ਮਾਫ਼ੀ ਮੰਗਣੀ ਇੰਨੀ ਔਖੀ ਕਿਉਂ ਹੈ?
ਮਾਫ਼ੀ ਮੰਗਣੀ ਇੰਨੀ ਔਖੀ ਕਿਉਂ ਹੈ?
ਜ਼ਾਹਰ ਹੁੰਦਾ ਹੈ ਕਿ ਸੜਕ ਹਾਦਸਿਆਂ ਵਿਚ ਜਦ ਕਿਸੇ ਦੇ ਸੱਟ ਲੱਗਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਹੈ, ਤਾਂ ਲੋਕ ਅਕਸਰ ਮਾਫ਼ੀ ਮੰਗਣ ਤੋਂ ਹਿਚਕਿਚਾਉਂਦੇ ਹਨ, ਤਾਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਅਦਾਲਤ ਵਿਚ ਹਾਦਸੇ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਇਸ ਦੇ ਸੰਬੰਧ ਵਿਚ ਸਾਲ 2000 ਦੇ ਜੁਲਾਈ ਮਹੀਨੇ ਵਿਚ ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਵਿਚ ਇਕ ਨਵਾਂ ਕਾਨੂੰਨ ਬਣਾਇਆ ਗਿਆ। ਇਸ ਕਾਨੂੰਨ ਦੀ ਕੀ ਲੋੜ ਸੀ? ਇਹ ਇਸ ਲਈ ਬਣਾਇਆ ਗਿਆ ਸੀ ਤਾਂਕਿ ਉਨ੍ਹਾਂ ਲੋਕਾਂ ਨੂੰ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ ਜੋ ਜ਼ਖ਼ਮੀ ਹੋਏ ਵਿਅਕਤੀ ਲਈ ਹਮਦਰਦੀ ਦਿਖਾਉਂਦੇ ਹੋਏ ਉਸ ਤੋਂ ਮਾਫ਼ੀ ਮੰਗਦੇ ਹਨ। ਦੂਸਰੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜੋ ਸੜਕ ਹਾਦਸੇ ਵਿਚ ਹੋਈ ਮਾੜੀ-ਮੋਟੀ ਗੱਲ ਨੂੰ ਵਧਾਅ-ਚੜ੍ਹਾਅ ਕੇ ਲੜਾਈ-ਝਗੜਾ ਕਰਨ ਲੱਗ ਪੈਂਦੇ ਹਨ ਜੇਕਰ ਉਨ੍ਹਾਂ ਤੋਂ ਫ਼ੌਰਨ ਹੀ ਮਾਫ਼ੀ ਨਾ ਮੰਗੀ ਜਾਵੇ।
ਇਹ ਸੱਚ ਹੈ ਕਿ ਤੁਹਾਨੂੰ ਉਸ ਹਾਦਸੇ ਲਈ ਮਾਫ਼ੀ ਮੰਗਣ ਦੀ ਲੋੜ ਨਹੀਂ ਜਿਸ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋ। ਇਹ ਵੀ ਸੱਚ ਹੈ ਕਿ ਕਦੇ-ਕਦੇ ਤੁਹਾਨੂੰ ਬੜੇ ਧਿਆਨ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ। ਇਕ ਪੁਰਾਣੀ ਕਹਾਵਤ ਕਹਿੰਦੀ ਹੈ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।” (ਕਹਾਉਤਾਂ 10:19; 27:12) ਪਰ ਫਿਰ ਵੀ ਤੁਸੀਂ ਤਮੀਜ਼ ਨਾਲ ਗੱਲ ਕਰਦੇ ਹੋਏ ਦੂਸਰਿਆਂ ਦੀ ਮਦਦ ਕਰ ਸਕਦੇ ਹੋ।
ਪਰ ਕੀ ਇਹ ਸੱਚ ਨਹੀਂ ਕਿ ਬਹੁਤ ਸਾਰੇ ਲੋਕ ਅੱਜ-ਕੱਲ੍ਹ ਮਾਫ਼ੀ ਨਹੀਂ ਮੰਗਦੇ, ਭਾਵੇਂ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਗ਼ਲਤੀ ਕਰਕੇ ਅਦਾਲਤ ਵਿਚ ਨਾ ਲਿਜਾਇਆ ਜਾਵੇ? ਘਰ ਵਿਚ ਇਕ ਪਤਨੀ ਦੀ ਸ਼ਾਇਦ ਇਹ ਸ਼ਿਕਾਇਤ ਹੋਵੇ: ‘ਮੇਰਾ ਘਰ ਵਾਲਾ ਕਦੇ ਆਪਣੀ ਗ਼ਲਤੀ ਦੀ ਮਾਫ਼ੀ ਨਹੀਂ ਮੰਗਦਾ।’ ਕੰਮ ਤੇ ਇਕ ਫੋਰਮੈਨ ਸ਼ਾਇਦ ਕਹੇ: ‘ਕੰਮ ਤੇ ਬੰਦੇ ਆਪਣੀਆਂ ਗ਼ਲਤੀਆਂ ਕਬੂਲ ਨਹੀਂ ਕਰਦੇ ਅਤੇ ਬਹੁਤ ਹੀ ਘੱਟ ਮਾਫ਼ੀ ਮੰਗਦੇ ਹਨ।’ ਸਕੂਲ ਦੇ ਅਧਿਆਪਕਾਂ ਦੀ ਸ਼ਾਇਦ ਇਹ ਸ਼ਿਕਾਇਤ ਹੋਵੇ ਕਿ ‘ਬੱਚਿਆਂ ਨੂੰ ਮਾਫ਼ੀ ਮੰਗਣ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ।’
ਲੋਕ ਸ਼ਾਇਦ ਇਸ ਲਈ ਵੀ ਮਾਫ਼ੀ ਮੰਗਣ ਤੋਂ ਹਿਚਕਿਚਾਉਣ ਕਿਉਂਕਿ ਉਹ ਸੋਚਦੇ ਹਨ ਕਿ ਜਿਨ੍ਹਾਂ ਤੋਂ ਉਹ ਮਾਫ਼ੀ ਮੰਗਦੇ ਹਨ, ਉਹ ਉਨ੍ਹਾਂ ਨਾਲ ਗੱਲਬਾਤ ਕਰਨੀ ਛੱਡ ਦੇਣਗੇ। ਹੋ ਸਕਦਾ ਹੈ ਕਿ ਜਿਸ ਵਿਅਕਤੀ ਨੂੰ ਦੁੱਖ ਪਹੁੰਚਾਇਆ ਗਿਆ ਹੈ, ਉਹ ਸ਼ਾਇਦ ਕਸੂਰਵਾਰ ਬੰਦੇ ਤੋਂ ਦੂਰ-ਦੂਰ ਰਹਿਣ ਲੱਗ ਪਵੇ, ਜਿਸ ਕਰਕੇ ਸੁਲ੍ਹਾ-ਸਫ਼ਾਈ ਕਰਨੀ ਔਖੀ ਹੋ ਜਾਂਦੀ ਹੈ।
ਕੁਝ ਲੋਕ ਸ਼ਾਇਦ ਇਸ ਲਈ ਮਾਫ਼ੀ ਨਾ ਮੰਗਣ ਕਿਉਂਕਿ ਉਨ੍ਹਾਂ ਨੂੰ ਦੂਸਰਿਆਂ ਦੇ ਜਜ਼ਬਾਤਾਂ ਦਾ ਜ਼ਰਾ ਵੀ ਫ਼ਿਕਰ ਨਹੀਂ ਹੁੰਦਾ। ਉਹ ਸ਼ਾਇਦ ਇਸ ਤਰ੍ਹਾਂ ਸੋਚਣ ਕਿ ‘ਜੋ ਹੋ ਚੁੱਕਾ ਹੈ ਉਹ ਮਾਫ਼ੀ ਮੰਗਣ ਨਾਲ ਬਦਲਣ ਵਾਲਾ ਨਹੀਂ।’ ਕੁਝ ਅਜਿਹੇ ਲੋਕ ਵੀ ਹਨ ਜੋ ਬੁਰੇ ਨਤੀਜਿਆਂ ਕਾਰਨ ਮਾਫ਼ੀ ਮੰਗਣ ਤੋਂ ਝਿਜਕਦੇ ਹਨ। ਉਹ ਸ਼ਾਇਦ ਸੋਚਦੇ ਹਨ ਕਿ ਉਨ੍ਹਾਂ ਨੂੰ ਇਸ ਲਈ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਪਰ ਆਪਣੀ ਗ਼ਲਤੀ ਕਬੂਲ ਨਾ ਕਰਨ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਦਾ ਘਮੰਡ ਹੈ। ਜੋ ਵਿਅਕਤੀ ਆਪਣੇ ਘਮੰਡ ਕਾਰਨ ਮਾਫ਼ੀ ਨਹੀਂ ਮੰਗ ਸਕਦਾ, ਉਹ ਅਸਲ ਵਿਚ ਸ਼ਾਇਦ ਇਹ ਕਹਿਣਾ ਚਾਹੇ ਕਿ ‘ਮੈਂ ਗ਼ਲਤੀ ਕਬੂਲ ਕਰ ਕੇ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਚਾਹੁੰਦਾ। ਇਸ ਨਾਲ ਮੇਰੀ ਬਹੁਤ ਬਦਨਾਮੀ ਹੋਵੇਗੀ।’
ਜੋ ਵੀ ਕਾਰਨ ਹੋਵੇ, ਕਈ ਲੋਕਾਂ ਲਈ ਮਾਫ਼ੀ ਮੰਗਣੀ ਬਹੁਤ ਔਖੀ ਹੁੰਦੀ ਹੈ। ਪਰ ਕੀ ਮਾਫ਼ੀ ਮੰਗਣੀ ਜ਼ਰੂਰੀ ਹੈ? ਮਾਫ਼ੀ ਮੰਗਣ ਦੇ ਕੀ ਫ਼ਾਇਦੇ ਹਨ?
[ਸਫ਼ੇ 3 ਉੱਤੇ ਤਸਵੀਰ]
“ਬੱਚਿਆਂ ਨੂੰ ਮਾਫ਼ੀ ਮੰਗਣ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ”
[ਸਫ਼ੇ 3 ਉੱਤੇ ਤਸਵੀਰ]
“ਕੰਮ ਤੇ ਬੰਦੇ ਆਪਣੀਆਂ ਗ਼ਲਤੀਆਂ ਕਬੂਲ ਨਹੀਂ ਕਰਦੇ”
[ਸਫ਼ੇ 3 ਉੱਤੇ ਤਸਵੀਰ]
“ਮੇਰਾ ਘਰ ਵਾਲਾ ਕਦੇ ਆਪਣੀ ਗ਼ਲਤੀ ਦੀ ਮਾਫ਼ੀ ਨਹੀਂ ਮੰਗਦਾ”