Skip to content

Skip to table of contents

‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ’

‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ’

ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”

‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ’

“ਤੁਸੀਂ ਸਾਡੀ ਗੱਲ ਸੁਣਨ ਅਤੇ ਸਾਡੇ ਨਾਲ ਬਾਈਬਲ ਤੋਂ ਹੌਸਲਾ-ਅਫ਼ਜ਼ਾਈ ਦੇ ਸ਼ਬਦ ਸਾਂਝੇ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹੋ।”—ਪੈਮਲਾ।

“ਤੁਸੀਂ ਸਾਡੇ ਸਾਰਿਆਂ ਲਈ ਇੰਨੀ ਮਿਹਨਤ ਕਰਦੇ ਹੋ ਜਿਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਡੀ ਮਦਦ ਨਾਲ ਸਾਡੀਆਂ ਜ਼ਿੰਦਗੀਆਂ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ।”—ਰੌਬਰਟ।

ਪੈਮਲਾ ਤੇ ਰੌਬਰਟ ਨੇ ਆਪੋ-ਆਪਣੀਆਂ ਕਲੀਸਿਯਾਵਾਂ ਦੇ ਬਜ਼ੁਰਗਾਂ ਨੂੰ ਇਵੇਂ ਪੱਤਰ ਲਿਖ ਕੇ ਉਨ੍ਹਾਂ ਦੀ ਦਿਲੋਂ ਕਦਰ ਕੀਤੀ। ਸੰਸਾਰ ਭਰ ਵਿਚ ਪਰਮੇਸ਼ੁਰ ਦੇ ਹੋਰ ਬਹੁਤ ਸਾਰੇ ਸੇਵਕ ਹਨ ਜੋ ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ’ ਵਾਲਿਆਂ ਤੋਂ ਮਿਲੇ ਸਹਾਰੇ ਲਈ ਬੜੇ ਸ਼ੁਕਰਗੁਜ਼ਾਰ ਹਨ। (1 ਪਤਰਸ 5:2) ਦਰਅਸਲ ਯਹੋਵਾਹ ਦੇ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਕਿ ਬਜ਼ੁਰਗ ਉਨ੍ਹਾਂ ਲਈ ਪਿਆਰ ਨਾਲ ਕਿੰਨਾ ਕੁਝ ਕਰਦੇ ਹਨ।

