ਪਰਮੇਸ਼ੁਰ ਦੇ ਸਹੀ ਗਿਆਨ ਤੋਂ ਦਿਲਾਸਾ ਮਿਲਦਾ ਹੈ
ਪਰਮੇਸ਼ੁਰ ਦੇ ਸਹੀ ਗਿਆਨ ਤੋਂ ਦਿਲਾਸਾ ਮਿਲਦਾ ਹੈ
ਬਾਈਬਲ ਵਿਚ ਇਹ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਪਿਆਰ ਅਤੇ ਦਇਆ ਕਰਨ ਵਾਲਾ ਪਰਮੇਸ਼ੁਰ ਹੈ। ਪਰ ਜਦੋਂ ਲੋਕ ਇਸ ਧਰਤੀ ਉੱਤੇ ਵੱਧ ਰਹੀ ਬੁਰਾਈ ਦੇਖਦੇ ਹਨ, ਤਾਂ ਉਨ੍ਹਾਂ ਦੇ ਮਨਾਂ ਵਿਚ ਇਸ ਤਰ੍ਹਾਂ ਦੇ ਪਰੇਸ਼ਾਨ ਕਰਨ ਵਾਲੇ ਸਵਾਲ ਉੱਠਦੇ ਹਨ: ਜੇ ਪਰਮੇਸ਼ੁਰ ਬੁਰਾਈ ਖ਼ਤਮ ਕਰਨੀ ਚਾਹੁੰਦਾ ਹੈ, ਨਾਲੇ ਉਸ ਕੋਲ ਇਸ ਬੁਰਾਈ ਨੂੰ ਖ਼ਤਮ ਕਰਨ ਦੀ ਤਾਕਤ ਵੀ ਹੈ, ਤਾਂ ਉਹ ਇਸ ਬਾਰੇ ਕਿਉਂ ਨਹੀਂ ਕੁਝ ਕਰਦਾ? ਲੋਕਾਂ ਦੇ ਮਨਾਂ ਵਿਚ ਅਗਲੀਆਂ ਤਿੰਨ ਗੱਲਾਂ ਮੇਲ ਨਹੀਂ ਖਾਂਦੀਆਂ: (1) ਪਰਮੇਸ਼ੁਰ ਸਰਬਸ਼ਕਤੀਮਾਨ ਹੈ, (2) ਉਹ ਪਿਆਰ ਤੇ ਭਲਿਆਈ ਕਰਨ ਵਾਲਾ ਪਰਮੇਸ਼ੁਰ ਹੈ ਅਤੇ (3) ਬੁਰੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਉਹ ਆਖ਼ਰੀ ਗੱਲ ਨੂੰ ਤਾਂ ਸੋਲਾਂ ਆਨੇ ਸੱਚ ਸਮਝਦੇ ਹਨ, ਪਰ ਉਨ੍ਹਾਂ ਨੂੰ ਪਹਿਲੀਆਂ ਦੋ ਗੱਲਾਂ ਉੱਤੇ ਯਕੀਨ ਕਰਨਾ ਮੁਸ਼ਕਲ ਲੱਗਦਾ ਹੈ। ਉਹ ਕਹਿੰਦੇ ਹਨ ਕਿ ਪਰਮੇਸ਼ੁਰ ਕੋਲ ਜਾਂ ਤਾਂ ਬੁਰਾਈ ਖ਼ਤਮ ਕਰਨ ਦੀ ਤਾਕਤ ਹੀ ਨਹੀਂ ਹੈ ਜਾਂ ਫਿਰ ਉਸ ਨੇ ਆਪਣੀਆਂ ਅੱਖਾਂ ਮੀਟੀਆਂ ਹੋਈਆਂ ਹਨ।
ਨਿਊ ਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੀ ਤਬਾਹੀ ਤੋਂ ਕਈ ਦਿਨਾਂ ਬਾਅਦ ਅਮਰੀਕਾ ਵਿਚ ਇਕ ਪ੍ਰਸਿੱਧ ਧਾਰਮਿਕ ਨੇਤਾ ਨੇ ਕਿਹਾ: “ਮੈਨੂੰ ਕਿੰਨੀ ਹੀ ਵਾਰੀ ਇਹ ਸਵਾਲ ਪੁੱਛਿਆ ਗਿਆ ਹੈ ਕਿ ਪਰਮੇਸ਼ੁਰ ਇਨ੍ਹਾਂ ਹਾਦਸਿਆਂ ਨੂੰ ਕਿਉਂ ਹੋਣ ਦਿੰਦਾ ਹੈ ਤੇ ਲੋਕ ਇੰਨੇ ਦੁਖੀ ਕਿਉਂ ਹਨ। ਸੱਚ ਦੱਸਾਂ ਤਾਂ ਮੈਂ ਖ਼ੁਦ ਵੀ ਇਸ ਸਵਾਲ ਦਾ ਜਵਾਬ ਨਹੀਂ ਜਾਣਦਾ, ਤਾਂ ਮੈਂ ਦੂਸਰਿਆਂ ਨੂੰ ਕੀ ਦੱਸਾਂ।”
ਇਸ ਟਿੱਪਣੀ ਬਾਰੇ ਧਰਮ-ਵਿਗਿਆਨ ਦੇ ਇਕ ਪ੍ਰੋਫ਼ੈਸਰ ਨੇ ਲਿਖਿਆ ਕਿ ਉਹ ਇਸ ਧਾਰਮਿਕ ਨੇਤਾ ਦੇ ਚੰਗੇ ਜਵਾਬ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਹ ਇਕ ਹੋਰ ਵਿਦਵਾਨ ਦੁਆਰਾ ਲਿਖੇ ਇਸ ਵਿਚਾਰ ਨਾਲ ਵੀ ਸਹਿਮਤ ਹੋਇਆ ਸੀ: “ਜਿਸ ਤਰ੍ਹਾਂ ਪਰਮੇਸ਼ੁਰ ਦੇ ਭੇਤ ਨੂੰ ਨਹੀਂ ਪਾਇਆ ਜਾ ਸਕਦਾ, ਉਸੇ ਤਰ੍ਹਾਂ ਦੁੱਖਾਂ ਦੇ ਭੇਤ ਨੂੰ ਵੀ ਨਹੀਂ ਪਾਇਆ ਜਾ ਸਕਦਾ।” ਪਰ ਕੀ ਇਸ ਗੱਲ ਦਾ ਭੇਤ ਪਾਇਆ ਜਾ ਸਕਦਾ ਹੈ ਕਿ ਪਰਮੇਸ਼ੁਰ ਇਸ ਧਰਤੀ ਉੱਤੇ ਬੁਰਾਈ ਕਿਉਂ ਰਹਿਣ ਦਿੰਦਾ ਹੈ?
ਬੁਰਾਈ ਦੀ ਜੜ੍ਹ
ਧਾਰਮਿਕ ਆਗੂਆਂ ਦੇ ਉਲਟ, ਬਾਈਬਲ ਕਹਿੰਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਇਸ ਭੇਤ ਨੂੰ ਪਾ ਸਕਦੇ ਹਾਂ ਕਿ ਉਸ ਨੇ ਬੁਰਾਈ ਨੂੰ ਕਿਉਂ ਰਹਿਣ ਦਿੱਤਾ ਹੈ। ਬੁਰਾਈ ਬਾਰੇ ਇਸ ਸਵਾਲ ਨੂੰ ਸਮਝਣ ਲਈ ਸਾਨੂੰ ਇਸ ਗੱਲ ਨੂੰ ਪਛਾਣਨ ਦੀ ਲੋੜ ਹੈ ਕਿ ਯਹੋਵਾਹ ਨੇ ਇਹ ਦੁਨੀਆਂ ਬੁਰੀ ਨਹੀਂ ਬਣਾਈ ਸੀ। ਉਸ ਨੇ ਪਹਿਲੇ ਇਨਸਾਨੀ ਜੋੜੇ ਨੂੰ ਪਾਪ ਤੋਂ ਬਿਨਾਂ ਬਿਲਕੁਲ ਸੰਪੂਰਣ ਬਣਾਇਆ ਸੀ। ਯਹੋਵਾਹ ਨੇ ਆਪਣੀਆਂ ਬਣਾਈਆਂ ਚੀਜ਼ਾਂ ਨੂੰ ਦੇਖ ਕੇ ਕਿਹਾ ਸੀ ਕਿ ਸਭ ਕੁਝ “ਬਹੁਤ ਹੀ ਚੰਗਾ” ਸੀ। (ਉਤਪਤ 1:26, 31) ਉਸ ਦਾ ਮਕਸਦ ਸੀ ਕਿ ਆਦਮ ਤੇ ਹੱਵਾਹ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਸੁੰਦਰ ਬਣਾਉਣ ਅਤੇ ਪਰਮੇਸ਼ੁਰ ਦੇ ਸ਼ਾਨਦਾਰ ਰਾਜ ਅਧੀਨ ਇਸ ਨੂੰ ਖ਼ੁਸ਼ ਲੋਕਾਂ ਨਾਲ ਭਰਨ।—ਯਸਾਯਾਹ 45:18.
ਬੁਰਾਈ ਦੀ ਸ਼ੁਰੂਆਤ ਇਕ ਆਤਮਿਕ ਪ੍ਰਾਣੀ ਨੇ ਕੀਤੀ ਸੀ ਜੋ ਇਕ ਸਮੇਂ ਤੇ ਪਰਮੇਸ਼ੁਰ ਦਾ ਵਫ਼ਾਦਾਰ ਦੂਤ ਹੁੰਦਾ ਸੀ, ਪਰ ਬਾਅਦ ਵਿਚ ਉਹ ਆਪਣੀ ਭਗਤੀ ਕਰਾਉਣੀ ਚਾਹੁੰਦਾ ਸੀ। (ਯਾਕੂਬ 1:14, 15) ਧਰਤੀ ਉੱਤੇ ਉਸ ਦੀ ਬਗਾਵਤ ਉਦੋਂ ਪ੍ਰਗਟ ਹੋਈ ਜਦੋਂ ਉਸ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਲਈ ਪਹਿਲੇ ਇਨਸਾਨੀ ਜੋੜੇ ਨੂੰ ਆਪਣੇ ਨਾਲ ਰਲਣ ਲਈ ਭੜਕਾਇਆ ਸੀ। ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਖ਼ਾਸ ਹਿਦਾਇਤ ਦਿੱਤੀ ਸੀ ਕਿ ਉਹ ਭਲੇ-ਬੁਰੇ ਦੀ ਸਿਆਣ ਦੇ ਬਿਰਛ ਦੇ ਫਲ ਨੂੰ ਹੱਥ ਨਾ ਲਾਉਣ ਜਾਂ ਨਾ ਖਾਣ। ਪਰ ਉਨ੍ਹਾਂ ਨੇ ਇਸ ਹਿਦਾਇਤ ਨੂੰ ਨਹੀਂ ਮੰਨਿਆ, ਸਗੋਂ ਉਨ੍ਹਾਂ ਨੇ ਉਸ ਫਲ ਨੂੰ ਲੈ ਕੇ ਖਾਧਾ। (ਉਤਪਤ 3:1-6) ਇਸ ਤਰ੍ਹਾਂ ਕਰ ਕੇ ਨਾ ਸਿਰਫ਼ ਉਹ ਪਰਮੇਸ਼ੁਰ ਦੇ ਕਹਿਣੇ ਤੋਂ ਬਾਹਰ ਗਏ, ਸਗੋਂ ਉਨ੍ਹਾਂ ਨੇ ਇਹ ਵੀ ਜ਼ਾਹਰ ਕੀਤਾ ਕਿ ਉਹ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਜੀਉਣਾ ਚਾਹੁੰਦੇ ਸਨ।
ਇਕ ਅਹਿਮ ਸਵਾਲ ਉਠਾਇਆ ਗਿਆ
ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਕਾਰਨ ਅਜਿਹਾ ਸਵਾਲ ਉੱਠਿਆ ਜੋ ਸਾਰੀ ਸ੍ਰਿਸ਼ਟੀ ਲਈ ਅਹਿਮੀਅਤ ਰੱਖਦਾ ਸੀ। ਮਨੁੱਖੀ ਬਾਗ਼ੀਆਂ ਨੇ ਸਵਾਲ ਖੜ੍ਹਾ ਕੀਤਾ ਸੀ ਕਿ ਕੀ ਪਰਮੇਸ਼ੁਰ ਨੂੰ ਇਨਸਾਨਾਂ ਉੱਤੇ ਚੰਗੀ ਤਰ੍ਹਾਂ ਰਾਜ ਕਰਨਾ ਆਉਂਦਾ ਹੈ ਜਾਂ ਨਹੀਂ। ਕੀ ਸਿਰਜਣਹਾਰ ਨੂੰ ਇਹ ਹੱਕ ਸੀ ਕਿ ਸਾਰੇ ਇਨਸਾਨ ਪੂਰੀ ਤਰ੍ਹਾਂ ਉਸ ਦੀ ਆਗਿਆ ਵਿਚ ਰਹਿਣ? ਕੀ ਪਰਮੇਸ਼ੁਰ ਤੋਂ ਆਜ਼ਾਦ ਰਹਿ ਕੇ ਲੋਕ ਚੰਗੀ ਤਰ੍ਹਾਂ ਰਾਜ ਕਰ ਸਕਦੇ ਸਨ?
ਯਹੋਵਾਹ ਨੇ ਆਪਣੇ ਰਾਜ ਕਰਨ ਦੇ ਹੱਕ ਬਾਰੇ ਖੜ੍ਹੇ ਕੀਤੇ ਸਵਾਲ ਨੂੰ ਅਜਿਹੇ ਤਰੀਕੇ ਨਾਲ ਸੁਲਝਾਇਆ ਜਿਸ ਤੋਂ ਉਸ ਦੇ ਪਿਆਰ, ਨਿਆਂ, ਬੁੱਧ ਅਤੇ ਸ਼ਕਤੀ ਵਿਚ ਸਹੀ ਸੰਤੁਲਨ ਨਜ਼ਰ ਆਉਂਦਾ ਹੈ। ਉਹ ਚਾਹੁੰਦਾ ਤਾਂ ਉਸੇ ਵੇਲੇ ਬਾਗ਼ੀਆਂ ਨੂੰ ਕੁਚਲਣ ਲਈ ਆਪਣੀ ਸ਼ਕਤੀ ਦਾ ਇਸਤੇਮਾਲ ਕਰ ਸਕਦਾ ਸੀ। ਪਰਮੇਸ਼ੁਰ ਕੋਲ ਇਸ ਤਰ੍ਹਾਂ ਕਰਨ ਦਾ ਹੱਕ ਸੀ ਅਤੇ ਇਸ ਤਰ੍ਹਾਂ ਕਰਨਾ ਸ਼ਾਇਦ ਜਾਇਜ਼ ਵੀ ਲੱਗ ਸਕਦਾ ਸੀ। ਪਰ ਇਸ ਤਰ੍ਹਾਂ ਕਰਨ ਨਾਲ ਖੜ੍ਹੇ ਕੀਤੇ ਗਏ ਸਵਾਲ ਦਾ ਜਵਾਬ ਨਹੀਂ ਮਿਲਣਾ ਸੀ। ਜਾਂ ਫਿਰ ਪਰਮੇਸ਼ੁਰ ਪਿਆਰ ਨਾਲ ਬਾਗ਼ੀਆਂ ਦੇ ਪਾਪ ਨੂੰ ਨਜ਼ਰਅੰਦਾਜ਼ ਕਰ ਸਕਦਾ ਸੀ। ਅੱਜ ਕੁਝ ਲੋਕਾਂ ਨੂੰ ਇਸ ਤਰ੍ਹਾਂ ਕਰਨਾ ਸਹੀ ਲੱਗ ਸਕਦਾ ਸੀ। ਪਰ ਇਸ ਨਾਲ ਵੀ ਸ਼ਤਾਨ ਦੇ ਦਾਅਵੇ ਨੂੰ ਝੂਠਾ ਸਾਬਤ ਨਹੀਂ ਕੀਤਾ ਜਾ ਸਕਦਾ ਸੀ ਕਿ ਇਨਸਾਨ ਪਰਮੇਸ਼ੁਰ ਤੋਂ ਆਜ਼ਾਦ ਰਹਿ ਕੇ ਚੰਗੀ ਤਰ੍ਹਾਂ ਰਾਜ ਕਰ ਸਕਦੇ ਹਨ। ਇਸ ਤੋਂ ਇਲਾਵਾ, ਕੀ ਇਸ ਤਰ੍ਹਾਂ ਕਰਨ ਨਾਲ ਹੋਰ ਲੋਕਾਂ ਨੂੰ ਯਹੋਵਾਹ ਤੋਂ ਦੂਰ ਰਹਿਣ ਦੀ ਹੱਲਾਸ਼ੇਰੀ ਨਾ ਮਿਲਦੀ? ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਬੇਅੰਤ ਦੁੱਖ ਝੱਲਣੇ ਪੈਂਦੇ।
ਯਹੋਵਾਹ ਨੇ ਆਪਣੀ ਬੁੱਧ ਦਾ ਇਸਤੇਮਾਲ ਕਰ ਕੇ ਇਨਸਾਨਾਂ ਨੂੰ ਕੁਝ ਸਮੇਂ ਲਈ ਉਨ੍ਹਾਂ ਦੀ ਮਰਜ਼ੀ ਨਾਲ ਚੱਲਣ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਥੋੜ੍ਹੇ ਸਮੇਂ ਲਈ ਬੁਰਾਈ ਨੂੰ ਰਹਿਣ ਦਿੱਤਾ ਹੈ। ਇਸ ਤਰ੍ਹਾਂ ਇਨਸਾਨਾਂ ਨੂੰ ਇਹ ਸਾਬਤ ਕਰਨ ਦਾ ਮੌਕਾ ਮਿਲਿਆ ਹੈ ਕਿ ਕੀ ਉਹ ਪਰਮੇਸ਼ੁਰ ਤੋਂ ਆਜ਼ਾਦ ਰਹਿ ਕੇ ਵਧੀਆ ਤਰੀਕੇ ਨਾਲ ਰਾਜ ਕਰ ਸਕਦੇ ਹਨ ਜਾਂ ਨਹੀਂ ਅਤੇ ਕੀ ਉਹ ਸਹੀ-ਗ਼ਲਤ ਬਾਰੇ ਬਣਾਏ ਆਪਣੇ ਮਿਆਰਾਂ ਉੱਤੇ ਚੱਲ ਕੇ ਕਾਮਯਾਬ ਹੋ ਸਕਦੇ ਹਨ ਜਾਂ ਨਹੀਂ। ਨਤੀਜਾ ਕੀ ਨਿਕਲਿਆ ਹੈ? ਪੂਰੇ ਮਨੁੱਖੀ ਇਤਿਹਾਸ ਵਿਚ ਲੋਕ ਲੜਾਈਆਂ, ਅਨਿਆਂ, ਜ਼ੁਲਮਾਂ ਅਤੇ ਦੁੱਖਾਂ ਨੂੰ ਸਹਿੰਦੇ ਆਏ ਹਨ। ਇਸ ਤੋਂ ਇਹੀ ਜ਼ਾਹਰ ਹੋਇਆ ਹੈ ਕਿ ਯਹੋਵਾਹ ਦੇ ਖ਼ਿਲਾਫ਼ ਕੀਤੀ ਬਗਾਵਤ ਅਸਫ਼ਲ ਰਹੀ ਹੈ। ਪਰ ਬਹੁਤ ਜਲਦੀ ਯਹੋਵਾਹ ਅਦਨ ਦੇ ਬਾਗ਼ ਵਿਚ ਉਠਾਏ ਸਵਾਲ ਦਾ ਹਮੇਸ਼ਾ ਲਈ ਹੱਲ ਕਰ ਦੇਵੇਗਾ।
ਇਸ ਸਮੇਂ ਦੌਰਾਨ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਭੇਜਣ ਦੁਆਰਾ ਪਿਆਰ ਦਿਖਾਇਆ ਹੈ ਜਿਸ ਨੇ ਆਪਣੀ ਮਨੁੱਖੀ ਜ਼ਿੰਦਗੀ ਰਿਹਾਈ-ਕੀਮਤ ਵਜੋਂ ਦਿੱਤੀ ਹੈ। ਇਸ ਪ੍ਰਬੰਧ ਰਾਹੀਂ ਯੂਹੰਨਾ 3:16.
