Skip to content

Skip to table of contents

ਯਹੋਵਾਹ ਆਗਿਆਕਾਰ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਤੇ ਬਚਾਉਂਦਾ ਹੈ

ਯਹੋਵਾਹ ਆਗਿਆਕਾਰ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਤੇ ਬਚਾਉਂਦਾ ਹੈ

ਯਹੋਵਾਹ ਆਗਿਆਕਾਰ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਤੇ ਬਚਾਉਂਦਾ ਹੈ

“ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।”—ਕਹਾਉਤਾਂ 1:33.

1, 2. ਪਰਮੇਸ਼ੁਰ ਦੀ ਆਗਿਆਕਾਰੀ ਕਰਨੀ ਕਿਉਂ ਜ਼ਰੂਰੀ ਹੈ? ਉਦਾਹਰਣ ਦੇ ਕੇ ਸਮਝਾਓ।

ਛੋਟੇ-ਛੋਟੇ ਚੂਚੇ ਘਾਹ ਵਿਚ ਦਾਣੇ ਚੁੱਗ ਰਹੇ ਹਨ ਤੇ ਇਸ ਗੱਲੋਂ ਪੂਰੀ ਤਰ੍ਹਾਂ ਬੇਖ਼ਬਰ ਹਨ ਕਿ ਉਨ੍ਹਾਂ ਦੇ ਸਿਰਾਂ ਉੱਤੇ ਇਕ ਉਕਾਬ ਉੱਡ ਰਿਹਾ ਹੈ। ਅਚਾਨਕ ਉਨ੍ਹਾਂ ਦੀ ਮਾਂ ਘਬਰਾ ਕੇ ਉੱਚੀ ਦੇਣੀ ਬਾਂਗ ਦੇ ਕੇ ਉਨ੍ਹਾਂ ਨੂੰ ਖ਼ਬਰਦਾਰ ਕਰਦੀ ਹੈ ਤੇ ਆਪਣੇ ਖੰਭ ਫੈਲਾਉਂਦੀ ਹੈ। ਚੂਚੇ ਭੱਜ ਕੇ ਉਸ ਦੇ ਖੰਭਾਂ ਵਿਚ ਲੁਕ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਉਕਾਬ ਤੋਂ ਕੋਈ ਖ਼ਤਰਾ ਨਹੀਂ ਹੁੰਦਾ। ਉਕਾਬ ਹਮਲਾ ਕਰਨ ਦਾ ਵਿਚਾਰ ਛੱਡ ਕੇ ਉੱਥੋਂ ਚਲਾ ਜਾਂਦਾ ਹੈ। * ਇਸ ਕਹਾਣੀ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? ਇਹੀ ਕਿ ਆਗਿਆਕਾਰੀ ਕਰਨ ਨਾਲ ਜਾਨ ਬਚਦੀ ਹੈ!

2 ਖ਼ਾਸ ਕਰਕੇ ਅੱਜ ਮਸੀਹੀਆਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਕਿਉਂਕਿ ਸ਼ਤਾਨ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਸ਼ਿਕਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। (ਪਰਕਾਸ਼ ਦੀ ਪੋਥੀ 12:9, 12, 17) ਉਹ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਤੇ ਨਿਹਚਾ ਕਰਨੀ ਛੱਡ ਦੇਈਏ, ਉਸ ਨੂੰ ਨਾਰਾਜ਼ ਕਰ ਦੇਈਏ ਅਤੇ ਹਮੇਸ਼ਾ ਲਈ ਜੀਉਣ ਦੇ ਮੌਕੇ ਨੂੰ ਗੁਆ ਬਿਠਾਈਏ। (1 ਪਤਰਸ 5:8) ਪਰ ਜੇ ਅਸੀਂ ਪਰਮੇਸ਼ੁਰ ਦੇ ਨੇੜੇ ਰਹਿੰਦੇ ਹਾਂ ਤੇ ਉਸ ਦੇ ਬਚਨ ਅਤੇ ਸੰਗਠਨ ਵੱਲੋਂ ਦਿੱਤੇ ਜਾਂਦੇ ਨਿਰਦੇਸ਼ਨ ਵਿਚ ਫ਼ੌਰਨ ਚੱਲਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੀ ਰਾਖੀ ਕਰੇਗਾ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ।”—ਜ਼ਬੂਰਾਂ ਦੀ ਪੋਥੀ 91:4.

ਇਕ ਅਣਆਗਿਆਕਾਰ ਕੌਮ ਸ਼ਿਕਾਰ ਬਣਦੀ ਹੈ

3. ਇਸਰਾਏਲੀਆਂ ਵੱਲੋਂ ਵਾਰ-ਵਾਰ ਅਣਆਗਿਆਕਾਰੀ ਕਰਨ ਦਾ ਕੀ ਨਤੀਜਾ ਨਿਕਲਿਆ?

3 ਜਦੋਂ ਵੀ ਇਸਰਾਏਲ ਕੌਮ ਯਹੋਵਾਹ ਦੇ ਆਗਿਆਕਾਰ ਰਹੀ, ਯਹੋਵਾਹ ਨੇ ਉਨ੍ਹਾਂ ਦੀ ਰੱਖਿਆ ਕੀਤੀ। ਪਰ ਲੋਕ ਅਕਸਰ ਆਪਣੇ ਸਿਰਜਣਹਾਰ ਨੂੰ ਛੱਡ ਕੇ ਲੱਕੜ ਤੇ ਪੱਥਰ ਦੀਆਂ ਬਣੀਆਂ ਮੂਰਤੀਆਂ ਨੂੰ ਪੂਜਣ ਲੱਗ ਪੈਂਦੇ ਸਨ। ਇਹ ਸਾਰੀਆਂ ਮੂਰਤੀਆਂ ‘ਵਿਅਰਥ ਸਨ ਜਿਸ ਦੇ ਵਿੱਚੋਂ ਕੁਝ ਲਾਭ ਯਾ ਛੁਟਕਾਰਾ ਨਹੀਂ ਹੁੰਦਾ’ ਸੀ। (1 ਸਮੂਏਲ 12:21) ਕਈ ਸਦੀਆਂ ਤਕ ਵਾਰ-ਵਾਰ ਪਰਮੇਸ਼ੁਰ ਦੀ ਅਣਆਗਿਆਕਾਰੀ ਕਰਨ ਤੋਂ ਬਾਅਦ ਇਸਰਾਏਲ ਕੌਮ ਪਰਮੇਸ਼ੁਰ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਗਈ ਤੇ ਉਨ੍ਹਾਂ ਨੂੰ ਸੁਧਾਰਨਾ ਬਿਲਕੁਲ ਸੰਭਵ ਨਹੀਂ ਸੀ। ਇਸ ਲਈ ਯਿਸੂ ਨੇ ਉਨ੍ਹਾਂ ਉੱਤੇ ਸੋਗ ਕਰਦੇ ਹੋਏ ਕਿਹਾ: “ਹੇ ਯਰੂਸ਼ਲਮ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।”—ਮੱਤੀ 23:37, 38.

4. ਸਾਲ 70 ਸਾ.ਯੁ. ਵਿਚ ਯਰੂਸ਼ਲਮ ਨਾਲ ਕੀ ਹੋਇਆ ਜਿਸ ਤੋਂ ਪਤਾ ਲੱਗਾ ਕਿ ਯਹੋਵਾਹ ਨੇ ਉਸ ਨੂੰ ਤਿਆਗ ਦਿੱਤਾ ਸੀ?

