Skip to content

Skip to table of contents

ਕੀ ਤੁਹਾਨੂੰ ਬੇਫ਼ਿਕਰੇ ਹੋਣਾ ਚਾਹੀਦਾ ਹੈ?

ਕੀ ਤੁਹਾਨੂੰ ਬੇਫ਼ਿਕਰੇ ਹੋਣਾ ਚਾਹੀਦਾ ਹੈ?

ਕੀ ਤੁਹਾਨੂੰ ਬੇਫ਼ਿਕਰੇ ਹੋਣਾ ਚਾਹੀਦਾ ਹੈ?

ਜੇਕਿਸੇ ਬਾਰੇ ਕਿਹਾ ਜਾਵੇ ਕਿ ਉਸ ਦਾ ਸੁਭਾਅ ਨਰਮ ਤੇ ਸਹਿਣਸ਼ੀਲ ਹੈ ਅਤੇ ਉਹ ਸਭ ਕੁਝ ਸਹਿਜ ਨਾਲ ਕਰਦਾ ਹੈ, ਤਾਂ ਉਹ ਸ਼ਾਇਦ ਸਮਝੇ ਕਿ ਉਸ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਲੇਕਿਨ ਹੋ ਸਕਦਾ ਹੈ ਕਿ ਅਜਿਹੇ ਸੁਭਾਅ ਵਾਲਾ ਵਿਅਕਤੀ ਸ਼ਾਇਦ ਲਾਪਰਵਾਹ ਜਾਂ ਬੇਫ਼ਿਕਰਾ ਰਵੱਈਆ ਅਪਣਾ ਲਵੇ। ਬਾਈਬਲ ਕਹਿੰਦੀ ਹੈ: “ਮੂਰਖਾਂ ਦੀ ਲਾਪਰਵਾਹੀ ਓਹਨਾਂ ਦਾ ਨਾਸ ਕਰੇਗੀ।” (ਕਹਾਉਤਾਂ 1:32) ਇਸ ਦਾ ਕੀ ਮਤਲਬ ਹੈ?

ਕੁਝ ਬਾਈਬਲ ਅਨੁਵਾਦਾਂ ਵਿਚ ਮੁਢਲੇ ਇਬਰਾਨੀ ਸ਼ਬਦ ਦਾ ਤਰਜਮਾ “ਬੇਪਰਵਾਹੀ” (ਅਮੈਰੀਕਨ ਸਟੈਂਡਡ ਵਰਯਨ), “ਖ਼ੁਦਪਰਸਤੀ” (ਦ ਨਿਊ ਅਮੈਰੀਕਨ ਬਾਈਬਲ), “ਅਲਗਰਜ਼ੀ” (ਦ ਨਿਊ ਇੰਗਲਿਸ਼ ਬਾਈਬਲ) ਕੀਤਾ ਗਿਆ ਹੈ। ਤਾਂ ਫਿਰ ਇਸ ਭਾਵ ਵਿਚ ਬੇਫ਼ਿਕਰੇ ਰਵੱਈਏ ਦਾ ਸੰਬੰਧ ਆਲਸ ਤੇ ਲਾਪਰਵਾਹੀ ਅਤੇ ਮੂਰਖਤਾਈ ਨਾਲ ਜੋੜਿਆ ਜਾਂਦਾ ਹੈ।

ਪਹਿਲੀ ਸਦੀ ਵਿਚ ਲਾਉਦਿਕੀਆ ਦੀ ਕਲੀਸਿਯਾ ਦੇ ਮਸੀਹੀ ਲਾਪਰਵਾਹੀ ਕਰਕੇ ਆਪਣੀਆਂ ਅਧਿਆਤਮਿਕ ਕਮਜ਼ੋਰੀਆਂ ਤੋਂ ਬਿਲਕੁਲ ਹੀ ਅਣਜਾਣ ਜਾਂ ਬੇਫ਼ਿਕਰੇ ਸਨ। ਉਨ੍ਹਾਂ ਨੇ ਸ਼ੇਖ਼ੀ ਮਾਰੀ ਭਈ ਸਾਨੂੰ “ਕਾਸੇ ਦੀ ਲੋੜ ਨਹੀਂ” ਹੈ। ਯਿਸੂ ਮਸੀਹ ਨੇ ਉਨ੍ਹਾਂ ਨੂੰ ਤਾੜਨਾ ਦਿੱਤੀ ਅਤੇ ਉਨ੍ਹਾਂ ਨੂੰ ਦੁਬਾਰਾ ਜੋਸ਼ ਨਾਲ ਕੰਮ ਕਰਨ ਲਈ ਕਿਹਾ।—ਪਰਕਾਸ਼ ਦੀ ਪੋਥੀ 3:14-19.

ਨੂਹ ਦੇ ਦਿਨਾਂ ਵਿਚ ਵੀ ਲੋਕ ਲਾਪਰਵਾਹ ਤੇ ਬੇਫ਼ਿਕਰੇ ਸਨ। ਉਹ ਦੁਨਿਆਵੀ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਸਨ। ਉਹ “ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ” ਰਹੇ “ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ।” ਯਿਸੂ ਨੇ ਅੱਗੇ ਕਿਹਾ: “ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ [“ਦੀ ਮੌਜੂਦਗੀ,” ਨਿ ਵ] ਹੋਵੇਗਾ।”—ਮੱਤੀ 24:37-39.

ਪੂਰੀਆਂ ਹੋਈਆਂ ਬਾਈਬਲ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ‘ਮਨੁੱਖ ਦੇ ਪੁੱਤਰ ਯਾਨੀ ਯਿਸੂ ਮਸੀਹ ਦੀ ਮੌਜੂਦਗੀ’ ਦੇ ਦਿਨਾਂ ਵਿਚ ਜੀ ਰਹੇ ਹਾਂ। ਆਓ ਆਪਾਂ ਕਦੇ ਅਲਗਰਜ਼ੀ ਅਤੇ ਲਾਪਰਵਾਹੀ ਕਰ ਕੇ ਬੇਫ਼ਿਕਰੇ ਨਾ ਹੋਈਏ।—ਲੂਕਾ 21:29-36.