Skip to content

Skip to table of contents

ਇਕ ਮਨ ਹੋ ਕੇ ਉਪਾਸਨਾ ਕਰੋ

ਇਕ ਮਨ ਹੋ ਕੇ ਉਪਾਸਨਾ ਕਰੋ

ਇਕ ਮਨ ਹੋ ਕੇ ਉਪਾਸਨਾ ਕਰੋ

“ਮੈਂ ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।”—ਸਫ਼ਨਯਾਹ 3:9.

1. ਸਫ਼ਨਯਾਹ 3:9 ਦੀ ਕਿਹੜੀ ਪੂਰਤੀ ਹੋ ਰਹੀ ਹੈ?

ਦੁਨੀਆਂ ਭਰ ਵਿਚ ਤਕਰੀਬਨ 6,000 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ, ਬਹੁਤ ਸਾਰੀਆਂ ਉਪ ਭਾਸ਼ਾਵਾਂ ਜਾਂ ਹੋਰ ਕਈ ਛੋਟੀਆਂ-ਮੋਟੀਆਂ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ। ਲੋਕ ਦੁਨੀਆਂ ਦੇ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਜਿਹੜੀ ਮਰਜ਼ੀ ਭਾਸ਼ਾ ਬੋਲਦੇ ਹਨ, ਪਰ ਪਰਮੇਸ਼ੁਰ ਨੇ ਇਕ ਬਹੁਤ ਹੀ ਅਨੋਖਾ ਕੰਮ ਕੀਤਾ ਹੈ। ਉਸ ਨੇ ਹਰ ਥਾਂ ਦੇ ਲੋਕਾਂ ਲਈ ਇੱਕੋ ਸ਼ੁੱਧ ਭਾਸ਼ਾ ਸਿੱਖਣੀ ਤੇ ਬੋਲਣੀ ਮੁਮਕਿਨ ਕਰ ਦਿੱਤੀ ਹੈ। ਇਹ ਨਬੀ ਸਫ਼ਨਯਾਹ ਰਾਹੀਂ ਕੀਤੇ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਹੋ ਰਹੀ ਹੈ: “ਮੈਂ [ਯਹੋਵਾਹ] ਸਾਫ਼ ਬੁੱਲ੍ਹਾਂ [ਜਾਂ “ਸ਼ੁੱਧ ਭਾਸ਼ਾ”] ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।”—ਸਫ਼ਨਯਾਹ 3:9.

2. “ਸ਼ੁੱਧ ਭਾਸ਼ਾ” ਕੀ ਹੈ ਅਤੇ ਇਸ ਨੇ ਕਿਹੜੀ ਗੱਲ ਮੁਮਕਿਨ ਕੀਤੀ ਹੈ?

2 “ਸ਼ੁੱਧ ਭਾਸ਼ਾ” ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਉਸ ਦੀ ਸੱਚਾਈ ਹੈ। ਇਹ ਸੱਚਾਈ ਖ਼ਾਸਕਰ ਪਰਮੇਸ਼ੁਰ ਦੇ ਰਾਜ ਬਾਰੇ ਹੈ ਜਿਸ ਦੁਆਰਾ ਯਹੋਵਾਹ ਦੇ ਨਾਂ ਨੂੰ ਪਵਿੱਤਰ ਕੀਤਾ ਜਾਵੇਗਾ, ਉਸ ਦੇ ਰਾਜ ਕਰਨ ਦੇ ਹੱਕ ਨੂੰ ਜਾਇਜ਼ ਠਹਿਰਾਇਆ ਜਾਵੇਗਾ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। (ਮੱਤੀ 6:9, 10) ਧਰਤੀ ਉੱਤੇ ਸਿਰਫ਼ ਇੱਕੋ ਸ਼ੁੱਧ ਯਾਨੀ ਰੂਹਾਨੀ ਭਾਸ਼ਾ ਹੈ ਜੋ ਸਾਰੀਆਂ ਕੌਮਾਂ ਅਤੇ ਜਾਤਾਂ ਦੇ ਲੋਕ ਬੋਲਦੇ ਹਨ। ਇਸ ਭਾਸ਼ਾ ਕਰਕੇ ਸਾਰੇ ਮਿਲ ਕੇ ਅਤੇ “ਇੱਕ ਮਨ ਹੋ ਕੇ” ਯਹੋਵਾਹ ਦੀ ਭਗਤੀ ਕਰ ਸਕਦੇ ਹਨ।

ਪੱਖਪਾਤ ਨਾ ਕਰੋ

3. ਕਿਹੜੀ ਗੱਲ ਕਾਰਨ ਸਾਡੇ ਲਈ ਇਕੱਠੇ ਹੋ ਕੇ ਯਹੋਵਾਹ ਦੀ ਸੇਵਾ ਕਰਨੀ ਮੁਮਕਿਨ ਹੋਈ ਹੈ?

3 ਮਸੀਹੀ ਹੋਣ ਦੇ ਨਾਤੇ, ਅਸੀਂ ਕਿੰਨੇ ਧੰਨਵਾਦੀ ਹਾਂ ਕਿ ਅਸੀਂ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਇਕ-ਦੂਜੇ ਨੂੰ ਸਹਿਯੋਗ ਦਿੰਦੇ ਹਾਂ। ਹਾਲਾਂਕਿ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਕਰਦੇ ਹਾਂ, ਪਰ ਅਸੀਂ ਪਰਮੇਸ਼ੁਰ ਦੀ ਸੇਵਾ ਇਕੱਠੇ ਹੋ ਕੇ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 133:1) ਇਹ ਇਸ ਲਈ ਮੁਮਕਿਨ ਹੋਇਆ ਹੈ ਕਿਉਂਕਿ ਅਸੀਂ ਭਾਵੇਂ ਜਿੱਥੇ ਮਰਜ਼ੀ ਰਹਿੰਦੇ ਹਾਂ, ਅਸੀਂ ਯਹੋਵਾਹ ਦੀ ਵਡਿਆਈ ਕਰਨ ਲਈ ਇੱਕੋ ਸ਼ੁੱਧ ਭਾਸ਼ਾ ਬੋਲਦੇ ਹਾਂ।

4. ਪਰਮੇਸ਼ੁਰ ਦੇ ਲੋਕਾਂ ਨੂੰ ਇਕ-ਦੂਜੇ ਨਾਲ ਪੱਖਪਾਤ ਕਿਉਂ ਨਹੀਂ ਕਰਨਾ ਚਾਹੀਦਾ?

4 ਯਹੋਵਾਹ ਦੇ ਲੋਕਾਂ ਨੂੰ ਇਕ-ਦੂਜੇ ਨਾਲ ਪੱਖਪਾਤ ਨਹੀਂ ਕਰਨਾ ਚਾਹੀਦਾ। ਪਤਰਸ ਰਸੂਲ ਨੇ ਇਸ ਬਾਰੇ ਸਾਫ਼-ਸਾਫ਼ ਦੱਸਿਆ ਜਦੋਂ ਉਸ ਨੇ 36 ਸਾ. ਯੁ. ਵਿਚ ਗ਼ੈਰ-ਯਹੂਦੀ ਫ਼ੌਜੀ ਅਫ਼ਸਰ ਕੁਰਨੇਲਿਯੁਸ ਦੇ ਘਰ ਪ੍ਰਚਾਰ ਕੀਤਾ ਅਤੇ ਇਹ ਕਹਿਣ ਲਈ ਪ੍ਰੇਰਿਤ ਹੋਇਆ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਇਸ ਲਈ ਮਸੀਹੀ ਕਲੀਸਿਯਾ ਵਿਚ ਪੱਖਪਾਤ ਕਰਨ, ਗੁੱਟ ਬਣਾਉਣ ਤੇ ਕੁਝ ਖ਼ਾਸ ਭੈਣਾਂ-ਭਰਾਵਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਇੱਜ਼ਤ-ਮਾਣ ਦੇਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ।

5. ਕਲੀਸਿਯਾ ਵਿਚ ਵੱਖਰੇ-ਵੱਖਰੇ ਗੁੱਟ ਬਣਾਉਣੇ ਕਿਉਂ ਗ਼ਲਤ ਹਨ?

