ਕਿੰਗਡਮ ਹਾਲ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਕਿੰਗਡਮ ਹਾਲ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ
ਜਿਉਂ-ਜਿਉਂ ਯਿਸੂ ਆਪਣੇ ਚੇਲਿਆਂ ਨੂੰ ਪ੍ਰਚਾਰ ਦਾ ਕੰਮ ਕਰਨਾ ਸਿਖਾ ਰਿਹਾ ਸੀ, ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਕੋਠਿਆਂ ਉੱਤੇ ਉਹ ਦਾ ਪਰਚਾਰ ਕਰਨ।’ (ਮੱਤੀ 10:27) ਜੀ ਹਾਂ, ਉਨ੍ਹਾਂ ਨੇ ਆਪਣੀ ਮਸੀਹੀ ਸੇਵਕਾਈ ਖੁੱਲ੍ਹੇ-ਆਮ ਕਰਨੀ ਸੀ। ਇਸ ਸਲਾਹ ਨੂੰ ਲਾਗੂ ਕਰਦੇ ਹੋਏ, ਅੱਜ ਯਹੋਵਾਹ ਦੇ ਗਵਾਹ ਵੀ ਖੁੱਲ੍ਹੇ-ਆਮ ਪ੍ਰਚਾਰ ਦਾ ਕੰਮ ਕਰਦੇ ਹਨ। ਇਸ ਤਰ੍ਹਾਂ ਪ੍ਰਚਾਰ ਕਰਨ ਕਰਕੇ ਗਵਾਹਾਂ ਨੇ ਵਿਰੋਧਤਾ ਦਾ ਸਾਮ੍ਹਣਾ ਕਰਨ ਦੇ ਨਾਲ-ਨਾਲ ਲੋਕਾਂ ਦੀ ਤਾਰੀਫ਼ ਵੀ ਪਾਈ ਹੈ।
ਭਾਵੇਂ ਕਿ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਆਉਣ ਦਾ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ, ਪਰ ਬਹੁਤ ਸਾਰੇ ਲੋਕ ਕਈ ਕਾਰਨਾਂ ਕਰਕੇ ਹਾਲ ਅੰਦਰ ਆਉਣ ਤੋਂ ਹਿਚਕਚਾਉਂਦੇ ਹਨ। ਇਹ ਫਿਨਲੈਂਡ ਬਾਰੇ ਸੱਚ ਹੈ। ਕਈ ਲੋਕ ਨਵੀਂ ਜਗ੍ਹਾ ਤੇ ਜਾਣ ਤੋਂ ਡਰਦੇ ਜਾਂ ਸੰਗਦੇ ਹਨ। ਜਦ ਇਕ ਨਵਾਂ ਕਿੰਗਡਮ ਹਾਲ ਬਣਾਇਆ ਜਾਂਦਾ ਹੈ ਜਾਂ ਕਿਸੇ ਪੁਰਾਣੇ ਹਾਲ ਦੀ ਮੁਰੰਮਤ ਕੀਤੀ ਜਾਂਦੀ ਹੈ, ਤਾਂ ਕਈ ਵਾਰ ਇਕ ਦਿਨ ਰੱਖਿਆ ਜਾਂਦਾ ਹੈ ਜਿਸ ਦਿਨ ਸਾਰੇ ਲੋਕ ਆ ਕੇ ਕਿੰਗਡਮ ਹਾਲ ਦੇਖ ਸਕਦੇ ਹਨ। ਯਹੋਵਾਹ ਦੇ ਗਵਾਹ ਵੱਡਾ ਜਤਨ ਕਰ ਕੇ ਲੋਕਾਂ ਨੂੰ ਇਸ ਦਿਨ ਤੇ ਬੁਲਾਉਂਦੇ ਹਨ, ਜਿਸ ਰਾਹੀਂ ਲੋਕ ਯਹੋਵਾਹ ਦੇ ਗਵਾਹਾਂ ਦੇ ਕੰਮਾਂ-ਕਾਰਾਂ ਨੂੰ ਬਿਹਤਰ ਤਰੀਕੇ ਨਾਲ ਜਾਣ ਸਕਦੇ ਹਨ।
ਇਕ ਜਗ੍ਹਾ ਜਿਸ ਦਿਨ ਗਵਾਹਾਂ ਨੇ ਪਬਲਿਕ ਨੂੰ ਨਵਾਂ ਕਿੰਗਡਮ ਹਾਲ ਦੇਖਣ ਲਈ ਬੁਲਾਇਆ ਸੀ, ਉਸ ਦਿਨ ਉਨ੍ਹਾਂ ਨੇ ਰਸਾਲੇ ਵੰਡਣ ਦਾ ਇੰਤਜ਼ਾਮ ਵੀ ਕੀਤਾ। ਦੋ ਗਵਾਹਾਂ ਨੂੰ ਇਕ ਸਿਆਣਾ ਆਦਮੀ ਮਿਲਿਆ ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹਨੇ ਬਹੁਤ ਪਸੰਦ ਕਰਦਾ ਸੀ। ਉਨ੍ਹਾਂ ਦੋ ਭਰਾਵਾਂ ਨੇ ਇਸ ਬੰਦੇ ਨੂੰ ਨਵੇਂ ਕਿੰਗਡਮ ਹਾਲ ਬਾਰੇ ਦੱਸਿਆ ਕਿ ਉਹ ਸਾਰਿਆਂ ਨੂੰ ਹਾਲ ਦੇਖਣ ਲਈ ਬੁਲਾ ਰਹੇ ਸਨ ਅਤੇ ਜੇ ਉਹ ਚਾਹੇ, ਤਾਂ ਉਹ ਉਸ ਨੂੰ ਆਪਣੇ ਨਾਲ ਲਿਜਾ ਸਕਦੇ ਸਨ। ਬੰਦੇ ਨੇ ਕਿਹਾ ਕਿ ਉਸ ਨੂੰ ਆਉਣ ਵਿਚ ਬਹੁਤ ਖ਼ੁਸ਼ੀ ਹੋਵੇਗੀ। ਉਸ ਦੀ ਪਤਨੀ ਵੀ ਗੱਲਬਾਤ ਸੁਣ ਰਹੀ ਸੀ ਅਤੇ ਬੋਲੀ: “ਮੈਂ ਵੀ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ!”
