ਜੰਗ ਤੋਂ ਬਾਅਦ ਸੇਵਾ ਕਰਨ ਦੇ ਵੱਡੇ ਮੌਕੇ
ਜੀਵਨੀ
ਜੰਗ ਤੋਂ ਬਾਅਦ ਸੇਵਾ ਕਰਨ ਦੇ ਵੱਡੇ ਮੌਕੇ
ਫਿਲਿਪ ਐੱਸ. ਹੌਫ਼ਮਨ ਦੀ ਜ਼ਬਾਨੀ
ਮਈ 1945 ਵਿਚ ਦੂਜਾ ਵਿਸ਼ਵ ਯੁੱਧ ਅਜੇ ਖ਼ਤਮ ਹੀ ਹੋਇਆ ਸੀ। ਉਸ ਸਮੇਂ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਭਰਾ ਨੇਥਨ ਐੱਚ. ਨੌਰ ਦੇ ਜ਼ਿੰਮੇ ਸੀ। ਅਤੇ ਉਸ ਸਾਲ ਦਸੰਬਰ ਵਿਚ ਭਰਾ ਨੌਰ ਆਪਣੇ 25-ਸਾਲਾ ਸੈਕਟਰੀ ਮਿਲਟਨ ਜੀ. ਹੈੱਨਸ਼ਲ ਨਾਲ ਡੈਨਮਾਰਕ ਆਏ ਸਨ। ਉਨ੍ਹਾਂ ਦੇ ਖ਼ਾਸ ਭਾਸ਼ਣਾਂ ਵਾਸਤੇ ਇਕ ਵੱਡਾ ਹਾਲ ਕਿਰਾਏ ਤੇ ਲਿਆ ਗਿਆ ਸੀ। ਭਰਾ ਹੈੱਨਸ਼ਲ ਦਾ ਭਾਸ਼ਣ ਖ਼ਾਸ ਕਰਕੇ ਜਵਾਨਾਂ ਲਈ ਵਧੀਆ ਸੀ ਕਿਉਂਕਿ ਉਹ ਸਾਡੀ ਉਮਰ ਦਾ ਸੀ ਅਤੇ ਉਸ ਦੇ ਭਾਸ਼ਣ ਦਾ ਵਿਸ਼ਾ ਸੀ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।”—ਉਪਦੇਸ਼ਕ ਦੀ ਪੋਥੀ 12:1.
ਇਨ੍ਹਾਂ ਭਰਾਵਾਂ ਨੇ ਸਾਨੂੰ ਦੱਸਿਆ ਕਿ ਸੰਸਾਰ ਭਰ ਵਿਚ ਪ੍ਰਚਾਰ ਦੇ ਕੰਮ ਵਿਚ ਬਹੁਤ ਤਰੱਕੀ ਹੋ ਰਹੀ ਸੀ ਅਤੇ ਕਿ ਅਸੀਂ ਉਸ ਵਿਚ ਹਿੱਸਾ ਲੈ ਸਕਦੇ ਸੀ। (ਮੱਤੀ 24:14) ਉਦਾਹਰਣ ਲਈ, ਅਮਰੀਕਾ ਵਿਚ ਇਕ ਨਵਾਂ ਸਕੂਲ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ ਨੌਜਵਾਨ ਭੈਣਾਂ-ਭਰਾਵਾਂ ਨੂੰ ਮਿਸ਼ਨਰੀਆਂ ਵਜੋਂ ਸਿਖਲਾਈ ਦਿੱਤੀ ਜਾ ਰਹੀ ਸੀ। ਭਰਾ ਨੌਰ ਨੇ ਵਾਰ-ਵਾਰ ਕਿਹਾ ਕਿ ਜੇ ਸਾਨੂੰ ਇਸ ਸਕੂਲ ਜਾਣ ਦਾ ਮੌਕਾ ਮਿਲਿਆ, ਤਾਂ ਸਾਨੂੰ “ਸਿਰਫ਼ ਜਾਣ ਦੀ ਟਿਕਟ ਮਿਲੇਗੀ, ਵਾਪਸ ਆਉਣ ਦੀ ਨਹੀਂ” ਅਤੇ ਕਿ ਸਾਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਸਾਨੂੰ ਕਿੱਥੇ ਭੇਜਿਆ ਜਾਵੇਗਾ। ਫਿਰ ਵੀ ਸਾਡੇ ਵਿੱਚੋਂ ਕੁਝ ਭੈਣਾਂ-ਭਰਾਵਾਂ ਨੇ ਅਰਜ਼ੀ ਭਰ ਕੇ ਦੇ ਦਿੱਤੀ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਣ ਵਾਲੀਆਂ ਘਟਨਾਵਾਂ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਹੋਰ ਘਟਨਾਵਾਂ ਬਾਰੇ ਦੱਸਣਾ ਚਾਹੁੰਦਾ ਹਾਂ। ਮੇਰਾ ਜਨਮ 1919 ਵਿਚ ਹੋਇਆ ਸੀ। ਜੰਗ ਤੋਂ ਪਹਿਲਾਂ ਅਤੇ ਜੰਗ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਦਾ ਮੇਰੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਪਿਆ ਸੀ।
ਮਾਮਾ ਜੀ ਤੋਂ ਸੱਚਾਈ ਸਿੱਖੀ
ਮੈਂ ਆਪਣੀ ਮਾਤਾ ਜੀ ਦਾ ਜੇਠਾ ਹਾਂ। ਮੇਰੇ ਜਨਮ ਤੋਂ ਪਹਿਲਾਂ ਮੇਰੇ ਮਾਤਾ ਜੀ ਨੇ ਦੁਆ ਕੀਤੀ ਸੀ ਕਿ ਜੇ ਉਨ੍ਹਾਂ ਦੇ ਲੜਕਾ ਹੋਇਆ, ਤਾਂ ਉਹ ਉਸ ਨੂੰ ਮਿਸ਼ਨਰੀ ਬਣਾਉਣਗੇ। ਮੇਰੇ ਮਾਮਾ ਜੀ ਟੌਮਸ ਬਾਈਬਲ ਸਟੂਡੈਂਟ ਸਨ ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਸੱਦਿਆ ਜਾਂਦਾ ਹੈ। ਗਵਾਹ ਹੋਣ ਕਰਕੇ ਮਾਮਾ ਜੀ ਮੇਰੇ ਨਾਨਕਿਆਂ ਵਿਚ ਬਹੁਤ ਬਦਨਾਮ ਸਨ। ਸਾਡਾ ਘਰ ਕੋਪਨਹੇਗਨ ਸ਼ਹਿਰ ਦੇ ਲਾਗੇ ਹੁੰਦਾ ਸੀ ਅਤੇ ਜਦੋਂ ਵੀ ਉੱਥੇ ਬਾਈਬਲ ਸਟੂਡੈਂਟਾਂ ਦੇ ਸਾਲਾਨਾ ਸੰਮੇਲਨ ਹੁੰਦੇ ਸਨ, ਤਾਂ ਮਾਤਾ ਜੀ ਮਾਮਾ ਜੀ ਨੂੰ ਸਾਡੇ ਨਾਲ ਰਹਿਣ ਲਈ ਬੁਲਾਉਂਦੇ ਸਨ ਕਿਉਂਕਿ ਉਨ੍ਹਾਂ ਦਾ ਆਪਣਾ ਘਰ ਬਹੁਤ ਦੂਰ ਸੀ। ਮਾਮਾ ਜੀ ਨੇ ਮਾਤਾ ਜੀ ਨੂੰ ਇੰਨੀ ਚੰਗੀ ਤਰ੍ਹਾਂ ਬਾਈਬਲ ਬਾਰੇ ਸਮਝਾਇਆ ਕਿ ਮਾਤਾ ਜੀ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਇਹ ਸੱਚਾਈ ਸੀ ਅਤੇ 1930 ਵਿਚ ਉਹ ਵੀ ਬਾਈਬਲ ਸਟੂਡੈਂਟ ਬਣ ਗਏ।
ਮਾਤਾ ਜੀ ਬੜੇ ਸ਼ੌਕ ਨਾਲ ਬਾਈਬਲ ਪੜ੍ਹਿਆ ਕਰਦੇ ਸਨ। ਉਹ ਬਿਵਸਥਾ ਸਾਰ 6:7 ਵਿਚ ਦਰਜ ਕੀਤੇ ਗਏ ਹੁਕਮ ਨੂੰ ਮੰਨ ਕੇ ਮੈਨੂੰ ਤੇ ਮੇਰੀ ਭੈਣ ਨੂੰ “ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ” ਸਿੱਖਿਆ ਦਿੰਦੇ ਸਨ। ਸਮੇਂ ਦੇ ਬੀਤਣ ਨਾਲ ਮੈਂ ਵੀ ਘਰ-ਘਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਉਨ੍ਹਾਂ ਗੱਲਾਂ ਬਾਰੇ ਚਰਚਾ ਕਰਨ ਦਾ ਬਹੁਤ ਸ਼ੌਕ ਸੀ ਜਿਨ੍ਹਾਂ ਬਾਰੇ ਚਰਚ ਵਿਚ ਗ਼ਲਤ ਸਿੱਖਿਆ ਦਿੱਤੀ ਜਾਂਦੀ ਹੈ। ਮੈਂ ਬਾਈਬਲ ਵਿੱਚੋਂ ਦਿਖਾ ਸਕਦਾ ਸੀ ਕਿ ਨਰਕ ਵਰਗੀ ਕੋਈ ਜਗ੍ਹਾ ਨਹੀਂ ਹੈ ਅਤੇ ਮਰਨ ਤੋਂ ਬਾਅਦ ਸਾਡਾ ਕੁਝ ਵੀ ਨਹੀਂ ਬਚਦਾ।—ਜ਼ਬੂਰਾਂ ਦੀ ਪੋਥੀ 146:3, 4; ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4.
ਸਾਰਾ ਪਰਿਵਾਰ ਇਕ ਹੋ ਗਿਆ
ਕੋਪਨਹੇਗਨ ਵਿਖੇ 1937 ਵਿਚ ਸੰਮੇਲਨ ਹੋਣ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਵਿਚ ਸਾਹਿੱਤ ਡਿਪੂ ਵਿਚ ਥੋੜ੍ਹੇ ਸਮੇਂ ਲਈ ਮਦਦ ਦੀ ਲੋੜ ਸੀ। ਮੈਂ ਬਿਜ਼ਨਿਸ ਕਾਲਜ ਵਿਚ ਆਪਣੀ ਪੜ੍ਹਾਈ ਉਦੋਂ ਤਕ ਪੂਰੀ ਕਰ ਲਈ ਸੀ ਅਤੇ ਮੇਰੇ ਉੱਤੇ ਹੋਰ ਕੋਈ ਜ਼ਿੰਮੇਵਾਰੀ ਨਹੀਂ ਸੀ। ਇਸ ਲਈ ਮੈਂ ਡਿਪੂ ਵਿਚ ਕੰਮ ਕਰਨ ਲਈ ਰਾਜ਼ੀ ਹੋ ਗਿਆ। ਡਿਪੂ ਦਾ ਕੰਮ ਪੂਰਾ ਕਰਨ ਤੋਂ ਬਾਅਦ ਮੈਨੂੰ ਬ੍ਰਾਂਚ ਆਫਿਸ ਵਿਚ ਕੰਮ ਕਰਨ ਲਈ ਕਿਹਾ ਗਿਆ। ਕੁਝ ਸਮੇਂ ਬਾਅਦ ਮੈਂ ਘਰ ਛੱਡ ਕੇ ਬੈਥਲ ਵਿਚ ਰਹਿਣ ਲੱਗ ਪਿਆ, ਭਾਵੇਂ ਮੈਂ ਅਜੇ ਬਪਤਿਸਮਾ ਨਹੀਂ ਲਿਆ ਸੀ। ਸਿਆਣੇ ਮਸੀਹੀ ਭੈਣਾਂ-ਭਰਾਵਾਂ ਨਾਲ ਮੇਲ-ਜੋਲ ਰੱਖਣ ਕਰ ਕੇ ਮੈਂ ਰੂਹਾਨੀ ਤੌਰ ਤੇ ਤਰੱਕੀ ਕਰ ਸਕਿਆ। ਅਗਲੇ ਸਾਲ 1 ਜਨਵਰੀ 1938 ਨੂੰ ਮੈਂ ਬਪਤਿਸਮਾ ਲੈ ਲਿਆ।