ਆਗਿਆਕਾਰੀ ਇਨਸਾਨ ਆਦਮ ਤੋਂ ਮਿਲੇ ਪਾਪ ਅਤੇ ਮੌਤ ਤੋਂ ਛੁਟਕਾਰਾ ਪਾ ਸਕਦੇ ਹਨ। ਰਿਹਾਈ-ਕੀਮਤ ਨੇ ਉਨ੍ਹਾਂ ਲੋਕਾਂ ਲਈ ਸਦਾ ਦੀ ਜ਼ਿੰਦਗੀ ਦਾ ਰਾਹ ਖੋਲ੍ਹਿਆ ਹੈ ਜਿਹੜੇ ਯਿਸੂ ਵਿਚ ਨਿਹਚਾ ਕਰਦੇ ਹਨ।—ਯਹੋਵਾਹ ਨੇ ਦਿਲਾਸਾ ਦਿੱਤਾ ਹੈ ਕਿ ਬਹੁਤ ਜਲਦੀ ਇਨਸਾਨੀ ਦੁੱਖਾਂ ਨੂੰ ਖ਼ਤਮ ਕੀਤਾ ਜਾਵੇਗਾ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:10, 11.
ਸੁਰੱਖਿਆ ਤੇ ਖ਼ੁਸ਼ੀਆਂ ਭਰਿਆ ਭਵਿੱਖ
ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਤੋਂ ਪਤਾ ਲੱਗਦਾ ਹੈ ਕਿ ਬੀਮਾਰੀਆਂ, ਸੋਗ ਅਤੇ ਮੌਤ ਦਾ ਅੰਤ ਬਹੁਤ ਹੀ ਨੇੜੇ ਹੈ। ਧਿਆਨ ਦਿਓ ਕਿ ਇਕ ਦਰਸ਼ਣ ਵਿਚ ਯੂਹੰਨਾ ਰਸੂਲ ਨੇ ਭਵਿੱਖ ਵਿਚ ਹੋਣ ਵਾਲੀਆਂ ਕਿਹੜੀਆਂ ਗੱਲਾਂ ਦੀ ਸ਼ਾਨਦਾਰ ਝਲਕ ਦੇਖੀ ਸੀ। ਉਸ ਨੇ ਲਿਖਿਆ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ। . . . ਅਤੇ ਪਰਮੇਸ਼ੁਰ ਆਪ [ਮਨੁੱਖਾਂ] ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਇਨ੍ਹਾਂ ਵਾਅਦਿਆਂ ਦੇ ਪੂਰੇ ਹੋਣ ਦੀ ਪੱਕੀ ਉਮੀਦ ਉੱਤੇ ਜ਼ੋਰ ਦੇਣ ਲਈ ਯੂਹੰਨਾ ਨੂੰ ਕਿਹਾ ਗਿਆ ਸੀ: “ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:1-5.
ਉਨ੍ਹਾਂ ਅਰਬਾਂ ਹੀ ਬੇਕਸੂਰ ਲੋਕਾਂ ਬਾਰੇ ਕੀ ਜਿਹੜੇ ਅਦਨ ਦੇ ਬਾਗ਼ ਵਿਚ ਕੀਤੀ ਬਗਾਵਤ ਤੋਂ ਬਾਅਦ ਮਰ ਚੁੱਕੇ ਹਨ? ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਮੌਤ ਵਿਚ ਸੁੱਤੇ ਇਨ੍ਹਾਂ ਲੋਕਾਂ ਨੂੰ ਦੁਬਾਰਾ ਜੀ ਉਠਾਵੇਗਾ। ਪੌਲੁਸ ਰਸੂਲ ਨੇ ਕਿਹਾ: “[ਮੈਂ] ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ . . . ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਇਨ੍ਹਾਂ ਲੋਕਾਂ ਕੋਲ ਅਜਿਹੀ ਦੁਨੀਆਂ ਵਿਚ ਰਹਿਣ ਦੀ ਉਮੀਦ ਹੈ ਜਿਸ ਵਿਚ ‘ਧਰਮ ਵੱਸੇਗਾ।’—2 ਪਤਰਸ 3:13.
ਜਿਵੇਂ ਇਕ ਪਿਆਰ ਕਰਨ ਵਾਲੇ ਪਿਤਾ ਨੂੰ ਪਤਾ ਹੁੰਦਾ ਹੈ ਕਿ ਉਸ ਦੇ ਬੱਚੇ ਦਾ ਓਪਰੇਸ਼ਨ ਹੋਣ ਨਾਲ ਬੱਚੇ ਨੂੰ ਬੀਮਾਰੀ ਤੋਂ ਛੁਟਕਾਰਾ ਮਿਲੇਗਾ, ਇਸ ਲਈ ਉਹ ਉਸ ਦਾ ਦਰਦਨਾਕ ਓਪਰੇਸ਼ਨ ਹੋਣ ਦਿੰਦਾ ਹੈ। ਉਸੇ ਤਰ੍ਹਾਂ ਯਹੋਵਾਹ ਨੇ ਥੋੜ੍ਹੇ ਚਿਰ ਲਈ ਇਨਸਾਨਾਂ ਨੂੰ ਧਰਤੀ ਉੱਤੇ ਬੁਰਾਈ ਸਹਿਣ ਦਿੱਤੀ ਹੈ। ਪਰ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਬੇਅੰਤ ਬਰਕਤਾਂ ਮਿਲਣ ਵਾਲੀਆਂ ਹਨ। ਪੌਲੁਸ ਨੇ ਕਿਹਾ ਸੀ: “ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।”—ਰੋਮੀਆਂ 8:20, 21.
ਇਹ ਸੱਚ-ਮੁੱਚ ਇਕ ਚੰਗੀ ਖ਼ਬਰ ਹੈ। ਇਹ ਉਹ ਖ਼ਬਰ ਨਹੀਂ ਹੈ ਜਿਹੜੀ ਅਸੀਂ ਟੈਲੀਵਿਯਨ ਤੇ ਦੇਖਦੇ ਹਾਂ ਜਾਂ ਅਖ਼ਬਾਰ ਵਿਚ ਪੜ੍ਹਦੇ ਹਾਂ, ਇਹ ਖ਼ੁਸ਼ ਖ਼ਬਰੀ ਹੈ। ਇਹ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਵੱਲੋਂ ਸਭ ਤੋਂ ਚੰਗੀ ਖ਼ਬਰ ਹੈ ਜਿਸ ਨੂੰ ਸਾਡਾ ਸੱਚ-ਮੁੱਚ ਬੜਾ ਫ਼ਿਕਰ ਹੈ।—2 ਕੁਰਿੰਥੀਆਂ 1:3.
[ਸਫ਼ੇ 6 ਉੱਤੇ ਤਸਵੀਰ]
ਸਮਾਂ ਬੀਤਣ ਨਾਲ ਇਹੀ ਜ਼ਾਹਰ ਹੋਇਆ ਹੈ ਕਿ ਇਨਸਾਨ ਪਰਮੇਸ਼ੁਰ ਤੋਂ ਆਜ਼ਾਦ ਰਹਿ ਕੇ ਕਾਮਯਾਬੀ ਨਾਲ ਰਾਜ ਨਹੀਂ ਕਰ ਸਕਦੇ
[ਕ੍ਰੈਡਿਟ ਲਾਈਨਾਂ]
ਸੋਮਾਲੀ ਪਰਿਵਾਰ: UN PHOTO 159849/M. GRANT; ਐਟਮ ਬੰਬ: USAF photo; ਨਜ਼ਰਬੰਦੀ ਕੈਂਪ: U.S. National Archives photo