ਬਾਲਕਨ ਦੇਸ਼ਾਂ ਵਿਚ ਖ਼ੁਸ਼ੀ ਮਨਾਉਣ ਦਾ ਸਮਾਂ
ਬਾਲਕਨ ਦੇਸ਼ਾਂ ਵਿਚ ਖ਼ੁਸ਼ੀ ਮਨਾਉਣ ਦਾ ਸਮਾਂ
ਸੰਨ 1922 ਸੀ। ਉਸ ਸਮੇਂ ਯਹੋਵਾਹ ਦੇ ਗਵਾਹਾਂ ਨੂੰ ਅਰਨਸਟ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਉਨ੍ਹਾਂ ਦੀ ਇਕ ਸਭਾ ਇਨਸਬ੍ਰਕ, ਆਸਟ੍ਰੀਆ ਵਿਚ ਚੱਲ ਰਹੀ ਸੀ। ਉਸ ਸਭਾ ਵਿਚ ਫ਼੍ਰਾਂਜ਼ ਬ੍ਰਾਂਟ ਨਾਂ ਦਾ ਨੌਜਵਾਨ ਵੀ ਹਾਜ਼ਰ ਹੋਇਆ ਸੀ ਜੋ ਸਰਬੀਆ ਵਿਚ ਆਪਾਟਿਨ ਨਾਂ ਦੇ ਨਗਰ ਤੋਂ ਆਇਆ ਸੀ। ਜਿਸ ਵਕਤ ਭਾਸ਼ਣਕਾਰ ਨੇ ਪਰਮੇਸ਼ੁਰ ਦੇ ਨਾਂ ਯਹੋਵਾਹ ਦਾ ਜ਼ਿਕਰ ਕੀਤਾ, ਭੀੜ ਰੌਲਾ ਪਾਉਣ ਲੱਗ ਪਈ ਜਿਸ ਕਰਕੇ ਭਾਸ਼ਣਕਾਰ ਅੱਗੇ ਕੁਝ ਨਹੀਂ ਕਹਿ ਸਕਿਆ ਤੇ ਸਭਾ ਖ਼ਤਮ ਹੋ ਗਈ। ਫਿਰ ਵੀ, ਜੋ ਗੱਲਾਂ ਫ਼੍ਰਾਂਜ਼ ਨੇ ਸੁਣੀਆਂ ਸਨ ਉਨ੍ਹਾਂ ਨੇ ਉਸ ਉੱਤੇ ਵੱਡਾ ਅਸਰ ਪਾਇਆ ਅਤੇ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗ ਪਿਆ। ਇਸ ਤਰ੍ਹਾਂ ਬਾਲਕਨ ਦੇ ਇਕ ਦੇਸ਼ ਵਿਚ ਰੂਹਾਨੀ ਵਾਧੇ ਦੀ ਇਕ ਛੋਟੀ ਜਿਹੀ ਸ਼ੁਰੂਆਤ ਹੋਈ।
ਅੱਜ ਜਦੋਂ ਲੋਕ ਯੂਗੋਸਲਾਵੀਆ ਦਾ ਨਾਂ ਸੁਣਦੇ ਹਨ, ਤਾਂ ਉਨ੍ਹਾਂ ਦੇ ਮਨਾਂ ਵਿਚ ਲੜਾਈ ਅਤੇ ਖ਼ੂਨ-ਖ਼ਰਾਬੇ ਦੀ ਤਸਵੀਰ ਆਉਂਦੀ ਹੈ। ਉਹ ਤਬਾਹੀ, ਢਹਿ-ਢੇਰੀ ਹੋਏ ਘਰ ਅਤੇ ਦੁਖੀ ਰਫਿਊਜੀਆਂ ਤੇ ਅਨਾਥਾਂ ਦੀ ਕਲਪਨਾ ਕਰਦੇ ਹਨ। ਸੰਨ 1991 ਤੋਂ ਲੈ ਕੇ 1995 ਤਕ ਬਾਲਕਨ ਦੇ ਪ੍ਰਾਇਦੀਪ ਵਿਚ ਲੜਾਈ ਕਾਰਨ ਲੋਕਾਂ ਉੱਤੇ ਆਏ ਕਸ਼ਟਾਂ ਤੇ ਦੁੱਖਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲੜਾਈ ਕਾਰਨ ਦੇਸ਼ ਬਰਬਾਦ ਹੋ ਗਿਆ ਅਤੇ ਸੁਖੀ-ਜੀਵਨ ਜੀਉਣ ਦੀਆਂ ਲੋਕਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ। ਸਾਬਕਾ ਯੂਗੋਸਲਾਵੀਆ ਦੇ ਲੋਕ ਹੁਣ ਦੇਸ਼ ਦੀ ਡਾਵਾਂ-ਡੋਲ ਹੁੰਦੀ ਆਰਥਿਕ ਸਥਿਤੀ ਕਾਰਨ ਗ਼ਰੀਬੀ ਦਾ ਸਾਮ੍ਹਣਾ ਕਰ ਰਹੇ ਹਨ। *
ਇੰਨੀਆਂ ਦੁੱਖ-ਤਕਲੀਫ਼ਾਂ ਹੋਣ ਕਰਕੇ ਕੋਈ ਸ਼ਾਇਦ ਸੋਚੇ ਕਿ ਇਸ ਦੇਸ਼ ਵਿਚ ਕੋਈ ਵੀ ਇਨਸਾਨ ਖ਼ੁਸ਼ ਨਹੀਂ ਹੋ ਸਕਦਾ। ਭਾਵੇਂ ਤੁਹਾਨੂੰ ਇਹ ਹੈਰਾਨੀ ਦੀ ਗੱਲ ਲੱਗੇ, ਪਰ ਇੱਥੇ ਲੋਕ ਖ਼ੁਸ਼ ਹਨ। ਦਰਅਸਲ ਉਨ੍ਹਾਂ ਨੇ 20ਵੀਂ ਸਦੀ ਦੇ ਅੰਤ ਤੇ ਖ਼ੁਸ਼ੀ ਦਾ ਇਕ ਖ਼ਾਸ ਦਿਨ ਮਨਾਇਆ ਸੀ। ਪਹਿਲਾਂ ਜ਼ਿਕਰ ਕੀਤੇ ਗਏ ਨੌਜਵਾਨ ਫ਼੍ਰਾਂਜ਼ ਬ੍ਰਾਂਟ ਦਾ ਇਸ ਨਾਲ ਕੀ ਸੰਬੰਧ ਸੀ?
ਬਾਲਕਨ ਦੇਸ਼ਾਂ ਵਿਚ ਰੂਹਾਨੀ ਵਾਧਾ
ਫ਼੍ਰਾਂਜ਼ ਬ੍ਰਾਂਟ ਨਵੀਆਂ ਸੱਚਾਈਆਂ ਸੁਣ ਕੇ ਬਹੁਤ ਖ਼ੁਸ਼ ਹੋਇਆ ਸੀ ਅਤੇ ਉਸ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਆਸਟ੍ਰੀਆ ਦੀ ਸਰਹੱਦ ਨੇੜੇ ਸਲੋਵੀਨੀਆ ਦੇ ਇਕ ਸ਼ਹਿਰ ਮਾਰਿਬੋਰ ਵਿਚ ਨਾਈ ਦੀ ਨੌਕਰੀ ਲੱਭੀ ਅਤੇ ਉਹ ਆਪਣੇ ਗਾਹਕਾਂ ਨੂੰ ਪ੍ਰਚਾਰ ਕਰਨ ਲੱਗਾ। ਉਸ ਦੇ ਗਾਹਕ ਚੁੱਪ-ਚਾਪ ਬੈਠ ਕੇ ਉਸ ਦੀ ਗੱਲ ਸੁਣਦੇ ਰਹਿੰਦੇ ਜਦ ਤਕ ਉਹ ਉਨ੍ਹਾਂ ਦੇ ਵਾਲ ਕੱਟਦਾ! ਪ੍ਰਚਾਰ ਕਰਨ ਦੇ ਉਸ ਦੇ ਇਨ੍ਹਾਂ ਜਤਨਾਂ ਕਰਕੇ 1920 ਦੇ ਦਹਾਕੇ ਦੇ ਅੰਤ ਵਿਚ ਮਾਰਿਬੋਰ ਵਿਚ ਰਾਜ ਦੇ ਪ੍ਰਚਾਰਕਾਂ ਦਾ ਛੋਟਾ ਜਿਹਾ ਸਮੂਹ ਸ਼ੁਰੂ ਹੋ ਗਿਆ। ਇਕ ਰੈਸਤੋਰਾਂ ਵਿਚ ਬਾਈਬਲ ਦੇ ਭਾਸ਼ਣ ਦਿੱਤੇ ਜਾਂਦੇ ਸਨ ਅਤੇ ਇਸ ਰੈਸਤੋਰਾਂ ਦਾ ਨਾਂ ਬਾਅਦ ਵਿਚ ਨਵਾਂ ਸੰਸਾਰ ਸਮੁੰਦਰੀ ਖਾਣਾ ਰੇਸਟੋਰਾਂ ਰੱਖਿਆ ਗਿਆ ਸੀ।
ਸਮਾਂ ਬੀਤਣ ਦੇ ਨਾਲ ਖ਼ੁਸ਼ ਖ਼ਬਰੀ ਦਾ ਸੰਦੇਸ਼ ਪੂਰੇ ਦੇਸ਼ ਵਿਚ ਸੁਣਾਇਆ ਗਿਆ। ਇਸ ਵਾਧੇ ਵਿਚ ਅੱਠ ਘੰਟੇ ਲੰਬੇ ‘ਸ੍ਰਿਸ਼ਟੀ ਦੇ ਫੋਟੋ-ਡਰਾਮੇ’ ਦਾ ਬਹੁਤ ਵੱਡਾ ਹੱਥ ਸੀ ਜਿਸ ਵਿਚ ਫ਼ਿਲਮ, ਸਲਾਈਡਜ਼ ਤੇ ਰਿਕਾਰਡ ਵਰਤੇ ਜਾਂਦੇ ਸਨ। ਫਿਰ 1930 ਦੇ ਦਹਾਕੇ ਵਿਚ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ। ਜਰਮਨੀ ਤੋਂ ਬਹੁਤ ਸਾਰੇ ਪਾਇਨੀਅਰ ਆਪਣੇ ਦੇਸ਼ ਤੋਂ ਭੱਜ ਕੇ ਯੂਗੋਸਲਾਵੀਆ ਨੂੰ ਆ ਗਏ ਜਿਸ ਕਾਰਨ ਉੱਥੇ ਦੇ ਗਵਾਹਾਂ ਦੀ ਗਿਣਤੀ ਵਿਚ ਵਾਧਾ ਹੋਇਆ। ਉਨ੍ਹਾਂ ਨੂੰ ਆਪਣੇ ਆਰਾਮ ਜਾਂ ਸੁੱਖ ਦਾ ਫ਼ਿਕਰ ਨਹੀਂ ਸੀ, ਸਗੋਂ ਉਨ੍ਹਾਂ ਨੇ ਇਸ ਪਹਾੜੀ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਪ੍ਰਚਾਰ ਕੀਤਾ। ਪਹਿਲਾਂ-ਪਹਿਲਾਂ ਇਸ ਤਰ੍ਹਾਂ ਲੱਗਦਾ ਸੀ ਕਿ ਬਹੁਤ ਘੱਟ ਲੋਕ ਉਨ੍ਹਾਂ ਦਾ ਸੰਦੇਸ਼ ਸੁਣ ਰਹੇ ਸਨ ਕਿਉਂਕਿ 1940 ਦੇ ਦਹਾਕੇ ਵਿਚ ਸਿਰਫ਼ 150 ਪ੍ਰਚਾਰਕ ਸਨ।
ਸਾਲ 1941 ਵਿਚ ਉਨ੍ਹਾਂ ਉੱਤੇ ਸਖ਼ਤ ਜ਼ੁਲਮ ਕੀਤੇ ਗਏ ਜੋ 1952 ਤਕ ਹੁੰਦੇ ਰਹੇ। ਕਿੰਨੀ ਖ਼ੁਸ਼ੀ ਦੀ ਗੱਲ ਸੀ ਜਦੋਂ 9 ਸਤੰਬਰ 1953 ਨੂੰ ਜਰਨੈਲ ਟੀਟੋ ਦੇ ਕਮਿਊਨਿਸਟ ਰਾਜ ਅਧੀਨ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੱਤੀ ਗਈ। ਉਸ ਸਾਲ ਖ਼ੁਸ਼ ਖ਼ਬਰੀ ਦੇ 914 ਪ੍ਰਚਾਰਕ ਸਨ ਅਤੇ ਹੌਲੀ-ਹੌਲੀ ਇਹ ਗਿਣਤੀ ਵਧਦੀ ਗਈ। ਸਾਲ 1991 ਤਾਈਂ, ਪ੍ਰਚਾਰਕਾਂ ਦੀ ਗਿਣਤੀ 7,420 ਤਕ ਵੱਧ ਚੁੱਕੀ ਸੀ ਅਤੇ ਉਸੇ ਸਾਲ 16,072 ਲੋਕ ਸਮਾਰਕ ਤੇ ਹਾਜ਼ਰ ਹੋਏ।
ਇਸ ਮੁਲਕ ਵਿਚ 16 ਤੋਂ 18 ਅਗਸਤ ਤਕ ਯਹੋਵਾਹ ਦੇ ਗਵਾਹਾਂ ਦਾ ਪਹਿਲਾ ਅੰਤਰਰਾਸ਼ਟਰੀ ਮਹਾਂ-ਸੰਮੇਲਨ ਜ਼ਾਗਰੇਬ, ਕ੍ਰੋਏਸ਼ੀਆ ਵਿਚ ਹੋਇਆ। ਉੱਥੇ ਦੇਸ਼-ਪਰਦੇਸ ਤੋਂ ਆਏ ਲੋਕਾਂ ਦੀ ਹਾਜ਼ਰੀ 14,684 ਸੀ। ਇਸ ਸੰਮੇਲਨ ਨੂੰ ਭੁਲਾਇਆ ਨਹੀਂ ਜਾ ਸਕਦਾ ਸੀ ਕਿਉਂਕਿ ਇਸ ਨੇ ਯਹੋਵਾਹ ਦੇ ਲੋਕਾਂ ਨੂੰ ਆਉਣ ਵਾਲੀਆਂ ਅਜ਼ਮਾਇਸ਼ਾਂ ਲਈ ਤਿਆਰ ਕੀਤਾ ਸੀ। ਕ੍ਰੋਏਸ਼ੀਆ ਅਤੇ ਸਰਬੀਆ ਵਿਚਕਾਰ ਫ਼ੌਜੀਆਂ ਦੀ ਚੌਕੀ ਕੋਲੋਂ ਲੰਘਣ ਵਾਲੀਆਂ ਆਖ਼ਰੀ ਬੱਸਾਂ ਉਹ ਸਨ ਜੋ ਸਰਬੀਆ ਤੋਂ ਭੈਣਾਂ-ਭਰਾਵਾਂ ਨੂੰ ਘਰ ਵਾਪਸ ਲਿਜਾ ਰਹੀਆਂ ਸਨ। ਆਖ਼ਰੀ ਬਸ ਲੰਘਣ ਤੋਂ ਬਾਅਦ ਸਰਹੱਦ ਬੰਦ ਕਰ ਦਿੱਤੀ ਗਈ ਅਤੇ ਲੜਾਈ ਸ਼ੁਰੂ ਹੋ ਗਈ।
ਯਹੋਵਾਹ ਦੇ ਲੋਕਾਂ ਕੋਲ ਖ਼ੁਸ਼ ਹੋਣ ਦੇ ਕਾਰਨ ਹਨ
ਬਾਲਕਨ ਦੇਸ਼ਾਂ ਵਿਚ ਲੜਾਈ ਦੌਰਾਨ ਯਹੋਵਾਹ ਦੇ ਗਵਾਹਾਂ ਲਈ ਔਖੇ ਸਮੇਂ ਸਨ। ਫਿਰ ਵੀ ਉਨ੍ਹਾਂ ਕੋਲ ਖ਼ੁਸ਼ ਹੋਣ ਦੇ ਕਾਰਨ ਸਨ ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤਾਂ ਦਿੱਤੀਆਂ ਸਨ ਅਤੇ ਉੱਥੇ ਬਹੁਤ ਵਾਧਾ ਹੋਇਆ ਸੀ। ਸਾਲ 1991 ਤੋਂ ਲੈ ਕੇ ਹੁਣ ਤਕ ਸਾਬਕਾ ਯੂਗੋਸਲਾਵੀਆ ਦੇ ਇਲਾਕੇ ਵਿਚ ਰਾਜ ਪ੍ਰਚਾਰਕਾਂ ਦੀ ਗਿਣਤੀ ਵਿਚ ਲਗਭਗ 80 ਫੀ ਸਦੀ ਵਾਧਾ ਹੋਇਆ ਹੈ। ਸਾਲ 2001 ਵਿਚ 13,472 ਭੈਣ-ਭਰਾ ਪ੍ਰਚਾਰ ਕਰ ਰਹੇ ਸਨ।
ਜ਼ਾਗਰੇਬ ਅਤੇ ਬੇਲਗ੍ਰਾਡ (ਸਰਬੀਆ) ਦੇ ਦਫ਼ਤਰ ਸਾਰੇ ਸਾਬਕਾ ਯੂਗੋਸਲਾਵੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਦੇਖ-ਭਾਲ ਕਰਦੇ ਸਨ। ਪਰ ਵਾਧੇ ਅਤੇ ਰਾਜਨੀਤੀ ਵਿਚ ਤਬਦੀਲੀਆਂ ਕਾਰਨ ਇਹ ਜ਼ਰੂਰੀ ਸੀ ਕਿ ਬੇਲਗ੍ਰਾਡ ਅਤੇ ਜ਼ਾਗਰੇਬ ਤੋਂ ਇਲਾਵਾ ਲੁਬਲਿਆਨਾ (ਸਲੋਵੀਨੀਆ) ਅਤੇ ਸਕੌਪੀਏ (ਮਕਦੂਨਿਯਾ) ਵਿਚ ਨਵੇਂ ਸ਼ਾਖ਼ਾ ਦਫ਼ਤਰ ਖੋਲ੍ਹੇ ਜਾਣ। ਲਗਭਗ 140 ਮੈਂਬਰ ਇਨ੍ਹਾਂ ਦਫ਼ਤਰਾਂ ਵਿਚ ਸੇਵਾ ਕਰ ਰਹੇ ਹਨ। ਉਨ੍ਹਾਂ ਮੈਂਬਰਾਂ ਵਿਚ ਜ਼ਿਆਦਾਤਰ ਨੌਜਵਾਨ ਹਨ ਜੋ ਯਹੋਵਾਹ ਨਾਲ ਪਿਆਰ ਕਰਦੇ ਅਤੇ ਉਸ ਦੀ ਜੋਸ਼ ਨਾਲ ਸੇਵਾ ਕਰਦੇ ਹਨ। ਬਹੁਤ ਸਾਰੇ ਨੌਜਵਾਨ ਕ੍ਰੋਏਸ਼ੀਆਈ, ਮਕਦੂਨੀ, ਸਰਬੀਆਈ ਅਤੇ ਸਲੋਵੀਨੀ ਭਾਸ਼ਾਵਾਂ ਵਿਚ ਬਾਈਬਲ ਤੇ ਆਧਾਰਿਤ ਪ੍ਰਕਾਸ਼ਨਾਂ ਦਾ ਤਰਜਮਾ ਕਰਦੇ ਹਨ। ਇਹ ਕਿੰਨੀ ਵੱਡੀ ਬਰਕਤ ਹੈ ਕਿ ਇਨ੍ਹਾਂ ਭਾਸ਼ਾਵਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਜ਼ਿਆਦਾਤਰ ਰਸਾਲੇ ਅਤੇ ਹੋਰ ਪ੍ਰਕਾਸ਼ਨਾਂ ਦੀ ਛਪਾਈ ਉਸੇ ਸਮੇਂ ਤੇ ਹੁੰਦੀ ਹੈ ਜਦੋਂ ਅੰਗ੍ਰੇਜ਼ੀ ਪ੍ਰਕਾਸ਼ਨਾਂ ਦੀ ਹੁੰਦੀ ਹੈ! ਇਹ ਪ੍ਰਕਾਸ਼ਨ ਲੋਕਾਂ ਨੂੰ ਦਿਲਾਸਾ ਅਤੇ ਉਮੀਦ ਦਿੰਦੇ ਹਨ।
ਖ਼ੁਸ਼ੀ ਦਾ ਇਕ ਹੋਰ ਕਾਰਨ ਇਹ ਹੈ ਕਿ ਹੋਰ ਮੁਲਕਾਂ ਤੋਂ ਆ ਕੇ ਕਈ ਭੈਣ-ਭਰਾ ਬਿਨਾਂ ਕਿਸੇ ਸੁਆਰਥ ਦੇ ਆਪਣਾ ਪੂਰਾ
ਸਮਾਂ ਯਹੋਵਾਹ ਦੀ ਸੇਵਾ ਵਿਚ ਲਾਉਂਦੇ ਹਨ। ਹਾਲ ਹੀ ਦੇ ਸਮੇਂ ਵਿਚ ਕਾਫ਼ੀ ਕਿੰਗਡਮ ਹਾਲ ਬਣਾਏ ਗਏ ਹਨ ਜਿਸ ਕਾਰਨ ਕਲੀਸਿਯਾਵਾਂ ਬਹੁਤ ਖ਼ੁਸ਼ੀ ਮਨਾ ਰਹੀਆਂ ਹਨ। ਪਰ ਖ਼ੁਸ਼ੀ ਮਨਾਉਣ ਦੇ ਹੋਰ ਵੀ ਕਾਰਨ ਹਨ। ਉਹ ਕਿਹੜੇ ਹਨ?ਇਕ ਅਨਮੋਲ ਕੰਮ
