Skip to content

Skip to table of contents

ਆਪਸ ਵਿੱਚੀਂ ਇਕੱਠੇ ਹੋਣਾ ਨਾ ਛੱਡੋ

ਆਪਸ ਵਿੱਚੀਂ ਇਕੱਠੇ ਹੋਣਾ ਨਾ ਛੱਡੋ

ਆਪਸ ਵਿੱਚੀਂ ਇਕੱਠੇ ਹੋਣਾ ਨਾ ਛੱਡੋ

ਬਾਈਬਲ ਕਹਿੰਦੀ ਹੈ ਕਿ ਅਸੀਂ “ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:25) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਸੱਚੇ ਸੇਵਕਾਂ ਨੂੰ ਕਿਸੇ ਜਗ੍ਹਾ ਤੇ ਇਕੱਠੇ ਹੋਣ ਦੀ ਲੋੜ ਹੈ ਤਾਂਕਿ ਉਹ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਇੱਕ ਦੂਏ ਦਾ ਧਿਆਨ ਰੱਖਣ।’—ਇਬਰਾਨੀਆਂ 10:24.

ਪਹਿਲੀ ਸਦੀ ਵਿਚ ਜਦੋਂ ਪੌਲੁਸ ਰਸੂਲ ਨੇ ਇਹ ਸ਼ਬਦ ਲਿਖੇ ਸਨ, ਤਾਂ ਯਰੂਸ਼ਲਮ ਵਿਚ ਇਕ ਵੱਡੀ ਹੈਕਲ ਹੁੰਦੀ ਸੀ ਜਿੱਥੇ ਯਹੂਦੀ ਲੋਕ ਪਰਮੇਸ਼ੁਰ ਦੀ ਭਗਤੀ ਕਰਦੇ ਹੁੰਦੇ ਸਨ। ਉਸ ਸਮੇਂ ਯਹੂਦੀ ਸਭਾ-ਘਰ ਵੀ ਹੁੰਦੇ ਸਨ। ਯਿਸੂ ਨੇ ‘ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਸਨ ਉਪਦੇਸ਼ ਕੀਤਾ ਸੀ।’—ਯੂਹੰਨਾ 18:20.

ਪੌਲੁਸ ਕਿਹੋ ਜਿਹੀਆਂ ਇਮਾਰਤਾਂ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਮਸੀਹੀਆਂ ਨੂੰ ਕਿਹਾ ਸੀ ਕਿ ਉਹ ਇਕ-ਦੂਜੇ ਨੂੰ ਉਪਦੇਸ਼ ਕਰਨ? ਕੀ ਈਸਾਈ-ਜਗਤ ਨੇ ਯਰੂਸ਼ਲਮ ਦੀ ਹੈਕਲ ਦੀ ਨਕਲ ਉਤਾਰ ਕੇ ਆਪਣੀਆਂ ਵੱਡੀਆਂ ਧਾਰਮਿਕ ਇਮਾਰਤਾਂ ਬਣਾਈਆਂ ਹਨ? ਈਸਾਈਆਂ ਨੇ ਵੱਡੀਆਂ-ਵੱਡੀਆਂ ਧਾਰਮਿਕ ਇਮਾਰਤਾਂ ਕਦੋਂ ਬਣਾਉਣੀਆਂ ਸ਼ੁਰੂ ਕੀਤੀਆਂ ਸਨ?

‘ਪਰਮੇਸ਼ੁਰ ਦੇ ਨਾਮ ਦੇ ਲਈ ਇਕ ਭਵਨ’

ਬਾਈਬਲ ਵਿਚ ਕੂਚ ਦੀ ਪੁਸਤਕ ਵਿਚ ਪਹਿਲੀ ਵਾਰ ਪਰਮੇਸ਼ੁਰ ਦੀ ਭਗਤੀ ਕਰਨ ਦੀ ਥਾਂ ਬਾਰੇ ਦਿੱਤੀਆਂ ਹਿਦਾਇਤਾਂ ਦਾ ਜ਼ਿਕਰ ਮਿਲਦਾ ਹੈ। ਇਸਰਾਏਲੀ ਲੋਕ ਯਹੋਵਾਹ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ‘ਡੇਹਰਾ’ ਜਾਂ ‘ਮੰਡਲੀ ਦਾ ਤੰਬੂ’ ਬਣਾਉਣ ਦਾ ਹੁਕਮ ਦਿੱਤਾ ਸੀ। ਉੱਥੇ ਨੇਮ ਦਾ ਸੰਦੂਕ ਅਤੇ ਪਵਿੱਤਰ ਭਾਂਡੇ ਰੱਖੇ ਜਾਂਦੇ ਸਨ। ਜਦੋਂ 1512 ਸਾ.ਯੁ.ਪੂ. ਵਿਚ ਇਹ ਪੂਰਾ ਬਣ ਗਿਆ ਸੀ, ਤਾਂ “ਯਹੋਵਾਹ ਦੇ ਪਰਤਾਪ ਨੇ ਡੇਹਰੇ ਨੂੰ ਭਰ ਦਿੱਤਾ” ਸੀ। ਇਹ ਤੰਬੂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤਕ ਚੁੱਕ ਕੇ ਲਿਜਾਇਆ ਜਾ ਸਕਦਾ ਸੀ। ਲਗਭਗ ਚਾਰ ਸਦੀਆਂ ਤਕ ਇਹ ਪਰਮੇਸ਼ੁਰ ਦੀ ਭਗਤੀ ਕਰਨ ਦੀ ਮੁੱਖ ਜਗ੍ਹਾ ਰਹੀ। (ਕੂਚ, 25-27 ਅਧਿਆਇ; 40:33-38) ਬਾਈਬਲ ਵਿਚ ਇਸ ਤੰਬੂ ਨੂੰ “ਯਹੋਵਾਹ ਦੀ ਹੈਕਲ” ਅਤੇ ‘ਯਹੋਵਾਹ ਦਾ ਘਰ’ ਵੀ ਕਿਹਾ ਗਿਆ ਹੈ।—1 ਸਮੂਏਲ 1:9, 24.

ਬਾਅਦ ਵਿਚ ਜਦੋਂ ਦਾਊਦ ਯਰੂਸ਼ਲਮ ਵਿਚ ਰਾਜਾ ਸੀ, ਤਾਂ ਉਸ ਦੀ ਦਿਲੀ ਇੱਛਾ ਸੀ ਕਿ ਉਹ ਯਹੋਵਾਹ ਦੀ ਵਡਿਆਈ ਲਈ ਇਕ ਪੱਕਾ ਘਰ ਬਣਾਵੇ। ਪਰ ਦਾਊਦ ਨੇ ਬਹੁਤ ਲੜਾਈਆਂ ਲੜੀਆਂ ਸਨ, ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ।” ਦਾਊਦ ਦੀ ਥਾਂ ਪਰਮੇਸ਼ੁਰ ਨੇ ਉਸ ਦੇ ਪੁੱਤਰ ਸੁਲੇਮਾਨ ਨੂੰ ਹੈਕਲ ਬਣਾਉਣ ਲਈ ਚੁਣਿਆ ਸੀ। (1 ਇਤਹਾਸ 22:6-10) ਇਸ ਭਵਨ ਨੂੰ ਬਣਾਉਣ ਲਈ ਸਾਢੇ ਸੱਤ ਸਾਲ ਲੱਗੇ ਅਤੇ 1026 ਸਾ.ਯੁ.ਪੂ. ਵਿਚ ਸੁਲੇਮਾਨ ਨੇ ਉਸ ਦਾ ਉਦਘਾਟਨ ਕੀਤਾ। ਯਹੋਵਾਹ ਨੇ ਇਸ ਇਮਾਰਤ ਤੋਂ ਖ਼ੁਸ਼ ਹੋ ਕੇ ਕਿਹਾ: “ਮੈਂ ਇਸ ਭਵਨ ਨੂੰ ਜੋ ਤੈਂ ਬਣਾਇਆ ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੀਕ ਏਥੇ ਰੱਖਾਂਗਾ ਅਤੇ ਮੇਰੀਆਂ ਅੱਖਾਂ ਤੇ ਮੇਰਾ ਮਨ ਏਥੇ ਸਦਾ ਰਹੇਗਾ।” (1 ਰਾਜਿਆਂ 9:3) ਜਿੰਨਾ ਚਿਰ ਇਸਰਾਏਲੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ, ਯਹੋਵਾਹ ਨੇ ਉਸ ਭਵਨ ਉੱਤੇ ਆਪਣੀ ਬਰਕਤ ਪਾਈ। ਪਰ ਯਹੋਵਾਹ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਸਹੀ ਕੰਮ ਕਰਨੇ ਛੱਡ ਦੇਣਗੇ, ਤਾਂ ਉਹ ਆਪਣੀ ਬਰਕਤ ਉਸ ਜਗ੍ਹਾ ਤੋਂ ਹਟਾ ਲਵੇਗਾ ਅਤੇ “ਤਦ ਇਹ ਮੰਦਰ ਵਿਰਾਨ ਹੋ ਜਾਵੇਗਾ।”—1 ਰਾਜਿਆਂ 9:4-9, ਪਵਿੱਤਰ ਬਾਈਬਲ ਨਵਾਂ ਅਨੁਵਾਦ; 2 ਇਤਹਾਸ 7:16, 19, 20.

ਸਮਾਂ ਬੀਤਣ ਨਾਲ ਇਸਰਾਏਲੀਆਂ ਨੇ ਵਾਕਈ ਸੱਚੀ ਭਗਤੀ ਕਰਨੀ ਛੱਡ ਦਿੱਤੀ ਸੀ। (2 ਰਾਜਿਆਂ 21:1-5) “ਤਦ [ਯਹੋਵਾਹ] ਕਸਦੀਆਂ ਦੇ ਪਾਤਸ਼ਾਹ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਸ ਨੇ . . . ਪਰਮੇਸ਼ੁਰ ਦੇ ਭਵਨ ਨੂੰ ਸਾੜ ਦਿੱਤਾ ਅਤੇ ਯਰੂਸ਼ਲਮ ਦੀ ਕੰਧ ਨੂੰ ਢਾਹ ਸੁੱਟਿਆ ਅਤੇ ਉਹ ਦੇ ਸਾਰੇ ਮਹਿਲ ਅੱਗ ਨਾਲ ਸਾੜ ਦਿੱਤੇ, ਅਤੇ ਉਹ ਦੇ ਸਾਰੇ ਬਹੁ ਮੁੱਲੇ ਭਾਂਡਿਆਂ ਨੂੰ ਬਰਬਾਦ ਕੀਤਾ। ਅਤੇ ਜਿਹੜੇ ਤਲਵਾਰ ਤੋਂ ਬਚੇ ਉਨ੍ਹਾਂ ਨੂੰ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਅਤੇ ਉੱਥੇ ਓਹ ਉਸ ਦੇ ਅਤੇ ਉਸ ਦੇ ਪੁੱਤ੍ਰਾਂ ਦੇ ਟਹਿਲੂਏ ਹੋ ਕੇ ਰਹੇ।” ਬਾਈਬਲ ਦੇ ਮੁਤਾਬਕ ਇਹ ਗੱਲਾਂ 607 ਸਾ.ਯੁ.ਪੂ. ਵਿਚ ਹੋਈਆਂ ਸਨ।—2 ਇਤਹਾਸ 36:15-21; ਯਿਰਮਿਯਾਹ 52:12-14.