ਕਿੰਗਡਮ ਹਾਲ ਦੇ ਅੰਦਰ ਜਾ ਕੇ ਇਸ ਆਦਮੀ ਨੇ ਆਲੇ-ਦੁਆਲੇ ਦੇਖ ਕੇ ਕਿਹਾ: “ਇਹ ਤਾਂ ਜ਼ਰਾ ਵੀ ਕਾਲਾ ਨਹੀਂ ਹੈ। ਇੱਥੇ ਤਾਂ ਕਾਫ਼ੀ ਰੌਸ਼ਨੀ ਹੈ ਅਤੇ ਇਹ ਜਗ੍ਹਾ ਬਹੁਤ ਹੀ ਸੁੰਦਰ ਹੈ। ਮੈਨੂੰ ਤਾਂ ਦੱਸਿਆ ਗਿਆ ਸੀ ਕਿ ਹਾਲ ਅੰਦਰੋਂ ਕਾਲਾ-ਕਾਲਾ ਹੋਵੇਗਾ!” ਇਸ ਜੋੜੇ ਨੇ ਹਾਲ ਵਿਚ ਕਾਫ਼ੀ ਸਮਾਂ ਗੁਜ਼ਾਰਿਆ ਅਤੇ ਉੱਥੋਂ ਕੁਝ ਰਸਾਲੇ ਵਗੈਰਾ ਵੀ ਲਏ।
ਇਕ ਕਲੀਸਿਯਾ ਨੇ ਕਿੰਗਡਮ ਹਾਲ ਦੇ ਉਦਘਾਟਨ ਦੇ ਦਿਨ ਲੋਕਾਂ ਨੂੰ ਨਵਾਂ ਹਾਲ ਦਿਖਾਉਣ ਦਾ ਪ੍ਰਬੰਧ ਵੀ ਬਣਾਇਆ। ਉਹ ਇਸ ਪ੍ਰਬੰਧ ਬਾਰੇ ਅਖ਼ਬਾਰ ਵਿਚ ਸੂਚਨਾ ਦੇਣੀ ਚਾਹੁੰਦੇ ਸਨ। ਜਦ ਅਖ਼ਬਾਰ ਦੇ ਮੁੱਖ ਐਡੀਟਰ ਨੂੰ ਇਸ ਬਾਰੇ ਖ਼ਬਰ ਮਿਲੀ, ਤਾਂ ਉਸ ਨੇ ਸਲਾਹ ਦਿੱਤੀ ਕਿ ਇਸ ਬਾਰੇ ਇਕ ਲੇਖ ਲਿਖਿਆ ਜਾਵੇ। ਗਵਾਹਾਂ ਨੇ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਉਸ ਦਿਨ ਬਾਰੇ ਅਤੇ ਕਲੀਸਿਯਾ ਦੇ ਹੋਰ ਕੰਮਾਂ-ਕਾਰਾਂ ਬਾਰੇ ਅੱਧੇ ਸਫ਼ੇ ਦਾ ਲੇਖ ਲਿਖਿਆ ਗਿਆ।
ਜਦ ਅਖ਼ਬਾਰ ਵਿਚ ਇਹ ਲੇਖ ਛਾਪਿਆ ਗਿਆ, ਤਾਂ ਇਕ ਸਿਆਣੀ ਗਵਾਹ ਭੈਣ ਨੂੰ ਉਸ ਦੀ ਗੁਆਂਢਣ ਮਿਲੀ ਜਿਸ ਨੇ ਉਸ ਨੂੰ ਕਿਹਾ: “ਅੱਜ ਦੀ ਅਖ਼ਬਾਰ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਬੜਾ ਅੱਛਾ ਲੇਖ ਛਪਿਆ ਹੈ!” ਸਾਡੀ ਭੈਣ ਨੂੰ ਸੱਚਾਈ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਉਸ ਨੇ ਆਪਣੀ ਗੁਆਂਢਣ ਨੂੰ ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ (ਅੰਗ੍ਰੇਜ਼ੀ) ਨਾਮਕ ਬ੍ਰੋਸ਼ਰ ਵੀ ਦਿੱਤਾ।
ਅਜਿਹੇ ਪ੍ਰਬੰਧਾਂ ਦੁਆਰਾ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤਫ਼ਹਿਮੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ-ਨਾਲ ਗਵਾਹ ਵੀ ਇਨ੍ਹਾਂ ਮੌਕਿਆਂ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬੁਲਾਉਣ ਲਈ ਉਤੇਜਿਤ ਹੁੰਦੇ ਹਨ। ਜੀ ਹਾਂ, ਫਿਨਲੈਂਡ ਅਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਨੇ ਸਿੱਖਿਆ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲਾਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ।