Skip to content

Skip to table of contents

“ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ”

“ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ”

“ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ”

“ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪ੍ਰੇਮ ਰੱਖੋ।”—1 ਪਤਰਸ 2:17.

1, 2. (ੳ) ਅਖ਼ਬਾਰ ਦੇ ਇਕ ਪੱਤਰਕਾਰ ਨੇ ਯਹੋਵਾਹ ਦੇ ਗਵਾਹਾਂ ਬਾਰੇ ਕੀ ਕਿਹਾ ਸੀ? (ਅ) ਯਹੋਵਾਹ ਦੇ ਗਵਾਹ ਚੰਗਾ ਚਾਲ-ਚਲਣ ਰੱਖਣ ਦੀ ਇੰਨੀ ਕੋਸ਼ਿਸ਼ ਕਿਉਂ ਕਰਦੇ ਹਨ?

ਕਈ ਸਾਲ ਪਹਿਲਾਂ, ਅਮਰੀਕਾ ਵਿਚ ਟੈਕਸਸ ਦੇ ਅਮਰਿਲੋ ਸ਼ਹਿਰ ਵਿਚ ਇਕ ਅਖ਼ਬਾਰ ਦਾ ਪੱਤਰਕਾਰ ਉਸ ਇਲਾਕੇ ਦੇ ਵੱਖੋ-ਵੱਖਰੇ ਚਰਚਾਂ ਵਿਚ ਗਿਆ ਅਤੇ ਉਸ ਨੇ ਉਨ੍ਹਾਂ ਵਿਚ ਜੋ ਦੇਖਿਆ, ਉਸ ਨੂੰ ਲਿਖ ਲਿਆ। ਉਹ ਯਹੋਵਾਹ ਦੇ ਗਵਾਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਕਿਹਾ: “ਅਮਰਿਲੋ ਸ਼ਹਿਰੀ ਕੇਂਦਰ ਵਿਚ ਹੁੰਦੇ ਯਹੋਵਾਹ ਦੇ ਗਵਾਹਾਂ ਦੇ ਸਾਲਾਨਾ ਸੰਮੇਲਨਾਂ ਵਿਚ ਮੈਂ ਤਿੰਨ ਸਾਲ ਜਾਂਦਾ ਰਿਹਾ। ਮੈਂ ਉਨ੍ਹਾਂ ਲੋਕਾਂ ਨਾਲ ਮਿਲ-ਵਰਤ ਕੇ ਦੇਖਿਆ ਕਿ ਸੰਮੇਲਨਾਂ ਦੌਰਾਨ ਉਨ੍ਹਾਂ ਵਿੱਚੋਂ ਕਦੇ ਕਿਸੇ ਨੇ ਨਾ ਹੀ ਸਿਗਰਟ ਲਾਈ, ਨਾ ਬੀਅਰ ਦੀ ਬੋਤਲ ਖੋਲ੍ਹੀ ਅਤੇ ਨਾ ਹੀ ਗਾਲ ਕੱਢੀ। ਉਹ ਬਹੁਤ ਹੀ ਸ਼ਰੀਫ਼ ਅਤੇ ਸਾਫ਼-ਸੁਥਰੇ ਲੋਕ ਹਨ ਤੇ ਉਨ੍ਹਾਂ ਦਾ ਪਹਿਰਾਵਾ ਹਮੇਸ਼ਾ ਚੰਗਾ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਮਿਲਿਆ।” ਯਹੋਵਾਹ ਦੇ ਗਵਾਹਾਂ ਬਾਰੇ ਇਸ ਤਰ੍ਹਾਂ ਦੇ ਹੋਰ ਵੀ ਕਈ ਵਿਚਾਰ ਛਾਪੇ ਗਏ ਹਨ। ਜੋ ਲੋਕ ਗਵਾਹ ਨਹੀਂ ਹਨ, ਉਹ ਗਵਾਹਾਂ ਦੀ ਅਕਸਰ ਸ਼ਲਾਘਾ ਕਿਉਂ ਕਰਦੇ ਹਨ?

2 ਆਮ ਤੌਰ ਤੇ ਪਰਮੇਸ਼ੁਰ ਦੇ ਲੋਕਾਂ ਦੀ ਸ਼ਲਾਘਾ ਉਨ੍ਹਾਂ ਦੇ ਨੇਕ ਚਾਲ-ਚਲਣ ਕਾਰਨ ਕੀਤੀ ਜਾਂਦੀ ਹੈ। ਜਦ ਕਿ ਇਸ ਦੁਨੀਆਂ ਦੇ ਮਿਆਰ ਵਿਗੜਦੇ ਜਾ ਰਹੇ ਹਨ, ਯਹੋਵਾਹ ਦੇ ਗਵਾਹ ਚਾਲ-ਚਲਣ ਦੇ ਉੱਚੇ ਮਿਆਰਾਂ ਮੁਤਾਬਕ ਚੱਲਣਾ ਆਪਣਾ ਫ਼ਰਜ਼ ਸਮਝਦੇ ਹਨ। ਹਾਂ, ਇਹ ਉਨ੍ਹਾਂ ਦੀ ਭਗਤੀ ਦਾ ਹਿੱਸਾ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਚਾਲ-ਚਲਣ ਕਾਰਨ ਯਹੋਵਾਹ ਦੇ ਨਾਂ ਦੀ ਅਤੇ ਉਨ੍ਹਾਂ ਦੇ ਮਸੀਹੀ ਭੈਣ-ਭਰਾਵਾਂ ਦੀ ਜਾਂ ਤਾਂ ਵਡਿਆਈ ਹੋ ਸਕਦੀ ਹੈ ਜਾਂ ਬਦਨਾਮੀ। ਅਤੇ ਉਨ੍ਹਾਂ ਦੇ ਨੇਕ ਚਾਲ-ਚਲਣ ਦੁਆਰਾ ਸੱਚਾਈ ਦੀ ਚੰਗੀ ਗਵਾਹੀ ਵੀ ਦਿੱਤੀ ਜਾ ਸਕਦੀ ਹੈ ਜਿਸ ਦਾ ਉਹ ਪ੍ਰਚਾਰ ਕਰਦੇ ਹਨ। (ਯੂਹੰਨਾ 15:8; ਤੀਤੁਸ 2:7, 8) ਤਾਂ ਫਿਰ ਆਓ ਆਪਾਂ ਦੇਖੀਏ ਕਿ ਅਸੀਂ ਚੰਗਾ ਚਾਲ-ਚਲਣ ਰੱਖ ਕੇ ਯਹੋਵਾਹ ਤੇ ਉਸ ਦੇ ਗਵਾਹਾਂ ਦੀ ਨੇਕਨਾਮੀ ਕਿਵੇਂ ਬਣਾਈ ਰੱਖ ਸਕਦੇ ਹਾਂ ਅਤੇ ਇਹ ਵੀ ਦੇਖੀਏ ਕਿ ਇਸ ਤਰ੍ਹਾਂ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ।

ਮਸੀਹੀ ਪਰਿਵਾਰ

3. ਮਸੀਹੀ ਪਰਿਵਾਰਾਂ ਦੀ ਕਿਸ ਚੀਜ਼ ਤੋਂ ਰੱਖਿਆ ਕਰਨ ਦੀ ਲੋੜ ਹੈ?

3 ਧਿਆਨ ਦਿਓ ਕਿ ਤੁਹਾਡਾ ਤੇ ਪਰਿਵਾਰ ਦਾ ਚਾਲ-ਚਲਣ ਕਿਹੋ ਜਿਹਾ ਹੈ। ਧਰਮ ਦੀ ਆਜ਼ਾਦੀ ਬਾਰੇ ਇਕ ਜਰਮਨ ਕਿਤਾਬ ਵਿਚ ਲਿਖਿਆ ਗਿਆ ਹੈ: “[ਯਹੋਵਾਹ ਦੇ ਗਵਾਹਾਂ ਅਨੁਸਾਰ] ਪਰਿਵਾਰ ਦੀ ਖ਼ਾਸ ਕਰਕੇ ਰੱਖਿਆ ਕੀਤੀ ਜਾਣੀ ਚਾਹੀਦੀ ਹੈ।” ਇਹ ਗੱਲ ਕਿੰਨੀ ਸੱਚੀ ਹੈ ਕਿਉਂਕਿ ਅੱਜ-ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਿਵਾਰ ਦੀ ਰੱਖਿਆ ਕਰਨ ਦੀ ਲੋੜ ਹੈ। ਬੱਚੇ “ਮਾਪਿਆਂ ਦਾ ਨਿਆਦਰ” ਕਰਦੇ ਹਨ ਅਤੇ ਵੱਡੇ “ਸੁਭਾਵਿਕ ਪਿਆਰ ਤੋਂ ਰਹਿਤ” ਜਾਂ “ਗੁਸੇ ਖ਼ੋਰ” ਹਨ। (2 ਤਿਮੋਥਿਉਸ 3:2, 3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਿਵਾਰਾਂ ਵਿਚ ਤੀਵੀਂ-ਆਦਮੀ ਇਕ-ਦੂਜੇ ਨੂੰ ਮਾਰਦੇ-ਕੁੱਟਦੇ ਹਨ, ਮਾਪੇ ਬੱਚਿਆਂ ਦੀ ਦੇਖ-ਭਾਲ ਕਰਨ ਦੀ ਬਜਾਇ ਉਨ੍ਹਾਂ ਨੂੰ ਕੁੱਟਦੇ, ਗਾਲ੍ਹਾਂ ਕੱਢਦੇ ਜਾਂ ਉਨ੍ਹਾਂ ਨਾਲ ਗੰਦੇ ਕੰਮ ਕਰਦੇ ਹਨ, ਬੱਚੇ ਕਹਿਣੇਕਾਰ ਨਹੀਂ ਹਨ। ਉਹ ਨਸ਼ੇ ਕਰਨ ਅਤੇ ਅਨੈਤਿਕ ਕੰਮ ਕਰਨ ਲੱਗ ਪੈਂਦੇ ਹਨ ਜਾਂ ਘਰੋਂ ਦੌੜ ਜਾਂਦੇ ਹਨ। ਇਹ ਸਭ ਕੁਝ ਦੁਨਿਆਵੀ ਖ਼ਿਆਲਾਂ ਦੇ ਬੁਰੇ ਪ੍ਰਭਾਵ ਦੇ ਨਤੀਜੇ ਵਜੋਂ ਹੋ ਰਿਹਾ ਹੈ। (ਅਫ਼ਸੀਆਂ 2:1, 2) ਸਾਨੂੰ ਆਪਣੇ ਪਰਿਵਾਰਾਂ ਨੂੰ ਅਜਿਹੇ ਪ੍ਰਭਾਵ ਤੋਂ ਦੂਰ ਰੱਖਣਾ ਚਾਹੀਦਾ ਹੈ। ਕਿਵੇਂ? ਯਹੋਵਾਹ ਵੱਲੋਂ ਪਰਿਵਾਰ ਨੂੰ ਦਿੱਤੀ ਸਲਾਹ ਅਤੇ ਨਿਰਦੇਸ਼ਨ ਉੱਤੇ ਚੱਲ ਕੇ।

4. ਮਸੀਹੀ ਪਰਿਵਾਰ ਦੇ ਮੈਂਬਰਾਂ ਦੀਆਂ ਇਕ-ਦੂਜੇ ਪ੍ਰਤੀ ਕਿਹੜੀਆਂ ਜ਼ਿੰਮੇਵਾਰੀਆਂ ਹਨ?

4 ਮਸੀਹੀ ਵਿਆਹੁਤਾ ਜੋੜੇ ਆਪਣੀ ਇਸ ਜ਼ਿੰਮੇਵਾਰੀ ਨੂੰ ਜਾਣਦੇ ਹਨ ਕਿ ਉਨ੍ਹਾਂ ਨੂੰ ਇਕ-ਦੂਜੇ ਦੀ ਭਾਵਾਤਮਕ, ਰੂਹਾਨੀ ਅਤੇ ਸਰੀਰਕ ਤੌਰ ਤੇ ਦੇਖ-ਭਾਲ ਕਰਨੀ ਚਾਹੀਦੀ ਹੈ। (1 ਕੁਰਿੰਥੀਆਂ 7:3-5; ਅਫ਼ਸੀਆਂ 5:21-23; 1 ਪਤਰਸ 3:7) ਮਸੀਹੀ ਮਾਪਿਆਂ ਦੇ ਸਿਰ ਤੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਦੀਆਂ ਭਾਰੀਆਂ ਜ਼ਿੰਮੇਵਾਰੀਆਂ ਹਨ। (ਕਹਾਉਤਾਂ 22:6; 2 ਕੁਰਿੰਥੀਆਂ 12:14; ਅਫ਼ਸੀਆਂ 6:4) ਅਤੇ ਮਸੀਹੀ ਪਰਿਵਾਰਾਂ ਦੇ ਬੱਚੇ ਵੀ ਸਿੱਖਦੇ ਹਨ ਕਿ ਘਰ ਵਿਚ ਉਨ੍ਹਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਹਨ। (ਕਹਾਉਤਾਂ 1:8, 9; 23:22; ਅਫ਼ਸੀਆਂ 6:1; 1 ਤਿਮੋਥਿਉਸ 5:3, 4, 8) ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਸਾਨੂੰ ਜਤਨ ਕਰਨ, ਡਟੇ ਰਹਿਣ ਅਤੇ ਪਿਆਰ ਨਾਲ ਆਪਣੇ ਘਰ ਦਿਆਂ ਦਾ ਭਲਾ ਕਰਨ ਦੀ ਲੋੜ ਹੈ। ਜੇ ਪਰਿਵਾਰ ਦੇ ਜੀਅ ਪਰਮੇਸ਼ੁਰ ਵੱਲੋਂ ਦਿੱਤੀ ਗਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ, ਤਾਂ ਉਹ ਆਪਣੇ ਪਰਿਵਾਰ ਲਈ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਲਈ ਬਰਕਤ ਸਾਬਤ ਹੁੰਦੇ ਹਨ। ਇਸ ਤੋਂ ਵੀ ਵੱਧ ਉਹ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ, ਜਿਸ ਨੇ ਪਰਿਵਾਰ ਨੂੰ ਆਰੰਭ ਕੀਤਾ ਸੀ।—ਉਤਪਤ 1:27, 28; ਅਫ਼ਸੀਆਂ 3:15.

