Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਜੂਆ ਖੇਡਣਾ ਗ਼ਲਤ ਹੈ ਜੇਕਰ ਅਸੀਂ ਸਿਰਫ਼ ਥੋੜ੍ਹਾ ਜਿਹਾ ਪੈਸਾ ਖੇਡਣ ਵਿਚ ਲਾਈਏ?

ਬਾਈਬਲ ਵਿਚ ਜੂਏਬਾਜ਼ੀ ਬਾਰੇ ਸਿੱਧਾ ਕੁਝ ਨਹੀਂ ਕਿਹਾ ਗਿਆ, ਪਰ ਬਾਈਬਲ ਦੇ ਕਈ ਸਿਧਾਂਤਾਂ ਤੋਂ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਹਰ ਪ੍ਰਕਾਰ ਦਾ ਜੂਆ ਗ਼ਲਤ ਹੈ। * ਮਿਸਾਲ ਲਈ, ਸਾਰੇ ਜਾਣਦੇ ਹਨ ਕਿ ਜੂਆ ਲੋਕਾਂ ਵਿਚ ਲੋਭ ਪੈਦਾ ਕਰਦਾ ਹੈ। ਇਸ ਦੇ ਸੰਬੰਧ ਵਿਚ ਬਾਈਬਲ ਕਹਿੰਦੀ ਹੈ ਕਿ “ਲੋਭੀ” ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਅਤੇ ਬਾਈਬਲ ਵਿਚ ਲੋਭ ਨੂੰ ਮੂਰਤੀ ਪੂਜਾ ਕਿਹਾ ਗਿਆ ਹੈ। ਇਸ ਲਈ ਮਸੀਹੀਆਂ ਨੂੰ ਇਸ ਸਲਾਹ ਵੱਲ ਧਿਆਨ ਦੇਣ ਦੀ ਲੋੜ ਹੈ।—1 ਕੁਰਿੰਥੀਆਂ 6:9, 10; ਕੁਲੁੱਸੀਆਂ 3:5.

ਜੂਏਬਾਜ਼ੀ ਕਾਰਨ ਲੋਕਾਂ ਵਿਚ ਘਮੰਡ ਤੇ ਮੁਕਾਬਲੇ ਦੀ ਬੁਰੀ ਭਾਵਨਾ ਪੈਦਾ ਹੁੰਦੀ ਹੈ ਯਾਨੀ ਉਹ ਹਰ ਹਾਲਤ ਵਿਚ ਜਿੱਤਣਾ ਚਾਹੁੰਦੇ ਹਨ। ਪੌਲੁਸ ਰਸੂਲ ਨੇ ਇਨ੍ਹਾਂ ਗੱਲਾਂ ਬਾਰੇ ਚੇਤਾਵਨੀ ਦਿੱਤੀ ਜਦ ਉਸ ਨੇ ਕਿਹਾ: “ਅਸੀਂ ਫੋਕਾ ਘੁਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿਝਾਈਏ ਅਤੇ ਇੱਕ ਦੂਏ ਨਾਲ ਖਾਰ ਕਰੀਏ।” (ਗਲਾਤੀਆਂ 5:26) ਇਸ ਤੋਂ ਇਲਾਵਾ ਜੂਏਬਾਜ਼ੀ ਕਾਰਨ ਲੋਕ ਕਿਸਮਤ ਉੱਤੇ ਭਰੋਸਾ ਰੱਖਣ ਲੱਗ ਪੈਂਦੇ ਹਨ। ਜੁਆਰੀ ਕਈਆਂ ਗੱਲਾਂ ਦਾ ਵਹਿਮ ਕਰਨ ਲੱਗ ਪੈਂਦੇ ਹਨ, ਇਸ ਉਮੀਦ ਨਾਲ ਕਿ ਕਿਸਮਤ ਉਨ੍ਹਾਂ ਦਾ ਸਾਥ ਦੇਵੇਗੀ। ਅਜਿਹੇ ਲੋਕ ਬੇਵਫ਼ਾ ਇਸਰਾਏਲੀਆਂ ਵਰਗੇ ਹਨ ਜੋ ‘ਲਛਮੀ ਦੇਵੀ ਲਈ ਮੇਜ਼ ਸੁਆਰਦੇ ਸਨ, ਅਤੇ ਪਰਾਲਭਦ ਦੀ ਦੇਵੀ ਲਈ ਰਲਵੀਂ ਮਧ ਭਰਦੇ ਸਨ।’—ਯਸਾਯਾਹ 65:11.

ਕਈ ਸ਼ਾਇਦ ਇਸ ਤਰ੍ਹਾਂ ਸੋਚਣ ਕਿ ਰਿਸ਼ਤੇਦਾਰਾਂ ਜਾਂ ਦੋਸਤ-ਮਿੱਤਰਾਂ ਨਾਲ ਤਾਸ਼ ਜਾਂ ਕੋਈ ਬੋਰਡ-ਗੇਮ ਖੇਡਣ ਦੇ ਸਮੇਂ ਥੋੜ੍ਹਾ ਜਿਹਾ ਪੈਸਾ ਲਗਾਉਣ ਵਿਚ ਕੋਈ ਹਰਜ ਨਹੀਂ। ਇਹ ਸੱਚ ਹੈ ਕਿ ਜੋ ਵਿਅਕਤੀ ਥੋੜ੍ਹੇ ਜਿਹੇ ਪੈਸੇ ਲਾ ਕੇ ਜੂਆ ਖੇਡਦਾ ਹੋਵੇ, ਉਹ ਸ਼ਾਇਦ ਆਪਣੇ ਆਪ ਨੂੰ ਲੋਭੀ, ਘਮੰਡੀ, ਮੁਕਾਬਲਾ ਕਰਨ ਵਾਲਾ ਜਾਂ ਵਹਿਮੀ ਇਨਸਾਨ ਨਾ ਸਮਝੇ। ਫਿਰ ਵੀ, ਜਿਨ੍ਹਾਂ ਨਾਲ ਉਹ ਜੂਆ ਖੇਡਦਾ ਹੈ, ਉਨ੍ਹਾਂ ਉੱਤੇ ਇਸ ਦਾ ਕਿਹੋ ਜਿਹਾ ਅਸਰ ਪੈਂਦਾ ਹੈ? ਜਿਹੜੇ ਅੱਜ ਪੱਕੇ ਜੁਆਰੀ ਬਣ ਗਏ ਹਨ, ਉਹ ਸ਼ੁਰੂ-ਸ਼ੁਰੂ ਵਿਚ ‘ਸਿਰਫ਼ ਦਿਲਪਰਚਾਵੇ ਲਈ’ ਥੋੜ੍ਹੇ ਪੈਸਿਆਂ ਦੀ ਬਾਜ਼ੀ ਲਾਉਂਦੇ ਸਨ। (ਲੂਕਾ 16:10) ਭੋਲੇਪਣ ਵਿਚ ਦਿਲ ਬਹਿਲਾਉਣ ਦਾ ਨਤੀਜਾ ਕਿੰਨਾ ਬੁਰਾ ਨਿਕਲਿਆ!

ਖ਼ਾਸ ਕਰਕੇ ਬੱਚਿਆਂ ਨਾਲ ਇਸ ਤਰ੍ਹਾਂ ਹੁੰਦਾ ਹੈ। ਕਈ ਬੱਚੇ ਛੋਟੀ ਬਾਜ਼ੀ ਜਿੱਤ ਕੇ ਇੰਨੇ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਵਿਚ ਵੱਡੀ ਬਾਜ਼ੀ ਲਾਉਣ ਦਾ ਲਾਲਚ ਪੈਦਾ ਹੋ ਜਾਂਦਾ ਹੈ। (1 ਤਿਮੋਥਿਉਸ 6:10) ਅਮਰੀਕਾ ਦੇ ਐਰੀਜ਼ੋਨਾ ਰਾਜ ਵਿਚ ਇਕ ਸੰਸਥਾ ਨੇ ਜੂਆ ਖੇਡਣ ਦੀ ਲਤ ਉੱਤੇ ਲੰਬੀ ਜਾਂਚ ਕਰ ਕੇ ਇਸ ਦੀ ਰਿਪੋਰਟ ਛਾਪੀ। ਇਸ ਰਿਪੋਰਟ ਅਨੁਸਾਰ ਜਿਨ੍ਹਾਂ ਨੂੰ ਜੂਆ ਖੇਡਣ ਦੀ ਲਤ ਹੁੰਦੀ ਹੈ, ਉਨ੍ਹਾਂ ਵਿੱਚੋਂ ਕਈਆਂ ਨੇ ਛੋਟੀ ਉਮਰ ਵਿਚ “ਆਪਣੇ ਪਰਿਵਾਰ ਜਾਂ ਦੋਸਤ-ਮਿੱਤਰਾਂ ਨਾਲ ਰਲ ਕੇ ਖੇਡਾਂ ਤੇ ਜਾਂ ਤਾਸ਼ ਦੇ ਪੱਤਿਆਂ ਤੇ ਥੋੜ੍ਹੇ ਜਿਹੇ ਪੈਸੇ ਲਾ ਕੇ” ਜੂਆ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਕ ਹੋਰ ਰਿਪੋਰਟ ਕਹਿੰਦੀ ਹੈ ਕਿ “ਬੱਚੇ ਘਰ ਵਿਚ ਜੂਆ ਖੇਡਣਾ ਸ਼ੁਰੂ ਕਰਦੇ ਹਨ, ਆਮ ਤੌਰ ਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਤਾਸ਼ ਖੇਡਦੇ ਹੋਏ।” ਇਸ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ “ਤੀਹ ਫੀ ਸਦੀ ਬੱਚੇ ਗਿਆਰਾਂ ਸਾਲਾਂ ਦੀ ਉਮਰ ਤੋਂ ਪਹਿਲਾਂ ਹੀ ਜੂਆ ਖੇਡਣ ਲੱਗ ਪੈਂਦੇ ਹਨ।” ਅਮਰੀਕਾ ਵਿਚ ਜੂਆ ਖੇਡਣ ਦੀ ਜਾਂਚ ਤੋਂ ਪਤਾ ਲੱਗਾ ਕਿ ਕਈ ਨੌਜਵਾਨ ਜੂਆ ਖੇਡਣ ਲਈ ਅਪਰਾਧ ਅਤੇ ਅਨੈਤਿਕ ਕੰਮ ਕਰਨ ਲੱਗ ਪੈਂਦੇ ਹਨ। ਜੂਆ ਖੇਡਣ ਦਾ ਕਿੰਨਾ ਬੁਰਾ ਨਤੀਜਾ!

