Skip to content

Skip to table of contents

ਅਸੀਂ ਆਪਣੇ ਕੰਮ ਵਿਚ ਲੱਗੇ ਰਹੇ

ਅਸੀਂ ਆਪਣੇ ਕੰਮ ਵਿਚ ਲੱਗੇ ਰਹੇ

ਜੀਵਨੀ

ਅਸੀਂ ਆਪਣੇ ਕੰਮ ਵਿਚ ਲੱਗੇ ਰਹੇ

ਹੈਰਮਨ ਬਰੂਡਰ ਦੀ ਜ਼ਬਾਨੀ

ਮੇਰੇ ਸਾਮ੍ਹਣੇ ਸਿਰਫ਼ ਦੋ ਗੱਲਾਂ ਸਨ: ਪੰਜਾਂ ਸਾਲਾਂ ਲਈ ਫ਼ਰਾਂਸ ਦੀ ਫ਼ੌਜ ਵਿਚ ਕੰਮ ਕਰਾਂ ਜਾਂ ਮੋਰਾਕੋ ਦੀ ਜੇਲ੍ਹ ਵਿਚ ਸਜ਼ਾ ਕੱਟਾਂ। ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਇਸ ਮੁਸੀਬਤ ਵਿਚ ਕਿਵੇਂ ਫਸਿਆ।

ਪਹਿਲੇ ਵਿਸ਼ਵ ਯੁੱਧ ਤੋਂ ਤਿੰਨ ਸਾਲ ਪਹਿਲਾਂ 1911 ਵਿਚ ਜਰਮਨੀ ਦੇ ਓਪੇਨਾਓ ਸ਼ਹਿਰ ਵਿਚ ਮੇਰਾ ਜਨਮ ਹੋਇਆ ਸੀ। ਮੇਰੇ ਪਿਤਾ ਜੀ ਦਾ ਨਾਂ ਯੋਜ਼ਫ਼ ਬਰੂਡਰ ਅਤੇ ਮਾਤਾ ਜੀ ਦਾ ਨਾਂ ਫਰੀਡਾ ਬਰੂਡਰ ਸੀ। ਅਸੀਂ 17 ਭੈਣ-ਭਰਾ ਸੀ ਤੇ ਮੈਂ ਆਪਣੇ ਮਾਪਿਆਂ ਦਾ 13ਵਾਂ ਬੱਚਾ ਸੀ।

ਮੈਨੂੰ ਬਚਪਨ ਦਾ ਉਹ ਦਿਨ ਯਾਦ ਹੈ ਜਦ ਮੈਂ ਮਿਲਟਰੀ ਬੈਂਡ ਨੂੰ ਸ਼ਹਿਰ ਦੀ ਮੁੱਖ ਸੜਕ ਉੱਤੇ ਮਾਰਚ ਕਰਦੇ ਹੋਏ ਦੇਖਿਆ ਸੀ। ਉਨ੍ਹਾਂ ਵੱਲੋਂ ਵਜਾਈਆਂ ਸੰਗੀਤ ਦੀਆਂ ਧੁੰਨਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਜਿਸ ਕਰਕੇ ਮੈਂ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਰੇਲਵੇ ਸਟੇਸ਼ਨ ਚਲਾ ਗਿਆ। ਉਸ ਵੇਲੇ ਮੇਰੇ ਪਿਤਾ ਜੀ ਤੇ ਦੂਸਰੇ ਆਦਮੀ ਜਿਨ੍ਹਾਂ ਨੇ ਫ਼ੌਜੀ ਵਰਦੀਆਂ ਪਾਈਆਂ ਹੋਈਆਂ ਸਨ, ਗੱਡੀ ਵਿਚ ਬੈਠ ਰਹੇ ਸਨ। ਜਦੋਂ ਗੱਡੀ ਚੱਲ ਪਈ, ਤਾਂ ਪਲੇਟਫਾਰਮ ਤੇ ਖੜ੍ਹੀਆਂ ਕੁਝ ਤੀਵੀਆਂ ਰੋਣ ਲੱਗ ਪਈਆਂ। ਇਸ ਤੋਂ ਕੁਝ ਸਮੇਂ ਬਾਅਦ ਸਾਡੇ ਪਾਦਰੀ ਨੇ ਚਰਚ ਵਿਚ ਇਕ ਲੰਬਾ ਉਪਦੇਸ਼ ਦਿੱਤਾ ਤੇ ਚਾਰ ਬੰਦਿਆਂ ਦੇ ਨਾਂ ਪੜ੍ਹੇ ਜਿਹੜੇ ਆਪਣੇ ਵਤਨ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਸਨ। ਪਾਦਰੀ ਨੇ ਕਿਹਾ ਕਿ “ਇਹ ਬੰਦੇ ਹੁਣ ਸਵਰਗ ਵਿਚ ਹਨ।” ਮੇਰੇ ਲਾਗੇ ਖੜ੍ਹੀ ਇਕ ਤੀਵੀਂ ਬੇਹੋਸ਼ ਹੋ ਗਈ।

ਰੂਸੀ ਬਾਰਡਰ ਉੱਤੇ ਲੜਦੇ ਹੋਏ ਪਿਤਾ ਜੀ ਨੂੰ ਟਾਈਫਾਈਡ ਬੁਖ਼ਾਰ ਹੋ ਗਿਆ। ਜਦੋਂ ਉਹ ਘਰ ਆਏ, ਤਾਂ ਉਸ ਵੇਲੇ ਉਹ ਬਹੁਤ ਹੀ ਕਮਜ਼ੋਰ ਹੋ ਚੁੱਕੇ ਸਨ ਤੇ ਅਸੀਂ ਉਨ੍ਹਾਂ ਨੂੰ ਫ਼ੌਰਨ ਹਸਪਤਾਲ ਦਾਖ਼ਲ ਕਰਾ ਦਿੱਤਾ। ਸਾਡੇ ਪਾਦਰੀ ਨੇ ਮੈਨੂੰ ਸੁਝਾਅ ਦਿੱਤਾ: “ਕਬਰਸਤਾਨ ਲਾਗੇ ਬਣੇ ਚਰਚ ਵਿਚ ਜਾ ਕੇ 50 ਵਾਰੀ ਪ੍ਰਭੂ ਦੀ ਪ੍ਰਾਰਥਨਾ ਕਰ ਤੇ 50 ਵਾਰ ਕੁਆਰੀ ਮਰਿਯਮ ਨੂੰ ਪ੍ਰਾਰਥਨਾ ਕਰ। ਇਸ ਨਾਲ ਤੇਰੇ ਪਿਤਾ ਜੀ ਠੀਕ ਹੋ ਜਾਣਗੇ।” ਮੈਂ ਉਸ ਦੀ ਸਲਾਹ ਨੂੰ ਮੰਨਿਆ, ਪਰ ਪਿਤਾ ਜੀ ਦੀ ਅਗਲੇ ਦਿਨ ਮੌਤ ਹੋ ਗਈ। ਇਕ ਛੋਟੇ ਬੱਚੇ ਲਈ ਵੀ ਉਹ ਯੁੱਧ ਇਕ ਦਰਦਨਾਕ ਤਜਰਬਾ ਸੀ।

ਮੈਨੂੰ ਸੱਚਾਈ ਲੱਭ ਗਈ ਸੀ

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਤੇ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਜਰਮਨੀ ਵਿਚ ਕੰਮ ਮਿਲਣਾ ਬਹੁਤ ਔਖਾ ਸੀ। ਪਰ ਸਾਲ 1928 ਵਿਚ ਸਕੂਲ ਛੱਡਣ ਤੋਂ ਬਾਅਦ ਮੈਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਬਾਜ਼ਲ ਵਿਚ ਮਾਲੀ ਦਾ ਕੰਮ ਮਿਲ ਗਿਆ।

ਆਪਣੇ ਪਿਤਾ ਜੀ ਵਾਂਗ ਮੈਂ ਵੀ ਪੱਕਾ ਕੈਥੋਲਿਕ ਸੀ। ਮੈਂ ਭਿਕਸ਼ੂ ਬਣ ਕੇ ਭਾਰਤ ਵਿਚ ਸੇਵਾ ਕਰਨੀ ਚਾਹੁੰਦਾ ਸੀ। ਮੇਰਾ ਭਰਾ ਰਿਖਾਰਟ ਯਹੋਵਾਹ ਦਾ ਗਵਾਹ ਸੀ। ਜਦ ਉਸ ਨੂੰ ਮੇਰੀ ਇਸ ਇੱਛਾ ਬਾਰੇ ਪਤਾ ਲੱਗਾ, ਤਾਂ ਉਹ ਮੈਨੂੰ ਮਨਾਉਣ ਲਈ ਖ਼ਾਸ ਤੌਰ ਤੇ ਸਵਿਟਜ਼ਰਲੈਂਡ ਆਇਆ ਕਿ ਮੈਂ ਭਿਕਸ਼ੂ ਬਣਨ ਦਾ ਖ਼ਿਆਲ ਛੱਡ ਦੇਵਾਂ। ਉਸ ਨੇ ਮੈਨੂੰ ਖ਼ਬਰਦਾਰ ਕੀਤਾ ਕਿ ਆਦਮੀਆਂ ਉੱਤੇ, ਖ਼ਾਸ ਕਰਕੇ ਪਾਦਰੀਆਂ ਉੱਤੇ ਭਰੋਸਾ ਰੱਖਣਾ ਖ਼ਤਰਨਾਕ ਹੈ। ਉਸ ਨੇ ਮੈਨੂੰ ਆਪ ਬਾਈਬਲ ਪੜ੍ਹਨ ਅਤੇ ਇਸ ਉੱਤੇ ਭਰੋਸਾ ਰੱਖਣ ਲਈ ਪ੍ਰੇਰਿਆ। ਅਣਮੰਨੇ ਮਨ ਨਾਲ ਮੈਂ ਨਵਾਂ ਨੇਮ ਲੈ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਨਾਲ ਹੌਲੀ-ਹੌਲੀ ਮੈਨੂੰ ਸਮਝ ਆ ਗਈ ਕਿ ਜਿਨ੍ਹਾਂ ਬਹੁਤ ਸਾਰੀਆਂ ਸਿੱਖਿਆਵਾਂ ਉੱਤੇ ਮੈਂ ਵਿਸ਼ਵਾਸ ਕਰਦਾ ਸੀ, ਉਹ ਬਾਈਬਲ ਵਿਚ ਨਹੀਂ ਸਨ।

