Skip to content

Skip to table of contents

ਪਰਦੇਸ ਵਿਚ ਰਹਿ ਕੇ ਬੱਚਿਆਂ ਨੂੰ ਪਾਲਣ ਵਿਚ ਆਉਂਦੀਆਂ ਮੁਸ਼ਕਲਾਂ ਤੇ ਖ਼ੁਸ਼ੀਆਂ

ਪਰਦੇਸ ਵਿਚ ਰਹਿ ਕੇ ਬੱਚਿਆਂ ਨੂੰ ਪਾਲਣ ਵਿਚ ਆਉਂਦੀਆਂ ਮੁਸ਼ਕਲਾਂ ਤੇ ਖ਼ੁਸ਼ੀਆਂ

ਪਰਦੇਸ ਵਿਚ ਰਹਿ ਕੇ ਬੱਚਿਆਂ ਨੂੰ ਪਾਲਣ ਵਿਚ ਆਉਂਦੀਆਂ ਮੁਸ਼ਕਲਾਂ ਤੇ ਖ਼ੁਸ਼ੀਆਂ

ਲੱਖਾਂ ਹੀ ਲੋਕ ਪਰਦੇਸ ਜਾ ਕੇ ਨਵਾਂ ਜੀਵਨ ਸ਼ੁਰੂ ਕਰਦੇ ਹਨ। ਯੂਰਪ ਵਿਚ ਹੁਣ 2 ਕਰੋੜ ਤੋਂ ਜ਼ਿਆਦਾ ਲੋਕ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਹੋਏ ਹਨ। ਅਮਰੀਕਾ ਵਿਚ ਬਾਹਰਲੇ ਦੇਸ਼ਾਂ ਦੇ ਤਕਰੀਬਨ 2 ਕਰੋੜ 60 ਲੱਖ ਲੋਕ ਰਹਿੰਦੇ ਹਨ। ਆਸਟ੍ਰੇਲੀਆ ਦੀ ਲਗਭਗ 21 ਫੀ ਸਦੀ ਆਬਾਦੀ ਹੋਰਨਾਂ ਦੇਸ਼ਾਂ ਤੋਂ ਆਈ ਹੋਈ ਹੈ। ਇਨ੍ਹਾਂ ਲੋਕਾਂ ਨੂੰ ਨਵੀਂ ਭਾਸ਼ਾ ਸਿੱਖਣੀ ਪੈਂਦੀ ਹੈ ਅਤੇ ਨਵੇਂ ਸਭਿਆਚਾਰ ਦੇ ਅਨੁਸਾਰ ਆਪਣੇ ਵਿਚ ਕੁਝ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ।

ਅਕਸਰ ਬੱਚੇ ਜਲਦੀ ਹੀ ਨਵੇਂ ਦੇਸ਼ ਦੀ ਭਾਸ਼ਾ ਸਿੱਖ ਜਾਂਦੇ ਹਨ ਅਤੇ ਉਸੇ ਭਾਸ਼ਾ ਵਿਚ ਸੋਚਣ ਲੱਗ ਪੈਂਦੇ ਹਨ। ਪਰ ਉਨ੍ਹਾਂ ਦੇ ਮਾਪਿਆਂ ਨੂੰ ਨਵੀਂ ਭਾਸ਼ਾ ਸਿੱਖਣ ਵਿਚ ਸ਼ਾਇਦ ਜ਼ਿਆਦਾ ਸਮਾਂ ਲੱਗੇ। ਇਹ ਬੱਚੇ ਉਸ ਦੇਸ਼ ਵਿਚ ਜੰਮੇ-ਪਲੇ ਹੁੰਦੇ ਹਨ ਜੋ ਉਨ੍ਹਾਂ ਦੇ ਮਾਪਿਆਂ ਲਈ ਪਰਦੇਸ ਹੁੰਦਾ ਹੈ। ਨਵੀਂ ਬੋਲੀ ਕਾਰਨ ਉਨ੍ਹਾਂ ਵਿਚ ਗੱਲਬਾਤ ਕਰਨੀ ਮੁਸ਼ਕਲ ਹੋ ਸਕਦੀ ਹੈ ਤੇ ਉਨ੍ਹਾਂ ਵਿਚਕਾਰ ਦੂਰੀ ਵਧ ਸਕਦੀ ਹੈ।

ਨਵੀਂ ਭਾਸ਼ਾ ਨਾ ਸਿਰਫ਼ ਬੱਚਿਆਂ ਦੀ ਸੋਚਣੀ ਉੱਤੇ ਅਸਰ ਪਾ ਸਕਦੀ ਹੈ ਬਲਕਿ ਪਰਦੇਸ ਦਾ ਸਭਿਆਚਾਰ ਵੀ ਉਨ੍ਹਾਂ ਦੇ ਜਜ਼ਬਾਤਾਂ ਉੱਤੇ ਅਸਰ ਪਾ ਸਕਦਾ ਹੈ। ਹੋ ਸਕਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਨਾ ਸਮਝ ਸਕਣ। ਇਸ ਲਈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਉਨ੍ਹਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਅਨੋਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।—ਅਫ਼ਸੀਆਂ 6:4.