ਮਸੀਹੀ ਭਾਈਚਾਰਾ

5. ਮਸੀਹੀ ਭੈਣ-ਭਰਾਵਾਂ ਨਾਲ ਮਿਲ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

5 ਮਸੀਹੀ ਹੋਣ ਕਰਕੇ ਸਾਨੂੰ ਕਲੀਸਿਯਾ ਵਿਚ ਆਪਣੇ ਸੰਗੀ ਵਿਸ਼ਵਾਸੀਆਂ, ਇੱਥੋਂ ਤਕ ਕਿ ਜਗਤ ਵਿਚ ਆਪਣੇ ਸਾਰਿਆਂ ਭੈਣਾਂ-ਭਰਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। (1 ਪਤਰਸ 5:9) ਰੂਹਾਨੀ ਤੌਰ ਤੇ ਮਜ਼ਬੂਤ ਰਹਿਣ ਲਈ ਕਲੀਸਿਯਾ ਨਾਲ ਸਾਡਾ ਸੰਬੰਧ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਮਿਲਦੇ ਹਾਂ, ਤਾਂ ਸਾਡਾ ਹੌਸਲਾ ਵਧਦਾ ਹੈ। ਅਤੇ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਦਿੱਤਾ ਗਿਆ ਰੂਹਾਨੀ ਭੋਜਨ ਖਾ ਕੇ ਤਕੜੇ ਹੁੰਦੇ ਹਾਂ। (ਮੱਤੀ 24:45-47) ਮੁਸ਼ਕਲਾਂ ਆਉਣ ਤੇ ਅਸੀਂ ਆਪਣੇ ਭਰਾਵਾਂ ਕੋਲ ਜਾ ਕੇ ਬਾਈਬਲ ਦੇ ਸਿਧਾਂਤਾਂ ਤੇ ਆਧਾਰਿਤ ਵਧੀਆ ਸਲਾਹ ਲੈ ਸਕਦੇ ਹਾਂ। (ਕਹਾਉਤਾਂ 17:17; ਉਪਦੇਸ਼ਕ ਦੀ ਪੋਥੀ 4:9; ਯਾਕੂਬ 5:13-18) ਅਤੇ ਸਾਡੀ ਔਖੀ ਘੜੀ ਵਿਚ ਸਾਡੇ ਭਰਾ ਸਾਡਾ ਸਾਥ ਨਹੀਂ ਛੱਡਦੇ। ਪਰਮੇਸ਼ੁਰ ਦੇ ਸੰਗਠਨ ਵਿਚ ਰਹਿ ਕੇ ਸਾਨੂੰ ਕਿੰਨੀਆਂ ਵਧੀਆ ਬਰਕਤਾਂ ਮਿਲਦੀਆਂ ਹਨ!

6. ਪੌਲੁਸ ਰਸੂਲ ਨੇ ਕਿਵੇਂ ਦਿਖਾਇਆ ਸੀ ਕਿ ਦੂਜੇ ਮਸੀਹੀਆਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਹਨ?

6 ਪਰ ਅਸੀਂ ਕਲੀਸਿਯਾ ਵਿਚ ਸਿਰਫ਼ ਕੁਝ ਲੈਣ ਹੀ ਨਹੀਂ ਜਾਂਦੇ; ਸਗੋਂ ਅਸੀਂ ਭੈਣ-ਭਰਾਵਾਂ ਨੂੰ ਕੁਝ ਦੇਣ ਲਈ ਵੀ ਜਾਂਦੇ ਹਾਂ। ਹਾਂ, ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਪੌਲੁਸ ਰਸੂਲ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਸਾਨੂੰ ਖੁੱਲ੍ਹੇ ਦਿਲ ਨਾਲ ਦੇਣਾ ਚਾਹੀਦਾ ਹੈ ਜਦੋਂ ਉਸ ਨੇ ਲਿਖਿਆ: “ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ। ਅਤੇ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।”—ਇਬਰਾਨੀਆਂ 10:23-25.

7, 8. ਅਸੀਂ ਆਪਣੀ ਕਲੀਸਿਯਾ ਦੇ ਭੈਣ-ਭਰਾਵਾਂ ਅਤੇ ਦੂਜੇ ਦੇਸ਼ਾਂ ਦੇ ਮਸੀਹੀਆਂ ਪ੍ਰਤੀ ਖੁੱਲ੍ਹ-ਦਿਲਾ ਰਵੱਈਆ ਕਿਵੇਂ ਦਿਖਾਉਂਦੇ ਹਾਂ?

7 ਕਲੀਸਿਯਾ ਵਿਚ ਅਸੀਂ ਟਿੱਪਣੀਆਂ ਕਰ ਕੇ ਅਤੇ ਪ੍ਰੋਗ੍ਰਾਮ ਵਿਚ ਕੋਈ ਭਾਗ ਪੇਸ਼ ਕਰ ਕੇ ਆਪਣੀ ‘ਆਸ ਦਾ ਇਕਰਾਰ’ ਕਰਦੇ ਹਾਂ। ਇਸ ਤਰ੍ਹਾਂ ਹਿੱਸਾ ਲੈਣ ਨਾਲ ਅਸੀਂ ਆਪਣੇ ਭੈਣ-ਭਰਾਵਾਂ ਦਾ ਹੌਸਲਾ ਵਧਾਉਂਦੇ ਹਾਂ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰ ਕੇ ਵੀ ਅਸੀਂ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਾਂ। ਇਨ੍ਹਾਂ ਮੌਕਿਆਂ ਤੇ ਅਸੀਂ ਕਮਜ਼ੋਰਾਂ, ਨਿਰਾਸ਼ ਲੋਕਾਂ ਅਤੇ ਬੀਮਾਰਾਂ ਨੂੰ ਸਹਾਰਾ ਤੇ ਦਿਲਾਸਾ ਦੇ ਸਕਦੇ ਹਾਂ। (1 ਥੱਸਲੁਨੀਕੀਆਂ 5:14) ਸੱਚੇ ਮਸੀਹੀ ਇੱਦਾਂ ਦੇਣ ਵਿਚ ਖੁੱਲ੍ਹ-ਦਿਲੇ ਹਨ, ਇਸੇ ਲਈ ਜੋ ਵਿਅਕਤੀ ਸਾਡੀਆਂ ਮੀਟਿੰਗਾਂ ਵਿਚ ਪਹਿਲੀ ਵਾਰ ਆਉਂਦੇ ਹਨ, ਉਹ ਸਾਡਾ ਇਕ-ਦੂਜੇ ਲਈ ਪਿਆਰ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਹਨ।—ਜ਼ਬੂਰਾਂ ਦੀ ਪੋਥੀ 37:21; ਯੂਹੰਨਾ 15:12; 1 ਕੁਰਿੰਥੀਆਂ 14:25.

8 ਪਰ ਅਸੀਂ ਸਿਰਫ਼ ਆਪਣੀ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਹੀ ਪਿਆਰ ਨਹੀਂ ਕਰਦੇ। ਸਗੋਂ, ਅਸੀਂ ਸੰਸਾਰ ਭਰ ਵਿਚ ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰਦੇ ਹਾਂ। ਇਸੇ ਲਈ ਕਿੰਗਡਮ ਹਾਲ ਫ਼ੰਡ ਲਈ ਹਰ ਕਿੰਗਡਮ ਹਾਲ ਵਿਚ ਚੰਦੇ ਦਾ ਡੱਬਾ ਹੁੰਦਾ ਹੈ। ਸਾਡਾ ਆਪਣਾ ਕਿੰਗਡਮ ਹਾਲ ਸ਼ਾਇਦ ਵਧੀਆ ਹੋਵੇ, ਪਰ ਅਸੀਂ ਜਾਣਦੇ ਹਾਂ ਕਿ ਦੂਸਰੇ ਦੇਸ਼ਾਂ ਵਿਚ ਸਾਡੇ ਹਜ਼ਾਰਾਂ ਮਸੀਹੀ ਭੈਣ-ਭਰਾਵਾਂ ਕੋਲ ਮੀਟਿੰਗਾਂ ਕਰਨ ਲਈ ਕੋਈ ਢੁਕਵੀਂ ਜਗ੍ਹਾ ਨਹੀਂ ਹੈ। ਜਦੋਂ ਅਸੀਂ ਕਿੰਗਡਮ ਹਾਲ ਫ਼ੰਡ ਲਈ ਪੈਸਾ ਦਿੰਦੇ ਹਾਂ, ਤਾਂ ਅਸੀਂ ਅਜਿਹੇ ਭਰਾਵਾਂ ਲਈ ਆਪਣਾ ਪਿਆਰ ਪ੍ਰਗਟ ਕਰਦੇ ਹਾਂ, ਭਾਵੇਂ ਕਿ ਅਸੀਂ ਸ਼ਾਇਦ ਉਨ੍ਹਾਂ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ।

9. ਯਹੋਵਾਹ ਦੇ ਗਵਾਹ ਕਿਹੜੇ ਮੂਲ ਕਾਰਨ ਕਰਕੇ ਇਕ-ਦੂਜੇ ਨਾਲ ਪਿਆਰ ਕਰਦੇ ਹਨ?