ਯਸਾਯਾਹ ਨਬੀ ਦੀ ਭਵਿੱਖਬਾਣੀ ਦੇ ਅਨੁਸਾਰ ਪਰਮੇਸ਼ੁਰ ਨੇ ਯਹੂਦੀਆਂ ਨੂੰ ਬਾਬਲ ਤੋਂ ਛੁਡਾਉਣ ਲਈ ਫ਼ਾਰਸ ਦੇਸ਼ ਦੇ ਰਾਜੇ ਖੋਰਸ ਨੂੰ ਚੁਣਿਆ। (ਯਸਾਯਾਹ 45:1) ਸੱਤਰ ਸਾਲਾਂ ਦੀ ਗ਼ੁਲਾਮੀ ਤੋਂ ਬਾਅਦ 537 ਸਾ.ਯੁ.ਪੂ. ਵਿਚ ਇਸਰਾਏਲੀ ਦੁਬਾਰਾ ਹੈਕਲ ਬਣਾਉਣ ਲਈ ਯਰੂਸ਼ਲਮ ਨੂੰ ਵਾਪਸ ਗਏ। (ਅਜ਼ਰਾ 1:1-6; 2:1, 2; ਯਿਰਮਿਯਾਹ 29:10) ਉਸਾਰੀ ਦੇ ਕੰਮ ਵਿਚ ਕੁਝ ਰੁਕਾਵਟਾਂ ਆਉਣ ਤੋਂ ਬਾਅਦ, ਹੈਕਲ ਬਣਾਉਣ ਦਾ ਕੰਮ 515 ਸਾ.ਯੁ.ਪੂ. ਵਿਚ ਪੂਰਾ ਕੀਤਾ ਗਿਆ ਅਤੇ ਪਰਮੇਸ਼ੁਰ ਦੀ ਸੱਚੀ ਭਗਤੀ ਦੁਬਾਰਾ ਸ਼ੁਰੂ ਹੋਈ। ਭਾਵੇਂ ਕਿ ਇਹ ਸੁਲੇਮਾਨ ਦੇ ਭਵਨ ਜਿੰਨਾ ਸ਼ਾਨਦਾਰ ਨਹੀਂ ਸੀ, ਪਰ ਇਹ ਇਮਾਰਤ ਤਕਰੀਬਨ 600 ਸਾਲਾਂ ਤਕ ਬਰਕਰਾਰ ਰਹੀ। ਪਰ ਜਦੋਂ ਇਸਰਾਏਲੀਆਂ ਨੇ ਯਹੋਵਾਹ ਦੀ ਭਗਤੀ ਤੋਂ ਮੂੰਹ ਮੋੜ ਲਿਆ, ਤਾਂ ਇਹ ਹੈਕਲ ਵੀ ਟੁੱਟ-ਭੱਜ ਗਈ। ਜਦੋਂ ਯਿਸੂ ਮਸੀਹ ਧਰਤੀ ਉੱਤੇ ਆਇਆ ਸੀ, ਤਾਂ ਰਾਜਾ ਹੇਰੋਦੇਸ ਦੀ ਨਿਗਰਾਨੀ ਹੇਠ ਇਹ ਹੈਕਲ ਹੌਲੀ-ਹੌਲੀ ਦੁਬਾਰਾ ਬਣਾਈ ਜਾ ਰਹੀ ਸੀ। ਫਿਰ ਇਸ ਹੈਕਲ ਦਾ ਕੀ ਬਣਨਾ ਸੀ?

“ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ”

ਯਰੂਸ਼ਲਮ ਵਿਚ ਇਸ ਹੈਕਲ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡੇਗਿਆ ਨਾ ਜਾਵੇ।” (ਮੱਤੀ 24:1, 2) ਇਹ ਗੱਲ 70 ਸਾ.ਯੁ. ਵਿਚ ਪੂਰੀ ਹੋਈ ਜਦੋਂ ਰੋਮੀ ਫ਼ੌਜਾਂ ਯਹੂਦੀਆਂ ਦੀ ਬਗਾਵਤ ਨੂੰ ਰੋਕਣ ਆਈਆਂ ਸਨ। ਉਸ ਵੇਲੇ ਉਨ੍ਹਾਂ ਨੇ ਯਰੂਸ਼ਲਮ ਦੀ ਹੈਕਲ ਨੂੰ ਤਬਾਹ ਕਰ ਦਿੱਤਾ ਸੀ ਜੋ ਸਦੀਆਂ ਤੋਂ ਪਰਮੇਸ਼ੁਰ ਦੀ ਭਗਤੀ ਕਰਨ ਦਾ ਕੇਂਦਰ ਸੀ। * ਇਹ ਹੈਕਲ ਦੁਬਾਰਾ ਕਦੀ ਵੀ ਨਹੀਂ ਬਣਾਈ ਗਈ। ਸੱਤਵੀਂ ਸਦੀ ਵਿਚ ਇਸ ਜਗ੍ਹਾ ਤੇ ਡੋਮ ਆਫ਼ ਦ ਰੌਕ ਨਾਂ ਦਾ ਮੁਸਲਮਾਨਾਂ ਦਾ ਧਾਰਮਿਕ ਸਥਾਨ ਬਣਾਇਆ ਗਿਆ ਅਤੇ ਇਹ ਅੱਜ ਵੀ ਉੱਥੇ ਸਥਿਤ ਹੈ ਜਿੱਥੇ ਪਹਿਲਾਂ ਯਹੂਦੀਆਂ ਦੀ ਹੈਕਲ ਹੁੰਦੀ ਸੀ।

ਯਿਸੂ ਦੇ ਚੇਲਿਆਂ ਨੇ ਭਗਤੀ ਕਿੱਥੇ ਕਰਨੀ ਸੀ? ਕੀ ਮੁਢਲੇ ਮਸੀਹੀਆਂ ਨੇ, ਜੋ ਪਹਿਲਾਂ ਯਹੂਦੀ ਹੁੰਦੇ ਸਨ, ਉਸੇ ਹੈਕਲ ਵਿਚ ਭਗਤੀ ਕਰਦੇ ਰਹਿਣਾ ਸੀ ਜੋ ਬਹੁਤ ਜਲਦੀ ਨਾਸ਼ ਹੋਣ ਵਾਲੀ ਸੀ? ਗ਼ੈਰ-ਯਹੂਦੀ ਮਸੀਹੀਆਂ ਨੇ ਪਰਮੇਸ਼ੁਰ ਦੀ ਭਗਤੀ ਕਿੱਥੇ ਕਰਨੀ ਸੀ? ਕੀ ਇਸ ਹੈਕਲ ਦੀ ਥਾਂ ਈਸਾਈ-ਜਗਤ ਦੀਆਂ ਇਮਾਰਤਾਂ ਨੇ ਲੈ ਲੈਣੀ ਸੀ? ਇਕ ਸਾਮਰੀ ਔਰਤ ਨਾਲ ਯਿਸੂ ਦੀ ਗੱਲਬਾਤ ਤੋਂ ਸਾਨੂੰ ਇਨ੍ਹਾਂ ਗੱਲਾਂ ਬਾਰੇ ਕੁਝ ਜਾਣਕਾਰੀ ਮਿਲਦੀ ਹੈ।

ਸਾਮਰੀ ਲੋਕ ਸਦੀਆਂ ਤੋਂ ਸਾਮਰਿਯਾ ਵਿਚ ਗਰਿੱਜ਼ੀਮ ਪਹਾੜ ਉੱਤੇ ਇਕ ਵੱਡੇ ਮੰਦਰ ਵਿਚ ਪਰਮੇਸ਼ੁਰ ਦੀ ਭਗਤੀ ਕਰਦੇ ਆਏ ਸਨ। ਸਾਮਰੀ ਔਰਤ ਨੇ ਯਿਸੂ ਨੂੰ ਕਿਹਾ: “ਸਾਡੇ ਪਿਉ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ।” ਯਿਸੂ ਨੇ ਜਵਾਬ ਦਿੱਤਾ: “ਹੇ ਬੀਬੀ, ਤੂੰ ਮੇਰੀ ਪਰਤੀਤ ਕਰ ਕਿ ਉਹ ਸਮਾ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ।” ਯਿਸੂ ਨੇ ਸਮਝਾਇਆ ਕਿ ਯਹੋਵਾਹ ਦੀ ਭਗਤੀ ਕਰਨ ਲਈ ਅਗਾਹਾਂ ਨੂੰ ਕਿਸੇ ਮੰਦਰ ਜਾਂ ਹੈਕਲ ਦੀ ਲੋੜ ਨਹੀਂ ਹੋਵੇਗੀ। ਉਸ ਨੇ ਕਿਹਾ: “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:20, 21, 24) ਬਾਅਦ ਵਿਚ ਪੌਲੁਸ ਰਸੂਲ ਨੇ ਅਥੇਨੀ ਲੋਕਾਂ ਨੂੰ ਦੱਸਿਆ: “ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਇਆਂ ਹੋਇਆਂ ਮੰਦਰਾਂ ਵਿੱਚ ਨਹੀਂ ਵੱਸਦਾ ਹੈ।”—ਰਸੂਲਾਂ ਦੇ ਕਰਤੱਬ 17:24.

ਇਹ ਗੱਲ ਸਾਫ਼ ਹੈ ਕਿ ਈਸਾਈ-ਜਗਤ ਦੀਆਂ ਧਾਰਮਿਕ ਇਮਾਰਤਾਂ ਦਾ ਯਰੂਸ਼ਲਮ ਦੀ ਹੈਕਲ ਨਾਲ ਕੋਈ ਸੰਬੰਧ ਨਹੀਂ ਹੈ। ਪਹਿਲੀ ਸਦੀ ਦੇ ਮਸੀਹੀਆਂ ਨੂੰ ਅਜਿਹੀਆਂ ਇਮਾਰਤਾਂ ਬਣਾਉਣ ਦੀ ਕੋਈ ਲੋੜ ਨਹੀਂ ਸੀ। ਪਰ ਜਿਵੇਂ ਪਹਿਲਾਂ ਹੀ ਦੱਸਿਆ ਗਿਆ ਸੀ, ਰਸੂਲਾਂ ਦੀ ਮੌਤ ਹੋਣ ਤੋਂ ਬਾਅਦ ਕੁਝ ਮਸੀਹੀਆਂ ਨੇ ਬਾਈਬਲ ਦੀਆਂ ਸੱਚੀਆਂ ਸਿੱਖਿਆਵਾਂ ਤੋਂ ਮੂੰਹ ਮੋੜ ਲਿਆ। (ਰਸੂਲਾਂ ਦੇ ਕਰਤੱਬ 20:29, 30) ਰੋਮੀ ਸਮਰਾਟ ਕਾਂਸਟੰਟੀਨ ਦੇ 313 ਸਾ.ਯੁ. ਵਿਚ ਈਸਾਈ ਬਣਨ ਤੋਂ ਕਈ ਸਾਲ ਪਹਿਲਾਂ ਹੀ ਬਹੁਤ ਸਾਰੇ ਈਸਾਈਆਂ ਨੇ ਯਿਸੂ ਦੀਆਂ ਸਿੱਖਿਆਵਾਂ ਨੂੰ ਛੱਡ ਦਿੱਤਾ ਸੀ।

ਕਾਂਸਟੰਟੀਨ ਨੇ ਈਸਾਈ-ਧਰਮ ਨੂੰ ਗ਼ੈਰ-ਈਸਾਈ ਰੋਮੀ ਧਰਮ ਨਾਲ ਰਲਾ-ਮਿਲਾ ਦਿੱਤਾ ਸੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਕਾਂਸਟੰਟੀਨ ਨੇ ਖ਼ੁਦ ਰੋਮ ਵਿਚ ਤਿੰਨ ਵੱਡੇ-ਵੱਡੇ ਚਰਚ ਬਣਾਉਣ ਦਾ ਹੁਕਮ ਦਿੱਤਾ ਸੀ: ਸੇਂਟ ਪੀਟਰ, ਸਾਨ ਪਾਓਲੋ ਫਿਓਰੀ ਲੇ ਮੂਰਾ ਅਤੇ ਸਾਨ ਜੀਉਵਾਨੀ ਇੰਨ ਲਾਤੇਰਾਨੋ। ਉਸ ਨੇ . . . ਕ੍ਰਾਸ-ਰੂਪੀ ਡੀਜ਼ਾਈਨ ਘੜਿਆ ਸੀ ਜਿਸ ਦੀ ਨਕਲ ਕਰ ਕੇ ਮੱਧਕਾਲ ਦੌਰਾਨ ਪੱਛਮੀ ਯੂਰਪ ਵਿਚ ਚਰਚ ਬਣਾਏ ਜਾਂਦੇ ਸਨ।” ਰੋਮ ਵਿਚ ਸੇਂਟ ਪੀਟਰ ਦਾ ਮੁੜ ਉਸਾਰਿਆ ਗਿਆ ਚਰਚ ਹਾਲੇ ਵੀ ਰੋਮਨ ਕੈਥੋਲਿਕ ਚਰਚ ਦਾ ਕੇਂਦਰ ਸਮਝਿਆ ਜਾਂਦਾ ਹੈ।

ਵਿਲ ਡੁਰੈਂਟ ਨਾਂ ਦੇ ਇਤਿਹਾਸਕਾਰ ਨੇ ਕਿਹਾ: “ਚਰਚ ਨੇ ਕੁਝ ਗ਼ੈਰ-ਈਸਾਈ ਧਾਰਮਿਕ ਰੀਤੀ-ਰਿਵਾਜਾਂ ਨੂੰ ਅਪਣਾ ਲਿਆ ਜੋ ਰੋਮ ਵਿਚ ਆਮ ਹੁੰਦੇ ਸਨ।” ਇਸ ਵਿਚ “ਚਰਚ ਦਾ ਡਿਜ਼ਾਈਨ” ਵੀ ਸ਼ਾਮਲ ਸੀ। ਦਸਵੀਂ ਤੋਂ ਪੰਦਰਵੀਂ ਸਦੀ ਤਕ, ਬਹੁਤ ਸਾਰੇ ਚਰਚ ਅਤੇ ਕੈਥੀਡ੍ਰਲ ਬਣਾਏ ਗਏ ਜਿਨ੍ਹਾਂ ਦੇ ਡਿਜ਼ਾਈਨ ਵੱਲ ਬਹੁਤ ਧਿਆਨ ਦਿੱਤਾ ਗਿਆ। ਉਸ ਸਮੇਂ ਦੀਆਂ ਬਣੀਆਂ ਈਸਾਈ-ਜਗਤ ਦੀਆਂ ਵੱਡੀਆਂ-ਵੱਡੀਆਂ ਧਾਰਮਿਕ ਇਮਾਰਤਾਂ ਨੂੰ ਅੱਜ-ਕੱਲ੍ਹ ਸੁੰਦਰ ਇਮਾਰਤਾਂ ਕਿਹਾ ਜਾਂਦਾ ਹੈ।

ਕੀ ਲੋਕਾਂ ਨੂੰ ਚਰਚ ਵਿਚ ਭਗਤੀ ਕਰ ਕੇ ਹਮੇਸ਼ਾ ਮਨ ਦੀ ਸ਼ਾਂਤੀ ਅਤੇ ਉਤਸ਼ਾਹ ਮਿਲਦਾ ਹੈ? ਬ੍ਰਾਜ਼ੀਲ ਤੋਂ ਫ਼੍ਰਾਂਸੀਸਕੋ ਨੇ ਕਿਹਾ: “ਚਰਚ ਵਿਚ ਮੈਂ ਬੋਰ ਹੋ ਜਾਂਦਾ ਸੀ। ਅਸਲ ਵਿਚ ਮੈਂ ਧਰਮ ਤੋਂ ਹੀ ਅੱਕ ਗਿਆ ਸੀ। ਰੱਬੀ ਭੋਜ ਦੀ ਪ੍ਰਾਰਥਨਾ ਦਾ ਮੇਰੇ ਲਈ ਕੋਈ ਅਰਥ ਨਹੀਂ ਸੀ, ਇਹ ਸਿਰਫ਼ ਵਾਰ-ਵਾਰ ਦੁਹਰਾਈ ਜਾਂਦੀ ਰਸਮ ਹੀ ਸੀ ਜੋ ਮੇਰੀਆਂ ਅਸਲੀ ਜ਼ਰੂਰਤਾਂ ਪੂਰੀਆਂ ਨਹੀਂ ਕਰਦੀ ਸੀ। ਇਸ ਦੇ ਖ਼ਤਮ ਹੋਣ ਤੇ ਮੈਨੂੰ ਰਾਹਤ ਮਿਲਦੀ ਸੀ।” ਫਿਰ ਵੀ, ਸੱਚੇ ਮਸੀਹੀਆਂ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕਿੱਥੇ ਤੇ ਕਿਸ ਤਰ੍ਹਾਂ ਇਕੱਠੇ ਮਿਲਣਾ ਚਾਹੀਦਾ ਹੈ?

‘ਉਹ ਕਲੀਸਿਯਾ ਜਿਹੜੀ ਓਹਨਾਂ ਦੇ ਘਰ ਵਿੱਚ ਹੈ’

ਮਸੀਹੀਆਂ ਲਈ ਇਕੱਠੇ ਹੋਣ ਦਾ ਨਮੂਨਾ ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਪਹਿਲੀ ਸਦੀ ਦੇ ਮਸੀਹੀ ਕਿਸ ਤਰ੍ਹਾਂ ਇਕੱਠੇ ਹੁੰਦੇ ਸਨ। ਬਾਈਬਲ ਸਾਨੂੰ ਦੱਸਦੀ ਹੈ ਕਿ ਆਮ ਤੌਰ ਤੇ ਉਹ ਘਰਾਂ ਵਿਚ ਇਕੱਠੇ ਹੁੰਦੇ ਸਨ। ਮਿਸਾਲ ਲਈ, ਪੌਲੁਸ ਰਸੂਲ ਨੇ ਲਿਖਿਆ: “ਪਰਿਸਕਾ ਅਤੇ ਅਕੂਲਾ ਨੂੰ ਸੁਖ ਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ। ਅਤੇ ਉਸ ਕਲੀਸਿਯਾ ਨੂੰ ਜਿਹੜੀ ਓਹਨਾਂ ਦੇ ਘਰ ਵਿੱਚ ਹੈ ਸੁਖ ਸਾਂਦ ਆਖਣਾ।” (ਰੋਮੀਆਂ 16:3, 5; ਕੁਲੁੱਸੀਆਂ 4:15; ਫਿਲੇਮੋਨ 2) ਕਿੰਗ ਜੇਮਜ਼ ਵਰਯਨ ਵਰਗੀਆਂ ਕਈ ਅੰਗ੍ਰੇਜ਼ੀ ਬਾਈਬਲਾਂ ਵਿਚ “ਕਲੀਸਿਯਾ” ਲਈ ਯੂਨਾਨੀ ਸ਼ਬਦ “ਚਰਚ” ਅਨੁਵਾਦ ਕੀਤਾ ਜਾਂਦਾ ਹੈ। ਪਰ ਅਸਲ ਵਿਚ ਕਲੀਸਿਯਾ ਸ਼ਬਦ ਇੱਕੋ ਮਕਸਦ ਲਈ ਇਕੱਠੇ ਹੋਣ ਵਾਲੇ ਲੋਕਾਂ ਨੂੰ ਦਰਸਾਉਂਦਾ ਹੈ ਨਾ ਕਿ ਕਿਸੇ ਇਮਾਰਤ ਨੂੰ। (ਰਸੂਲਾਂ ਦੇ ਕਰਤੱਬ 8:1; 13:1) ਸੱਚੇ ਮਸੀਹੀਆਂ ਨੂੰ ਭਗਤੀ ਕਰਨ ਲਈ ਕਿਸੇ ਵੱਡੀ ਤੇ ਸੁੰਦਰ ਧਾਰਮਿਕ ਇਮਾਰਤ ਦੀ ਲੋੜ ਨਹੀਂ ਹੈ।

ਪੁਰਾਣੇ ਜ਼ਮਾਨੇ ਵਿਚ ਮਸੀਹੀ ਕਲੀਸਿਯਾਵਾਂ ਵਿਚ ਸਭਾਵਾਂ ਕਿਸ ਤਰ੍ਹਾਂ ਹੁੰਦੀਆਂ ਸਨ? ਚੇਲੇ ਯਾਕੂਬ ਨੇ ਮਸੀਹੀ ਸਭਾ ਜਾਂ ਸਮਾਜ ਲਈ ਯੂਨਾਨੀ ਸ਼ਬਦ ਸਿਨਾਗੌਗ ਵਰਤਿਆ ਸੀ। (ਯਾਕੂਬ 2:2) ਇਸ ਯੂਨਾਨੀ ਸ਼ਬਦ ਦਾ ਮਤਲਬ ਹੈ “ਇਕੱਠੇ ਮਿਲਣਾ” ਅਤੇ ਇਹ ਕਲੀਸਿਯਾ ਸ਼ਬਦ ਨਾਲ ਵੀ ਮਿਲਦਾ-ਜੁਲਦਾ ਹੈ। ਪਰ, ਸਮਾਂ ਬੀਤਣ ਨਾਲ ਲੋਕ “ਸਿਨਾਗੌਗ” ਸ਼ਬਦ ਤੋਂ ਇਹ ਸਮਝਣ ਲੱਗ ਪਏ ਕਿ ਇਸ ਦਾ ਮਤਲਬ ਸਭਾ-ਘਰ ਜਾਂ ਇਮਾਰਤ ਹੈ ਨਾ ਕਿ ਲੋਕਾਂ ਦਾ ਇਕੱਠ। ਉਹ ਯਹੂਦੀ ਜੋ ਮਸੀਹੀ ਬਣੇ ਸਨ, ਚੰਗੀ ਤਰ੍ਹਾਂ ਜਾਣਦੇ ਸਨ ਕਿ ਸਭਾ-ਘਰ ਵਿਚ ਕੀ ਕੁਝ ਹੁੰਦਾ ਸੀ। *

ਹਾਲਾਂਕਿ ਯਹੂਦੀ ਆਪਣੇ ਵੱਡੇ ਸਾਲਾਨਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਜਾਂਦੇ ਸਨ, ਪਰ ਯਹੋਵਾਹ ਤੇ ਬਿਵਸਥਾ ਬਾਰੇ ਉਹ ਸਭਾ-ਘਰਾਂ ਵਿਚ ਹੀ ਸਿੱਖਿਆ ਲੈਂਦੇ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਯਹੂਦੀ ਸਭਾ-ਘਰਾਂ ਵਿਚ ਪ੍ਰਾਰਥਨਾ ਕੀਤੀ ਜਾਂਦੀ ਸੀ, ਸ਼ਾਸਤਰ ਪੜ੍ਹੇ ਤੇ ਸਮਝਾਏ ਜਾਂਦੇ ਸਨ। ਜਦੋਂ ਪੌਲੁਸ ਤੇ ਉਸ ਦੇ ਸਾਥੀ ਅੰਤਾਕਿਯਾ ਵਿਚ ਇਕ ਸਮਾਜ ਵਿਚ ਗਏ, ਤਾਂ “ਸਮਾਜ ਦੇ ਸਰਦਾਰਾਂ ਨੇ ਓਹਨਾਂ ਨੂੰ ਕਹਾ ਭੇਜਿਆ ਕਿ ਹੇ ਭਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਦਾ ਬਚਨ ਤੁਹਾਡੇ ਕੋਲ ਹੋਵੇ ਤਾਂ ਸੁਣਾਓ।” (ਰਸੂਲਾਂ ਦੇ ਕਰਤੱਬ 13:15) ਜਦੋਂ ਯਹੂਦੀ ਬਣੇ ਮਸੀਹੀ ਕਿਸੇ ਦੇ ਘਰ ਵਿਚ ਇਕੱਠੇ ਹੁੰਦੇ ਸਨ, ਤਾਂ ਉਨ੍ਹਾਂ ਨੇ ਵੀ ਜ਼ਰੂਰ ਇਹੋ ਕੁਝ ਕੀਤਾ ਹੋਵੇਗਾ। ਇਸ ਤਰ੍ਹਾਂ ਸਭਾਵਾਂ ਵਿਚ ਉਨ੍ਹਾਂ ਨੂੰ ਸ਼ਾਸਤਰਾਂ ਦੀ ਸਿੱਖਿਆ ਮਿਲਦੀ ਸੀ ਤੇ ਰੂਹਾਨੀ ਤੌਰ ਤੇ ਉਤਸ਼ਾਹ ਮਿਲਦਾ ਸੀ।

ਕਲੀਸਿਯਾਵਾਂ ਵਿਚ ਉਤਸ਼ਾਹ ਮਿਲਦਾ ਹੈ

ਮੁਢਲੇ ਮਸੀਹੀਆਂ ਵਾਂਗ ਅੱਜ ਯਹੋਵਾਹ ਦੇ ਗਵਾਹ ਭਗਤੀ ਕਰਨ ਲਈ ਸਾਦੀਆਂ ਥਾਵਾਂ ਤੇ ਇਕੱਠੇ ਹੁੰਦੇ ਹਨ ਤਾਂਕਿ ਉਨ੍ਹਾਂ ਨੂੰ ਬਾਈਬਲ ਤੋਂ ਸਿੱਖਿਆ ਮਿਲੇ ਤੇ ਉਹ ਇਕ-ਦੂਜੇ ਦਾ ਹੌਸਲਾ ਵਧਾ ਸਕਣ। ਕਈਆਂ ਸਾਲਾਂ ਤਕ ਉਹ ਸਿਰਫ਼ ਘਰਾਂ ਵਿਚ ਮਿਲਦੇ ਸਨ ਅਤੇ ਕੁਝ ਥਾਵਾਂ ਤੇ ਇਹ ਅੱਜ ਵੀ ਸੱਚ ਹੈ। ਪਰ ਹੁਣ ਲਗਭਗ 90,000 ਕਲੀਸਿਯਾਵਾਂ ਹਨ ਜੋ ਕਿੰਗਡਮ ਹਾਲਾਂ ਵਿਚ ਇਕੱਠੀਆਂ ਹੁੰਦੀਆਂ ਹਨ। ਇਹ ਇਮਾਰਤਾਂ ਚਰਚਾਂ ਵਰਗੀਆਂ ਨਹੀਂ ਹਨ, ਸਗੋਂ ਆਮ ਥਾਵਾਂ ਹਨ ਜਿੱਥੇ 100 ਤੋਂ 200 ਲੋਕ ਇਕੱਠੇ ਹੋ ਸਕਦੇ ਹਨ। ਉੱਥੇ ਪਰਮੇਸ਼ੁਰ ਦੇ ਬਚਨ ਤੋਂ ਸੁਣਨ ਤੇ ਸਿੱਖਣ ਲਈ ਹਰ ਹਫ਼ਤੇ ਸਭਾਵਾਂ ਹੁੰਦੀਆਂ ਹਨ।

ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਮ ਕਰਕੇ ਹਫ਼ਤੇ ਵਿਚ ਤਿੰਨ ਵਾਰੀ ਇਕੱਠੀਆਂ ਹੁੰਦੀਆਂ ਹਨ। ਇਕ ਸਭਾ ਵਿਚ ਪਬਲਿਕ ਭਾਸ਼ਣ ਦਿੱਤਾ ਜਾਂਦਾ ਹੈ ਜਿਸ ਵਿਚ ਕਿਸੇ ਦਿਲਚਸਪ ਵਿਸ਼ੇ ਬਾਰੇ ਦੱਸਿਆ ਜਾਂਦਾ ਹੈ। ਇਸ ਤੋਂ ਬਾਅਦ ਦੂਜੀ ਸਭਾ ਵਿਚ ਪਹਿਰਾਬੁਰਜ ਰਸਾਲੇ ਤੋਂ ਬਾਈਬਲ ਦੇ ਕਿਸੇ ਵਿਸ਼ੇ ਜਾਂ ਭਵਿੱਖਬਾਣੀ ਬਾਰੇ ਅਧਿਐਨ ਕੀਤਾ ਜਾਂਦਾ ਹੈ। ਇਕ ਹੋਰ ਸਭਾ ਸਕੂਲ ਦੇ ਰੂਪ ਵਿਚ ਹੁੰਦੀ ਹੈ ਜਿਸ ਵਿਚ ਬਾਈਬਲ ਦਾ ਸੰਦੇਸ਼ ਪੇਸ਼ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਅਗਲੀ ਸਭਾ ਵਿਚ ਮਸੀਹੀ ਸੇਵਕਾਈ ਵਿਚ ਪ੍ਰਚਾਰ ਕਰਨ ਦੇ ਖ਼ਾਸ ਸੁਝਾਅ ਦਿੱਤੇ ਜਾਂਦੇ ਹਨ। ਯਹੋਵਾਹ ਦੇ ਗਵਾਹ ਬਾਈਬਲ ਦਾ ਅਧਿਐਨ ਕਰਨ ਲਈ ਹਫ਼ਤੇ ਵਿਚ ਇਕ ਵਾਰ ਛੋਟੇ-ਛੋਟੇ ਸਮੂਹਾਂ ਵਿਚ ਘਰਾਂ ਵਿਚ ਇਕੱਠੇ ਹੁੰਦੇ ਹਨ। ਇਨ੍ਹਾਂ ਸਾਰੀਆਂ ਸਭਾਵਾਂ ਵਿਚ ਕੋਈ ਵੀ ਆ ਸਕਦਾ ਹੈ। ਕਿਸੇ ਕੋਲੋਂ ਕੋਈ ਚੰਦਾ ਨਹੀਂ ਲਿਆ ਜਾਂਦਾ।

ਪਹਿਲਾਂ ਜ਼ਿਕਰ ਕੀਤੇ ਫ਼੍ਰਾਂਸੀਸਕੋ ਨੂੰ ਕਿੰਗਡਮ ਹਾਲ ਵਿਚ ਆ ਕੇ ਸਭਾਵਾਂ ਦਾ ਬਹੁਤ ਫ਼ਾਇਦਾ ਹੋਇਆ। ਉਸ ਨੇ ਕਿਹਾ: “ਪਹਿਲੀ ਜਗ੍ਹਾ ਜਿੱਥੇ ਮੈਂ ਗਿਆ ਸੀ, ਉਹ ਸ਼ਹਿਰ ਵਿਚ ਇਕ ਸਾਦੀ ਜਿਹੀ ਇਮਾਰਤ ਸੀ। ਉੱਥੇ ਜਾ ਕੇ ਮੈਨੂੰ ਬਹੁਤ ਚੰਗਾ ਲੱਗਾ। ਉੱਥੇ ਸਾਰਿਆਂ ਲੋਕਾਂ ਨੇ ਮੈਨੂੰ ਹੱਸ ਕੇ ਬੁਲਾਇਆ ਜਿਨ੍ਹਾਂ ਵਿਚਕਾਰ ਬਹੁਤ ਪਿਆਰ ਸੀ। ਮੈਂ ਦੁਬਾਰਾ ਜਾਣਾ ਚਾਹੁੰਦਾ ਸੀ। ਸੱਚ ਤਾਂ ਇਹ ਹੈ ਕਿ ਮੈਂ ਉਸ ਤੋਂ ਬਾਅਦ ਸਾਰੀਆਂ ਸਭਾਵਾਂ ਵਿਚ ਜਾਣ ਲੱਗ ਪਿਆ। ਇਹ ਮਸੀਹੀ ਸਭਾਵਾਂ ਦਿਲਚਸਪ ਹੁੰਦੀਆਂ ਹਨ ਅਤੇ ਮੇਰੀ ਅਧਿਆਤਮਿਕ ਲੋੜ ਨੂੰ ਪੂਰਾ ਕਰਦੀਆਂ ਹਨ। ਜਦੋਂ ਵੀ ਮੈਂ ਕਿਸੇ ਕਾਰਨ ਹਿੰਮਤ ਹਾਰ ਬੈਠਦਾ ਹਾਂ, ਤਾਂ ਕਿੰਗਡਮ ਹਾਲ ਜਾ ਕੇ ਮੈਨੂੰ ਬੜਾ ਦਿਲਾਸਾ ਮਿਲਦਾ ਹੈ ਤੇ ਮੈਨੂੰ ਪੂਰਾ ਯਕੀਨ ਹੁੰਦਾ ਹੈ ਕਿ ਮੈਂ ਖ਼ੁਸ਼ ਹੋ ਕੇ ਘਰ ਮੁੜਾਂਗਾ।”

ਯਹੋਵਾਹ ਦੇ ਗਵਾਹਾਂ ਦੀਆਂ ਮਸੀਹੀ ਸਭਾਵਾਂ ਵਿਚ ਜਾ ਕੇ ਤੁਹਾਨੂੰ ਵੀ ਬਾਈਬਲ ਤੋਂ ਸਿੱਖਿਆ, ਉਤਸ਼ਾਹ ਤੇ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਮੌਕਾ ਮਿਲੇਗਾ। ਸਾਡੀ ਇੱਛਾ ਹੈ ਕਿ ਤੁਸੀਂ ਵੀ ਆਪਣੇ ਘਰ ਦੇ ਨੇੜੇ ਕਿਸੇ ਕਿੰਗਡਮ ਹਾਲ ਨੂੰ ਜਾਓ। ਇਸ ਤਰ੍ਹਾਂ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ।

[ਫੁਟਨੋਟ]

^ ਪੈਰਾ 11 ਰੋਮੀਆਂ ਨੇ ਹੈਕਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਅੱਜ ਬਹੁਤ ਸਾਰੇ ਯਹੂਦੀ ਲੋਕ ਦੂਰੋਂ-ਦੂਰੋਂ ਆਣ ਕੇ ਰੋਂਦੀ ਕੰਧ ਕੋਲ ਪ੍ਰਾਰਥਨਾ ਕਰਦੇ ਹਨ, ਪਰ ਇਹ ਕੰਧ ਹੈਕਲ ਦਾ ਹਿੱਸਾ ਨਹੀਂ ਹੈ। ਇਹ ਤਾਂ ਸਿਰਫ਼ ਹੈਕਲ ਦੇ ਵਿਹੜੇ ਦੀ ਕੰਧ ਦਾ ਹਿੱਸਾ ਹੈ।

^ ਪੈਰਾ 20 ਇਸ ਤਰ੍ਹਾਂ ਲੱਗਦਾ ਹੈ ਕਿ ਯਹੂਦੀ ਸਭਾ-ਘਰਾਂ ਦੀ ਸ਼ੁਰੂਆਤ ਬਾਬਲ ਵਿਚ ਯਹੂਦੀਆਂ ਦੀ 70 ਸਾਲਾਂ ਦੀ ਗ਼ੁਲਾਮੀ ਦੌਰਾਨ ਹੋਈ ਸੀ। ਇਹ ਸ਼ੁਰੂਆਤ ਸ਼ਾਇਦ ਉਸ ਸਮੇਂ ਹੋਈ ਜਦੋਂ ਯਰੂਸ਼ਲਮ ਵਿਚ ਕੋਈ ਹੈਕਲ ਨਹੀਂ ਸੀ ਜਾਂ ਜਦੋਂ ਗ਼ੁਲਾਮੀ ਤੋਂ ਵਾਪਸ ਮੁੜਨ ਤੋਂ ਬਾਅਦ ਹੈਕਲ ਦੁਬਾਰਾ ਬਣਾਈ ਜਾ ਰਹੀ ਸੀ। ਪਹਿਲੀ ਸਦੀ ਤਾਈਂ ਫਲਸਤੀਨ ਦੇ ਹਰ ਨਗਰ ਵਿਚ ਇਕ ਸਭਾ-ਘਰ ਹੁੰਦਾ ਸੀ ਅਤੇ ਵੱਡੇ ਸ਼ਹਿਰਾਂ ਵਿਚ ਇਕ ਤੋਂ ਵੀ ਵੱਧ ਸਭਾ-ਘਰ ਹੁੰਦੇ ਸਨ।

[ਸਫ਼ੇ 4, 5 ਉੱਤੇ ਤਸਵੀਰਾਂ ]

ਯਹੋਵਾਹ ਦੀ ਭਗਤੀ ਕਰਨ ਲਈ ਡੇਹਰਾ ਅਤੇ ਬਾਅਦ ਵਿਚ ਹੈਕਲ ਵਧੀਆ ਥਾਂਵਾਂ ਸਨ

[ਸਫ਼ੇ 6 ਉੱਤੇ ਤਸਵੀਰ]

ਰੋਮ ਵਿਚ ਸੇਂਟ ਪੀਟਰ ਦਾ ਚਰਚ

[ਸਫ਼ੇ 7 ਉੱਤੇ ਤਸਵੀਰ]

ਮੁਢਲੇ ਮਸੀਹੀ ਘਰਾਂ ਵਿਚ ਮਿਲਦੇ ਹੁੰਦੇ ਸਨ

[ਸਫ਼ੇ 8, 9 ਉੱਤੇ ਤਸਵੀਰਾਂ]

ਯਹੋਵਾਹ ਦੇ ਗਵਾਹ ਘਰਾਂ ਵਿਚ ਅਤੇ ਕਿੰਗਡਮ ਹਾਲਾਂ ਵਿਚ ਸਭਾਵਾਂ ਕਰਦੇ ਹਨ