ਸਤੰਬਰ 1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਫਿਰ 9 ਅਪ੍ਰੈਲ 1940 ਨੂੰ ਜਰਮਨ ਫ਼ੌਜਾਂ ਨੇ ਡੈਨਮਾਰਕ ਉੱਤੇ ਕਬਜ਼ਾ ਕਰ ਲਿਆ। ਡੈਨਮਾਰਕ ਦੇ ਲੋਕਾਂ ਉੱਤੇ ਬਹੁਤੀਆਂ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਸਨ, ਇਸ ਲਈ ਅਸੀਂ ਪ੍ਰਚਾਰ ਦਾ ਕੰਮ ਜਾਰੀ ਰੱਖ ਸਕੇ।
ਫਿਰ ਇਕ ਬਹੁਤ ਹੀ ਵਧੀਆਂ ਗੱਲ ਹੋਈ। ਪਿਤਾ ਜੀ ਵੀ ਇਕ ਵਫ਼ਾਦਾਰ ਗਵਾਹ ਬਣ ਗਏ ਅਤੇ ਇਸ ਤਰ੍ਹਾਂ ਇਕੱਠੇ ਭਗਤੀ ਕਰਨ ਕਰਕੇ ਸਾਡੇ ਪਰਿਵਾਰ ਦੀ ਖ਼ੁਸ਼ੀ ਹੋਰ ਵੀ ਵਧ ਗਈ। ਜਦੋਂ ਮੈਨੂੰ ਅਤੇ ਚਾਰ ਹੋਰ ਭਰਾਵਾਂ ਨੂੰ ਗਿਲਿਅਡ ਸਕੂਲ ਦੀ ਅੱਠਵੀਂ ਕਲਾਸ ਲਈ ਬੁਲਾਇਆ ਗਿਆ, ਤਾਂ ਮੇਰੇ ਸਾਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ। ਪੰਜਾਂ ਮਹੀਨਿਆਂ ਦਾ ਇਹ ਕੋਰਸ ਸਤੰਬਰ 1946 ਵਿਚ ਸ਼ੁਰੂ ਹੋਇਆ ਸੀ। ਉਨੀਂ ਦਿਨੀਂ ਇਹ ਸਕੂਲ ਨਿਊ ਯਾਰਕ ਦੇ ਉੱਤਰੀ ਹਿੱਸੇ ਵਿਚ ਸਾਉਥ ਲੈਂਸਿੰਗ ਦੇ ਨੇੜੇ ਇਕ ਸ਼ਾਨਦਾਰ ਕੈਂਪਸ ਵਿਚ ਲੱਗਦਾ ਸੀ।
ਵਧੀਆ ਤੋਂ ਵਧੀਆ ਸਿਖਲਾਈ ਪ੍ਰਾਪਤ ਕਰਨ ਦੇ ਮੌਕੇ
ਗਿਲਿਅਡ ਵਿਚ ਮੈਨੂੰ ਚੰਗੇ-ਚੰਗੇ ਦੋਸਤ ਬਣਾਉਣ ਦੇ ਮੌਕੇ ਮਿਲੇ। ਇਕ ਸ਼ਾਮ ਮੈਂ ਕੈਂਪਸ ਵਿਚ ਇੰਗਲੈਂਡ ਤੋਂ ਆਏ ਭਰਾ ਹੈਰਲਡ ਕਿੰਗ ਨਾਲ ਸੈਰ ਕਰ ਰਿਹਾ ਸੀ। ਅਸੀਂ ਇਕ ਦੂਜੇ ਨੂੰ ਪੁੱਛਿਆ ਕਿ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਡੇ ਖ਼ਿਆਲ ਵਿਚ ਸਾਨੂੰ ਕਿੱਥੇ ਭੇਜਿਆ ਜਾਵੇਗਾ। ਭਰਾ ਹੈਰਲਡ ਨੇ ਕਿਹਾ: “ਮੈਨੂੰ ਪੂਰਾ ਯਕੀਨ ਹੈ ਕਿ ਮੈਂ ਡੋਵਰ ਦੇ ਸਫੇਦ ਪਹਾੜੀ ਕਿਨਾਰੇ [ਇੰਗਲੈਂਡ ਦੇ ਦੱਖਣ ਵਿਚ] ਫਿਰ ਤੋਂ ਦੇਖਾਂਗਾ।” ਭਰਾ ਨੇ ਬਿਲਕੁਲ ਠੀਕ ਕਿਹਾ ਸੀ, ਪਰ 17 ਸਾਲ ਬਾਅਦ ਹੀ ਉਹ ਇੰਗਲੈਂਡ ਵਾਪਸ ਆਏ ਸਨ। ਉਨ੍ਹਾਂ 17 ਸਾਲਾਂ ਵਿੱਚੋਂ ਭਰਾ ਨੇ ਸਾਢੇ ਚਾਰ ਸਾਲ ਇਕੱਲੇ ਚੀਨ ਦੀ ਇਕ ਜੇਲ੍ਹ ਵਿਚ ਕੱਟੇ ਸਨ! *
ਗਿਲਿਅਡ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਨੂੰ ਅਮਰੀਕਾ ਵਿਚ ਟੈਕਸਸ ਭੇਜਿਆ ਗਿਆ। ਉੱਥੇ ਮੈਂ ਸਫ਼ਰੀ ਨਿਗਾਹਬਾਨ ਵਜੋਂ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੀ ਰੂਹਾਨੀ ਤੌਰ ਤੇ ਮਦਦ ਕਰਨੀ ਸੀ। ਉੱਥੇ ਦੇ ਭਰਾਵਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਟੈਕਸਸ ਦੇ ਭਰਾਵਾਂ ਨੂੰ ਗਿਲਿਅਡ ਸਕੂਲ ਤੋਂ ਆਏ ਜਵਾਨ ਯੂਰਪੀ ਭਰਾ ਨਾਲ ਕੰਮ ਕਰਨਾ ਚੰਗਾ ਲੱਗਦਾ ਸੀ। ਪਰ ਟੈਕਸਸ ਵਿਚ ਮੈਂ ਸਿਰਫ਼ ਸੱਤ ਮਹੀਨੇ ਕੰਮ ਕੀਤਾ ਜਿਸ ਤੋਂ ਬਾਅਦ ਮੈਨੂੰ ਬਰੁਕਲਿਨ, ਨਿਊ ਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਬੁਲਾ ਲਿਆ ਗਿਆ। ਉੱਥੇ ਭਰਾ ਨੌਰ ਨੇ ਮੈਨੂੰ ਦਫ਼ਤਰ ਵਿਚ ਕੰਮ ਕਰਨ ਲਾ ਦਿੱਤਾ ਅਤੇ ਕਿਹਾ ਕਿ ਮੈਂ ਚੰਗੀ ਤਰ੍ਹਾਂ ਸਿੱਖ ਲਵਾਂ ਕਿ ਬੈਥਲ ਦੇ ਸਾਰੇ ਵਿਭਾਗਾਂ ਵਿਚ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਮੈਂ ਇੱਥੇ ਜੋ ਕੁਝ ਸਿੱਖ ਰਿਹਾ ਸੀ, ਉਸ ਨੂੰ ਡੈਨਮਾਰਕ ਵਾਪਸ ਜਾ ਕੇ ਵਰਤਣਾ ਸੀ, ਤਾਂਕਿ ਉੱਥੇ ਵੀ ਸਭ ਕੁਝ ਉਸੇ ਤਰ੍ਹਾਂ ਕੀਤਾ ਜਾਵੇ ਜਿਵੇਂ ਬਰੁਕਲਿਨ ਵਿਚ ਕੀਤਾ ਜਾ ਰਿਹਾ ਸੀ। ਭਰਾ ਨੌਰ ਚਾਹੁੰਦੇ ਸਨ ਕਿ ਦੁਨੀਆਂ ਦੇ ਸਾਰੇ ਬ੍ਰਾਂਚ ਆਫਿਸਾਂ ਵਿਚ ਸਾਰਾ ਕੰਮ ਚੰਗੀ ਤਰ੍ਹਾਂ ਅਤੇ ਇੱਕੋ ਤਰੀਕੇ ਨਾਲ ਕੀਤਾ ਜਾਵੇ। ਬਾਅਦ ਵਿਚ ਭਰਾ ਨੌਰ ਨੇ ਮੈਨੂੰ ਜਰਮਨੀ ਭੇਜ ਦਿੱਤਾ।
ਬ੍ਰਾਂਚ ਆਫਿਸਾਂ ਵਿਚ ਸਿਖਲਾਈ ਵਰਤੀ
ਜਦ ਮੈਂ ਜੁਲਾਈ 1949 ਵਿਚ ਜਰਮਨੀ ਦੇ ਵੀਸਬਾਡਨ ਸ਼ਹਿਰ ਪਹੁੰਚਿਆ, ਤਾਂ ਜਰਮਨੀ ਦੇ ਕਈ ਸ਼ਹਿਰ ਹਾਲੇ ਵੀ ਬਰਬਾਦ ਪਏ ਸਨ। ਪ੍ਰਚਾਰ ਦੇ ਕੰਮ ਦੀ ਅਗਵਾਈ ਉਹ ਭਰਾ ਕਰ ਰਹੇ ਸਨ ਜਿਨ੍ਹਾਂ ਨੇ 1933 ਵਿਚ ਹਿਟਲਰ ਦੇ ਰਾਜ ਦੌਰਾਨ ਸਤਾਹਟਾਂ ਸਹੀਆਂ ਸਨ। ਉਨ੍ਹਾਂ ਭਰਾਵਾਂ ਵਿੱਚੋਂ ਕਈਆਂ ਨੇ ਅੱਠ-ਦਸ ਜਾਂ ਜ਼ਿਆਦਾ ਸਾਲ ਜੇਲ੍ਹਾਂ ਤੇ ਨਜ਼ਰਬੰਦੀ ਕੈਂਪਾਂ ਵਿਚ ਕੱਟੇ ਸਨ! ਮੈਂ ਯਹੋਵਾਹ ਦੇ ਇਨ੍ਹਾਂ ਸੇਵਕਾਂ ਨਾਲ ਸਾਢੇ ਤਿੰਨ ਸਾਲ ਕੰਮ ਕੀਤਾ। ਉਨ੍ਹਾਂ ਦੀ ਵਧੀਆ ਮਿਸਾਲ ਤੋਂ ਮੈਨੂੰ ਗਾਬਰੀਏਲੇ ਯੋਨਾਨ ਨਾਂ ਦੀ ਜਰਮਨ ਇਤਿਹਾਸਕਾਰ ਦੀ ਗੱਲ ਯਾਦ ਆਉਂਦੀ ਹੈ ਜਿਸ ਨੇ ਲਿਖਿਆ: “ਜੇ ਇਨ੍ਹਾਂ ਵਫ਼ਾਦਾਰ ਮਸੀਹੀਆਂ ਨੇ ਨਾਜ਼ੀਆਂ ਦੇ ਅਧੀਨ ਰਹਿ ਕੇ ਵੀ ਚੰਗੀ ਉਦਾਹਰਣ ਨਾ ਕਾਇਮ ਕੀਤੀ ਹੁੰਦੀ, ਤਾਂ ਅਸੀਂ ਆਉਸ਼ਵਿਟਸ ਅਤੇ ਸਰਬਨਾਸ਼ ਤੋਂ ਬਾਅਦ ਇਸ ਤਰ੍ਹਾਂ ਸਮਝਣਾ ਸੀ ਕਿ ਕੋਈ ਵੀ ਯਿਸੂ ਦੀ ਤਾਲੀਮ ਅਨੁਸਾਰ ਨਹੀਂ ਚੱਲ ਸਕਦਾ।”
ਇਸ ਬ੍ਰਾਂਚ ਵਿਚ ਵੀ ਮੇਰਾ ਉਹੀ ਕੰਮ ਸੀ ਜੋ ਮੈਂ ਡੈਨਮਾਰਕ ਵਿਚ ਕਰਦਾ ਸੀ ਯਾਨੀ ਇਹ ਧਿਆਨ ਰੱਖਣਾ ਕਿ ਸੰਸਥਾ ਦੇ ਸਾਰੇ ਕੰਮ ਉਸੇ ਤਰ੍ਹਾਂ ਕੀਤੇ ਜਾਣ ਜਿਵੇਂ ਬਰੁਕਲਿਨ ਵਿਚ ਕੀਤੇ ਜਾ ਰਹੇ ਸਨ। ਜਦ ਜਰਮਨ ਭਰਾਵਾਂ ਨੇ ਸਮਝ ਲਿਆ ਕਿ ਮੈਂ ਇਹ ਸੁਧਾਰ ਕਰ ਕੇ ਉਨ੍ਹਾਂ ਦੇ ਕੰਮ ਦੀ ਨੁਕਤਾਚੀਨੀ ਨਹੀਂ ਕਰ ਰਿਹਾ ਸੀ, ਸਗੋਂ ਹੈੱਡ-ਕੁਆਰਟਰ ਅਤੇ ਬਾਕੀ ਦੀਆਂ ਬ੍ਰਾਂਚਾਂ ਵਿਚ ਵੀ ਇਸੇ ਤਰ੍ਹਾਂ ਕੰਮ ਕੀਤਾ ਜਾ ਰਿਹਾ ਸੀ, ਤਾਂ ਉਨ੍ਹਾਂ ਨੇ ਖਿੜੇ ਮੱਥੇ ਮੇਰਾ ਸਾਥ ਦਿੱਤਾ।
