Skip to content

Skip to table of contents

ਅਸੀਂ ਯਹੋਵਾਹ ਅੱਗੇ ਆਪਣੇ ਦਿਨ ਕਿਵੇਂ ਗਿਣ ਸਕਦੇ ਹਾਂ?

ਅਸੀਂ ਯਹੋਵਾਹ ਅੱਗੇ ਆਪਣੇ ਦਿਨ ਕਿਵੇਂ ਗਿਣ ਸਕਦੇ ਹਾਂ?

ਅਸੀਂ ਯਹੋਵਾਹ ਅੱਗੇ ਆਪਣੇ ਦਿਨ ਕਿਵੇਂ ਗਿਣ ਸਕਦੇ ਹਾਂ?

“ਕੱਲ੍ਹ ਸੂਰਜ ਚੜ੍ਹਨ ਤੋਂ ਸੂਰਜ ਛਿਪਣ ਦੇ ਵਿਚ-ਵਿਚ ਦੋ ਸੁਨਹਿਰੇ ਘੰਟੇ ਗਾਇਬ ਹੋ ਗਏ। ਇਨ੍ਹਾਂ ਦੋਹਾਂ ਘੰਟਿਆਂ ਵਿਚ ਸੱਠ ਹੀਰਿਆਂ-ਜੜੇ ਮਿੰਟ ਸਨ। ਹੁਣ ਇਹ ਗੁਆਚੇ ਘੰਟੇ ਮੁੜ ਕੇ ਕਦੇ ਵੀ ਹੱਥ ਨਹੀਂ ਲੱਗਣਗੇ!”—ਅਮਰੀਕਨ ਲੇਖਕ ਲਿੱਡੀਆ ਐੱਚ. ਸੀਗੱਰਨੀ (1791-1865).

ਸਾਡੀ ਜ਼ਿੰਦਗੀ ਦੇ ਦਿਨ ਚੰਦ ਘੜੀਆਂ ਵਾਂਗ ਲੰਘ ਜਾਂਦੇ ਹਨ। ਆਪਣੀ ਛੋਟੀ ਜਿਹੀ ਜ਼ਿੰਦਗੀ ਉੱਤੇ ਗੌਰ ਕਰਨ ਤੋਂ ਬਾਅਦ ਦਾਊਦ ਨੇ ਇਕ ਪ੍ਰਾਰਥਨਾ ਵਿਚ ਇਵੇਂ ਕਿਹਾ: “ਹੇ ਯਹੋਵਾਹ, ਮੈਨੂੰ ਮੇਰਾ ਓੜਕ ਦੱਸ, ਅਤੇ ਇਹ ਵੀ ਕਿ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕੇਡਾ ਅਨਿੱਤ ਹਾਂ। ਵੇਖ, ਤੈਂ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ।” ਦਾਊਦ ਆਪਣੀ ਜ਼ਿੰਦਗੀ ਦੌਰਾਨ ਆਪਣੀ ਬੋਲ-ਬਾਣੀ ਦੁਆਰਾ ਹੀ ਨਹੀਂ, ਸਗੋਂ ਆਪਣੇ ਚਾਲ-ਚੱਲਣ ਦੁਆਰਾ ਵੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਪਰਮੇਸ਼ੁਰ ਉੱਤੇ ਆਪਣੀ ਨਿਰਭਰਤਾ ਦਿਖਾਉਂਦੇ ਹੋਏ ਉਸ ਨੇ ਕਿਹਾ: “ਮੈਨੂੰ ਤੇਰੀ ਹੀ ਆਸ ਹੈ।” (ਜ਼ਬੂਰਾਂ ਦੀ ਪੋਥੀ 39:4, 5, 7) ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ। ਅਸਲ ਵਿਚ ਉਸ ਨੇ ਦਾਊਦ ਦੇ ਕੰਮਾਂ-ਕਾਰਾਂ ਨੂੰ ਜਾਂਚ ਕੇ ਉਸ ਉੱਤੇ ਬਰਕਤਾਂ ਵਰਸਾਈਆਂ।