4 ਸਾਲ 70 ਸਾ.ਯੁ. ਵਿਚ ਇਸਰਾਏਲੀਆਂ ਨਾਲ ਜੋ ਹੋਇਆ, ਉਸ ਤੋਂ ਪਤਾ ਲੱਗਾ ਕਿ ਯਹੋਵਾਹ ਨੇ ਉਸ ਬੇਵਫ਼ਾ ਕੌਮ ਨੂੰ ਤਿਆਗ ਦਿੱਤਾ ਸੀ। ਉਸ ਸਾਲ ਰੋਮ ਦੀਆਂ ਫ਼ੌਜਾਂ ਨੇ ਯਰੂਸ਼ਲਮ ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਝੰਡਿਆਂ ਉੱਤੇ ਉਕਾਬ ਦੇ ਚਿੱਤਰ ਬਣੇ ਹੋਏ ਸਨ ਅਤੇ ਉਨ੍ਹਾਂ ਨੇ ਉਕਾਬ ਵਾਂਗ ਹਮਲਾ ਕਰ ਕੇ ਬਹੁਤ ਬੇਰਹਿਮੀ ਨਾਲ ਯਰੂਸ਼ਲਮ ਵਿਚ ਕੱਟ-ਵੱਢ ਕੀਤੀ। ਉਸ ਵੇਲੇ ਸ਼ਹਿਰ ਵਿਚ ਇਸਰਾਏਲੀਆਂ ਦੀਆਂ ਭੀੜਾਂ ਦੀਆਂ ਭੀੜਾਂ ਪਸਾਹ ਦਾ ਤਿਉਹਾਰ ਮਨਾਉਣ ਆਈਆਂ ਹੋਈਆਂ ਸਨ। ਉਨ੍ਹਾਂ ਵੱਲੋਂ ਚੜ੍ਹਾਏ ਬਲੀਦਾਨਾਂ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੋਇਆ। ਇਸ ਤੋਂ ਅਣਆਗਿਆਕਾਰ ਰਾਜਾ ਸ਼ਾਊਲ ਨੂੰ ਕਹੇ ਸਮੂਏਲ ਨਬੀ ਦੇ ਸ਼ਬਦ ਯਾਦ ਆਉਂਦੇ ਹਨ: “ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ, ਅਤੇ ਸਰੋਤਾ ਬਣਨਾ ਛੱਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ।”—1 ਸਮੂਏਲ 15:22.

5. ਯਹੋਵਾਹ ਕਿਸ ਤਰ੍ਹਾਂ ਦੀ ਆਗਿਆਕਾਰੀ ਦੀ ਆਸ ਰੱਖਦਾ ਹੈ ਤੇ ਅਸੀਂ ਕਿੱਦਾਂ ਜਾਣਦੇ ਹਾਂ ਕਿ ਉਸ ਦੇ ਆਗਿਆਕਾਰ ਰਹਿਣਾ ਸੰਭਵ ਹੈ?

5 ਭਾਵੇਂ ਕਿ ਯਹੋਵਾਹ ਆਸ ਰੱਖਦਾ ਹੈ ਕਿ ਇਨਸਾਨ ਉਸ ਦੇ ਆਗਿਆਕਾਰ ਰਹਿਣ, ਫਿਰ ਵੀ ਉਹ ਯਾਦ ਰੱਖਦਾ ਹੈ ਕਿ ਇਨਸਾਨ ਪਾਪੀ ਅਤੇ ਕਮਜ਼ੋਰ ਹਨ। (ਜ਼ਬੂਰਾਂ ਦੀ ਪੋਥੀ 130:3, 4) ਉਹ ਚਾਹੁੰਦਾ ਹੈ ਕਿ ਅਸੀਂ ਉਸ ਉੱਤੇ ਦਿਲੋਂ ਨਿਹਚਾ ਕਰ ਕੇ ਅਤੇ ਉਸ ਨਾਲ ਪਿਆਰ ਕਰ ਕੇ ਉਸ ਦੀ ਆਗਿਆਕਾਰੀ ਕਰੀਏ ਤੇ ਉਸ ਨੂੰ ਨਾਰਾਜ਼ ਕਰਨ ਤੋਂ ਡਰੀਏ। (ਬਿਵਸਥਾ ਸਾਰ 10:12, 13; ਕਹਾਉਤਾਂ 16:6; ਯਸਾਯਾਹ 43:10; ਮੀਕਾਹ 6:8; ਰੋਮੀਆਂ 6:17) ਕੀ ਪਰਮੇਸ਼ੁਰ ਦੀ ਆਗਿਆਕਾਰੀ ਕਰਨੀ ਸੰਭਵ ਹੈ? ਜੀ ਹਾਂ, ਕਿਉਂਕਿ ‘ਗਵਾਹਾਂ ਦੇ ਵੱਡੇ ਬੱਦਲ’ ਯਾਨੀ ਬਹੁਤ ਸਾਰੇ ਸੇਵਕ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਤੇ ਕਈ ਵਾਰੀ ਆਪਣੀ ਮੌਤ ਤਕ ਵੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੇ ਹਨ। (ਇਬਰਾਨੀਆਂ 11:36, 37; 12:1) ਅਜਿਹੇ ਲੋਕਾਂ ਤੋਂ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੋਇਆ ਹੋਣਾ! (ਕਹਾਉਤਾਂ 27:11) ਪਰ ਕਈਆਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ, ਪਰ ਬਾਅਦ ਵਿਚ ਉਹ ਉਸ ਦੇ ਆਗਿਆਕਾਰ ਨਹੀਂ ਰਹੇ। ਯਹੂਦਾਹ ਦਾ ਰਾਜਾ ਯੋਆਸ਼ ਇਸ ਦੀ ਇਕ ਮਿਸਾਲ ਹੈ।

ਬੁਰੀ ਸੰਗਤ ਕਰਕੇ ਇਕ ਰਾਜੇ ਦੀ ਬਰਬਾਦੀ

6, 7. ਜਦੋਂ ਯਹੋਯਾਦਾ ਜੀਉਂਦਾ ਸੀ, ਉਸ ਵੇਲੇ ਯੋਆਸ਼ ਕਿਹੋ ਜਿਹਾ ਰਾਜਾ ਸੀ?

6 ਰਾਜਾ ਯੋਆਸ਼ ਛੋਟੇ ਹੁੰਦੇ ਕਤਲ ਹੋਣ ਤੋਂ ਵਾਲ-ਵਾਲ ਬਚ ਗਿਆ ਸੀ। ਪ੍ਰਧਾਨ ਜਾਜਕ ਯਹੋਯਾਦਾ ਨੇ ਉਸ ਨੂੰ ਬਚਾਉਣ ਲਈ ਕਈ ਸਾਲਾਂ ਤਕ ਲੁਕਾ ਕੇ ਰੱਖਿਆ। ਜਦੋਂ ਯੋਆਸ਼ ਸੱਤ ਸਾਲਾਂ ਦਾ ਹੋਇਆ, ਤਾਂ ਯਹੋਯਾਦਾ ਨੇ ਹਿੰਮਤ ਕਰ ਕੇ ਉਸ ਨੂੰ ਬਾਹਰ ਲਿਆਂਦਾ ਤੇ ਰਾਜਾ ਬਣਾਇਆ। ਯਹੋਯਾਦਾ ਨੇ ਪਿਉ ਵਾਂਗ ਯੋਆਸ਼ ਨੂੰ ਪਾਲਿਆ ਤੇ ਚੰਗੀ ਸਿੱਖਿਆ ਦਿੱਤੀ, ਇਸ ਲਈ ਇਹ ਨੌਜਵਾਨ ਰਾਜਾ “ਯਹੋਯਾਦਾ ਜਾਜਕ ਦੇ ਜੀਵਨ ਵਿੱਚ ਉਹੀ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।”—2 ਇਤਹਾਸ 22:10–23:1, 11; 24:1, 2.

7 ਯੋਆਸ਼ ਨੇ ਯਹੋਵਾਹ ਦੀ ਹੈਕਲ ਦੀ ਮੁਰੰਮਤ ਵਰਗੇ ਕਈ ਚੰਗੇ ਕੰਮ ਕੀਤੇ ਸਨ। ਮੁਰੰਮਤ ਦਾ ਕੰਮ ਉਸ ਦੇ ਦਿਲ ਦੀ ਮਨਸ਼ਾ ਸੀ। ਉਸ ਨੇ ਪ੍ਰਧਾਨ ਜਾਜਕ ਯਹੋਯਾਦਾ ਨੂੰ ਯਾਦ ਕਰਾਇਆ ਕਿ ਉਹ ਯਹੂਦਾਹ ਅਤੇ ਯਰੂਸ਼ਲਮ ਤੋਂ ਹੈਕਲ ਲਈ ਉੱਨਾ ਟੈਕਸ ਇਕੱਠਾ ਕਰੇ ਜਿੰਨਾ ਮੂਸਾ ਨੇ ਨਿਯਤ ਕੀਤਾ ਸੀ, ਤਾਂਕਿ ਹੈਕਲ ਦੀ ਮੁਰੰਮਤ ਕੀਤੀ ਜਾ ਸਕੇ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਯਾਦਾ ਨੇ ਇਸ ਨੌਜਵਾਨ ਰਾਜੇ ਨੂੰ ਪਰਮੇਸ਼ੁਰ ਦੀ ਬਿਵਸਥਾ ਪੜ੍ਹਨ ਅਤੇ ਇਸ ਤੇ ਚੱਲਣ ਦੀ ਸਿੱਖਿਆ ਦਿੱਤੀ ਸੀ। ਇਸ ਨਾਲ ਛੇਤੀ ਹੀ ਹੈਕਲ ਦੀ ਮੁਰੰਮਤ ਹੋ ਗਈ ਤੇ ਹੈਕਲ ਦੇ ਭਾਂਡੇ ਬਣ ਗਏ।—2 ਇਤਹਾਸ 24:4, 6, 13, 14; ਬਿਵਸਥਾ ਸਾਰ 17:18.

8. (ੳ) ਇਕ ਖ਼ਾਸ ਵਜ੍ਹਾ ਕਿਹੜੀ ਸੀ ਜਿਸ ਕਰਕੇ ਯੋਆਸ਼ ਪਰਮੇਸ਼ੁਰ ਤੋਂ ਬੇਮੁਖ ਹੋ ਗਿਆ ਸੀ? (ਅ) ਉਸ ਰਾਜੇ ਦੀ ਅਣਆਗਿਆਕਾਰੀ ਨੇ ਉਸ ਤੋਂ ਕਿਹੜਾ ਕਾਰਾ ਕਰਵਾਇਆ?

8 ਪਰ ਬਹੁਤ ਦੁੱਖ ਦੀ ਗੱਲ ਹੈ ਕਿ ਯੋਆਸ਼ ਹਮੇਸ਼ਾ ਯਹੋਵਾਹ ਦਾ ਆਗਿਆਕਾਰ ਨਹੀਂ ਰਿਹਾ। ਕਿਉਂ? ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ: “ਯਹੋਯਾਦਾ ਦੇ ਮਰਨ ਦੇ ਮਗਰੋਂ ਯਹੂਦਾਹ ਦੇ ਸਰਦਾਰਾਂ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ। ਤਾਂ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਭਵਨ ਨੂੰ ਛੱਡ ਦਿੱਤਾ ਅਤੇ ਟੁੰਡਾ ਅਰ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਤਾਂ ਉਨ੍ਹਾਂ ਦੀ ਏਸ ਭੁੱਲ ਦੇ ਕਾਰਨ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਆ ਪਿਆ।” ਯਹੂਦਾਹ ਦੇ ਸਰਦਾਰਾਂ ਦਾ ਯੋਆਸ਼ ਉੱਤੇ ਇੰਨਾ ਬੁਰਾ ਪ੍ਰਭਾਵ ਪਿਆ ਕਿ ਉਸ ਨੇ ਪਰਮੇਸ਼ੁਰ ਦੇ ਨਬੀਆਂ ਦੀ ਗੱਲ ਸੁਣਨੀ ਛੱਡ ਦਿੱਤੀ। ਇਨ੍ਹਾਂ ਵਿੱਚੋਂ ਇਕ ਨਬੀ ਸੀ ਯਹੋਯਾਦਾ ਦਾ ਪੁੱਤਰ ਜ਼ਕਰਯਾਹ ਜਿਸ ਨੇ ਹਿੰਮਤ ਕਰ ਕੇ ਯੋਆਸ਼ ਅਤੇ ਦੂਸਰੇ ਲੋਕਾਂ ਨੂੰ ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਫਿਟਕਾਰਿਆ। ਆਪਣੀਆਂ ਗ਼ਲਤੀਆਂ ਤੇ ਪਛਤਾਵਾ ਕਰਨ ਦੀ ਬਜਾਇ ਯੋਆਸ਼ ਨੇ ਹੁਕਮ ਦਿੱਤਾ ਕਿ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਵੇ। ਯੋਆਸ਼ ਕਿੰਨਾ ਬੇਰਹਿਮ ਤੇ ਅਣਆਗਿਆਕਾਰ ਰਾਜਾ ਬਣ ਗਿਆ ਸੀ। ਅਤੇ ਇਹ ਸਭ ਕੁਝ ਇਸ ਕਰਕੇ ਹੋਇਆ ਕਿਉਂਕਿ ਉਹ ਬੁਰੀ ਸੰਗਤ ਵਿਚ ਪੈ ਗਿਆ ਸੀ।—2 ਇਤਹਾਸ 24:17-22; 1 ਕੁਰਿੰਥੀਆਂ 15:33.

9. ਯੋਆਸ਼ ਅਤੇ ਸਰਦਾਰਾਂ ਦਾ ਜੋ ਹਾਲ ਹੋਇਆ, ਉਸ ਤੋਂ ਅਸੀਂ ਅਣਆਗਿਆਕਾਰੀ ਕਰਨ ਦੀ ਮੂਰਖਤਾ ਦਾ ਕੀ ਸਬਕ ਸਿੱਖਦੇ ਹਾਂ?

9 ਯਹੋਵਾਹ ਨੂੰ ਛੱਡਣ ਤੋਂ ਬਾਅਦ ਯੋਆਸ਼ ਅਤੇ ਉਨ੍ਹਾਂ ਵਿਗੜੇ ਹੋਏ ਸਰਦਾਰਾਂ ਦਾ ਕੀ ਬਣਿਆ? ਅਰਾਮ ਦੀ ਫ਼ੌਜ ਦੇ ‘ਇੱਕ ਛੋਟੇ ਜੱਥੇ’ ਨੇ ਯਹੂਦਾਹ ਉੱਤੇ ਚੜ੍ਹਾਈ ਕਰ ਕੇ ‘ਸਾਰੇ ਸਰਦਾਰਾਂ ਨੂੰ ਮਾਰ ਦਿੱਤਾ।’ ਹਮਲਾਵਰਾਂ ਨੇ ਰਾਜੇ ਨੂੰ ਆਪਣੀ ਸਾਰੀ ਜਾਇਦਾਦ ਅਤੇ ਹੈਕਲ ਦਾ ਸਾਰਾ ਸੋਨਾ ਤੇ ਚਾਂਦੀ ਦੇਣ ਲਈ ਵੀ ਮਜਬੂਰ ਕੀਤਾ। ਭਾਵੇਂ ਯੋਆਸ਼ ਬਚ ਗਿਆ ਸੀ, ਪਰ ਉਹ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਾ ਸੀ ਤੇ ਉਸ ਨੂੰ ਬੀਮਾਰੀ ਲੱਗ ਗਈ ਸੀ। ਇਸ ਤੋਂ ਕੁਝ ਸਮੇਂ ਬਾਅਦ ਉਸ ਦੇ ਆਪਣੇ ਹੀ ਨੌਕਰਾਂ ਵਿੱਚੋਂ ਕੁਝ ਬੰਦਿਆਂ ਨੇ ਉਸ ਦਾ ਕਤਲ ਕਰ ਦਿੱਤਾ। (2 ਇਤਹਾਸ 24:23-25; 2 ਰਾਜਿਆਂ 12:17, 18) ਇਸਰਾਏਲ ਨੂੰ ਕਹੇ ਯਹੋਵਾਹ ਦੇ ਸ਼ਬਦ ਬਿਲਕੁਲ ਸੱਚੇ ਹਨ: “ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਭਈ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ . . . ਤਾਂ ਏਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ।”—ਬਿਵਸਥਾ ਸਾਰ 28:15.