ਫਿਰ 1952 ਵਿਚ ਭਰਾ ਨੌਰ ਤੋਂ ਮੈਨੂੰ ਚਿੱਠੀ ਆਈ ਜਿਸ ਵਿਚ ਮੈਨੂੰ ਸਵਿਟਜ਼ਰਲੈਂਡ ਦੀ ਬਰਨ ਬ੍ਰਾਂਚ ਵਿਚ ਜਾਣ ਲਈ ਕਿਹਾ
ਗਿਆ। ਉੱਥੇ ਮੈਨੂੰ 1 ਜਨਵਰੀ 1953 ਤੋਂ ਬ੍ਰਾਂਚ ਓਵਰਸੀਅਰ ਦਾ ਕੰਮ ਸੌਂਪਿਆ ਗਿਆ ਸੀ।ਸਵਿਟਜ਼ਰਲੈਂਡ ਵਿਚ ਨਵੇਂ ਸਨਮਾਨ
ਸਵਿਟਜ਼ਰਲੈਂਡ ਪਹੁੰਚਣ ਤੋਂ ਕੁਝ ਸਮੇਂ ਬਾਅਦ ਇਕ ਸੰਮੇਲਨ ਵਿਚ ਮੇਰੀ ਐਸਟਰ ਨਾਲ ਮੁਲਾਕਾਤ ਹੋਈ ਅਤੇ ਕੁਝ ਹੀ ਸਮੇਂ ਬਾਅਦ ਸਾਡੀ ਮੰਗਣੀ ਹੋ ਗਈ। ਅਗਸਤ 1954 ਵਿਚ ਭਰਾ ਨੌਰ ਨੇ ਮੈਨੂੰ ਬਰੁਕਲਿਨ ਬੁਲਾਇਆ, ਜਿੱਥੇ ਮੈਨੂੰ ਇਕ ਨਵੀਂ ਕਿਸਮ ਦੇ ਕੰਮ ਬਾਰੇ ਦੱਸਿਆ ਗਿਆ। ਦੁਨੀਆਂ ਭਰ ਵਿਚ ਬ੍ਰਾਂਚ ਆਫਿਸਾਂ ਦੀ ਗਿਣਤੀ ਵਧਣ ਕਰਕੇ ਇਕ ਨਵਾਂ ਇੰਤਜ਼ਾਮ ਕੀਤਾ ਜਾ ਰਿਹਾ ਸੀ। ਪੂਰੇ ਸੰਸਾਰ ਨੂੰ ਵੱਖੋ-ਵੱਖਰੇ ਜ਼ੋਨਾਂ ਜਾਂ ਖੇਤਰਾਂ ਵਿਚ ਵੰਡਿਆ ਜਾ ਰਿਹਾ ਸੀ ਅਤੇ ਹਰ ਖੇਤਰ ਲਈ ਇਕ ਜ਼ੋਨ ਨਿਗਾਹਬਾਨ ਨਿਯੁਕਤ ਕੀਤਾ ਜਾ ਰਿਹਾ ਸੀ। ਮੈਨੂੰ ਦੋ ਖੇਤਰ ਦਿੱਤੇ ਗਏ ਸਨ ਜਿਨ੍ਹਾਂ ਵਿਚ ਯੂਰਪ, ਮੱਧ-ਪੂਰਬ ਅਤੇ ਉੱਤਰੀ ਅਫ਼ਰੀਕਾ ਦੇ ਕਈ ਦੇਸ਼ ਸ਼ਾਮਲ ਸਨ।
ਬਰੁਕਲਿਨ ਤੋਂ ਬਾਅਦ ਮੈਂ ਜਲਦੀ ਸਵਿਟਜ਼ਰਲੈਂਡ ਵਾਪਸ ਆ ਗਿਆ ਅਤੇ ਮੈਂ ਆਪਣੇ ਖੇਤਰ ਦਾ ਦੌਰਾ ਕਰਨ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਅਤੇ ਐਸਟਰ ਦੀ ਸ਼ਾਦੀ ਹੋ ਗਈ ਅਤੇ ਉਹ ਵੀ ਮੇਰੇ ਨਾਲ ਸਵਿਟਜ਼ਰਲੈਂਡ ਦੇ ਬੈਥਲ ਵਿਚ ਕੰਮ ਕਰਨ ਲੱਗ ਪਈ। ਪਹਿਲੇ ਦੌਰੇ ਤੇ ਮੈਂ ਕੁੱਲ 13 ਦੇਸ਼ਾਂ ਨੂੰ ਗਿਆ। ਮੈਂ ਸਪੇਨ, ਪੁਰਤਗਾਲ, ਇਟਲੀ, ਯੂਨਾਨ, ਸਾਈਪ੍ਰਸ, ਮੱਧ-ਪੂਰਬੀ ਅਤੇ ਉੱਤਰੀ ਅਫ਼ਰੀਕੀ ਦੇਸ਼ਾਂ ਦੇ ਬ੍ਰਾਂਚ ਆਫਿਸਾਂ ਅਤੇ ਮਿਸ਼ਨਰੀ ਘਰਾਂ ਦੇ ਦੌਰੇ ਕੀਤੇ। ਕੁਝ ਸਮੇਂ ਲਈ ਅਸੀਂ ਬਰਨ ਨੂੰ ਵਾਪਸ ਗਏ ਜਿਸ ਤੋਂ ਬਾਅਦ ਮੈਂ ਸੋਵੀਅਤ ਸੰਘ ਤੋਂ ਪੱਛਮ ਵੱਲ ਦੇ ਸਾਰੇ ਯੂਰਪੀ ਦੇਸ਼ਾਂ ਦਾ ਦੌਰਾ ਕੀਤਾ। ਸਾਡੀ ਸ਼ਾਦੀ ਦੇ ਪਹਿਲੇ ਸਾਲ ਵਿਚ ਮੈਂ ਆਪਣੇ ਮਸੀਹੀ ਭਰਾਵਾਂ ਦੀ ਸੇਵਾ ਵਿਚ ਛੇ ਮਹੀਨੇ ਘਰੋਂ ਦੂਰ ਰਿਹਾ।
ਹਾਲਾਤ ਬਦਲੇ
ਫਿਰ 1957 ਵਿਚ ਸਾਨੂੰ ਪਤਾ ਲੱਗਾ ਕਿ ਐਸਟਰ ਮਾਂ ਬਣਨ ਵਾਲੀ ਸੀ। ਬੈਥਲ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਮਾਪੇ ਬੱਚੇ ਪਾਲ ਸਕਦੇ ਹਨ, ਇਸ ਲਈ ਅਸੀਂ ਡੈਨਮਾਰਕ ਜਾਣ ਦਾ ਫ਼ੈਸਲਾ ਕੀਤਾ ਜਿੱਥੇ ਮੇਰੇ ਪਿਤਾ ਜੀ ਨੇ ਸਾਨੂੰ ਆਪਣੇ ਨਾਲ ਰੱਖਿਆ। ਐਸਟਰ ਨੇ ਸਾਡੀ ਧੀ ਰਾਕੈਲ ਅਤੇ ਮੇਰੇ ਪਿਤਾ ਜੀ ਦੀ ਦੇਖ-ਭਾਲ ਕੀਤੀ ਅਤੇ ਮੈਂ ਨਵੇਂ ਬਣੇ ਬ੍ਰਾਂਚ ਆਫਿਸ ਵਿਚ ਕੁਝ ਕੰਮ ਕੀਤਾ। ਮੈਂ ਕਲੀਸਿਯਾ ਦੇ ਬਜ਼ੁਰਗਾਂ ਲਈ ਚਲਾਏ ਜਾਂਦੇ ਰਾਜ ਸੇਵਕਾਈ ਸਕੂਲ ਦੇ ਇੰਸਟ੍ਰਕਟਰ ਵਜੋਂ ਕੰਮ ਕੀਤਾ ਅਤੇ ਜ਼ੋਨ ਨਿਗਾਹਬਾਨ ਵਜੋਂ ਵੀ ਦੌਰੇ ਕਰਦਾ ਰਿਹਾ।