ਸਾਡੇ ਕੋਲ ਹਰ ਪਲ ਕੋਈ-ਨ-ਕੋਈ ਕੰਮ-ਧੰਦਾ ਕਰਨ ਲਈ ਰਹਿੰਦਾ ਹੈ ਤੇ ਅਸੀਂ ਜ਼ਿੰਦਗੀ ਦੀ ਹਫ਼ੜਾ-ਦਫ਼ੜੀ ਵਿਚ ਹਮੇਸ਼ਾ ਰੁੱਝੇ ਰਹਿੰਦੇ ਹਾਂ। ਇਸ ਲਈ ਅਸੀਂ ਚਿੰਤਾ ਵਿਚ ਪੈ ਸਕਦੇ ਹਾਂ ਕਿ ਇੰਨੇ ਢੇਰ ਸਾਰੇ ਕੰਮ ਇੰਨੇ ਥੋੜ੍ਹੇ ਸਮੇਂ ਵਿਚ ਕਿਵੇਂ ਪੂਰੇ ਕੀਤੇ ਜਾ ਸਕਦੇ ਹਨ। ਪਰ ਕੀ ਸਾਡੀ ਚਿੰਤਾ ਦਾਊਦ ਦੀ ਚਿੰਤਾ ਵਰਗੀ ਹੈ? ਕੀ ਅਸੀਂ ਆਪਣੀ ਜ਼ਿੰਦਗੀ ਇਵੇਂ ਬਤੀਤ ਕਰਨੀ ਚਾਹੁੰਦੇ ਹਾਂ ਜਿਸ ਨੂੰ ਜਾਂਚ ਕੇ ਪਰਮੇਸ਼ੁਰ ਖ਼ੁਸ਼ ਹੋਵੇਗਾ? ਇਸ ਗੱਲ ਦਾ ਯਕੀਨ ਕਰੋ ਕਿ ਯਹੋਵਾਹ ਸਭ ਕੁਝ ਦੇਖਦਾ ਤੇ ਧਿਆਨ ਨਾਲ ਜਾਂਚਦਾ ਹੈ। ਪਰਮੇਸ਼ੁਰ ਤੋਂ ਡਰਨ ਵਾਲੇ ਇਕ ਮਨੁੱਖ ਅੱਯੂਬ ਉੱਤੇ ਗੌਰ ਕਰੋ। ਕੁਝ 3,600 ਸਾਲ ਪਹਿਲਾਂ ਉਸ ਨੇ ਇਹ ਕਬੂਲ ਕੀਤਾ ਕਿ ਯਹੋਵਾਹ ਉਸ ਦੀ ਸਾਰੀ ਆਉਣੀ-ਜਾਣੀ ਬਾਰੇ ਜਾਣਦਾ ਸੀ ਤੇ ਉਸ ਦੇ ਸਾਰੇ ਕਦਮ ਗਿਣਦਾ ਸੀ। ਅੱਯੂਬ ਨੇ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ ਕਿ “ਜਦ ਉਹ [ਯਹੋਵਾਹ] ਖ਼ਬਰ ਲਵੇ ਤਾਂ ਮੈਂ ਕੀ ਉੱਤਰ ਦਿਆਂ?” (ਅੱਯੂਬ 31:4-6, 14) ਅਸੀਂ ਵੀ ਆਪਣੇ ਜੀਵਨ ਵਿਚ ਪਰਮੇਸ਼ੁਰ ਦੀਆਂ ਗੱਲਾਂ ਨੂੰ ਪਹਿਲੀ ਥਾਂ ਦੇ ਕੇ, ਉਸ ਦੇ ਹੁਕਮਾਂ ਦੀ ਪਾਲਨਾ ਕਰ ਕੇ ਅਤੇ ਅਕਲਮੰਦੀ ਨਾਲ ਆਪਣਾ ਸਮਾਂ ਗੁਜ਼ਾਰ ਕੇ ਪਰਮੇਸ਼ੁਰ ਅੱਗੇ ਆਪਣੇ ਦਿਨ ਗਿਣ ਸਕਦੇ ਹਾਂ। ਆਓ ਆਪਾਂ ਇਨ੍ਹਾਂ ਗੱਲਾਂ ਉੱਤੇ ਹੋਰ ਗੌਰ ਕਰੀਏ।

ਰੂਹਾਨੀ ਗੱਲਾਂ ਨੂੰ ਪਹਿਲੀ ਥਾਂ ਦਿਓ

ਬਾਈਬਲ ਸਾਨੂੰ ਅਰਜ਼ ਕਰਦੀ ਹੈ ਕਿ ਰੂਹਾਨੀ ਗੱਲਾਂ ਨੂੰ ਪਹਿਲੀ ਥਾਂ ਦਿਓ। ਉਸ ਵਿਚ ਲਿਖਿਆ ਹੈ: “ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ।” ਇਹ ਚੰਗ ਚੰਗੇਰੀਆਂ ਗੱਲਾਂ ਕੀ ਹਨ? ‘ਸਮਝ ਅਤੇ ਸਭ ਪਰਕਾਰ ਦਾ ਬਿਬੇਕ,’ ਯਾਨੀ ਸਾਨੂੰ ਪਰਮੇਸ਼ੁਰ ਬਾਰੇ ਸਹੀ-ਸਹੀ ਗਿਆਨ ਲੈਣਾ ਚਾਹੀਦਾ ਹੈ ਤੇ ਸਮਝਦਾਰੀ ਨਾਲ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। (ਫ਼ਿਲਿੱਪੀਆਂ 1:9, 10) ਜੇ ਅਸੀਂ ਯਹੋਵਾਹ ਦੇ ਮਕਸਦਾਂ ਬਾਰੇ ਗਿਆਨ ਲੈਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣਾ ਸਮਾਂ ਸਮਝਦਾਰੀ ਨਾਲ ਵਰਤਣ ਦੀ ਲੋੜ ਹੈ। ਨਿਸ਼ਚੇ ਹੀ, ਰੂਹਾਨੀ ਗੱਲਾਂ ਨੂੰ ਪਹਿਲੀ ਥਾਂ ਦੇਣ ਨਾਲ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰਪੂਰ ਹੋਵੇਗੀ।

