Skip to content

Skip to table of contents

ਚੰਗਾ ਚਾਲ-ਚਲਣ ਸਿਖਾਉਣ ਦੇ ਜਤਨ

ਚੰਗਾ ਚਾਲ-ਚਲਣ ਸਿਖਾਉਣ ਦੇ ਜਤਨ

ਚੰਗਾ ਚਾਲ-ਚਲਣ ਸਿਖਾਉਣ ਦੇ ਜਤਨ

ਸਾਲ 2001 ਦੇ ਅਖ਼ੀਰ ਵਿਚ ਰੇਡੀਓ ਮੋਜ਼ਾਮਬੀਕ ਤੋਂ ਲੋਕਾਂ ਨੇ ਇਹ ਖ਼ਬਰ ਸੁਣੀ:

“ਰਾਸ਼ਟਰਪਤੀ ਸ਼ੀਸਾਨੂੰ ਮੌਪੂਟੋ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੂੰ ਦੇਖਣ ਗਏ। ਉਨ੍ਹਾਂ ਨੇ ਇਸ ਧਾਰਮਿਕ ਸੰਸਥਾ ਨੂੰ ਉਤਸ਼ਾਹ ਦਿੱਤਾ ਕਿ ਉਹ ਪਰਿਵਾਰਾਂ ਨੂੰ ਚੰਗਾ ਚਾਲ-ਚਲਣ ਰੱਖਣਾ ਸਿਖਾਉਂਦੇ ਰਹਿਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਪੜ੍ਹਾਈ-ਲਿਖਾਈ ਦੇ ਪ੍ਰੋਗ੍ਰਾਮਾਂ ਰਾਹੀਂ ਸਿਆਣੇ ਲੋਕਾਂ ਨੂੰ ਵੀ ਸਿੱਖਿਆ ਦਿੰਦੇ ਰਹਿਣ। ਪਹਿਲਾਂ ਹੀ ਲਗਭਗ 10,000 ਲੋਕ ਇਨ੍ਹਾਂ ਪ੍ਰੋਗ੍ਰਾਮਾਂ ਤੋਂ ਕਾਫ਼ੀ ਲਾਭ ਲੈ ਚੁੱਕੇ ਹਨ। ਰਾਸ਼ਟਰਪਤੀ ਨੇ ਇਸ ਲੋਕ-ਸੇਵਾ ਦੀ ਪ੍ਰਸ਼ੰਸਾ ਕੀਤੀ ਕਿਉਂਕਿ ਇਨ੍ਹਾਂ ਜਤਨਾਂ ਕਾਰਨ ਇਸ ਮੁਲਕ ਦੇ ਲੋਕਾਂ ਨੂੰ ਪੜ੍ਹਾਈ-ਲਿਖਾਈ ਵਿਚ ਆਉਂਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਮਿਲਦੀ ਹੈ।”

ਇਸ ਖ਼ਬਰ ਵਿਚ ਰਾਸ਼ਟਰਪਤੀ ਦੇ ਇਹ ਵਿਚਾਰ ਵੀ ਦੱਸੇ ਗਏ: “ਸਾਨੂੰ ਇਹ ਦੇਖ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਪੜ੍ਹਾਈ-ਲਿਖਾਈ ਵਿਚ ਦਿਲਚਸਪੀ ਲੈ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਆਮ ਲੋਕ ਵੀ ਸਿੱਖਿਆ ਦੇਣ ਵਿਚ ਸਾਡੀ ਮਦਦ ਕਰ ਰਹੇ ਹਨ। ਇਸ ਲਈ, ਮੈਂ ਯਹੋਵਾਹ ਦੇ ਗਵਾਹਾਂ ਨੂੰ ਇਹੀ ਕਹਾਂਗਾ ਕਿ ਉਹ ਪੜ੍ਹਾਈ-ਲਿਖਾਈ ਦੇ ਪ੍ਰੋਗ੍ਰਾਮ ਜਾਰੀ ਰੱਖਣ, ਭਾਵੇਂ ਉਹ ਜਿਹੜੀ ਮਰਜ਼ੀ ਭਾਸ਼ਾ ਵਿਚ ਹੋਣ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਲੋਕ ਪੜ੍ਹ-ਲਿਖ ਜਾਣ, ਉਹ ਸੌਖੀ ਤਰ੍ਹਾਂ ਗੱਲਬਾਤ ਕਰ ਸਕਣ ਅਤੇ ਅਗਾਹਾਂ ਨੂੰ ਉਨ੍ਹਾਂ ਨੂੰ ਸਿੱਖਿਆ ਲੈਣ ਦੇ ਹੋਰ ਵੀ ਮੌਕੇ ਮਿਲਣ।”

ਮੋਜ਼ਾਮਬੀਕ ਵਿਚ ਯਹੋਵਾਹ ਦੇ ਗਵਾਹ 850 ਥਾਵਾਂ ਤੇ ਲੋਕਾਂ ਨੂੰ ਪੜ੍ਹਾਉਣ-ਲਿਖਾਉਣ ਲਈ ਕਲਾਸਾਂ ਲਾਉਂਦੇ ਹਨ ਤਾਂਕਿ ਲੋਕ ਖ਼ੁਦ ਬਾਈਬਲ ਪੜ੍ਹ ਸਕਣ। ਇਸ ਦੇ ਨਾਲ-ਨਾਲ ਉਹ ਹਰ ਹਫ਼ਤੇ ਲੋਕਾਂ ਦੇ ਘਰਾਂ ਵਿਚ 50,000 ਬਾਈਬਲ ਸਟੱਡੀਆਂ ਕਰਾਉਂਦੇ ਹਨ। ਇਹ ਦੁਨੀਆਂ ਭਰ ਦੇ ਲਗਭਗ 235 ਦੇਸ਼ਾਂ ਵਿਚ ਹੁਣ ਦਿੱਤੀ ਜਾਂਦੀ ਬਾਈਬਲ ਦੀ ਸਿੱਖਿਆ ਦੇ ਇੰਤਜ਼ਾਮ ਦਾ ਹਿੱਸਾ ਹੈ। (ਮੱਤੀ 24:14) ਤੁਸੀਂ ਵੀ ਇਸ ਇੰਤਜ਼ਾਮ ਤੋਂ ਫ਼ਾਇਦਾ ਉਠਾ ਸਕਦੇ ਹੋ। ਸਾਡੀ ਇੱਛਾ ਹੈ ਕਿ ਤੁਸੀਂ ਵੀ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਮਿਲੋ।