Skip to content

Skip to table of contents

ਅਕਾਸ਼ ਦੀ ਤ੍ਰੇਲ ਵਾਂਗ ਤਾਜ਼ਗੀਦਾਇਕ ਨੌਜਵਾਨ

ਅਕਾਸ਼ ਦੀ ਤ੍ਰੇਲ ਵਾਂਗ ਤਾਜ਼ਗੀਦਾਇਕ ਨੌਜਵਾਨ

“ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”

ਅਕਾਸ਼ ਦੀ ਤ੍ਰੇਲ ਵਾਂਗ ਤਾਜ਼ਗੀਦਾਇਕ ਨੌਜਵਾਨ

ਯਿਸੂ ਦੇ ਇਸ ਸੱਦੇ ਵਿਚ ਨੌਜਵਾਨ ਵੀ ਸ਼ਾਮਲ ਸਨ ਜਦੋਂ ਉਸ ਨੇ ਕਿਹਾ ਸੀ ਕਿ “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਜਦੋਂ ਲੋਕ ਆਪਣੇ ਛੋਟੇ ਬਾਲਕਾਂ ਨੂੰ ਯਿਸੂ ਕੋਲ ਲਿਆਉਣ ਲੱਗ ਪਏ, ਤਾਂ ਚੇਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਯਿਸੂ ਨੇ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।” ਯਿਸੂ ਨੇ “ਉਨ੍ਹਾਂ ਨੂੰ ਕੁੱਛੜ [ਵੀ] ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:14-16) ਯਿਸੂ ਨੂੰ ਛੋਟੇ ਬਾਲਕ ਬਹੁਤ ਹੀ ਪਿਆਰੇ ਲੱਗਦੇ ਸਨ।

ਬਾਈਬਲ ਸਾਨੂੰ ਉਨ੍ਹਾਂ ਅਨੇਕ ਗੱਭਰੂਆਂ, ਮੁਟਿਆਰਾਂ ਨਾਲੇ ਨਿਆਣਿਆਂ ਦੀਆਂ ਵਧੀਆ ਮਿਸਾਲਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਬਹੁਤ ਹੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਸੀ। ਜ਼ਬੂਰਾਂ ਦੀ ਪੋਥੀ ਵਿਚ ‘ਜੁਆਨਾਂ’ ਬਾਰੇ ਭਵਿੱਖਬਾਣੀ ਕੀਤੀ ਗਈ ਹੈ ਕਿ ਉਹ ਤ੍ਰੇਲ ਜਿੰਨੇ ਤਾਜ਼ਗੀਦਾਇਕ ਹੋਣਗੇ। ਬਾਈਬਲ ‘ਗਭਰੂਆਂ’ ਤੇ ‘ਕੁਆਰੀਆਂ’ ਦਾ ਵੀ ਜ਼ਿਕਰ ਕਰਦੀ ਹੈ ਕਿ ਉਹ ਯਹੋਵਾਹ ਦੇ ਨਾਂ ਦੀ ਵਡਿਆਈ ਕਰਨਗੇ।—ਜ਼ਬੂਰਾਂ ਦੀ ਪੋਥੀ 110:3; 148:12, 13.

ਕਲੀਸਿਯਾ ਦਾ ਚੰਗਾ ਪ੍ਰਭਾਵ

ਨੌਜਵਾਨ ਤ੍ਰੇਲ ਨਾਲ ਦਰਸਾਏ ਗਏ ਹਨ ਕਿਉਂਕਿ ਤ੍ਰੇਲ ਬਹੁਤਾਤ ਅਤੇ ਬਰਕਤਾਂ ਨਾਲ ਸੰਬੰਧ ਰੱਖਦੀ ਹੈ। (ਉਤਪਤ 27:28) ਤ੍ਰੇਲ ਹੌਲੀ-ਹੌਲੀ ਪੈਂਦੀ ਹੈ ਅਤੇ ਤਾਜ਼ਗੀ ਦਿੰਦੀ ਹੈ। ਮਸੀਹ ਦੀ ਮੌਜੂਦਗੀ ਦੇ ਵੇਲੇ ਅਨੇਕ ਮਸੀਹੀ ਨੌਜਵਾਨ ਜੋਸ਼ ਨਾਲ ਸੇਵਾ ਕਰਨ ਲਈ ਤਿਆਰ ਹਨ। ਤਾਜ਼ਗੀਦਾਇਕ ਤ੍ਰੇਲ ਵਾਂਗ, ਅਨੇਕ ਨੌਜਵਾਨ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਹੋਏ ਹਨ ਤੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ।—ਜ਼ਬੂਰਾਂ ਦੀ ਪੋਥੀ 71:17.