ਪੌਲੁਸ ਰਸੂਲ ਸਾਨੂੰ ਯਾਦ ਦਿਲਾਉਂਦਾ ਹੈ ਕਿ ਲਗਾਤਾਰ “ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।” ਪਰਤਾ ਕੇ ਵੇਖਣ ਦਾ ਇਹ ਮਤਲਬ ਹੈ ਕਿ ਅਸੀਂ ਆਪਣੇ ਮਕਸਦਾਂ ਅਤੇ ਦਿਲ ਦੀਆਂ ਇੱਛਾਵਾਂ ਦੀ ਜਾਂਚ ਕਰਦੇ ਰਹੀਏ। ਰਸੂਲ ਅੱਗੇ ਕਹਿੰਦਾ ਹੈ ਕਿ “ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।” (ਅਫ਼ਸੀਆਂ 5:10, 17) ਤਾਂ ਫਿਰ, ਯਹੋਵਾਹ ਦੀ ਮਨਭਾਉਂਦੀ ਇੱਛਾ ਕੀ ਹੈ? ਬਾਈਬਲ ਵਿਚ ਇਕ ਕਹਾਵਤ ਅਨੁਸਾਰ “ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ, ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ। ਉਹ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ।” (ਕਹਾਉਤਾਂ 4:7, 8) ਯਹੋਵਾਹ ਦਾ ਮਨ ਉਦੋਂ ਅਨੰਦ ਹੁੰਦਾ ਹੈ ਜਦੋਂ ਅਸੀਂ ਬੁੱਧਵਾਨ ਹੁੰਦੇ ਹਾਂ ਤੇ ਇਸ ਗੁਣ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ। (ਕਹਾਉਤਾਂ 23:15) ਅਜਿਹੀ ਬੁੱਧ ਦੀ ਇਹ ਖੂਬੀ ਹੈ ਕਿ ਇਸ ਨੂੰ ਨਾ ਕੋਈ ਤੁਹਾਡੇ ਤੋਂ ਖੋਹ ਸਕਦਾ ਹੈ ਤੇ ਨਾ ਹੀ ਇਸ ਦਾ ਨਾਸ਼ ਕੀਤਾ ਜਾ ਸਕਦਾ ਹੈ। ਅਸਲ ਵਿਚ ਬੁੱਧ “ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ” ਸਾਡੀ ਰਾਖੀ ਕਰਦੀ ਹੈ।—ਕਹਾਉਤਾਂ 2:10-15.

ਫਿਰ ਇਹ ਕਿੰਨੀ ਬੁੱਧੀ ਦੀ ਗੱਲ ਹੈ ਕਿ ਅਸੀਂ ਰੂਹਾਨੀ ਗੱਲਾਂ ਵਿਚ ਕੋਈ ਵੀ ਲਾਪਰਵਾਹੀ ਨਾ ਕਰੀਏ! ਸਾਨੂੰ ਯਹੋਵਾਹ ਦੇ ਵਚਨਾਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਤੇ ਦਿਲੋਂ ਯਹੋਵਾਹ ਦਾ ਭੈ ਮੰਨਣਾ ਚਾਹੀਦਾ ਹੈ। (ਕਹਾਉਤਾਂ 23:17, 18) ਜਦ ਕਿ ਅਜਿਹਾ ਰਵੱਈਆ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਅਪਣਾਇਆ ਜਾ ਸਕਦਾ ਹੈ, ਪਰ ਬੁੱਧੀਮਾਨ ਰਾਜੇ ਸੁਲੇਮਾਨ ਨੇ ਕਿਹਾ ਸੀ ਕਿ “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪਦੇਸ਼ਕ ਦੀ ਪੋਥੀ 12:1) ਆਪਣੀ ਜਵਾਨੀ ਵਿਚ ਹੀ ਬਾਈਬਲ ਦੇ ਸਿਧਾਂਤਾਂ ਨੂੰ ਅਪਣਾਉਣਾ ਅਤੇ ਇਨ੍ਹਾਂ ਨੂੰ ਦਿਲ ਵਿਚ ਬਿਠਾ ਲੈਣਾ ਸਭ ਤੋਂ ਅਕਲਮੰਦੀ ਦੀ ਗੱਲ ਹੈ।

ਯਹੋਵਾਹ ਨੂੰ ਨਿੱਜੀ ਤੌਰ ਤੇ ਰੋਜ਼ ਪ੍ਰਾਰਥਨਾ ਕਰਨ ਦੁਆਰਾ ਉਸ ਲਈ ਸਾਡੀ ਕਦਰ ਵਧੇਗੀ। ਦਾਊਦ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਅਹਿਮੀਅਤ ਜਾਣਦਾ ਸੀ, ਇਸ ਲਈ ਉਸ ਨੇ ਬੇਨਤੀ ਕੀਤੀ ਕਿ “ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਧਰ, ਮੇਰਿਆਂ ਅੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ।” (ਜ਼ਬੂਰਾਂ ਦੀ ਪੋਥੀ 39:12) ਕੀ ਪਰਮੇਸ਼ੁਰ ਨਾਲ ਸਾਡਾ ਸੰਬੰਧ ਇੰਨਾ ਗਹਿਰਾ ਹੈ ਕਿ ਸਮੇਂ-ਸਮੇਂ ਤੇ ਜਜ਼ਬਾਤੀ ਹੋ ਕੇ ਅਸੀਂ ਵੀ ਹੰਝੂ ਵਹਾਉਂਦੇ ਹਾਂ? ਦਰਅਸਲ ਅਸੀਂ ਜਿੰਨਾ ਜ਼ਿਆਦਾ ਯਹੋਵਾਹ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਾਂਗੇ ਤੇ ਉਸ ਦੇ ਬਚਨ ਉੱਤੇ ਮਨਨ ਕਰਾਂਗੇ, ਤਾਂ ਉਹ ਉੱਨਾ ਹੀ ਸਾਡੇ ਨਜ਼ਦੀਕ ਆਵੇਗਾ।—ਯਾਕੂਬ 4:8.

ਆਗਿਆਕਾਰੀ ਸਿੱਖੋ

ਮੂਸਾ ਨਾਂ ਦੇ ਇਕ ਹੋਰ ਵਫ਼ਾਦਾਰ ਮਨੁੱਖ ਨੇ ਵੀ ਕਬੂਲ ਕੀਤਾ ਕਿ ਉਹ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਸੀ। ਦਾਊਦ ਵਾਂਗ ਮੂਸਾ ਨੇ ਵੀ ਮਹਿਸੂਸ ਕੀਤਾ ਕਿ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ। ਇਸ ਲਈ ਉਸ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਉਹ ਉਸ ਨੂੰ ‘ਆਪਣੇ ਦਿਨ ਗਿਣਨੇ ਸਿਖਲਾਵੇ, ਭਈ ਉਹ ਹਿਕਮਤ ਵਾਲਾ ਮਨ ਪਰਾਪਤ ਕਰ ਸਕੇ।’ (ਜ਼ਬੂਰਾਂ ਦੀ ਪੋਥੀ 90:10-12) ਹਿਕਮਤ, ਯਾਨੀ ਬੁੱਧ ਵਾਲਾ ਮਨ ਸਿਰਫ਼ ਯਹੋਵਾਹ ਦੇ ਅਸੂਲਾਂ ਅਤੇ ਸਿਧਾਂਤਾਂ ਅਨੁਸਾਰ ਸਿੱਖਿਆ ਲੈ ਕੇ ਤੇ ਉਨ੍ਹਾਂ ਉੱਤੇ ਚੱਲ ਕੇ ਪ੍ਰਾਪਤ ਹੁੰਦਾ ਹੈ। ਮੂਸਾ ਇਹ ਗੱਲ ਜਾਣਦਾ ਸੀ, ਇਸ ਲਈ ਉਸ ਨੇ ਇਸਰਾਏਲ ਦੇ ਲੋਕਾਂ ਦੇ ਦਿਲਾਂ ਵਿਚ ਇਹ ਮਹੱਤਵਪੂਰਣ ਸੱਚਾਈ ਬਿਠਾਉਣ ਦੀ ਕੋਸ਼ਿਸ਼ ਕੀਤੀ। ਵਾਅਦਾ ਕੀਤੇ ਹੋਏ ਦੇਸ਼ ਨੂੰ ਕਬਜ਼ੇ ਵਿਚ ਲੈਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਸਾਮ੍ਹਣੇ ਪਰਮੇਸ਼ੁਰ ਦੇ ਕਾਇਦੇ-ਕਾਨੂੰਨ ਵਾਰ-ਵਾਰ ਦੁਹਰਾਏ। ਬਾਅਦ ਵਿਚ ਯਹੋਵਾਹ ਨੇ ਜਿਹੜੇ ਮਰਜ਼ੀ ਇਨਸਾਨ ਨੂੰ ਇਸਰਾਏਲ ਉੱਤੇ ਹਕੂਮਤ ਕਰਨ ਲਈ ਚੁਣਿਆ ਸੀ, ਉਸ ਨੂੰ ਆਪਣੇ ਆਪ ਲਈ ਬਿਵਸਥਾ ਦੀ ਇਕ ਕਾਪੀ ਬਣਾਉਣੀ ਪੈਂਦੀ ਸੀ ਤੇ ਜ਼ਿੰਦਗੀ ਭਰ ਉਸ ਨੂੰ ਪੜ੍ਹਨਾ ਪੈਂਦਾ ਸੀ। ਇਵੇਂ ਕਿਉਂ? ਤਾਂਕਿ ਉਹ ਪਰਮੇਸ਼ੁਰ ਦਾ ਭੈ ਮੰਨਣਾ ਸਿੱਖ ਸਕਦਾ। ਇਸ ਤੋਂ ਪਤਾ ਚੱਲ ਸਕਦਾ ਸੀ ਕਿ ਉਹ ਰਾਜਾ ਕਿੰਨਾ ਆਗਿਆਕਾਰ ਸੀ। ਇੱਦਾਂ ਕਰਨ ਨਾਲ ਉਹ ਆਪਣੇ ਭਰਾਵਾਂ ਉੱਤੇ ਹੰਕਾਰ ਕਰਨ ਤੋਂ ਬਚ ਸਕਦਾ ਸੀ ਤੇ ਰਾਜੇ ਵਜੋਂ ਉਸ ਦੇ ਦਿਨ ਲੰਮੇ ਹੋ ਸਕਦੇ ਸਨ। (ਬਿਵਸਥਾ ਸਾਰ 17:18-20) ਇਹ ਵਾਅਦਾ ਦੁਬਾਰਾ ਦੱਸਿਆ ਗਿਆ ਸੀ ਜਦੋਂ ਯਹੋਵਾਹ ਨੇ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਜੇ ਕਰ ਤੂੰ ਮੇਰੇ ਮਾਰਗ ਉੱਤੇ ਚੱਲੇਂਗਾ ਅਤੇ ਮੇਰੀਆਂ ਵਿਧੀਆਂ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਦਿਨ ਵਧਾਵਾਂਗਾ।”—1 ਰਾਜਿਆਂ 3:10-14.

ਰੱਬ ਦੀਆਂ ਨਜ਼ਰਾਂ ਵਿਚ ਆਗਿਆਕਾਰੀ ਇਕ ਬਹੁਤ ਵੱਡੀ ਗੱਲ ਹੈ। ਜੇ ਅਸੀਂ ਯਹੋਵਾਹ ਦੀਆਂ ਮੰਗਾਂ ਤੇ ਉਸ ਦੇ ਹੁਕਮਾਂ ਦੇ ਸੰਬੰਧੀ ਕੁਝ ਗੱਲਾਂ ਨੂੰ ਮਾਮੂਲੀ ਸਮਝਦੇ ਹਾਂ, ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਭ ਕੁਝ ਦੇਖ ਸਕਦਾ ਹੈ। (ਕਹਾਉਤਾਂ 15:3) ਇਹ ਜਾਣਦਿਆਂ ਸਾਨੂੰ ਯਹੋਵਾਹ ਦੀਆਂ ਸਾਰੀਆਂ ਹਿਦਾਇਤਾਂ ਦੀ ਪੂਰੀ ਕਦਰ ਕਰਨੀ ਚਾਹੀਦੀ ਹੈ ਭਾਵੇਂ ਕਿ ਇਹ ਨਿਭਾਉਣੀਆਂ ਸੌਖੀਆਂ ਨਾ ਹੋਣ। ਹਾਲਾਂਕਿ ਸ਼ਤਾਨ ‘ਸਾਨੂੰ ਡੱਕਣ ਲਈ’ ਆਪਣਾ ਪੂਰਾ ਜ਼ੋਰ ਲਾਉਂਦਾ ਹੈ, ਪਰ ਅਸੀਂ ਪਰਮੇਸ਼ੁਰ ਦੇ ਸਾਰੇ ਕਾਨੂੰਨਾਂ ਤੇ ਹੁਕਮਾਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—1 ਥੱਸਲੁਨੀਕੀਆਂ 2:18.

ਸਾਡੇ ਲਈ ਖ਼ਾਸ ਤੌਰ ਤੇ ਬਾਈਬਲ ਦੀ ਇਸ ਸਲਾਹ ਉੱਤੇ ਚੱਲਣਾ ਜ਼ਰੂਰੀ ਹੈ ਕਿ ਅਸੀਂ ਉਪਾਸਨਾ ਤੇ ਸੰਗਤ ਕਰਨ ਲਈ ਇਕ-ਦੂਜੇ ਨਾਲ ਇਕੱਠੇ ਹੋਈਏ। (ਬਿਵਸਥਾ ਸਾਰ 31:12, 13; ਇਬਰਾਨੀਆਂ 10:24, 25) ਇਸ ਲਈ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ‘ਮੈਂ ਲਾਭਕਾਰੀ ਕੰਮ-ਕਾਰ ਕਰਨ ਲਈ ਕਿੰਨਾ ਕੁ ਦ੍ਰਿੜ੍ਹ ਹਾਂ?’ ਜੇ ਅਸੀਂ ਮਸੀਹੀ ਸਭਾਵਾਂ ਵਿਚ ਮਿਲਦੀ ਸਿੱਖਿਆ ਅਤੇ ਆਪਣੇ ਭੈਣਾਂ-ਭਰਾਵਾਂ ਦੀ ਸੰਗਤ ਛੱਡ ਕੇ ਸਿਰਫ਼ ਜ਼ਿਆਦਾ ਪੈਸਾ ਕਮਾਉਣ ਦੇ ਪਿੱਛੇ ਲੱਗ ਜਾਂਦੇ ਹਾਂ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ [ਯਹੋਵਾਹ] ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਜੇ ਅਸੀਂ ਯਹੋਵਾਹ ਦੇ ਹੁਕਮਾਂ ਪ੍ਰਤੀ ਦਿਲੋਂ ਆਗਿਆਕਾਰ ਹੋਵਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਦੇਖ-ਭਾਲ ਕਰੇਗਾ।

ਯਿਸੂ ਨੇ ਆਗਿਆਕਾਰੀ ਸਿੱਖੀ ਤੇ ਉਸ ਨੂੰ ਇਸ ਦਾ ਲਾਭ ਹੋਇਆ। ਆਗਿਆਕਾਰੀ ਸਿੱਖਣ ਨਾਲ ਸਾਨੂੰ ਵੀ ਲਾਭ ਹੋ ਸਕਦਾ ਹੈ। (ਇਬਰਾਨੀਆਂ 5:8) ਅਸੀਂ ਜਿੰਨਾ ਜ਼ਿਆਦਾ ਇਹ ਗੁਣ ਆਪਣੇ ਵਿਚ ਪੈਦਾ ਕਰਾਂਗੇ, ਅਸੀਂ ਛੋਟੀਆਂ-ਮੋਟੀਆਂ ਗੱਲਾਂ ਵਿਚ ਵੀ ਉੱਨੇ ਹੀ ਆਗਿਆਕਾਰ ਬਣਾਂਗੇ। ਆਪਣੀ ਖਰਿਆਈ ਕਾਇਮ ਰੱਖਣ ਨਾਲ ਸ਼ਾਇਦ ਸਾਨੂੰ ਦੂਜਿਆਂ ਵੱਲੋਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ। ਸਾਨੂੰ ਕੰਮ ਕਰਨ ਦੀ ਥਾਂ ਤੇ ਅਤੇ ਸਕੂਲ ਵਿਚ ਜਾਂ ਘਰ ਦੇ ਮੈਂਬਰਾਂ ਦੁਆਰਾ ਬੁਰੇ ਵਰਤਾਉ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਪਰ ਅਸੀਂ ਇਸਰਾਏਲ ਦੇ ਲੋਕਾਂ ਨੂੰ ਕਹੀ ਗਈ ਇਸ ਗੱਲ ਤੋਂ ਦਿਲਾਸਾ ਪਾ ਸਕਦੇ ਹਾਂ ਕਿ ਜੇ ਉਹ ‘ਯਹੋਵਾਹ ਦੀ ਅਵਾਜ਼ ਸੁਣਦੇ ਤੇ ਉਸ ਦੇ ਅੰਗ ਸੰਗ ਲੱਗੇ ਰਹਿ ਕੇ ਉਸ ਨਾਲ ਪ੍ਰੇਮ ਰੱਖਦੇ, ਉਹ ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦੇ ਦਿਨਾਂ ਦੀ ਲਮਾਨ ਹੁੰਦਾ।’ (ਬਿਵਸਥਾ ਸਾਰ 30:20) ਇਹੀ ਵਾਅਦਾ ਸਾਡੇ ਨਾਲ ਕੀਤਾ ਜਾਂਦਾ ਹੈ।

ਸਮੇਂ ਨੂੰ ਲਾਭਦਾਇਕ ਬਣਾਓ

ਜੇ ਅਸੀਂ ਆਪਣਾ ਸਮਾਂ ਲਾਭਦਾਇਕ ਬਣਾਵਾਂਗੇ, ਤਾਂ ਇਹ ਗੱਲ ਵੀ ਸਾਨੂੰ ਯਹੋਵਾਹ ਅੱਗੇ ਆਪਣੇ ਦਿਨ ਗਿਣਨ ਵਿਚ ਮਦਦ ਕਰੇਗੀ। ਸਮਾਂ ਪੈਸਿਆਂ ਵਰਗੀ ਚੀਜ਼ ਨਹੀਂ ਹੈ ਜਿਸ ਦੀ ਬਚਤ ਕੀਤੀ ਜਾ ਸਕਦੀ ਹੈ। ਸਮਾਂ ਖ਼ਰਚਿਆ ਜਾਂ ਵਰਤਿਆ ਜਾਂਦਾ ਹੈ, ਨਹੀਂ ਤਾਂ ਇਹ ਹਮੇਸ਼ਾ ਲਈ ਹੱਥੋਂ ਖੁੰਝ ਜਾਂਦਾ ਹੈ। ਹਰ ਬੀਤਿਆ ਘੰਟਾ ਹਮੇਸ਼ਾ ਲਈ ਹੱਥੋਂ ਜਾਂਦਾ ਲੱਗਦਾ ਹੈ। ਇਹ ਦੇਖਦਿਆਂ ਕਿ ਸਾਨੂੰ ਹਮੇਸ਼ਾ ਢੇਰ ਸਾਰੇ ਕੰਮ ਕਰਨੇ ਪੈਂਦੇ ਹਨ, ਸਾਨੂੰ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਆਪਣਾ ਸਮਾਂ ਆਪਣੇ ਟੀਚਿਆਂ ਅਨੁਸਾਰ ਖ਼ਰਚ ਕਰ ਰਹੇ ਹਾਂ? ਸਾਰੇ ਮਸੀਹੀਆਂ ਦਾ ਇਹ ਮੁੱਖ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਬਾਕਾਇਦਾ ਹਿੱਸਾ ਲੈਣ।—ਮੱਤੀ 24:14; 28:19, 20.

ਅਸੀਂ ਸਮਾਂ ਉਦੋਂ ਹੀ ਲਾਭਦਾਇਕ ਤਰੀਕੇ ਨਾਲ ਵਰਤਦੇ ਹਾਂ ਜਦੋਂ ਸਾਨੂੰ ਉਸ ਦੀ ਅਸਲੀ ਕੀਮਤ ਪਤਾ ਲੱਗਦੀ ਹੈ। ਇਸ ਲਈ ਅਫ਼ਸੀਆਂ 5:16 ਸਾਨੂੰ ਅਰਜ਼ ਕਰਦਾ ਹੈ ਕਿ “ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ।” ਇਸ ਦਾ ਮਤਲਬ ਹੈ ਕਿ ਸਾਨੂੰ ਸਮਾਂ ਜ਼ਾਇਆ ਕਰਨ ਵਾਲੇ ਕੰਮਾਂ-ਕਾਰਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਿਸਾਲ ਲਈ, ਟੈਲੀਵਿਯਨ ਦੇਖਣ ਜਾਂ ਇੰਟਰਨੈੱਟ ਤੇ ਬਹੁਤ ਜ਼ਿਆਦਾ ਸਮਾਂ ਗੁਜ਼ਾਰਨ ਨਾਲ, ਫ਼ਜ਼ੂਲ ਸੰਸਾਰਕ ਕਿਤਾਬਾਂ ਪੜ੍ਹਨ ਨਾਲ ਜਾਂ ਮਨੋਰੰਜਨ ਅਤੇ ਮਨ-ਪਰਚਾਵਿਆਂ ਮਗਰ ਲੱਗਣ ਨਾਲ ਅਸੀਂ ਬਹੁਤ ਥੱਕ ਵੀ ਸਕਦੇ ਹਾਂ। ਇਸ ਤੋਂ ਇਲਾਵਾ, ਬੇਹੱਦ ਧੰਨ-ਦੌਲਤ ਹਾਸਲ ਕਰਨ ਨਾਲ ਉਹ ਸਮਾਂ ਜ਼ਾਇਆ ਹੋ ਸਕਦਾ ਹੈ ਜੋ ਬੁੱਧ ਵਾਲਾ ਮਨ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦਾ ਹੈ।

ਸਮੇਂ ਨੂੰ ਲਾਭਦਾਇਕ ਬਣਾਉਣ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ “ਸੋਚ-ਸਮਝ ਕੇ ਬਣਾਏ ਗਏ ਟੀਚਿਆਂ ਤੋਂ ਬਿਨਾਂ ਆਪਣਾ ਸਮਾਂ ਲਾਭਦਾਇਕ ਨਹੀਂ ਬਣਾਇਆ ਜਾ ਸਕਦਾ।” ਟੀਚੇ ਬਣਾਉਣ ਦੇ ਸੰਬੰਧ ਵਿਚ ਉਹ ਇਨ੍ਹਾਂ ਪੰਜ ਗੱਲਾਂ ਉੱਤੇ ਧਿਆਨ ਦੇਣ ਦੀ ਸਲਾਹ ਦਿੰਦੇ ਹਨ: ਟੀਚਾ ਸਪੱਸ਼ਟ ਹੋਣਾ ਚਾਹੀਦਾ ਹੈ; ਇਸ ਨੂੰ ਹਾਸਲ ਕਰਨ ਵਿਚ ਅਸੀਂ ਕਿੰਨਾ ਕੁ ਕਰ ਸਕਦੇ ਹਾਂ; ਕੀ ਅਸੀਂ ਇਸ ਨੂੰ ਪੂਰਾ ਵੀ ਕਰ ਸਕਦੇ ਹਾਂ; ਕੀ ਇਹ ਸਾਡੇ ਵੱਸ ਵਿਚ ਹੈ; ਇਸ ਨੂੰ ਹਾਸਲ ਕਰਨ ਵਿਚ ਕਿੰਨਾ ਸਮਾਂ ਲੱਗੇਗਾ।

ਬਾਈਬਲ ਪੜ੍ਹਨੀ ਇਕ ਬਹੁਤ ਵਧੀਆ ਟੀਚਾ ਹੈ। ਸਭ ਤੋਂ ਪਹਿਲਾਂ ਆਪਣਾ ਟੀਚਾ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਹੈ ਜਿਵੇਂ ਕਿ ਪੂਰੀ ਬਾਈਬਲ ਪੜ੍ਹਨੀ। ਕੋਈ ਵੀ ਟੀਚਾ ਰੱਖਣ ਤੋਂ ਪਹਿਲਾਂ ਸਾਨੂੰ ਜਾਣਨਾ ਚਾਹੀਦਾ ਹੈ ਕਿ ਅਸੀਂ ਕਿੰਨਾ ਕੁ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਕਿੰਨੀ ਕੁ ਤਰੱਕੀ ਕੀਤੀ ਹੈ। ਟੀਚੇ ਸਾਡੀ ਅੱਗੇ ਵਧਣ ਵਿਚ ਮਦਦ ਕਰਦੇ ਹਨ। ਇਹ ਸਾਡੇ ਵੱਸ ਵਿਚ ਹੋਣੇ ਚਾਹੀਦੇ ਹਨ ਨਾ ਕਿ ਆਪਣੀ ਕਾਬਲੀਅਤ ਤੋਂ ਬਾਹਰ। ਸਾਨੂੰ ਆਪਣੀ ਯੋਗਤਾ, ਆਪਣੇ ਹੁਨਰ ਤੇ ਆਪਣੇ ਸਮੇਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਕਈਆਂ ਨੂੰ ਸ਼ਾਇਦ ਆਪਣੇ ਟੀਚੇ ਹਾਸਲ ਕਰਨ ਲਈ ਜ਼ਿਆਦਾ ਸਮੇਂ ਦੀ ਲੋੜ ਹੋਵੇ। ਅਖ਼ੀਰਲੀ ਗੱਲ ਇਹ ਹੈ ਕਿ ਸਾਨੂੰ ਆਪਣਾ ਟੀਚਾ ਪੂਰਾ ਕਰਨ ਲਈ ਸਮਾਂ ਮਿਥ ਲੈਣਾ ਚਾਹੀਦਾ ਹੈ। ਤਾਰੀਖ਼ ਮਿਥ ਲੈਣ ਨਾਲ ਅਸੀਂ ਆਪਣਾ ਕੰਮ ਪੂਰਾ ਕਰਨ ਲਈ ਉਕਸਾਏ ਜਾਂਦੇ ਹਾਂ।

ਸੰਸਾਰ ਭਰ ਦੇ ਬੈਥਲ ਪਰਿਵਾਰਾਂ ਦੇ ਮੈਂਬਰ ਜੋ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਜਾਂ ਉਸ ਦੇ ਸ਼ਾਖ਼ਾ ਦਫ਼ਤਰਾਂ ਵਿਚ ਸੇਵਾ ਕਰਦੇ ਹਨ, ਆਪਣੇ ਪਹਿਲੇ ਸਾਲ ਦੌਰਾਨ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਬਣਾਉਂਦੇ ਹਨ। ਉਹ ਜਾਣਦੇ ਹਨ ਕਿ ਬਾਈਬਲ ਪੜ੍ਹ ਕੇ ਉਹ ਰੂਹਾਨੀ ਤੌਰ ਤੇ ਤਰੱਕੀ ਕਰਨਗੇ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਪਹਿਲਾਂ ਨਾਲੋਂ ਜ਼ਿਆਦਾ ਗੂੜ੍ਹਾ ਹੋਵੇਗਾ। ਯਹੋਵਾਹ ਹੀ ਉਨ੍ਹਾਂ ਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ। (ਯਸਾਯਾਹ 48:17) ਕੀ ਅਸੀਂ ਵੀ ਬਾਕਾਇਦਾ ਬਾਈਬਲ ਪੜ੍ਹਨੀ ਆਪਣਾ ਟੀਚਾ ਬਣਾ ਸਕਦੇ ਹਾਂ?

ਆਪਣੇ ਦਿਨ ਗਿਣਨ ਦੇ ਲਾਭ

ਰੂਹਾਨੀ ਗੱਲਾਂ ਨੂੰ ਪਹਿਲੀ ਥਾਂ ਦੇਣ ਨਾਲ ਕਈ ਬਰਕਤਾਂ ਮਿਲਦੀਆਂ ਹਨ। ਇਕ ਬਰਕਤ ਇਹ ਹੈ ਕਿ ਸਾਡੀ ਜ਼ਿੰਦਗੀ ਅੱਗੇ ਨਾਲੋਂ ਜ਼ਿਆਦਾ ਮਕਸਦ ਭਰੀ ਤੇ ਕਾਮਯਾਬ ਹੁੰਦੀ ਹੈ। ਜਦੋਂ ਅਸੀਂ ਰੋਜ਼ਾਨਾ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡਾ ਰਿਸ਼ਤਾ ਉਸ ਨਾਲ ਗੂੜ੍ਹਾ ਹੁੰਦਾ ਹੈ। ਪ੍ਰਾਰਥਨਾ ਕਰਨ ਨਾਲ ਅਸੀਂ ਉਸ ਉੱਤੇ ਆਪਣਾ ਭਰੋਸਾ ਪ੍ਰਗਟ ਕਰਦੇ ਹਾਂ। ਜਦੋਂ ਅਸੀਂ ਰੋਜ਼ ਬਾਈਬਲ ਨਾਲੇ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਤਿਆਰ ਕੀਤੇ ਪ੍ਰਕਾਸ਼ਨ ਪੜ੍ਹਦੇ ਹਾਂ, ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਅਸੀਂ ਰੱਬ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਾਂ ਕਿਉਂਕਿ ਇਸ ਤਰ੍ਹਾਂ ਉਹ ਸਾਡੇ ਨਾਲ ਬੋਲਦਾ ਹੈ। (ਮੱਤੀ 24:45-47) ਇਸ ਤੋਂ ਸਾਨੂੰ ਬੁੱਧ ਵਾਲਾ ਮਨ ਪ੍ਰਾਪਤ ਕਰਨ ਵਿਚ ਮਦਦ ਮਿਲਦੀ ਹੈ ਤੇ ਅਸੀਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਦੇ ਹਾਂ।—ਜ਼ਬੂਰਾਂ ਦੀ ਪੋਥੀ 1:1-3.

ਅਸੀਂ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰ ਕੇ ਬਹੁਤ ਖ਼ੁਸ਼ ਹੁੰਦੇ ਹਾਂ ਕਿਉਂਕਿ ਇਹ ਹੁਕਮ ਔਖੇ ਨਹੀਂ ਹਨ। (1 ਯੂਹੰਨਾ 5:3) ਜਿਉਂ-ਜਿਉਂ ਅਸੀਂ ਸਾਰੇ ਯਹੋਵਾਹ ਅੱਗੇ ਆਪਣੇ ਦਿਨ ਗਿਣਦੇ ਹਾਂ, ਅਸੀਂ ਉਸ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਦੇ ਹਾਂ। ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਅਸਲੀ ਰੂਹਾਨੀ ਸਹਾਰਾ ਵੀ ਸਾਬਤ ਹੁੰਦੇ ਹਾਂ। ਇਸ ਤਰ੍ਹਾਂ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਾਂ। (ਕਹਾਉਤਾਂ 27:11) ਹਮੇਸ਼ਾ ਲਈ ਯਹੋਵਾਹ ਦੀ ਪ੍ਰਵਾਨਗੀ ਹਾਸਲ ਕਰਨ ਨਾਲੋਂ ਹੋਰ ਕੋਈ ਵੱਡੀ ਬਰਕਤ ਨਹੀਂ ਹੈ!

[ਸਫ਼ੇ 21 ਉੱਤੇ ਤਸਵੀਰ]

ਮਸੀਹੀ ਰੂਹਾਨੀ ਗੱਲਾਂ ਨੂੰ ਪਹਿਲੀ ਥਾਂ ਦਿੰਦੇ ਹਨ

[ਸਫ਼ੇ 22 ਉੱਤੇ ਤਸਵੀਰਾਂ]

ਕੀ ਤੁਸੀਂ ਆਪਣਾ ਸਮਾਂ ਲਾਭਦਾਇਕ ਤਰੀਕੇ ਨਾਲ ਵਰਤ ਰਹੇ ਹੋ?

[ਸਫ਼ੇ 23 ਉੱਤੇ ਤਸਵੀਰ]

ਜਿਉਂ-ਜਿਉਂ ਅਸੀਂ ਯਹੋਵਾਹ ਅੱਗੇ ਆਪਣੇ ਦਿਨ ਗਿਣਦੇ ਹਾਂ, ਅਸੀਂ ਉਸ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਦੇ ਹਾਂ