ਉਹ ‘ਪ੍ਰਭੁ ਦੇ ਕੰਮ ਵਿਚ ਮਿਹਨਤ’ ਕਰਦੇ ਹਨ

ਮਸੀਹੀ ਬਜ਼ੁਰਗਾਂ ਕੋਲ ਅਨੇਕ ਜ਼ਿੰਮੇਵਾਰੀਆਂ ਹੁੰਦੀਆਂ ਹਨ। (ਲੂਕਾ 12:48) ਉਹ ਕਲੀਸਿਯਾ ਦੀਆਂ ਸਭਾਵਾਂ ਲਈ ਭਾਸ਼ਣ ਤਿਆਰ ਕਰਦੇ ਹਨ ਤੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਉਨ੍ਹਾਂ ਨੂੰ ਮਿਲਣ ਵੀ ਜਾਂਦੇ ਹਨ। ਬਜ਼ੁਰਗ, ਸਿਆਣਿਆਂ ਅਤੇ ਦੂਜੇ ਲੋੜਵੰਦ ਭੈਣਾਂ-ਭਰਾਵਾਂ ਦੀਆਂ ਖ਼ਾਸ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਸਮਾਂ ਕੱਢਦੇ ਹਨ। ਉਹ ਇਹ ਸਭ ਕੁਝ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰਾਂ ਦੀਆਂ ਰੂਹਾਨੀ ਤੇ ਸਰੀਰਕ ਲੋੜਾਂ ਵੀ ਪੂਰੀਆਂ ਕਰਦੇ ਹਨ। (ਅੱਯੂਬ 29:12-15; 1 ਤਿਮੋਥਿਉਸ 3:4, 5; 5:8) ਕੁਝ ਬਜ਼ੁਰਗ ਨਵੇਂ ਕਿੰਗਡਮ ਹਾਲ ਬਣਾਉਣ ਵਿਚ ਹੱਥ ਵਟਾਉਂਦੇ ਹਨ। ਕੁਝ ਹਸਪਤਾਲ ਸੰਪਰਕ ਕਮੇਟੀਆਂ (Hospital Liaison Committees) ਵਿਚ ਸੇਵਾ ਕਰਦੇ ਹਨ ਜਾਂ ਉਹ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਮਿਲਣ ਲਈ (Patient Visitation Groups) ਨਿਯੁਕਤ ਕੀਤੇ ਜਾਂਦੇ ਹਨ। ਉਨ੍ਹਾਂ ਵਿੱਚੋਂ ਕਈ ਭਰਾ ਛੋਟੇ ਤੇ ਵੱਡੇ ਸੰਮੇਲਨਾਂ ਤੇ ਵਾਲੰਟੀਅਰਾਂ ਵਜੋਂ ਕੰਮ ਕਰਦੇ ਹਨ। ਅਸਲ ਵਿਚ, ਬਜ਼ੁਰਗ ‘ਪ੍ਰਭੁ ਦੇ ਕੰਮ ਵਿਚ ਬਹੁਤ ਮਿਹਨਤ’ ਕਰਦੇ ਹਨ। (1 ਕੁਰਿੰਥੀਆਂ 15:58) ਇਸ ਲਈ ਜਿਨ੍ਹਾਂ ਭੈਣਾਂ-ਭਰਾਵਾਂ ਦੀ ਦੇਖ-ਭਾਲ ਕੀਤੀ ਜਾਂਦੀ ਹੈ, ਉਹ ਮਿਹਨਤੀ ਬਜ਼ੁਰਗਾਂ ਦਾ ਬਹੁਤ ਆਦਰ ਕਰਦੇ ਹਨ!—1 ਥੱਸਲੁਨੀਕੀਆਂ 5:12, 13.

ਉਹ ਬਜ਼ੁਰਗ ਬਹੁਤ ਹੌਸਲਾ ਦਿੰਦੇ ਹਨ ਜੋ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਘਰਾਂ ਵਿਚ ਜਾਂ ਹੋਰ ਕਿਸੇ ਜਗ੍ਹਾ ਉਨ੍ਹਾਂ ਨੂੰ ਮਿਲਣ ਲਈ ਬਾਕਾਇਦਾ ਜਾਂਦੇ ਹਨ। ਘਰ ਵਿਚ ਪਿਤਾ ਦੇ ਸਹਾਰੇ ਤੋਂ ਬਿਨਾਂ ਵੱਡੇ ਹੋਏ ਟੋਮਸ ਨੇ ਕਿਹਾ: “ਜੇ ਬਜ਼ੁਰਗਾਂ ਨੇ ਮੈਨੂੰ ਸਹਾਰਾ ਤੇ ਹੌਸਲਾ ਨਾ ਦਿੱਤਾ ਹੁੰਦਾ, ਤਾਂ ਅੱਜ ਮੈਂ ਪੂਰੇ ਸਮੇਂ ਦੇ ਸੇਵਕ ਵਜੋਂ ਯਹੋਵਾਹ ਦੀ ਸੇਵਾ ਨਾ ਕਰ ਰਿਹਾ ਹੁੰਦਾ।” ਕਈ ਨੌਜਵਾਨਾਂ ਦਾ ਪਾਲਣ-ਪੋਸ਼ਣ ਇਕੱਲੀਆਂ ਮਾਵਾਂ ਜਾਂ ਇਕੱਲੇ ਪਿਤਾਵਾਂ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵੱਲੋਂ ਮਿਲੀ ਹੱਲਾ-ਸ਼ੇਰੀ ਕਰਕੇ ਹੀ ਉਹ ਰੱਬ ਦੀ ਭਗਤੀ ਕਰਦੇ ਰਹੇ ਹਨ।

ਕਲੀਸਿਯਾ ਵਿਚ ਸਿਆਣੇ ਭੈਣ-ਭਰਾ ਵੀ ਬਜ਼ੁਰਗਾਂ ਦੀ ਬਹੁਤ ਕਦਰ ਕਰਦੇ ਹਨ ਜਦੋਂ ਬਜ਼ੁਰਗ ਉਨ੍ਹਾਂ ਨੂੰ ਮਿਲਣ ਜਾਂਦੇ ਹਨ। ਅੱਸੀਆਂ-ਪੱਚਾਸੀਆਂ ਸਾਲਾਂ ਦੇ ਇਕ ਮਿਸ਼ਨਰੀ ਪਤੀ-ਪਤਨੀ ਨੂੰ ਜਦੋਂ ਦੋ ਬਜ਼ੁਰਗ ਮਿਲਣ ਗਏ, ਤਾਂ ਬਾਅਦ ਵਿਚ ਉਨ੍ਹਾਂ ਨੇ ਪੱਤਰ ਲਿੱਖਦਿਆਂ ਕਿਹਾ: “ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਮਿਲਣ ਆਏ। ਤੁਹਾਡੇ ਜਾਣ ਤੋਂ ਬਾਅਦ, ਅਸੀਂ ਉਨ੍ਹਾਂ ਹਵਾਲਿਆਂ ਨੂੰ ਵਾਰ-ਵਾਰ ਪੜ੍ਹਿਆ ਜੋ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਸਨ। ਅਸੀਂ ਤੁਹਾਡੇ ਹੌਸਲਾ-ਅਫ਼ਜ਼ਾਈ ਦੇ ਸ਼ਬਦਾਂ ਨੂੰ ਕਦੇ ਨਹੀਂ ਭੁੱਲਾਂਗੇ।” ਇਕ 70 ਸਾਲ ਦੀ ਵਿਧਵਾ ਨੇ ਬਜ਼ੁਰਗਾਂ ਨੂੰ ਲਿਖਿਆ: “ਮੈਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਨੇ ਤੁਹਾਨੂੰ ਦੋਹਾਂ ਭਰਾਵਾਂ ਨੂੰ ਮੇਰੇ ਘਰ ਭੇਜਿਆ। ਮੇਰੇ ਘਰ ਤੁਹਾਡਾ ਆਉਣਾ ਯਹੋਵਾਹ ਵੱਲੋਂ ਇਕ ਬਰਕਤ ਸੀ!” ਕੀ ਤੁਹਾਡੀ ਕਲੀਸਿਯਾ ਦੇ ਬਜ਼ੁਰਗ ਵੀ ਤੁਹਾਨੂੰ ਹਾਲ ਹੀ ਵਿਚ ਮਿਲਣ ਲਈ ਆਏ ਸਨ? ਕੀ ਤੁਹਾਨੂੰ ਉਨ੍ਹਾਂ ਦੇ ਸ਼ਬਦਾਂ ਤੋਂ ਹੌਸਲਾ ਮਿਲਿਆ ਹੈ? ਅਸੀਂ ਸਾਰੇ ਉਨ੍ਹਾਂ ਦੀ ਕਦਰ ਕਰਦੇ ਹਾਂ ਕਿ ਉਹ ਝੁੰਡ ਦੀ ਦੇਖ-ਭਾਲ ਕਰਨ ਵਿਚ ਕਿੰਨੀ ਮਿਹਨਤ ਕਰਦੇ ਹਨ!

ਪਰਮੇਸ਼ੁਰ ਤੇ ਮਸੀਹ ਦੀ ਰੀਸ ਕਰਨ ਵਾਲੇ ਅਯਾਲੀ

ਯਹੋਵਾਹ ਪਿਆਰ ਕਰਨ ਵਾਲਾ ਅਯਾਲੀ ਹੈ। (ਜ਼ਬੂਰਾਂ ਦੀ ਪੋਥੀ 23:1-4; ਯਿਰਮਿਯਾਹ 31:10; 1 ਪਤਰਸ 2:25) ਯਿਸੂ ਮਸੀਹ ਵੀ ਇਕ ਮਹਾਨ ਅਯਾਲੀ ਹੈ ਜੋ ਸਾਡੀਆਂ ਰੂਹਾਨੀ ਲੋੜਾਂ ਪੂਰੀਆਂ ਕਰਦਾ ਹੈ। ਅਸਲ ਵਿਚ, ਉਸ ਨੂੰ “ਅੱਛਾ ਅਯਾਲੀ,” ‘ਵੱਡਾ ਅਯਾਲੀ’ ਤੇ “ਸਰਦਾਰ ਅਯਾਲੀ” ਕਿਹਾ ਗਿਆ ਹੈ। (ਯੂਹੰਨਾ 10:11; ਇਬਰਾਨੀਆਂ 13:20; 1 ਪਤਰਸ 5:4) ਯਿਸੂ ਨੇ ਉਨ੍ਹਾਂ ਲੋਕਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ ਜੋ ਉਸ ਦੇ ਚੇਲੇ ਬਣਨਾ ਚਾਹੁੰਦੇ ਸਨ? ਉਸ ਨੇ ਉਨ੍ਹਾਂ ਨੂੰ ਬੜੇ ਪਿਆਰ ਨਾਲ ਸੱਦਾ ਦਿੱਤਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28.

ਇਸੇ ਤਰ੍ਹਾਂ, ਬਜ਼ੁਰਗ ਵੀ ਝੁੰਡ ਨੂੰ ਤਾਜ਼ਗੀ ਦੇਣ ਤੇ ਉਨ੍ਹਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਮਨੁੱਖ ‘ਪੌਣ ਤੋਂ ਲੁੱਕਣ ਦੇ ਥਾਂ ਜਿਹੇ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ ਤੇ ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ ਹੁੰਦੇ ਹਨ।’ (ਯਸਾਯਾਹ 32:2) ਰੱਖਿਆ ਕਰਨ ਵਾਲੇ ਅਜਿਹੇ ਦਿਆਲੂ ਭਰਾ ਝੁੰਡ ਤੋਂ ਆਦਰ ਪਾਉਂਦੇ ਹਨ ਤੇ ਉਨ੍ਹਾਂ ਉੱਤੇ ਪਰਮੇਸ਼ੁਰ ਦੀ ਕਿਰਪਾ ਹੁੰਦੀ ਹੈ।—ਫ਼ਿਲਿੱਪੀਆਂ 2:29; 1 ਤਿਮੋਥਿਉਸ 5:17.

ਪਤਨੀਆਂ ਦਾ ਬਹੁਮੁੱਲਾ ਸਾਥ

ਪਰਮੇਸ਼ੁਰ ਦੇ ਲੋਕ ਮਸੀਹੀ ਬਜ਼ੁਰਗਾਂ ਦੇ ਸਹਾਰੇ ਦੀ ਕਦਰ ਕਰਦੇ ਹਨ। ਉਹ ਇਸ ਗੱਲ ਦੀ ਵੀ ਕਦਰ ਕਰਦੇ ਹਨ ਕਿ ਉਨ੍ਹਾਂ ਦੀਆਂ ਪਤਨੀਆਂ ਬੜੇ ਪ੍ਰੇਮ ਨਾਲ ਉਨ੍ਹਾਂ ਦਾ ਸਾਥ ਦਿੰਦੀਆਂ ਹਨ। ਸਾਥ ਦੇਣ ਲਈ ਅਜਿਹੀਆਂ ਔਰਤਾਂ ਨੂੰ ਅਕਸਰ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਕਦੇ-ਕਦੇ ਉਹ ਘਰ ਬੈਠੀਆਂ ਹੁੰਦੀਆਂ ਹਨ ਜਦੋਂ ਉਨ੍ਹਾਂ ਦੇ ਪਤੀ ਕਲੀਸਿਯਾ ਦੇ ਮਾਮਲਿਆਂ ਵਿਚ ਰੁੱਝੇ ਹੁੰਦੇ ਹਨ ਜਾਂ ਉਹ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਲਈ ਉਨ੍ਹਾਂ ਨੂੰ ਮਿਲਣ ਗਏ ਹੁੰਦੇ ਹਨ। ਕਦੇ-ਕਦੇ ਉਨ੍ਹਾਂ ਨੂੰ ਆਪਣਾ ਪ੍ਰੋਗ੍ਰਾਮ ਵੀ ਬਦਲਣਾ ਪੈਂਦਾ ਹੈ ਜਦੋਂ ਕਲੀਸਿਯਾ ਵਿਚ ਕੋਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਮਿਸ਼ੈਲ ਨੇ ਕਿਹਾ ਕਿ “ਜਦੋਂ ਮੈਂ ਇਹ ਦੇਖਦੀ ਹਾਂ ਕਿ ਮੇਰਾ ਪਤੀ ਸਭਾਵਾਂ ਲਈ ਤਿਆਰੀ ਕਰਦਿਆਂ ਜਾਂ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦਿਆਂ ਕਿੰਨਾ ਸਮਾਂ ਲਾਉਂਦਾ ਹੈ, ਤਾਂ ਮੈਂ ਇਹ ਚੇਤੇ ਰੱਖਦੀ ਹਾਂ ਕਿ ਉਹ ਯਹੋਵਾਹ ਦੇ ਕੰਮ ਵਿਚ ਰੁੱਝਾ ਹੋਇਆ ਹੈ ਤੇ ਮੈਂ ਉਸ ਨੂੰ ਜਿੰਨਾ ਵੀ ਸਾਥ ਦੇ ਸਕਦੀ ਹਾਂ ਦਿੰਦੀ ਹੈ।”

ਇਕ ਬਜ਼ੁਰਗ ਨਾਲ ਵਿਆਹੀ ਹੋਈ ਸ਼ੈਰਲ ਨਾਂ ਦੀ ਭੈਣ ਨੇ ਕਿਹਾ: “ਮੈਂ ਜਾਣਦੀ ਹਾਂ ਕਿ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੂੰ ਬਜ਼ੁਰਗਾਂ ਨਾਲ ਗੱਲਾਂ ਕਰਨ ਦੀ ਜ਼ਰੂਰਤ ਪੈਂਦੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਜਦੋਂ ਵੀ ਉਨ੍ਹਾਂ ਨੂੰ ਜ਼ਰੂਰਤ ਹੋਵੇ ਉਹ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਕੋਲ ਕਿਸੇ ਵੇਲੇ ਵੀ ਜਾ ਸਕਦੇ ਹਨ।” ਮਿਸ਼ੈਲ ਤੇ ਸ਼ੈਰਲ ਵਰਗੀਆਂ ਸਾਥ ਦੇਣ ਵਾਲੀਆਂ ਪਤਨੀਆਂ ਖਿੜ੍ਹੇ-ਮੱਥੇ ਕੁਰਬਾਨੀਆਂ ਕਰਦੀਆਂ ਹਨ ਤਾਂਕਿ ਉਨ੍ਹਾਂ ਦੇ ਪਤੀ ਪਰਮੇਸ਼ੁਰ ਦੇ ਝੁੰਡ ਦੀ ਦੇਖ-ਭਾਲ ਕਰ ਸਕਣ। ਉਨ੍ਹਾਂ ਦੇ ਇਸ ਸਾਥ ਲਈ ਬਜ਼ੁਰਗਾਂ ਦੀਆਂ ਪਤਨੀਆਂ ਦੀ ਬੜੀ ਕਦਰ ਕੀਤੀ ਜਾਂਦੀ ਹੈ।

ਪਰ ਇਕ ਮਿਹਨਤੀ ਬਜ਼ੁਰਗ ਨੂੰ ਆਪਣੀ ਪਤਨੀ ਤੇ ਬੱਚਿਆਂ ਦੀਆਂ ਰੂਹਾਨੀ ਤੇ ਦੂਸਰੀਆਂ ਲੋੜਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਕ ਵਿਆਹੇ ਬਜ਼ੁਰਗ ਨੂੰ ‘ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਣਾ ਚਾਹੀਦਾ ਹੈ ਜਿਹ ਦੇ ਬਾਲਕ ਨਿਹਚਾਵਾਨ ਹੋਣ ਅਤੇ ਜਿਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਾ ਹੋਵੇ ਅਤੇ ਜੋ ਢੀਠ ਨਾ ਹੋਣ।’ (ਤੀਤੁਸ 1:6) ਉਸ ਨੂੰ ਬਾਈਬਲ ਵਿਚ ਮਸੀਹੀ ਨਿਗਾਹਬਾਨਾਂ ਲਈ ਦੱਸੀਆਂ ਗੱਲਾਂ ਦੇ ਅਨੁਸਾਰ ਆਪਣੇ ਪਰਿਵਾਰ ਦੀ ਵੀ ਦੇਖ-ਭਾਲ ਕਰਨੀ ਚਾਹੀਦੀ ਹੈ।—1 ਤਿਮੋਥਿਉਸ 3:1-7.

ਇਕ ਮਿਹਨਤੀ ਬਜ਼ੁਰਗ ਦੀਆਂ ਨਜ਼ਰਾਂ ਵਿਚ ਸਾਥ ਦੇਣ ਵਾਲੀ ਪਤਨੀ ਅਨਮੋਲ ਹੁੰਦੀ ਹੈ! ਸਮਝਦਾਰ ਵਿਆਹੁਤਾ ਬਜ਼ੁਰਗਾਂ ਦਾ ਇਹੀ ਵਿਚਾਰ ਹੈ। ਬਾਈਬਲ ਵਿਚ ਇਹ ਗੱਲ ਲਿਖੀ ਗਈ ਹੈ ਕਿ “ਜਿਹ ਨੂੰ ਵਹੁਟੀ ਲੱਭੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ।” (ਕਹਾਉਤਾਂ 18:22) ਅਜਿਹੇ ਬਜ਼ੁਰਗਾਂ ਦੇ ਕੰਮਾਂ ਤੇ ਬੋਲ-ਚਾਲ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀਆਂ ਪਤਨੀਆਂ ਦੀ ਦਿਲੋਂ ਕਦਰ ਕਰਦੇ ਹਨ। ਇਹ ਵਿਆਹੁਤਾ ਮਸੀਹੀ ਜੋੜੇ ਇਕੱਠੇ ਮਿਲ ਕੇ ਨਾ ਸਿਰਫ਼ ਪ੍ਰਾਰਥਨਾ ਤੇ ਸਟੱਡੀ ਹੀ ਕਰਦੇ ਹਨ, ਸਗੋਂ ਉਹ ਇਕੱਠੇ ਸੈਰ-ਸਪਾਟਿਆਂ ਲਈ ਵੀ ਸਮਾਂ ਕੱਢਦੇ ਹਨ। ਕਈ ਦੇਸ਼ਾਂ ਵਿਚ ਉਹ ਸਮੁੰਦਰ ਦੇ ਕਿਨਾਰਿਆਂ ਜਾਂ ਪਾਰਕਾਂ ਵਿਚ ਤੁਰਨ-ਫਿਰਨ ਜਾਂਦੇ ਹਨ। ਜੀ ਹਾਂ, ਬਜ਼ੁਰਗ ਪਿਆਰ ਅਤੇ ਖ਼ੁਸ਼ੀ ਨਾਲ ਆਪਣੀਆਂ ਪਤਨੀਆਂ ਦਾ ਧਿਆਨ ਰੱਖਦੇ ਹਨ।—1 ਪਤਰਸ 3:7.

ਜਿਹੜੇ ਬਜ਼ੁਰਗ ਬਿਨਾਂ ਕਿਸੇ ਸੁਆਰਥ ਦੇ ਪਰਮੇਸ਼ੁਰ ਦੇ ਝੁੰਡ ਦੀ ਦੇਖ-ਭਾਲ ਕਰਦੇ ਹਨ, ਉਹ ਯਹੋਵਾਹ ਦੇ ਲੋਕਾਂ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਕਰਦੇ ਹਨ। ਉਹ ਸੱਚ-ਮੁੱਚ ‘ਮਨੁੱਖਾਂ ਵਿਚ ਦਾਨ’ ਹਨ ਯਾਨੀ ਉਹ ਕਲੀਸਿਯਾ ਲਈ ਇਕ ਬਰਕਤ ਹੁੰਦੇ ਹਨ!—ਅਫ਼ਸੀਆਂ 4:8, 11-13.