ਕੀ ਸਾਨੂੰ ਧਾਰਮਿਕ ਸਥਾਨਾਂ ਦੀ ਲੋੜ ਹੈ?
ਕੀ ਸਾਨੂੰ ਧਾਰਮਿਕ ਸਥਾਨਾਂ ਦੀ ਲੋੜ ਹੈ?
ਸਪੇਨੀ ਭਾਸ਼ਾ ਵਿਚ ਇਕ ਅਖ਼ਬਾਰ ਨੇ ਦਸੰਬਰ 2001 ਵਿਚ ਮੈਕਸੀਕੋ ਸਿਟੀ ਵਿਚ ਇਕੱਠੀਆਂ ਹੋਈਆਂ ਭੀੜਾਂ ਬਾਰੇ ਲਿਖਿਆ। ਇਸ ਵਿਚ ਲਿਖਿਆ ਸੀ ਕਿ ਹਜ਼ਾਰਾਂ ਹੀ ਯਾਤਰੀ ਰੰਗ-ਬਰੰਗੇ ਕੱਪੜੇ ਪਹਿਨੇ ਮੈਕਸੀਕੋ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਆਏ ਹੋਏ ਸਨ। ਅਮਰੀਕੀ ਇੰਡੀਅਨ ਲੋਕਾਂ ਦੀਆਂ ਟੋਲੀਆਂ ਨੇ ਢੋਲ ਦੇ ਡੱਗੇ ਨਾਲ ਅਜਿਹੇ ਨਾਚ ਕੀਤੇ ਜੋ ਦੱਖਣੀ ਅਮਰੀਕਾ ਵਿਚ ਸਪੇਨੀ ਹਮਲਾਵਰਾਂ ਦੇ ਆਉਣ ਤੋਂ ਪਹਿਲਾਂ ਲੋਕ ਨੱਚਦੇ ਹੁੰਦੇ ਸਨ। ਈਸਾਈ ਗੋਡਿਆਂ ਭਾਰ ਘਿਸੜਦੇ ਹੋਏ ਤੇ ਦੁੱਖ ਸਹਿੰਦੇ ਹੋਏ ਅੱਗੇ ਵੱਧ ਰਹੇ ਸਨ। ਇਹ ਸਾਰੇ ਲੋਕ ਚਰਚ ਤਕ ਪਹੁੰਚਣ ਦਾ ਜਤਨ ਕਰ ਰਹੇ ਸਨ। ਚਰਚ ਦੇ ਅੰਦਰ, ਚਰਚ ਦੇ ਆਲੇ-ਦੁਆਲੇ ਅਤੇ ਸੜਕਾਂ ਤੇ ਵੱਡੀਆਂ-ਵੱਡੀਆਂ ਭੀੜਾਂ ਲੱਗੀਆਂ ਹੋਈਆਂ ਸਨ।
ਇਸ ਮੌਕੇ ਤੇ ਲਗਭਗ 30 ਲੱਖ ਲੋਕ ਗੁਆਡਾਲੁਪੇ ਦੀ ਕੁਆਰੀ ਮਿਰਿਅਮ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰਨ ਲਈ ਮੈਕਸੀਕੋ ਸਿਟੀ ਦੀ ਇਸ ਵੱਡੀ ਚਰਚ ਨੂੰ ਗਏ। ਦੁਨੀਆਂ ਵਿਚ ਹੋਰ ਵੀ ਧਾਰਮਿਕ ਇਮਾਰਤਾਂ ਹਨ ਜਿੱਥੇ ਲੱਖਾਂ ਹੀ ਲੋਕ ਜਾਂਦੇ ਹਨ। ਇਸ ਦੀ ਇਕ ਮਿਸਾਲ ਹੈ ਰੋਮ ਸ਼ਹਿਰ ਵਿਚ ਸੇਂਟ ਪੀਟਰ ਦਾ ਚਰਚ।
ਧਾਰਮਿਕ ਇਮਾਰਤਾਂ ਉਨ੍ਹਾਂ ਲੋਕਾਂ ਦੇ ਦਿਲਾਂ ਵਿਚ ਖ਼ਾਸ ਜਗ੍ਹਾ ਰੱਖਦੀਆਂ ਹਨ ਜਿਹੜੇ ਲੋਕ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹਨ। ਬ੍ਰਾਜ਼ੀਲ ਤੋਂ ਮਰਿਯਾ ਨੇ ਕਿਹਾ ਕਿ “ਮੇਰੇ ਲਈ ਚਰਚ ਇਕ ਅਜਿਹੀ ਜਗ੍ਹਾ ਸੀ ਜਿੱਥੇ ਮੈਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਜ਼ਦੀਕ ਮਹਿਸੂਸ ਕਰਦੀ ਸੀ। ਇਹ ਇਕ ਪਵਿੱਤਰ ਜਗ੍ਹਾ ਸੀ। ਮੇਰਾ ਇਹ ਵਿਸ਼ਵਾਸ ਸੀ ਕਿ ਚਰਚ ਜਾਣ ਨਾਲ ਮੇਰੀ ਆਤਮਾ ਸ਼ੁੱਧ ਹੁੰਦੀ ਸੀ ਅਤੇ ਇਹ ਮੇਰੇ ਲਈ ਪਾਪ ਸੀ ਜੇ ਮੈਂ ਐਤਵਾਰ ਨੂੰ ਪ੍ਰਾਰਥਨਾ ਕਰਨ ਚਰਚ ਨਾ ਜਾਂਦੀ।” ਮੈਕਸੀਕੋ ਤੋਂ ਕੋਂਸੁਵੇਲੋ ਨੇ ਕਿਹਾ: “ਮੇਰੇ ਉੱਤੇ ਚਰਚ ਦਾ ਡੂੰਘਾ ਅਸਰ ਪਿਆ ਅਤੇ ਮੈਂ ਇਸ ਦੀ ਬਹੁਤ ਕਦਰ ਕਰਦਾ ਸੀ। ਜਦੋਂ ਮੈਂ ਉੱਥੇ ਜਾਂਦਾ ਸੀ, ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਸਵਰਗ ਵਿਚ ਹਾਂ।”
ਭਾਵੇਂ ਕਿ ਕੁਝ ਲੋਕਾਂ ਲਈ ਚਰਚ ਬਹੁਤ ਮਹੱਤਤਾ ਰੱਖਦਾ ਹੈ, ਪਰ ਦੂਸਰੇ ਲੋਕਾਂ ਦੇ ਖ਼ਿਆਲ ਵਿਚ ਭਗਤੀ ਕਰਨ ਲਈ ਅਜਿਹੀਆਂ ਇਮਾਰਤਾਂ ਦੀ ਲੋੜ ਨਹੀਂ ਹੈ। ਇੰਗਲੈਂਡ ਵਿਚ ਬਹੁਤ ਸਾਰੇ ਲੋਕ ਹੁਣ ਚਰਚ ਨਹੀਂ ਜਾਂਦੇ। ਇਸ ਬਾਰੇ ਗੱਲ ਕਰਦੇ ਹੋਏ ਇਕ ਕੈਥੋਲਿਕ ਪਾਦਰੀ ਨੇ ਕਿਹਾ ਕਿ ‘ਲੋਕ ਆਪਣੇ ਧਰਮ ਵਿੱਚੋਂ ਉਹੀ ਗੱਲਾਂ ਚੁਣਦੇ ਹਨ ਜੋ ਉਨ੍ਹਾਂ ਨੂੰ ਪਸੰਦ ਹਨ। ਕਈ ਸਿਆਣੇ ਲੋਕ ਕੈਥੋਲਿਕ ਹਨ ਜੋ ਆਪਣੀ ਨਿਹਚਾ ਦੇ ਅਨੁਸਾਰ ਚੱਲਦੇ ਹਨ, ਪਰ ਨੌਜਵਾਨਾਂ ਵਿਚਕਾਰ ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ।’ ਲੰਡਨ ਦੇ 20 ਨਵੰਬਰ 1998 ਦੇ ਡੇਲੀ ਟੈਲੀਗ੍ਰਾਫ਼ ਅਖ਼ਬਾਰ ਨੇ ਕਿਹਾ:
“ਸਾਲ 1979 ਤੋਂ ਲੈ ਕੇ ਹੁਣ ਤਕ ਇੰਗਲੈਂਡ ਵਿਚ ਕੁਝ 1,500 ਚਰਚ ਬੰਦ ਹੋ ਗਏ ਹਨ। ਇਸ ਦੀ ਤੁਲਨਾ ਵਿਚ ਸਿਰਫ਼ 495 ਨਵੇਂ ਚਰਚ ਖੋਲ੍ਹੇ ਗਏ ਹਨ ਅਤੇ 150 ਦੀ ਮੁਰੰਮਤ ਕੀਤੀ ਗਈ ਹੈ।”ਸਾਲ 1997 ਵਿਚ ਜਰਮਨੀ ਦੇ ਮਿਊਨਿਖ ਸ਼ਹਿਰ ਦੇ ਇਕ ਅਖ਼ਬਾਰ ਨੇ ਰਿਪੋਰਟ ਕੀਤਾ: “ਚਰਚਾਂ ਨੂੰ ਸਿਨਮਾ ਹਾਲਾਂ ਅਤੇ ਮਕਾਨਾਂ ਵਿਚ ਬਦਲਿਆ ਜਾ ਰਿਹਾ ਹੈ: ਈਸਾਈ ਹੁਣ ਚਰਚ ਨਹੀਂ ਜਾ ਰਹੇ ਅਤੇ ਧਾਰਮਿਕ ਸਥਾਨ ਹੋਰਨਾਂ ਕੰਮਾਂ ਲਈ ਵਰਤੇ ਜਾ ਰਹੇ ਹਨ . . . ਨੀਦਰਲੈਂਡਜ਼ ਜਾਂ ਇੰਗਲੈਂਡ ਦੇ ਇਹ ਹਾਲਾਤ ਹੁਣ ਜਰਮਨੀ ਵਿਚ ਵੀ ਆਮ ਹੋ ਰਹੇ ਹਨ।” ਇਸ ਨੇ ਅੱਗੇ ਕਿਹਾ: ‘ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਵਿਚ 30 ਜਾਂ 40 ਚਰਚਾਂ ਦੀ ਵਿੱਕਰੀ ਦੇਖੀ ਜਾ ਸਕਦੀ ਹੈ।’
ਕੀ ਪਰਮੇਸ਼ੁਰ ਦੀ ਭਗਤੀ ਕਰਨ ਲਈ ਸਾਨੂੰ ਧਾਰਮਿਕ ਇਮਾਰਤਾਂ ਦੀ ਲੋੜ ਹੈ? ਕੀ ਵੱਡੇ-ਵੱਡੇ ਤੇ ਸੁੰਦਰ ਚਰਚ ਬਣਾਉਣ ਦਾ ਬਾਈਬਲ ਵਿਚ ਕੋਈ ਨਮੂਨਾ ਦਿੱਤਾ ਗਿਆ ਹੈ? ਸੱਚੇ ਤੇ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਕਿਹੋ ਜਿਹੀਆਂ ਇਮਾਰਤਾਂ ਵਰਤੀਆਂ ਗਈਆਂ ਸਨ? ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ ਕਿ ਭਗਤੀ ਕਰਨ ਦੇ ਸਥਾਨ ਕਿਹੋ ਜਿਹੇ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਵਿਚ ਕੀ ਹੋਣਾ ਚਾਹੀਦਾ ਹੈ?