ਆਗਿਆਕਾਰੀ ਕਾਰਨ ਇਕ ਸੈਕਟਰੀ ਦੀ ਜਾਨ ਬਚੀ

10, 11. (ੳ) ਯਹੋਵਾਹ ਵੱਲੋਂ ਬਾਰੂਕ ਨੂੰ ਦਿੱਤੀ ਸਲਾਹ ਉੱਤੇ ਗੌਰ ਕਰਨਾ ਕਿਉਂ ਫ਼ਾਇਦੇਮੰਦ ਹੈ? (ਅ) ਯਹੋਵਾਹ ਨੇ ਬਾਰੂਕ ਨੂੰ ਕੀ ਸਲਾਹ ਦਿੱਤੀ ਸੀ?

10 ਜਦੋਂ ਜ਼ਿਆਦਾ ਲੋਕ ਖ਼ੁਸ਼ ਖ਼ਬਰੀ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ, ਤਾਂ ਕੀ ਤੁਸੀਂ ਇਸ ਤੋਂ ਨਿਰਾਸ਼ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਕਦੀ-ਕਦਾਈਂ ਲੋਕਾਂ ਦੀ ਅਮੀਰੀ ਤੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਕਰਕੇ ਈਰਖਾ ਹੁੰਦੀ ਹੈ? ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਯਿਰਮਿਯਾਹ ਦੇ ਸੈਕਟਰੀ ਬਾਰੂਕ ਬਾਰੇ ਅਤੇ ਯਹੋਵਾਹ ਵੱਲੋਂ ਉਸ ਨੂੰ ਦਿੱਤੀ ਸਲਾਹ ਬਾਰੇ ਸੋਚੋ।

11 ਬਾਰੂਕ ਇਕ ਭਵਿੱਖਸੂਚਕ ਸੰਦੇਸ਼ ਲਿਖ ਰਿਹਾ ਸੀ ਜਦੋਂ ਯਹੋਵਾਹ ਨੇ ਉਸ ਨੂੰ ਇਕ ਸਲਾਹ ਦਿੱਤੀ। ਬਾਰੂਕ ਨੂੰ ਸਲਾਹ ਕਿਉਂ ਦਿੱਤੀ ਗਈ ਸੀ? ਕਿਉਂਕਿ ਉਸ ਨੇ ਰੋਣਾ-ਧੋਣਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਜ਼ਿੰਦਗੀ ਵਿਚ ਕੁਝ ਨਹੀਂ ਰੱਖਿਆ। ਉਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਸਨਮਾਨ ਨਾਲੋਂ ਹੋਰ ਚੰਗੀਆਂ-ਚੰਗੀਆਂ ਚੀਜ਼ਾਂ ਚਾਹੁੰਦਾ ਸੀ। ਬਾਰੂਕ ਦੇ ਰਵੱਈਏ ਵਿਚ ਆਈ ਤਬਦੀਲੀ ਨੂੰ ਦੇਖ ਕੇ ਯਹੋਵਾਹ ਨੇ ਉਸ ਨੂੰ ਬੜੇ ਪਿਆਰ ਨਾਲ ਸਪੱਸ਼ਟ ਸਲਾਹ ਦਿੱਤੀ: “ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ, . . . ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।”—ਯਿਰਮਿਯਾਹ 36:4; 45:5.

12. ਸਾਨੂੰ ਦੁਨੀਆਂ ਦੀਆਂ “ਵੱਡੀਆਂ ਚੀਜ਼ਾਂ” ਪਿੱਛੇ ਕਿਉਂ ਨਹੀਂ ਭੱਜਣਾ ਚਾਹੀਦਾ?

12 ਕੀ ਤੁਸੀਂ ਯਹੋਵਾਹ ਦੇ ਸ਼ਬਦਾਂ ਤੋਂ ਦੇਖ ਸਕਦੇ ਹੋ ਕਿ ਉਸ ਨੂੰ ਭਲੇਮਾਣਸ ਬਾਰੂਕ ਦੀ ਕਿੰਨੀ ਪਰਵਾਹ ਸੀ ਜਿਸ ਨੇ ਯਿਰਮਿਯਾਹ ਨਾਲ ਮਿਲ ਕੇ ਪਰਮੇਸ਼ੁਰ ਦੀ ਵਫ਼ਾਦਾਰੀ ਤੇ ਹਿੰਮਤ ਨਾਲ ਸੇਵਾ ਕੀਤੀ ਸੀ? ਇਸੇ ਤਰ੍ਹਾਂ ਅੱਜ ਯਹੋਵਾਹ ਉਨ੍ਹਾਂ ਲੋਕਾਂ ਦੀ ਬਹੁਤ ਪਰਵਾਹ ਕਰਦਾ ਹੈ ਜਿਹੜੇ ਇਸ ਦੁਨੀਆਂ ਦੀ ਚਮਕ-ਦਮਕ ਵੱਲ ਖਿੱਚੇ ਜਾਂਦੇ ਹਨ। ਪਰ ਇਹ ਖ਼ੁਸ਼ੀ ਦੀ ਗੱਲ ਹੈ ਕਿ ਬਾਰੂਕ ਵਾਂਗ ਬਹੁਤ ਸਾਰੇ ਮਸੀਹੀਆਂ ਨੇ ਕਲੀਸਿਯਾ ਦੇ ਵਿਸ਼ਵਾਸਯੋਗ ਵਿਅਕਤੀਆਂ ਦੀ ਪਿਆਰ-ਭਰੀ ਸਲਾਹ ਨੂੰ ਮੰਨਿਆ ਹੈ। (ਲੂਕਾ 15:4-7) ਜੀ ਹਾਂ, ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਲੋਕਾਂ ਦਾ ਕੋਈ ਭਵਿੱਖ ਨਹੀਂ ਜਿਹੜੇ ਆਪਣੇ ਲਈ ਇਸ ਦੁਨੀਆਂ ਦੀਆਂ “ਵੱਡੀਆਂ ਚੀਜ਼ਾਂ” ਲੈਣੀਆਂ ਚਾਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਸੱਚੀ ਖ਼ੁਸ਼ੀ ਨਹੀਂ ਮਿਲਦੀ ਅਤੇ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਲੋਕਾਂ ਨੂੰ ਇਸ ਦੁਨੀਆਂ ਤੇ ਇਸ ਦੀਆਂ ਸਾਰੀਆਂ ਸੁਆਰਥੀ ਇੱਛਾਵਾਂ ਦੇ ਨਾਲ ਖ਼ਤਮ ਕਰ ਦਿੱਤਾ ਜਾਵੇਗਾ।—ਮੱਤੀ 6:19, 20; 1 ਯੂਹੰਨਾ 2:15-17.

13. ਬਾਰੂਕ ਦੀ ਉਦਾਹਰਣ ਤੋਂ ਅਸੀਂ ਨਿਮਰ ਬਣਨ ਸੰਬੰਧੀ ਕਿਹੜਾ ਸਬਕ ਸਿੱਖਦੇ ਹਾਂ?