9 ਯਹੋਵਾਹ ਦੇ ਗਵਾਹ ਇਕ-ਦੂਜੇ ਨਾਲ ਪਿਆਰ ਕਿਉਂ ਕਰਦੇ ਹਨ? ਇਸ ਲਈ ਕਿ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਇਵੇਂ ਕਰਨ। (ਯੂਹੰਨਾ 15:17) ਉਨ੍ਹਾਂ ਵਿਚ ਜੋ ਪਿਆਰ ਹੈ, ਉਹ ਇਸ ਗੱਲ ਦਾ ਵੀ ਸਬੂਤ ਹੈ ਕਿ ਪਰਮੇਸ਼ੁਰ ਦੀ ਆਤਮਾ ਉਸ ਦੇ ਹਰ ਸੇਵਕ ਉੱਤੇ ਅਤੇ ਉਸ ਦੇ ਸੰਗਠਨ ਉੱਤੇ ਕੰਮ ਕਰਦੀ ਹੈ। ਪਿਆਰ “ਆਤਮਾ ਦਾ ਫਲ” ਹੈ। (ਗਲਾਤੀਆਂ 5:22, 23) ਜਿਉਂ-ਜਿਉਂ ਯਹੋਵਾਹ ਦੇ ਗਵਾਹ ਬਾਈਬਲ ਦਾ ਅਧਿਐਨ ਕਰਦੇ ਹਨ, ਮਸੀਹੀ ਸਭਾਵਾਂ ਵਿਚ ਜਾਂਦੇ ਹਨ ਅਤੇ ਪਰਮੇਸ਼ੁਰ ਨੂੰ ਲਗਾਤਾਰ ਪ੍ਰਾਰਥਨਾ ਕਰਦੇ ਹਨ, ਤਿਉਂ-ਤਿਉਂ ਉਨ੍ਹਾਂ ਲਈ ਇਕ-ਦੂਜੇ ਨਾਲ ਪਿਆਰ ਕਰਨਾ ਆਸਾਨ ਹੋ ਜਾਂਦਾ ਹੈ, ਭਾਵੇਂ ਕਿ ਉਹ ਅਜਿਹੀ ਦੁਨੀਆਂ ਵਿਚ ਰਹਿੰਦੇ ਹਨ ਜਿਸ ਵਿਚ ‘ਬਹੁਤਿਆਂ ਦੀ ਪ੍ਰੀਤ ਠੰਢੀ ਹੋ ਗਈ ਹੈ।’—ਮੱਤੀ 24:12.

ਇਸ ਦੁਨੀਆਂ ਪ੍ਰਤੀ ਸਾਡਾ ਫ਼ਰਜ਼

10. ਇਸ ਦੁਨੀਆਂ ਪ੍ਰਤੀ ਸਾਡਾ ਕੀ ਫ਼ਰਜ਼ ਹੈ?

10 ਪੌਲੁਸ ਰਸੂਲ ਨੇ “ਆਸ ਦੇ ਸੱਚੇ ਇਕਰਾਰ” ਦਾ ਜ਼ਿਕਰ ਕਰ ਕੇ ਸਾਨੂੰ ਸਾਡੇ ਇਕ ਹੋਰ ਫ਼ਰਜ਼ ਬਾਰੇ ਯਾਦ ਕਰਾਇਆ। ਇਹ ਹੈ ਦੁਨੀਆਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਾਡਾ ਫ਼ਰਜ਼। (ਮੱਤੀ 24:14; 28:19, 20; ਰੋਮੀਆਂ 10:9, 10, 13-15) ਪ੍ਰਚਾਰ ਦੇ ਕੰਮ ਦੁਆਰਾ ਵੀ ਅਸੀਂ ਲੋਕਾਂ ਨੂੰ ਕੁਝ ਦੇ ਰਹੇ ਹਾਂ। ਇਸ ਕੰਮ ਲਈ ਸਾਨੂੰ ਤਿਆਰੀ ਕਰਨ ਤੇ ਸਿੱਖਿਆ ਲੈਣ ਵਾਸਤੇ ਆਪਣਾ ਸਮਾਂ ਤੇ ਤਾਕਤ ਵਗੈਰਾ ਲਾਉਣ ਦੀ ਲੋੜ ਹੈ। ਪਰ ਪੌਲੁਸ ਰਸੂਲ ਨੇ ਇਹ ਵੀ ਲਿਖਿਆ ਸੀ: “ਮੈਂ ਯੂਨਾਨੀਆਂ ਅਤੇ ਓਪਰਿਆਂ ਦਾ, ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ। ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ।” (ਰੋਮੀਆਂ 1:14, 15) ਪੌਲੁਸ ਵਾਂਗ ਆਓ ਆਪਾਂ ਵੀ ਆਪਣੀ ਪੂਰੀ ਵਾਹ ਲਾ ਕੇ ਆਪਣਾ ਇਹ ਫ਼ਰਜ਼ ਨਿਭਾਈਏ।

11. ਇਸ ਦੁਨੀਆਂ ਨਾਲ ਸਾਡਾ ਸੰਬੰਧ ਬਾਈਬਲ ਦੀਆਂ ਕਿਨ੍ਹਾਂ ਦੋ ਗੱਲਾਂ ਅਨੁਸਾਰ ਹੋਣਾ ਚਾਹੀਦਾ ਹੈ, ਪਰ ਫਿਰ ਵੀ ਅਸੀਂ ਕਿਹੜੀ ਗੱਲ ਸਵੀਕਾਰ ਕਰਦੇ ਹਾਂ?

11 ਕੀ ਉਨ੍ਹਾਂ ਪ੍ਰਤੀ ਸਾਡੇ ਹੋਰ ਵੀ ਫ਼ਰਜ਼ ਹਨ ਜੋ ਸਾਡੇ ਸੰਗੀ ਵਿਸ਼ਵਾਸੀ ਨਹੀਂ ਹਨ? ਹਾਂ, ਜ਼ਰੂਰ। ਅਸੀਂ ਇਸ ਗੱਲ ਤੇ ਪੂਰਾ ਯਕੀਨ ਕਰਦੇ ਹਾਂ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਸਾਨੂੰ ਪਤਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” ਫਿਰ ਵੀ, ਅਸੀਂ ਇਸ ਦੁਨੀਆਂ ਵਿਚ ਰਹਿੰਦੇ ਹਾਂ, ਇਸ ਵਿਚ ਕੰਮ ਕਰਦੇ ਹਾਂ ਅਤੇ ਇਸ ਦੁਆਰਾ ਦਿੱਤੀਆਂ ਜਾਂਦੀਆਂ ਸਰਕਾਰੀ ਸੇਵਾਵਾਂ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ। (ਯੂਹੰਨਾ 17:11, 15, 16) ਇਸ ਲਈ ਇਸ ਦੁਨੀਆਂ ਪ੍ਰਤੀ ਸਾਡੇ ਵੀ ਕੁਝ ਫ਼ਰਜ਼ ਹਨ। ਉਹ ਕਿਹੜੇ ਫ਼ਰਜ਼ ਹਨ? ਪਤਰਸ ਰਸੂਲ ਨੇ ਇਸ ਸਵਾਲ ਦਾ ਜਵਾਬ ਦਿੱਤਾ ਸੀ। ਯਰੂਸ਼ਲਮ ਦੇ ਨਾਸ਼ ਹੋਣ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਏਸ਼ੀਆ ਮਾਈਨਰ ਵਿਚ ਰਹਿਣ ਵਾਲੇ ਮਸੀਹੀਆਂ ਨੂੰ ਇਕ ਚਿੱਠੀ ਲਿਖੀ ਅਤੇ ਉਸ ਚਿੱਠੀ ਦਾ ਇਕ ਹਿੱਸਾ ਇਸ ਦੁਨੀਆਂ ਨਾਲ ਇਕ ਹੱਦ ਤਕ ਸੰਬੰਧ ਰੱਖਣ ਵਿਚ ਸਾਡੀ ਮਦਦ ਕਰਦਾ ਹੈ।

12. ਮਸੀਹੀ “ਪਰਦੇਸੀ ਅਤੇ ਮੁਸਾਫ਼ਰ” ਕਿਸ ਤਰ੍ਹਾਂ ਹਨ ਅਤੇ ਉਨ੍ਹਾਂ ਨੂੰ ਕਿਨ੍ਹਾਂ ਇੱਛਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

12 ਪਤਰਸ ਰਸੂਲ ਨੇ ਪਹਿਲਾਂ ਇਹ ਕਿਹਾ: “ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾਂ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ।” (1 ਪਤਰਸ 2:11) ਰੂਹਾਨੀ ਤੌਰ ਤੇ ਸੱਚੇ ਮਸੀਹੀ ਇਸ ਦੁਨੀਆਂ ਵਿਚ “ਪਰਦੇਸੀ ਅਤੇ ਮੁਸਾਫ਼ਰ” ਹਨ ਯਾਨੀ ਉਨ੍ਹਾਂ ਦੀ ਅਸਲੀ ਮੰਜ਼ਲ ਸਦਾ ਦਾ ਜੀਵਨ ਹੈ। ਮਸਹ ਕੀਤੇ ਹੋਇਆਂ ਲਈ ਇਹ ਮੰਜ਼ਲ ਸਵਰਗੀ ਜੀਵਨ ਹੈ ਅਤੇ ‘ਹੋਰ ਭੇਡਾਂ’ ਲਈ ਭਵਿੱਖ ਵਿਚ ਇਕ ਸੁੰਦਰ ਧਰਤੀ ਉੱਤੇ ਜੀਵਨ। (ਯੂਹੰਨਾ 10:16; ਫ਼ਿਲਿੱਪੀਆਂ 3:20, 21; ਇਬਰਾਨੀਆਂ 11:13; ਪਰਕਾਸ਼ ਦੀ ਪੋਥੀ 7:9, 14-17) ਪਰ ਇਹ ਸਰੀਰਕ ਕਾਮਨਾਵਾਂ ਕੀ ਹਨ? ਇਨ੍ਹਾਂ ਵਿੱਚੋਂ ਕੁਝ ਹਨ ਅਮੀਰ ਜਾਂ ਵੱਡਾ ਬਣਨ ਦੀ ਇੱਛਾ, ਅਨੈਤਿਕ ਇੱਛਾਵਾਂ, “ਖਾਰ” ਅਤੇ “ਲੋਭ।”—ਕੁਲੁੱਸੀਆਂ 3:5; 1 ਤਿਮੋਥਿਉਸ 6:4, 9; 1 ਯੂਹੰਨਾ 2:15, 16.

13. ਸਰੀਰਕ ਇੱਛਾਵਾਂ ਕਿਵੇਂ ਸਾਡੀ “ਜਾਨ ਨਾਲ ਲੜਦੀਆਂ ਹਨ”?

13 ਅਜਿਹੀਆਂ ਇੱਛਾਵਾਂ ਸੱਚ-ਮੁੱਚ ਸਾਡੀ “ਜਾਨ ਨਾਲ ਲੜਦੀਆਂ ਹਨ।” ਇਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਵਿਚ ਹੌਲੀ-ਹੌਲੀ ਫੁੱਟ ਪਾ ਦਿੰਦੀਆਂ ਹਨ ਅਤੇ ਸਾਡੀ “ਜਾਨ” ਯਾਨੀ ਸਦਾ ਜੀਉਂਦੇ ਰਹਿਣ ਦੀ ਸਾਡੀ ਮਸੀਹੀ ਉਮੀਦ ਨੂੰ ਖ਼ਤਰੇ ਵਿਚ ਪਾ ਦਿੰਦੀਆਂ ਹਨ। ਮਿਸਾਲ ਲਈ, ਜੇਕਰ ਅਸੀਂ ਅਨੈਤਿਕ ਚੀਜ਼ਾਂ ਵਿਚ ਦਿਲਚਸਪੀ ਰੱਖਣ ਲੱਗ ਪਈਏ, ਤਾਂ ਅਸੀਂ ਆਪਣੇ ਆਪ ਨੂੰ “ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ” ਕਰ ਕੇ ਕਿਵੇਂ ਚੜ੍ਹਾ ਸਕਦੇ ਹਾਂ? ਜੇਕਰ ਅਸੀਂ ਧਨ-ਦੌਲਤ ਦੇ ਪਿੱਛੇ ਲੱਗੇ ਹੋਏ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਵੇਂ ਪਹਿਲਾਂ ਭਾਲ ਸਕਦੇ ਹਾਂ? (ਰੋਮੀਆਂ 12:1, 2; ਮੱਤੀ 6:33; 1 ਤਿਮੋਥਿਉਸ 6:17-19) ਚੰਗਾ ਹੋਵੇਗਾ ਜੇਕਰ ਅਸੀਂ ਮੂਸਾ ਦੀ ਉਦਾਹਰਣ ਉੱਤੇ ਚੱਲਦੇ ਹੋਏ ਦੁਨੀਆਂ ਦੇ ਭਰਮਾਉਣ ਵਾਲੇ ਫੰਦਿਆਂ ਤੋਂ ਦੂਰ ਰਹਿ ਕੇ ਯਹੋਵਾਹ ਦੀ ਸੇਵਾ ਆਪਣੀਆਂ ਜ਼ਿੰਦਗੀਆਂ ਵਿਚ ਪਹਿਲਾਂ ਰੱਖੀਏ। (ਮੱਤੀ 6:19, 20; ਇਬਰਾਨੀਆਂ 11:24-26) ਇਸ ਤਰ੍ਹਾਂ ਕਰਨਾ ਬਹੁਤ ਹੀ ਜ਼ਰੂਰੀ ਹੈ ਜੇਕਰ ਅਸੀਂ ਇਸ ਦੁਨੀਆਂ ਨਾਲ ਸੰਤੁਲਿਤ ਸੰਬੰਧ ਰੱਖਣਾ ਹੈ।

ਆਪਣੀ “ਚਾਲ ਨੇਕ ਰੱਖੋ”

14. ਮਸੀਹੀਆਂ ਵਜੋਂ ਅਸੀਂ ਨੇਕ ਚਾਲ-ਚਲਣ ਰੱਖਣ ਦੀ ਕੋਸ਼ਿਸ਼ ਕਿਉਂ ਕਰਦੇ ਹਾਂ?

14 ਪਤਰਸ ਰਸੂਲ ਦੇ ਅਗਲੇ ਸ਼ਬਦਾਂ ਵਿਚ ਇਕ ਹੋਰ ਜ਼ਰੂਰੀ ਸਲਾਹ ਦਿੱਤੀ ਗਈ ਹੈ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।” (1 ਪਤਰਸ 2:12) ਮਸੀਹੀਆਂ ਵਜੋਂ ਅਸੀਂ ਵਧੀਆ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਕੂਲ ਵਿਚ ਅਸੀਂ ਲਗਨ ਨਾਲ ਪੜ੍ਹਾਈ ਕਰਦੇ ਹਾਂ। ਅਸੀਂ ਮਿਹਨਤ ਕਰਦੇ ਹੋਏ ਈਮਾਨਦਾਰੀ ਨਾਲ ਕੰਮ ਕਰਦੇ ਹਾਂ, ਚਾਹੇ ਸਾਡਾ ਮਾਲਕ ਸਖ਼ਤ ਸੁਭਾਅ ਦਾ ਕਿਉਂ ਨਾ ਹੋਵੇ। ਜਿਨ੍ਹਾਂ ਪਰਿਵਾਰਾਂ ਵਿਚ ਸਾਰੇ ਮੈਂਬਰ ਸੱਚਾਈ ਵਿਚ ਨਹੀਂ ਹਨ, ਉਨ੍ਹਾਂ ਵਿਚ ਗਵਾਹ ਪਤੀ ਜਾਂ ਪਤਨੀ ਮਸੀਹੀ ਸਿਧਾਂਤਾਂ ਤੇ ਚੱਲਣ ਵਿਚ ਜ਼ਿਆਦਾ ਮਿਹਨਤ ਕਰਦੇ ਹਨ। ਇਸ ਤਰ੍ਹਾਂ ਕਰਨਾ ਸੌਖਾ ਨਹੀਂ, ਪਰ ਅਸੀਂ ਜਾਣਦੇ ਹਾਂ ਕਿ ਅਜਿਹਾ ਨੇਕ ਚਾਲ-ਚਲਣ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦਾ ਹੈ ਅਤੇ ਇਸ ਦਾ ਉਨ੍ਹਾਂ ਲੋਕਾਂ ਉੱਤੇ ਚੰਗਾ ਅਸਰ ਪੈਂਦਾ ਹੈ ਜੋ ਸੱਚਾਈ ਵਿਚ ਨਹੀਂ ਹਨ।—1 ਪਤਰਸ 2:18-20; 3:1.

15. ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਵਧੀਆ ਚਾਲ-ਚਲਣ ਦੀ ਸੰਸਾਰ ਭਰ ਵਿਚ ਸ਼ਲਾਘਾ ਕੀਤੀ ਜਾਂਦੀ ਹੈ?

15 ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਵਧੀਆ ਚਾਲ-ਚਲਣ ਰੱਖਣ ਵਿਚ ਸਫ਼ਲ ਕਿਵੇਂ ਹੁੰਦੇ ਹਨ। ਮਿਸਾਲ ਲਈ, ਇਟਲੀ ਦੀ ਇਕ ਅਖ਼ਬਾਰ ਨੇ ਰਿਪੋਰਟ ਕੀਤਾ: “ਜਿਨ੍ਹਾਂ ਲੋਕਾਂ ਦੇ ਸਹਿਕਰਮੀ ਯਹੋਵਾਹ ਦੇ ਗਵਾਹ ਹਨ ਉਹ ਦੱਸਦੇ ਹਨ ਕਿ ਗਵਾਹ ਈਮਾਨਦਾਰੀ ਨਾਲ ਕੰਮ ਕਰਦੇ ਹਨ। ਉਹ ਆਪਣੇ ਵਿਸ਼ਵਾਸਾਂ ਉੱਤੇ ਇੰਨੀ ਦ੍ਰਿੜ੍ਹਤਾ ਨਾਲ ਚੱਲਦੇ ਹਨ ਕਿ ਦੂਸਰਿਆਂ ਨੂੰ ਸ਼ਾਇਦ ਇਸ ਤਰ੍ਹਾਂ ਲੱਗੇ ਕਿ ਉਨ੍ਹਾਂ ਨੂੰ ਇਸ ਤੋਂ ਇਲਾਵਾ ਹੋਰ ਕੁਝ ਸੁੱਝਦਾ ਹੀ ਨਹੀਂ; ਫਿਰ ਵੀ ਉਨ੍ਹਾਂ ਦੀ ਇੱਜ਼ਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਨੈਤਿਕ ਤੌਰ ਤੇ ਸ਼ੁੱਧ ਰਹਿੰਦੇ ਹਨ।” ਅਰਜਨਟੀਨਾ ਦੇ ਬਿਊਨਸ ਏਅਰੀਜ਼ ਸ਼ਹਿਰ ਦੇ ਹੈਰਲਡ ਅਖ਼ਬਾਰ ਨੇ ਕਿਹਾ: “ਯਹੋਵਾਹ ਦੇ ਗਵਾਹ ਹਮੇਸ਼ਾ ਮਿਹਨਤੀ, ਜ਼ਿੰਮੇਵਾਰ, ਹਿਸਾਬ ਨਾਲ ਪੈਸੇ ਖ਼ਰਚਣ ਵਾਲੇ ਅਤੇ ਰੱਬ ਤੋਂ ਡਰਨ ਵਾਲੇ ਨਾਗਰਿਕ ਸਾਬਤ ਹੋਏ ਹਨ।” ਸੈਰਗੇ ਇਵਾਨੈਂਕੋ ਨਾਂ ਦੇ ਰੂਸੀ ਵਿਦਵਾਨ ਨੇ ਕਿਹਾ: “ਸੰਸਾਰ ਭਰ ਵਿਚ ਲੋਕ ਜਾਣਦੇ ਹਨ ਕਿ ਯਹੋਵਾਹ ਦੇ ਗਵਾਹ ਚੰਗੀ ਤਰ੍ਹਾਂ ਕਾਨੂੰਨ ਦੀ ਪਾਲਣਾ ਕਰਦੇ ਹਨ, ਖ਼ਾਸ ਕਰ ਕੇ ਟੈਕਸ ਦੇਣ ਦੇ ਮਾਮਲੇ ਵਿਚ।” ਯਹੋਵਾਹ ਦੇ ਗਵਾਹਾਂ ਨੇ ਜ਼ਿਮਬਾਬਵੇ ਵਿਚ ਇਕ ਜਗ੍ਹਾ ਆਪਣੇ ਸੰਮੇਲਨ ਲਈ ਵਰਤੀ ਅਤੇ ਉਸ ਜਗ੍ਹਾ ਦੀ ਮੈਨੇਜਰ ਨੇ ਕਿਹਾ: “ਮੈਂ ਕੁਝ ਗਵਾਹਾਂ ਨੂੰ ਕੂੜਾ ਚੁੱਕਦੇ ਅਤੇ ਟਾਇਲਟਾਂ ਸਾਫ਼ ਕਰਦੇ ਹੋਏ ਦੇਖਿਆ। ਉਹ ਗਰਾਊਂਡ ਨੂੰ ਪਹਿਲਾਂ ਨਾਲੋਂ ਬਹੁਤ ਹੀ ਸਾਫ਼ ਛੱਡਦੇ ਹਨ। ਨੌਜਵਾਨ ਚੰਗੇ ਸਿਧਾਂਤਾਂ ਉੱਤੇ ਚੱਲਦੇ ਹਨ। ਕਿੰਨਾ ਚੰਗਾ ਹੁੰਦਾ ਜੇ ਸਾਰੀ ਦੁਨੀਆਂ ਯਹੋਵਾਹ ਦੇ ਗਵਾਹਾਂ ਨਾਲ ਭਰੀ ਹੁੰਦੀ!”

ਸਰਕਾਰੀ ਹਕੂਮਤਾਂ ਪ੍ਰਤੀ ਸਾਡੀ ਜ਼ਿੰਮੇਵਾਰੀ

16. ਸਰਕਾਰੀ ਹਕੂਮਤਾਂ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ ਅਤੇ ਕਿਉਂ?