ਦੁਨੀਆਂ ਵਿਚ ਪਹਿਲਾਂ ਹੀ ਬਹੁਤ ਸਾਰੇ ਫੰਧੇ ਤੇ ਸਾਨੂੰ ਲਲਚਾਉਣ ਵਾਲੀਆਂ ਚੀਜ਼ਾਂ ਹਨ, ਤਾਂ ਫਿਰ ਅਸੀਂ ਆਪਣੇ ਗਲ ਹੋਰ ਫਾਹਾ ਕਿਉਂ ਪਾਈਏ? (ਕਹਾਉਤਾਂ 27:12) ਜੂਆ ਚਾਹੇ ਬੱਚਿਆਂ ਦੇ ਸਾਮ੍ਹਣੇ ਖੇਡਿਆ ਜਾਵੇ ਜਾਂ ਨਾ, ਚਾਹੇ ਇਹ ਛੋਟੀ ਜਾਂ ਵੱਡੀ ਬਾਜ਼ੀ ਹੋਵੇ, ਫਿਰ ਵੀ ਇਹ ਰੂਹਾਨੀ ਤੌਰ ਤੇ ਖ਼ਤਰਨਾਕ ਹੈ ਅਤੇ ਇਸ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਜੋ ਮਸੀਹੀ ਮਨੋਰੰਜਨ ਲਈ ਬੋਰਡ-ਗੇਮਾਂ ਜਾਂ ਤਾਸ਼ ਖੇਡਣੀ ਪਸੰਦ ਕਰਦੇ ਹਨ, ਉਹ ਪੈਸੇ ਲਾਉਣ ਦੀ ਬਜਾਇ ਆਪਣੇ ਸਕੋਰ ਲਿਖ ਸਕਦੇ ਹਨ ਜਾਂ ਉਹ ਸਕੋਰ ਲਿਖਣ ਤੋਂ ਬਿਨਾਂ ਵੀ ਖੇਡ ਸਕਦੇ ਹਨ। ਸਮਝਦਾਰ ਮਸੀਹੀ ਜੋ ਆਪਣੀ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਦੀ ਅਧਿਆਤਮਿਕਤਾ ਦੀ ਕਦਰ ਕਰਦੇ ਹਨ, ਜੂਏ ਤੋਂ ਦੂਰ ਹੀ ਰਹਿੰਦੇ ਹਨ, ਚਾਹੇ ਇਹ ਥੋੜ੍ਹੇ ਪੈਸੇ ਲਾ ਕੇ ਖੇਡਿਆ ਜਾਵੇ।

[ਫੁਟਨੋਟ]

^ ਪੈਰਾ 3 ਦ ਵਰਲਡ ਬੁੱਕ ਐਨਸਾਈਕਲੋਪੀਡੀਆ ਅਨੁਸਾਰ ਜੂਆ ਕਿਸੇ ਖੇਡ ਜਾਂ ਘਟਨਾ ਉੱਤੇ ਬਾਜ਼ੀ ਲਾਉਣੀ ਹੈ। ਇਸ ਵਿਚ ਅੱਗੇ ਇਹ ਕਿਹਾ ਗਿਆ ਹੈ ਕਿ ਜੁਆਰੀ ਅਕਸਰ ਲਾਟਰੀ, ਤਾਸ਼ ਦੀ ਖੇਡ ਅਤੇ ਚੌਸਰ ਦੀ ਖੇਡ ਵਿਚ ਪੈਸੇ ਲਾਉਂਦੇ ਹਨ।