13 ਬਾਰੂਕ ਦੀ ਉਦਾਹਰਣ ਤੋਂ ਅਸੀਂ ਨਿਮਰਤਾ ਰੱਖਣੀ ਵੀ ਸਿੱਖਦੇ ਹਾਂ। ਧਿਆਨ ਦਿਓ ਕਿ ਯਹੋਵਾਹ ਨੇ ਆਪ ਬਾਰੂਕ ਨੂੰ ਸਲਾਹ ਨਹੀਂ ਦਿੱਤੀ ਸੀ ਸਗੋਂ ਯਿਰਮਿਯਾਹ ਰਾਹੀਂ ਦਿੱਤੀ ਸੀ ਜਿਸ ਦੀਆਂ ਕਮੀਆਂ-ਪੇਸ਼ੀਆਂ ਨੂੰ ਬਾਰੂਕ ਸ਼ਾਇਦ ਚੰਗੀ ਤਰ੍ਹਾਂ ਜਾਣਦਾ ਸੀ। (ਯਿਰਮਿਯਾਹ 45:1, 2) ਪਰ ਬਾਰੂਕ ਨੇ ਘਮੰਡ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੱਤਾ, ਸਗੋਂ ਉਸ ਨੇ ਨਿਮਰਤਾ ਨਾਲ ਇਹ ਦੇਖਿਆ ਕਿ ਸਲਾਹ ਯਹੋਵਾਹ ਵੱਲੋਂ ਸੀ। (2 ਇਤਹਾਸ 26:3, 4, 16; ਕਹਾਉਤਾਂ 18:12; 19:20) ਇਸ ਲਈ ਜੇ ‘ਅਸੀਂ ਕਿਸੇ ਅਪਰਾਧ ਵਿੱਚ ਫੜੇ ਜਾਂਦੇ ਹਾਂ’ ਤੇ ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਜ਼ਰੂਰੀ ਸਲਾਹ ਦਿੱਤੀ ਜਾਂਦੀ ਹੈ, ਤਾਂ ਆਓ ਆਪਾਂ ਬਾਰੂਕ ਵਾਂਗ ਸਮਝਦਾਰ ਅਤੇ ਨਿਮਰ ਬਣੀਏ।—ਗਲਾਤੀਆਂ 6:1.

14. ਸਾਡੀ ਅਗਵਾਈ ਕਰਨ ਵਾਲੇ ਵਿਅਕਤੀਆਂ ਦੀ ਸਲਾਹ ਉੱਤੇ ਚੱਲਣਾ ਕਿਉਂ ਚੰਗੀ ਗੱਲ ਹੈ?

14 ਜੇ ਅਸੀਂ ਨਿਮਰ ਬਣਦੇ ਹਾਂ, ਤਾਂ ਇਸ ਨਾਲ ਸਲਾਹ ਦੇਣ ਵਾਲਿਆਂ ਦਾ ਕੰਮ ਵੀ ਸੌਖਾ ਹੋ ਜਾਂਦਾ ਹੈ। ਇਬਰਾਨੀਆਂ 13:17 ਕਹਿੰਦਾ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।” ਇਹ ਗੱਲ ਯਾਦ ਰੱਖੋ ਕਿ ਇੱਜੜ ਦੀ ਰਖਵਾਲੀ ਕਰਨ ਦੀ ਆਪਣੀ ਭਾਰੀ ਜ਼ਿੰਮੇਵਾਰੀ ਪੂਰੀ ਕਰਨ ਲਈ ਬਜ਼ੁਰਗ ਹੌਸਲੇ, ਬੁੱਧ ਅਤੇ ਸਮਝਦਾਰੀ ਵਾਸਤੇ ਦਿਲ ਖੋਲ੍ਹ ਕੇ ਯਹੋਵਾਹ ਨੂੰ ਬੇਨਤੀ ਕਰਦੇ ਹਨ। ਇਸ ਲਈ ਆਓ ਆਪਾਂ ‘ਏਹੋ ਜੇਹਿਆਂ ਨੂੰ ਮੰਨੀਏ।’—1 ਕੁਰਿੰਥੀਆਂ 16:18.

15. (ੳ) ਯਿਰਮਿਯਾਹ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਬਾਰੂਕ ਉੱਤੇ ਭਰੋਸਾ ਸੀ? (ਅ) ਨਿਮਰ ਬਣ ਕੇ ਆਗਿਆਕਾਰੀ ਕਰਨ ਦਾ ਬਾਰੂਕ ਨੂੰ ਕੀ ਇਨਾਮ ਮਿਲਿਆ?

15 ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਬਾਰੂਕ ਨੇ ਆਪਣੇ ਰਵੱਈਏ ਨੂੰ ਸੁਧਾਰਿਆ ਸੀ ਕਿਉਂਕਿ ਇਸ ਤੋਂ ਬਾਅਦ ਯਿਰਮਿਯਾਹ ਨੇ ਉਸ ਨੂੰ ਇਕ ਬਹੁਤ ਹੀ ਔਖਾ ਕੰਮ ਦਿੱਤਾ ਸੀ। ਕੰਮ ਇਹ ਸੀ ਕਿ ਉਸ ਨੇ ਹੈਕਲ ਵਿਚ ਸਜ਼ਾ ਦਾ ਸੰਦੇਸ਼ ਪੜ੍ਹਨਾ ਸੀ ਜੋ ਯਿਰਮਿਯਾਹ ਨੇ ਉਸ ਤੋਂ ਲਿਖਵਾਇਆ ਸੀ। ਕੀ ਬਾਰੂਕ ਨੇ ਇਹ ਕੰਮ ਕੀਤਾ? ਜੀ ਹਾਂ, ਉਸ ਨੇ “ਸਭ ਕੁਝ ਓਵੇਂ ਹੀ ਕੀਤਾ ਜਿਵੇਂ ਯਿਰਮਿਯਾਹ ਨਬੀ ਨੇ ਉਹ ਨੂੰ ਹੁਕਮ ਦਿੱਤਾ ਸੀ।” ਅਸਲ ਵਿਚ ਉਸ ਨੇ ਇਹੀ ਸੰਦੇਸ਼ ਯਰੂਸ਼ਲਮ ਦੇ ਸਾਰੇ ਸਰਦਾਰਾਂ ਸਾਮ੍ਹਣੇ ਵੀ ਪੜ੍ਹਿਆ ਤੇ ਇਹ ਕਰਨ ਲਈ ਹੌਸਲੇ ਦੀ ਲੋੜ ਸੀ। (ਯਿਰਮਿਯਾਹ 36:1-6, 8, 14, 15) ਇਸ ਤੋਂ 18 ਸਾਲ ਬਾਅਦ ਬਾਬਲੀਆਂ ਨੇ ਯਰੂਸ਼ਲਮ ਸ਼ਹਿਰ ਨੂੰ ਤਬਾਹ ਕਰ ਦਿੱਤਾ। ਜ਼ਰਾ ਸੋਚੋ ਕਿ ਬਾਰੂਕ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਯਹੋਵਾਹ ਦੀ ਚੇਤਾਵਨੀ ਵੱਲ ਧਿਆਨ ਦੇਣ ਨਾਲ ਅਤੇ “ਵੱਡੀਆਂ ਚੀਜ਼ਾਂ” ਪ੍ਰਾਪਤ ਕਰਨ ਦੀ ਇੱਛਾ ਛੱਡ ਦੇਣ ਕਰਕੇ ਉਸ ਦੀ ਜਾਨ ਬਚ ਗਈ।—ਯਿਰਮਿਯਾਹ 39:1, 2, 11, 12; 43:6.

ਘੇਰਾਬੰਦੀ ਦੌਰਾਨ ਆਗਿਆਕਾਰ ਰਹਿਣ ਨਾਲ ਜ਼ਿੰਦਗੀਆਂ ਬਚੀਆਂ

16. ਬਾਬਲੀਆਂ ਵੱਲੋਂ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੀ ਘੇਰਾਬੰਦੀ ਦੌਰਾਨ ਯਹੋਵਾਹ ਨੇ ਯਹੂਦੀਆਂ ਉੱਤੇ ਕਿਵੇਂ ਦਇਆ ਕੀਤੀ?

