Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜਦੋਂ ਅਸੀਂ ਕਿਸੇ ਦੂਸਰੇ ਧਾਰਮਿਕ ਸਮੂਹ ਤੋਂ ਇਮਾਰਤ ਖ਼ਰੀਦ ਕੇ ਉਸ ਨੂੰ ਕਿੰਗਡਮ ਹਾਲ ਵਿਚ ਬਦਲਦੇ ਹਾਂ, ਤਾਂ ਕੀ ਅਸੀਂ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਰਹੇ ਹੁੰਦੇ ਹਾਂ?

ਆਮ ਕਰਕੇ ਯਹੋਵਾਹ ਦੇ ਗਵਾਹ ਦੂਸਰੇ ਧਾਰਮਿਕ ਸਮੂਹਾਂ ਨਾਲ ਇੱਦਾਂ ਦਾ ਕਾਰੋਬਾਰ ਕਰਨ ਤੋਂ ਦੂਰ ਹੀ ਰਹਿੰਦੇ ਹਨ। ਫਿਰ ਵੀ, ਅਜਿਹੀ ਧਾਰਮਿਕ ਇਮਾਰਤ ਖ਼ਰੀਦਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਰਹੇ ਹਾਂ। ਇਹ ਸਿਰਫ਼ ਇਕ ਵਾਰ ਕੀਤੀ ਗਈ ਖ਼ਰੀਦਦਾਰੀ ਹੁੰਦੀ ਹੈ। ਯਹੋਵਾਹ ਦੇ ਗਵਾਹਾਂ ਦੀ ਸਥਾਨਕ ਕਲੀਸਿਯਾ ਦੂਸਰੇ ਧਾਰਮਿਕ ਸਮੂਹਾਂ ਨਾਲ ਮਿਲ ਕੇ ਅਜਿਹੀ ਜਗ੍ਹਾ ਨਹੀਂ ਬਣਾਉਂਦੀ ਜਿੱਥੇ ਉਹ ਸਾਰੇ ਇਕੱਠੇ ਭਗਤੀ ਕਰਨਗੇ।

ਯਹੋਵਾਹ ਦੀਆਂ ਨਜ਼ਰਾਂ ਵਿਚ ਅਸੀਂ ਕਿਹੜੇ ਕੰਮਾਂ ਦੁਆਰਾ ਦੂਜਿਆਂ ਦੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਰਹੇ ਹੋਵਾਂਗੇ? ਪੌਲੁਸ ਰਸੂਲ ਦੀ ਸਲਾਹ ਵੱਲ ਧਿਆਨ ਦਿਓ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ? ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮਿਲਾਪ ਹੈ ਅਥਵਾ ਪਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ? ਅਤੇ ਪਰਮੇਸ਼ੁਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? . . . ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” (2 ਕੁਰਿੰਥੀਆਂ 6:14-17) ਇੱਥੇ ਪੌਲੁਸ ਦੁਆਰਾ “ਸਾਂਝ” ਅਤੇ “ਮੇਲ” ਕਹਿਣ ਦਾ ਕੀ ਮਤਲਬ ਸੀ?

ਇੱਥੇ ਪੌਲੁਸ ਮੂਰਤੀ-ਪੂਜਕ ਤੇ ਬੇਪਰਤੀਤੇ ਲੋਕਾਂ ਨਾਲ ਭਗਤੀ ਅਤੇ ਰੂਹਾਨੀ ਕੰਮਾਂ-ਕਾਰਾਂ ਵਿਚ ਹਿੱਸਾ ਲੈਣ ਜਾਂ ਸਾਂਝ ਪਾਉਣ ਬਾਰੇ ਗੱਲ ਕਰ ਰਿਹਾ ਸੀ। ਉਸ ਨੇ ਕੁਰਿੰਥ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ‘ਭੂਤਾਂ ਦੀ ਮੇਜ਼ ਦੇ ਸਾਂਝੀ ਨਹੀਂ ਹੋ ਸਕਦੇ’ ਸਨ। (1 ਕੁਰਿੰਥੀਆਂ 10:20, 21) ਇਸ ਲਈ ਦੂਜਿਆਂ ਦੇ ਵਿਸ਼ਵਾਸਾਂ ਨਾਲ ਸਮਝੌਤਾ ਕਰਨ ਦਾ ਮਤਲਬ ਇਹ ਹੋਵੇਗਾ ਕਿ ਅਸੀਂ ਹੋਰਨਾਂ ਧਾਰਮਿਕ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਭਗਤੀ ਜਾਂ ਉਨ੍ਹਾਂ ਦੇ ਅਧਿਆਤਮਿਕ ਕੰਮਾਂ ਵਿਚ ਹਿੱਸਾ ਲੈ ਕੇ ਉਨ੍ਹਾਂ ਦੇ ਸਾਂਝੀ ਹੋ ਰਹੇ ਹਾਂ। (ਕੂਚ 20:5; 23:13; 34:12) ਕਿਸੇ ਹੋਰ ਧਾਰਮਿਕ ਸੰਸਥਾ ਕੋਲੋਂ ਖ਼ਰੀਦੀ ਇਮਾਰਤ ਸਿਰਫ਼ ਇਕ ਸਾਧਾਰਣ ਥਾਂ ਹੀ ਹੁੰਦੀ ਹੈ ਜਿਸ ਨੂੰ ਇਕ ਕਿੰਗਡਮ ਹਾਲ ਵਿਚ ਬਦਲਿਆ ਜਾਂਦਾ ਹੈ। ਇਸ ਨੂੰ ਕਿੰਗਡਮ ਹਾਲ ਵਜੋਂ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਵਿੱਚੋਂ ਝੂਠੀ ਪੂਜਾ ਨਾਲ ਸੰਬੰਧਿਤ ਹਰ ਚੀਜ਼ ਕੱਢੀ ਜਾਂਦੀ ਹੈ। ਇਸ ਤੋਂ ਬਾਅਦ ਇਹ ਇਮਾਰਤ ਸਿਰਫ਼ ਯਹੋਵਾਹ ਦੀ ਭਗਤੀ ਕਰਨ ਲਈ ਵਰਤੀ ਜਾਂਦੀ ਹੈ। ਇਸ ਤਰ੍ਹਾਂ ਝੂਠੀ ਅਤੇ ਸੱਚੀ ਭਗਤੀ ਦਾ ਕੋਈ ਮੇਲ ਜਾਂ ਸਾਂਝ ਨਹੀਂ ਹੋਵੇਗੀ।

ਦੂਜੇ ਧਾਰਮਿਕ ਸਮੂਹਾਂ ਕੋਲੋਂ ਇਮਾਰਤ ਖ਼ਰੀਦਣ ਦੇ ਕਾਰੋਬਾਰ ਤੋਂ ਇਲਾਵਾ ਸਾਨੂੰ ਉਨ੍ਹਾਂ ਨਾਲ ਹੋਰ ਕੋਈ ਸੰਬੰਧ ਨਹੀਂ ਰੱਖਣਾ ਚਾਹੀਦਾ। ਮਸੀਹੀ ਕਲੀਸਿਯਾ ਦੇ ਮੈਂਬਰਾਂ ਨੂੰ ਪੌਲੁਸ ਦੀ ਚੇਤਾਵਨੀ ਮਨ ਵਿਚ ਰੱਖਣੀ ਚਾਹੀਦੀ ਹੈ ਕਿ ‘ਉਹ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤਣ।’ ਭਾਵੇਂ ਕਿ ਅਸੀਂ ਹੋਰਨਾਂ ਧਰਮਾਂ ਦੇ ਲੋਕਾਂ ਨਾਲੋਂ ਆਪਣੇ ਆਪ ਨੂੰ ਉੱਚਾ ਨਹੀਂ ਸਮਝਦੇ, ਪਰ ਅਸੀਂ ਉਨ੍ਹਾਂ ਨਾਲ ਜ਼ਿਆਦਾ ਮਿਲਦੇ-ਵਰਤਦੇ ਨਹੀਂ ਜਾਂ ਉਨ੍ਹਾਂ ਦੀ ਭਗਤੀ ਵਿਚ ਹਿੱਸਾ ਨਹੀਂ ਲੈਂਦੇ। *

ਕੀ ਕਲੀਸਿਯਾ ਕਿਸੇ ਧਾਰਮਿਕ ਸੰਸਥਾ ਦੀ ਇਮਾਰਤ ਨੂੰ ਕਿਰਾਏ ਤੇ ਲੈ ਸਕਦੀ ਹੈ? ਕਿਰਾਇਆ ਦੇਣ ਲਈ ਸਾਨੂੰ ਉਨ੍ਹਾਂ ਨਾਲ ਵਾਰ-ਵਾਰ ਮਿਲਣਾ-ਵਰਤਣਾ ਪਵੇਗਾ, ਪਰ ਅਸੀਂ ਇਸ ਤੋਂ ਬਚਣਾ ਚਾਹੁੰਦੇ ਹਾਂ। ਕਿਸੇ ਖ਼ਾਸ ਮੌਕੇ ਤੇ ਇਮਾਰਤ ਨੂੰ ਕਿਰਾਏ ਤੇ ਲੈਣ ਲੱਗਿਆਂ ਬਜ਼ੁਰਗਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ: ਕੀ ਇਮਾਰਤ ਦੇ ਅੰਦਰ ਜਾਂ ਬਾਹਰ ਕੋਈ ਮੂਰਤੀਆਂ ਜਾਂ ਹੋਰ ਧਾਰਮਿਕ ਚੀਜ਼ਾਂ ਤਾਂ ਨਹੀਂ? ਅਜਿਹੀ ਇਮਾਰਤ ਵਰਤਣ ਦੇ ਬਾਰੇ ਸਮਾਜ ਦੇ ਲੋਕ ਕੀ ਸੋਚਣਗੇ? ਕੀ ਇਸ ਇਮਾਰਤ ਨੂੰ ਇਸਤੇਮਾਲ ਕਰਨ ਨਾਲ ਕਲੀਸਿਯਾ ਦੇ ਕਿਸੇ ਭੈਣ-ਭਰਾ ਨੂੰ ਠੋਕਰ ਤਾਂ ਨਹੀਂ ਲੱਗੇਗੀ? (ਮੱਤੀ 18:6; 1 ਕੁਰਿੰਥੀਆਂ 8:7-13) ਬਜ਼ੁਰਗਾਂ ਨੂੰ ਇਨ੍ਹਾਂ ਗੱਲਾਂ ਬਾਰੇ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਇਮਾਰਤ ਖ਼ਰੀਦ ਕੇ ਉਸ ਨੂੰ ਕਿੰਗਡਮ ਹਾਲ ਬਣਾਉਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਬਜ਼ੁਰਗਾਂ ਨੂੰ ਆਪਣੀ ਜ਼ਮੀਰ ਤੇ ਕਲੀਸਿਯਾ ਦੀ ਜ਼ਮੀਰ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

[ਫੁਟਨੋਟ]

^ ਪੈਰਾ 6 ਯਹੋਵਾਹ ਦੀਆਂ ਨਜ਼ਰਾਂ ਵਿਚ ਅਪਰਵਾਨ ਸੰਸਥਾਵਾਂ ਨਾਲ ਕਾਰੋਬਾਰ ਕਰਨ ਬਾਰੇ ਹੋਰ ਜਾਣਕਾਰੀ ਲਈ 15 ਅਪ੍ਰੈਲ 1999 ਦਾ ਪਹਿਰਾਬੁਰਜ, ਸਫ਼ੇ 28 ਅਤੇ 29 ਦੇਖੋ।

[ਸਫ਼ੇ 27 ਉੱਤੇ ਤਸਵੀਰ]

ਇਹ ਇਮਾਰਤ ਇਕ ਯਹੂਦੀ ਸਭਾ-ਘਰ ਹੁੰਦੀ ਸੀ, ਪਰ ਇਸ ਨੂੰ ਖ਼ਰੀਦ ਕੇ ਕਿੰਗਡਮ ਹਾਲ ਬਣਾਇਆ ਗਿਆ