ਜ਼ੋਨ ਦੇ ਲੰਬੇ ਦੌਰਿਆਂ ਦੌਰਾਨ ਮੈਂ ਕਾਫ਼ੀ ਸਮਾਂ ਆਪਣੀ ਬੇਟੀ ਤੋਂ ਦੂਰ ਗੁਜ਼ਾਰਦਾ ਸੀ। ਇਸ ਦੇ ਕਈ ਪ੍ਰਭਾਵ ਸਨ। ਇਕ ਵਾਰ ਮੈਂ ਪੈਰਿਸ, ਫਰਾਂਸ ਵਿਚ ਕਾਫ਼ੀ ਸਮਾਂ ਗੁਜ਼ਾਰਿਆ ਜਿੱਥੇ ਅਸੀਂ ਇਕ ਛੋਟਾ ਜਿਹਾ ਛਾਪਾਖ਼ਾਨਾ ਸਥਾਪਿਤ ਕੀਤਾ ਸੀ। ਐਸਟਰ ਰਾਕੈਲ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਈ। ਉਹ ਦੋਵੇਂ ਗਾਰ ਡੂ ਨੌਰ ਰੇਲਵੇ ਸਟੇਸ਼ਨ ਤੇ ਪਹੁੰਚੀਆਂ। ਮੈਂ ਬੈਥਲ ਤੋਂ ਲਿਓਪੋਲਡ ਜੌਂਟੈਜ਼ ਨਾਂ ਦੇ ਭਰਾ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਉੱਥੇ ਮਿਲਣ ਗਿਆ। ਰਾਕੈਲ ਗੱਡੀ ਦੇ ਦਰਵਾਜ਼ੇ ਵਿਚ ਖੜ੍ਹੀ ਹੋ ਕੇ ਕਦੇ ਲਿਓਪੋਲਡ ਵੱਲ ਦੇਖੇ ਤੇ ਕਦੇ ਮੇਰੇ ਵੱਲ।
ਅਖ਼ੀਰ ਵਿਚ ਉਸ ਨੇ ਭੱਜ ਕੇ ਲਿਓਪੋਲਡ ਨੂੰ ਜੱਫੀ ਪਾ ਲਈ!ਫਿਰ 45 ਸਾਲ ਦੀ ਉਮਰ ਤੇ ਮੇਰੀ ਜ਼ਿੰਦਗੀ ਦੇ ਹਾਲਾਤ ਹੋਰ ਵੀ ਬਦਲ ਗਏ। ਉਸ ਸਮੇਂ ਮੈਂ ਪੂਰਣ-ਕਾਲੀ ਸੇਵਕਾਈ ਛੱਡ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਕਰਨੀ ਸ਼ੁਰੂ ਕੀਤੀ। ਯਹੋਵਾਹ ਦਾ ਗਵਾਹ ਹੋਣ ਦੇ ਨਾਤੇ ਮੈਨੂੰ ਜੋ ਤਜਰਬਾ ਹੋਇਆ ਸੀ, ਉਸ ਕਰਕੇ ਮੈਨੂੰ ਐਕਸਪੋਰਟ ਮੈਨੇਜਰ ਵਜੋਂ ਨੌਕਰੀ ਮਿਲ ਗਈ। ਮੈਂ ਉਸ ਕੰਪਨੀ ਵਿਚ ਤਕਰੀਬਨ ਨੌਂ ਸਾਲ ਕੰਮ ਕੀਤਾ, ਜਦ ਤਕ ਰਾਕੈਲ ਨੇ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ। ਫਿਰ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਉੱਥੇ ਜਾਵਾਂਗੇ ਜਿੱਥੇ ਰਾਜ ਦਾ ਪ੍ਰਚਾਰ ਕਰਨ ਵਾਲਿਆਂ ਦੀ ਜ਼ਿਆਦਾ ਜ਼ਰੂਰਤ ਸੀ।
ਅਸੀਂ ਨਾਰਵੇ ਜਾਣ ਬਾਰੇ ਸੋਚਿਆ ਅਤੇ ਮੈਂ ਇਕ ਏਜੰਸੀ ਨੂੰ ਉੱਥੇ ਨੌਕਰੀ ਭਾਲਣ ਬਾਰੇ ਪੁੱਛਿਆ। ਉਨ੍ਹਾਂ ਨੇ ਮੈਨੂੰ ਬਹੁਤੀ ਉਮੀਦ ਨਹੀਂ ਦਿੱਤੀ। ਇਕ 55 ਸਾਲ ਦੇ ਆਦਮੀ ਲਈ ਨੌਕਰੀ ਮਿਲਣੀ ਮੁਸ਼ਕਲ ਸੀ। ਫਿਰ ਵੀ ਮੈਂ ਆਸਲੋ, ਨਾਰਵੇ ਦੀ ਬ੍ਰਾਂਚ ਨਾਲ ਗੱਲ-ਬਾਤ ਕਰਨ ਤੋਂ ਬਾਅਦ ਦਰੇਬਾਕ ਸ਼ਹਿਰ ਦੇ ਲਾਗੇ ਇਕ ਘਰ ਕਿਰਾਏ ਤੇ ਲੈ ਲਿਆ। ਮੈਨੂੰ ਭਰੋਸਾ ਸੀ ਕਿ ਕਿਸੇ-ਨ-ਕਿਸੇ ਤਰ੍ਹਾਂ ਮੇਰੀ ਨੌਕਰੀ ਲੱਗ ਹੀ ਜਾਣੀ ਸੀ। ਆਖ਼ਰ ਇਕ ਨੌਕਰੀ ਮਿਲ ਹੀ ਗਈ ਅਤੇ ਅਸੀਂ ਨਾਰਵੇ ਵਿਚ ਰਾਜ ਦੀ ਸੇਵਾ ਵਿਚ ਬਹੁਤ ਸੋਹਣਾ ਸਮਾਂ ਗੁਜ਼ਾਰਿਆ।
ਸਭ ਤੋਂ ਵਧੀਆ ਸਮੇਂ ਉਹ ਸਨ ਜਦੋਂ ਸਾਡੀ ਕਲੀਸਿਯਾ ਨਾਰਵੇ ਦੇ ਉਨ੍ਹਾਂ ਉੱਤਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਜਾਂਦੀ ਸੀ ਜੋ ਕਿਸੇ ਕਲੀਸਿਯਾ ਨੂੰ ਗਵਾਹੀ ਦੇਣ ਲਈ ਨਹੀਂ ਦਿੱਤੇ ਗਏ ਸਨ। ਅਸੀਂ ਉੱਥੇ ਜਾ ਕੇ ਛੋਟੇ-ਛੋਟੇ ਘਰ ਕਿਰਾਏ ਤੇ ਲੈ ਲੈਂਦੇ ਸੀ ਅਤੇ ਰੋਜ਼ ਸੋਹਣੇ ਪਹਾੜਾਂ ਵਿਚ ਜਾ ਕੇ ਕਿਸਾਨਾਂ ਤੇ ਦੂਜੇ ਲੋਕਾਂ ਨੂੰ ਗਵਾਹੀ ਦਿੰਦੇ ਸੀ। ਉਨ੍ਹਾਂ ਦੋਸਤਾਨਾ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਸਾਨੂੰ ਬਹੁਤ ਹੀ ਚੰਗਾ ਲੱਗਦਾ ਸੀ। ਅਸੀਂ ਕਾਫ਼ੀ ਕਿਤਾਬਾਂ ਅਤੇ ਰਸਾਲੇ ਵੰਡਦੇ ਸੀ, ਪਰ ਉਨ੍ਹਾਂ ਲੋਕਾਂ ਨੂੰ ਅਸੀਂ ਸਿਰਫ਼ ਅਗਲੇ ਸਾਲ ਹੀ ਦੁਬਾਰਾ ਮਿਲ ਸਕਦੇ ਸੀ। ਪਰ ਉਨ੍ਹਾਂ ਲੋਕਾਂ ਨੇ ਸਾਨੂੰ ਨਹੀਂ ਭੁਲਾਇਆ! ਐਸਟਰ ਅਤੇ ਰਾਕੈਲ ਅੱਜ ਵੀ ਉਸ ਸਮੇਂ ਬਾਰੇ ਗੱਲਾਂ ਕਰਦੀਆਂ ਹਨ ਜਦ ਅਸੀਂ ਵਾਪਸ ਗਏ, ਤਾਂ ਲੋਕ ਸਾਨੂੰ ਗਲੇ ਲੱਗਾ ਕੇ ਇੰਜ ਮਿਲੇ ਜਿਵੇਂ ਕਿਤੇ ਅਸੀਂ ਉਨ੍ਹਾਂ ਦੇ ਵਿਛੜੇ ਹੋਏ ਸਾਕ-ਸੰਬੰਧੀ ਸੀ। ਨਾਰਵੇ ਵਿਚ ਤਿੰਨ ਸਾਲ ਗੁਜ਼ਾਰਨ ਤੋਂ ਬਾਅਦ ਅਸੀਂ ਡੈਨਮਾਰਕ ਵਾਪਸ ਪਰਤੇ।
ਸੁਖੀ ਪਰਿਵਾਰ
ਥੋੜ੍ਹੇ ਸਮੇਂ ਵਿਚ ਰਾਕੈਲ ਦੀ ਮੰਗਣੀ ਨੀਲਜ਼ ਹੋਯਰ ਨਾਲ ਹੋ ਗਈ, ਜੋ ਇਕ ਬਹੁਤ ਹੀ ਜੋਸ਼ੀਲਾ ਪਾਇਨੀਅਰ ਸੀ। ਉਨ੍ਹਾਂ ਦੀ ਸ਼ਾਦੀ ਤੋਂ ਬਾਅਦ ਰਾਕੈਲ ਤੇ ਨੀਲਜ਼ ਆਪਣੇ ਬੱਚਿਆਂ ਦੇ ਜਨਮ ਤਕ ਪਾਇਨੀਅਰੀ ਕਰਦੇ ਰਹੇ। ਨੀਲਜ਼ ਬਹੁਤ ਹੀ ਚੰਗਾ ਪਤੀ ਤੇ ਪਿਤਾ ਹੈ ਅਤੇ ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦਾ ਹੈ। ਇਕ ਦਿਨ ਤੜਕੇ ਹੀ ਉਹ ਆਪਣੇ ਬੇਟੇ ਨੂੰ ਆਪਣੇ ਸਾਈਕਲ ਤੇ ਬਿਠਾ ਕੇ ਸਮੁੰਦਰ ਦੇ ਕਿਨਾਰੇ ਸੂਰਜ ਨੂੰ ਚੜ੍ਹਦਾ ਦੇਖਣ ਲਈ ਲੈ ਗਿਆ। ਇਕ ਗੁਆਂਢੀ ਨੇ ਮੁੰਡੇ ਨੂੰ ਪੁੱਛਿਆ ਕਿ ਉਨ੍ਹਾਂ ਨੇ ਉੱਥੇ ਕੀ ਕੀਤਾ ਸੀ। ਉਸ ਨੇ ਜਵਾਬ ਦਿੱਤਾ: “ਅਸੀਂ ਯਹੋਵਾਹ ਨੂੰ ਦੁਆ ਕੀਤੀ ਸੀ।”
ਕੁਝ ਸਾਲ ਬਾਅਦ ਮੈਂ ਤੇ ਐਸਟਰ ਨੇ ਆਪਣੇ ਵੱਡੇ ਦੋਹਤੇ ਬਿਨਯਾਮੀਨ ਅਤੇ ਵੱਡੀ ਦੋਹਤੀ ਨਾਡਯਾ ਨੂੰ ਬਪਤਿਸਮਾ ਲੈਂਦੇ ਦੇਖਿਆ। ਨੀਲਜ਼ ਵੀ ਖੜ੍ਹਾ ਉਨ੍ਹਾਂ ਨੂੰ ਦੇਖ ਰਿਹਾ ਸੀ। ਉਹ ਮੇਰੇ ਸਾਮ੍ਹਣੇ ਖੜ੍ਹਾ ਹੋ ਕੇ ਕਹਿਣ ਲੱਗਾ: “ਮਰਦ ਕਦੇ ਰੋਂਦੇ ਨਹੀਂ।” ਪਰ ਅਗਲੇ ਹੀ ਪਲ ਅਸੀਂ ਦੋਵੇਂ ਇਕ ਦੂਸਰੇ ਦੇ ਗਲ ਲੱਗ ਕੇ ਖ਼ੁਸ਼ੀ ਦੇ ਹੰਝੂ ਵਹਾ ਰਹੇ ਸਨ। ਇੱਦਾਂ ਦਾ ਜਵਾਈ ਘੱਟ ਹੀ ਮਿਲਦਾ ਹੈ ਜਿਸ ਨਾਲ ਤੁਸੀਂ ਹੱਸ ਵੀ ਸਕਦੇ ਹੋ ਅਤੇ ਰੋ ਵੀ ਸਕਦੇ ਹੋ!