ਦਿਲਾਂ-ਦਿਮਾਗ਼ਾਂ ਤਕ ਪਹੁੰਚਣ ਵਿਚ ਆਉਂਦੀ ਮੁਸ਼ਕਲ

ਮਸੀਹੀ ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਸੱਚਾਈ ਦੀ ਸ਼ੁੱਧ ਭਾਸ਼ਾ ਸਿਖਾਉਣੀ ਚਾਹੁੰਦੇ ਹਨ ਕਿਉਂਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। (ਸਫ਼ਨਯਾਹ 3:9) ਪਰ ਜੇ ਨਾ ਤਾਂ ਬੱਚੇ ਆਪਣੇ ਮਾਪਿਆਂ ਦੀ ਭਾਸ਼ਾ ਚੰਗੀ ਤਰ੍ਹਾਂ ਸਮਝ ਸਕਦੇ ਹਨ ਅਤੇ ਨਾ ਹੀ ਮਾਪੇ ਬੱਚਿਆਂ ਦੀ ਭਾਸ਼ਾ ਵਿਚ ਚੰਗੀ ਤਰ੍ਹਾਂ ਗੱਲ ਕਰ ਸਕਦੇ ਹਨ, ਤਾਂ ਉਹ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਦੀ ਸਿੱਖਿਆ ਕਿਵੇਂ ਬਿਠਾ ਸਕਦੇ ਹਨ? (ਬਿਵਸਥਾ ਸਾਰ 6:7) ਬੱਚੇ ਸ਼ਾਇਦ ਆਪਣੇ ਮਾਪਿਆਂ ਦੀ ਗੱਲ ਤਾਂ ਸਮਝ ਲੈਣ, ਪਰ ਜੇ ਇਹ ਗੱਲਾਂ ਉਨ੍ਹਾਂ ਦੇ ਦਿਲਾਂ-ਦਿਮਾਗ਼ਾਂ ਤਕ ਨਹੀਂ ਪਹੁੰਚਦੀਆਂ, ਤਾਂ ਉਹ ਆਪਣੇ ਹੀ ਘਰ ਵਿਚ ਓਪਰੇ ਬਣ ਸਕਦੇ ਹਨ।

ਪੇਡਰੋ ਤੇ ਸਾਂਡਰਾ ਦੱਖਣੀ ਅਮਰੀਕਾ ਤੋਂ ਆਸਟ੍ਰੇਲੀਆ ਰਹਿਣ ਲਈ ਚਲੇ ਗਏ ਅਤੇ ਉਨ੍ਹਾਂ ਨੂੰ ਆਪਣੇ ਦੋ ਕਿਸ਼ੋਰ ਮੁੰਡਿਆਂ ਨੂੰ ਪਾਲਣ ਸਮੇਂ ਇਸੇ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ। * ਪੇਡਰੋ ਨੇ ਕਿਹਾ: “ਰੂਹਾਨੀ ਗੱਲਾਂ ਸਿਖਾਉਣ ਵੇਲੇ ਦਿਲਾਂ-ਦਿਮਾਗ਼ਾਂ ਤਕ ਪਹੁੰਚਣ ਦੀ ਲੋੜ ਹੁੰਦੀ ਹੈ। ਡੂੰਘੀਆਂ ਅਤੇ ਜ਼ਰੂਰੀ ਗੱਲਾਂ ਸਮਝਾਉਣ ਦੇ ਲਈ ਬਹੁਤ ਸਾਰੇ ਸ਼ਬਦਾਂ ਦੀ ਵਰਤੋ ਕਰਨੀ ਪੈਂਦੀ ਹੈ।” ਸਾਂਡਰਾ ਨੇ ਕਿਹਾ: “ਜੇ ਸਾਡੇ ਬੱਚੇ ਆਪਣੀ ਮਾਂ ਬੋਲੀ ਵਿਚ ਰੂਹਾਨੀ ਗੱਲਾਂ ਨਹੀਂ ਸਮਝਦੇ, ਤਾਂ ਉਨ੍ਹਾਂ ਦੀ ਅਧਿਆਤਮਿਕਤਾ ਉੱਤੇ ਮਾੜਾ ਅਸਰ ਪੈ ਸਕਦਾ ਹੈ। ਬਾਈਬਲ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਨਾ ਸਮਝਣ ਕਾਰਨ ਉਹ ਸੱਚਾਈ ਲਈ ਆਪਣੀ ਕਦਰ ਗੁਆ ਸਕਦੇ ਹਨ। ਨਤੀਜੇ ਵਜੋਂ, ਉਹ ਅਧਿਆਤਮਿਕ ਤੌਰ ਤੇ ਤਰੱਕੀ ਨਹੀਂ ਕਰਨਗੇ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਵਿਗੜ ਜਾਵੇਗਾ।”

ਨਿਆਨਾਪ੍ਰਕਾਸ਼ਮ ਤੇ ਹੈਲਨ ਸ੍ਰੀ ਲੰਕਾ ਤੋਂ ਜਾ ਕੇ ਜਰਮਨੀ ਰਹਿਣ ਲੱਗ ਪਏ ਅਤੇ ਹੁਣ ਉਨ੍ਹਾਂ ਦੇ ਦੋ ਬੱਚੇ ਹਨ। ਉਹ ਵੀ ਉੱਪਰ ਲਿਖੀਆਂ ਗੱਲਾਂ ਨਾਲ ਸਹਿਮਤ ਹਨ: “ਅਸੀਂ ਮੰਨਦੇ ਹਾਂ ਕਿ ਸਾਡੇ ਬੱਚਿਆਂ ਲਈ ਜਰਮਨ ਭਾਸ਼ਾ ਸਿੱਖਣ ਦੇ ਨਾਲ-ਨਾਲ ਆਪਣੀ ਮਾਂ ਬੋਲੀ ਸਿੱਖਣੀ ਵੀ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਉਹ ਸਾਡੇ ਨਾਲ ਦਿਲ ਖੋਲ੍ਹ ਕੇ ਗੱਲਾਂ ਕਰਨ।”

ਮਿਗੂਏਲ ਅਤੇ ਕਾਰਮਨ ਉਰੂਗਵਾਏ ਛੱਡ ਕੇ ਆਸਟ੍ਰੇਲੀਆ ਰਹਿਣ ਲੱਗ ਪਏ। ਉਨ੍ਹਾਂ ਨੇ ਕਿਹਾ: “ਦੂਜੇ ਦੇਸ਼ਾਂ ਵਿਚ ਆਏ ਸਾਡੇ ਵਰਗੇ ਮਾਪਿਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਦੋ ਗੱਲਾਂ ਵਿੱਚੋਂ ਇਕ ਦੀ ਚੋਣ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਜਾਂ ਤਾਂ ਆਪ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣੀ ਪੈਂਦੀ ਹੈ ਜਾਂ ਉਨ੍ਹਾਂ ਨੂੰ ਆਪਣੀ ਬੋਲੀ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਉਣੀ ਪੈਂਦੀ ਹੈ। ਇਸ ਤਰ੍ਹਾਂ ਪਹਿਲਾਂ ਉਹ ਆਪ ਰੂਹਾਨੀ ਗੱਲਾਂ ਸਮਝ ਕੇ ਫਿਰ ਆਪਣੇ ਬੱਚਿਆਂ ਨੂੰ ਵੀ ਸਮਝਾ ਸਕਦੇ ਹਨ।”

ਪੂਰਾ ਪਰਿਵਾਰ ਮਿਲ ਕੇ ਫ਼ੈਸਲਾ ਕਰੋ

ਦੂਜੇ ਦੇਸ਼ਾਂ ਤੋਂ ਆਏ ਕਿਸੇ ਵੀ ਪਰਿਵਾਰ ਲਈ ਇਹ ਫ਼ੈਸਲਾ ਕਰਨਾ ਬੜਾ ਜ਼ਰੂਰੀ ਹੈ ਕਿ ‘ਯਹੋਵਾਹ ਵੱਲੋਂ ਸਿਖਾਏ ਜਾਣ’ ਲਈ ਉਨ੍ਹਾਂ ਦੇ ਪਰਿਵਾਰ ਨੂੰ ਕਿਹੜੀ ਭਾਸ਼ਾ ਵਰਤਣੀ ਚਾਹੀਦੀ ਹੈ। (ਯਸਾਯਾਹ 54:13) ਜੇਕਰ ਪਰਿਵਾਰ ਆਪਣੀ ਭਾਸ਼ਾ ਦੀ ਕਲੀਸਿਯਾ ਦੇ ਨੇੜੇ ਰਹਿੰਦਾ ਹੈ, ਤਾਂ ਉਹ ਸ਼ਾਇਦ ਇਸ ਕਲੀਸਿਯਾ ਵਿਚ ਜਾਣਾ ਚਾਹੇ। ਦੂਜੇ ਪਾਸੇ, ਉਹ ਸ਼ਾਇਦ ਅਜਿਹੀ ਕਲੀਸਿਯਾ ਵਿਚ ਜਾਣਾ ਚਾਹੇ ਜਿੱਥੇ ਉਨ੍ਹਾਂ ਦੇ ਨਵੇਂ ਦੇਸ਼ ਦੀ ਮੁੱਖ ਭਾਸ਼ਾ ਬੋਲੀ ਜਾਂਦੀ ਹੈ। ਇਹ ਫ਼ੈਸਲਾ ਕਰਨ ਲਈ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਜ਼ਰੂਰੀ ਹਨ?

ਥੀਮੀਟ੍ਰੀਓਸ ਅਤੇ ਪਟਰੂਲਾ ਸਾਈਪ੍ਰਸ ਤੋਂ ਇੰਗਲੈਂਡ ਨੂੰ ਗਏ ਜਿੱਥੇ ਉਨ੍ਹਾਂ ਨੇ ਆਪਣੇ ਪੰਜ ਬੱਚਿਆਂ ਦੀ ਪਰਵਰਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਫ਼ੈਸਲੇ ਉੱਤੇ ਕਿਹੜੀ ਗੱਲ ਨੇ ਅਸਰ ਪਾਇਆ ਸੀ: “ਪਹਿਲਾਂ ਸਾਡਾ ਪਰਿਵਾਰ ਯੂਨਾਨੀ ਕਲੀਸਿਯਾ ਵਿਚ ਜਾਂਦਾ ਸੀ। ਸਾਨੂੰ ਤਾਂ ਉੱਥੋਂ ਬਹੁਤ ਫ਼ਾਇਦਾ ਹੋਇਆ, ਪਰ ਬੱਚਿਆਂ ਦੀ ਰੂਹਾਨੀ ਤਰੱਕੀ ਰੁਕ ਗਈ। ਭਾਵੇਂ ਕਿ ਉਹ ਥੋੜ੍ਹੀ-ਬਹੁਤੀ ਯੂਨਾਨੀ ਭਾਸ਼ਾ ਸਮਝ ਲੈਂਦੇ ਸਨ, ਪਰ ਉਹ ਡੂੰਘੀਆਂ ਗੱਲਾਂ ਨਹੀਂ ਸਮਝ ਸਕਦੇ ਸਨ। ਅਸੀਂ ਦੇਖ ਸਕਦੇ ਸਾਂ ਕਿ ਉਹ ਸੱਚਾਈ ਵਿਚ ਅੱਗੇ ਨਹੀਂ ਵੱਧ ਰਹੇ ਸਨ। ਇਸ ਲਈ ਸਾਡਾ ਸਾਰਾ ਪਰਿਵਾਰ ਅੰਗ੍ਰੇਜ਼ੀ ਕਲੀਸਿਯਾ ਵਿਚ ਜਾਣ ਲੱਗ ਪਿਆ। ਬੱਚਿਆਂ ਨੂੰ ਇਸ ਦੇ ਬਹੁਤ ਫ਼ਾਇਦੇ ਹੋਏ। ਉਹ ਰੂਹਾਨੀ ਤੌਰ ਤੇ ਮਜ਼ਬੂਤ ਬਣੇ। ਨਵੀਂ ਕਲੀਸਿਯਾ ਵਿਚ ਜਾਣ ਬਾਰੇ ਫ਼ੈਸਲਾ ਕਰਨਾ ਸੌਖਾ ਨਹੀਂ ਸੀ, ਪਰ ਇਹ ਫ਼ੈਸਲਾ ਸਾਡੇ ਲਈ ਬਹੁਤ ਚੰਗਾ ਸਾਬਤ ਹੋਇਆ।”

ਆਪਣੀ ਬੋਲੀ ਵਰਤਣ ਨਾਲ ਵੀ ਇਸ ਪਰਿਵਾਰ ਨੂੰ ਕਈ ਲਾਭ ਹੋਏ। ਉਨ੍ਹਾਂ ਦੇ ਬੱਚਿਆਂ ਨੇ ਕਿਹਾ: “ਇਕ ਤੋਂ ਜ਼ਿਆਦਾ ਭਾਸ਼ਾਵਾਂ ਜਾਣਨ ਨਾਲ ਕਈ ਲਾਭ ਹੋ ਸਕਦੇ ਹਨ। ਭਾਵੇਂ ਅਸੀਂ ਅੰਗ੍ਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਆਪਣੀ ਯੂਨਾਨੀ ਭਾਸ਼ਾ ਬੋਲਣ ਨਾਲ ਸਾਡੇ ਪਰਿਵਾਰ ਵਿਚ ਪਿਆਰ ਵਧਿਆ ਹੈ, ਖ਼ਾਸ ਕਰਕੇ ਸਾਡੇ ਦਾਦੀ-ਦਾਦੇ ਤੇ ਨਾਨੀ-ਨਾਨੇ ਨਾਲ। ਇਸ ਤਰ੍ਹਾਂ ਅਸੀਂ ਪਰਦੇਸ ਆਏ ਹੋਰਨਾਂ ਲੋਕਾਂ ਨਾਲ ਵੀ ਹਮਦਰਦੀ ਜਤਾ ਸਕਦੇ ਹਾਂ। ਇਸ ਤੋਂ ਇਲਾਵਾ, ਸਾਨੂੰ ਹੋਰ ਭਾਸ਼ਾ ਸਿੱਖਣ ਦਾ ਵੀ ਹੌਸਲਾ ਮਿਲਿਆ ਹੈ। ਇਸ ਲਈ ਜਦੋਂ ਅਸੀਂ ਵੱਡੇ ਹੋਏ, ਤਾਂ ਸਾਡਾ ਪਰਿਵਾਰ ਮਦਦ ਕਰਨ ਲਈ ਅਲਬਾਨੀ ਕਲੀਸਿਯਾ ਵਿਚ ਚਲਾ ਗਿਆ।”

ਕ੍ਰਿਸਟਫਰ ਅਤੇ ਮਾਰਗਰੀਟਾ ਵੀ ਸਾਈਪ੍ਰਸ ਤੋਂ ਇੰਗਲੈਂਡ ਨੂੰ ਚਲੇ ਗਏ ਜਿੱਥੇ ਉਨ੍ਹਾਂ ਨੇ ਤਿੰਨ ਬੱਚਿਆਂ ਦੀ ਪਾਲਣਾ-ਪੋਸਣਾ ਕੀਤੀ। ਉਨ੍ਹਾਂ ਨੇ ਯੂਨਾਨੀ ਕਲੀਸਿਯਾ ਵਿਚ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦਾ ਮੁੰਡਾ, ਨਿਕੋਸ ਯੂਨਾਨੀ ਕਲੀਸਿਯਾ ਵਿਚ ਹੁਣ ਇਕ ਬਜ਼ੁਰਗ ਹੈ। ਉਸ ਨੇ ਕਿਹਾ: “ਸਾਡੇ ਪਰਿਵਾਰ ਨੂੰ ਨਵੀਂ ਬਣੀ ਯੂਨਾਨੀ ਕਲੀਸਿਯਾ ਵਿਚ ਜਾਣ ਦੀ ਸਲਾਹ ਦਿੱਤੀ ਗਈ ਸੀ। ਅਸੀਂ ਸਮਝਿਆ ਕਿ ਪਰਮੇਸ਼ੁਰ ਹੀ ਚਾਹੁੰਦਾ ਸੀ ਕਿ ਅਸੀਂ ਇਸ ਕਲੀਸਿਯਾ ਵਿਚ ਜਾਈਏ।”

ਮਾਰਗਰੀਟਾ ਨੇ ਕਿਹਾ: “ਸਾਡੇ ਦੋਵੇਂ ਮੁੰਡੇ ਸੱਤਾਂ-ਅੱਠਾਂ ਸਾਲਾਂ ਦੀ ਉਮਰ ਵਿਚ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਦਾਖ਼ਲ ਹੋ ਗਏ ਸਨ। ਮਾਪੇ ਹੋਣ ਦੇ ਨਾਤੇ, ਅਸੀਂ ਪਰੇਸ਼ਾਨ ਸਾਂ ਕਿ ਨਾ ਤਾਂ ਉਹ ਚੰਗੀ ਤਰ੍ਹਾਂ ਯੂਨਾਨੀ ਭਾਸ਼ਾ ਬੋਲ ਸਕਦੇ ਸਨ ਤੇ ਨਾ ਹੀ ਸਮਝ ਸਕਦੇ ਸਨ। ਪਰ ਜਦੋਂ ਵੀ ਕਲੀਸਿਯਾ ਵਿਚ ਭਾਸ਼ਣ ਦੇਣ ਦੀ ਉਨ੍ਹਾਂ ਦੀ ਵਾਰੀ ਆਉਂਦੀ ਸੀ, ਤਾਂ ਅਸੀਂ ਸਾਰਾ ਪਰਿਵਾਰ ਮਿਲ ਕੇ ਉਸ ਭਾਸ਼ਣ ਨੂੰ ਤਿਆਰ ਕਰਦੇ ਹੁੰਦੇ ਸਾਂ। ਇਸ ਭਾਸ਼ਣ ਨੂੰ ਤਿਆਰ ਕਰਨ ਵਿਚ ਕਈ-ਕਈ ਘੰਟੇ ਲੱਗ ਜਾਂਦੇ ਸਨ।”

ਉਨ੍ਹਾਂ ਦੀ ਕੁੜੀ ਜੋਆਨਾ ਨੇ ਕਿਹਾ: “ਮੈਨੂੰ ਯਾਦ ਹੈ ਕਿ ਪਿਤਾ ਜੀ ਘਰ ਵਿਚ ਬਲੈਕ-ਬੋਰਡ ਤੇ ਸਾਨੂੰ ਯੂਨਾਨੀ ਭਾਸ਼ਾ ਪੜ੍ਹਨੀ ਤੇ ਲਿਖਣੀ ਸਿਖਾਉਂਦੇ ਹੁੰਦੇ ਸਨ। ਲੋਕ ਇਕ ਭਾਸ਼ਾ ਨੂੰ ਸਿੱਖਣ ਵਿਚ ਕਈ-ਕਈ ਸਾਲ ਲਾ ਦਿੰਦੇ ਹਨ, ਪਰ ਅਸੀਂ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਥੋੜ੍ਹੇ ਹੀ ਸਮੇਂ ਵਿਚ ਯੂਨਾਨੀ ਭਾਸ਼ਾ ਸਿੱਖ ਗਏ।”

ਕੁਝ ਪਰਿਵਾਰ ਆਪਣੀ ਭਾਸ਼ਾ ਦੀ ਕਲੀਸਿਯਾ ਵਿਚ ਇਸ ਲਈ ਜਾਂਦੇ ਹਨ ਕਿਉਂਕਿ ਮਾਪਿਆਂ ਨੂੰ ਲੱਗਦਾ ਹੈ ਕਿ ‘ਆਤਮਕ ਸਮਝ’ ਹਾਸਲ ਕਰਨ ਅਤੇ ਰੂਹਾਨੀ ਤੌਰ ਤੇ ਤਰੱਕੀ ਕਰਨ ਲਈ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਵਿਚ ਸਿੱਖਿਆ ਲੈਣ ਦੀ ਲੋੜ ਹੈ। (ਕੁਲੁੱਸੀਆਂ 1:9, 10; 1 ਤਿਮੋਥਿਉਸ 4:13, 15) ਪਰਿਵਾਰ ਸ਼ਾਇਦ ਇਹ ਸੋਚੇ ਕਿ ਦੂਸਰੇ ਪਰਦੇਸੀ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਉਹ ਆਪਣੀ ਭਾਸ਼ਾ ਇਸਤੇਮਾਲ ਕਰ ਸਕਦੇ ਹਨ।

ਦੂਜੇ ਪਾਸੇ, ਕੁਝ ਪਰਿਵਾਰ ਆਪਣੇ ਨਵੇਂ ਦੇਸ਼ ਦੀ ਭਾਸ਼ਾ ਦੀ ਕਲੀਸਿਯਾ ਵਿਚ ਜਾਣਾ ਫ਼ਾਇਦੇਮੰਦ ਸਮਝਦੇ ਹਨ। (ਫ਼ਿਲਿੱਪੀਆਂ 2:4; 1 ਤਿਮੋਥਿਉਸ 3:5) ਪੂਰੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ, ਪਰਿਵਾਰ ਦੇ ਮੁਖੀਏ ਨੂੰ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਇਸ ਬਾਰੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਸ ਕਲੀਸਿਯਾ ਵਿਚ ਜਾਣਾ ਹੈ। (ਰੋਮੀਆਂ 14:4; 1 ਕੁਰਿੰਥੀਆਂ 11:3; ਫ਼ਿਲਿੱਪੀਆਂ 4:6, 7) ਕਿਹੜੀਆਂ ਗੱਲਾਂ ਇਨ੍ਹਾਂ ਪਰਿਵਾਰਾਂ ਦੀ ਮਦਦ ਕਰ ਸਕਦੀਆਂ ਹਨ?

ਕੁਝ ਫ਼ਾਇਦੇਮੰਦ ਸੁਝਾਅ

ਪਹਿਲਾਂ ਜ਼ਿਕਰ ਕੀਤੇ ਗਏ ਪੇਡਰੋ ਅਤੇ ਸਾਂਡਰਾ ਨੇ ਕਿਹਾ: “ਸਾਡੇ ਘਰ ਦਾ ਅਸੂਲ ਹੈ ਕਿ ਅਸੀਂ ਘਰ ਵਿਚ ਸਿਰਫ਼ ਸਪੇਨੀ ਭਾਸ਼ਾ ਬੋਲਾਂਗੇ ਤਾਂਕਿ ਅਸੀਂ ਆਪਣੀ ਭਾਸ਼ਾ ਭੁੱਲ ਨਾ ਜਾਈਏ। ਇਸ ਅਸੂਲ ਉੱਤੇ ਚੱਲਣਾ ਔਖਾ ਹੈ ਕਿਉਂਕਿ ਸਾਡੇ ਮੁੰਡੇ ਜਾਣਦੇ ਹਨ ਕਿ ਅਸੀਂ ਵੀ ਅੰਗ੍ਰੇਜ਼ੀ ਸਮਝਦੇ ਹਾਂ। ਪਰ ਜੇ ਅਸੀਂ ਇਸ ਤਰ੍ਹਾਂ ਨਾ ਕਰੀਏ, ਤਾਂ ਉਹ ਜਲਦੀ ਹੀ ਸਪੇਨੀ ਭਾਸ਼ਾ ਭੁੱਲ ਜਾਣਗੇ।”

ਪਹਿਲਾਂ ਜ਼ਿਕਰ ਕੀਤੇ ਗਏ ਮਿਗੂਏਲ ਅਤੇ ਕਾਰਮਨ ਨੇ ਸਲਾਹ ਦਿੱਤੀ: “ਜੇ ਮਾਪੇ ਆਪਣੀ ਬੋਲੀ ਵਿਚ ਬੱਚਿਆਂ ਨਾਲ ਬਾਕਾਇਦਾ ਅਧਿਐਨ ਕਰਨ ਅਤੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਪੜ੍ਹਨ, ਤਾਂ ਬੱਚੇ ਸਿਰਫ਼ ਆਮ ਗੱਲਾਂ ਕਹਿਣੀਆਂ ਹੀ ਨਹੀਂ ਸਿੱਖਣਗੇ, ਸਗੋਂ ਉਹ ਆਪਣੀ ਭਾਸ਼ਾ ਵਿਚ ਬਾਈਬਲ ਦੀਆਂ ਡੂੰਘੀਆਂ ਗੱਲਾਂ ਵੀ ਸਮਝਾ ਸਕਣਗੇ।”

ਮਿਗੂਏਲ ਨੇ ਇਹ ਵੀ ਕਿਹਾ: “ਪ੍ਰਚਾਰ ਕੰਮ ਨੂੰ ਮਜ਼ੇਦਾਰ ਬਣਾਓ। ਪ੍ਰਚਾਰ ਕਰਨ ਲਈ ਅਸੀਂ ਵੱਡੇ ਸ਼ਹਿਰ ਵਿਚ ਜਾਂਦੇ ਹਾਂ ਅਤੇ ਸਾਨੂੰ ਆਪਣੀ ਭਾਸ਼ਾ ਦੇ ਲੋਕਾਂ ਨੂੰ ਮਿਲਣ ਲਈ ਕਾਰ ਵਿਚ ਕਾਫ਼ੀ ਸਮਾਂ ਸਫ਼ਰ ਕਰਨਾ ਪੈਂਦਾ ਹੈ। ਅਸੀਂ ਇਹ ਸਮਾਂ ਬਾਈਬਲ ਗੇਮਾਂ ਖੇਡਣ ਅਤੇ ਜ਼ਰੂਰੀ ਗੱਲਾਂ-ਬਾਤਾਂ ਕਰਨ ਵਿਚ ਗੁਜ਼ਾਰਦੇ ਹਾਂ। ਮੈਂ ਉਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਦਾ ਹਾਂ ਜਿਨ੍ਹਾਂ ਨੇ ਪਹਿਲਾਂ ਬਾਈਬਲ ਵਿਚ ਦਿਲਚਸਪੀ ਲਈ ਸੀ। ਇਸ ਤਰ੍ਹਾਂ, ਸ਼ਾਮ ਹੋਣ ਤਕ ਸਾਡੇ ਬੱਚਿਆਂ ਨੂੰ ਵੀ ਕੋਈ ਨਾ ਕੋਈ ਦਿਲਚਸਪੀ ਰੱਖਣ ਵਾਲਾ ਵਿਅਕਤੀ ਮਿਲ ਜਾਂਦਾ ਹੈ।”

ਵੱਖਰੇ ਸਭਿਆਚਾਰ ਦੀਆਂ ਮੁਸ਼ਕਲਾਂ

ਬਾਈਬਲ ਵਿਚ ਨੌਜਵਾਨਾਂ ਨੂੰ ਇਹ ਸਲਾਹ ਦਿੱਤੀ ਗਈ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।” (ਕਹਾਉਤਾਂ 1:8) ਪਰ ਉਦੋਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਜਦੋਂ ਮਾਤਾ-ਪਿਤਾ ਦਾ ਉਪਦੇਸ਼ ਜਾਂ ਤਾਲੀਮ ਇਕ ਸਭਿਆਚਾਰ ਦੇ ਹੁੰਦੇ ਹਨ ਅਤੇ ਬੱਚੇ ਕਿਸੇ ਹੋਰ ਨਵੇਂ ਸਭਿਆਚਾਰ ਵਿਚ ਪਲੇ ਹੁੰਦੇ ਹਨ।

ਘਰ ਦੇ ਮੁਖੀਏ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਦੀ ਪਾਲਣਾ ਕਿਹੜੇ ਤਰੀਕੇ ਨਾਲ ਕਰੇਗਾ ਅਤੇ ਉਸ ਨੂੰ ਦੂਸਰੇ ਪਰਿਵਾਰਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। (ਗਲਾਤੀਆਂ 6:4, 5) ਫਿਰ ਵੀ, ਜੇ ਮਾਪੇ ਤੇ ਬੱਚੇ ਬੈਠ ਕੇ ਆਪਸ ਵਿਚ ਚੰਗੀ ਤਰ੍ਹਾਂ ਗੱਲਾਂ-ਬਾਤਾਂ ਕਰਨ, ਤਾਂ ਮਾਪਿਆਂ ਲਈ ਨਵੇਂ ਦੇਸ਼ ਦੇ ਕੁਝ ਰੀਤੀ-ਰਿਵਾਜ ਅਪਣਾਉਣੇ ਸੌਖੇ ਹੋ ਜਾਣਗੇ।

ਪਰ ਅਮੀਰ ਦੇਸ਼ਾਂ ਦੇ ਕਈ ਰੀਤੀ-ਰਿਵਾਜ ਮਸੀਹੀਆਂ ਦੀ ਅਧਿਆਤਮਿਕ ਸਿਹਤ ਲਈ ਖ਼ਤਰਾ ਪੇਸ਼ ਕਰ ਸਕਦੇ ਹਨ। ਬੁਰਾ ਸੰਗੀਤ ਅਤੇ ਮਨੋਰੰਜਨ ਲੋਕਾਂ ਨੂੰ ਬਦਚਲਣ ਕੰਮ ਕਰਨ, ਲਾਲਚੀ ਬਣਨ ਅਤੇ ਬਗਾਵਤ ਕਰਨ ਲਈ ਉਕਸਾਉਂਦੇ ਹਨ। (ਰੋਮੀਆਂ 1:26-32) ਮਸੀਹੀ ਮਾਪੇ ਆਪਣੇ ਬੱਚਿਆਂ ਲਈ ਸੰਗੀਤ ਅਤੇ ਮਨੋਰੰਜਨ ਚੁਣਨ ਦੇ ਮਾਮਲੇ ਵਿਚ ਇਹ ਬਹਾਨਾ ਨਹੀਂ ਲਾ ਸਕਦੇ ਕਿ ਉਨ੍ਹਾਂ ਨੂੰ ਬੱਚਿਆਂ ਦੀ ਭਾਸ਼ਾ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਲਾਹ ਦੇਣੀ ਚਾਹੀਦੀ ਹੈ। ਪਰ ਇਹ ਸਲਾਹ ਦੇਣੀ ਸ਼ਾਇਦ ਮੁਸ਼ਕਲ ਲੱਗੇ।