ਜਦੋਂ ਮਸੀਹੀ ਨੌਜਵਾਨ ਦੂਜਿਆਂ ਦੀ ਸੇਵਾ ਕਰਦੇ ਹਨ, ਇਸ ਨਾਲ ਨਾ ਸਿਰਫ਼ ਦੂਜਿਆਂ ਨੂੰ ਤਾਜ਼ਗੀ ਮਿਲਦੀ ਹੈ, ਸਗੋਂ ਇਸ ਤਾਜ਼ਗੀ ਦਾ ਉਨ੍ਹਾਂ ਨੂੰ ਖ਼ੁਦ ਵੀ ਫ਼ਾਇਦਾ ਹੁੰਦਾ ਹੈ। ਉਨ੍ਹਾਂ ਉੱਤੇ ਪਰਮੇਸ਼ੁਰ ਦੀ ਸੰਸਥਾ ਦਾ ਚੰਗਾ ਪ੍ਰਭਾਵ ਪੈਂਦਾ ਹੈ। ਇਹ ਗੱਭਰੂ ਤੇ ਮੁਟਿਆਰਾਂ ਚੰਗੇ ਚਾਲ-ਚੱਲਣ ਰੱਖ ਕੇ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਦੇ ਹਨ। (ਜ਼ਬੂਰਾਂ ਦੀ ਪੋਥੀ 119:9) ਉਹ ਕਲੀਸਿਯਾ ਵਿਚ ਨੇਕ ਕੰਮਾਂ ਵਿਚ ਹਿੱਸਾ ਲੈਂਦੇ ਹਨ ਅਤੇ ਉੱਥੇ ਚੰਗੇ ਮਿੱਤਰ ਬਣਾਉਂਦੇ ਹਨ। ਇਸ ਕਰਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਅਰਥਪੂਰਣ ਹੁੰਦੀਆਂ ਹਨ ਤੇ ਉਹ ਖ਼ੁਸ਼ ਰਹਿੰਦੇ ਹਨ।

ਅਸੀਂ ਤਾਜ਼ਗੀ ਕਿੱਥੋਂ ਪਾ ਸਕਦੇ ਹਾਂ?

ਕੀ ਮਸੀਹੀ ਨੌਜਵਾਨ ਆਪਣੇ ਆਪ ਬਾਰੇ ਇਵੇਂ ਮਹਿਸੂਸ ਕਰਦੇ ਹਨ ਕਿ ਉਹ “ਤ੍ਰੇਲ” ਵਰਗੇ ਹਨ? ਟਾਨੀਆਂ ਇਕ ਜਵਾਨ ਲੜਕੀ ਹੈ ਜੋ ਆਪਣੀ ਕਲੀਸਿਯਾ ਨਾਲ ਪ੍ਰਚਾਰ ਦੇ ਕੰਮ ਵਿਚ ਹਰ ਮਹੀਨੇ ਖ਼ੁਸ਼ੀ-ਖ਼ੁਸ਼ੀ 70 ਘੰਟੇ ਬਤੀਤ ਕਰਦੀ ਹੈ। ਉਹ ਇਸ ਬਾਰੇ ਕਿਵੇਂ ਮਹਿਸੂਸ ਕਰਦੀ ਹੈ? ਉਸ ਨੇ ਉੱਤਰ ਦਿੱਤਾ: “ਮੈਨੂੰ ਇਸ ਕਰਕੇ ਆਪਣੀ ਜ਼ਿੰਦਗੀ ਵਿਚ ਤਾਜ਼ਗੀ ਤੇ ਹੌਸਲਾ ਮਿਲਦਾ ਹੈ ਕਿਉਂਕਿ ਮੈਂ ਯਹੋਵਾਹ ਤੇ ਉਸ ਦੀ ਸੰਸਥਾ ਨੂੰ ਜਾਣਦੀ ਹਾਂ।”—ਕਹਾਉਤਾਂ 3:8.

ਏਰੀਅਲ ਨਾਂ ਦੀ ਇਕ ਪਾਇਨੀਅਰ ਮੁਟਿਆਰ ਇਸ ਗੱਲ ਦੀ ਕਦਰ ਕਰਦੀ ਹੈ ਕਿ ਕਲੀਸਿਯਾ ਵਿਚ ਉਹ ਰੂਹਾਨੀ ਤੌਰ ਤੇ ਕਿੰਨੀ ਮਜ਼ਬੂਤ ਹੁੰਦੀ ਹੈ। ਉਸ ਨੇ ਕਿਹਾ: “ਜਦੋਂ ਮੈਂ ਮਸੀਹੀ ਸਭਾਵਾਂ ਅਤੇ ਸੰਮੇਲਨਾਂ ਤੇ ਜਾਂਦੀ ਹਾਂ, ਤਾਂ ਮੈਂ ਯਹੋਵਾਹ ਦੇ ਰੂਹਾਨੀ ਮੇਜ਼ ਤੋਂ ਖਾਂਦੀ ਹਾਂ। ਮੈਂ ਇੱਥੋਂ ਰੂਹਾਨੀ ਤਾਜ਼ਗੀ ਪਾਉਂਦੀ ਹਾਂ। ਮੈਨੂੰ ਇਹ ਜਾਣ ਕੇ ਵੀ ਹੌਸਲਾ ਮਿਲਦਾ ਹੈ ਕਿ ਦੁਨੀਆਂ ਭਰ ਦੇ ਸਾਰੇ ਸੱਚੇ ਮਸੀਹੀ ਮੇਰੇ ਭੈਣ-ਭਰਾ ਹਨ।” ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਸਭ ਤੋਂ ਜ਼ਿਆਦਾ ਤਾਜ਼ਗੀ ਕਿੱਥੋਂ ਮਿਲਦੀ ਹੈ: “ਮੈਂ ਯਹੋਵਾਹ ਨਾਲ ਆਪਣੀ ਮਿੱਤਰਤਾ ਦੀ ਬਹੁਤ ਕਦਰ ਕਰਦੀ ਹਾਂ, ਖ਼ਾਸ ਕਰਕੇ ਜਦੋਂ ਮੈਂ ਦੇਖਦੀ ਜਾਂ ਸੁਣਦੀ ਹਾਂ ਕਿ ਲੋਕਾਂ ਉੱਤੇ ਇਸ ਸੰਸਾਰ ਦਾ ਕਿੰਨਾ ਬੁਰਾ ਅਸਰ ਪੈਂਦਾ ਹੈ।”—ਯਾਕੂਬ 2:23.

ਐਬੀਸ਼ਾਈ ਨਾਂ ਦਾ 20 ਸਾਲਾਂ ਦਾ ਗੱਭਰੂ ਪ੍ਰਚਾਰ ਸੇਵਾ ਵਿਚ ਪੂਰਾ ਸਮਾਂ ਲਾਉਂਦਾ ਹੈ ਤੇ ਆਪਣੀ ਕਲੀਸਿਯਾ ਵਿਚ ਸਹਾਇਕ ਸੇਵਕ ਵੀ ਹੈ। ਉਸ ਨੇ ਇਨ੍ਹਾਂ ਸ਼ਬਦਾਂ ਵਿਚ ਆਪਣਾ ਤਜਰਬਾ ਦੱਸਿਆ: “ਮੈਂ ਇਸ ਗੱਲ ਤੋਂ ਖ਼ੁਸ਼ ਹੁੰਦਾ ਹਾਂ ਕਿ ਮੈਨੂੰ ਅੱਜ-ਕੱਲ੍ਹ ਨੌਜਵਾਨਾਂ ਉੱਤੇ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਆਉਂਦਾ ਹੈ। ਬਾਈਬਲ ਦੀ ਸੱਚਾਈ ਨੇ ਮੈਨੂੰ ਉਨ੍ਹਾਂ ਗੱਲਾਂ ਉੱਤੇ ਧਿਆਨ ਲਾਉਣਾ ਸਿਖਾਇਆ ਹੈ ਜੋ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਜ਼ਰੂਰੀ ਹਨ।”