ਹਾਲਾਤ ਫਿਰ ਤੋਂ ਬਦਲੇ
ਸਾਨੂੰ ਇਕ ਹੋਰ ਵੀ ਬਰਕਤ ਮਿਲੀ ਜਦੋਂ ਮੈਨੂੰ ਅਤੇ ਐਸਟਰ ਨੂੰ ਡੈਨਮਾਰਕ ਦੇ ਬੈਥਲ ਵਿਚ ਕੰਮ ਕਰਨ ਲਈ ਫਿਰ ਤੋਂ ਬੁਲਾਇਆ ਗਿਆ। ਉਸ ਸਮੇਂ ਹੌਲਬੈਕ ਸ਼ਹਿਰ ਵਿਚ ਇਕ ਵੱਡੀ ਬ੍ਰਾਂਚ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਮੈਨੂੰ ਇਸ ਦੀ ਉਸਾਰੀ ਦੀ ਨਿਗਰਾਨੀ ਕਰਨ ਦਾ ਸਨਮਾਨ ਮਿਲਿਆ ਸੀ। ਇਸ ਦਾ ਸਾਰਾ ਕੰਮ ਭੈਣ-ਭਰਾਵਾਂ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਇਸ ਕੰਮ ਵਾਸਤੇ ਇਕ ਵੀ ਪੈਸਾ ਨਹੀਂ ਲਿਆ। ਭਾਵੇਂ ਉਸ ਸਿਆਲ ਕੜਾਕੇ ਦੀ ਠੰਢ ਪੈ ਰਹੀ ਸੀ, ਫਿਰ ਵੀ 1982 ਦੇ ਅਖ਼ੀਰ ਤਕ ਸਾਰਾ ਕੰਮ ਪੂਰਾ ਹੋ ਗਿਆ। ਅਸੀਂ ਇਸ ਨਵੇਂ ਤੇ ਵੱਡੇ ਬੈਥਲ ਵਿਚ ਜਾ ਕੇ ਬੜੇ ਖ਼ੁਸ਼ ਸਾਂ!
ਮੈਂ ਫਿਰ ਤੋਂ ਦਫ਼ਤਰ ਦੇ ਕੰਮ ਵਿਚ ਰੁੱਝਾ ਗਿਆ, ਜਿਸ ਤੋਂ ਮੈਨੂੰ ਕਾਫ਼ੀ ਸੰਤੁਸ਼ਟੀ ਮਿਲਦੀ ਸੀ ਅਤੇ ਐਸਟਰ ਟੈਲੀਫ਼ੋਨ ਸਵਿੱਚਬੋਰਡ ਤੇ ਕੰਮ ਕਰਦੀ ਸੀ। ਪਰ ਕੁਝ ਸਮੇਂ ਬਾਅਦ ਉਸ ਨੂੰ ਆਪਣੇ ਲੱਕ ਦਾ ਇਕ ਵੱਡਾ ਓਪਰੇਸ਼ਨ ਕਰਾਉਣਾ ਪਿਆ ਅਤੇ ਡੇਢ ਸਾਲ ਬਾਅਦ ਆਪਣੇ ਪੇਟ ਦਾ ਓਪਰੇਸ਼ਨ ਕਰਾਉਣਾ ਪਿਆ। ਭਾਵੇਂ ਬੈਥਲ ਦੇ ਸਾਰੇ ਭੈਣ-ਭਰਾ ਸਾਡੀ ਬਹੁਤ ਹੀ ਪਰਵਾਹ ਕਰਦੇ ਸਨ, ਅਸੀਂ ਫ਼ੈਸਲਾ ਕਰ ਲਿਆ ਕਿ ਸਾਰਿਆਂ ਲਈ ਬਿਹਤਰ ਹੋਵੇਗਾ ਜੇ ਅਸੀਂ ਬੈਥਲ ਤੋਂ ਚਲੇ ਜਾਈਏ। ਅਸੀਂ ਉਸ ਕਲੀਸਿਯਾ ਵਿਚ ਜਾਂਦੇ ਹਾਂ ਜਿੱਥੇ ਸਾਡੀ ਬੇਟੀ ਅਤੇ ਉਸ ਦਾ ਪਰਿਵਾਰ ਜਾਂਦਾ ਹੈ।
ਅੱਜ-ਕੱਲ੍ਹ ਐਸਟਰ ਦੀ ਸਿਹਤ ਇੰਨੀ ਚੰਗੀ ਨਹੀਂ ਰਹਿੰਦੀ। ਪਰ ਮੈਂ ਸੱਚ-ਸੱਚ ਕਹਿ ਸਕਦਾ ਹੈ ਕਿ ਇੰਨੇ ਸਾਲ ਇਕੱਠੇ ਸੇਵਾ ਕਰ ਕੇ ਅਤੇ ਇੰਨੇ ਵੱਖਰੇ ਹਾਲਾਤਾਂ ਵਿਚ ਵੀ ਉਹ ਮੇਰੀ ਚੰਗੀ ਸਾਥਣ ਰਹੀ ਹੈ। ਸਾਡੇ ਦੋਹਾਂ ਦੀ ਮਾੜੀ ਸਿਹਤ ਦੇ ਬਾਵਜੂਦ ਅਸੀਂ ਕੁਝ ਹੱਦ ਤਕ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕਦੇ ਹਾਂ। ਜਦ ਮੈਂ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਉੱਤੇ ਗੌਰ ਕਰਦਾ ਹਾਂ, ਤਾਂ ਮੈਨੂੰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਯਾਦ ਆਉਂਦੇ ਹਨ: “ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ।”—ਜ਼ਬੂਰਾਂ ਦੀ ਪੋਥੀ 71:17.
[ਫੁਟਨੋਟ]
^ ਪੈਰਾ 15 ਅੰਗ੍ਰੇਜ਼ੀ ਦਾ ਪਹਿਰਾਬੁਰਜ, 15 ਜੁਲਾਈ 1963, ਦੇ 437-442 ਸਫ਼ੇ ਦੇਖੋ।
[ਸਫ਼ੇ 24 ਉੱਤੇ ਤਸਵੀਰ]
ਕਿਤਾਬਾਂ-ਰਸਾਲੇ ਲਾਹੁੰਦੇ ਹੋਏ ਜਦ 1949 ਵਿਚ ਜਰਮਨੀ ਦੀ ਬ੍ਰਾਂਚ ਬਣ ਰਹੀ ਸੀ
[ਸਫ਼ੇ 25 ਉੱਤੇ ਤਸਵੀਰ]
ਮੇਰੇ ਨਾਲ ਕਈ ਭਰਾ ਕੰਮ ਕਰਦੇ ਸਨ ਜੋ ਨਜ਼ਰਬੰਦੀ ਕੈਂਪਾਂ ਤੋਂ ਬਚ ਨਿਕਲੇ ਸਨ
[ਸਫ਼ੇ 26 ਉੱਤੇ ਤਸਵੀਰਾਂ]
ਐਸਟਰ ਦੇ ਨਾਲ ਅੱਜ ਅਤੇ ਬਰਨ ਬੈਥਲ ਵਿਖੇ ਅਕਤੂਬਰ 1955 ਵਿਚ ਸਾਡੀ ਸ਼ਾਦੀ ਦੇ ਦਿਨ