Skip to content

Skip to table of contents

ਨੌਜਵਾਨ ਜੋ ਸੱਚਾਈ ਨਾਲ ਪਿਆਰ ਕਰਦੇ ਹਨ

ਨੌਜਵਾਨ ਜੋ ਸੱਚਾਈ ਨਾਲ ਪਿਆਰ ਕਰਦੇ ਹਨ

ਨੌਜਵਾਨ ਜੋ ਸੱਚਾਈ ਨਾਲ ਪਿਆਰ ਕਰਦੇ ਹਨ

ਹਜ਼ਾਰਾਂ ਹੀ ਸਾਲ ਪਹਿਲਾਂ ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ ਕਿ ਇਕ “ਜੁਆਨ ਕਿਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ?” (ਜ਼ਬੂਰਾਂ ਦੀ ਪੋਥੀ 119:9) ਇਹ ਸਵਾਲ ਅੱਜ ਵੀ ਢੁਕਵਾਂ ਹੈ ਕਿਉਂਕਿ ਨੌਜਵਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਖੁੱਲ੍ਹੇ ਜਿਨਸੀ ਸੰਬੰਧਾਂ ਕਾਰਨ ਕਈਆਂ ਨੌਜਵਾਨਾਂ ਨੂੰ ਏਡਜ਼ ਦੀ ਬੀਮਾਰੀ ਲੱਗਣ ਦਾ ਖ਼ਤਰਾ ਹੈ। ਇਸ ਬੀਮਾਰੀ ਦੇ ਸ਼ਿਕਾਰਾਂ ਵਿੱਚੋਂ ਅੱਧੇ ਲੋਕ ਤਕਰੀਬਨ 15 ਤੋਂ 24 ਸਾਲਾਂ ਦੀ ਉਮਰ ਦੇ ਹੁੰਦੇ ਹਨ। ਡ੍ਰੱਗਜ਼ ਲੈਣ ਕਰਕੇ ਵੀ ਬਹੁਤ ਸਾਰੀਆਂ ਮੁਸੀਬਤਾਂ ਪੈਦਾ ਹੋਈਆਂ ਹਨ ਜਿਸ ਕਰਕੇ ਕਈ ਜਵਾਨੀ ਵਿਚ ਹੀ ਮੌਤ ਦੀ ਨੀਂਦ ਸੌਂ ਜਾਂਦੇ ਹਨ। ਬੁਰਾ ਅਸਰ ਪਾਉਣ ਵਾਲੇ ਗਾਣੇ; ਲੜਾਈਆਂ ਵਾਲੀਆਂ ਅਤੇ ਗੰਦੀਆਂ ਫਿਲਮਾਂ, ਟੀ. ਵੀ. ਪ੍ਰੋਗ੍ਰਾਮ ਤੇ ਵਿਡਿਓ ਟੇਪਾਂ; ਅਤੇ ਇੰਟਰਨੈੱਟ ਉੱਤੇ ਅਸ਼ਲੀਲਤਾ ਵੀ ਨੌਜਵਾਨਾਂ ਉੱਤੇ ਬੁਰਾ ਅਸਰ ਪਾਉਂਦੇ ਹਨ। ਇਸ ਲਈ ਜਿਹੜਾ ਸਵਾਲ ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ ਸੀ ਉਹ ਅੱਜ ਵੀ ਮਾਪਿਆਂ ਅਤੇ ਨੌਜਵਾਨਾਂ ਲਈ ਅਹਿਮੀਅਤ ਰੱਖਦਾ ਹੈ।

ਜ਼ਬੂਰਾਂ ਦੇ ਲਿਖਾਰੀ ਨੇ ਆਪਣੇ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ: “ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।” ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਾਈਬਲ ਵਿਚ ਨੌਜਵਾਨਾਂ ਲਈ ਚੰਗੀ ਸਲਾਹ ਦਿੱਤੀ ਗਈ ਹੈ ਜਿਸ ਉੱਤੇ ਚੱਲ ਕੇ ਉਹ ਆਪਣੀ ਜ਼ਿੰਦਗੀ ਵਿਚ ਸਫ਼ਲ ਹੋ ਰਹੇ ਹਨ। (ਜ਼ਬੂਰਾਂ ਦੀ ਪੋਥੀ 119:105) ਆਓ ਆਪਾਂ ਕੁਝ ਨੌਜਵਾਨਾਂ ਦੀਆਂ ਮਿਸਾਲਾਂ ਉੱਤੇ ਗੌਰ ਕਰੀਏ ਜੋ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਹਨ ਅਤੇ ਇਸ ਐਸ਼ੋ-ਆਰਾਮ ਅਤੇ ਧਨ-ਦੌਲਤ ਨੂੰ ਪਿਆਰ ਕਰਨ ਵਾਲੀ ਦੁਨੀਆਂ ਵਿਚ ਰੂਹਾਨੀ ਤੌਰ ਤੇ ਮਜ਼ਬੂਤ ਰਹਿੰਦੇ ਹਨ।

ਉਹ ਮਾਪਿਆਂ ਦੀ ਮਦਦ ਲਈ ਧੰਨਵਾਦੀ ਹਨ

ਹੋਕੋਬ ਈਮਾਨੁਅਲ ਕਈਆਂ ਸਾਲਾਂ ਤੋਂ ਪਾਇਨੀਅਰੀ ਕਰਦਾ ਸੀ ਅਤੇ ਹੁਣ ਉਹ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਦਾ ਜੋਸ਼ ਕਿੱਦਾਂ ਪੈਦਾ ਹੋਇਆ ਸੀ: “ਭਾਵੇਂ ਕਿ ਮੇਰੀ ਜ਼ਿੰਦਗੀ ਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਅਸਰ ਪਿਆ ਹੈ, ਪਰ ਮੇਰੇ ਉੱਤੇ ਸਭ ਤੋਂ ਜ਼ਿਆਦਾ ਅਸਰ ਮੇਰੇ ਮਾਪਿਆਂ ਦਾ ਪਿਆ ਹੈ। ਉਨ੍ਹਾਂ ਨੇ ਹਮੇਸ਼ਾ ਮੈਨੂੰ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਹੈ। ਉਨ੍ਹਾਂ ਨੇ ਪਿਆਰ ਨਾਲ ਮੈਨੂੰ ਸਹੀ ਰਾਹ ਤੇ ਚੱਲਣ ਵਿਚ ਮਦਦ ਦਿੱਤੀ ਹੈ। ਮੈਨੂੰ ਇਸ ਤਰ੍ਹਾਂ ਕਦੀ ਵੀ ਨਹੀਂ ਲੱਗਾ ਕਿ ਉਹ ਮੇਰੇ ਉੱਤੇ ਕੋਈ ਬੋਝ ਪਾ ਰਹੇ ਹਨ।”

ਡੇਵਿਡ ਕਾਫ਼ੀ ਸਾਲਾਂ ਤੋਂ ਪਰਮੇਸ਼ੁਰ ਦੀ ਪੂਰੇ ਸਮੇਂ ਦੀ ਸੇਵਾ ਕਰਦਾ ਆਇਆ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਤੇ ਉਹ ਦਾ ਭਰਾ ਛੋਟੇ ਸਨ, ਤਾਂ ਉਸ ਦੇ ਮਾਪੇ ਸਪੈਸ਼ਲ ਪਾਇਨੀਅਰ ਬਣੇ। ਇਸ ਗੱਲ ਨੇ ਉਸ ਨੂੰ ਪ੍ਰਭਾਵਿਤ ਕੀਤਾ। ਉਸ ਦੇ ਪਿਤਾ ਜੀ ਦੀ ਮੌਤ ਹੋਣ ਤੋਂ ਬਾਅਦ ਵੀ ਉਸ ਦੀ ਮਾਂ ਸਪੈਸ਼ਲ ਪਾਇਨੀਅਰੀ ਕਰਦੀ ਰਹੀ। ਉਸ ਦੀ ਮਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਬੱਚਿਆਂ ਦੀ ਦੇਖ-ਭਾਲ ਵੀ ਕੀਤੀ। ਡੇਵਿਡ ਕਹਿੰਦਾ ਹੈ: “ਮੇਰੇ ਮਾਪਿਆਂ ਨੇ ਮੈਨੂੰ ਪਾਇਨੀਅਰ ਬਣਨ ਲਈ ਕਦੇ ਵੀ ਮਜਬੂਰ ਨਹੀਂ ਕੀਤਾ, ਪਰ ਸਾਡੇ ਪਰਿਵਾਰ ਨੂੰ ਇਹ ਕੰਮ ਇੰਨਾ ਚੰਗਾ ਲੱਗਦਾ ਸੀ ਤੇ ਅਸੀਂ ਇੰਨੇ ਖ਼ੁਸ਼ ਸੀ ਕਿ ਮੈਂ ਵੀ ਇਹੀ ਸੇਵਾ ਕਰਨੀ ਚਾਹੁੰਦਾ ਸੀ।” ਆਪਣੇ ਮਾਪਿਆਂ ਤੋਂ ਮਿਲੀ ਮਦਦ ਅਤੇ ਸਹਾਰੇ ਦੀ ਮਹੱਤਤਾ ਬਾਰੇ ਗੱਲ ਕਰਦੇ ਹੋਏ ਡੇਵਿਡ ਨੇ ਕਿਹਾ: “ਹਰ ਰਾਤ ਸਾਡੀ ਮਾਂ ਸਾਡੇ ਲਈ ਫ਼ਰੌਮ ਪੈਰਾਡਾਇਸ ਲੋਸਟ ਟੂ ਪੈਰਾਡਾਇਸ ਰਿਗੇਂਡ ਨਾਂ ਦੀ ਪੁਸਤਕ ਵਿੱਚੋਂ ਕਹਾਣੀਆਂ ਪੜ੍ਹਦੀ ਹੁੰਦੀ ਸੀ। * ਇਸ ਕਰਕੇ ਸਾਡੇ ਅੰਦਰ ਅਧਿਆਤਮਿਕ ਭੋਜਨ ਲੈਣ ਦੀ ਚਾਹ ਪੈਦਾ ਹੋਈ।”

ਉਹ ਮੀਟਿੰਗਾਂ ਦੀ ਕਦਰ ਕਰਦੇ ਹਨ

ਕੁਝ ਨੌਜਵਾਨ ਮੀਟਿੰਗਾਂ ਵਿਚ ਜਾਣਾ ਪਸੰਦ ਨਹੀਂ ਕਰਦੇ। ਉਹ ਸਿਰਫ਼ ਇਸ ਲਈ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਲੈ ਜਾਂਦੇ ਹਨ। ਪਰ ਜੇ ਉਹ ਮੀਟਿੰਗਾਂ ਵਿਚ ਜਾਂਦੇ ਰਹਿਣ, ਤਾਂ ਹੋ ਸਕਦਾ ਹੈ ਕਿ ਸਮਾਂ ਬੀਤਣ ਨਾਲ ਉਹ ਮੀਟਿੰਗਾਂ ਪਸੰਦ ਕਰਨ ਲੱਗ ਪੈਣ। ਅਲਫ੍ਰੈਦੋ ਵੱਲ ਧਿਆਨ ਦਿਓ। ਉਹ 11 ਸਾਲਾਂ ਦੀ ਉਮਰ ਵਿਚ ਹੀ ਪਾਇਨੀਅਰੀ ਕਰਨ ਲੱਗ ਪਿਆ ਸੀ। ਉਹ ਕਹਿੰਦਾ ਹੈ ਕਿ ਜਦੋਂ ਉਹ ਪੰਜਾਂ ਕੁ ਸਾਲਾਂ ਦਾ ਸੀ, ਤਾਂ ਉਸ ਨੂੰ ਮੀਟਿੰਗਾਂ ਵਿਚ ਜਾਣਾ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਉੱਥੇ ਜਾ ਕੇ ਉਸ ਨੂੰ ਨੀਂਦ ਆਉਣ ਲੱਗ ਪੈਂਦੀ ਸੀ। ਪਰ ਉਸ ਦੇ ਮਾਪੇ ਉਸ ਨੂੰ ਮੀਟਿੰਗਾਂ ਵਿਚ ਸੌਣ ਨਹੀਂ ਦਿੰਦੇ ਸਨ। ਉਹ ਕਹਿੰਦਾ ਹੈ: “ਜਿੱਦਾਂ-ਜਿੱਦਾਂ ਮੈਂ ਵੱਡਾ ਹੁੰਦਾ ਗਿਆ, ਸਹਿਜੇ-ਸਹਿਜੇ ਮੀਟਿੰਗਾਂ ਵਿਚ ਮੇਰੀ ਦਿਲਚਸਪੀ ਵਧਣ ਲੱਗ ਪਈ, ਖ਼ਾਸ ਕਰਕੇ ਜਦੋਂ ਮੈਂ ਪੜ੍ਹਨ-ਲਿਖਣ ਲੱਗ ਪਿਆ ਕਿਉਂਕਿ ਫਿਰ ਮੈਂ ਆਪਣੇ ਸ਼ਬਦਾਂ ਵਿਚ ਜਵਾਬ ਦੇ ਸਕਦਾ ਸੀ।”

ਸੀਂਟੀਆ 17 ਸਾਲਾਂ ਦੀ ਇਕ ਪਾਇਨੀਅਰ ਹੈ ਜੋ ਹਰ ਮਹੀਨੇ ਪ੍ਰਚਾਰ ਵਿਚ 70 ਘੰਟੇ ਲਾਉਂਦੀ ਹੈ। ਉਹ ਦੱਸਦੀ ਹੈ ਕਿ ਚੰਗੀ ਸੰਗਤ ਕਰਕੇ ਪਰਮੇਸ਼ੁਰ ਦੀ ਸੇਵਾ ਲਈ ਉਸ ਦਾ ਪਿਆਰ ਕਿਵੇਂ ਵਧਿਆ ਸੀ। ਉਹ ਕਹਿੰਦੀ ਹੈ: “ਭੈਣਾਂ-ਭਰਾਵਾਂ ਨਾਲ ਇਕ ਚੰਗਾ ਰਿਸ਼ਤਾ ਹੋਣ ਕਰਕੇ ਅਤੇ ਮੀਟਿੰਗਾਂ ਵਿਚ ਲਗਾਤਾਰ ਜਾਣ ਕਰਕੇ ਮੈਨੂੰ ਆਪਣੇ ਦੁਨਿਆਵੀ ਦੋਸਤ ਛੱਡਣ ਦਾ ਕੋਈ ਅਫ਼ਸੋਸ ਨਹੀਂ ਹੈ ਅਤੇ ਨਾ ਹੀ ਮੈਨੂੰ ਉਨ੍ਹਾਂ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹੈ ਜੋ ਆਮ ਨੌਜਵਾਨਾਂ ਨੂੰ ਹੁੰਦੀ ਹੈ ਜਿਵੇਂ ਕਿ ਡਿਸਕੋ ਵਿਚ ਜਾਣਾ। ਮੀਟਿੰਗਾਂ ਵਿਚ ਭੈਣਾਂ-ਭਰਾਵਾਂ ਦੀਆਂ ਟਿੱਪਣੀਆਂ ਅਤੇ ਅਨੁਭਵ ਸੁਣ ਕੇ ਮੈਂ ਵੀ ਯਹੋਵਾਹ ਨੂੰ ਆਪਣਾ ਸਾਰਾ ਕੁਝ ਦੇਣਾ ਚਾਹੁੰਦੀ ਸੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜਵਾਨੀ ਦਾ ਸਮਾਂ ਹੀ ਯਹੋਵਾਹ ਨੂੰ ਦੇ ਸਕਦੀ ਹਾਂ, ਇਸ ਲਈ ਮੈਂ ਜਵਾਨੀ ਵਿਚ ਉਸ ਦੀ ਸੇਵਾ ਕਰਦੀ ਹਾਂ।”

ਪਰ ਉਹ ਇਹ ਵੀ ਕਹਿੰਦੀ ਹੈ: “ਮੇਰੇ ਬਪਤਿਸਮੇ ਤੋਂ ਪਹਿਲਾਂ ਅਜਿਹਾ ਸਮਾਂ ਵੀ ਸੀ ਜਦੋਂ ਮੈਂ ਹੋਮਵਰਕ ਅਤੇ ਸਕੂਲ ਦੇ ਦੂਸਰੇ ਕੰਮਾਂ-ਕਾਰਾਂ ਦਾ ਬਹਾਨਾ ਬਣਾ ਕੇ ਬਾਕਾਇਦਾ ਮੀਟਿੰਗਾਂ ਵਿਚ ਨਹੀਂ ਜਾਂਦੀ ਸਾਂ। ਇਸ ਦਾ ਮੇਰੇ ਉੱਤੇ ਕਾਫ਼ੀ ਖ਼ਰਾਬ ਅਸਰ ਪਿਆ ਅਤੇ ਮੈਂ ਰੂਹਾਨੀ ਤੌਰ ਤੇ ਬਹੁਤਾ ਮਜ਼ਬੂਤ ਨਹੀਂ ਸੀ। ਮੈਂ ਇਕ ਮੁੰਡੇ ਨੂੰ ਮਿਲਣ ਲੱਗ ਪਈ ਜੋ ਬਾਈਬਲ ਨਹੀਂ ਪੜ੍ਹਦਾ ਸੀ। ਯਹੋਵਾਹ ਦਾ ਸ਼ੁਕਰ ਹੈ ਕਿ ਮੈਂ ਜਲਦੀ ਹੀ ਸੰਭਲ ਗਈ।”

ਨਿੱਜੀ ਫ਼ੈਸਲਾ ਕਰਨਾ

ਪੋਬਲੋ ਇਕ ਹੋਰ ਨੌਜਵਾਨ ਹੈ ਜੋ ਯਹੋਵਾਹ ਦੀ ਸੇਵਾ ਵਿਚ ਆਪਣਾ ਪੂਰਾ ਸਮਾਂ ਲਾਉਂਦਾ ਹੈ। ਉਸ ਨੂੰ ਪੁੱਛਿਆ ਗਿਆ ਕਿ ਉਸ ਦੇ ਖ਼ਿਆਲ ਵਿਚ ਬਾਈਬਲ ਦੀਆਂ ਸੱਚਾਈਆਂ ਲਈ ਪਿਆਰ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ। ਉਸ ਨੇ ਜਵਾਬ ਦਿੱਤਾ: “ਮੇਰੇ ਖ਼ਿਆਲ ਵਿਚ ਦੋ ਗੱਲਾਂ ਜ਼ਰੂਰੀ ਹਨ, ਬਾਈਬਲ ਦੀ ਬਾਕਾਇਦਾ ਸਟੱਡੀ ਕਰਨੀ ਅਤੇ ਜੋਸ਼ ਨਾਲ ਪ੍ਰਚਾਰ ਕਰਨਾ। ਮੈਂ ਆਪਣੇ ਮਾਪਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਯਹੋਵਾਹ ਬਾਰੇ ਸੱਚਾਈ ਸਿਖਾਈ ਅਤੇ ਮੈਨੂੰ ਲੱਗਦਾ ਹੈ ਕਿ ਉਹ ਇਸ ਤੋਂ ਵਧੀਆ ਮੈਨੂੰ ਹੋਰ ਕੁਝ ਨਹੀਂ ਦੇ ਸਕਦੇ ਸਨ। ਲੇਕਿਨ ਮੈਨੂੰ ਆਪ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ ਕਿ ਮੈਂ ਯਹੋਵਾਹ ਨਾਲ ਕਿਉਂ ਪਿਆਰ ਕਰਦਾ ਹਾਂ। ਇਸ ਤਰ੍ਹਾਂ ਦਾ ਯਕੀਨ ਹੋਣ ਲਈ ਬਾਈਬਲ ਦੀਆਂ ਸੱਚਾਈਆਂ ਦੀ ‘ਚੁੜਾਈ ਅਤੇ ਡੁੰਘਾਈ’ ਜਾਣਨੀ ਬਹੁਤ ਜ਼ਰੂਰੀ ਹੈ। ਸਿਰਫ਼ ਇਸ ਤਰ੍ਹਾਂ ਕਰਨ ਨਾਲ ਹੀ ਅਸੀਂ ਯਹੋਵਾਹ ਦੇ ਬਚਨ ਲਈ ਲੋਚ ਪੈਦਾ ਕਰ ਸਕਦੇ ਹਾਂ ਅਤੇ ਇਹ ਸਾਡੇ ਅੰਦਰ ‘ਅੱਗ ਵਾਂਙੁ ਬਲਦੀ’ ਰਹਿੰਦੀ ਹੈ ਤੇ ਸਾਨੂੰ ਦੂਸਰਿਆਂ ਨਾਲ ਗੱਲ ਕਰਨ ਲਈ ਪ੍ਰੇਰਦੀ ਹੈ। ਪ੍ਰਚਾਰ ਕਰਨ ਲਈ ਅਜਿਹਾ ਜੋਸ਼ ਸੱਚਾਈ ਲਈ ਸਾਡੀ ਕਦਰ ਵਧਾਵੇਗਾ।”—ਅਫ਼ਸੀਆਂ 3:18; ਯਿਰਮਿਯਾਹ 20:9.

ਪਹਿਲਾਂ ਜ਼ਿਕਰ ਕੀਤਾ ਗਿਆ ਹੋਕੋਬ ਈਮਾਨੁਅਲ ਵੀ ਇਸ ਗੱਲ ਦੀ ਕਦਰ ਕਰਦਾ ਹੈ ਕਿ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਸਾਨੂੰ ਖ਼ੁਦ ਕਰਨਾ ਚਾਹੀਦਾ ਹੈ। ਉਹ ਕਹਿੰਦਾ ਕਿ ਉਸ ਦੇ ਮਾਪਿਆਂ ਨੇ ਉਸ ਉੱਤੇ ਬਪਤਿਸਮਾ ਲੈਣ ਦਾ ਕਦੇ ਵੀ ਜ਼ੋਰ ਨਹੀਂ ਪਾਇਆ ਸੀ। “ਮੈਂ ਮੰਨਦਾ ਹਾਂ ਕਿ ਮੇਰੇ ਲਈ ਤਾਂ ਇਹ ਇਕ ਚੰਗੀ ਗੱਲ ਰਹੀ ਹੈ। ਉਦਾਹਰਣ ਲਈ ਜਿਨ੍ਹਾਂ ਕੁਝ ਨੌਜਵਾਨਾਂ ਨੂੰ ਮੈਂ ਜਾਣਦਾ ਹਾਂ, ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਇੱਕੋ ਸਮੇਂ ਤੇ ਇਕੱਠੇ ਬਪਤਿਸਮਾ ਲੈਣਗੇ। ਭਾਵੇਂ ਇਸ ਵਿਚ ਕੁਝ ਗ਼ਲਤ ਨਹੀਂ ਸੀ, ਪਰ ਮੈਨੂੰ ਪਤਾ ਸੀ ਕਿ ਕਈਆਂ ਨੇ ਜਜ਼ਬਾਤੀ ਹੋ ਕੇ ਬਪਤਿਸਮਾ ਲਿਆ ਸੀ ਜਿਸ ਕਰਕੇ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਦਾ ਰੂਹਾਨੀ ਕੰਮਾਂ ਲਈ ਜੋਸ਼ ਠੰਢਾ ਪੈ ਗਿਆ। ਪਰ ਮੇਰੇ ਮਾਪਿਆਂ ਨੇ ਮੈਨੂੰ ਬਪਤਿਸਮਾ ਲੈਣ ਲਈ ਮਜਬੂਰ ਨਹੀਂ ਕੀਤਾ ਸੀ। ਇਹ ਮੇਰਾ ਆਪਣਾ ਫ਼ੈਸਲਾ ਸੀ।”

