Skip to content

Skip to table of contents

‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੋ’

‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੋ’

‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੋ’

“ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।”—ਇਬਰਾਨੀਆਂ 2:1.

1. ਮਿਸਾਲ ਦੇ ਕੇ ਸਮਝਾਓ ਕਿ ਧਿਆਨ ਭਟਕਣ ਕਾਰਨ ਹਾਦਸਾ ਕਿਵੇਂ ਹੋ ਸਕਦਾ ਹੈ।

ਹਰ ਸਾਲ ਸਿਰਫ਼ ਅਮਰੀਕਾ ਵਿਚ ਹੀ ਸੜਕ ਹਾਦਸਿਆਂ ਵਿਚ ਤਕਰੀਬਨ 37,000 ਮੌਤਾਂ ਹੁੰਦੀਆਂ ਹਨ। ਮਾਹਰ ਕਹਿੰਦੇ ਹਨ ਕਿ ਇਨ੍ਹਾਂ ਵਿੱਚੋਂ ਕਈਆਂ ਦੀਆਂ ਜਾਨਾਂ ਬਚ ਸਕਦੀਆਂ ਸਨ ਜੇਕਰ ਡ੍ਰਾਈਵਰਾਂ ਨੇ ਗੱਡੀ ਚਲਾਉਂਦੇ ਹੋਏ ਜ਼ਿਆਦਾ ਧਿਆਨ ਰੱਖਿਆ ਹੁੰਦਾ। ਸਾਈਨ ਅਤੇ ਇਸ਼ਤਿਹਾਰ ਦੇਖਦੇ ਹੋਏ ਜਾਂ ਮੋਬਾਇਲ ਫ਼ੋਨ ਤੇ ਗੱਲ ਕਰਦੇ ਹੋਏ ਕੁਝ ਡ੍ਰਾਈਵਰਾਂ ਦਾ ਧਿਆਨ ਭਟਕ ਜਾਂਦਾ ਹੈ। ਕੁਝ ਅਜਿਹੇ ਡ੍ਰਾਈਵਰ ਵੀ ਹੁੰਦੇ ਹਨ ਜੋ ਕਾਰ ਚਲਾਉਂਦੇ ਹੋਏ ਖਾਂਦੇ-ਪੀਂਦੇ ਰਹਿੰਦੇ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ਵਿਚ ਧਿਆਨ ਭਟਕ ਸਕਦਾ ਹੈ ਅਤੇ ਗੰਭੀਰ ਹਾਦਸਾ ਹੋ ਸਕਦਾ ਹੈ।

2, 3. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ ਸੀ ਅਤੇ ਉਸ ਦੀ ਸਲਾਹ ਢੁਕਵੀਂ ਕਿਉਂ ਸੀ?

2 ਗੱਡੀਆਂ ਦੇ ਬਣਨ ਤੋਂ ਲਗਭਗ 2,000 ਸਾਲ ਪਹਿਲਾਂ, ਪੌਲੁਸ ਰਸੂਲ ਨੇ ਇਕ ਅਜਿਹੀ ਧਿਆਨ ਭੰਗ ਕਰਨ ਵਾਲੀ ਚੀਜ਼ ਦਾ ਜ਼ਿਕਰ ਕੀਤਾ ਸੀ ਜੋ ਇਬਰਾਨੀ ਮਸੀਹੀਆਂ ਲਈ ਖ਼ਤਰਨਾਕ ਸਾਬਤ ਹੋ ਰਹੀ ਸੀ। ਪੌਲੁਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮੁੜ ਜੀਉਂਦੇ ਕੀਤੇ ਗਏ ਯਿਸੂ ਮਸੀਹ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਬਿਠਾ ਕੇ ਦੂਤਾਂ ਨਾਲੋਂ ਉੱਚੀ ਪਦਵੀ ਦਿੱਤੀ ਗਈ ਸੀ। ਫਿਰ ਪੌਲੁਸ ਰਸੂਲ ਨੇ ਕਿਹਾ: “ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।”—ਇਬਰਾਨੀਆਂ 2:1.

3 ਇਬਰਾਨੀ ਮਸੀਹੀਆਂ ਨੇ ਯਿਸੂ ਬਾਰੇ ‘ਜਿਹੜੀਆਂ ਗੱਲਾਂ ਸੁਣੀਆਂ ਸਨ,’ ਉਨ੍ਹਾਂ ਨੂੰ ਇਨ੍ਹਾਂ ਦਾ ‘ਹੋਰ ਵੀ ਧਿਆਨ ਰੱਖਣ’ ਦੀ ਜ਼ਰੂਰਤ ਕਿਉਂ ਸੀ? ਕਿਉਂਕਿ ਯਿਸੂ ਨੂੰ ਵਾਪਸ ਸਵਰਗ ਗਏ ਨੂੰ ਤਕਰੀਬਨ 30 ਸਾਲ ਹੋ ਚੁੱਕੇ ਸਨ। ਆਪਣੇ ਸੁਆਮੀ ਦੀ ਗ਼ੈਰ-ਹਾਜ਼ਰੀ ਵਿਚ ਕੁਝ ਇਬਰਾਨੀ ਮਸੀਹੀ ਸੱਚਾਈ ਦੇ ਰਸਤੇ ਤੋਂ ਭਟਕ ਰਹੇ ਸਨ। ਉਨ੍ਹਾਂ ਦਾ ਧਿਆਨ ਯਹੂਦੀ ਧਰਮ ਵੱਲ ਖਿੱਚਿਆ ਜਾ ਰਿਹਾ ਸੀ ਜਿਸ ਨੂੰ ਉਹ ਪਹਿਲਾਂ ਮੰਨਦੇ ਸਨ।

ਉਨ੍ਹਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ

4. ਕਿਸ ਗੱਲ ਨੇ ਮਸੀਹੀਆਂ ਨੂੰ ਯਹੂਦੀ ਧਰਮ ਨੂੰ ਵਾਪਸ ਜਾਣ ਲਈ ਭਰਮਾਇਆ ਸੀ?

4 ਯਹੂਦੀ ਧਰਮ ਨੂੰ ਵਾਪਸ ਜਾਣ ਲਈ ਮਸੀਹੀ ਸ਼ਾਇਦ ਕਿਸ ਗੱਲ ਕਾਰਨ ਭਰਮਾਏ ਗਏ ਸਨ? ਮੂਸਾ ਦੀ ਬਿਵਸਥਾ ਅਧੀਨ ਭਗਤੀ ਕਰਨ ਵਿਚ ਉਹ ਚੀਜ਼ਾਂ ਸ਼ਾਮਲ ਸਨ ਜੋ ਉਹ ਆਪਣੀ ਅੱਖੀਂ ਦੇਖ ਸਕਦੇ ਸਨ। ਮਿਸਾਲ ਲਈ, ਲੋਕ ਜਾਜਕ ਨੂੰ ਦੇਖ ਸਕਦੇ ਸਨ ਅਤੇ ਚੜ੍ਹਾਈਆਂ ਗਈਆਂ ਬਲੀਆਂ ਦੀ ਸੁਗੰਧ ਸੁੰਘ ਸਕਦੇ ਸਨ। ਪਰ ਕੁਝ ਹੱਦ ਤਕ ਮਸੀਹੀ ਧਰਮ ਇਸ ਨਾਲੋਂ ਵੱਖਰਾ ਸੀ। ਮਸੀਹੀਆਂ ਦਾ ਪ੍ਰਧਾਨ ਜਾਜਕ ਯਿਸੂ ਮਸੀਹ ਸੀ ਜਿਸ ਨੂੰ ਉਨ੍ਹਾਂ ਨੇ ਲਗਭਗ 30 ਸਾਲਾਂ ਤੋਂ ਨਹੀਂ ਦੇਖਿਆ ਸੀ। (ਇਬਰਾਨੀਆਂ 4:14) ਮਸੀਹੀਆਂ ਦੀ ਹੈਕਲ ਤਾਂ ਸੀ, ਪਰ ਉਸ ਦਾ ਪਵਿੱਤਰ ਸਥਾਨ ਸਵਰਗ ਵਿਚ ਸੀ। (ਇਬਰਾਨੀਆਂ 9:24) ਬਿਵਸਥਾ ਅਧੀਨ ਸਰੀਰ ਦੀ ਸੁੰਨਤ ਕੀਤੀ ਜਾਂਦੀ ਸੀ, ਪਰ ਮਸੀਹੀਆਂ ਨੂੰ ਸਿਰਫ਼ ‘ਮਨ ਦੀ ਅਰਥਾਤ ਆਤਮਾ ਵਿੱਚ’ ਸੁੰਨਤ ਕਰਨ ਦੀ ਲੋੜ ਸੀ। (ਰੋਮੀਆਂ 2:29) ਇਨ੍ਹਾਂ ਕਾਰਨਾਂ ਕਰਕੇ ਇਬਰਾਨੀ ਮਸੀਹੀਆਂ ਲਈ ਮਸੀਹੀ ਧਰਮ ਨੂੰ ਸਮਝਣਾ ਮੁਸ਼ਕਲ ਹੋ ਗਿਆ ਸੀ।

5. ਪੌਲੁਸ ਨੇ ਕਿਵੇਂ ਦਿਖਾਇਆ ਸੀ ਕਿ ਬਿਵਸਥਾ ਅਧੀਨ ਭਗਤੀ ਕਰਨ ਦੇ ਤਰੀਕੇ ਨਾਲੋਂ ਮਸੀਹ ਦੁਆਰਾ ਸਥਾਪਿਤ ਕੀਤਾ ਗਿਆ ਤਰੀਕਾ ਉੱਤਮ ਸੀ?

5 ਇਬਰਾਨੀ ਮਸੀਹੀਆਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਸੀ ਕਿ ਮਸੀਹ ਦੁਆਰਾ ਸਥਾਪਿਤ ਕੀਤਾ ਗਿਆ ਭਗਤੀ ਕਰਨ ਦਾ ਤਰੀਕਾ ਬਹੁਤ ਹੀ ਅਹਿਮ ਸੀ। ਉਹ ਨਿਹਚਾ ਉੱਤੇ ਆਧਾਰਿਤ ਸੀ, ਨਾ ਕਿ ਉਨ੍ਹਾਂ ਚੀਜ਼ਾਂ ਉੱਤੇ ਜੋ ਅੱਖੀਂ ਦੇਖੀਆਂ ਜਾ ਸਕਦੀਆਂ ਸਨ। ਭਗਤੀ ਕਰਨ ਦਾ ਇਹ ਤਰੀਕਾ ਉਸ ਬਿਵਸਥਾ ਨਾਲੋਂ ਉੱਤਮ ਸੀ ਜੋ ਮੂਸਾ ਨਬੀ ਦੁਆਰਾ ਦਿੱਤੀ ਗਈ ਸੀ। ਪੌਲੁਸ ਨੇ ਲਿਖਿਆ: “ਕਿਉਂਕਿ ਜੇ ਬੱਕਰਿਆਂ ਅਤੇ ਵਹਿੜਕਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਜਿਹੜੀ ਭ੍ਰਿਸ਼ਟਾਂ ਉੱਤੇ ਧੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ। ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਹ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੋ।” (ਇਬਰਾਨੀਆਂ 9:13, 14) ਯਿਸੂ ਮਸੀਹ ਦਾ ਬਲੀਦਾਨ ਬਿਵਸਥਾ ਅਧੀਨ ਚੜ੍ਹਾਏ ਗਏ ਬਲੀਦਾਨਾਂ ਨਾਲੋਂ ਕਈ ਤਰੀਕਿਆਂ ਨਾਲ ਬਿਹਤਰ ਹੈ, ਇਸ ਲਈ ਮਾਫ਼ੀ ਲਈ ਵਾਰ-ਵਾਰ ਬਲੀਦਾਨ ਚੜ੍ਹਾਉਣ ਦੀ ਲੋੜ ਨਹੀਂ ਹੈ, ਸਿਰਫ਼ ਉਸ ਦੇ ਬਲੀਦਾਨ ਵਿਚ ਨਿਹਚਾ ਕਰਨ ਦੀ ਲੋੜ ਹੈ।—ਇਬਰਾਨੀਆਂ 7:26-28.

6, 7. (ੳ) ਇਬਰਾਨੀ ਮਸੀਹੀਆਂ ਨੂੰ ਕਿਹੜੀ ਸਥਿਤੀ ਕਾਰਨ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖਣ’ ਦੀ ਜ਼ਰੂਰਤ ਸੀ? (ਅ) ਜਦ ਪੌਲੁਸ ਨੇ ਇਬਰਾਨੀਆਂ ਨੂੰ ਚਿੱਠੀ ਲਿਖੀ ਸੀ, ਤਾਂ ਯਰੂਸ਼ਲਮ ਦੇ ਨਾਸ਼ ਹੋਣ ਵਿਚ ਕਿੰਨਾ ਕੁ ਸਮਾਂ ਰਹਿੰਦਾ ਸੀ? (ਫੁਟਨੋਟ ਦੇਖੋ।)

6 ਇਕ ਹੋਰ ਕਾਰਨ ਸੀ ਜਿਸ ਕਰਕੇ ਇਬਰਾਨੀ ਮਸੀਹੀਆਂ ਨੂੰ ਯਿਸੂ ਬਾਰੇ ਸਿੱਖੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਯਰੂਸ਼ਲਮ ਦੇ ਨਾਸ਼ ਬਾਰੇ ਭਵਿੱਖਬਾਣੀ ਕਰਦੇ ਹੋਏ ਯਿਸੂ ਨੇ ਕਿਹਾ: “ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ। ਅਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ ਇਸ ਲਈ ਜੋ ਤੈਂ ਆਪਣੀ ਭਲਿਆਈ ਦੇ ਮੌਕੇ ਨੂੰ ਨਾ ਜਾਣਿਆ।”—ਲੂਕਾ 19:43, 44.

7 ਇਹ ਗੱਲਾਂ ਕਦੋਂ ਪੂਰੀਆਂ ਹੋਣੀਆਂ ਸਨ? ਯਿਸੂ ਨੇ ਇਹ ਨਹੀਂ ਦੱਸਿਆ ਸੀ ਕਿ ਇਹ ਗੱਲਾਂ ਕਿਸ ਦਿਨ ਪੂਰੀਆਂ ਹੋਣਗੀਆਂ। ਇਸ ਦੀ ਬਜਾਇ ਉਸ ਨੇ ਇਹ ਸਲਾਹ ਦਿੱਤੀ ਸੀ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।” (ਲੂਕਾ 21:20, 21) ਯਿਸੂ ਨੇ ਇਹ ਸ਼ਬਦ 30 ਸਾਲ ਪਹਿਲਾਂ ਕਹੇ ਸਨ ਅਤੇ ਇਸ ਸਮੇਂ ਦੌਰਾਨ ਯਰੂਸ਼ਲਮ ਵਿਚ ਕੁਝ ਮਸੀਹੀ ਸਮੇਂ ਦੀ ਅਹਿਮੀਅਤ ਭੁੱਲ ਕੇ ਭਟਕ ਗਏ ਸਨ। ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਸੱਚਾਈ ਦੇ ਰਾਹ ਤੇ ਚੱਲਦੇ-ਚੱਲਦੇ ਧਿਆਨ ਨਹੀਂ ਰੱਖਿਆ। ਤਬਾਹੀ ਤੋਂ ਬਚਣ ਲਈ ਉਨ੍ਹਾਂ ਨੂੰ ਆਪਣੀ ਸੋਚਣੀ ਸੁਧਾਰਨ ਦੀ ਲੋੜ ਸੀ। ਭਾਵੇਂ ਉਨ੍ਹਾਂ ਨੇ ਵਿਸ਼ਵਾਸ ਕੀਤਾ ਜਾਂ ਨਹੀਂ, ਪਰ ਯਰੂਸ਼ਲਮ ਦਾ ਨਾਸ਼ ਬਹੁਤ ਹੀ ਜਲਦੀ ਹੋਣ ਵਾਲਾ ਸੀ! * ਉਮੀਦ ਹੈ ਕਿ ਪੌਲੁਸ ਦੀ ਸਲਾਹ ਨਾਲ ਯਰੂਸ਼ਲਮ ਵਿਚ ਰਹਿੰਦੇ ਮਸੀਹੀਆਂ ਨੂੰ ਯਾਦ ਆਇਆ ਹੋਵੇਗਾ ਕਿ ਉਨ੍ਹਾਂ ਨੂੰ ਰੂਹਾਨੀ ਨੀਂਦਰ ਤੋਂ ਜਾਗਣ ਦੀ ਲੋੜ ਸੀ।

ਸਾਨੂੰ ਵੀ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖਣਾ’ ਚਾਹੀਦਾ ਹੈ

8. ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਦਾ ‘ਹੋਰ ਵੀ ਧਿਆਨ ਰੱਖਣ’ ਦੀ ਕਿਉਂ ਲੋੜ ਹੈ?

8 ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਦਾ ‘ਹੋਰ ਵੀ ਧਿਆਨ ਰੱਖਣਾ’ ਚਾਹੀਦਾ ਹੈ। ਕਿਉਂ? ਕਿਉਂਕਿ ਅਸੀਂ ਵੀ ਜਲਦੀ ਆਉਣ ਵਾਲੇ ਨਾਸ਼ ਦਾ ਸਾਮ੍ਹਣਾ ਕਰਾਂਗੇ। ਪਰ ਨਾਸ਼ ਸਿਰਫ਼ ਇਕ ਕੌਮ ਦਾ ਨਹੀਂ ਹੋਵੇਗਾ, ਸਗੋਂ ਪੂਰੀ ਦੁਸ਼ਟ ਦੁਨੀਆਂ ਦਾ ਹੋਵੇਗਾ। (ਪਰਕਾਸ਼ ਦੀ ਪੋਥੀ 11:18; 16:14, 16) ਇਹ ਸੱਚ ਹੈ ਕਿ ਅਸੀਂ ਉਸ ਦਿਨ ਅਤੇ ਉਸ ਘੜੀ ਨੂੰ ਨਹੀਂ ਜਾਣਦੇ ਜਦ ਯਹੋਵਾਹ ਨੇ ਇਹ ਕੰਮ ਕਰਨਾ ਹੈ। (ਮੱਤੀ 24:36) ਫਿਰ ਵੀ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਅੱਖੀਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1-5) ਇਸ ਲਈ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਤਾਂਕਿ ਕਿਸੇ ਚੀਜ਼ ਦੁਆਰਾ ਸਾਡਾ ਧਿਆਨ ਨਾ ਭਟਕ ਜਾਵੇ। ਸਾਨੂੰ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਮੇਂ ਦੀ ਅਹਿਮੀਅਤ ਨਹੀਂ ਭੁੱਲਣੀ ਚਾਹੀਦੀ। ਸਿਰਫ਼ ਇਸ ਤਰ੍ਹਾਂ ਕਰਨ ਨਾਲ ਹੀ ਅਸੀਂ “ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ” ਸਕਾਂਗੇ।—ਲੂਕਾ 21:36.

9, 10. (ੳ) ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਰੂਹਾਨੀ ਗੱਲਾਂ ਦਾ ਧਿਆਨ ਰੱਖਦੇ ਹਾਂ? (ਅ) ਪਰਮੇਸ਼ੁਰ ਦਾ ਬਚਨ ‘ਸਾਡੇ ਪੈਰਾਂ ਲਈ ਦੀਪਕ’ ਅਤੇ ਸਾਡੇ “ਰਾਹ ਦਾ ਚਾਨਣ” ਕਿਵੇਂ ਸਾਬਤ ਹੁੰਦਾ ਹੈ?

9 ਇਨ੍ਹਾਂ ਮਹੱਤਵਪੂਰਣ ਸਮਿਆਂ ਦੌਰਾਨ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਰੂਹਾਨੀ ਗੱਲਾਂ ਦਾ ‘ਹੋਰ ਵੀ ਧਿਆਨ ਰੱਖਦੇ’ ਹਾਂ? ਇਕ ਤਰੀਕਾ ਇਹ ਹੈ ਕਿ ਸਾਨੂੰ ਲਗਾਤਾਰ ਮਸੀਹੀ ਸਭਾਵਾਂ ਅਤੇ ਛੋਟੇ-ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਣਾ ਚਾਹੀਦਾ ਹੈ। ਸਾਨੂੰ ਬਾਈਬਲ ਦਾ ਗੰਭੀਰਤਾ ਨਾਲ ਅਧਿਐਨ ਕਰਨਾ ਚਾਹੀਦਾ ਹੈ, ਤਾਂਕਿ ਅਸੀਂ ਇਸ ਦੇ ਕਰਤਾ ਯਾਨੀ ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕਰ ਸਕੀਏ। (ਯਾਕੂਬ 4:8) ਜੇਕਰ ਅਸੀਂ ਨਿੱਜੀ ਅਧਿਐਨ ਅਤੇ ਸਭਾਵਾਂ ਦੁਆਰਾ ਯਹੋਵਾਹ ਬਾਰੇ ਗਿਆਨ ਲਈਏ, ਤਾਂ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਪਰਮੇਸ਼ੁਰ ਨੂੰ ਇਹ ਕਹਿ ਸਕਾਂਗੇ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।”—ਜ਼ਬੂਰਾਂ ਦੀ ਪੋਥੀ 119:105.

10 ਬਾਈਬਲ ਸਾਡੇ “ਰਾਹ ਦਾ ਚਾਨਣ” ਹੈ ਕਿਉਂਕਿ ਇਸ ਵਿਚ ਭਵਿੱਖ ਲਈ ਪਰਮੇਸ਼ੁਰ ਦੇ ਮਕਸਦਾਂ ਬਾਰੇ ਦੱਸਿਆ ਗਿਆ ਹੈ। ਪਰਮੇਸ਼ੁਰ ਦਾ ਬਚਨ ‘ਸਾਡੇ ਪੈਰਾਂ ਲਈ ਦੀਪਕ’ ਵੀ ਹੈ। ਇਸ ਦਾ ਮਤਲਬ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਮੇਂ ਸਹੀ ਕਦਮ ਚੁੱਕਣ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਜਾਂ ਨਿੱਜੀ ਤੌਰ ਤੇ ਪਰਮੇਸ਼ੁਰ ਦਾ ਬਚਨ ਪੜ੍ਹਨ ਵੇਲੇ ਅਸੀਂ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੀਏ।’ ਜੋ ਗਿਆਨ ਅਸੀਂ ਹਾਸਲ ਕਰਦੇ ਹਾਂ, ਉਹ ਸਾਡੀ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਮਦਦ ਕਰੇਗਾ ਜਿਸ ਨਾਲ ਯਹੋਵਾਹ ਦਾ ਦਿਲ ਖ਼ੁਸ਼ ਹੋਵੇਗਾ। (ਕਹਾਉਤਾਂ 27:11; ਯਸਾਯਾਹ 48:17) ਨਿੱਜੀ ਅਧਿਐਨ ਅਤੇ ਸਭਾਵਾਂ ਵਿਚ ਅਸੀਂ ਜ਼ਿਆਦਾ ਧਿਆਨ ਕਿੱਦਾਂ ਦੇ ਸਕਦੇ ਹਾਂ ਤਾਂਕਿ ਸਾਨੂੰ ਪਰਮੇਸ਼ੁਰ ਦੇ ਰੂਹਾਨੀ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਹੋਵੇ?

ਸਭਾਵਾਂ ਵਿਚ ਜ਼ਿਆਦਾ ਧਿਆਨ ਦਿਓ

11. ਕਦੇ-ਕਦੇ ਮਸੀਹੀ ਸਭਾਵਾਂ ਵਿਚ ਧਿਆਨ ਦੇਣਾ ਔਖਾ ਕਿਉਂ ਹੋ ਸਕਦਾ ਹੈ?

11 ਕਦੇ-ਕਦੇ ਮਸੀਹੀ ਸਭਾਵਾਂ ਵਿਚ ਧਿਆਨ ਦੇਣਾ ਸੌਖਾ ਨਹੀਂ ਹੁੰਦਾ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਜਾਂ ਲੇਟ ਆਏ ਭੈਣ-ਭਰਾ ਨੂੰ ਸੀਟ ਲੱਭਦੇ ਦੇਖ ਕੇ ਸਾਡਾ ਧਿਆਨ ਸੌਖਿਆਂ ਭਟਕ ਸਕਦਾ ਹੈ। ਸਾਰਾ ਦਿਨ ਕੰਮ ਕਰ ਕੇ ਅਸੀਂ ਸ਼ਾਇਦ ਥੱਕੇ ਹੋਈਏ। ਹੋ ਸਕਦਾ ਹੈ ਕਿ ਜੋ ਭਰਾ ਭਾਸ਼ਣ ਦੇ ਰਿਹਾ ਹੋਵੇ, ਉਹ ਇੰਨਾ ਵਧੀਆ ਅਤੇ ਜੋਸ਼ੀਲਾ ਭਾਸ਼ਣਕਾਰ ਨਾ ਹੋਵੇ ਜਿਸ ਕਾਰਨ ਤੁਹਾਡਾ ਧਿਆਨ ਕਿਸੇ ਹੋਰ ਦੁਨੀਆਂ ਵਿਚ ਚਲਾ ਜਾਂਦਾ ਹੈ ਜਾਂ ਤੁਹਾਨੂੰ ਨੀਂਦ ਆਉਣ ਲੱਗ ਪੈਂਦੀ ਹੈ! ਮਸੀਹੀ ਸਭਾਵਾਂ ਵਿਚ ਸਾਨੂੰ ਬਹੁਤ ਹੀ ਜ਼ਰੂਰੀ ਸਿੱਖਿਆ ਮਿਲਦੀ ਹੈ, ਇਸ ਲਈ ਚੰਗਾ ਹੋਵੇਗਾ ਕਿ ਅਸੀਂ ਜ਼ਿਆਦਾ ਧਿਆਨ ਦੇਣ ਦੀ ਕੋਸ਼ਿਸ਼ ਕਰੀਏ। ਪਰ ਇਹ ਕਿੱਦਾਂ ਕੀਤਾ ਜਾ ਸਕਦਾ ਹੈ?

12. ਸਭਾਵਾਂ ਵਿਚ ਧਿਆਨ ਦੇਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

12 ਚੰਗੀ ਤਰ੍ਹਾਂ ਤਿਆਰੀ ਕਰਨ ਨਾਲ ਅਸੀਂ ਸਭਾਵਾਂ ਵਿਚ ਜ਼ਿਆਦਾ ਧਿਆਨ ਦੇ ਸਕਾਂਗੇ। ਤਾਂ ਫਿਰ ਕਿਉਂ ਨਾ ਅਸੀਂ ਸਭਾ ਵਿਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਵਗੈਰਾ ਪੜ੍ਹਨ ਲਈ ਸਮਾਂ ਕੱਢੀਏ। ਤੁਸੀਂ ਹਫ਼ਤੇ ਲਈ ਦਿੱਤੇ ਗਏ ਬਾਈਬਲ ਦੇ ਅਧਿਆਵਾਂ ਨੂੰ ਹਰ ਦਿਨ ਥੋੜ੍ਹਾ-ਥੋੜ੍ਹਾ ਕਰ ਕੇ ਪੜ੍ਹ ਸਕਦੇ ਹੋ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰ ਸਕਦੇ ਹੋ। ਚੰਗੀ ਤਰ੍ਹਾਂ ਯੋਜਨਾ ਬਣਾਉਣ ਨਾਲ ਤੁਸੀਂ ਬੁੱਕ ਸਟੱਡੀ ਅਤੇ ਪਹਿਰਾਬੁਰਜ ਅਧਿਐਨ ਦੀ ਤਿਆਰੀ ਵੀ ਕਰ ਸਕਦੇ ਹੋ। ਅਸੀਂ ਜਦੋਂ ਮਰਜ਼ੀ ਤਿਆਰੀ ਕਰੀਏ, ਪਰ ਇਕ ਗੱਲ ਤਾਂ ਪੱਕੀ ਹੈ ਕਿ ਤਿਆਰੀ ਕਰਨ ਨਾਲ ਅਸੀਂ ਸਭਾਵਾਂ ਵਿਚ ਜ਼ਿਆਦਾ ਧਿਆਨ ਦੇ ਸਕਾਂਗੇ।

13. ਸਭਾਵਾਂ ਵਿਚ ਧਿਆਨ ਨਾਲ ਸੁਣਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

13 ਚੰਗੀ ਤਰ੍ਹਾਂ ਤਿਆਰੀ ਕਰਨ ਦੇ ਨਾਲ-ਨਾਲ ਕੁਝ ਭੈਣ-ਭਰਾ ਮਹਿਸੂਸ ਕਰਦੇ ਹਨ ਕਿ ਮੁਹਰੇ ਬੈਠ ਕੇ ਉਹ ਸਭਾਵਾਂ ਵਿਚ ਜ਼ਿਆਦਾ ਧਿਆਨ ਨਾਲ ਸੁਣ ਸਕਦੇ ਹਨ। ਭਾਸ਼ਣਕਾਰ ਵੱਲ ਦੇਖਣ, ਬਾਈਬਲ ਵਿੱਚੋਂ ਪੜ੍ਹੇ ਜਾਂਦੇ ਹਵਾਲੇ ਖੋਲ੍ਹਣ ਅਤੇ ਨੋਟ ਲੈਣ ਦੁਆਰਾ ਵੀ ਅਸੀਂ ਆਪਣਾ ਧਿਆਨ ਭਟਕਣ ਤੋਂ ਰੋਕ ਸਕਦੇ ਹਾਂ। ਪਰ ਇਨ੍ਹਾਂ ਸਭ ਗੱਲਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਇਹ ਗੱਲ ਹੈ ਕਿ ਅਸੀਂ ਧਿਆਨ ਨਾਲ ਸੁਣਨ ਲਈ ਆਪਣੇ ਆਪ ਨੂੰ ਤਿਆਰ ਕਰੀਏ। ਸਾਨੂੰ ਸਭਾਵਾਂ ਵਿਚ ਇਕੱਠੇ ਹੋਣ ਦੇ ਮਕਸਦ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਅਸੀਂ ਮਸੀਹੀ ਭੈਣਾਂ-ਭਰਾਵਾਂ ਨਾਲ ਖ਼ਾਸ ਕਰਕੇ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 26:12; ਲੂਕਾ 2:36, 37) ਸਭਾਵਾਂ ਵਿਚ ਸਾਨੂੰ ਰੂਹਾਨੀ ਭੋਜਨ ਮਿਲਦਾ ਹੈ। (ਮੱਤੀ 24:45-47) ਇਸ ਤੋਂ ਇਲਾਵਾ ਸਭਾਵਾਂ ਦੁਆਰਾ ਸਾਨੂੰ ‘ਇੱਕ ਦੂਏ ਨੂੰ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ’ ਦਾ ਮੌਕਾ ਵੀ ਮਿਲਦਾ ਹੈ।—ਇਬਰਾਨੀਆਂ 10:24, 25.

14. ਸਭਾਵਾਂ ਦਾ ਮਕਸਦ ਕਿੱਦਾਂ ਪੂਰਾ ਹੁੰਦਾ ਹੈ?

14 ਕੁਝ ਭੈਣ-ਭਰਾ ਸਭਾਵਾਂ ਦੀ ਖੂਬੀ ਦਾ ਅੰਦਾਜ਼ਾ ਸ਼ਾਇਦ ਇਸ ਆਧਾਰ ਤੇ ਲਗਾਉਣ ਕਿ ਭਾਸ਼ਣਕਾਰਾਂ ਦੀ ਸਿੱਖਿਆ ਦੇਣ ਦੀ ਯੋਗਤਾ ਕਿਹੋ ਜਿਹੀ ਹੈ। ਜੇਕਰ ਭਾਸ਼ਣਕਾਰ ਬਹੁਤ ਹੀ ਵਧੀਆ ਢੰਗ ਨਾਲ ਭਾਸ਼ਣ ਪੇਸ਼ ਕਰਨ, ਤਾਂ ਅਸੀਂ ਸ਼ਾਇਦ ਕਹੀਏ ਕਿ ਸਭਾ ਬਹੁਤ ਵਧੀਆ ਸੀ। ਪਰ ਜੇਕਰ ਉਸ ਦਾ ਸਿੱਖਿਆ ਦੇਣ ਦਾ ਢੰਗ ਇੰਨਾ ਵਧੀਆ ਨਾ ਹੋਵੇ, ਤਾਂ ਅਸੀਂ ਸ਼ਾਇਦ ਇਹ ਸਮਝੀਏ ਕਿ ਸਭਾ ਬਹੁਤ ਬੋਰਿੰਗ ਸੀ। ਇਹ ਸੱਚ ਹੈ ਕਿ ਜਿਨ੍ਹਾਂ ਨੇ ਸਭਾ ਦੇ ਪ੍ਰੋਗ੍ਰਾਮ ਵਿਚ ਹਿੱਸਾ ਲੈਣਾ ਹੈ, ਉਨ੍ਹਾਂ ਨੂੰ ਆਪਣੀ ਪੂਰੀ ਵਾਹ ਲਾ ਕੇ ਵਧੀਆ ਢੰਗ ਨਾਲ ਸਿੱਖਿਆ ਦੇਣ ਅਤੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (1 ਤਿਮੋਥਿਉਸ 4:16) ਪਰ ਸੁਣਨ ਵਾਲਿਆਂ ਨੂੰ ਜ਼ਿਆਦਾ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਇਹ ਜ਼ਰੂਰੀ ਨਹੀਂ ਹੈ ਕਿ ਭਾਸ਼ਣਕਾਰ ਦੀ ਸਿੱਖਿਆ ਦੇਣ ਦੀ ਯੋਗਤਾ ਵਧੀਆ ਹੋਣ ਨਾਲ ਹੀ ਮੀਟਿੰਗ ਵਧੀਆ ਬਣਦੀ ਹੈ। ਪਰ ਇਹ ਗੱਲ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪੂਰਾ ਧਿਆਨ ਲਾ ਕੇ ਸੁਣੀਏ। ਜਦੋਂ ਅਸੀਂ ਸਭਾਵਾਂ ਵਿਚ ਹਾਜ਼ਰ ਹੋ ਕੇ ਚੰਗੀ ਤਰ੍ਹਾਂ ਸੁਣਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਉਸ ਦੀ ਭਗਤੀ ਕਰਦੇ ਹਾਂ। ਇਸ ਨਾਲ ਸਭਾਵਾਂ ਦਾ ਮਕਸਦ ਪੂਰਾ ਹੁੰਦਾ ਹੈ। ਜੇਕਰ ਅਸੀਂ ਚਾਹ ਨਾਲ ਪਰਮੇਸ਼ੁਰ ਦਾ ਗਿਆਨ ਲੈਂਦੇ ਹਾਂ, ਤਾਂ ਸਾਨੂੰ ਸਭਾਵਾਂ ਤੋਂ ਜ਼ਰੂਰ ਫ਼ਾਇਦਾ ਹੋਵੇਗਾ ਚਾਹੇ ਭਾਸ਼ਣਕਾਰ ਦੀਆਂ ਯੋਗਤਾਵਾਂ ਵਧੀਆ ਹੋਣ ਜਾਂ ਨਾ ਹੋਣ। (ਕਹਾਉਤਾਂ 2:1-5) ਇਸ ਲਈ ਆਓ ਆਪਾਂ ਦ੍ਰਿੜ੍ਹ ਇਰਾਦੇ ਨਾਲ ਆਪਣੀਆਂ ਸਭਾਵਾਂ ਵਿਚ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੀਏ।’

ਨਿੱਜੀ ਅਧਿਐਨ ਤੋਂ ਲਾਭ ਪ੍ਰਾਪਤ ਕਰੋ

15. ਅਧਿਐਨ ਅਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

15 ਨਿੱਜੀ ਅਧਿਐਨ ਅਤੇ ਸੋਚ-ਵਿਚਾਰ ਕਰਦੇ ਹੋਏ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖਣ’ ਨਾਲ ਸਾਨੂੰ ਬਹੁਤ ਹੀ ਫ਼ਾਇਦਾ ਹੁੰਦਾ ਹੈ। ਬਾਈਬਲ ਅਤੇ ਦੂਸਰੇ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨ ਅਤੇ ਉਨ੍ਹਾਂ ਉੱਤੇ ਸੋਚ-ਵਿਚਾਰ ਕਰਨ ਦੁਆਰਾ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਸਾਡੇ ਦਿਲਾਂ ਵਿਚ ਬੈਠ ਜਾਂਦੀਆਂ ਹਨ। ਫਿਰ ਇਸ ਦਾ ਸਾਡੀ ਸੋਚਣੀ ਅਤੇ ਚਾਲ-ਚਲਣ ਉੱਤੇ ਗਹਿਰਾ ਅਸਰ ਪੈਂਦਾ ਹੈ। ਇਸ ਨਾਲ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰ ਸਕਾਂਗੇ। (ਜ਼ਬੂਰਾਂ ਦੀ ਪੋਥੀ 1:2; 40:8) ਇਸ ਲਈ ਸਾਨੂੰ ਜ਼ਿਆਦਾ ਧਿਆਨ ਨਾਲ ਅਧਿਐਨ ਕਰਨਾ ਚਾਹੀਦਾ ਹੈ ਤਾਂਕਿ ਸਾਨੂੰ ਪੂਰਾ ਲਾਭ ਹੋਵੇ। ਸਾਡਾ ਧਿਆਨ ਬਹੁਤ ਹੀ ਜਲਦੀ ਭਟਕ ਸਕਦਾ ਹੈ! ਕਿਸੇ ਚੀਜ਼ ਦੇ ਖੜਾਕੇ ਨਾਲ ਜਿਵੇਂ ਕਿ ਫ਼ੋਨ ਦੀ ਘੰਟੀ ਨਾਲ ਸਾਡਾ ਧਿਆਨ ਭਟਕ ਸਕਦਾ ਹੈ। ਹੋ ਸਕਦਾ ਹੈ ਕਿ ਸਾਡੇ ਲਈ ਲੰਬੇ ਸਮੇਂ ਤਕ ਬੈਠ ਕੇ ਧਿਆਨ ਨਾਲ ਪੜ੍ਹਨਾ ਮੁਸ਼ਕਲ ਹੋਵੇ। ਸ਼ੁਰੂ ਵਿਚ ਸਾਡਾ ਇਰਾਦਾ ਸ਼ਾਇਦ ਚੰਗਾ ਹੋਵੇ ਕਿ ਅਸੀਂ ਬੈਠ ਕੇ ਰੂਹਾਨੀ ਭੋਜਨ ਦਾ ਪੂਰਾ ਫ਼ਾਇਦਾ ਲੈਣਾ ਹੈ, ਪਰ ਕੁਝ ਹੀ ਸਮੇਂ ਬਾਅਦ ਹੋ ਸਕਦਾ ਹੈ ਕਿ ਅਸੀਂ ਕਿਸੇ ਹੋਰ ਦੁਨੀਆਂ ਵਿਚ ਘੁੰਮ-ਫਿਰ ਰਹੇ ਹੋਈਏ। ਤਾਂ ਫਿਰ, ਪਰਮੇਸ਼ੁਰ ਦੇ ਬਚਨ ਦਾ ਨਿੱਜੀ ਅਧਿਐਨ ਕਰਦੇ ਹੋਏ ਅਸੀਂ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ’ ਕਿਵੇਂ ਰੱਖ ਸਕਦੇ ਹਾਂ?

16. (ੳ) ਨਿੱਜੀ ਅਧਿਐਨ ਕਰਨ ਲਈ ਸਾਨੂੰ ਸਮਾਂ ਨਿਸ਼ਚਿਤ ਕਰਨ ਦੀ ਕਿਉਂ ਲੋੜ ਹੈ? (ਅ) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਤੁਸੀਂ ਕਿਵੇਂ ਸਮਾਂ ਕੱਢਿਆ ਹੈ?

16 ਚੰਗਾ ਹੋਵੇਗਾ ਜੇਕਰ ਅਸੀਂ ਅਧਿਐਨ ਕਰਨ ਲਈ ਸਮਾਂ ਨਿਸ਼ਚਿਤ ਕਰੀਏ ਅਤੇ ਅਜਿਹੀ ਜਗ੍ਹਾ ਬੈਠੀਏ ਜਿੱਥੇ ਅਸੀਂ ਧਿਆਨ ਨਾਲ ਪੜ੍ਹ ਸਕੀਏ। ਆਮ ਤੌਰ ਤੇ ਸਾਡੇ ਸਾਰਿਆਂ ਕੋਲ ਨਾ ਹੀ ਇੰਨਾ ਸਮਾਂ ਹੁੰਦਾ ਹੈ ਅਤੇ ਨਾ ਹੀ ਇਕੱਲੇ ਬੈਠ ਕੇ ਕੁਝ ਕਰਨ ਦਾ ਮੌਕਾ ਮਿਲਦਾ ਹੈ। ਸਾਨੂੰ ਸ਼ਾਇਦ ਇਵੇਂ ਲੱਗੇ ਕਿ ਰੋਜ਼ ਦੀ ਦੌੜ-ਭੱਜ ਵਿਚ ਸਾਡੀ ਜ਼ਿੰਦਗੀ ਬੀਤਦੀ ਜਾ ਰਹੀ ਹੈ। ਇਸ ਲਈ, ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਇਕੱਲੇ ਬੈਠ ਕੇ ਅਧਿਐਨ ਕਰਨ ਲਈ ਸਮਾਂ ਕੱਢਣ ਦੀ ਪੂਰੀ ਕੋਸ਼ਿਸ਼ ਕਰੀਏ। ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਜਦ ਮੌਕਾ ਮਿਲੇਗਾ, ਤਾਂ ਅਸੀਂ ਉਦੋਂ ਸਟੱਡੀ ਕਰ ਲਵਾਂਗੇ। ਇਸ ਦੀ ਬਜਾਇ, ਸਾਨੂੰ ਦੂਸਰਿਆਂ ਕੰਮਾਂ ਵਿੱਚੋਂ ਸਟੱਡੀ ਕਰਨ ਲਈ ਸਮਾਂ ਕੱਢਣ ਦੀ ਲੋੜ ਹੈ। (ਅਫ਼ਸੀਆਂ 5:15, 16) ਕਈ ਲੋਕ ਸਟੱਡੀ ਕਰਨ ਲਈ ਸਵੇਰ ਨੂੰ ਥੋੜ੍ਹਾ ਜਿਹਾ ਸਮਾਂ ਕੱਢਦੇ ਹਨ ਜਦੋਂ ਕੋਈ ਰੌਲਾ-ਰੱਪਾ ਨਹੀਂ ਹੁੰਦਾ। ਜਦ ਕਿ ਦੂਸਰਿਆਂ ਨੂੰ ਰਾਤ ਨੂੰ ਸਟੱਡੀ ਕਰਨ ਦਾ ਵਧੀਆ ਮੌਕਾ ਮਿਲਦਾ ਹੈ। ਜ਼ਰੂਰੀ ਗੱਲ ਤਾਂ ਇਹ ਹੈ ਕਿ ਸਾਨੂੰ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਬਾਰੇ ਸਹੀ ਗਿਆਨ ਲੈਣ ਦੀ ਜ਼ਰੂਰਤ ਨੂੰ ਭੁੱਲਣਾ ਨਹੀਂ ਚਾਹੀਦਾ। (ਯੂਹੰਨਾ 17:3) ਤਾਂ ਫਿਰ ਆਓ ਆਪਾਂ ਨਿੱਜੀ ਅਧਿਐਨ ਕਰਨ ਲਈ ਸਮਾਂ ਨਿਸ਼ਚਿਤ ਕਰੀਏ ਅਤੇ ਇਸ ਸਮੇਂ ਨੂੰ ਹੱਥੋਂ ਨਾ ਜਾਣ ਦੇਈਏ।

17. ਸੋਚ-ਵਿਚਾਰ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ?

17 ਅਧਿਐਨ ਕਰ ਕੇ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਦਾ ਬਹੁਤ ਹੀ ਫ਼ਾਇਦਾ ਹੁੰਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਵਿਚਾਰਾਂ ਨੂੰ ਆਪਣੇ ਦਿਲਾਂ ਵਿਚ ਬਿਠਾ ਸਕਦੇ ਹਾਂ। ਸੋਚ-ਵਿਚਾਰ ਕਰਨ ਦੁਆਰਾ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਵਿਚ ਸਾਡੀ ਮਦਦ ਹੁੰਦੀ ਹੈ ਤਾਂਕਿ ਅਸੀਂ ‘ਬਚਨ ਉੱਤੇ ਅਮਲ ਕਰਨ ਵਾਲੇ ਹੋਈਏ ਅਤੇ ਨਿਰੇ ਸੁਣਨ ਵਾਲੇ ਹੀ ਨਹੀਂ।’ (ਯਾਕੂਬ 1:22-25) ਇਸ ਤੋਂ ਇਲਾਵਾ, ਸਾਨੂੰ ਯਹੋਵਾਹ ਦੇ ਗੁਣਾਂ ਬਾਰੇ ਜਾਣਨ ਅਤੇ ਇਨ੍ਹਾਂ ਉੱਤੇ ਗੌਰ ਕਰਨ ਦਾ ਮੌਕਾ ਮਿਲਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਹੈ।

18. ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਲਈ ਸਾਨੂੰ ਕਿਹੋ ਜਿਹੇ ਮਾਹੌਲ ਦੀ ਲੋੜ ਹੈ?

18 ਅਧਿਐਨ ਕਰ ਕੇ ਇਸ ਉੱਤੇ ਸੋਚ-ਵਿਚਾਰ ਕਰਨ ਦਾ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਨਵੀਆਂ ਗੱਲਾਂ ਉੱਤੇ ਵਿਚਾਰ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਜ਼ਿੰਦਗੀ ਦੀਆਂ ਚਿੰਤਾਵਾਂ ਨੂੰ ਭੁੱਲ ਜਾਈਏ ਜੋ ਸਾਡਾ ਧਿਆਨ ਭੰਗ ਕਰ ਸਕਦੀਆਂ ਹਨ। ਭਾਵੇਂ ਸਾਨੂੰ ਇਕੱਲੇ ਬੈਠ ਕੇ ਅਧਿਐਨ ਕਰਨ ਲਈ ਸਮਾਂ ਕੱਢਣਾ ਪੈਂਦਾ ਹੈ, ਪਰ ਪਰਮੇਸ਼ੁਰ ਦੇ ਬਚਨ ਤੋਂ ਰੂਹਾਨੀ ਭੋਜਨ ਖਾ ਕੇ ਅਤੇ ਸੱਚਾਈ ਦਾ ਪਾਣੀ ਪੀ ਕੇ ਸਾਨੂੰ ਕਿੰਨੀ ਤਾਜ਼ਗੀ ਮਿਲਦੀ ਹੈ!

19. (ੳ) ਕੁਝ ਲੋਕ ਜ਼ਿਆਦਾ ਧਿਆਨ ਨਾਲ ਨਿੱਜੀ ਅਧਿਐਨ ਕਿਵੇਂ ਕਰ ਸਕੇ ਹਨ? (ਅ) ਅਧਿਐਨ ਕਰਨ ਬਾਰੇ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ ਅਤੇ ਇਸ ਜ਼ਰੂਰੀ ਕੰਮ ਤੋਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

19 ਜੇਕਰ ਅਸੀਂ ਕਿਸੇ ਗੱਲ ਉੱਤੇ ਪੂਰਾ ਧਿਆਨ ਨਾ ਲਗਾ ਸਕੀਏ ਅਤੇ ਅਧਿਐਨ ਕਰਦੇ ਹੋਏ ਥੋੜ੍ਹੇ ਸਮੇਂ ਬਾਅਦ ਸਾਡਾ ਧਿਆਨ ਹੋਰਨਾਂ ਗੱਲਾਂ ਉੱਤੇ ਲੱਗ ਜਾਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕਈ ਭੈਣ-ਭਰਾ ਜ਼ਿਆਦਾ ਧਿਆਨ ਨਾਲ ਸਟੱਡੀ ਕਰਨ ਲਈ ਸ਼ੁਰੂ ਵਿਚ ਥੋੜ੍ਹੇ ਸਮੇਂ ਲਈ ਸਟੱਡੀ ਕਰਨ ਲੱਗਦੇ ਹਨ ਅਤੇ ਫਿਰ ਹੌਲੀ-ਹੌਲੀ ਸਟੱਡੀ ਕਰਨ ਦੇ ਸਮੇਂ ਨੂੰ ਵਧਾਉਂਦੇ ਜਾਂਦੇ ਹਨ। ਸਾਡਾ ਟੀਚਾ ਕਾਹਲੀ-ਕਾਹਲੀ ਸਟੱਡੀ ਕਰ ਕੇ ਕੰਮ ਨਿਬੇੜਣ ਦਾ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਚੰਗੀ ਤਰ੍ਹਾਂ ਸਟੱਡੀ ਕਰਨ ਵਿਚ ਜ਼ਿਆਦਾ ਸਮਾਂ ਲਗਾਉਣਾ ਚਾਹੀਦਾ ਹੈ। ਜਿਸ ਵਿਸ਼ੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੋਵੇ, ਉਸ ਵਿਚ ਸਾਨੂੰ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ। ਮਾਤਬਰ ਅਤੇ ਬੁੱਧਵਾਨ ਨੌਕਰ ਨੇ ਰਿਸਰਚ ਕਰਨ ਲਈ ਸਾਨੂੰ ਬਹੁਤ ਸਾਰੇ ਸਾਧਨ ਮੁਹੱਈਆ ਕੀਤੇ ਹਨ ਜਿਨ੍ਹਾਂ ਨੂੰ ਅਸੀਂ ਅਧਿਐਨ ਦੌਰਾਨ ਵਰਤ ਸਕਦੇ ਹਾਂ। “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰਨ ਨਾਲ ਬਹੁਤ ਹੀ ਫ਼ਾਇਦਾ ਹੁੰਦਾ ਹੈ। (1 ਕੁਰਿੰਥੀਆਂ 2:10) ਇਸ ਤਰ੍ਹਾਂ ਕਰ ਕੇ ਪਰਮੇਸ਼ੁਰ ਬਾਰੇ ਸਾਡਾ ਗਿਆਨ ਵਧਦਾ ਹੈ ਅਤੇ ਸੋਚ-ਸਮਝ ਕੇ ਸਹੀ ਕਦਮ ਚੁੱਕਣ ਦੀ ਸਾਡੀ ਯੋਗਤਾ ਵੀ ਵਧਦੀ ਹੈ। (ਇਬਰਾਨੀਆਂ 5:14) ਜੇਕਰ ਅਸੀਂ ਪਰਮੇਸ਼ੁਰ ਦੇ ਬਚਨ ਦਾ ਧਿਆਨ ਨਾਲ ਅਧਿਐਨ ਕਰਾਂਗੇ, ਤਾਂ ਅਸੀਂ “ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ” ਹੋਵਾਂਗੇ।—2 ਤਿਮੋਥਿਉਸ 2:2.

20. ਅਸੀਂ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਿਵੇਂ ਕਾਇਮ ਕਰ ਸਕਦੇ ਹਾਂ?

20 ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਵਿਚ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਨਿੱਜੀ ਅਧਿਐਨ ਕਰਨ ਨਾਲ ਸਾਨੂੰ ਬਹੁਤ ਹੀ ਮਦਦ ਮਿਲਦੀ ਹੈ। ਸੰਭਵ ਹੈ ਕਿ ਜ਼ਬੂਰਾਂ ਦੇ ਲਿਖਾਰੀ ਦੇ ਸੰਬੰਧ ਵਿਚ ਇਹ ਗੱਲ ਸੱਚ ਸੀ ਜਿਸ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!” (ਜ਼ਬੂਰਾਂ ਦੀ ਪੋਥੀ 119:97) ਤਾਂ ਫਿਰ, ਆਓ ਆਪਾਂ ਨਿਯਮਿਤ ਤੌਰ ਤੇ ਸਭਾਵਾਂ ਅਤੇ ਛੋਟੇ-ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਈਏ। ਅਤੇ ਆਓ ਆਪਾਂ ਬਾਈਬਲ ਦਾ ਅਧਿਐਨ ਕਰਨ ਅਤੇ ਇਸ ਉੱਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢੀਏ। ਇਸ ਤਰ੍ਹਾਂ ਪਰਮੇਸ਼ੁਰ ਦੇ ਬਚਨ ਦਾ ‘ਹੋਰ ਵੀ ਧਿਆਨ ਰੱਖਣ’ ਦੁਆਰਾ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।

[ਫੁਟਨੋਟ]

^ ਪੈਰਾ 7 ਸੰਭਵ ਹੈ ਕਿ ਇਬਰਾਨੀਆਂ ਨੂੰ ਚਿੱਠੀ 61 ਸਾ.ਯੁ. ਵਿਚ ਲਿਖੀ ਗਈ ਸੀ। ਜੇਕਰ ਇਹ ਸੱਚ ਹੈ, ਤਾਂ ਸਿਰਫ਼ ਪੰਜ ਕੁ ਸਾਲਾਂ ਬਾਅਦ ਹੀ ਸੈਸਟੀਅਸ ਗੈਲਸ ਦੀਆਂ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ ਸੀ। ਕੁਝ ਸਮੇਂ ਬਾਅਦ ਰੋਮੀ ਵਾਪਸ ਚਲੇ ਗਏ ਅਤੇ ਸਾਵਧਾਨ ਮਸੀਹੀਆਂ ਨੂੰ ਭੱਜਣ ਦਾ ਮੌਕਾ ਮਿਲਿਆ। ਇਸ ਤੋਂ ਚਾਰ ਸਾਲ ਬਾਅਦ ਜਨਰਲ ਟਾਈਟਸ ਦੇ ਅਧੀਨ ਰੋਮੀ ਫ਼ੌਜਾਂ ਨੇ ਸ਼ਹਿਰ ਨੂੰ ਉਜਾੜ ਦਿੱਤਾ।

ਕੀ ਤੁਹਾਨੂੰ ਯਾਦ ਹੈ?

• ਕੁਝ ਇਬਰਾਨੀ ਮਸੀਹੀ ਸੱਚਾਈ ਦੇ ਰਸਤੇ ਤੋਂ ਕਿਉਂ ਭਟਕ ਰਹੇ ਸਨ?

• ਅਸੀਂ ਮਸੀਹੀ ਸਭਾਵਾਂ ਵਿਚ ਚੰਗੀ ਤਰ੍ਹਾਂ ਧਿਆਨ ਕਿਵੇਂ ਲਗਾ ਸਕਦੇ ਹਾਂ?

• ਨਿੱਜੀ ਬਾਈਬਲ ਅਧਿਐਨ ਕਰਨ ਅਤੇ ਇਸ ਉੱਤੇ ਸੋਚ-ਵਿਚਾਰ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

[ਸਵਾਲ]

[ਸਫ਼ੇ 11 ਉੱਤੇ ਤਸਵੀਰ]

ਇਬਰਾਨੀ ਮਸੀਹੀਆਂ ਨੂੰ ਯਰੂਸ਼ਲਮ ਦੇ ਜਲਦੀ ਆ ਰਹੇ ਵਿਨਾਸ਼ ਤੋਂ ਸਾਵਧਾਨ ਰਹਿਣ ਦੀ ਲੋੜ ਸੀ

[ਸਫ਼ੇ 13 ਉੱਤੇ ਤਸਵੀਰ]

ਮਸੀਹੀ ਸਭਾਵਾਂ ਤੋਂ ਪੂਰਾ ਫ਼ਾਇਦਾ ਲੈਣ ਲਈ ਮਾਪੇ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