5 ਕਾਲਜ ਦੀ ਇਕ ਵਿਦਿਆਰਥਣ ਨੇ ਕਿੰਗਡਮ ਹਾਲ ਜਾ ਕੇ ਜੋ ਕੁਝ ਦੇਖਿਆ ਉਸ ਬਾਰੇ ਕਿਹਾ: “ਆਮ ਤੌਰ ਤੇ ਇੱਕੋ ਜਾਤ ਦੇ ਲੋਕ ਆਪੋ-ਆਪਣੇ ਗਿਰਜਿਆਂ ਵਿਚ ਇਕੱਠੇ ਹੁੰਦੇ ਹਨ। . . . ਪਰ, ਯਹੋਵਾਹ ਦੇ ਗਵਾਹ ਸਭ ਇਕੱਠੇ ਬੈਠੇ ਸਨ ਅਤੇ ਵੱਖਰੀਆਂ-ਵੱਖਰੀਆਂ ਜੁੰਡਲੀਆਂ ਬਣਾ ਕੇ ਨਹੀਂ ਬੈਠੇ ਸਨ।” ਪੁਰਾਣੇ ਜ਼ਮਾਨੇ ਵਿਚ ਕੁਰਿੰਥ ਸ਼ਹਿਰ ਵਿਚ ਕਲੀਸਿਯਾ ਦੇ ਕੁਝ ਮੈਂਬਰ ਫੁੱਟ ਪਾ ਰਹੇ ਸਨ। ਫੁੱਟ ਪਾਉਣ ਨਾਲ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਇਹ ਏਕਤਾ ਅਤੇ ਸ਼ਾਂਤੀ ਬਣਾਉਣ ਵਿਚ ਮਦਦ ਕਰਦੀ ਹੈ। (ਗਲਾਤੀਆਂ 5:22) ਜੇ ਅਸੀਂ ਕਲੀਸਿਯਾ ਵਿਚ ਵੱਖਰੇ-ਵੱਖਰੇ ਗੁੱਟ ਬਣਾਉਂਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਪਵਿੱਤਰ ਆਤਮਾ ਦੇ ਖ਼ਿਲਾਫ਼ ਜਾ ਰਹੇ ਹਾਂ। ਇਸ ਲਈ, ਆਓ ਆਪਾਂ ਕੁਰਿੰਥ ਦੇ ਮਸੀਹੀਆਂ ਨੂੰ ਕਹੇ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖੀਏ: “ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸੱਭੇ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋਂ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ।” (1 ਕੁਰਿੰਥੀਆਂ 1:10) ਇਸ ਦੇ ਇਲਾਵਾ, ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਚਿੱਠੀ ਲਿਖੀ ਸੀ ਜਿਸ ਵਿਚ ਉਸ ਨੇ ਏਕਤਾ ਬਣਾਉਣ ਉੱਤੇ ਜ਼ੋਰ ਦਿੱਤਾ ਸੀ।—ਅਫ਼ਸੀਆਂ 4:1-6, 16.

6, 7. ਯਾਕੂਬ ਨੇ ਪੱਖਪਾਤ ਸੰਬੰਧੀ ਕਿਹੜੀ ਚੇਤਾਵਨੀ ਦਿੱਤੀ ਅਤੇ ਉਸ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?

6 ਮਸੀਹੀਆਂ ਕੋਲੋਂ ਹਮੇਸ਼ਾ ਇਹ ਮੰਗ ਕੀਤੀ ਜਾਂਦੀ ਹੈ ਕਿ ਉਹ ਪੱਖਪਾਤ ਨਾ ਕਰਨ। (ਰੋਮੀਆਂ 2:11) ਪਹਿਲੀ ਸਦੀ ਦੀ ਕਲੀਸਿਯਾ ਵਿਚ ਕੁਝ ਮਸੀਹੀ ਅਮੀਰ ਲੋਕਾਂ ਨੂੰ ਜ਼ਿਆਦਾ ਆਦਰ ਦਿੰਦੇ ਸਨ ਜਿਸ ਕਰਕੇ ਚੇਲੇ ਯਾਕੂਬ ਨੇ ਲਿਖਿਆ: “ਹੇ ਮੇਰੇ ਭਰਾਵੋ, ਸਾਡੇ ਪਰਤਾਪਵਾਨ ਪ੍ਰਭੁ ਯਿਸੂ ਮਸੀਹ ਦੀ ਨਿਹਚਾ ਨੂੰ ਕਿਸੇ ਦੇ ਪੱਖ ਪਾਤ ਨਾਲ ਨਾ ਰੱਖੋ। ਕਿਉਂਕਿ ਜੇ ਕੋਈ ਪੁਰਖ ਸੋਨੇ ਦੀ ਅੰਗੂਠੀ ਪਾਈ ਅਤੇ ਭੜਕੀਲੇ ਬਸਤਰ ਪਹਿਨੇ ਤੁਹਾਡੀ ਸਮਾਜ ਵਿੱਚ ਆਇਆ ਅਤੇ ਇੱਕ ਗਰੀਬ ਵੀ ਮੈਲੇ ਲੀੜੇ ਪਹਿਨੇ ਆਇਆ, ਅਤੇ ਤੁਸਾਂ ਓਸ ਭੜਕੀਲੇ ਬਸਤਰਾਂ ਵਾਲੇ ਦਾ ਲਿਹਾਜ਼ ਕੀਤਾ ਅਤੇ ਓਹ ਨੂੰ ਆਖਿਆ, ਐਥੇ ਚੰਗੀ ਤਰਾਂ ਨਾਲ ਬਹਿ ਜਾਓ ਅਤੇ ਉਸ ਗਰੀਬ ਨੂੰ ਕਿਹਾ ਭਈ ਤੂੰ ਉੱਥੇ ਖੜਾ ਰਹੁ ਯਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ। ਤਾਂ ਕੀ ਤੁਸਾਂ ਆਪਣਿਆਂ ਮਨਾਂ ਵਿੱਚ ਦੁਆਇਤ ਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈ ਨਹੀਂ ਬਣੇ?”—ਯਾਕੂਬ 2:1-4.

7 ਜੇ ਮਸੀਹੀ ਸਭਾ ਵਿਚ ਕੋਈ ਬਾਹਰਲਾ ਅਜਿਹਾ ਅਮੀਰ ਆਦਮੀ ਆਉਂਦਾ ਸੀ ਜਿਸ ਨੇ ਸੋਨੇ ਦੀ ਅੰਗੂਠੀ ਅਤੇ ਵਧੀਆ ਕੱਪੜੇ ਪਾਏ ਹੁੰਦੇ ਸਨ, ਤਾਂ ਉਸ ਦਾ ਗ਼ਰੀਬ ਆਦਮੀ ਨਾਲੋਂ ਜ਼ਿਆਦਾ ਆਦਰ-ਮਾਣ ਕੀਤਾ ਜਾਂਦਾ ਸੀ ਜਿਸ ਨੇ ਗੰਦੇ ਕੱਪੜੇ ਪਾਏ ਹੁੰਦੇ ਸਨ। ਅਮੀਰ ਲੋਕਾਂ ਨੂੰ “ਚੰਗੀ ਤਰਾਂ ਨਾਲ” ਬਿਠਾਇਆ ਜਾਂਦਾ ਸੀ, ਪਰ ਗ਼ਰੀਬਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਜ਼ਮੀਨ ਉੱਤੇ ਬੈਠ ਜਾਣ ਜਾਂ ਕਿਸੇ ਕੋਲ ਖੜ੍ਹੇ ਹੋ ਜਾਣ। ਪਰ ਪਰਮੇਸ਼ੁਰ ਨੇ ਯਿਸੂ ਦੀ ਕੁਰਬਾਨੀ ਦੇਣ ਵੇਲੇ ਅਮੀਰ ਤੇ ਗ਼ਰੀਬ ਵਿਚ ਕੋਈ ਪੱਖਪਾਤ ਨਹੀਂ ਕੀਤਾ। (ਅੱਯੂਬ 34:19; 2 ਕੁਰਿੰਥੀਆਂ 5:14) ਇਸ ਲਈ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ ਤੇ ਇਕ ਮਨ ਹੋ ਕੇ ਉਸ ਦੀ ਉਪਾਸਨਾ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਹੀ ‘ਲਾਹੇ ਲਈ ਲੋਕਾਂ ਦੀ ਵਡਿਆਈ’ ਨਹੀਂ ਕਰਨੀ ਚਾਹੀਦੀ।—ਯਹੂਦਾਹ 4, 16.

ਬੁੜ ਬੁੜ ਕਰਨ ਤੋਂ ਬਚੋ

8. ਇਸਰਾਏਲੀਆਂ ਦੇ ਬੁੜ ਬੁੜ ਕਰਨ ਨਾਲ ਕੀ ਹੋਇਆ?

8 ਆਪਣੀ ਏਕਤਾ ਬਣਾਈ ਰੱਖਣ ਅਤੇ ਪਰਮੇਸ਼ੁਰ ਦੀ ਮਿਹਰ ਹਾਸਲ ਕਰਨ ਲਈ ਸਾਨੂੰ ਪੌਲੁਸ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ: “ਤੁਸੀਂ ਸੱਭੇ ਕੰਮ ਬੁੜ ਬੁੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ।” (ਫ਼ਿਲਿੱਪੀਆਂ 2:14, 15) ਮਿਸਰੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋਏ ਬੇਵਫ਼ਾ ਇਸਰਾਏਲੀ, ਮੂਸਾ ਤੇ ਹਾਰੂਨ ਖ਼ਿਲਾਫ਼ ਬੁੜ ਬੁੜਾਉਣ ਲੱਗ ਪਏ ਸਨ ਤੇ ਇਸ ਤਰ੍ਹਾਂ ਉਹ ਯਹੋਵਾਹ ਖ਼ਿਲਾਫ਼ ਵੀ ਬੁੜ ਬੁੜਾਏ ਸਨ।। ਇਸ ਕਾਰਨ 20 ਸਾਲਾਂ ਦੇ ਅਤੇ ਉਸ ਨਾਲੋਂ ਜ਼ਿਆਦਾ ਉਮਰ ਦੇ ਲੋਕ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਵੜ ਸਕੇ ਅਤੇ 40 ਸਾਲਾਂ ਤਕ ਉਜਾੜ ਵਿਚ ਸਫ਼ਰ ਕਰਦੇ ਹੀ ਮਰ ਗਏ। ਸਿਰਫ਼ ਵਫ਼ਾਦਾਰ ਯਹੋਸ਼ੁਆ, ਕਾਲੇਬ ਅਤੇ ਕੁਝ ਲੇਵੀ ਹੀ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾ ਸਕੇ ਸਨ। (ਗਿਣਤੀ 14:2, 3, 26-30; 1 ਕੁਰਿੰਥੀਆਂ 10:10) ਬੇਵਫ਼ਾ ਇਸਰਾਏਲੀਆਂ ਨੂੰ ਬੁੜ ਬੁੜ ਕਰਨ ਦੀ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ!

9. ਬੁੜ ਬੁੜ ਕਰਨ ਕਰਕੇ ਮਿਰਯਮ ਨੂੰ ਕਿਹੜਾ ਦੁੱਖ ਭੁਗਤਣਾ ਪਿਆ?

9 ਇਹ ਤਾਂ ਬੁੜ ਬੁੜ ਕਰਨ ਵਾਲੀ ਪੂਰੀ ਕੌਮ ਦੀ ਗੱਲ ਸੀ। ਪਰ ਉਦੋਂ ਕੀ ਜਦੋਂ ਸਿਰਫ਼ ਇਕ ਵਿਅਕਤੀ ਬੁੜ ਬੁੜ ਕਰਦਾ ਹੈ? ਮੂਸਾ ਦੀ ਭੈਣ ਮਿਰਯਮ ਆਪਣੇ ਭਰਾ ਹਾਰੂਨ ਨਾਲ ਮਿਲ ਕੇ ਮੂਸਾ ਖ਼ਿਲਾਫ਼ ਬੁੜ ਬੁੜ ਕਰਨ ਲੱਗ ਪਈ: “ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ?” ਬਿਰਤਾਂਤ ਅੱਗੇ ਦੱਸਦਾ ਹੈ: “ਤਾਂ ਯਹੋਵਾਹ ਨੇ ਸੁਣਿਆ।” (ਗਿਣਤੀ 12:1, 2) ਇਸ ਦਾ ਨਤੀਜਾ ਕੀ ਹੋਇਆ? ਇਸ ਤਰ੍ਹਾਂ ਦੀ ਸ਼ਿਕਾਇਤ ਕਰਨ ਲਈ ਯਹੋਵਾਹ ਨੇ ਮਿਰਯਮ ਦਾ ਅਪਮਾਨ ਕੀਤਾ। ਕਿਵੇਂ? ਯਹੋਵਾਹ ਨੇ ਉਸ ਨੂੰ ਕੋੜ੍ਹਨ ਬਣਾ ਦਿੱਤਾ ਅਤੇ ਉਸ ਨੂੰ ਸੱਤ ਦਿਨਾਂ ਤਕ ਡੇਰੇ ਤੋਂ ਬਾਹਰ ਰਹਿਣਾ ਪਿਆ ਜਦ ਤਕ ਉਹ ਆਪਣੀ ਬੀਮਾਰੀ ਤੋਂ ਸ਼ੁੱਧ ਨਾ ਹੋ ਗਈ।—ਗਿਣਤੀ 12:9-15.

10, 11. ਜੇ ਅਸੀਂ ਬੁੜ ਬੁੜ ਕਰਨੀ ਨਾ ਛੱਡੀ, ਤਾਂ ਕੀ ਹੋਵੇਗਾ? ਉਦਾਹਰਣ ਦਿਓ।

10 ਕੀ ਬੁੜ ਬੁੜ ਕਰਨ ਦਾ ਇਹੀ ਮਤਲਬ ਹੁੰਦਾ ਹੈ ਕਿ ਤੁਸੀਂ ਕਿਸੇ ਗ਼ਲਤ ਕੰਮ ਬਾਰੇ ਸ਼ਿਕਾਇਤ ਕਰ ਰਹੇ ਹੋ? ਨਹੀਂ, ਬੁੜ ਬੁੜ ਕਰਨ ਵਾਲਾ ਵਿਅਕਤੀ ਸਿਰਫ਼ ਆਪਣੀਆਂ ਭਾਵਨਾਵਾਂ ਜਾਂ ਪਦਵੀ ਦੀ ਚਿੰਤਾ ਕਰਦਾ ਹੈ ਤੇ ਦੂਜਿਆਂ ਦਾ ਧਿਆਨ ਪਰਮੇਸ਼ੁਰ ਵੱਲ ਖਿੱਚਣ ਦੀ ਬਜਾਇ ਆਪਣੇ ਵੱਲ ਖਿੱਚਦਾ ਹੈ। ਜੇ ਉਸ ਨੇ ਇਸ ਤਰ੍ਹਾਂ ਕਰਨਾ ਨਾ ਛੱਡਿਆ, ਤਾਂ ਭੈਣ-ਭਰਾਵਾਂ ਵਿਚ ਫੁੱਟ ਪੈ ਸਕਦੀ ਹੈ ਅਤੇ ਉਹ ਇਕ ਮਨ ਹੋ ਕੇ ਯਹੋਵਾਹ ਦੀ ਉਪਾਸਨਾ ਨਹੀਂ ਕਰ ਸਕਣਗੇ। ਬੁੜ ਬੁੜ ਕਰਨ ਵਾਲੇ ਇਸ ਲਈ ਸ਼ਿਕਾਇਤਾਂ ਕਰਦੇ ਹਨ ਕਿ ਦੂਜੇ ਉਨ੍ਹਾਂ ਨਾਲ ਹਮਦਰਦੀ ਰੱਖਣਗੇ।

11 ਮਿਸਾਲ ਲਈ, ਕੋਈ ਭੈਣ-ਭਰਾ ਕਲੀਸਿਯਾ ਵਿਚ ਕਿਸੇ ਬਜ਼ੁਰਗ ਦੇ ਭਾਸ਼ਣ ਦੇਣ ਜਾਂ ਜ਼ਿੰਮੇਵਾਰੀਆਂ ਨਿਭਾਉਣ ਦੇ ਤਰੀਕੇ ਦੀ ਨੁਕਤਾਚੀਨੀ ਕਰਦਾ ਹੈ। ਜੇ ਅਸੀਂ ਉਸ ਸ਼ਿਕਾਇਤੀ ਦੀ ਗੱਲ ਸੁਣਦੇ ਹਾਂ, ਤਾਂ ਅਸੀਂ ਵੀ ਉਸ ਵਾਂਗ ਸੋਚਣ ਲੱਗ ਸਕਦੇ ਹਾਂ। ਜਦ ਤਕ ਸ਼ਿਕਾਇਤ ਦਾ ਇਹ ਬੀਜ ਸਾਡੇ ਮਨ ਵਿਚ ਨਹੀਂ ਬੀਜਿਆ ਗਿਆ ਸੀ, ਤਦ ਤਕ ਸਾਨੂੰ ਉਸ ਬਜ਼ੁਰਗ ਦੇ ਸਾਰੇ ਕੰਮ ਚੰਗੇ ਲੱਗਦੇ ਸਨ, ਪਰ ਹੁਣ ਸਾਨੂੰ ਉਸ ਦੇ ਕੰਮਾਂ ਤੋਂ ਚਿੜ ਆਉਂਦੀ ਹੈ। ਅਖ਼ੀਰ ਵਿਚ ਸਾਨੂੰ ਉਸ ਬਜ਼ੁਰਗ ਦਾ ਕੋਈ ਵੀ ਕੰਮ ਚੰਗਾ ਨਹੀਂ ਲੱਗੇਗਾ ਤੇ ਅਸੀਂ ਉਸ ਬਾਰੇ ਸ਼ਿਕਾਇਤ ਕਰਨ ਲੱਗ ਪਵਾਂਗੇ। ਯਹੋਵਾਹ ਦੇ ਲੋਕਾਂ ਦੀ ਕਲੀਸਿਯਾ ਵਿਚ ਇੱਦਾਂ ਦੇ ਚਾਲ-ਚਲਣਾਂ ਲਈ ਕੋਈ ਥਾਂ ਨਹੀਂ ਹੈ।

12. ਬੁੜ ਬੁੜ ਕਰਨ ਦੁਆਰਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਕਿਹੜਾ ਅਸਰ ਪੈ ਸਕਦਾ ਹੈ?

12 ਬੁੜ ਬੁੜ ਕਰਨ ਨਾਲ ਉਨ੍ਹਾਂ ਆਦਮੀਆਂ ਦੀ ਬਦਨਾਮੀ ਹੋ ਸਕਦੀ ਹੈ ਜੋ ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਦੇ ਹਨ। ਬੁੜ ਬੁੜ ਕਰਨ ਜਾਂ ਦੂਜਿਆਂ ਨੂੰ ਬਦਨਾਮ ਕਰਨ ਦੁਆਰਾ ਯਹੋਵਾਹ ਨਾਲ ਸਾਡਾ ਰਿਸ਼ਤਾ ਵਿਗੜ ਸਕਦਾ ਹੈ। (ਕੂਚ 22:28) ਬਦਨਾਮੀ ਕਰਨ ਵਾਲੇ ਅਜਿਹੇ ਲੋਕ ਜੋ ਤੋਬਾ ਨਹੀਂ ਕਰਦੇ, ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। (1 ਕੁਰਿੰਥੀਆਂ 5:11; 6:10) ਚੇਲੇ ਯਹੂਦਾਹ ਨੇ ਬੁੜ ਬੁੜ ਕਰਨ ਵਾਲਿਆਂ ਬਾਰੇ ਲਿਖਿਆ ਕਿ ਉਹ ਕਲੀਸਿਯਾ ਦੇ ਜ਼ਿੰਮੇਵਾਰ ਭਰਾਵਾਂ ਨੂੰ “ਤੁੱਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ” ਸਨ। (ਯਹੂਦਾਹ 8) ਉਨ੍ਹਾਂ ਬੁੜ ਬੁੜ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੀ ਸੀ, ਇਸ ਲਈ ਸਾਡੇ ਲਈ ਬੜੀ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਵੀ ਉਨ੍ਹਾਂ ਦੇ ਬੁਰੇ ਰਾਹ ਤੇ ਨਾ ਚੱਲੀਏ।

13. ਸਾਰੀਆਂ ਸ਼ਿਕਾਇਤਾਂ ਗ਼ਲਤ ਕਿਉਂ ਨਹੀਂ ਹੁੰਦੀਆਂ?

13 ਪਰ ਸਾਰੀਆਂ ਸ਼ਿਕਾਇਤਾਂ ਪਰਮੇਸ਼ੁਰ ਦੀ ਨਜ਼ਰ ਵਿਚ ਗ਼ਲਤ ਨਹੀਂ ਹੁੰਦੀਆਂ। ਜਦੋਂ ਸਦੂਮ ਅਤੇ ਅਮੂਰਾਹ ਬਾਰੇ ਧਰਮੀ ਲੋਕਾਂ ਦਾ “ਰੌਲਾ” ਯਾਨੀ ਸ਼ਿਕਾਇਤਾਂ ਬਹੁਤ ਵਧ ਗਈਆਂ ਸਨ, ਤਾਂ ਯਹੋਵਾਹ ਨੇ ਆਪਣੇ ਕੰਨ ਬੰਦ ਨਹੀਂ ਕਰ ਲਏ ਸਨ, ਸਗੋਂ ਇਨ੍ਹਾਂ ਬੁਰੇ ਸ਼ਹਿਰਾਂ ਦਾ ਨਾਸ਼ ਕਰ ਦਿੱਤਾ ਸੀ। (ਉਤਪਤ 18:20, 21; 19:24, 25) ਪੰਤੇਕੁਸਤ 33 ਸਾ. ਯੁ. ਤੋਂ ਥੋੜ੍ਹੀ ਹੀ ਦੇਰ ਬਾਅਦ, ਯਰੂਸ਼ਲਮ ਵਿਚ “ਯੂਨਾਨੀ-ਯਹੂਦੀ ਇਬਰਾਨੀਆਂ ਉੱਤੇ ਬੁੜਬੁੜਾਉਣ ਲੱਗੇ ਕਿਉਂ ਜੋ ਦਿਨ ਦਿਨ ਦੀ ਟਹਿਲ ਵਿੱਚ ਉਨ੍ਹਾਂ ਦੀਆਂ ਵਿਧਵਾਂ ਦੀ ਸੁਧ ਨਹੀਂ ਲੈਂਦੇ ਸਨ।” ਨਤੀਜੇ ਵਜੋਂ, ਪ੍ਰਬੰਧਕ ਸਭਾ ਦੇ “ਬਾਰਾਂ” ਮੈਂਬਰਾਂ ਨੇ “ਸੱਤ ਨੇਕ ਨਾਮ ਆਦਮੀਆਂ” ਨੂੰ ਭੋਜਨ ਵੰਡਣ ਦੇ “ਕੰਮ” ਦੀ ਜ਼ਿੰਮੇਵਾਰੀ ਦੇ ਕੇ ਇਸ ਹਾਲਤ ਨੂੰ ਸੁਧਾਰਿਆ। (ਰਸੂਲਾਂ ਦੇ ਕਰਤੱਬ 6:1-6) ਅੱਜ ਵੀ ਬਜ਼ੁਰਗਾਂ ਨੂੰ ਜਾਇਜ਼ ਸ਼ਿਕਾਇਤਾਂ ਸੁਣਨ ਤੋਂ ਆਪਣੇ ‘ਕੰਨ ਬੰਦ ਨਹੀਂ ਕਰਨੇ’ ਚਾਹੀਦੇ। (ਕਹਾਉਤਾਂ 21:13) ਆਪਣੇ ਭੈਣਾਂ-ਭਰਾਵਾਂ ਦੀ ਨੁਕਤਾਚੀਨੀ ਕਰਨ ਦੀ ਬਜਾਇ, ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਤੇ ਹੌਸਲਾ ਦੇਣ।—1 ਕੁਰਿੰਥੀਆਂ 8:1.

14. ਬੁੜ ਬੁੜ ਕਰਨ ਤੋਂ ਬਚਣ ਲਈ ਸਾਨੂੰ ਕਿਹੜੇ ਗੁਣ ਦੀ ਲੋੜ ਹੈ?

14 ਸਾਨੂੰ ਸਾਰਿਆਂ ਨੂੰ ਹੀ ਬੁੜ ਬੁੜ ਕਰਨ ਤੋਂ ਬਚਣ ਦੀ ਲੋੜ ਹੈ ਕਿਉਂਕਿ ਸ਼ਿਕਾਇਤੀ ਰਵੱਈਏ ਕਾਰਨ ਸਾਡੀ ਅਧਿਆਤਮਿਕਤਾ ਉੱਤੇ ਬੁਰਾ ਅਸਰ ਪੈਂਦਾ ਹੈ। ਅਜਿਹਾ ਰਵੱਈਆ ਸਾਡੀ ਏਕਤਾ ਨੂੰ ਤੋੜ ਸਕਦਾ ਹੈ। ਇਸ ਦੀ ਬਜਾਇ, ਆਓ ਆਪਾਂ ਸਾਰੇ ਪਵਿੱਤਰ ਆਤਮਾ ਨੂੰ ਆਪਣੇ ਵਿਚ ਹਮੇਸ਼ਾ ਪਿਆਰ ਪੈਦਾ ਕਰਨ ਦੇਈਏ। (ਗਲਾਤੀਆਂ 5:22) ‘ਪਿਆਰ ਦੇ ਸ਼ਾਹੀ ਹੁਕਮ’ ਉੱਤੇ ਚੱਲਣ ਨਾਲ ਸਾਨੂੰ ਇਕ ਮਨ ਹੋ ਕੇ ਸੇਵਾ ਕਰਦੇ ਰਹਿਣ ਵਿਚ ਮਦਦ ਮਿਲੇਗੀ।—ਯਾਕੂਬ 2:8; 1 ਕੁਰਿੰਥੀਆਂ 13:4-8; 1 ਪਤਰਸ 4:8.

ਦੂਜਿਆਂ ਨੂੰ ਬਦਨਾਮ ਨਾ ਕਰੋ

15. ਤੁਸੀਂ ਚੁਗ਼ਲਖ਼ੋਰ ਤੇ ਬਦਨਾਮ ਕਰਨ ਵਾਲੇ ਵਿਅਕਤੀ ਵਿਚ ਫ਼ਰਕ ਨੂੰ ਕਿਵੇਂ ਸਮਝਾਓਗੇ?

15 ਬੁੜ ਬੁੜ ਕਰਨ ਨਾਲ ਅਸੀਂ ਨਾ ਸਿਰਫ਼ ਚੁਗ਼ਲਖ਼ੋਰ ਬਣ ਸਕਦੇ ਹਾਂ, ਸਗੋਂ ਅਸੀਂ ਦੂਜਿਆਂ ਦਾ ਨੁਕਸਾਨ ਵੀ ਕਰ ਸਕਦੇ ਹਾਂ। ਇਸ ਲਈ ਸਾਨੂੰ ਆਮ ਗੱਲਬਾਤ ਕਰਦੇ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਕਹਿੰਦੇ ਹਾਂ। ਚੁਗ਼ਲਖ਼ੋਰ ਉਹ ਹੁੰਦਾ ਹੈ ਜੋ ਲੋਕਾਂ ਬਾਰੇ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਫ਼ਜ਼ੂਲ ਗੱਲਾਂ ਕਰਦਾ ਹੈ। ਬਦਨਾਮ ਕਰਨ ਵਾਲਾ ਵਿਅਕਤੀ ਉਹ ਹੁੰਦਾ ਹੈ ਜੋ ਝੂਠੀ ਅਫ਼ਵਾਹ ਫੈਲਾ ਕੇ ਕਿਸੇ ਦੇ ਨਾਂ ਨੂੰ ਮਿੱਟੀ ਵਿਚ ਮਿਲਾਉਣ ਦਾ ਇਰਾਦਾ ਰੱਖਦਾ ਹੈ। ਇੱਦਾਂ ਦੀ ਗੱਲਬਾਤ ਘਿਣਾਉਣੀ ਹੈ ਤੇ ਪਰਮੇਸ਼ੁਰ ਨੂੰ ਪਸੰਦ ਨਹੀਂ ਹੈ। ਇਸ ਲਈ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਤੂੰ ਆਪਣੇ ਲੋਕਾਂ ਵਿੱਚ ਘੁਸਮੁਸੀਆ ਬਣਕੇ ਭਉਂਦਾ ਨਾ ਫਿਰੀਂ।”—ਲੇਵੀਆਂ 19:16.

16. ਪੌਲੁਸ ਨੇ ਕੁਝ ਚੁਗ਼ਲਖ਼ੋਰਾਂ ਬਾਰੇ ਕੀ ਕਿਹਾ ਅਤੇ ਉਸ ਦੀ ਸਲਾਹ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

16 ਚੁਗ਼ਲੀ ਇਕ ਵਿਅਕਤੀ ਤੋਂ ਕਿਸੇ ਦੀ ਬਦਨਾਮੀ ਕਰਵਾ ਸਕਦੀ ਹੈ, ਇਸ ਲਈ ਪੌਲੁਸ ਨੇ ਕੁਝ ਚੁਗ਼ਲਖ਼ੋਰਾਂ ਨੂੰ ਚੇਤਾਵਨੀ ਦਿੱਤੀ ਸੀ। ਕਲੀਸਿਯਾ ਤੋਂ ਮਦਦ ਦੇ ਲਾਇਕ ਵਿਧਵਾਵਾਂ ਦਾ ਜ਼ਿਕਰ ਕਰਨ ਤੋਂ ਬਾਅਦ, ਉਸ ਨੇ ਉਨ੍ਹਾਂ ਵਿਧਵਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ‘ਘਰ ਘਰ ਫਿਰ ਕੇ ਆਲਸਣਾਂ ਬਣਨਾ ਸਿੱਖਿਆ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ ਬੁੜ ਕਰਨ ਵਾਲੀਆਂ ਅਤੇ ਪਰਾਇਆ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਬਣੀਆਂ ਅਤੇ ਅਜੋਗ ਗੱਲਾਂ ਕਰਦੀਆਂ ਸਨ।’ (1 ਤਿਮੋਥਿਉਸ 5:11-15) ਜੇ ਕਿਸੇ ਮਸੀਹੀ ਔਰਤ ਨੂੰ ਲੱਗਦਾ ਹੈ ਕਿ ਉਸ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਕਮਜ਼ੋਰੀ ਹੈ ਜਿਸ ਨਾਲ ਦੂਜਿਆਂ ਦੀ ਬਦਨਾਮੀ ਹੋ ਸਕਦੀ ਹੈ, ਤਾਂ ਉਸ ਨੂੰ ਅਕਲਮੰਦੀ ਨਾਲ ਪੌਲੁਸ ਦੀ ਸਲਾਹ ਉੱਤੇ ਧਿਆਨ ਦੇ ਕੇ ‘ਗੰਭੀਰ ਹੋਣਾ ਚਾਹੀਦਾ ਹੈ ਨਾ ਕਿ ਉਂਗਲ ਕਰਨ ਵਾਲੀ।’ (1 ਤਿਮੋਥਿਉਸ 3:11) ਮਸੀਹੀ ਆਦਮੀਆਂ ਨੂੰ ਵੀ ਅਜਿਹੀਆਂ ਚੁਗ਼ਲੀਆਂ ਕਰਨ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਨਾਲ ਦੂਜਿਆਂ ਦਾ ਨੁਕਸਾਨ ਹੋ ਸਕਦਾ ਹੈ।—ਕਹਾਉਤਾਂ 10:19.

ਦੋਸ਼ ਨਾ ਲਾਓ!

17, 18. (ੳ) ਆਪਣੇ ਭਰਾ ਉੱਤੇ ਦੋਸ਼ ਨਾ ਲਾਉਣ ਬਾਰੇ ਯਿਸੂ ਨੇ ਕੀ ਕਿਹਾ ਸੀ? (ਅ) ਦੋਸ਼ ਨਾ ਲਾਉਣ ਬਾਰੇ ਯਿਸੂ ਦੇ ਸ਼ਬਦਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ?

17 ਜੇ ਅਸੀਂ ਕਿਸੇ ਦੀ ਬਦਨਾਮੀ ਨਹੀਂ ਵੀ ਕਰਦੇ ਹਾਂ, ਤਾਂ ਵੀ ਸਾਨੂੰ ਕਿਸੇ ਉੱਤੇ ਦੋਸ਼ ਲਾਉਣ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਯਿਸੂ ਨੇ ਅਜਿਹੇ ਰਵੱਈਏ ਦੀ ਨਿੰਦਿਆ ਕੀਤੀ ਸੀ ਜਦੋਂ ਉਸ ਨੇ ਕਿਹਾ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ। ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ। ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ? ਅਥਵਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖੇਂਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ! ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੀ ਅੱਖੋਂ ਕੱਢ ਸੱਕੇਂਗਾ।”—ਮੱਤੀ 7:1-5.

18 ਸਾਨੂੰ ਆਪਣੇ ਭਰਾ ਦੀ ਅੱਖ ਵਿੱਚੋਂ “ਕੱਖ” ਕੱਢਣ ਤੋਂ ਪਹਿਲਾਂ ਆਪਣੀ ਅੱਖ ਵਿੱਚੋਂ “ਸ਼ਤੀਰ” ਕੱਢਣ ਯਾਨੀ ਆਪਣੀ ਕਮਜ਼ੋਰੀ ਉੱਤੇ ਕਾਬੂ ਪਾਉਣ ਦੀ ਲੋੜ ਹੈ। ਅਸਲ ਵਿਚ, ਜੇ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਪਰਮੇਸ਼ੁਰ ਸਾਡੇ ਉੱਤੇ ਕਿੰਨੀ ਦਇਆ ਕਰਦਾ ਹੈ, ਤਾਂ ਅਸੀਂ ਆਪਣੇ ਅਧਿਆਤਮਿਕ ਭੈਣਾਂ-ਭਰਾਵਾਂ ਉੱਤੇ ਦੋਸ਼ ਨਹੀਂ ਲਾਵਾਂਗੇ। ਕੀ ਅਸੀਂ ਉਨ੍ਹਾਂ ਨੂੰ ਉੱਨੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਜਿੰਨੀ ਚੰਗੀ ਤਰ੍ਹਾਂ ਸਾਡਾ ਪਿਤਾ ਯਹੋਵਾਹ ਉਨ੍ਹਾਂ ਨੂੰ ਸਮਝਦਾ ਹੈ? ਇਸੇ ਲਈ, ਸਾਨੂੰ ਯਿਸੂ ਨੇ ਇਹ ਚੇਤਾਵਨੀ ਦਿੱਤੀ ਸੀ ਕਿ “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ”! ਆਪਣੀਆਂ ਕਮਜ਼ੋਰੀਆਂ ਦੀ ਧਿਆਨ ਨਾਲ ਜਾਂਚ ਕਰਨ ਦੁਆਰਾ ਅਸੀਂ ਅਜਿਹਾ ਦੋਸ਼ ਲਾਉਣ ਤੋਂ ਬਚਾਂਗੇ ਜਿਸ ਨੂੰ ਯਹੋਵਾਹ ਬੁਰਾ ਸਮਝਦਾ ਹੈ।

ਕਮਜ਼ੋਰ ਪਰ ਆਦਰਯੋਗ

19. ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

19 ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਇਕ ਮਨ ਹੋ ਕੇ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਇਰਾਦਾ ਬਣਾਇਆ ਹੋਇਆ ਹੈ, ਤਾਂ ਅਸੀਂ ਸਿਰਫ਼ ਦੋਸ਼ ਲਾਉਣ ਤੋਂ ਹੀ ਨਹੀਂ ਬਚਾਂਗੇ, ਸਗੋਂ ਅਸੀਂ ਉਨ੍ਹਾਂ ਦਾ ਆਦਰ ਵੀ ਕਰਾਂਗੇ। (ਰੋਮੀਆਂ 12:10) ਅਸਲ ਵਿਚ ਅਸੀਂ ਆਪਣੇ ਫ਼ਾਇਦੇ ਦੀ ਬਜਾਇ ਉਨ੍ਹਾਂ ਦੇ ਫ਼ਾਇਦੇ ਬਾਰੇ ਸੋਚਾਂਗੇ ਅਤੇ ਖ਼ੁਸ਼ੀ ਨਾਲ ਉਨ੍ਹਾਂ ਲਈ ਕੋਈ ਵੀ ਕੰਮ ਕਰਾਂਗੇ। (ਯੂਹੰਨਾ 13:12-17; 1 ਕੁਰਿੰਥੀਆਂ 10:24) ਅਸੀਂ ਇੱਦਾਂ ਦਾ ਚੰਗਾ ਰਵੱਈਆ ਕਿਵੇਂ ਬਣਾਈ ਰੱਖ ਸਕਦੇ ਹਾਂ? ਪਹਿਲਾਂ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਹਰ ਇਕ ਭੈਣ-ਭਰਾ ਯਹੋਵਾਹ ਲਈ ਬੜਾ ਅਨਮੋਲ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਤਰ੍ਹਾਂ ਮਨੁੱਖੀ ਸਰੀਰ ਦਾ ਹਰ ਅੰਗ ਇਕ-ਦੂਜੇ ਉੱਤੇ ਨਿਰਭਰ ਕਰਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਇਕ-ਦੂਜੇ ਦੀ ਲੋੜ ਹੈ।—1 ਕੁਰਿੰਥੀਆਂ 12:14-27.

20, 21. ਦੂਜੇ ਤਿਮੋਥਿਉਸ 2:20, 21 ਦੇ ਸ਼ਬਦਾਂ ਦਾ ਸਾਡੇ ਲਈ ਕੀ ਮਤਲਬ ਹੈ?

20 ਇਹ ਸੱਚ ਹੈ ਕਿ ਮਸੀਹੀ ਮਿੱਟੀ ਦੇ ਕਮਜ਼ੋਰ ਭਾਂਡੇ ਹਨ ਜਿਨ੍ਹਾਂ ਨੂੰ ਸੇਵਕਾਈ ਦਾ ਸ਼ਾਨਦਾਰ ਖ਼ਜ਼ਾਨਾ ਸੌਂਪਿਆ ਗਿਆ ਹੈ। (2 ਕੁਰਿੰਥੀਆਂ 4:7) ਜੇ ਅਸੀਂ ਯਹੋਵਾਹ ਦੀ ਵਡਿਆਈ ਲਈ ਸੇਵਕਾਈ ਦਾ ਇਹ ਪਵਿੱਤਰ ਕੰਮ ਪੂਰਾ ਕਰਨਾ ਹੈ, ਤਾਂ ਸਾਨੂੰ ਯਹੋਵਾਹ ਅਤੇ ਉਸ ਦੇ ਪੁੱਤਰ ਸਾਮ੍ਹਣੇ ਆਪਣੇ ਆਪ ਨੂੰ ਆਦਰਯੋਗ ਬਣਾਉਣਾ ਚਾਹੀਦਾ ਹੈ। ਆਪਣਾ ਚਾਲ-ਚਲਣ ਠੀਕ ਰੱਖ ਕੇ ਤੇ ਅਧਿਆਤਮਿਕ ਤੌਰ ਤੇ ਪਵਿੱਤਰ ਰਹਿ ਕੇ ਅਸੀਂ ਆਦਰਯੋਗ ਭਾਂਡਾ ਬਣ ਸਕਦੇ ਹਾਂ ਤਾਂਕਿ ਪਰਮੇਸ਼ੁਰ ਸਾਨੂੰ ਵਰਤ ਸਕੇ। ਇਸ ਬਾਰੇ ਪੌਲੁਸ ਨੇ ਲਿਖਿਆ: “ਵੱਡੇ ਘਰ ਵਿੱਚ ਨਿਰੇ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਭੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ। ਸੋ ਜੇ ਕੋਈ ਆਪਣੇ ਆਪ ਨੂੰ ਇਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਕ ਦੇ ਵਰਤਣ ਜੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ।”—2 ਤਿਮੋਥਿਉਸ 2:20, 21.

21 ਜਿਹੜੇ ਵਿਅਕਤੀ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਨਹੀਂ ਚੱਲਦੇ, ਉਹ ‘ਨਿਰਾਦਰ ਦੇ ਭਾਂਡੇ ਹੁੰਦੇ ਹਨ।’ ਪਰ ਪਰਮੇਸ਼ੁਰ ਦੇ ਸਹੀ ਰਾਹ ਤੇ ਚੱਲ ਕੇ ਅਸੀਂ “ਵਰਤਣ ਜੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ” ਕੀਤੇ ਹੋਏ ਭਾਂਡੇ ਬਣਾਂਗੇ। ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ “ਵਰਤਣ ਜੋਗ ਭਾਂਡਾ” ਹਾਂ? ਆਪਣੇ ਭੈਣਾਂ-ਭਰਾਵਾਂ ਉੱਤੇ ਕੀ ਮੇਰਾ ਚੰਗਾ ਅਸਰ ਪੈਂਦਾ ਹੈ? ਕੀ ਮੈਂ ਕਲੀਸਿਯਾ ਦਾ ਅਜਿਹਾ ਮੈਂਬਰ ਹਾਂ ਜੋ ਆਪਣੇ ਭੈਣਾਂ-ਭਰਾਵਾਂ ਨਾਲ ਇਕ ਮਨ ਹੋ ਕੇ ਕੰਮ ਕਰਦਾ ਹਾਂ?’

ਇਕ ਮਨ ਹੋ ਕੇ ਉਪਾਸਨਾ ਕਰਦੇ ਰਹੋ

22. ਮਸੀਹੀ ਕਲੀਸਿਯਾ ਦੀ ਤੁਲਨਾ ਕਿਹੜੀ ਚੀਜ਼ ਨਾਲ ਕੀਤੀ ਜਾ ਸਕਦੀ ਹੈ?

22 ਮਸੀਹੀ ਕਲੀਸਿਯਾ ਇਕ ਪਰਿਵਾਰ ਵਾਂਗ ਹੈ। ਜਦੋਂ ਪਰਿਵਾਰ ਦੇ ਸਾਰੇ ਮੈਂਬਰ ਯਹੋਵਾਹ ਦੀ ਭਗਤੀ ਕਰਦੇ ਹਨ, ਤਾਂ ਪਰਿਵਾਰ ਵਿਚ ਸਾਰੇ ਇਕ-ਦੂਜੇ ਨੂੰ ਪਿਆਰ ਕਰਦੇ ਹਨ, ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਪਰਿਵਾਰ ਦਾ ਮਾਹੌਲ ਵਧੀਆ ਹੁੰਦਾ ਹੈ। ਹਾਲਾਂਕਿ ਪਰਿਵਾਰ ਦੇ ਮੈਂਬਰਾਂ ਦੀਆਂ ਵੱਖੋ-ਵੱਖਰੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ, ਪਰ ਪਰਿਵਾਰ ਵਿਚ ਹਰ ਮੈਂਬਰ ਦਾ ਆਦਰ ਕੀਤਾ ਜਾਂਦਾ ਹੈ। ਕਲੀਸਿਯਾ ਵਿਚ ਵੀ ਇਹੀ ਗੱਲ ਸਹੀ ਹੈ। ਹਾਲਾਂਕਿ ਸਾਡੀਆਂ ਸ਼ਖ਼ਸੀਅਤਾਂ ਵੱਖੋ-ਵੱਖਰੀਆਂ ਹਨ ਤੇ ਅਸੀਂ ਸਾਰੇ ਹੀ ਅਪੂਰਣ ਹਾਂ, ਪਰ ਫਿਰ ਵੀ ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਮਸੀਹ ਰਾਹੀਂ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:44; 14:6) ਯਹੋਵਾਹ ਅਤੇ ਯਿਸੂ ਸਾਨੂੰ ਪਿਆਰ ਕਰਦੇ ਹਨ ਅਤੇ ਇਕ ਸੰਯੁਕਤ ਪਰਿਵਾਰ ਦੀ ਤਰ੍ਹਾਂ ਸਾਨੂੰ ਵੀ ਇਕ-ਦੂਜੇ ਨਾਲ ਪਿਆਰ ਕਰਨ ਦੀ ਲੋੜ ਹੈ।—1 ਯੂਹੰਨਾ 4:7-11.

23. ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਕੀ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ?

23 ਪਰਿਵਾਰ ਵਰਗੀ ਮਸੀਹੀ ਕਲੀਸਿਯਾ ਇਕ ਅਜਿਹੀ ਥਾਂ ਵੀ ਹੈ ਜਿੱਥੇ ਅਸੀਂ ਇਕ-ਦੂਜੇ ਕੋਲੋਂ ਵਫ਼ਾਦਾਰੀ ਦੀ ਉਮੀਦ ਰੱਖਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨੀਂ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ [ਯਾਨੀ ਵਫ਼ਾਦਾਰੀ ਨਾਲ] ਹੱਥ ਅੱਡ ਕੇ ਪ੍ਰਾਰਥਨਾ ਕਰਨ।” (1 ਤਿਮੋਥਿਉਸ 2:8) ਇਸ ਤਰ੍ਹਾਂ ਪੌਲੁਸ ਨੇ ਵਫ਼ਾਦਾਰੀ ਦਾ ਸੰਬੰਧ ਪਬਲਿਕ ਪ੍ਰਾਰਥਨਾਵਾਂ ਨਾਲ ਜੋੜਿਆ ਜੋ ਮਸੀਹੀਆਂ ਦੇ ਇਕੱਠੇ ਹੋਣ ਦੀਆਂ ‘ਸਭਨਾਂ ਥਾਵਾਂ’ ਤੇ ਕੀਤੀਆਂ ਜਾਂਦੀਆਂ ਹਨ। ਸਿਰਫ਼ ਵਫ਼ਾਦਾਰ ਆਦਮੀਆਂ ਨੂੰ ਹੀ ਲੋਕਾਂ ਸਾਮ੍ਹਣੇ ਕਲੀਸਿਯਾ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸਾਰੇ ਉਸ ਨਾਲ ਅਤੇ ਇਕ-ਦੂਜੇ ਨਾਲ ਵਫ਼ਾਦਾਰੀ ਕਰੀਏ। (ਉਪਦੇਸ਼ਕ ਦੀ ਪੋਥੀ 12:13, 14) ਇਸ ਲਈ ਆਓ ਆਪਾਂ ਮਨੁੱਖੀ ਸਰੀਰ ਦੇ ਅੰਗਾਂ ਵਾਂਗ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨ ਦਾ ਪੱਕਾ ਇਰਾਦਾ ਕਰੀਏ। ਅਸੀਂ ਯਹੋਵਾਹ ਦੀ ਭਗਤੀ ਕਰਨ ਵਾਲੇ ਪਰਿਵਾਰ ਵਾਂਗ ਇਕੱਠੇ ਮਿਲ ਕੇ ਸੇਵਾ ਕਰਨੀ ਚਾਹੁੰਦੇ ਹਾਂ। ਆਓ ਆਪਾਂ ਸਭ ਤੋਂ ਜ਼ਰੂਰੀ ਗੱਲ ਇਹ ਯਾਦ ਰੱਖੀਏ ਕਿ ਸਾਨੂੰ ਇਕ-ਦੂਜੇ ਦੀ ਲੋੜ ਹੈ। ਜੇ ਅਸੀਂ ਇਕ ਮਨ ਹੋ ਕੇ ਯਹੋਵਾਹ ਦੀ ਉਪਾਸਨਾ ਕਰਾਂਗੇ, ਤਾਂ ਅਸੀਂ ਪਰਮੇਸ਼ੁਰ ਦੀ ਮਿਹਰ ਅਤੇ ਬਰਕਤਾਂ ਦਾ ਆਨੰਦ ਮਾਣਾਂਗੇ।

ਤੁਸੀਂ ਕਿਵੇਂ ਜਵਾਬ ਦਿਓਗੇ?

• ਕਿਹੜੀ ਗੱਲ ਕਰਕੇ ਯਹੋਵਾਹ ਦੇ ਲੋਕ “ਇੱਕ ਮਨ ਹੋ ਕੇ” ਉਸ ਦੀ ਉਪਾਸਨਾ ਕਰ ਸਕਦੇ ਹਨ?

• ਮਸੀਹੀ ਪੱਖਪਾਤ ਕਿਉਂ ਨਹੀਂ ਕਰਦੇ?

• ਤੁਹਾਡੇ ਖ਼ਿਆਲ ਵਿਚ ਬੁੜ ਬੁੜ ਕਰਨੀ ਕਿਉਂ ਗ਼ਲਤ ਹੈ?

• ਸਾਨੂੰ ਆਪਣੇ ਭੈਣਾਂ-ਭਰਾਵਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਪਤਰਸ ਨੇ ਜਾਣ ਲਿਆ ਸੀ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ”

[ਸਫ਼ੇ 16 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਨੇ ਮਿਰਯਮ ਦਾ ਅਪਮਾਨ ਕਿਉਂ ਕੀਤਾ ਸੀ?

[ਸਫ਼ੇ 18 ਉੱਤੇ ਤਸਵੀਰ]

ਵਫ਼ਾਦਾਰ ਮਸੀਹੀ ਖ਼ੁਸ਼ੀ ਨਾਲ ਇਕ ਮਨ ਹੋ ਕੇ ਯਹੋਵਾਹ ਦੀ ਉਪਾਸਨਾ ਕਰਦੇ ਹਨ