ਛੋਟੀ ਉਮਰ ਵਿਚ ਐਂਟਵੌਨ ਛੇਤੀ ਹੀ ਗੁੱਸੇ ਹੋ ਜਾਂਦਾ ਸੀ। ਇਕ ਵਾਰ ਉਸ ਨੇ ਆਪਣੀ ਕਲਾਸ ਦੇ ਇਕ ਮੁੰਡੇ ਦੇ ਕੁਰਸੀ ਭੁਆਂ ਕੇ ਮਾਰੀ ਅਤੇ ਉਸ ਨੇ ਇਕ ਹੋਰ ਮੁੰਡੇ ਨੂੰ ਪੈਨਸਿਲ ਨਾਲ ਜ਼ਖ਼ਮੀ ਕਰ ਦਿੱਤਾ। ਐਂਟਵੌਨ ਦੀਆਂ ਆਦਤਾਂ ਚੰਗੀਆਂ ਨਹੀਂ ਸਨ! ਪਰ ਬਾਈਬਲ ਤੋਂ ਸਿੱਖਿਆ ਲੈ ਕੇ ਉਹ ਬਦਲ ਗਿਆ। ਹੁਣ ਉਸ ਦੀ ਉਮਰ 19 ਸਾਲਾਂ ਦੀ ਹੈ ਤੇ ਉਹ ਆਪਣੀ ਕਲੀਸਿਯਾ ਵਿਚ ਇਕ ਸਹਾਇਕ ਸੇਵਕ ਵਜੋਂ ਸੇਵਾ ਕਰਦਾ ਹੈ। ਉਹ ਪ੍ਰਚਾਰ ਸੇਵਾ ਵਿਚ ਵੀ ਪੂਰਾ ਸਮਾਂ ਲਾਉਂਦਾ ਹੈ। ਉਸ ਨੇ ਕਿਹਾ: “ਮੈਂ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਉਸ ਬਾਰੇ ਗਿਆਨ ਲੈ ਸਕਿਆ ਅਤੇ ਮੈਨੂੰ ਆਪਣੇ ਆਪ ਨੂੰ ਬਦਲਣ ਵਿਚ ਮਦਦ ਮਿਲੀ, ਇਸ ਲਈ ਮੈਂ ਹੁਣ ਇੰਨਾ ਗੁੱਸੇ ਨਹੀਂ ਹੁੰਦਾ। ਇਸ ਤਰ੍ਹਾਂ ਮੈਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਿਆ ਰਿਹਾ ਹਾਂ।”

ਮਸੀਹੀ ਨੌਜਵਾਨਾਂ ਦੇ ਤਾਜ਼ਗੀਦਾਇਕ ਰਵੱਈਏ ਵੱਲ ਦੂਸਰੇ ਲੋਕਾਂ ਦਾ ਵੀ ਧਿਆਨ ਖਿੱਚਿਆ ਜਾਂਦਾ ਹੈ। ਇਟਲੀ ਵਿਚ ਰਹਿੰਦੇ ਮੈਥੀਯੁ ਨਾਂ ਦੇ ਇਕ ਜਵਾਨ ਗਵਾਹ ਉੱਤੇ ਗੌਰ ਕਰੋ। ਉਸ ਦੀ ਟੀਚਰ ਨੇ ਫ਼ੈਸਲਾ ਕੀਤਾ ਕਿ ਕਲਾਸ ਵਿਚ ਜਿਹੜਾ ਵੀ ਬੱਚਾ ਗੰਦੀਆਂ ਗਾਲ਼ਾਂ ਕੱਢੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਉਸ ਨੂੰ ਛੋਟਾ ਜਿਹਾ ਜੁਰਮਾਨਾ ਭਰਨਾ ਪਵੇਗਾ। ਕੁਝ ਦੇਰ ਬਾਅਦ ਬੱਚਿਆਂ ਨੇ ਆਪਣੀ ਟੀਚਰ ਨੂੰ ਕਿਹਾ ਕਿ ਉਹ ਇਸ ਹੁਕਮ ਨੂੰ ਪੂਰਾ ਨਹੀਂ ਕਰ ਸਕਦੇ ਕਿਉਂਕਿ ਉਹ “ਗੰਦੀਆਂ ਗਾਲ਼ਾਂ ਕੱਢਣ ਤੋਂ ਨਹੀਂ ਰਹਿ ਸਕਦੇ।” ਪਰ ਮੈਥੀਯੁ ਨੇ ਦੱਸਿਆ ਕਿ “ਟੀਚਰ ਨੇ ਸਾਰੀ ਕਲਾਸ ਸਾਮ੍ਹਣੇ ਮੈਨੂੰ ਸ਼ਾਬਾਸ਼ ਦਿੱਤੀ। ਉਸ ਨੇ ਕਿਹਾ ਕਿ ਦੂਸਰੇ ਮੇਰੇ ਤੋਂ ਕੁਝ ਸਿੱਖ ਸਕਦੇ ਹਨ ਕਿਉਂਕਿ ਮੈਂ ਯਹੋਵਾਹ ਦਾ ਇਕ ਗਵਾਹ ਹਾਂ ਜਿਸ ਕਰਕੇ ਮੈਂ ਗੰਦੀਆਂ ਗਾਲ਼ਾਂ ਨਹੀਂ ਕੱਢਦਾ।”

ਥਾਈਲੈਂਡ ਵਿਚ ਰਹਿੰਦੇ ਰਾਟਿਆ ਨਾਂ ਦੇ ਇਕ 11 ਸਾਲਾਂ ਦੇ ਮੁੰਡੇ ਦੀ ਮਿਸਾਲ ਉੱਤੇ ਵੀ ਗੌਰ ਕਰੋ। ਉਸ ਦੀ ਕਲਾਸ ਦੇ ਬਾਕੀ ਬੱਚੇ ਬੜੇ ਵਿਗੜੇ ਹੋਏ ਸਨ। ਟੀਚਰ ਨੇ ਰਾਟਿਆ ਨੂੰ ਕਲਾਸ ਦੇ ਸਾਮ੍ਹਣੇ ਖੜ੍ਹਾ ਕੀਤਾ ਤੇ ਸ਼ਾਬਾਸ਼ ਦਿੱਤੀ। ਉਸ ਨੇ ਕਿਹਾ: “ਤੁਸੀਂ ਸਾਰੇ ਇਸ ਮੁੰਡੇ ਤੋਂ ਕਿਉਂ ਨਹੀਂ ਕੁਝ ਸਿੱਖਦੇ? ਉਹ ਆਪਣੀ ਪੜ੍ਹਾਈ-ਲਿਖਾਈ ਵਿਚ ਬੜੀ ਮਿਹਨਤ ਕਰਦਾ ਹੈ ਤੇ ਉਸ ਦਾ ਬੋਲ-ਚਾਲ ਵੀ ਚੰਗਾ ਹੈ।” ਫਿਰ ਉਸ ਨੇ ਬੱਚਿਆਂ ਨੂੰ ਦੱਸਿਆ: “ਮੇਰੇ ਖ਼ਿਆਲ ਵਿਚ ਜੇ ਤੁਸੀਂ ਸੁਧਰਨਾ ਹੈ, ਤਾਂ ਤੁਹਾਨੂੰ ਵੀ ਰਾਟਿਆ ਵਾਂਗ ਯਹੋਵਾਹ ਦੇ ਗਵਾਹ ਬਣਨਾ ਪਵੇਗਾ।”

ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਹਜ਼ਾਰਾਂ ਹੀ ਮਸੀਹੀ ਨੌਜਵਾਨ ਯਹੋਵਾਹ ਬਾਰੇ ਚੰਗੀ ਤਰ੍ਹਾਂ ਗਿਆਨ ਲੈਂਦੇ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ। ਅਜਿਹੇ ਖਰੇ ਨੌਜਵਾਨ ਛੋਟੀ ਉਮਰ ਵਿਚ ਹੀ ਸਿਆਣਿਆਂ ਵਾਂਗ ਬੁੱਧੀਮਾਨੀ ਦੇ ਰਾਹ ਉੱਤੇ ਚੱਲਦੇ ਹਨ। ਪਰਮੇਸ਼ੁਰ ਨਾ ਸਿਰਫ਼ ਹੁਣ ਉਨ੍ਹਾਂ ਦੀ ਜ਼ਿੰਦਗੀ ਸਫ਼ਲ ਬਣਾਉਣ ਵਿਚ ਮਦਦ ਕਰ ਸਕਦਾ ਹੈ, ਸਗੋਂ ਨਵੇਂ ਸੰਸਾਰ ਵਿਚ ਵੀ ਉਨ੍ਹਾਂ ਨੂੰ ਇਕ ਵਧੀਆ ਭਵਿੱਖ ਦੇ ਸਕਦਾ ਹੈ। (1 ਤਿਮੋਥਿਉਸ 4:8) ਅੱਜ ਦਾ ਸੰਸਾਰ ਰੂਹਾਨੀ ਤੌਰ ਤੇ ਵਿਰਾਨ ਹੈ ਤੇ ਨਿਰਾਸ਼ ਹੋਏ ਨੌਜਵਾਨਾਂ ਨਾਲ ਭਰਿਆ ਹੋਇਆ ਹੈ। ਇਸ ਦੇ ਉਲਟ, ਮਸੀਹੀ ਨੌਜਵਾਨ ਕਿੰਨੀ ਤਾਜ਼ਗੀ ਲਿਆਉਂਦੇ ਹਨ!