ਕਈਆਂ ਪ੍ਰਕਾਸ਼ਕਾਂ ਨੇ ਅਕਸਰ ਇਸ ਬਾਰੇ ਸੋਚਿਆ ਕਿ ‘ਕੀ ਸਾਨੂੰ ਆਪਣੀ ਭਾਸ਼ਾ ਵਿਚ ਵੀ ਕਦੀ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਮਿਲੇਗੀ?’ ਹਰ ਸਾਲ ਉਹ ਆਸ ਰੱਖਦੇ ਸਨ ਕਿ ਜ਼ਿਲ੍ਹਾ ਸੰਮੇਲਨ ਤੇ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਜਾਵੇਗੀ। ਪਰ ਇਨ੍ਹਾਂ ਭਾਸ਼ਾਵਾਂ ਵਿਚ ਤਰਜਮਾ ਕਰਨ ਵਾਲੇ ਥੋੜ੍ਹੇ ਜਿਹੇ ਭੈਣ-ਭਰਾ ਨਵੇਂ-ਨਵੇਂ ਹੋਣ ਕਰਕੇ ਅਜਿਹਾ ਵੱਡਾ ਕੰਮ ਕਿੱਦਾਂ ਕਰ ਸਕਦੇ ਸਨ?
ਪ੍ਰਬੰਧਕ ਸਭਾ ਨੇ ਸੋਚ-ਵਿਚਾਰ ਕਰਨ ਤੋਂ ਬਾਅਦ ਮਨਜ਼ੂਰੀ ਦਿੱਤੀ ਕਿ ਕ੍ਰੋਏਸ਼ੀਆਈ, ਮਕਦੂਨੀ ਅਤੇ ਸਰਬੀਆਈ ਤਰਜਮਾ ਕਰਨ ਵਾਲੇ ਭੈਣ-ਭਰਾ ਇਕੱਠੇ ਮਿਲ ਕੇ ਇਸ ਕੰਮ ਵਿਚ ਇਕ-ਦੂਜੇ ਦੀ ਮਦਦ ਕਰਨ। ਕ੍ਰੋਏਸ਼ੀਆਈ ਟੀਮ ਨੇ ਇਸ ਵਿਚ ਅਗਵਾਈ ਲਈ।
ਵੱਡੀ ਖ਼ੁਸ਼ੀ ਦਾ ਦਿਨ
ਬਾਲਕਨ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ 23 ਜੁਲਾਈ 1999 ਦਾ ਦਿਨ ਕਦੀ ਨਹੀਂ ਭੁੱਲਣਗੇ। ਉਸ ਸਾਲ “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਸੰਮੇਲਨਾਂ ਦੇ ਪ੍ਰਬੰਧ ਬੇਲਗ੍ਰਾਡ, ਸਾਰਾਯੇਵੋ (ਬੋਸਨੀਆ-ਹਰਜ਼ੇਗੋਵੀਨਾ), ਸਕੌਪੀਏ ਅਤੇ ਜ਼ਾਗਰੇਬ ਵਿਚ ਕੀਤੇ ਗਏ ਸਨ। ਕੁਝ ਸਮੇਂ ਲਈ ਇਹ ਨਹੀਂ ਪਤਾ ਸੀ ਕਿ ਬੇਲਗ੍ਰਾਡ ਵਿਚ ਇਹ ਸੰਮੇਲਨ ਹੋਵੇਗਾ ਕਿ ਨਹੀਂ ਕਿਉਂਕਿ ਨਾਟੋ ਬੰਬਾਰੀ ਕਰ ਰਹੇ ਸਨ ਜਿਸ ਕਾਰਨ ਕੋਈ ਵੀ ਜਨਤਕ ਸਭਾ ਨਹੀਂ ਹੋ ਸਕਦੀ ਸੀ। ਕਈ ਮਹੀਨੇ ਦੁਬਿਧਾ ਵਿਚ ਰਹਿਣ ਤੋਂ ਬਾਅਦ ਭੈਣ-ਭਰਾ ਕਿੰਨੇ ਖ਼ੁਸ਼ ਹੋਏ ਕਿ ਉਹ ਸੰਮੇਲਨ ਤੇ ਇਕ-ਦੂਜੇ ਨੂੰ ਮਿਲ ਸਕੇ! ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਆਪਣੀਆਂ ਉਮੀਦਾਂ ਤੋਂ ਵੱਧ ਕੁਝ ਮਿਲਣ ਵਾਲਾ ਸੀ।
ਸ਼ੁੱਕਰਵਾਰ ਦੁਪਹਿਰ ਨੂੰ ਇਨ੍ਹਾਂ ਚੌਹਾਂ ਸੰਮੇਲਨਾਂ ਤੇ ਇਕ ਖ਼ਾਸ ਸੂਚਨਾ ਦਿੱਤੀ ਗਈ ਸੀ। ਇਨ੍ਹਾਂ ਸੰਮੇਲਨਾਂ ਤੇ ਹਾਜ਼ਰ 13,497 ਲੋਕਾਂ ਵਿਚ ਖਾਮੋਸ਼ੀ ਛਾ ਗਈ। ਜਦੋਂ ਭਾਸ਼ਣਕਾਰ ਨੇ ਕ੍ਰੋਏਸ਼ੀਆਈ ਅਤੇ ਸਰਬੀਆਈ ਭਾਸ਼ਾਵਾਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਰਿਲੀਸ ਕੀਤੀ ਅਤੇ ਇਹ ਵੀ ਦੱਸਿਆ ਕਿ ਮਕਦੂਨੀ ਭਾਸ਼ਾ ਵਿਚ ਵੀ ਇਹ ਕੰਮ ਵਧੀਆ ਚੱਲ ਰਿਹਾ ਸੀ, ਤਾਂ ਸਾਰੇ ਭੈਣ-ਭਰਾ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ। ਉਹ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰਨ ਲੱਗੇ ਜਿਸ ਕਰਕੇ ਭਾਸ਼ਣਕਾਰ ਪੂਰੀ ਸੂਚਨਾ ਵੀ ਨਹੀਂ ਦੇ ਸਕਿਆ। ਜਦੋਂ ਇਹੀ ਸੂਚਨਾ ਸਾਰਾਯੇਵੋ ਦੇ ਸੰਮੇਲਨ ਵਿਚ ਦਿੱਤੀ ਗਈ, ਤਾਂ ਸਾਰੇ ਪਾਸੇ ਚੁੱਪ ਛਾ ਗਈ ਕਿਉਂਕਿ ਸਾਰੇ ਜਣੇ ਇੰਨੇ ਹੱਕੇ-ਬੱਕੇ ਰਹਿ ਗਏ ਕਿ ਮੂੰਹੋਂ ਕੁਝ ਨਾ ਬੋਲ ਸਕੇ। ਫਿਰ ਉਹ ਕਾਫ਼ੀ ਚਿਰ ਲਈ ਤਾੜੀਆਂ ਮਾਰਦੇ ਰਹੇ। ਬੇਲਗ੍ਰਾਡ ਵਿਚ ਭੈਣ-ਭਰਾਵਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਭਾਸ਼ਣਕਾਰ ਨੇ ਰੁਕ-ਰੁਕ ਕੇ ਸੂਚਨਾ ਦਿੱਤੀ ਕਿਉਂਕਿ ਵਿਚਕਾਰ ਸਾਰੇ ਜਣੇ ਤਾੜੀਆਂ ਮਾਰਦੇ ਰਹੇ। ਸਾਰੇ ਭੈਣ-ਭਰਾ ਕਿੰਨੇ ਖ਼ੁਸ਼ ਹੋਏ!
ਇਹ ਤੋਹਫ਼ਾ ਇਸ ਲਈ ਵੀ ਅਨਮੋਲ ਸੀ ਕਿਉਂਕਿ ਕ੍ਰੋਏਸ਼ੀਆਈ ਅਤੇ ਸਰਬੀਆਈ ਬਾਈਬਲਾਂ ਛਾਪਣ ਦੇ ਸਾਰੇ ਹੱਕ ਯਹੋਵਾਹ ਦੇ ਗਵਾਹਾਂ ਕੋਲ ਸਨ। ਇਸ ਲਈ, ਕ੍ਰੋਏਸ਼ੀਆਈ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਨੂੰ ਇਬਰਾਨੀ ਸ਼ਾਸਤਰ ਦੇ ਤਰਜਮੇ ਨਾਲ ਜੋੜ ਕੇ ਇੱਕੋ ਪੁਸਤਕ ਬਣਾ ਕੇ ਇਕੱਠੇ ਛਾਪ ਦਿੱਤੇ ਗਏ ਅਤੇ ਇਸੇ ਤਰ੍ਹਾਂ ਸਰਬੀਆਈ ਭਾਸ਼ਾ ਵਿਚ ਬਾਈਬਲ ਛਾਪੀ ਗਈ। ਇਸ ਤੋਂ ਇਲਾਵਾ, ਸਰਬੀਆਈ ਬਾਈਬਲ ਰੋਮੀ ਅਤੇ ਸਿਰਿਲਿਕ ਲਿਪੀਆਂ ਵਿਚ ਵੀ ਛਾਪੀ ਗਈ ਸੀ।
ਬਾਲਕਨ ਦੇਸ਼ਾਂ ਵਿਚ ਯਹੋਵਾਹ ਦੇ ਲੋਕ ਉਸ ਦੀ ਅਗਵਾਈ ਅਤੇ ਉਸ ਦੀਆਂ ਅਸੀਸਾਂ ਲਈ ਬਹੁਤ ਧੰਨਵਾਦੀ ਹਨ। ਉਹ ਦਾਊਦ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਨ: “ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ [ਯਹੋਵਾਹ] ਜੋ ਮੇਰੇ ਨਾਲ ਹੈਂ।” ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ, ਉਨ੍ਹਾਂ ਨੇ ‘ਯਹੋਵਾਹ ਦੇ ਅਨੰਦ ਨੂੰ ਆਪਣਾ ਬਲ’ ਬਣਾਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।—ਜ਼ਬੂਰਾਂ ਦੀ ਪੋਥੀ 23:4; ਨਹਮਯਾਹ 8:10.
[ਫੁਟਨੋਟ]
^ ਪੈਰਾ 3 ਸਾਬਕਾ ਯੂਗੋਸਲਾਵੀਆ ਵਿਚ ਛੇ ਗਣਰਾਜ ਸਨ—ਬੋਸਨੀਆ-ਹਰਜ਼ੇਗੋਵੀਨਾ, ਕ੍ਰੋਏਸ਼ੀਆ, ਮਕਦੂਨਿਯਾ, ਮੋਨਟੇਨੇਗਰੋ, ਸਰਬੀਆ ਤੇ ਸਲੋਵੀਨੀਆ।
[ਸਫ਼ੇ 20 ਉੱਤੇ ਤਸਵੀਰ]
ਸਲੋਵੀਨੀਆ ਦੇ ਮਾਰਿਬੋਰ ਸ਼ਹਿਰ ਤੋਂ ਆਏ ਪਹਿਲੇ ਪ੍ਰਚਾਰਕ ਦੂਰ-ਦੁਰਾਡੇ ਦੇ ਇਲਾਕੇ ਵਿਚ ਪ੍ਰਚਾਰ ਕਰਦੇ ਹੋਏ