ਕਲੀਸਿਯਾ ਕਿਵੇਂ ਮਦਦ ਕਰ ਸਕਦੀ ਹੈ

ਅਜਿਹੇ ਵੀ ਨੌਜਵਾਨ ਹਨ ਜਿਨ੍ਹਾਂ ਨੇ ਬਾਈਬਲ ਦੀ ਸੱਚਾਈ ਆਪਣੇ ਮਾਪਿਆਂ ਦੀ ਮਦਦ ਤੋਂ ਬਿਨਾਂ ਸਿੱਖੀ ਹੈ। ਇਨ੍ਹਾਂ ਹਾਲਾਤਾਂ ਵਿਚ ਸਹੀ ਕੰਮਾਂ ਬਾਰੇ ਸਿੱਖਣਾ ਅਤੇ ਉਨ੍ਹਾਂ ਅਨੁਸਾਰ ਚੱਲਦੇ ਰਹਿਣਾ ਔਖਾ ਹੋ ਸਕਦਾ ਹੈ।

ਨੋਅ ਦੱਸਦਾ ਹੈ ਕਿ ਸੱਚਾਈ ਨੇ ਉਸ ਦੀ ਜ਼ਿੰਦਗੀ ਨੂੰ ਕਿਵੇਂ ਸੁਧਾਰਿਆ ਹੈ। ਬਚਪਨ ਵਿਚ ਹੀ ਉਸ ਨੂੰ ਬੜਾ ਗੁੱਸਾ ਚੜ੍ਹਦਾ ਹੁੰਦਾ ਸੀ ਅਤੇ ਉਹ ਲੜਦਾ ਰਹਿੰਦਾ ਸੀ। ਜਦੋਂ ਉਹ 14 ਸਾਲਾਂ ਦਾ ਹੋਇਆ, ਤਾਂ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਹੌਲੀ-ਹੌਲੀ ਉਸ ਦਾ ਸੁਭਾਅ ਬਦਲਣ ਲੱਗ ਪਿਆ ਅਤੇ ਇਹ ਦੇਖ ਕੇ ਉਸ ਦੇ ਮਾਪੇ ਬਹੁਤ ਖ਼ੁਸ਼ ਹੋਏ, ਭਾਵੇਂ ਕਿ ਉਹ ਉਸ ਵੇਲੇ ਖ਼ੁਦ ਬਾਈਬਲ ਵਿਚ ਦਿਲਚਸਪੀ ਨਹੀਂ ਲੈਂਦੇ ਸਨ। ਨੋਅ ਨੇ ਰੂਹਾਨੀ ਤੌਰ ਤੇ ਤਰੱਕੀ ਕੀਤੀ ਅਤੇ ਉਹ ਆਪਣਾ ਜੀਵਨ ਪਰਮੇਸ਼ੁਰ ਦੀ ਸੇਵਾ ਵਿਚ ਲਾਉਣਾ ਚਾਹੁੰਦਾ ਸੀ। ਹੁਣ ਉਹ ਆਪਣਾ ਪੂਰਾ ਸਮਾਂ ਸੇਵਕਾਈ ਵਿਚ ਲਾਉਂਦਾ ਹੈ।