ਸਾਲ 1933 ਦੇ ਇਕ ਐਤਵਾਰ ਮੈਂ ਜਰਮਨੀ ਵਿਚ ਰਿਖਾਰਟ ਦੇ ਘਰ ਸੀ। ਉੱਥੇ ਉਸ ਨੇ ਮੈਨੂੰ ਇਕ ਪਤੀ-ਪਤਨੀ ਨਾਲ ਮਿਲਾਇਆ ਜੋ ਯਹੋਵਾਹ ਦੇ ਗਵਾਹ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਬਾਈਬਲ ਪੜ੍ਹ ਰਿਹਾ ਸੀ, ਤਾਂ ਉਨ੍ਹਾਂ ਨੇ ਮੈਨੂੰ ਸੰਕਟ (ਅੰਗ੍ਰੇਜ਼ੀ) ਨਾਂ ਦੀ ਇਕ ਪੁਸਤਿਕਾ ਦਿੱਤੀ। * ਮੈਂ ਅੱਧੀ ਰਾਤ ਤਕ ਇਸ ਨੂੰ ਪੜ੍ਹਦਾ ਰਿਹਾ। ਪੜ੍ਹਨ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਸੀ ਕਿ ਮੈਨੂੰ ਸੱਚਾਈ ਲੱਭ ਗਈ ਸੀ!

ਬਾਜ਼ਲ ਵਿਚ ਯਹੋਵਾਹ ਦੇ ਗਵਾਹਾਂ ਨੇ ਮੈਨੂੰ ਸ਼ਾਸਤਰ ਦਾ ਅਧਿਐਨ * (ਅੰਗ੍ਰੇਜ਼ੀ) ਦੇ ਦੋ ਖੰਡ ਅਤੇ ਰਸਾਲੇ ਤੇ ਦੂਸਰੇ ਪ੍ਰਕਾਸ਼ਨ ਦਿੱਤੇ। ਮੈਂ ਇਨ੍ਹਾਂ ਕਿਤਾਬਾਂ ਵਿਚ ਜੋ ਵੀ ਪੜ੍ਹਿਆ, ਉਸ ਤੋਂ ਕਾਇਲ ਹੋ ਕੇ ਪਾਦਰੀ ਕੋਲ ਗਿਆ ਤੇ ਉਸ ਨੂੰ ਚਰਚ ਦੇ ਰਜਿਸਟਰ ਵਿੱਚੋਂ ਮੇਰਾ ਨਾਂ ਕੱਟਣ ਲਈ ਕਿਹਾ। ਪਾਦਰੀ ਨੇ ਗੁੱਸੇ ਵਿਚ ਆ ਕੇ ਮੈਨੂੰ ਕਿਹਾ ਕਿ ਮੈਂ ਆਪਣਾ ਧਰਮ ਛੱਡ ਰਿਹਾ ਸੀ। ਪਰ ਅਸਲ ਵਿਚ ਮੈਨੂੰ ਤਾਂ ਸੱਚਾ ਧਰਮ ਲੱਭ ਗਿਆ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਸੱਚੇ ਧਰਮ ਉੱਤੇ ਚੱਲਣਾ ਸ਼ੁਰੂ ਕੀਤਾ।

ਬਾਜ਼ਲ ਦੇ ਭਰਾ ਉਸ ਸ਼ਨੀਵਾਰ ਅਤੇ ਐਤਵਾਰ ਨੂੰ ਫ਼ਰਾਂਸ ਵਿਚ ਪ੍ਰਚਾਰ ਕਰਨ ਦੀ ਯੋਜਨਾ ਬਣਾ ਰਹੇ ਸਨ। ਇਕ ਭਰਾ ਨੇ ਬੜੇ ਪਿਆਰ ਨਾਲ ਮੈਨੂੰ ਸਮਝਾਇਆ ਕਿ ਮੈਨੂੰ ਇਸ ਕਰਕੇ ਪ੍ਰਚਾਰ ਕਰਨ ਲਈ ਨਹੀਂ ਬੁਲਾਇਆ ਗਿਆ ਕਿਉਂਕਿ ਮੈਂ ਕਲੀਸਿਯਾ ਵਿਚ ਅਜੇ ਆਉਣਾ ਸ਼ੁਰੂ ਹੀ ਕੀਤਾ ਸੀ। ਮੈਂ ਇਹ ਸੁਣ ਕੇ ਪਿੱਛੇ ਨਹੀਂ ਹਟਿਆ ਤੇ ਮੈਂ ਪ੍ਰਚਾਰ ਕਰਨ ਦੀ ਆਪਣੀ ਦ੍ਰਿੜ੍ਹ ਇੱਛਾ ਬਾਰੇ ਦੱਸਿਆ। ਉਸ ਨੇ ਇਕ ਹੋਰ ਬਜ਼ੁਰਗ ਨਾਲ ਇਸ ਬਾਰੇ ਗੱਲ ਕੀਤੀ ਤੇ ਉਸ ਨੇ ਮੈਨੂੰ ਸਵਿਟਜ਼ਰਲੈਂਡ ਵਿਚ ਪ੍ਰਚਾਰ ਕਰਨ ਲਈ ਕੁਝ ਇਲਾਕਾ ਦੇ ਦਿੱਤਾ। ਐਤਵਾਰ ਨੂੰ ਸਵੇਰੇ ਹੀ ਮੈਂ ਸਾਈਕਲ ਉੱਤੇ ਬਾਜ਼ਲ ਦੇ ਲਾਗੇ ਇਕ ਛੋਟੇ ਪਿੰਡ ਨੂੰ ਗਿਆ। ਆਪਣੇ ਨਾਲ ਮੈਂ 4 ਕਿਤਾਬਾਂ, 28 ਰਸਾਲੇ ਅਤੇ 20 ਬਰੋਸ਼ਰ ਲੈ ਕੇ ਗਿਆ। ਜਦੋਂ ਮੈਂ ਪਿੰਡ ਪਹੁੰਚਿਆ, ਤਾਂ ਜ਼ਿਆਦਾਤਰ ਲੋਕ ਚਰਚ ਗਏ ਹੋਏ ਸਨ। ਫਿਰ ਵੀ 11 ਵਜੇ ਤਕ ਮੇਰਾ ਪ੍ਰੀਚਿੰਗ ਬੈੱਗ ਖਾਲੀ ਹੋ ਗਿਆ ਸੀ।

ਜਦੋਂ ਮੈਂ ਭਰਾਵਾਂ ਨੂੰ ਦੱਸਿਆ ਕਿ ਮੈਂ ਬਪਤਿਸਮਾ ਲੈਣਾ ਚਾਹੁੰਦਾ ਸੀ, ਤਾਂ ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਸੱਚਾਈ ਨਾਲ ਸੰਬੰਧਿਤ ਸਵਾਲ ਪੁੱਛੇ। ਯਹੋਵਾਹ ਅਤੇ ਉਸ ਦੇ ਸੰਗਠਨ ਲਈ ਉਨ੍ਹਾਂ ਦੇ ਜੋਸ਼ ਅਤੇ ਵਫ਼ਾਦਾਰੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਵੇਲੇ ਸਰਦੀਆਂ ਦਾ ਮੌਸਮ ਸੀ, ਇਸ ਲਈ ਇਕ ਭਰਾ ਨੇ ਇਕ ਬਜ਼ੁਰਗ ਦੇ ਘਰ ਬਾਥਟੱਬ ਵਿਚ ਮੈਨੂੰ ਬਪਤਿਸਮਾ ਦਿੱਤਾ। ਮੈਨੂੰ ਯਾਦ ਹੈ ਕਿ ਮੈਨੂੰ ਬਹੁਤ ਖ਼ੁਸ਼ੀ ਅਤੇ ਅੰਦਰੂਨੀ ਤਾਕਤ ਮਹਿਸੂਸ ਹੋਈ। ਇਹ ਸਾਲ 1934 ਦੀ ਗੱਲ ਹੈ।