ਕਾਰਮਨ ਨੇ ਕਿਹਾ: “ਕਈ ਵਾਰ ਅਸੀਂ ਉਨ੍ਹਾਂ ਗਾਣਿਆਂ ਦੇ ਅਰਥ ਨਹੀਂ ਸਮਝਦੇ ਜੋ ਸਾਡੇ ਬੱਚੇ ਸੁਣ ਰਹੇ ਹਨ। ਤਰਜ ਸ਼ਾਇਦ ਠੀਕ ਲੱਗੇ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸ਼ਬਦਾਂ ਦਾ ਅਰਥ ਸਹੀ ਹੈ ਜਾਂ ਗ਼ਲਤ।” ਉਨ੍ਹਾਂ ਨੇ ਇਸ ਬਾਰੇ ਕੀ ਕੀਤਾ? ਮਿਗੂਏਲ ਨੇ ਕਿਹਾ: “ਅਸੀਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਬੁਰਾ ਅਸਰ ਪਾਉਣ ਵਾਲੇ ਗਾਣਿਆਂ ਦੇ ਖ਼ਤਰਿਆਂ ਬਾਰੇ ਦੱਸਦੇ ਹਾਂ। ਅਸੀਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਅਜਿਹਾ ਸੰਗੀਤ ਸੁਣਨ ਜੋ ਯਹੋਵਾਹ ਨੂੰ ਪਸੰਦ ਹੈ।” ਜੀ ਹਾਂ, ਨਵਾਂ ਸਭਿਆਚਾਰ ਅਪਣਾਉਣ ਵਿਚ ਸਾਨੂੰ ਸਾਵਧਾਨੀ ਅਤੇ ਸਮਝ ਵਰਤਣ ਦੀ ਲੋੜ ਹੁੰਦੀ ਹੈ।—ਬਿਵਸਥਾ ਸਾਰ 11:18, 19.

ਖ਼ੁਸ਼ੀਆਂ

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਦੇਸ ਵਿਚ ਬੱਚੇ ਪਾਲਣ ਲਈ ਜ਼ਿਆਦਾ ਸਮਾਂ ਕੱਢਣ ਤੇ ਪੂਰਾ ਜਤਨ ਕਰਨ ਦੀ ਲੋੜ ਹੈ। ਪਰ ਇਸ ਤਰ੍ਹਾਂ ਕਰ ਕੇ ਦੋਨੋਂ ਮਾਪਿਆਂ ਅਤੇ ਬੱਚਿਆਂ ਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ।

ਅਜ਼ਾਮ ਤੇ ਉਸ ਦੀ ਪਤਨੀ ਸਾਰਾ ਤੁਰਕੀ ਤੋਂ ਜਰਮਨੀ ਨੂੰ ਗਏ ਜਿੱਥੇ ਉਨ੍ਹਾਂ ਨੇ ਆਪਣੇ ਤਿੰਨ ਬੱਚੇ ਪਾਲੇ। ਉਨ੍ਹਾਂ ਦਾ ਵੱਡਾ ਮੁੰਡਾ ਸੈਲਟਰਸ, ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਦਾ ਹੈ। ਅਜ਼ਾਮ ਨੇ ਕਿਹਾ: “ਬੱਚਿਆਂ ਨੂੰ ਦੋਹਾਂ ਸਭਿਆਚਾਰਾਂ ਦੇ ਗੁਣ ਅਤੇ ਖੂਬੀਆਂ ਅਪਣਾਉਣ ਨਾਲ ਵੱਡਾ ਲਾਭ ਹੁੰਦਾ ਹੈ।”

ਐਨਟੋਨਿਓ ਅਤੇ ਲੂਟੋਂਡਿਓ ਅੰਗੋਲਾ ਤੋਂ ਜਰਮਨੀ ਵਿਚ ਰਹਿਣ ਗਏ ਅਤੇ ਉਹ ਉੱਥੇ ਨੌਂ ਬੱਚੇ ਪਾਲ ਰਹੇ ਹਨ। ਇਹ ਪਰਿਵਾਰ ਲਿੰਗਾਲਾ, ਫਰਾਂਸੀਸੀ ਤੇ ਜਰਮਨ ਭਾਸ਼ਾਵਾਂ ਬੋਲਦਾ ਹੈ। ਐਨਟੋਨਿਓ ਨੇ ਕਿਹਾ: “ਕਿਉਂਕਿ ਸਾਡਾ ਪਰਿਵਾਰ ਜ਼ਿਆਦਾ ਬੋਲੀਆਂ ਜਾਣਦਾ ਹੈ, ਇਸ ਕਰਕੇ ਅਸੀਂ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਪ੍ਰਚਾਰ ਕਰ ਸਕਦੇ ਹਾਂ। ਇਸ ਤੋਂ ਸਾਨੂੰ ਬੜੀ ਖ਼ੁਸ਼ੀ ਮਿਲਦੀ ਹੈ।”

ਇੰਗਲੈਂਡ ਨੂੰ ਗਏ ਦੋ ਜਪਾਨੀ ਬੱਚੇ ਮਹਿਸੂਸ ਕਰਦੇ ਹਨ ਕਿ ਜਪਾਨੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਜਾਣਨ ਨਾਲ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ। ਉਨ੍ਹਾਂ ਨੇ ਕਿਹਾ: “ਦੋ ਭਾਸ਼ਾਵਾਂ ਬੋਲਣ ਕਰਕੇ ਸਾਨੂੰ ਚੰਗੀਆਂ ਨੌਕਰੀਆਂ ਮਿਲੀਆਂ ਹਨ। ਅੰਗ੍ਰੇਜ਼ੀ ਭਾਸ਼ਾ ਵਿਚ ਵੱਡੇ ਸੰਮੇਲਨਾਂ ਤੇ ਹਾਜ਼ਰ ਹੋਣ ਨਾਲ ਸਾਨੂੰ ਕਾਫ਼ੀ ਲਾਭ ਹੋਇਆ ਹੈ। ਇਸ ਦੇ ਨਾਲ-ਨਾਲ ਅਸੀਂ ਜਪਾਨੀ ਕਲੀਸਿਯਾ ਵਿਚ ਵੀ ਸੇਵਾ ਕਰਦੇ ਹਾਂ ਜਿੱਥੇ ਪ੍ਰਚਾਰਕਾਂ ਦੀ ਕਾਫ਼ੀ ਲੋੜ ਹੈ।”

ਤੁਸੀਂ ਸਫ਼ਲ ਹੋ ਸਕਦੇ ਹੋ

ਵੱਖਰੀਆਂ ਕਦਰਾਂ-ਕੀਮਤਾਂ ਵਾਲੇ ਦੇਸ਼ਾਂ ਵਿਚ ਆਪਣੇ ਬੱਚਿਆਂ ਦੀ ਪਾਲਣਾ ਕਰਨੀ ਇਕ ਅਜਿਹੀ ਮੁਸ਼ਕਲ ਹੈ ਜਿਸ ਦਾ ਪਰਮੇਸ਼ੁਰ ਦੇ ਸੇਵਕ ਸਦੀਆਂ ਤੋਂ ਸਾਮ੍ਹਣਾ ਕਰਦੇ ਆਏ ਹਨ। ਹਾਲਾਂਕਿ ਮੂਸਾ ਦੀ ਪਾਲਣਾ ਮਿਸਰ ਵਿਚ ਹੋਈ ਸੀ ਫਿਰ ਵੀ ਉਸ ਦੇ ਮਾਪੇ ਪਰਮੇਸ਼ੁਰ ਦੀਆਂ ਗੱਲਾਂ ਸਿਖਾਉਣ ਵਿਚ ਸਫ਼ਲ ਹੋਏ। (ਕੂਚ 2:9, 10) ਬਾਬਲ ਵਿਚ ਗ਼ੁਲਾਮ ਬਹੁਤ ਸਾਰੇ ਯਹੂਦੀ ਮਾਪਿਆਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਸੀ। ਵੱਡੇ ਹੋ ਕੇ ਇਹੀ ਬੱਚੇ ਯਰੂਸ਼ਲਮ ਨੂੰ ਵਾਪਸ ਗਏ ਜਿੱਥੇ ਉਨ੍ਹਾਂ ਨੇ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ।—ਅਜ਼ਰਾ 2:1, 2, 64-70.

ਉਨ੍ਹਾਂ ਵਾਂਗ ਅੱਜ ਮਸੀਹੀ ਮਾਪੇ ਵੀ ਸਫ਼ਲ ਹੋ ਸਕਦੇ ਹਨ। ਉਹ ਵੀ ਅਜਿਹੇ ਮਾਪਿਆਂ ਵਾਂਗ ਖ਼ੁਸ਼ ਹੋ ਸਕਦੇ ਹਨ ਜਿਨ੍ਹਾਂ ਦੇ ਬੱਚਿਆਂ ਨੇ ਕਿਹਾ: “ਸਾਡੇ ਪਰਿਵਾਰ ਵਿਚ ਬਹੁਤ ਪਿਆਰ ਹੈ। ਇਹ ਸਾਡੇ ਮਾਤਾ-ਪਿਤਾ ਕਰਕੇ ਹੀ ਹੈ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਾਨੂੰ ਪਾਲਿਆ ਹੈ। ਅਸੀਂ ਹਮੇਸ਼ਾ ਆਪਸ ਵਿਚ ਗੱਲਾਂ-ਬਾਤਾਂ ਕਰ ਸਕੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਦਿਲਾਂ ਦੀਆਂ ਗੱਲਾਂ ਦੱਸ ਸਕੇ ਹਾਂ। ਅਸੀਂ ਦੁਨੀਆਂ ਭਰ ਵਿਚ ਯਹੋਵਾਹ ਦੀ ਸੇਵਾ ਕਰ ਰਹੇ ਪਰਿਵਾਰ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਾਂ।”

[ਫੁਟਨੋਟ]

^ ਪੈਰਾ 7 ਕੁਝ ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 24 ਉੱਤੇ ਤਸਵੀਰ]

ਘਰ ਵਿਚ ਸਿਰਫ਼ ਆਪਣੀ ਮਾਂ ਬੋਲੀ ਵਰਤ ਕੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਭਾਸ਼ਾ ਸਿਖਾ ਸਕਦੇ ਹੋ

[ਸਫ਼ੇ 24 ਉੱਤੇ ਤਸਵੀਰ]

ਆਪਣੀ ਭਾਸ਼ਾ ਵਿਚ ਬੋਲ ਕੇ ਬੱਚੇ ਆਪਣੇ ਦਾਦੀ-ਦਾਦੇ ਤੇ ਨਾਨੀ-ਨਾਨੇ ਨਾਲ ਪਿਆਰ ਵਧਾ ਸਕਦੇ ਹਨ

[ਸਫ਼ੇ 25 ਉੱਤੇ ਤਸਵੀਰ]

ਆਪਣੇ ਬੱਚਿਆਂ ਨਾਲ ਬਾਈਬਲ ਦਾ ਅਧਿਐਨ ਕਰ ਕੇ ਤੁਸੀਂ ਉਨ੍ਹਾਂ ਦੀ ‘ਆਤਮਕ ਸਮਝ’ ਵਧਾ ਸਕਦੇ ਹੋ