ਇਸੇ ਤਰ੍ਹਾਂ ਬਚਪਨ ਵਿਚ ਆਲੇਹਾਂਦਰੋ ਨੇ ਸੱਚਾਈ ਵਿਚ ਦਿਲਚਸਪੀ ਲਈ, ਪਰ ਉਸ ਦੇ ਮਾਪੇ ਸੱਚਾਈ ਵਿਚ ਦਿਲਚਸਪੀ ਨਹੀਂ ਲੈਂਦੇ ਸਨ। ਉਹ ਸੱਚਾਈ ਦੀ ਬੜੀ ਕਦਰ ਕਰਦਾ ਹੈ। ਉਹ ਕਹਿੰਦਾ ਹੈ: “ਮੇਰਾ ਜਨਮ ਕੈਥੋਲਿਕ ਘਰਾਣੇ ਵਿਚ ਹੋਇਆ ਸੀ। ਪਰ ਚਰਚ ਮੇਰੇ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ ਜੋ ਮੈਂ ਛੋਟੀ ਉਮਰ ਤੋਂ ਪੁੱਛਦਾ ਆਇਆ ਸੀ। ਇਸ ਲਈ ਮੈਂ ਨਾਸਤਿਕ ਬਣ ਗਿਆ ਅਤੇ ਕਮਿਊਨਿਜ਼ਮ ਵੱਲ ਖਿੱਚਿਆ ਗਿਆ। ਯਹੋਵਾਹ ਦੇ ਸੰਗਠਨ ਨੇ ਮੈਨੂੰ ਪਰਮੇਸ਼ੁਰ ਬਾਰੇ ਗਿਆਨ ਦਿੱਤਾ। ਇਸ ਨੇ ਮੇਰੀ ਜਾਨ ਬਚਾਈ ਕਿਉਂਕਿ ਜੇ ਮੈਂ ਬਾਈਬਲ ਨਾ ਪੜ੍ਹੀ ਹੁੰਦੀ, ਤਾਂ ਮੈਂ ਜ਼ਰੂਰ ਅਨੈਤਿਕ ਕੰਮ ਕਰਨ, ਸ਼ਰਾਬ ਪੀਣ ਜਾਂ ਡ੍ਰੱਗਜ਼ ਲੈਣ ਲੱਗ ਪੈਂਦਾ। ਹੋ ਸਕਦਾ ਹੈ ਕਿ ਮੈਂ ਦੂਜਿਆਂ ਨਾਲ ਕਿਸੇ ਇਨਕਲਾਬ ਵਿਚ ਵੀ ਹਿੱਸਾ ਲੈਂਦਾ ਜਿਸ ਦੇ ਨਤੀਜੇ ਬਹੁਤ ਬੁਰੇ ਨਿਕਲ ਸਕਦੇ ਸਨ।”

ਇਕ ਨੌਜਵਾਨ ਆਪਣੇ ਮਾਪਿਆਂ ਦੀ ਮਦਦ ਤੋਂ ਬਿਨਾਂ ਸੱਚਾਈ ਕਿਵੇਂ ਸਿੱਖ ਸਕਦਾ ਹੈ ਅਤੇ ਉਸ ਵਿਚ ਟਿਕਿਆ ਰਹਿ ਸਕਦਾ ਹੈ? ਇਹ ਸਪੱਸ਼ਟ ਹੈ ਕਿ ਬਜ਼ੁਰਗ ਅਤੇ ਕਲੀਸਿਯਾ ਦੇ ਬਾਕੀ ਭੈਣ-ਭਰਾ ਉਸ ਦੀ ਕਾਫ਼ੀ ਮਦਦ ਕਰ ਸਕਦੇ ਹਨ। ਨੋਅ ਨੇ ਕਿਹਾ: “ਮੈਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਲੱਗਾ ਕਿ ਮੈਂ ਇਕੱਲਾ ਹਾਂ ਕਿਉਂਕਿ ਯਹੋਵਾਹ ਹਮੇਸ਼ਾ ਮੇਰੇ ਨਾਲ ਹੈ। ਇਸ ਤੋਂ ਇਲਾਵਾ ਕਾਫ਼ੀ ਭੈਣਾਂ-ਭਰਾਵਾਂ ਨੇ ਮੈਨੂੰ ਸਹਾਰਾ ਦਿੱਤਾ ਹੈ ਅਤੇ ਉਹ ਅਧਿਆਤਮਿਕ ਤੌਰ ਤੇ ਮੇਰੇ ਮਾਤਾ-ਪਿਤਾ ਅਤੇ ਭਾਈ-ਭੈਣ ਸਾਬਤ ਹੋਏ ਹਨ।” ਉਹ ਹੁਣ ਬੈਥਲ ਵਿਚ ਕੰਮ ਕਰਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਸਮਾਂ ਲਾਉਂਦਾ ਹੈ। ਇਸੇ ਤਰ੍ਹਾਂ ਆਲੇਹਾਂਦਰੋ ਕਹਿੰਦਾ ਹੈ: “ਮੈਂ ਹਮੇਸ਼ਾ ਇਸ ਗੱਲ ਦਾ ਧੰਨਵਾਦੀ ਰਹਾਂਗਾ ਕਿ ਮੈਂ ਅਜਿਹੀ ਕਲੀਸਿਯਾ ਵਿਚ ਸੀ ਜਿਸ ਦੇ ਬਜ਼ੁਰਗਾਂ ਨੇ ਪਿਆਰ ਨਾਲ ਮੇਰੀ ਮਦਦ ਕੀਤੀ। ਜਦੋਂ ਮੈਂ 16 ਸਾਲਾਂ ਦੀ ਉਮਰ ਹੋਣ ਤੇ ਬਾਈਬਲ ਸਟੱਡੀ ਸ਼ੁਰੂ ਕੀਤੀ ਸੀ, ਤਾਂ ਮੈਂ ਵੀ ਬਾਕੀ ਨੌਜਵਾਨਾਂ ਵਾਂਗ ਬੇਚੈਨ ਸੀ। ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਮੈਨੂੰ ਮੇਰੇ ਹੀ ਹਾਲ ਤੇ ਨਹੀਂ ਛੱਡ ਦਿੱਤਾ ਸੀ। ਉਨ੍ਹਾਂ ਨੇ ਮੇਰੀ ਦੇਖ-ਭਾਲ ਕੀਤੀ, ਮੈਨੂੰ ਆਪਣੇ ਘਰ ਬੁਲਾਇਆ ਅਤੇ ਮੇਰੇ ਲਈ ਰੋਟੀ-ਪਾਣੀ ਤਿਆਰ ਕੀਤਾ। ਪਰ ਇਸ ਤੋਂ ਵੱਧ ਉਨ੍ਹਾਂ ਨੇ ਮੈਨੂੰ ਦਿਲੋਂ ਪਿਆਰ ਕੀਤਾ ਜਿਸ ਦਾ ਮੈਂ ਬਹੁਤ ਧੰਨਵਾਦੀ ਰਹਾਂਗਾ।” ਆਲੇਹਾਂਦਰੋ ਲਗਭਗ 13 ਸਾਲਾਂ ਤੋਂ ਆਪਣਾ ਪੂਰਾ ਸਮਾਂ ਯਹੋਵਾਹ ਦੀ ਸੇਵਾ ਵਿਚ ਲਾਉਂਦਾ ਆ ਰਿਹਾ ਹੈ।