16 ਪਤਰਸ ਰਸੂਲ ਨੇ ਸਰਕਾਰੀ ਹਕੂਮਤਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਬਾਰੇ ਵੀ ਗੱਲ ਕੀਤੀ ਸੀ: “ਤੁਸੀਂ ਪ੍ਰਭੁ ਦੇ ਨਮਿੱਤ ਮਨੁੱਖ ਦੇ ਹਰੇਕ ਪਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਇਸ ਲਈ ਜੋ ਉਹ ਸਭਨਾਂ ਤੋਂ ਵੱਡਾ ਹੈ। ਭਾਵੇਂ ਹਾਕਮਾਂ ਦੇ ਇਸ ਲਈ ਜੋ ਓਹ ਉਸ ਦੇ ਘੱਲੇ ਹੋਏ ਹਨ ਭਈ ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ। ਕਿਉਂ ਜੋ ਪਰਮੇਸ਼ੁਰ ਦੀ ਇੱਛਿਆ ਇਉਂ ਹੈ ਭਈ ਤੁਸੀਂ ਸੁਕਰਮ ਕਰ ਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ।” (1 ਪਤਰਸ 2:13-15) ਸਰਕਾਰ ਅਧੀਨ ਸ਼ਾਂਤ ਮਾਹੌਲ ਦੇ ਫ਼ਾਇਦਿਆਂ ਦੀ ਅਸੀਂ ਗਹਿਰੀ ਕਦਰ ਕਰਦੇ ਹਾਂ ਅਤੇ ਪਤਰਸ ਦੇ ਸ਼ਬਦਾਂ ਉੱਤੇ ਚੱਲ ਕੇ ਅਸੀਂ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਅਤੇ ਟੈਕਸ ਦਿੰਦੇ ਹਾਂ। ਜਦ ਕਿ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਨੇ ਸਰਕਾਰ ਨੂੰ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਦਿੱਤੀ ਹੈ, ਪਰ ਅਸੀਂ “ਪ੍ਰਭੁ” ਦੀ ਗੱਲ ਮੰਨਦੇ ਹੋਏ ਸਰਕਾਰ ਦੇ ਅਧੀਨ ਰਹਿੰਦੇ ਹਾਂ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਕਰੀਏ। ਇਸ ਤੋਂ ਵੀ ਵੱਧ, ਅਸੀਂ ਗ਼ਲਤ ਕੰਮ ਕਰ ਕੇ ਯਹੋਵਾਹ ਦੇ ਨਾਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ।—ਰੋਮੀਆਂ 13:1, 4-7; ਤੀਤੁਸ 3:1; 1 ਪਤਰਸ 3:17.

17. ਜਦੋਂ ‘ਮੂਰਖ ਲੋਕ’ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਕਿਸ ਗੱਲ ਉੱਤੇ ਭਰੋਸਾ ਹੋਣਾ ਚਾਹੀਦਾ ਹੈ?

17 ਅਫ਼ਸੋਸ ਦੀ ਗੱਲ ਇਹ ਹੈ ਕਿ ਕੁਝ “ਮੂਰਖ” ਅਧਿਕਾਰੀ ਹੋਰਨਾਂ ਤਰੀਕਿਆਂ ਨਾਲ ਸਾਡਾ ਵਿਰੋਧ ਕਰਦੇ ਹਨ ਜਿਵੇਂ ਕਿ ਸਾਡੇ ਬਾਰੇ ਅਫਵਾਹਾਂ ਫੈਲਾ ਕੇ ਸਾਡਾ ਨਾਂ ਬਦਨਾਮ ਕਰਨ ਦੁਆਰਾ। ਫਿਰ ਵੀ, ਯਹੋਵਾਹ ਸਹੀ ਮੌਕਾ ਦੇਖ ਕੇ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਹਮੇਸ਼ਾ ਜ਼ਾਹਰ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਦੀ “ਅਗਿਆਨਤਾ” ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ। ਸਾਡੇ ਮਸੀਹੀ ਚਾਲ-ਚਲਣ ਤੋਂ ਪਤਾ ਚੱਲਦਾ ਹੈ ਕਿ ਸੱਚ ਕੌਣ ਬੋਲਦਾ ਹੈ। ਇਸੇ ਲਈ ਤਾਂ ਈਮਾਨਦਾਰ ਅਧਿਕਾਰੀ ਅਕਸਰ ਸਾਡੇ ਨੇਕ ਕੰਮਾਂ ਦੀ ਸ਼ਲਾਘਾ ਕਰਦੇ ਹਨ।—ਰੋਮੀਆਂ 13:3; ਤੀਤੁਸ 2:7, 8.

ਪਰਮੇਸ਼ੁਰ ਦੇ ਗ਼ੁਲਾਮ

18. ਮਸੀਹੀਆਂ ਵਜੋਂ ਅਸੀਂ ਆਪਣੀ ਆਜ਼ਾਦੀ ਦਾ ਨਾਜਾਇਜ਼ ਫ਼ਾਇਦਾ ਉਠਾਉਣ ਤੋਂ ਕਿਵੇਂ ਬਚ ਸਕਦੇ ਹਾਂ?

18 ਪਤਰਸ ਰਸੂਲ ਅੱਗੇ ਚੇਤਾਵਨੀ ਦਿੰਦਾ ਹੈ: “ਤੁਸੀਂ ਅਜ਼ਾਦ ਹੋ ਕੇ ਆਪਣੀ ਅਜ਼ਾਦੀ ਨੂੰ ਬੁਰਿਆਈ ਦਾ ਪੜਦਾ ਨਾ ਬਣਾਓ ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਜਾਣੋ।” (1 ਪਤਰਸ 2:16; ਗਲਾਤੀਆਂ 5:13) ਅੱਜ, ਬਾਈਬਲ ਦੀਆਂ ਸੱਚਾਈਆਂ ਨੇ ਸਾਨੂੰ ਝੂਠੀਆਂ ਧਾਰਮਿਕ ਸਿੱਖਿਆਵਾਂ ਤੋਂ ਆਜ਼ਾਦ ਕੀਤਾ ਹੈ। (ਯੂਹੰਨਾ 8:32) ਇਸ ਤੋਂ ਇਲਾਵਾ, ਸਾਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਪਰ, ਅਸੀਂ ਇਸ ਆਜ਼ਾਦੀ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਂਦੇ। ਦੋਸਤ-ਮਿੱਤਰਾਂ, ਕੱਪੜੇ, ਹਾਰ-ਸ਼ਿੰਗਾਰ, ਮਨੋਰੰਜਨ ਅਤੇ ਖਾਣ-ਪੀਣ ਦੀ ਚੋਣ ਕਰਨ ਵਿਚ ਵੀ ਸੱਚੇ ਮਸੀਹੀ ਯਾਦ ਰੱਖਦੇ ਹਨ ਕਿ ਉਹ ਪਰਮੇਸ਼ੁਰ ਦੇ ਗ਼ੁਲਾਮ ਹਨ ਅਤੇ ਉਹ ਆਪਣੀ ਮਨ-ਮਰਜ਼ੀ ਨਹੀਂ ਕਰਦੇ। ਅਸੀਂ ਆਪਣੀਆਂ ਸਰੀਰਕ ਇੱਛਾਵਾਂ ਜਾਂ ਇਸ ਦੁਨੀਆਂ ਦੇ ਫ਼ੈਸ਼ਨਾਂ ਦੇ ਗ਼ੁਲਾਮ ਬਣਨ ਦੀ ਬਜਾਇ, ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ।—ਗਲਾਤੀਆਂ 5:24; 2 ਤਿਮੋਥਿਉਸ 2:22; ਤੀਤੁਸ 2:11, 12.

19-21. (ੳ) ਸਰਕਾਰੀ ਅਧਿਕਾਰੀਆਂ ਪ੍ਰਤੀ ਸਾਡਾ ਕਿਹੋ ਜਿਹਾ ਰਵੱਈਆ ਹੈ? (ਅ) ਕਈਆਂ ਨੇ ਆਪਣੇ ਮਸੀਹੀ “ਭਾਈਆਂ ਨਾਲ ਪ੍ਰੇਮ” ਕਿਵੇਂ ਕਰ ਕੇ ਦਿਖਾਇਆ ਹੈ? (ੲ) ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਹੈ?

19 ਪਤਰਸ ਰਸੂਲ ਨੇ ਅੱਗੇ ਕਿਹਾ: “ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪ੍ਰੇਮ ਰੱਖੋ, ਪਰਮੇਸ਼ੁਰ ਦਾ ਭੈ ਮੰਨੋ, ਪਾਤਸ਼ਾਹ ਦਾ ਆਦਰ ਕਰੋ।” (1 ਪਤਰਸ 2:17) ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਨੂੰ ਵੱਖੋ-ਵੱਖਰੇ ਅਧਿਕਾਰ ਦਿੱਤੇ ਹਨ, ਇਸ ਲਈ ਅਸੀਂ ਇਨ੍ਹਾਂ ਇਨਸਾਨਾਂ ਦੀ ਇੱਜ਼ਤ ਕਰਦੇ ਹਾਂ। ਅਸੀਂ ਇਨ੍ਹਾਂ ਲਈ ਪ੍ਰਾਰਥਨਾਵਾਂ ਵੀ ਕਰਦੇ ਹਾਂ, ਤਾਂਕਿ ਸਾਨੂੰ ਇਨ੍ਹਾਂ ਤੋਂ ਪੂਰੀ ਸ਼ਰਧਾ ਅਤੇ ਸ਼ਾਂਤੀ ਨਾਲ ਆਪਣੀ ਸੇਵਕਾਈ ਕਰਨ ਦੀ ਇਜਾਜ਼ਤ ਮਿਲੇ। (1 ਤਿਮੋਥਿਉਸ 2:1-4) ਇਸ ਦੇ ਨਾਲ-ਨਾਲ ਅਸੀਂ ਆਪਣੇ ਸਾਰੇ ‘ਭਾਈਆਂ ਨਾਲ ਪ੍ਰੇਮ ਵੀ ਰੱਖਦੇ’ ਹਾਂ। ਅਸੀਂ ਆਪਣੇ ਮਸੀਹੀ ਭੈਣ-ਭਰਾਵਾਂ ਦਾ ਹਮੇਸ਼ਾ ਭਲਾ ਕਰਨਾ ਚਾਹੁੰਦੇ ਹਾਂ, ਉਨ੍ਹਾਂ ਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦੇ।

20 ਮਿਸਾਲ ਲਈ, ਜਦੋਂ ਇਕ ਅਫ਼ਰੀਕੀ ਕੌਮ ਨਸਲੀ ਹਿੰਸਾ ਕਾਰਨ ਬਰਬਾਦ ਹੋ ਰਹੀ ਸੀ, ਤਾਂ ਯਹੋਵਾਹ ਦੇ ਗਵਾਹਾਂ ਨੇ ਲੋਕਾਂ ਦੀ ਮਦਦ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ। ਸਵਿਟਜ਼ਰਲੈਂਡ ਦੀ ਇਕ ਅਖ਼ਬਾਰ ਨੇ ਕਿਹਾ: “1995 ਵਿਚ ਅਫ਼ਰੀਕੀ ਅਧਿਕਾਰ ਸੰਗਠਨ ਨੇ . . . ਸਾਬਤ ਕੀਤਾ ਕਿ ਯਹੋਵਾਹ ਦੇ ਗਵਾਹਾਂ ਦੇ ਸਿਵਾਇ ਹਰ ਚਰਚ ਨੇ [ਲੜਾਈ ਵਿਚ] ਹਿੱਸਾ ਲਿਆ ਸੀ।” ਜਦੋਂ ਇਨ੍ਹਾਂ ਦੁਖਦਾਇਕ ਘਟਨਾਵਾਂ ਬਾਰੇ ਦੂਸਰਿਆਂ ਦੇਸ਼ਾਂ ਨੂੰ ਪਤਾ ਲੱਗਾ, ਤਾਂ ਯੂਰਪ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੇ ਆਪਣੇ ਮਸੀਹੀ ਭਰਾਵਾਂ ਅਤੇ ਦੂਜਿਆਂ ਲੋਕਾਂ ਲਈ ਫ਼ੌਰਨ ਹੀ ਖਾਣ-ਪੀਣ ਦਾ ਸਾਮਾਨ ਅਤੇ ਦਵਾਈਆਂ ਘੱਲੀਆਂ। (ਗਲਾਤੀਆਂ 6:10) ਉਨ੍ਹਾਂ ਨੇ ਕਹਾਉਤਾਂ 3:27 ਦੀ ਸਲਾਹ ਲਾਗੂ ਕੀਤੀ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।”

21 ਇਹ ਸੱਚ ਹੈ ਕਿ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨਾ ਅਤੇ ਆਪਣੇ ਭਰਾਵਾਂ ਨਾਲ ਪਿਆਰ ਕਰਨਾ ਸਾਡੀ ਜ਼ਿੰਮੇਵਾਰੀ ਹੈ, ਪਰ ਸਾਡੀ ਇਕ ਹੋਰ ਜ਼ਿੰਮੇਵਾਰੀ ਹੈ ਜੋ ਇਸ ਤੋਂ ਵੀ ਮਹੱਤਵਪੂਰਣ ਹੈ। ਉਹ ਕੀ ਹੈ? ਪਤਰਸ ਨੇ ਕਿਹਾ: “ਪਰਮੇਸ਼ੁਰ ਦਾ ਭੈ ਮੰਨੋ।” ਕਿਸੇ ਵੀ ਇਨਸਾਨ ਨਾਲੋਂ ਯਹੋਵਾਹ ਸਾਡੀ ਅਧੀਨਗੀ ਦਾ ਜ਼ਿਆਦਾ ਹੱਕਦਾਰ ਹੈ। ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ? ਅਤੇ ਅਸੀਂ ਪਰਮੇਸ਼ੁਰ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।

ਕੀ ਤੁਹਾਨੂੰ ਯਾਦ ਹੈ?

• ਮਸੀਹੀਆਂ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਕੀ ਹਨ?

• ਅਸੀਂ ਕਲੀਸਿਯਾ ਵਿਚ ਖੁੱਲ੍ਹ-ਦਿਲਾ ਰਵੱਈਆ ਕਿਵੇਂ ਦਿਖਾ ਸਕਦੇ ਹਾਂ?

• ਇਸ ਦੁਨੀਆਂ ਪ੍ਰਤੀ ਸਾਡਾ ਕੀ ਫ਼ਰਜ਼ ਹੈ?

• ਵਧੀਆ ਚਾਲ-ਚਲਣ ਰੱਖਣ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਮਸੀਹੀ ਪਰਿਵਾਰ ਵਿਚ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?

[ਸਫ਼ੇ 10 ਉੱਤੇ ਤਸਵੀਰਾਂ]

ਯਹੋਵਾਹ ਦੇ ਗਵਾਹ ਇਕ-ਦੂਜੇ ਨਾਲ ਪਿਆਰ ਕਿਉਂ ਕਰਦੇ ਹਨ?

[ਸਫ਼ੇ 10 ਉੱਤੇ ਤਸਵੀਰਾਂ]

ਕੀ ਅਸੀਂ ਆਪਣੇ ਭੈਣ-ਭਰਾਵਾਂ ਨੂੰ ਪਿਆਰ ਕਰ ਸਕਦੇ ਹਾਂ, ਭਾਵੇਂ ਕਿ ਅਸੀਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ?