲ ਸਟੱਡੀ ਦਾ ਮੁੰਡਾ ਸਾਨੂੰ ਮਿਲਣ ਆਇਆ। ਉਸ ਨੇ ਘਰ ਜਾ ਕੇ ਆਪਣੀ ਮਾਂ ਨੂੰ ਦੱਸਿਆ ਹੋਣਾ ਕਿ ਅਸੀਂ ਠੰਢ ਨਾਲ ਮਰ ਰਹੀਆਂ ਸਾਂ, ਇਸ ਲਈ ਉਹ ਹਰ ਮਹੀਨੇ ਤੇਲ ਖ਼ਰੀਦਣ ਲਈ ਦਸ ਡਾਲਰ (320 ਰੁਪਏ) ਭੇਜਣ ਲੱਗ ਪਈ ਤਾਂਕਿ ਅਸੀਂ ਦਿਨ-ਰਾਤ ਹੀਟਰ ਲਾ ਸਕੀਏ। ਇਸ ਤਰ੍ਹਾਂ ਸਾਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਈ। ਅਸੀਂ ਅਮੀਰ ਤਾਂ ਨਹੀਂ ਸਾਂ, ਪਰ ਸਾਡੀਆਂ ਲੋੜਾਂ ਹਮੇਸ਼ਾ ਪੂਰੀਆਂ ਹੋ ਜਾਂਦੀਆਂ ਸਨ। ਜੇ ਕੋਈ ਪੈਸਾ ਬਚਦਾ ਸੀ, ਤਾਂ ਅਸੀਂ ਉਸ ਨੂੰ ਬਰਕਤ ਸਮਝਦੀਆਂ ਸਾਂ। ਜ਼ਬੂਰਾਂ ਦੀ ਪੋਥੀ 37:25 ਦੇ ਸ਼ਬਦ ਕਿੰਨੇ ਸੱਚ ਸਾਬਤ ਹੋਏ: “ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ”!

ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਮੈਨੂੰ ਆਪਣੀਆਂ ਕਈ ਬਾਈਬਲ ਸਟੱਡੀਆਂ ਨੂੰ ਸੱਚਾਈ ਵਿਚ ਆਉਂਦੇ ਦੇਖ ਕੇ ਬੜੀ ਖ਼ੁਸ਼ੀ ਹੋਈ। ਉਨ੍ਹਾਂ ਵਿੱਚੋਂ ਕਈ ਪੂਰੇ ਸਮੇਂ ਦੀ ਸੇਵਕਾਈ ਕਰਨ ਲੱਗ ਪਏ ਜਿਸ ਕਾਰਨ ਮੈਨੂੰ ਬੇਹੱਦ ਖ਼ੁਸ਼ੀ ਹੋਈ।

ਨਵੀਆਂ ਮੁਸ਼ਕਲਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰਨਾ

ਸੰਨ 1970 ਵਿਚ ਸਾਨੂੰ ਆਂਟੇਰੀਓ ਦੇ ਕੋਰਨਵਾਲ ਸ਼ਹਿਰ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਕੋਰਨਵਾਲ ਵਿਚ ਇਕ ਸਾਲ ਸੇਵਾ ਕਰਨ ਤੋਂ ਬਾਅਦ ਸਾਡੇ ਮਾਤਾ ਜੀ ਬੀਮਾਰ ਪੈ ਗਏ। ਪਿਤਾ ਜੀ ਦੀ ਮੌਤ 1957 ਵਿਚ ਹੋ ਗਈ ਸੀ ਅਤੇ ਮੈਂ ਤੇ ਮੇਰੀਆਂ ਦੋ ਭੈਣਾਂ ਨੇ ਵਾਰੀ-ਵਾਰੀ 1972 ਵਿਚ ਮਾਤਾ ਜੀ ਦੀ ਮੌਤ ਹੋਣ ਤਕ ਉਨ੍ਹਾਂ ਦੀ ਦੇਖ-ਭਾਲ ਕੀਤੀ। ਇਸ ਦੁੱਖ ਦੀ ਘੜੀ ਵਿਚ ਸਾਡੇ ਨਾਲ ਖ਼ਾਸ ਪਾਇਨੀਅਰੀ ਕਰਦੀਆਂ ਭੈਣਾਂ ਐਲਾ ਲਿਸਿਟਜ਼ਾ ਅਤੇ ਐਨ ਕੋਆਲੈਂਕੋ ਨੇ ਸਾਨੂੰ ਬੜਾ ਹੌਸਲਾ ਤੇ ਮਦਦ ਦਿੱਤੀ। ਉਨ੍ਹਾਂ ਨੇ ਸਾਡੀ ਗ਼ੈਰ-ਹਾਜ਼ਰੀ ਵਿਚ ਸਾਡੀਆਂ ਬਾਈਬਲ ਸਟੱਡੀਆਂ ਦੀ ਦੇਖ-ਭਾਲ ਕੀਤੀ ਤੇ ਹੋਰ ਜ਼ਿੰਮੇਵਾਰੀਆਂ ਨਿਭਾਈਆਂ। ਕਹਾਉਤਾਂ 18:24 ਦੇ ਸ਼ਬਦ ਕਿੰਨੇ ਸੱਚੇ ਹਨ: “ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।”

ਜ਼ਿੰਦਗੀ ਸੱਚ-ਮੁੱਚ ਕੰਡਿਆਂ ਦੀ ਸੇਜ ਹੈ। ਯਹੋਵਾਹ ਦੇ ਪਿਆਰ ਅਤੇ ਸਹਾਰੇ ਨਾਲ ਮੈਂ ਕੰਡਿਆਂ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀ ਹਾਂ। ਮੈਂ ਅਜੇ ਵੀ ਖ਼ੁਸ਼ੀ-ਖ਼ੁਸ਼ੀ ਪਾਇਨੀਅਰ ਸੇਵਾ ਕਰਦੀ ਹਾਂ। ਬੌਬ ਦੀ ਮੌਤ 1993 ਵਿਚ ਹੋਈ ਅਤੇ ਉਸ ਨੇ 20 ਸਾਲ ਪਾਇਨੀਅਰ ਸੇਵਾ ਕੀਤੀ। ਇਨ੍ਹਾਂ ਸਾਲਾਂ ਦੌਰਾਨ ਉਸ ਨੇ ਆਪਣੀ ਪਤਨੀ ਡੋਲ ਨਾਲ ਪਾਇਨੀਅਰੀ ਕਰਨ ਵਿਚ ਦਸ ਅਨਮੋਲ ਸਾਲ ਬਿਤਾਏ। ਮੇਰੀ ਵੱਡੀ ਭੈਣ ਐਲਾ ਦੀ ਮੌਤ ਅਕਤੂਬਰ 1998 ਵਿਚ ਹੋਈ ਅਤੇ ਉਸ ਨੇ 30 ਸਾਲਾਂ ਤੋਂ ਜ਼ਿਆਦਾ ਪਾਇਨੀਅਰੀ ਕੀਤੀ ਅਤੇ ਹਮੇਸ਼ਾ ਆਪਣੇ ਇਸ ਜੋਸ਼ ਨੂੰ ਬਰਕਰਾਰ ਰੱਖਿਆ। ਮੇਰੀ ਦੂਜੀ ਭੈਣ ਰੂਬੀ ਨੂੰ 1991 ਵਿਚ ਕੈਂਸਰ ਹੋ ਗਿਆ। ਫਿਰ ਵੀ ਉਹ ਆਪਣੀ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੀ ਰਹੀ। ਉਸ ਨੇ 26 ਸਤੰਬਰ 1999 ਨੂੰ ਆਪਣੀ ਮੌਤ ਤਕ ਆਪਣੀ ਖ਼ੁਸ਼ੀ ਨੂੰ ਬਰਕਰਾਰ ਰੱਖਿਆ। ਹਾਲਾਂਕਿ ਹੁਣ ਮੇਰੀ ਕੋਈ ਭੈਣ ਨਹੀਂ ਬਚੀ, ਫਿਰ ਵੀ ਮੇਰੇ ਮਸੀਹੀ ਭੈਣ-ਭਰਾ ਹਨ ਜੋ ਖ਼ੁਸ਼ ਰਹਿਣ ਵਿਚ ਮੇਰੀ ਮਦਦ ਕਰਦੇ ਹਨ।

ਆਪਣੀ ਗੁਜ਼ਰੀ ਜ਼ਿੰਦਗੀ ਉੱਤੇ ਗੌਰ ਕਰਨ ਨਾਲ ਮੈਂ ਕਿਹੜੀ ਗੱਲ ਬਦਲਣੀ ਚਾਹੁੰਦੀ ਹਾਂ? ਮੈਂ ਕਦੀ ਵਿਆਹ ਨਹੀਂ ਕਰਾਇਆ, ਪਰ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਮੇਰੇ ਮਾਪਿਆਂ, ਭਰਾ ਅਤੇ ਭੈਣਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਸੱਚਾਈ ਨੂੰ ਪਹਿਲੀ ਥਾਂ ਦਿੱਤੀ। ਮੈਂ ਉਸ ਸਮੇਂ ਦੀ ਉਡੀਕ ਕਰਦੀ ਹਾਂ ਜਦੋਂ ਉਨ੍ਹਾਂ ਨੂੰ ਦੁਬਾਰਾ ਜੀ ਉਠਾਇਆ ਜਾਵੇਗਾ। ਮੈਂ ਕਲਪਨਾ ਕਰਦੇ ਸਮੇਂ ਦੇਖਦੀ ਹਾਂ ਕਿ ਮੇਰੇ ਪਿਤਾ ਜੀ ਦੌੜ ਕੇ ਮੇਰਾ ਕਲਾਵਾ ਭਰਦੇ ਹਨ ਅਤੇ ਜਦੋਂ ਮੈਂ ਆਪਣੀ ਮਾਤਾ ਜੀ ਨੂੰ ਜੱਫੀ ਪਾਉਂਦੀ ਹਾਂ, ਤਾਂ ਉਨ੍ਹਾਂ ਦੀਆਂ ਅੱਖਾਂ ਖ਼ੁਸ਼ੀ ਦੇ ਹੰਝੂਆਂ ਨਾਲ ਭਰ ਜਾਂਦੀਆਂ ਹਨ। ਐਲਾ, ਰੂਬੀ ਅਤੇ ਬੌਬ ਖ਼ੁਸ਼ੀ ਦੇ ਮਾਰੇ ਉੱਛਲ-ਕੁੱਦ ਰਹੇ ਹਨ।

ਉਹ ਸਮਾਂ ਆਉਣ ਤਕ ਮੈਂ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਉਸਤਤ ਅਤੇ ਮਹਿਮਾ ਕਰਨੀ ਚਾਹੁੰਦੀ ਹਾਂ। ਪਾਇਨੀਅਰ ਸੇਵਾ ਵਿਚ ਜ਼ਿੰਦਗੀ ਲਾਉਣ ਨਾਲ ਸ਼ਾਨਦਾਰ ਬਰਕਤਾਂ ਮਿਲਦੀਆਂ ਹਨ। ਯਹੋਵਾਹ ਦੇ ਰਾਹਾਂ ਉੱਤੇ ਚੱਲਣ ਵਾਲਿਆਂ ਬਾਰੇ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਸੱਚ ਸਾਬਤ ਹੋਏ ਹਨ: “ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ।”—ਜ਼ਬੂਰਾਂ ਦੀ ਪੋਥੀ 128:1, 2.

[ਸਫ਼ੇ 26 ਉੱਤੇ ਤਸਵੀਰਾਂ]

ਪਿਤਾ ਜੀ ਬਾਈਬਲ ਨੂੰ ਬਹੁਤ ਪਿਆਰ ਕਰਦੇ ਸਨ। ਪਿਤਾ ਜੀ ਨੇ ਸਾਨੂੰ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬਾਈਬਲ ਤੋਂ ਜਵਾਬ ਦੇਣਾ ਵੀ ਸਿਖਾਇਆ

[ਸਫ਼ੇ 28 ਉੱਤੇ ਤਸਵੀਰ]

ਖੱਬੇ ਤੋਂ ਸੱਜੇ: 1947 ਵਿਚ ਰੂਬੀ, ਮੈਂ, ਬੌਬ, ਐਲਾ, ਮਾਤਾ ਜੀ ਅਤੇ ਪਿਤਾ ਜੀ

[ਸਫ਼ੇ 28 ਉੱਤੇ ਤਸਵੀਰ]

ਅਗਲੀ ਲਾਈਨ ਵਿਚ ਖੱਬੇ ਤੋਂ ਸੱਜੇ: 1998 ਵਿਚ ਜ਼ਿਲ੍ਹਾ ਸੰਮੇਲਨ ਤੇ ਮੈਂ, ਰੂਬੀ ਅਤੇ ਐਲਾ