ਕਈ ਲੋਕ ਸਮਝਦੇ ਹਨ ਕਿ ਸਿਆਣੀ ਉਮਰ ਵਿਚ ਹੀ ਰੱਬ ਨੂੰ ਚੇਤੇ ਕਰਨਾ ਚਾਹੀਦਾ ਹੈ। ਪਰ ਬਹੁਤ ਸਾਰੇ ਨੌਜਵਾਨਾਂ ਨੇ ਛੋਟੀ ਉਮਰ ਵਿਚ ਹੀ ਬਾਈਬਲ ਦੀ ਸੱਚਾਈ ਸਿੱਖੀ ਹੈ ਅਤੇ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਪ੍ਰਤੀ ਵਫ਼ਾਦਾਰ ਰਹਿਣਾ ਚੁਣਿਆ ਹੈ। ਇਨ੍ਹਾਂ ਨੌਜਵਾਨਾਂ ਉੱਤੇ ਜ਼ਬੂਰਾਂ ਦੀ ਪੋਥੀ 110:3 ਵਿਚ ਲਿਖੇ ਦਾਊਦ ਦੇ ਇਹ ਸ਼ਬਦ ਲਾਗੂ ਕੀਤੇ ਜਾ ਸਕਦੇ ਹਨ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।”

ਨੌਜਵਾਨਾਂ ਲਈ ਸੱਚਾਈ ਸਿੱਖਣੀ ਅਤੇ ਇਸ ਵਿਚ ਟਿਕੇ ਰਹਿਣਾ ਬਹੁਤ ਔਖਾ ਹੋ ਸਕਦਾ ਹੈ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਕਈ ਨੌਜਵਾਨ ਯਹੋਵਾਹ ਦੇ ਸੰਗਠਨ ਵਿਚ ਰਹਿੰਦੇ ਹਨ, ਲਗਾਤਾਰ ਮੀਟਿੰਗਾਂ ਵਿਚ ਜਾਂਦੇ ਹਨ ਅਤੇ ਲਗਨ ਨਾਲ ਬਾਈਬਲ ਪੜ੍ਹਦੇ ਹਨ। ਇਸ ਤਰ੍ਹਾਂ ਕਰ ਕੇ ਉਹ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਸੇਵਾ ਲਈ ਪਿਆਰ ਪੈਦਾ ਕਰਦੇ ਹਨ!—ਜ਼ਬੂਰਾਂ ਦੀ ਪੋਥੀ 119:15, 16.

[ਫੁਟਨੋਟ]

^ ਪੈਰਾ 6 ਇਹ ਪੁਸਤਕ 1958 ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਛਾਪੀ ਨਹੀਂ ਜਾਂਦੀ।