16 ਜਦੋਂ 607 ਸਾ.ਯੁ.ਪੂ. ਵਿਚ ਯਰੂਸ਼ਲਮ ਦਾ ਅੰਤ ਆਇਆ, ਤਾਂ ਉਸ ਵੇਲੇ ਵੀ ਯਹੋਵਾਹ ਨੇ ਆਗਿਆਕਾਰ ਲੋਕਾਂ ਉੱਤੇ ਦਇਆ ਕੀਤੀ। ਸ਼ਹਿਰ ਦੀ ਘੇਰਾਬੰਦੀ ਦੌਰਾਨ, ਯਹੋਵਾਹ ਨੇ ਯਹੂਦੀਆਂ ਨੂੰ ਕਿਹਾ: “ਵੇਖੋ, ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ। ਜਿਹੜਾ ਏਸ ਸ਼ਹਿਰ ਵਿੱਚ ਰਹੇਗਾ, ਉਹ ਤਲਵਾਰ ਅਤੇ ਕਾਲ ਅਤੇ ਬਵਾ ਨਾਲ ਮਰੇਗਾ, ਅਤੇ ਜਿਹੜਾ ਏਹ ਦੇ ਵਿੱਚੋਂ ਨਿੱਕਲ ਜਾਵੇਗਾ ਅਤੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦੇਵੇਗਾ, ਜਿਨ੍ਹਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜੀਉਂਦਾ ਰਹੇਗਾ ਅਤੇ ਉਹ ਦੀ ਜਾਨ ਉਹ ਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ।” (ਯਿਰਮਿਯਾਹ 21:8, 9) ਭਾਵੇਂ ਕਿ ਯਰੂਸ਼ਲਮ ਦੇ ਵਾਸੀ ਮੌਤ ਦੀ ਸਜ਼ਾ ਦੇ ਯੋਗ ਸਨ, ਫਿਰ ਵੀ ਯਹੋਵਾਹ ਨੇ ਆਖ਼ਰੀ ਘੜੀ ਤਕ ਉਨ੍ਹਾਂ ਉੱਤੇ ਦਇਆ ਕੀਤੀ ਜਿਨ੍ਹਾਂ ਨੇ ਉਸ ਦੀ ਆਗਿਆਕਾਰੀ ਕੀਤੀ। *

17. (ੳ) ਘਿਰੇ ਹੋਏ ਯਹੂਦੀਆਂ ਨੂੰ ਆਪਣੇ ਆਪ ਨੂੰ ‘ਕਸਦੀਆਂ ਦੇ ਹੱਥ ਵਿੱਚ ਦੇ ਦੇਣ’ ਦੀ ਯਹੋਵਾਹ ਦੀ ਹਿਦਾਇਤ ਬਾਰੇ ਦੱਸਣ ਵੇਲੇ ਯਿਰਮਿਯਾਹ ਦੀ ਆਗਿਆਕਾਰੀ ਦੀ ਕਿਸ ਤਰ੍ਹਾਂ ਦੋ ਤਰੀਕਿਆਂ ਨਾਲ ਪਰਖ ਹੋਈ ਸੀ? (ਅ) ਦਲੇਰੀ ਨਾਲ ਆਗਿਆਕਾਰੀ ਕਰਨ ਵਿਚ ਯਿਰਮਿਯਾਹ ਦੀ ਮਿਸਾਲ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

17 ਯਹੂਦੀਆਂ ਨੂੰ ਬਾਬਲੀਆਂ ਅੱਗੇ ਝੁਕਣ ਲਈ ਕਹਿਣ ਨਾਲ ਯਿਰਮਿਯਾਹ ਦੀ ਵੀ ਆਗਿਆਕਾਰੀ ਪਰਖੀ ਗਈ ਸੀ। ਉਸ ਨੂੰ ਪਰਮੇਸ਼ੁਰ ਦੇ ਨਾਂ ਪ੍ਰਤੀ ਗਹਿਰੀ ਸ਼ਰਧਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਵੈਰੀ ਆਪਣੀ ਜਿੱਤ ਦਾ ਸਿਹਰਾ ਬੇਜਾਨ ਮੂਰਤੀਆਂ ਨੂੰ ਦੇ ਕੇ ਯਹੋਵਾਹ ਦੇ ਨਾਂ ਨੂੰ ਬਦਨਾਮ ਕਰਨ। (ਯਿਰਮਿਯਾਹ 50:2, 11; ਵਿਰਲਾਪ 2:16) ਇਸ ਤੋਂ ਇਲਾਵਾ, ਯਿਰਮਿਯਾਹ ਜਾਣਦਾ ਸੀ ਕਿ ਲੋਕਾਂ ਨੂੰ ਬਾਬਲੀਆਂ ਅੱਗੇ ਝੁਕਣ ਲਈ ਕਹਿਣ ਦੁਆਰਾ ਉਹ ਆਪਣੀ ਜਾਨ ਖ਼ਤਰੇ ਵਿਚ ਪਾ ਰਿਹਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਗੱਦਾਰ ਸਮਝਣਾ ਸੀ। ਪਰ ਉਹ ਡਰਪੋਕ ਨਹੀਂ ਸੀ ਸਗੋਂ ਯਹੋਵਾਹ ਦੀ ਆਗਿਆ ਮੰਨਦੇ ਹੋਏ ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦਾ ਫ਼ੈਸਲਾ ਸੁਣਾਇਆ। (ਯਿਰਮਿਯਾਹ 38:4, 17, 18) ਯਿਰਮਿਯਾਹ ਵਾਂਗ ਸਾਨੂੰ ਵੀ ਅਜਿਹਾ ਸੰਦੇਸ਼ ਸੁਣਾਉਣਾ ਪੈਂਦਾ ਹੈ ਜੋ ਲੋਕਾਂ ਨੂੰ ਪਸੰਦ ਨਹੀਂ। ਇਹ ਉਹੀ ਸੰਦੇਸ਼ ਹੈ ਜਿਸ ਕਰਕੇ ਲੋਕਾਂ ਨੇ ਯਿਸੂ ਨਾਲ ਨਫ਼ਰਤ ਕੀਤੀ ਸੀ। (ਯਸਾਯਾਹ 53:3; ਮੱਤੀ 24:9) ਇਸ ਲਈ ਆਓ ਆਪਾਂ “ਮਨੁੱਖ ਦਾ ਭੈ” ਨਾ ਰੱਖੀਏ, ਸਗੋਂ ਯਿਰਮਿਯਾਹ ਵਾਂਗ ਦਲੇਰੀ ਨਾਲ ਯਹੋਵਾਹ ਦੀ ਆਗਿਆਕਾਰੀ ਕਰੀਏ ਅਤੇ ਉਸ ਉੱਤੇ ਭਰੋਸਾ ਰੱਖੀਏ।—ਕਹਾਉਤਾਂ 29:25.

ਗੋਗ ਦੇ ਹਮਲੇ ਦੌਰਾਨ ਆਗਿਆਕਾਰੀ

18. ਯਹੋਵਾਹ ਦੇ ਸੇਵਕਾਂ ਨੂੰ ਭਵਿੱਖ ਵਿਚ ਆਪਣੀ ਆਗਿਆਕਾਰੀ ਦੀਆਂ ਕਿਹੜੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਵੇਗਾ?

18 ਜਲਦੀ ਹੀ ਸ਼ਤਾਨ ਦਾ ਪੂਰਾ ਦੁਸ਼ਟ ਸਾਮਰਾਜ ਬਹੁਤ ‘ਵੱਡੇ ਕਸ਼ਟ’ ਵਿਚ ਨਾਸ਼ ਕਰ ਦਿੱਤਾ ਜਾਵੇਗਾ। (ਮੱਤੀ 24:21) ਅਤੇ ਇਸ ਕਸ਼ਟ ਤੋਂ ਪਹਿਲਾਂ ਅਤੇ ਇਸ ਦੇ ਦੌਰਾਨ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਵਿਸ਼ਵਾਸ ਅਤੇ ਆਪਣੀ ਆਗਿਆਕਾਰੀ ਦੀਆਂ ਵੱਡੀਆਂ-ਵੱਡੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਵੇਗਾ। ਉਦਾਹਰਣ ਲਈ ਬਾਈਬਲ ਕਹਿੰਦੀ ਹੈ ਕਿ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਯਾਨੀ ਸ਼ਤਾਨ, ਯਹੋਵਾਹ ਦੇ ਸੇਵਕਾਂ ਉੱਤੇ ਆਪਣਾ ਪੂਰਾ ਜ਼ੋਰ ਲਾ ਕੇ ਹਮਲਾ ਕਰੇਗਾ। ਉਹ ਆਪਣੇ ਲਸ਼ਕਰ ਦੀ “ਬਹੁਤੀ ਫੌਜ” ਨੂੰ ਤਿਆਰ ਕਰੇਗਾ ਜੋ ‘ਧਰਤੀ ਨੂੰ ਬੱਦਲ ਵਾਂਙੁ ਲੁਕਾ ਲਵੇਗੀ।’ (ਹਿਜ਼ਕੀਏਲ 38:2, 14-16) ਪਰਮੇਸ਼ੁਰ ਦੇ ਸੇਵਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੋਵੇਗੀ ਤੇ ਉਹ ਨਿਹੱਥੇ ਹੋਣਗੇ, ਇਸ ਲਈ ਉਹ ਯਹੋਵਾਹ ਦੇ “ਖੰਭਾਂ” ਹੇਠਾਂ ਪਨਾਹ ਲੈਣ ਦੀ ਆਸ ਰੱਖਣਗੇ। ਅਤੇ ਯਹੋਵਾਹ ਆਪਣੇ ਆਗਿਆਕਾਰ ਲੋਕਾਂ ਨੂੰ ਬਚਾਉਣ ਲਈ ਆਪਣੇ ਖੰਭ ਫੈਲਾਏਗਾ।

19, 20. (ੳ) ਲਾਲ ਸਮੁੰਦਰ ਦੇ ਕੰਢੇ ਇਸਰਾਏਲੀਆਂ ਲਈ ਆਗਿਆਕਾਰ ਰਹਿਣਾ ਕਿਉਂ ਬਹੁਤ ਜ਼ਰੂਰੀ ਸੀ? (ਅ) ਲਾਲ ਸਮੁੰਦਰ ਦੇ ਕੰਢੇ ਜੋ ਹੋਇਆ, ਉਸ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋਵੇਗਾ?

19 ਯਹੋਵਾਹ ਦੇ ਸੇਵਕਾਂ ਦੀ ਇਹ ਹਾਲਤ ਸਾਨੂੰ ਮਿਸਰ ਛੱਡ ਰਹੇ ਇਸਰਾਏਲੀਆਂ ਦੀ ਯਾਦ ਕਰਾਉਂਦੀ ਹੈ। ਮਿਸਰ ਉੱਤੇ ਦਸ ਮਰੀਆਂ ਲਿਆਉਣ ਤੋਂ ਬਾਅਦ ਯਹੋਵਾਹ ਆਪਣੇ ਲੋਕਾਂ ਨੂੰ ਵਾਅਦੇ ਕੀਤੇ ਹੋਏ ਦੇਸ਼ ਵਿਚ ਛੋਟੇ ਰਸਤੇ ਥਾਣੀ ਨਹੀਂ ਲੈ ਕੇ ਗਿਆ, ਸਗੋਂ ਲਾਲ ਸਮੁੰਦਰ ਵੱਲ ਲੈ ਗਿਆ ਜਿੱਥੇ ਉਨ੍ਹਾਂ ਨੂੰ ਆਸਾਨੀ ਨਾਲ ਘੇਰ ਕੇ ਉਨ੍ਹਾਂ ਉੱਤੇ ਹਮਲਾ ਕੀਤਾ ਜਾ ਸਕਦਾ ਸੀ। ਫ਼ੌਜੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਇਸ ਰਸਤੇ ਜਾਣਾ ਬਹੁਤ ਖ਼ਤਰਨਾਕ ਸੀ। ਜੇ ਤੁਸੀਂ ਉਨ੍ਹਾਂ ਇਸਰਾਏਲੀਆਂ ਵਿਚ ਹੁੰਦੇ, ਤਾਂ ਕੀ ਤੁਸੀਂ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਹੁਕਮ ਦੀ ਪਾਲਣਾ ਕਰਦੇ ਅਤੇ ਪੂਰੇ ਭਰੋਸੇ ਨਾਲ ਲਾਲ ਸਮੁੰਦਰ ਵੱਲ ਜਾਂਦੇ, ਭਾਵੇਂ ਕਿ ਤੁਹਾਨੂੰ ਪਤਾ ਹੁੰਦਾ ਕਿ ਵਾਅਦਾ ਕੀਤੇ ਹੋਏ ਦੇਸ਼ ਨੂੰ ਜਾਣ ਦਾ ਰਾਹ ਕੋਈ ਹੋਰ ਸੀ?—ਕੂਚ 14:1-4.

20 ਅਸੀਂ ਕੂਚ ਦੇ 14ਵੇਂ ਅਧਿਆਇ ਵਿਚ ਪੜ੍ਹਦੇ ਹਾਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਵੇਲੇ ਕਿਵੇਂ ਆਪਣੀ ਅਸੀਮ ਸ਼ਕਤੀ ਵਰਤੀ ਸੀ। ਅਜਿਹੀਆਂ ਉਦਾਹਰਣਾਂ ਨੂੰ ਪੜ੍ਹਨ ਅਤੇ ਸਮਾਂ ਕੱਢ ਕੇ ਇਨ੍ਹਾਂ ਤੇ ਸੋਚ-ਵਿਚਾਰ ਕਰਨ ਨਾਲ ਸਾਡੀ ਨਿਹਚਾ ਕਿੰਨੀ ਮਜ਼ਬੂਤ ਹੁੰਦੀ ਹੈ! (2 ਪਤਰਸ 2:9) ਪੱਕੀ ਨਿਹਚਾ ਯਹੋਵਾਹ ਦੀ ਆਗਿਆਕਾਰੀ ਕਰਨ ਵਿਚ ਸਾਡੀ ਮਦਦ ਕਰੇਗੀ, ਭਾਵੇਂ ਕਿ ਯਹੋਵਾਹ ਸਾਡੇ ਤੋਂ ਜੋ ਚਾਹੁੰਦਾ ਹੈ ਉਸ ਨੂੰ ਲੋਕ ਗ਼ਲਤ ਸਮਝਣ। (ਕਹਾਉਤਾਂ 3:5, 6) ਇਸ ਲਈ ਆਪ ਨੂੰ ਪੁੱਛੋ, ‘ਕੀ ਮੈਂ ਮਨ ਲਾ ਕੇ ਬਾਈਬਲ ਅਧਿਐਨ ਕਰਨ, ਪ੍ਰਾਰਥਨਾ ਕਰਨ, ਮਨਨ ਕਰਨ ਅਤੇ ਯਹੋਵਾਹ ਦੇ ਲੋਕਾਂ ਨਾਲ ਸੰਗਤ ਕਰਨ ਦੁਆਰਾ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ?’—ਇਬਰਾਨੀਆਂ 10:24, 25; 12:1-3.

ਆਗਿਆਕਾਰੀ ਉਮੀਦ ਦਿੰਦੀ ਹੈ

21. ਯਹੋਵਾਹ ਦੇ ਆਗਿਆਕਾਰ ਲੋਕਾਂ ਨੂੰ ਅੱਜ ਤੇ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ?

21 ਜਿਹੜੇ ਲੋਕ ਉਮਰ ਭਰ ਯਹੋਵਾਹ ਦੀ ਆਗਿਆਕਾਰੀ ਕਰਦੇ ਹਨ, ਉਨ੍ਹਾਂ ਉੱਤੇ ਕਹਾਉਤਾਂ 1:33 ਲਾਗੂ ਹੁੰਦਾ ਹੈ: “ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।” ਇਹ ਦਿਲਾਸੇ-ਭਰੇ ਸ਼ਬਦ ਯਹੋਵਾਹ ਦੇ ਬਦਲਾ ਲੈਣ ਦੇ ਦਿਨ ਤੇ ਕਿੰਨੇ ਵਧੀਆ ਢੰਗ ਨਾਲ ਪੂਰੇ ਹੋਣਗੇ! ਅਸਲ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।” (ਲੂਕਾ 21:28) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਗਿਆਕਾਰ ਲੋਕ ਹੀ ਇਨ੍ਹਾਂ ਸ਼ਬਦਾਂ ਉੱਤੇ ਚੱਲਣ ਦਾ ਹੌਸਲਾ ਕਰਨਗੇ।—ਮੱਤੀ 7:21.