ਕਿੰਗਡਮ ਫਾਰਮ ਵਿਚ ਕੰਮ ਕੀਤਾ

ਸਾਲ 1936 ਵਿਚ ਮੈਂ ਸੁਣਿਆ ਕਿ ਯਹੋਵਾਹ ਦੇ ਗਵਾਹਾਂ ਨੇ ਸਵਿਟਜ਼ਰਲੈਂਡ ਵਿਚ ਕੁਝ ਜ਼ਮੀਨ ਖ਼ਰੀਦੀ ਸੀ। ਮੈਂ ਉੱਥੇ ਮਾਲੀ ਵਜੋਂ ਸੇਵਾ ਕਰਨ ਦੀ ਇੱਛਾ ਜ਼ਾਹਰ ਕੀਤੀ। ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਮੈਨੂੰ ਬਰਨ ਸ਼ਹਿਰ ਤੋਂ ਤਕਰੀਬਨ 30 ਕਿਲੋਮੀਟਰ ਦੂਰ ਸ਼ਟੈਫੀਸਬਰਗ ਵਿਚ ਸਥਿਤ ਕਿੰਗਡਮ ਫਾਰਮ ਵਿਚ ਕੰਮ ਕਰਨ ਲਈ ਬੁਲਾਇਆ ਗਿਆ। ਜਦੋਂ ਵੀ ਹੋ ਸਕਿਆ, ਮੈਂ ਫਾਰਮ ਵਿਚ ਰਹਿੰਦੇ ਹੋਏ ਦੂਸਰਿਆਂ ਦੇ ਕੰਮਾਂ ਵਿਚ ਵੀ ਹੱਥ ਵਟਾਉਂਦਾ ਸੀ। ਬੈਥਲ ਵਿਚ ਰਹਿ ਕੇ ਮੈਂ ਸਿੱਖਿਆ ਕਿ ਦੂਸਰਿਆਂ ਨਾਲ ਮਿਲ ਕੇ ਕੰਮ ਕਰਨਾ ਕਿੰਨਾ ਜ਼ਰੂਰੀ ਹੈ।

ਜਦੋਂ ਮੈਂ ਬੈਥਲ ਵਿਚ ਸੀ, ਉਸ ਵੇਲੇ ਭਰਾ ਰਦਰਫ਼ਰਡ 1936 ਵਿਚ ਫਾਰਮ ਆਏ ਸਨ। ਜਦੋਂ ਉਨ੍ਹਾਂ ਨੇ ਦੇਖਿਆ ਕਿ ਫਾਰਮ ਵਿਚ ਲੱਗੇ ਟਮਾਟਰ ਕਿੰਨੇ ਵੱਡੇ-ਵੱਡੇ ਤੇ ਵਧੀਆ ਸਨ ਅਤੇ ਹੋਰ ਫ਼ਸਲ ਕਿੰਨੀ ਵਧੀਆ ਸੀ, ਤਾਂ ਉਸ ਨੇ ਮੁਸਕਰਾ ਕੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ। ਭਰਾ ਰਦਰਫ਼ਰਡ ਬਹੁਤ ਚੰਗੇ ਇਨਸਾਨ ਸਨ।

ਮੈਨੂੰ ਫਾਰਮ ਵਿਚ ਕੰਮ ਕਰਦਿਆਂ ਤਕਰੀਬਨ ਤਿੰਨ ਸਾਲ ਹੋ ਗਏ ਸਨ ਜਦੋਂ ਇਕ ਦਿਨ ਸਵੇਰ ਨੂੰ ਖਾਣੇ ਸਮੇਂ ਇਕ ਚਿੱਠੀ ਪੜ੍ਹੀ ਗਈ ਜੋ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ ਕੁਆਰਟਰ ਤੋਂ ਆਈ ਸੀ। ਉਸ ਚਿੱਠੀ ਵਿਚ ਪ੍ਰਚਾਰ ਕੰਮ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਸੀ। ਇਸ ਵਿਚ ਇਹ ਸੱਦਾ ਵੀ ਦਿੱਤਾ ਗਿਆ ਸੀ ਕਿ ਜੇ ਕੋਈ ਦੂਸਰੇ ਦੇਸ਼ ਵਿਚ ਜਾ ਕੇ ਪਾਇਨੀਅਰੀ ਕਰਨੀ ਚਾਹੁੰਦਾ ਸੀ, ਤਾਂ ਉਹ ਆਪਣਾ ਨਾਂ ਦੇਵੇ। ਬਿਨਾਂ ਝਿਜਕੇ ਮੈਂ ਆਪਣਾ ਨਾਂ ਦੇ ਦਿੱਤਾ। ਮਈ 1939 ਵਿਚ ਮੈਨੂੰ ਬ੍ਰਾਜ਼ੀਲ ਵਿਚ ਜਾ ਕੇ ਪ੍ਰਚਾਰ ਕਰਨ ਲਈ ਕਿਹਾ ਗਿਆ।

ਉਸ ਵੇਲੇ ਮੈਂ ਕਿੰਗਡਮ ਫਾਰਮ ਲਾਗੇ ਟੂਨ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਂਦਾ ਹੁੰਦਾ ਸੀ। ਹਰ ਐਤਵਾਰ ਨੂੰ ਅਸੀਂ ਐਲਪਸ ਪਰਬਤ ਕੋਲ ਪ੍ਰਚਾਰ ਕਰਨ ਲਈ ਜਾਂਦੇ ਸਨ। ਉੱਥੇ ਜਾਣ ਲਈ ਟੂਨ ਤੋਂ ਸਾਈਕਲ ਤੇ ਦੋ ਘੰਟੇ ਲੱਗਦੇ ਸਨ। ਮਾਰਗਾਰੀਟਾ ਸ਼ਟੀਨਰ ਵੀ ਸਾਡੇ ਨਾਲ ਜਾਇਆ ਕਰਦੀ ਸੀ। ਇਕ ਦਿਨ ਅਚਾਨਕ ਮੇਰੇ ਮਨ ਵਿਚ ਇਹ ਗੱਲ ਆਈ: ਕੀ ਯਿਸੂ ਨੇ ਆਪਣੇ ਚੇਲਿਆਂ ਨੂੰ ਦੋ-ਦੋ ਕਰ ਕੇ ਪ੍ਰਚਾਰ ਕਰਨ ਲਈ ਨਹੀਂ ਘੱਲਿਆ ਸੀ? ਜਦੋਂ ਮੈਂ ਮਾਰਗਾਰੀਟਾ ਨੂੰ ਸੁਭਾਵਕ ਹੀ ਦੱਸਿਆ ਕਿ ਮੈਨੂੰ ਬ੍ਰਾਜ਼ੀਲ ਵਿਚ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ, ਤਾਂ ਉਸ ਨੇ ਕਿਹਾ ਕਿ ਉਹ ਵੀ ਅਜਿਹੀ ਕਿਸੇ ਜਗ੍ਹਾ ਜਾ ਕੇ ਸੇਵਾ ਕਰਨੀ ਚਾਹੁੰਦੀ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਅਸੀਂ 31 ਜੁਲਾਈ 1939 ਨੂੰ ਵਿਆਹ ਕਰਾ ਲਿਆ।

ਰਾਹ ਵਿਚ ਸਾਨੂੰ ਅਚਾਨਕ ਇਕ ਜਗ੍ਹਾ ਰੁਕਣਾ ਪਿਆ

ਅਸੀਂ ਅਗਸਤ 1939 ਵਿਚ ਫ਼ਰਾਂਸ ਦੇ ਸ਼ਹਿਰ ਲਾ ਹਾਵਰ ਤੋਂ ਸੈਂਟਸ, ਬ੍ਰਾਜ਼ੀਲ ਜਾਣ ਲਈ ਸਮੁੰਦਰੀ ਜਹਾਜ਼ ਫੜਿਆ। ਸਾਨੂੰ ਡਬਲ ਬਰਥ ਵਾਲਾ ਕੈਬਿਨ ਨਹੀਂ ਮਿਲਿਆ, ਇਸ ਲਈ ਸਾਨੂੰ ਦੋਵਾਂ ਨੂੰ ਵੱਖਰੇ-ਵੱਖਰੇ ਕੈਬਿਨ ਵਿਚ ਸਫ਼ਰ ਕਰਨਾ ਪਿਆ। ਰਾਹ ਵਿਚ ਸਾਨੂੰ ਖ਼ਬਰ ਮਿਲੀ ਕਿ ਇੰਗਲੈਂਡ ਅਤੇ ਫ਼ਰਾਂਸ ਨੇ ਜਰਮਨੀ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ ਸੀ। ਇਸ ਖ਼ਬਰ ਦੇ ਵਿਰੋਧ ਵਿਚ 30 ਜਰਮਨ ਯਾਤਰੀਆਂ ਨੇ ਜਰਮਨੀ ਦਾ ਰਾਸ਼ਟਰੀ ਗੀਤ ਗਾਇਆ। ਇਸ ਨਾਲ ਜਹਾਜ਼ ਦਾ ਕਪਤਾਨ ਇੰਨਾ ਚਿੜ ਗਿਆ ਕਿ ਉਹ ਜਹਾਜ਼ ਨੂੰ ਦੂਜੇ ਪਾਸੇ ਲੈ ਗਿਆ ਤੇ ਮੋਰਾਕੋ ਦੀ ਬੰਦਰਗਾਹ ਸਾਫ਼ੀ ਤੇ ਲਿਆ ਖੜ੍ਹਾ ਕੀਤਾ। ਜਿਨ੍ਹਾਂ ਯਾਤਰੀਆਂ ਕੋਲ ਸਫ਼ਰ ਕਰਨ ਲਈ ਜਰਮਨ ਕਾਗਜ਼ਾਤ ਸਨ, ਉਨ੍ਹਾਂ ਨੂੰ ਉਤਰਨ ਲਈ ਪੰਜ ਮਿੰਟ ਦਿੱਤੇ ਗਏ। ਇਸ ਲਈ ਸਾਨੂੰ ਜਹਾਜ਼ੋਂ ਉਤਰਨਾ ਪਿਆ।

ਸਾਨੂੰ ਥਾਣੇ ਵਿਚ ਇਕ ਦਿਨ ਰੱਖਿਆ ਗਿਆ ਤੇ ਫਿਰ ਇਕ ਖਟਾਰਾ ਜਿਹੀ ਬੱਸ ਵਿਚ ਬਿਠਾ ਕੇ ਉੱਥੋਂ ਤਕਰੀਬਨ 140 ਕਿਲੋਮੀਟਰ ਦੂਰ ਮਰਾਕੇਸ਼ ਦੀ ਜੇਲ੍ਹ ਵਿਚ ਲੈ ਜਾਇਆ ਗਿਆ। ਉੱਥੇ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਜੇਲ੍ਹ ਦੇ ਕਮਰੇ ਕੈਦੀਆਂ ਨਾਲ ਤੂੜੇ ਪਏ ਸਨ ਤੇ ਇਨ੍ਹਾਂ ਵਿਚ ਘੁੱਪ ਹਨੇਰਾ ਸੀ। ਉੱਥੇ ਇਕ ਟਾਇਲਟ ਸੀ ਜੋ ਫ਼ਰਸ਼ ਵਿਚ ਇਕ ਮਘੋਰਾ ਕੱਢ ਕੇ ਬਣਾਈ ਗਈ ਸੀ ਤੇ ਇਹ ਹਮੇਸ਼ਾ ਭਰੀ ਰਹਿੰਦੀ ਸੀ। ਸਾਨੂੰ ਸੌਣ ਲਈ ਇਕ ਗੰਦੀ ਜਿਹੀ ਚਾਦਰ ਦਿੱਤੀ ਗਈ ਸੀ ਤੇ ਰਾਤ ਨੂੰ ਚੂਹੇ ਸਾਡੀਆਂ ਲੱਤਾਂ ਦੀਆਂ ਪਿੰਨੀਆਂ ਤੋੜ-ਤੋੜ ਖਾਂਦੇ ਸਨ। ਸਾਨੂੰ ਦਿਨ ਵਿਚ ਦੋ ਵਾਰ ਇਕ ਜੰਗਾਲੇ ਡੱਬੇ ਵਿਚ ਖਾਣਾ ਦਿੱਤਾ ਜਾਂਦਾ ਸੀ।

ਇਕ ਫ਼ੌਜੀ ਅਫ਼ਸਰ ਨੇ ਮੈਨੂੰ ਕਿਹਾ ਕਿ ਜੇ ਮੈਂ ਫ਼ਰਾਂਸ ਦੀ ਫ਼ੌਜ ਵਿਚ ਪੰਜ ਸਾਲਾਂ ਲਈ ਸੇਵਾ ਕਰਨ ਵਾਸਤੇ ਸਹਿਮਤ ਹੋ ਜਾਵਾਂ, ਤਾਂ ਮੈਨੂੰ ਰਿਹਾ ਕਰ ਦਿੱਤਾ ਜਾਵੇਗਾ। ਮੇਰੇ ਇਨਕਾਰ ਕਰਨ ਤੇ ਮੈਨੂੰ 24 ਘੰਟਿਆਂ ਲਈ ਕਾਲ ਕੋਠੜੀ ਵਿਚ ਸੁੱਟ ਦਿੱਤਾ ਗਿਆ। ਮੈਂ ਇਸ ਸਮੇਂ ਦੌਰਾਨ ਪ੍ਰਾਰਥਨਾ ਕਰਦਾ ਰਿਹਾ।

ਅੱਠਾਂ ਦਿਨਾਂ ਬਾਅਦ ਜੇਲ੍ਹ ਦੇ ਅਧਿਕਾਰੀਆਂ ਨੇ ਮੈਨੂੰ ਮਾਰਗਾਰੀਟਾ ਨਾਲ ਦੁਬਾਰਾ ਮਿਲਣ ਦੀ ਇਜਾਜ਼ਤ ਦੇ ਦਿੱਤੀ। ਉਹ ਬਹੁਤ ਹੀ ਕਮਜ਼ੋਰ ਹੋ ਗਈ ਸੀ ਤੇ ਉਸ ਨੇ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ। ਮੈਂ ਉਸ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਸਾਡੇ ਤੋਂ ਦੁਬਾਰਾ ਪੁੱਛ-ਗਿੱਛ ਕੀਤੀ ਗਈ ਤੇ ਸਾਨੂੰ ਗੱਡੀ ਰਾਹੀਂ ਕੈਸੇਬਲਾਂਕਾ ਘੱਲ ਦਿੱਤਾ ਗਿਆ ਜਿੱਥੇ ਮਾਰਗਾਰੀਟਾ ਨੂੰ ਰਿਹਾ ਕਰ ਦਿੱਤਾ ਗਿਆ। ਮੈਨੂੰ ਕੈਸੇਬਲਾਂਕਾ ਤੋਂ ਤਕਰੀਬਨ 180 ਕਿਲੋਮੀਟਰ ਦੂਰ ਪੋਰਟ ਲੀਓਟੇ (ਹੁਣ ਕਨੀਟਰਾ) ਵਿਚ ਸਥਿਤ ਜੇਲ੍ਹ ਵਿਚ ਘੱਲ ਦਿੱਤਾ ਗਿਆ। ਸਵਿਟਜ਼ਰਲੈਂਡ ਦੀ ਕਾਂਸਲੇਟ ਨੇ ਮਾਰਗਾਰੀਟਾ ਨੂੰ ਸਵਿਟਜ਼ਰਲੈਂਡ ਵਾਪਸ ਜਾਣ ਦੀ ਸਲਾਹ ਦਿੱਤੀ, ਪਰ ਉਸ ਨੇ ਮੇਰੇ ਬਿਨਾਂ ਜਾਣ ਤੋਂ ਇਨਕਾਰ ਕਰ ਦਿੱਤਾ। ਮੈਂ ਪੋਰਟ ਲੀਓਟੇ ਜੇਲ੍ਹ ਵਿਚ ਦੋ ਮਹੀਨੇ ਬੰਦ ਰਿਹਾ ਤੇ ਇਸ ਸਮੇਂ ਦੌਰਾਨ ਮਾਰਗਾਰੀਟਾ ਰੋਜ਼ ਕੈਸੇਬਲਾਂਕਾ ਤੋਂ ਮੈਨੂੰ ਮਿਲਣ ਆਉਂਦੀ ਸੀ ਤੇ ਮੇਰੇ ਲਈ ਰੋਟੀ ਲੈ ਕੇ ਆਉਂਦੀ ਸੀ।

ਇਕ ਸਾਲ ਪਹਿਲਾਂ ਯਹੋਵਾਹ ਦੇ ਗਵਾਹਾਂ ਨੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਣ ਲਈ ਕਿ ਗਵਾਹਾਂ ਦਾ ਨਾਜ਼ੀ ਹਕੂਮਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਮਸੀਹੀਅਤ ਵਿਰੁੱਧ ਅੰਦੋਲਨ (ਅੰਗ੍ਰੇਜ਼ੀ) ਨਾਮਕ ਕਿਤਾਬ ਰਿਲੀਸ ਕੀਤੀ ਸੀ। ਜਦੋਂ ਮੈਂ ਜੇਲ੍ਹ ਵਿਚ ਸੀ, ਉਸ ਵੇਲੇ ਬਰਨ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਫ਼ਰਾਂਸੀਸੀ ਅਧਿਕਾਰੀਆਂ ਨੂੰ ਇਕ ਚਿੱਠੀ ਲਿਖ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਨਾਜ਼ੀ ਹਕੂਮਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਤੇ ਇਸ ਚਿੱਠੀ ਦੇ ਨਾਲ ਉਨ੍ਹਾਂ ਨੇ ਇਸ ਕਿਤਾਬ ਦੀ ਇਕ ਕਾਪੀ ਵੀ ਘੱਲੀ। ਮਾਰਗਾਰੀਟਾ ਵੀ ਸਰਕਾਰੀ ਅਧਿਕਾਰੀਆਂ ਨੂੰ ਮਿਲਦੀ ਰਹੀ ਤੇ ਉਨ੍ਹਾਂ ਨੂੰ ਯਕੀਨ ਦਿਲਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਅਸੀਂ ਨਿਰਦੋਸ਼ ਸੀ। ਅਖ਼ੀਰ 1939 ਦੇ ਖ਼ਤਮ ਹੋਣ ਤੇ ਸਾਨੂੰ ਮੋਰਾਕੋ ਛੱਡਣ ਦੀ ਇਜਾਜ਼ਤ ਮਿਲ ਗਈ।

ਬ੍ਰਾਜ਼ੀਲ ਜਾਣ ਲਈ ਦੁਬਾਰਾ ਜਹਾਜ਼ ਫੜਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਾ ਕਿ ਜਰਮਨ ਦੀਆਂ ਪਣਡੁੱਬੀਆਂ ਅੰਧਮਹਾਂਸਾਗਰ ਵਿਚ ਸਮੁੰਦਰੀ ਜਹਾਜ਼ਾਂ ਉੱਤੇ ਹਮਲੇ ਕਰ ਰਹੀਆਂ ਸਨ ਅਤੇ ਅਸੀਂ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ। ਭਾਵੇਂ ਕਿ ਜ਼ਹਾਮੀਕਜਮੇਕਾ ਨਾਮ ਦਾ ਸਾਡਾ ਜਹਾਜ਼ ਇਕ ਵਪਾਰਕ ਜਹਾਜ਼ ਸੀ, ਪਰ ਇਸ ਦੇ ਅੱਗੇ-ਪਿੱਛੇ ਬੰਦੂਕਾਂ ਫਿੱਟ ਕੀਤੀਆਂ ਗਈਆਂ ਸਨ। ਦਿਨੇ ਕਪਤਾਨ ਜਹਾਜ਼ ਨੂੰ ਘੁੰਮਾ-ਫਿਰਾ ਕੇ ਲੈ ਜਾਂਦਾ ਸੀ ਤੇ ਲਗਾਤਾਰ ਗੋਲੀਆਂ ਚਲਾਈਆਂ ਜਾਂਦੀਆਂ ਸਨ। ਰਾਤ ਨੂੰ ਜਹਾਜ਼ ਵਿਚ ਘੁੱਪ ਹਨੇਰਾ ਕਰ ਦਿੱਤਾ ਜਾਂਦਾ ਸੀ ਤਾਂਕਿ ਜਰਮਨਾਂ ਨੂੰ ਜਹਾਜ਼ ਬਾਰੇ ਪਤਾ ਨਾ ਲੱਗੇ। ਅਸੀਂ ਸੁੱਖ ਦਾ ਸਾਹ ਲਿਆ ਜਦੋਂ ਅਸੀਂ 6 ਫਰਵਰੀ 1940 ਨੂੰ ਸੈਂਟਸ, ਬ੍ਰਾਜ਼ੀਲ ਪਹੁੰਚ ਗਏ। ਅਸੀਂ ਯੂਰਪ ਤੋਂ ਤੁਰਨ ਤੋਂ ਤਕਰੀਬਨ ਪੰਜ ਮਹੀਨੇ ਬਾਅਦ ਬ੍ਰਾਜ਼ੀਲ ਪਹੁੰਚੇ ਸੀ।

ਦੁਬਾਰਾ ਜੇਲ੍ਹ ਦੀ ਹਵਾ ਖਾਧੀ

ਮੈਨੂੰ ਬ੍ਰਾਜ਼ੀਲ ਦੇ ਰੀਓ ਗ੍ਰਾਂਡ ਡੇ ਸੁਲ ਨਾਮਕ ਦੱਖਣੀ ਰਾਜ ਦੇ ਸ਼ਹਿਰ ਮੋਂਟੇਨੀਗਰੋ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਚਰਚ ਅਧਿਕਾਰੀਆਂ ਨੂੰ ਪਹਿਲਾਂ ਹੀ ਸਾਡੇ ਆਉਣ ਬਾਰੇ ਸੂਚਨਾ ਮਿਲ ਚੁੱਕੀ ਸੀ। ਸਾਨੂੰ ਪ੍ਰਚਾਰ ਕਰਦਿਆਂ ਨੂੰ ਅਜੇ ਦੋ ਘੰਟੇ ਹੀ ਹੋਏ ਸਨ ਜਦ ਪੁਲਸ ਨੇ ਆ ਕੇ ਸਾਨੂੰ ਗਿਰਫ਼ਤਾਰ ਕਰ ਲਿਆ। ਉਨ੍ਹਾਂ ਨੇ ਸਾਡਾ ਸਾਰਾ ਸਾਹਿੱਤ ਤੇ ਬਾਈਬਲ ਭਾਸ਼ਣਾਂ ਦੇ ਫੋਨੋਗ੍ਰਾਫ ਰਿਕਾਰਡ ਲੈ ਲਏ ਅਤੇ ਮੋਰਾਕੋ ਵਿਚ ਅਸੀਂ ਪ੍ਰਚਾਰ ਲਈ ਊਠ ਦੀ ਖੱਲ ਦੇ ਬਣੇ ਜੋ ਬੈੱਗ ਖ਼ਰੀਦੇ ਸਨ, ਉਹ ਵੀ ਲੈ ਲਏ। ਥਾਣੇ ਵਿਚ ਦੋ ਪਾਦਰੀ ਸਾਡੀ ਉਡੀਕ ਕਰ ਰਹੇ ਸਨ, ਉਨ੍ਹਾਂ ਵਿੱਚੋਂ ਇਕ ਜਣਾ ਜਰਮਨ ਬੋਲਦਾ ਸੀ। ਪੁਲਸ ਅਫ਼ਸਰ ਤੇ ਉਨ੍ਹਾਂ ਦੋ ਪਾਦਰੀਆਂ ਨੇ ਗ੍ਰਾਮੋਫੋਨ ਉੱਤੇ ਭਰਾ ਰਦਰਫ਼ਰਡ ਦਾ ਇਕ ਭਾਸ਼ਣ ਸੁਣਨਾ ਸ਼ੁਰੂ ਕੀਤਾ। ਭਰਾ ਰਦਰਫ਼ਰਡ ਨੇ ਆਪਣੇ ਭਾਸ਼ਣ ਵਿਚ ਘੁੰਮਾ-ਫਿਰਾ ਕੇ ਗੱਲ ਨਹੀਂ ਕੀਤੀ, ਸਗੋਂ ਸਿੱਧੀ ਗੱਲ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਵੈਟੀਕਨ ਦਾ ਨਾਂ ਲਿਆ, ਤਾਂ ਇਕ ਪਾਦਰੀ ਗੁੱਸੇ ਵਿਚ ਲਾਲ-ਪੀਲਾ ਹੋ ਕੇ ਕਮਰੇ ਵਿੱਚੋਂ ਚਲਾ ਗਿਆ।

ਸੈਂਟਾ ਮਰੀਆ ਦੇ ਬਿਸ਼ਪ ਵੱਲੋਂ ਬੇਨਤੀ ਕਰਨ ਤੇ ਪੁਲਸ ਨੇ ਸਾਨੂੰ ਉਸ ਰਾਜ ਦੀ ਰਾਜਧਾਨੀ ਪੋਰਤੋ ਅਲੈਗਰੀ ਘੱਲ ਦਿੱਤਾ। ਮਾਰਗਾਰੀਟਾ ਨੂੰ ਜਲਦੀ ਹੀ ਰਿਹਾ ਕਰ ਦਿੱਤਾ ਗਿਆ ਤੇ ਉਸ ਨੇ ਸਵਿਟਜ਼ਰਲੈਂਡ ਦੀ ਕੋਂਸਲੇਟ ਤੋਂ ਮਦਦ ਮੰਗੀ। ਕੋਂਸਲ ਨੇ ਉਸ ਨੂੰ ਸਵਿਟਜ਼ਰਲੈਂਡ ਵਾਪਸ ਜਾਣ ਦਾ ਸੁਝਾਅ ਦਿੱਤਾ। ਇਕ ਵਾਰ ਫਿਰ ਉਸ ਨੇ ਮੇਰੇ ਬਗੈਰ ਜਾਣ ਤੋਂ ਇਨਕਾਰ ਕਰ ਦਿੱਤਾ। ਮਾਰਗਾਰੀਟਾ ਨੇ ਕਦਮ-ਕਦਮ ਤੇ ਮੇਰਾ ਸਾਥ ਦਿੱਤਾ ਹੈ। ਤੀਹ ਦਿਨਾਂ ਬਾਅਦ ਮੈਨੂੰ ਪੁੱਛ-ਗਿੱਛ ਕਰ ਕੇ ਰਿਹਾ ਕਰ ਦਿੱਤਾ ਗਿਆ। ਪੁਲਸ ਨੇ ਸਾਡੇ ਸਾਮ੍ਹਣੇ ਇਹ ਚੋਣ ਰੱਖੀ: ਅਸੀਂ ਉੱਥੋਂ ਦਸ ਦਿਨਾਂ ਦੇ ਅੰਦਰ-ਅੰਦਰ ਚਲੇ ਜਾਈਏ ਜਾਂ ਫਿਰ “ਨਤੀਜੇ ਭੁਗਤੀਏ।” ਹੈੱਡ ਕੁਆਰਟਰ ਦੇ ਕਹਿਣ ਤੇ ਅਸੀਂ ਰੀਓ ਡੇ ਜਨੇਰੋ ਚਲੇ ਗਏ।

“ਕਿਰਪਾ ਕਰ ਕੇ ਇਹ ਕਾਰਡ ਪੜ੍ਹੋ”

ਚਾਹੇ ਕਿ ਬ੍ਰਾਜ਼ੀਲ ਵਿਚ ਸਾਡਾ ਪ੍ਰਚਾਰ ਦਾ ਕੰਮ ਇੰਨੇ ਵਧੀਆ ਤਰੀਕੇ ਨਾਲ ਸ਼ੁਰੂ ਨਹੀਂ ਹੋਇਆ ਸੀ, ਫਿਰ ਵੀ ਅਸੀਂ ਬਹੁਤ ਖ਼ੁਸ਼ ਸੀ! ਅਸੀਂ ਖ਼ੁਸ਼ ਸੀ ਕਿ ਅਸੀਂ ਜ਼ਿੰਦਾ ਸੀ, ਸਾਡੇ ਬੈੱਗ ਇਕ ਵਾਰ ਫਿਰ ਸਾਹਿੱਤ ਨਾਲ ਭਰੇ ਹੋਏ ਸਨ ਅਤੇ ਸਾਡੇ ਕੋਲ ਪੂਰਾ ਰੀਓ ਡੇ ਜਨੇਰੋ ਸ਼ਹਿਰ ਪ੍ਰਚਾਰ ਕਰਨ ਲਈ ਸੀ। ਪਰ ਸਾਨੂੰ ਪੁਰਤਗਾਲੀ ਭਾਸ਼ਾ ਇੰਨੀ ਬੋਲਣੀ ਨਹੀਂ ਆਉਂਦੀ ਸੀ, ਸੋ ਅਸੀਂ ਪ੍ਰਚਾਰ ਕਿੱਦਾਂ ਕਰਨਾ ਸੀ? ਅਸੀਂ ਗਵਾਹੀ ਕਾਰਡ ਦੀ ਮਦਦ ਨਾਲ ਪ੍ਰਚਾਰ ਕਰਦੇ ਸੀ। ਅਸੀਂ ਪ੍ਰਚਾਰ ਕੰਮ ਕਰਨ ਲਈ ਪੁਰਤਗਾਲੀ ਵਿਚ ਸਭ ਤੋਂ ਪਹਿਲਾਂ ਇਹ ਕਹਿਣਾ ਸਿੱਖਿਆ: “ਕਿਰਪਾ ਕਰ ਕੇ ਇਹ ਕਾਰਡ ਪੜ੍ਹੋ।” ਅਸੀਂ ਇਸ ਕਾਰਡ ਦੀ ਸਹਾਇਤਾ ਨਾਲ ਕਾਮਯਾਬੀ ਨਾਲ ਪ੍ਰਚਾਰ ਕੀਤਾ। ਇੱਕੋ ਮਹੀਨੇ ਵਿਚ ਅਸੀਂ 1,000 ਤੋਂ ਜ਼ਿਆਦਾ ਕਿਤਾਬਾਂ ਵੰਡੀਆਂ। ਜਿਨ੍ਹਾਂ ਨੇ ਸਾਡੇ ਤੋਂ ਬਾਈਬਲ ਸਾਹਿੱਤ ਲਿਆ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸੱਚਾਈ ਵਿਚ ਆ ਗਏ। ਸੱਚੀ ਗੱਲ ਕਹਾਂ ਤਾਂ ਸਾਡੇ ਸਾਹਿੱਤ ਨੇ ਇੰਨੇ ਅਸਰਦਾਰ ਤਰੀਕੇ ਨਾਲ ਗਵਾਹੀ ਦਿੱਤੀ ਕਿ ਉੱਨੇ ਵਧੀਆ ਤਰੀਕੇ ਨਾਲ ਅਸੀਂ ਵੀ ਨਹੀਂ ਦੇ ਸਕਦੇ ਸੀ। ਇਸ ਨਾਲ ਮੈਨੂੰ ਪੂਰਾ ਭਰੋਸਾ ਹੋ ਗਿਆ ਕਿ ਦਿਲਚਸਪੀ ਰੱਖਣ ਵਾਲਿਆਂ ਨੂੰ ਪੜ੍ਹਨ ਲਈ ਸਾਹਿੱਤ ਦੇਣਾ ਬਹੁਤ ਹੀ ਜ਼ਰੂਰੀ ਹੈ।

ਉਸ ਸਮੇਂ ਰੀਓ ਡੇ ਜਨੇਰੋ ਬ੍ਰਾਜ਼ੀਲ ਦੀ ਰਾਜਧਾਨੀ ਹੁੰਦੀ ਸੀ ਅਤੇ ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਨੇ ਸਾਡਾ ਸੰਦੇਸ਼ ਖ਼ੁਸ਼ੀ-ਖ਼ੁਸ਼ੀ ਸੁਣਿਆ। ਮੈਨੂੰ ਰੱਖਿਆ ਮੰਤਰੀ ਅਤੇ ਹਥਿਆਰਬੰਦ ਫ਼ੌਜ ਦੇ ਮੰਤਰੀ ਨੂੰ ਗਵਾਹੀ ਦੇਣ ਦਾ ਮੌਕਾ ਮਿਲਿਆ। ਇਨ੍ਹਾਂ ਮੌਕਿਆਂ ਤੇ ਮੈਂ ਦੇਖਿਆ ਕਿ ਯਹੋਵਾਹ ਦੀ ਆਤਮਾ ਨੇ ਮੇਰੀ ਸਹਾਇਤਾ ਕੀਤੀ।

ਇਕ ਵਾਰ ਮੈਂ ਰੀਓ ਸ਼ਹਿਰ ਦੇ ਚੌਂਕ ਵਿਚ ਪ੍ਰਚਾਰ ਕਰਦਾ ਹੋਇਆ ਨਿਆਂ ਵਿਭਾਗ ਦੀ ਇਮਾਰਤ ਵਿਚ ਚਲਾ ਗਿਆ। ਤੁਰਦੇ-ਤੁਰਦੇ ਮੈਂ ਇਕ ਕਮਰੇ ਵਿਚ ਗਿਆ ਜਿਸ ਦੇ ਅੰਦਰ ਚਾਰੇ-ਪਾਸੇ ਆਦਮੀ ਖੜ੍ਹੇ ਸਨ ਤੇ ਉਨ੍ਹਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਗੱਭੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਦਾਹ-ਸੰਸਕਾਰ ਦੀਆਂ ਰਸਮਾਂ ਚੱਲ ਰਹੀਆਂ ਸਨ। ਕਮਰੇ ਵਿਚ ਇਕ ਪ੍ਰਭਾਵਸ਼ਾਲੀ ਆਦਮੀ ਬੈਠਾ ਹੋਇਆ ਸੀ ਤੇ ਮੈਂ ਉਸ ਕੋਲ ਜਾ ਕੇ ਉਸ ਨੂੰ ਗਵਾਹੀ ਕਾਰਡ ਫੜਾਇਆ। ਉੱਥੇ ਕੋਈ ਦਾਹ-ਸੰਸਕਾਰ ਦੀਆਂ ਰਸਮਾਂ ਨਹੀਂ ਚੱਲ ਰਹੀਆਂ ਸਨ। ਅਸਲ ਵਿਚ ਉੱਥੇ ਇਕ ਮੁਕੱਦਮੇ ਦੀ ਕਾਰਵਾਈ ਚੱਲ ਰਹੀ ਸੀ ਤੇ ਮੈਂ ਉਸ ਵੇਲੇ ਜੱਜ ਨਾਲ ਗੱਲ ਕਰ ਰਿਹਾ ਸੀ। ਹੱਸਦੇ ਹੋਏ ਉਸ ਨੇ ਸੁਰੱਖਿਆ ਗਾਰਡਾਂ ਨੂੰ ਮੇਰੇ ਖ਼ਿਲਾਫ ਕੋਈ ਕਾਰਵਾਈ ਨਾ ਕਰਨ ਦਾ ਇਸ਼ਾਰਾ ਕੀਤਾ। ਉਸ ਨੇ ਖ਼ੁਸ਼ੀ ਖ਼ੁਸ਼ੀ ਨਾਲ ਮੇਰੇ ਤੋਂ ਬੱਚੇ * (ਅੰਗ੍ਰੇਜ਼ੀ) ਨਾਮਕ ਕਿਤਾਬ ਲਈ ਤੇ ਦਾਨ ਦਿੱਤਾ। ਜਦੋਂ ਮੈਂ ਬਾਹਰ ਨਿੱਕਲਿਆ, ਤਾਂ ਇਕ ਗਾਰਡ ਨੇ ਮੈਨੂੰ ਦਰਵਾਜ਼ੇ ਉੱਤੇ ਸਾਫ਼-ਸਾਫ਼ ਲਿਖਿਆ ਦਿਖਾਇਆ: ਬਿਨਾਂ ਇਜਾਜ਼ਤ ਅੰਦਰ ਆਉਣਾ ਮਨ੍ਹਾ ਹੈ।

ਬੰਦਰਗਾਹ ਤੇ ਵੀ ਪ੍ਰਚਾਰ ਕਰਨ ਦਾ ਬਹੁਤ ਫ਼ਾਇਦਾ ਹੁੰਦਾ ਸੀ। ਇਕ ਵਾਰ ਮੈਂ ਜਹਾਜ਼ ਤੇ ਕੰਮ ਕਰਨ ਵਾਲੇ ਇਕ ਆਦਮੀ ਨੂੰ ਮਿਲਿਆ ਜਿਸ ਨੇ ਮੇਰੇ ਤੋਂ ਕੁਝ ਕਿਤਾਬਾਂ ਲਈਆਂ। ਅਸੀਂ ਕੁਝ ਸਮੇਂ ਬਾਅਦ ਉਸ ਨੂੰ ਇਕ ਅਸੈਂਬਲੀ ਵਿਚ ਮਿਲੇ। ਉਸ ਦਾ ਪੂਰਾ ਪਰਿਵਾਰ ਸੱਚਾਈ ਵਿਚ ਆ ਗਿਆ ਸੀ ਅਤੇ ਉਹ ਆਪ ਵੀ ਚੰਗੀ ਤਰੱਕੀ ਕਰ ਰਿਹਾ ਸੀ। ਇਹ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ।

ਪਰ ਸਾਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨਾ ਪਿਆ। ਸਾਡਾ ਛੇ ਮਹੀਨੇ ਦਾ ਵੀਜ਼ਾ ਖ਼ਤਮ ਹੋ ਗਿਆ ਸੀ ਅਤੇ ਸਾਨੂੰ ਲੱਗਦਾ ਸੀ ਕਿ ਸਾਨੂੰ ਇੱਥੋਂ ਜਾਣਾ ਪਵੇਗਾ। ਅਸੀਂ ਇਸ ਬਾਰੇ ਹੈੱਡ ਕੁਆਰਟਰ ਨੂੰ ਲਿਖਿਆ। ਭਰਾ ਰਦਰਫ਼ਰਡ ਨੇ ਸਾਨੂੰ ਬਹੁਤ ਸੋਹਣੀ ਚਿੱਠੀ ਲਿਖੀ ਤੇ ਸਾਨੂੰ ਆਪਣੇ ਕੰਮ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਆਪਣੇ ਵੀਜ਼ੇ ਲਈ ਕੀ ਕਰਨਾ ਚਾਹੀਦਾ ਸੀ। ਅਸੀਂ ਬ੍ਰਾਜ਼ੀਲ ਵਿਚ ਰਹਿਣਾ ਚਾਹੁੰਦੇ ਸੀ, ਇਸ ਲਈ ਅਸੀਂ ਇਕ ਵਕੀਲ ਦੀ ਮਦਦ ਨਾਲ 1945 ਵਿਚ ਬ੍ਰਾਜ਼ੀਲ ਪੱਕੇ ਤੌਰ ਤੇ ਰਹਿਣ ਦਾ ਵੀਜ਼ਾ ਹਾਸਲ ਕਰ ਲਿਆ।

ਲੰਬੇ ਸਮੇਂ ਦੀ ਨਿਯੁਕਤੀ

ਪਰ ਇਸ ਤੋਂ ਪਹਿਲਾਂ ਹੀ 1941 ਵਿਚ ਸਾਡਾ ਪੁੱਤ ਯੋਨਾਥਾਨ, 1943 ਵਿਚ ਸਾਡੀ ਧੀ ਰੂਤ ਅਤੇ 1945 ਵਿਚ ਐਸਤਰ ਪੈਦਾ ਹੋਈ ਸੀ। ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਮੈਨੂੰ ਨੌਕਰੀ ਕਰਨੀ ਪਈ। ਮਾਰਗਾਰੀਟਾ ਐਸਤਰ ਦੇ ਪੈਦਾ ਹੋਣ ਤਕ ਪਾਇਨੀਅਰੀ ਕਰਦੀ ਰਹੀ।

ਅਸੀਂ ਸ਼ੁਰੂ ਤੋਂ ਹੀ ਪੂਰਾ ਪਰਿਵਾਰ ਮਿਲ ਕੇ ਬਾਜ਼ਾਰਾਂ ਵਿਚ, ਰੇਲਵੇ ਸਟੇਸ਼ਨਾਂ ਤੇ, ਸੜਕਾਂ ਤੇ ਅਤੇ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਦੇ ਹੁੰਦੇ ਸੀ। ਹਰ ਸ਼ਨੀਵਾਰ ਸ਼ਾਮ ਨੂੰ ਅਸੀਂ ਇਕੱਠੇ ਹੋ ਕੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਿਆ ਕਰਦੇ ਸੀ ਤੇ ਇਨ੍ਹਾਂ ਮੌਕਿਆਂ ਤੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਸੀ।

ਘਰ ਵਿਚ ਹਰ ਬੱਚੇ ਨੂੰ ਕੋਈ ਨਾ ਕੋਈ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਯੋਨਾਥਨ ਦਾ ਕੰਮ ਸਟੋਵ ਤੇ ਰਸੋਈ ਦੀ ਸਫ਼ਾਈ ਕਰਨਾ ਸੀ। ਕੁੜੀਆਂ ਫਰਿੱਜ ਸਾਫ਼ ਕਰਦੀਆਂ, ਵਿਹੜੇ ਵਿਚ ਝਾੜੂ ਫੇਰਦੀਆਂ ਅਤੇ ਸਾਡੇ ਬੂਟ ਪਾਲਿਸ਼ ਕਰਦੀਆਂ ਸਨ। ਇਸ ਨਾਲ ਉਨ੍ਹਾਂ ਨੇ ਹਰ ਕੰਮ ਚੰਗੇ ਤਰੀਕੇ ਨਾਲ ਕਰਨਾ ਸਿੱਖਿਆ। ਅੱਜ ਸਾਡੇ ਬੱਚੇ ਆਪਣੇ ਘਰਾਂ ਤੇ ਚੀਜ਼ਾਂ ਦੀ ਬਹੁਤ ਮਿਹਨਤ ਨਾਲ ਦੇਖ-ਭਾਲ ਕਰਦੇ ਹਨ ਜਿਸ ਤੋਂ ਮੈਨੂੰ ਤੇ ਮਾਰਗਾਰੀਟਾ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਅਸੀਂ ਬੱਚਿਆਂ ਨੂੰ ਸਿਖਾਇਆ ਸੀ ਕਿ ਉਹ ਮੀਟਿੰਗ ਵਿਚ ਕੋਈ ਸ਼ਰਾਰਤ ਵਗੈਰਾ ਨਾ ਕਰਨ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਪਾਣੀ ਪੀ ਲੈਂਦੇ ਸਨ ਤੇ ਬਾਥਰੂਮ ਵੀ ਜਾ ਆਉਂਦੇ ਸਨ। ਮੀਟਿੰਗ ਦੌਰਾਨ ਯੌਨਾਥਨ ਮੇਰੇ ਖੱਬੇ ਪਾਸੇ, ਰੂਤ ਸੱਜੇ ਪਾਸੇ ਤੇ ਉਸ ਦੇ ਨਾਲ ਮਾਰਗਾਰੀਟਾ ਅਤੇ ਉਸ ਦੇ ਸੱਜੇ ਪਾਸੇ ਐਸਤਰ ਬੈਠਦੀ ਸੀ। ਇਸ ਨਾਲ ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਮੀਟਿੰਗ ਵਿਚ ਧਿਆਨ ਨਾਲ ਸੁਣਨਾ ਅਤੇ ਅਧਿਆਤਮਿਕ ਭੋਜਨ ਲੈਣਾ ਸਿੱਖਿਆ।

ਯਹੋਵਾਹ ਨੇ ਸਾਡੀ ਮਿਹਨਤ ਤੇ ਬਰਕਤ ਪਾਈ। ਅੱਜ ਸਾਰੇ ਬੱਚੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ ਅਤੇ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈਂਦੇ ਹਨ। ਯੋਨਾਥਨ ਰੀਓ ਡੇ ਜਨੇਰੋ ਦੀ ਨੋਵਾ ਮੇਅਰ ਕਲੀਸਿਯਾ ਵਿਚ ਬਜ਼ੁਰਗ ਹੈ।

ਸਾਲ 1970 ਤਕ ਸਾਰੇ ਬੱਚਿਆਂ ਨੇ ਵਿਆਹ ਕਰਾ ਕੇ ਆਪਣੇ ਘਰ ਵਸਾ ਲਏ ਸਨ, ਇਸ ਲਈ ਮੈਂ ਤੇ ਮਾਰਗਾਰੀਟਾ ਨੇ ਫ਼ੈਸਲਾ ਕੀਤਾ ਕਿ ਅਸੀਂ ਉੱਥੇ ਜਾ ਕੇ ਸੇਵਾ ਕਰਾਂਗੇ ਜਿੱਥੇ ਜ਼ਿਆਦਾ ਲੋੜ ਹੈ। ਸਭ ਤੋਂ ਪਹਿਲਾਂ ਅਸੀਂ ਮੀਨ ਜ਼ਰੀਸ ਨਾਂ ਦੇ ਰਾਜ ਵਿਚ ਪੋਕੂਸ ਡੇ ਕਾਲਡਾਸ ਸ਼ਹਿਰ ਵਿਚ ਗਏ ਜਿੱਥੇ 19 ਪ੍ਰਕਾਸ਼ਕਾਂ ਦੀ ਛੋਟੀ ਜਿਹੀ ਕਲੀਸਿਯਾ ਸੀ। ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਦੀ ਮੀਟਿੰਗ ਕਰਨ ਦੀ ਜਗ੍ਹਾ ਦੇਖੀ, ਤਾਂ ਮੈਨੂੰ ਬਹੁਤ ਦੁੱਖ ਹੋਇਆ। ਉਹ ਇਕ ਤਹਿਖ਼ਾਨੇ ਵਿਚ ਮੀਟਿੰਗ ਕਰਦੇ ਸਨ ਜਿਸ ਵਿਚ ਕੋਈ ਬਾਰੀ ਨਹੀਂ ਸੀ ਤੇ ਥਾਂ-ਥਾਂ ਤੋਂ ਟੁੱਟਿਆ ਹੋਇਆ ਸੀ। ਅਸੀਂ ਤੁਰੰਤ ਵਧੀਆ ਕਿੰਗਡਮ ਹਾਲ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਜਲਦੀ ਹੀ ਸਾਨੂੰ ਬਹੁਤ ਵਧੀਆ ਇਲਾਕੇ ਵਿਚ ਇਕ ਸੋਹਣੀ ਬਿਲਡਿੰਗ ਮਿਲ ਗਈ। ਇਸ ਦਾ ਸਾਨੂੰ ਬਹੁਤ ਫ਼ਾਇਦਾ ਹੋਇਆ। ਸਾਢੇ ਚਾਰ ਸਾਲ ਬਾਅਦ ਪ੍ਰਕਾਸ਼ਕਾਂ ਦੀ ਗਿਣਤੀ ਵਧ ਕੇ 155 ਹੋ ਗਈ। ਸਾਲ 1989 ਵਿਚ ਅਸੀਂ ਰੀਓ ਡੇ ਜਨੇਰੋ ਵਿਚ ਅਰਾਰਯੂਆਮ ਸ਼ਹਿਰ ਚਲੇ ਗਏ ਜਿੱਥੇ ਅਸੀਂ ਨੌਂ ਸਾਲ ਤਕ ਸੇਵਾ ਕੀਤੀ। ਇਸ ਸਮੇਂ ਦੌਰਾਨ ਅਸੀਂ ਉੱਥੇ ਦੋ ਨਵੀਆਂ ਕਲੀਸਿਯਾਵਾਂ ਬਣਦੀਆਂ ਦੇਖੀਆਂ।

ਆਪਣੇ ਕੰਮ ਵਿਚ ਲੱਗੇ ਰਹਿਣ ਦੇ ਇਨਾਮ

ਸਾਲ 1998 ਵਿਚ ਸਿਹਤ ਖ਼ਰਾਬ ਹੋਣ ਕਰਕੇ ਅਤੇ ਆਪਣੇ ਬੱਚਿਆਂ ਦੇ ਲਾਗੇ ਰਹਿਣ ਦੀ ਇੱਛਾ ਕਰਕੇ ਅਸੀਂ ਰੀਓ ਡੇ ਜਨੇਰੋ ਵਿਚ ਸਾਓ ਗਨਸਾਲੋ ਚਲੇ ਗਏ। ਇੱਥੇ ਮੈਂ ਅਜੇ ਵੀ ਕਲੀਸਿਯਾ ਦੇ ਬਜ਼ੁਰਗ ਵਜੋਂ ਸੇਵਾ ਕਰਦਾ ਹਾਂ। ਅਸੀਂ ਪ੍ਰਚਾਰ ਦੇ ਕੰਮ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਮਾਰਗਾਰੀਟਾ ਨੂੰ ਘਰ ਦੇ ਲਾਗੇ ਬਾਜ਼ਾਰ ਵਿਚ ਲੋਕਾਂ ਨੂੰ ਗਵਾਹੀ ਦੇ ਕੇ ਬਹੁਤ ਮਜ਼ਾ ਆਉਂਦਾ ਹੈ। ਕਲੀਸਿਯਾ ਨੇ ਸਾਡੇ ਘਰ ਦੇ ਲਾਗੇ ਸਾਨੂੰ ਕੁਝ ਇਲਾਕਾ ਦਿੱਤਾ ਹੈ ਜਿੱਥੇ ਅਸੀਂ ਆਸਾਨੀ ਨਾਲ ਪ੍ਰਚਾਰ ਕਰਨ ਲਈ ਜਾ ਸਕਦੇ ਹਾਂ।

ਮੈਂ ਤੇ ਮਾਰਗਾਰੀਟਾ ਸੱਠਾਂ ਸਾਲਾਂ ਤੋਂ ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ ਸੇਵਾ ਕਰ ਰਹੇ ਹਾਂ। ਅਸੀਂ ਆਪ ਇਹ ਗੱਲ ਦੇਖੀ ਹੈ ਕਿ ‘ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ। ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸਕਦੀ ਹੈ।’ (ਰੋਮੀਆਂ 8:38, 39) ਅਤੇ ‘ਹੋਰ ਭੇਡਾਂ’ ਇਕੱਠੀਆਂ ਹੁੰਦੀਆਂ ਦੇਖ ਕੇ ਵੀ ਬਹੁਤ ਖ਼ੁਸ਼ੀ ਹੋਈ ਹੈ ਜੋ ਪਰਮੇਸ਼ੁਰ ਦੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਨਾਲ ਸਜੀ ਧਰਤੀ ਉੱਤੇ ਹਮੇਸ਼ਾ-ਹਮੇਸ਼ਾ ਲਈ ਜੀਉਣ ਦੀ ਆਸ ਰੱਖਦੀਆਂ ਹਨ। (ਯੂਹੰਨਾ 10:16) ਜਦੋਂ ਅਸੀਂ 1940 ਵਿਚ ਰੀਓ ਡੇ ਜਨੇਰੋ ਆਏ ਸੀ, ਤਾਂ ਉਸ ਵੇਲੇ ਇੱਥੇ ਸਿਰਫ਼ ਇਕ ਕਲੀਸਿਯਾ ਅਤੇ 28 ਪ੍ਰਕਾਸ਼ਕ ਸਨ। ਅੱਜ ਇੱਥੇ ਤਕਰੀਬਨ 250 ਕਲੀਸਿਯਾਵਾਂ ਅਤੇ 20,000 ਤੋਂ ਜ਼ਿਆਦਾ ਪ੍ਰਕਾਸ਼ਕ ਹਨ।

ਸਾਨੂੰ ਕਈ ਵਾਰ ਯੂਰਪ ਵਿਚ ਆਪਣੇ ਪਰਿਵਾਰਾਂ ਕੋਲ ਮੁੜ ਜਾਣ ਦਾ ਮੌਕਾ ਮਿਲਿਆ। ਪਰ ਯਹੋਵਾਹ ਨੇ ਸਾਨੂੰ ਬ੍ਰਾਜ਼ੀਲ ਵਿਚ ਸੇਵਾ ਕਰਨ ਲਈ ਭੇਜਿਆ ਸੀ। ਅਸੀਂ ਅੱਜ ਬਹੁਤ ਖ਼ੁਸ਼ ਹਾਂ ਕਿ ਅਸੀਂ ਆਪਣੇ ਕੰਮ ਵਿਚ ਲੱਗੇ ਰਹੇ।

[ਫੁਟਨੋਟ]

^ ਪੈਰਾ 11 ਇਹ ਪੁਸਤਕਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਸਨ, ਪਰ ਹੁਣ ਨਹੀਂ ਛਾਪੀਆਂ ਜਾਂਦੀਆਂ।

^ ਪੈਰਾ 12 ਇਹ ਪੁਸਤਕਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਸਨ, ਪਰ ਹੁਣ ਨਹੀਂ ਛਾਪੀਆਂ ਜਾਂਦੀਆਂ।

^ ਪੈਰਾ 33 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ੇ 21 ਉੱਤੇ ਤਸਵੀਰ]

ਸਾਲ 1930 ਦੇ ਦਹਾਕੇ ਵਿਚ ਸ਼ਟੈਫੀਸਬਰਗ, ਸਵਿਟਜ਼ਰਲੈਂਡ ਵਿਚ ਕਿੰਗਡਮ ਫਾਰਮ ਵਿਚ (ਮੈਂ ਇਕ ਦਮ ਖੱਬੇ ਪਾਸੇ ਤੇ ਹਾਂ)

[ਸਫ਼ੇ 23 ਉੱਤੇ ਤਸਵੀਰ]

ਸਾਲ 1939 ਵਿਚ ਸਾਡੇ ਵਿਆਹ ਤੋਂ ਕੁਝ ਸਮਾਂ ਪਹਿਲਾਂ

[ਸਫ਼ੇ 23 ਉੱਤੇ ਤਸਵੀਰ]

ਸਾਲ 1940 ਦੇ ਦਹਾਕੇ ਵਿਚ ਕੈਸੇਬਲਾਂਕਾ ਵਿਚ

[ਸਫ਼ੇ 23 ਉੱਤੇ ਤਸਵੀਰ]

ਪੂਰਾ ਪਰਿਵਾਰ ਮਿਲ ਕੇ ਪ੍ਰਚਾਰ ਕਰਦਾ ਹੋਇਆ

[ਸਫ਼ੇ 24 ਉੱਤੇ ਤਸਵੀਰ]

ਅੱਜ ਵੀ ਪ੍ਰਚਾਰ ਸੇਵਾ ਵਿਚ ਬਾਕਾਇਦਾ ਹਿੱਸਾ ਲੈਂਦੇ ਹਾਂ