22. (ੳ) ਯਹੋਵਾਹ ਦੇ ਲੋਕਾਂ ਕੋਲ ਹੌਸਲਾ ਰੱਖਣ ਦਾ ਕਿਹੜਾ ਕਾਰਨ ਹੈ? (ਅ) ਅਗਲੇ ਲੇਖ ਵਿਚ ਕਿਹੜੇ ਵਿਸ਼ਿਆਂ ਉੱਤੇ ਚਰਚਾ ਕੀਤੀ ਜਾਵੇਗੀ?

22 ਪਰਮੇਸ਼ੁਰ ਦੇ ਸੇਵਕ ਇਕ ਹੋਰ ਕਾਰਨ ਕਰਕੇ ਹੌਸਲਾ ਰੱਖ ਸਕਦੇ ਹਨ: “ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” (ਆਮੋਸ 3:7) ਅੱਜ ਯਹੋਵਾਹ ਪੁਰਾਣੇ ਸਮਿਆਂ ਵਾਂਗ ਕਿਸੇ ਨੂੰ ਆਪਣਾ ਨਬੀ ਨਹੀਂ ਨਿਯੁਕਤ ਕਰਦਾ, ਸਗੋਂ ਉਸ ਨੇ ਮਾਤਬਰ ਨੌਕਰ ਨੂੰ ਇਹ ਕੰਮ ਦਿੱਤਾ ਹੈ ਕਿ ਉਹ ਉਸ ਦੇ ਘਰਾਣੇ ਨੂੰ ਸਮੇਂ ਸਿਰ ਅਧਿਆਤਮਿਕ ਭੋਜਨ ਦੇਵੇ। (ਮੱਤੀ 24:45-47) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ “ਨੌਕਰ” ਦੇ ਆਗਿਆਕਾਰ ਰਹੀਏ। ਅਗਲੇ ਲੇਖ ਵਿਚ ਦਿਖਾਇਆ ਜਾਵੇਗਾ ਕਿ ਇਸ “ਨੌਕਰ” ਦੇ ਆਗਿਆਕਾਰ ਰਹਿਣ ਨਾਲ ਅਸੀਂ ਇਸ ਦੇ “ਮਾਲਕ” ਯਾਨੀ ਯਿਸੂ ਦੇ ਵੀ ਆਗਿਆਕਾਰ ਰਹਿੰਦੇ ਹਾਂ ਅਤੇ ‘ਲੋਕਾਂ ਦੀ ਆਗਿਆਕਾਰੀ ਉਸੇ ਦੀ ਹੈ।’—ਉਤਪਤ 49:10.

[ਫੁਟਨੋਟ]

^ ਪੈਰਾ 1 ਭਾਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਕੁੱਕੜੀ ਬਹੁਤ ਡਰਪੋਕ ਹੁੰਦੀ ਹੈ, ਪਰ ਜਾਨਵਰਾਂ ਦੀ ਰੱਖਿਆ ਕਰਨ ਵਾਲੀ ਇਕ ਸੰਸਥਾ ਆਪਣੀ ਇਕ ਕਿਤਾਬ ਵਿਚ ਕਹਿੰਦੀ ਹੈ ਕਿ “ਕੁੱਕੜੀ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਆਪਣੇ ਆਖ਼ਰੀ ਸਾਹਾਂ ਤਕ ਆਪਣੇ ਦੁਸ਼ਮਣ ਨਾਲ ਲੜਦੀ ਹੈ।”

^ ਪੈਰਾ 16 ਯਿਰਮਿਯਾਹ 38:19 ਦੱਸਦਾ ਹੈ ਕਿ ਬਹੁਤ ਸਾਰੇ ਯਹੂਦੀ ਕਸਦੀਆਂ ਨਾਲ ‘ਮਿਲੇ ਹੋਏ ਸਨ।’ ਇਸ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦਿੱਤਾ ਸੀ ਜਿਸ ਕਰਕੇ ਉਹ ਮਰਨ ਤੋਂ ਬਚ ਗਏ ਸਨ ਪਰ ਗ਼ੁਲਾਮੀ ਤੋਂ ਨਹੀਂ। ਸਾਨੂੰ ਇਹ ਨਹੀਂ ਪਤਾ ਕਿ ਉਹ ਯਿਰਮਿਯਾਹ ਦੇ ਕਹਿਣ ਤੇ ਬਾਬਲੀਆਂ ਨਾਲ ਜਾ ਮਿਲੇ ਸਨ। ਪਰ ਫਿਰ ਵੀ ਯਿਰਮਿਯਾਹ ਦੇ ਸ਼ਬਦਾਂ ਤੋਂ ਉਨ੍ਹਾਂ ਦੇ ਬਚ ਜਾਣ ਬਾਰੇ ਪਤਾ ਲੱਗਦਾ ਹੈ।

ਕੀ ਤੁਹਾਨੂੰ ਯਾਦ ਹੈ?

• ਇਸਰਾਏਲੀਆਂ ਵੱਲੋਂ ਵਾਰ-ਵਾਰ ਅਣਆਗਿਆਕਾਰੀ ਕਰਨ ਦਾ ਕੀ ਨਤੀਜਾ ਨਿਕਲਿਆ?

• ਰਾਜਾ ਯੋਆਸ਼ ਦੀ ਜ਼ਿੰਦਗੀ ਉੱਤੇ ਕਿਨ੍ਹਾਂ ਲੋਕਾਂ ਦਾ ਚੰਗਾ ਤੇ ਮਾੜਾ ਪ੍ਰਭਾਵ ਪਿਆ?

• ਅਸੀਂ ਬਾਰੂਕ ਤੋਂ ਕੀ ਸਬਕ ਸਿੱਖਦੇ ਹਾਂ?

• ਇਸ ਦੁਨੀਆਂ ਦੇ ਅੰਤ ਦੌਰਾਨ ਯਹੋਵਾਹ ਦੇ ਆਗਿਆਕਾਰ ਲੋਕਾਂ ਨੂੰ ਡਰਨ ਦੀ ਲੋੜ ਕਿਉਂ ਨਹੀਂ?

[ਸਵਾਲ]

[ਸਫ਼ੇ 13 ਉੱਤੇ ਤਸਵੀਰ]

ਯਹੋਯਾਦਾ ਦੀ ਸਿੱਖਿਆ ਨਾਲ ਨੌਜਵਾਨ ਯੋਆਸ਼ ਨੇ ਯਹੋਵਾਹ ਦੀ ਆਗਿਆਕਾਰੀ ਕਰਨੀ ਸਿੱਖੀ

[ਸਫ਼ੇ 15 ਉੱਤੇ ਤਸਵੀਰ]

ਵਿਗੜੇ ਦੋਸਤਾਂ ਦੀ ਚੱਕ ਵਿਚ ਆ ਕੇ ਯੋਆਸ਼ ਨੇ ਪਰਮੇਸ਼ੁਰ ਦੇ ਨਬੀ ਨੂੰ ਮਰਵਾ ਦਿੱਤਾ

[ਸਫ਼ੇ 16 ਉੱਤੇ ਤਸਵੀਰ]

ਕੀ ਤੁਸੀਂ ਯਹੋਵਾਹ ਦੀ ਆਗਿਆ ਮੰਨਦੇ ਅਤੇ ਉਸ ਦੀ ਬਚਾਉਣ ਦੀ ਅਸੀਮ ਸ਼ਕਤੀ ਦੇ ਪ੍ਰਗਟਾਵੇ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ?