Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਪਰਮੇਸ਼ੁਰ ਅੱਗੇ ਸੁੱਖੀਆਂ ਸੁੱਖਣਾਂ ਜਾਂ ਕੀਤੇ ਵਾਅਦੇ ਹਮੇਸ਼ਾ ਪੂਰੇ ਕਰਨੇ ਜ਼ਰੂਰੀ ਹਨ?

ਬਾਈਬਲ ਵਿਚ ਪਰਮੇਸ਼ੁਰ ਨਾਲ ਕੀਤੇ ਗਏ ਇਕ ਵਾਅਦੇ ਜਾਂ ਸੌਂਹ ਨੂੰ ਸੁੱਖਣਾ ਕਿਹਾ ਗਿਆ ਹੈ। ਇਸ ਸੁੱਖਣਾ ਨੂੰ ਪੂਰੀ ਕਰਨ ਲਈ ਕੋਈ ਕੰਮ ਪੂਰਾ ਕੀਤਾ ਜਾਂਦਾ ਹੈ, ਕੋਈ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ, ਕੋਈ ਖ਼ਾਸ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਜਾਂ ਕੋਈ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਕਈ ਵਾਰ ਲੋਕ ਕੁਝ ਚੀਜ਼ਾਂ ਤੋਂ ਪਰਹੇਜ਼ ਕਰਦੇ ਹਨ ਭਾਵੇਂ ਕਿ ਉਹ ਗ਼ਲਤ ਨਾ ਵੀ ਹੋਣ। ਬਾਈਬਲ ਵਿਚ ਅਜਿਹੀਆਂ ਸੁੱਖਣਾਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਕੋਈ ਸ਼ਰਤ ਜਾਂ ਵਾਅਦਾ ਸ਼ਾਮਲ ਹੁੰਦਾ ਸੀ। ਜੇ ਪਰਮੇਸ਼ੁਰ ਕਿਸੇ ਦੇ ਮਨ ਦੀ ਇੱਛਾ ਪੂਰੀ ਕਰ ਦਿੰਦਾ ਸੀ, ਤਾਂ ਉਹ ਵਿਅਕਤੀ ਆਪਣੀ ਸੁੱਖੀ ਹੋਈ ਸੁੱਖਣਾ ਪੂਰੀ ਕਰਦਾ ਸੀ। ਮਿਸਾਲ ਲਈ, ਸਮੂਏਲ ਦੀ ਮਾਤਾ ਹੰਨਾਹ ਬਾਰੇ ਕਿਹਾ ਗਿਆ ਹੈ ਕਿ “ਉਹ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸੈਨਾਂ ਦੇ ਯਹੋਵਾਹ, ਜੇ ਤੂੰ . . . ਆਪਣੀ ਟਹਿਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ।” (1 ਸਮੂਏਲ 1:11) ਬਾਈਬਲ ਉਨ੍ਹਾਂ ਸੁੱਖੀਆਂ ਸੁੱਖਣਾਂ ਬਾਰੇ ਵੀ ਜ਼ਿਕਰ ਕਰਦੀ ਹੈ ਜੋ ਆਪਣੀ ਮਰਜ਼ੀ ਨਾਲ ਸੁੱਖੀਆਂ ਜਾਂਦੀਆਂ ਸਨ। ਪਰਮੇਸ਼ੁਰ ਅੱਗੇ ਸੁੱਖੀਆਂ ਸੁਖਣਾਂ ਪੂਰੀਆਂ ਕਰਨੀਆਂ ਕਿੰਨੀਆਂ ਕੁ ਲਾਜ਼ਮੀ ਹਨ?

ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਕਿਹਾ ਕਿ “ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇਂ ਤਾਂ ਉਹ ਦੇ ਦੇਣ ਵਿੱਚ ਢਿੱਲ ਨਾ” ਲਾਈਂ। ਉਸ ਨੇ ਅੱਗੇ ਕਿਹਾ: “ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ। ਤੇਰੇ ਸੁੱਖਣਾ ਸੁੱਖ ਕੇ ਨਾ ਦੇਣ ਨਾਲੋਂ, ਨਾ ਹੀ ਸੁੱਖਣਾ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 5:4, 5) ਮੂਸਾ ਦੁਆਰਾ ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਵਿਚ ਦੱਸਿਆ ਗਿਆ ਹੈ ਕਿ “ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁੱਖਨਾ ਸੁੱਖੇਂ ਤਾਂ ਉਸ ਦੇ ਪੂਰਾ ਕਰਨ ਵਿੱਚ ਢਿੱਲ ਨਾ ਪੈਣ ਦੇਵੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੈਥੋਂ ਜ਼ਰੂਰ ਪੂਰਾ ਪੂਰਾ ਲਵੇਗਾ ਅਤੇ ਉਹ ਢਿੱਲ ਤੇਰੇ ਲਈ ਪਾਪ ਹੋਵੇਗੀ।” (ਬਿਵਸਥਾ ਸਾਰ 23:21) ਇੱਥੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਜਦ ਅਸੀਂ ਪਰਮੇਸ਼ੁਰ ਅੱਗੇ ਸੁੱਖਣਾ ਸੁੱਖਦੇ ਹਾਂ, ਤਾਂ ਇਹ ਮਾਮੂਲੀ ਗੱਲ ਨਹੀਂ ਸਮਝੀ ਜਾਣੀ ਚਾਹੀਦੀ। ਸੁੱਖਣਾ ਸੁੱਖਣ ਦਾ ਕੋਈ ਕਾਰਨ ਵੀ ਹੋਣਾ ਚਾਹੀਦਾ ਹੈ, ਨਾਲੇ ਤੁਹਾਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਪ੍ਰਤਿੱਗਿਆ ਪੂਰੀ ਕਰ ਸਕਦੇ ਹੋ। ਨਹੀਂ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਅਜਿਹਾ ਵਾਅਦਾ ਨਾ ਹੀ ਕਰੋ। ਸੁੱਖਣਾ ਸੁੱਖੀ ਜਾਣ ਤੋਂ ਬਾਅਦ ਕੀ ਉਹ ਟਾਲ਼ੀ ਵੀ ਜਾ ਸਕਦੀ ਹੈ?

ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਸੁੱਖੀ ਗਈ ਕਿਸੇ ਸੁੱਖਣਾ ਬਾਰੇ ਤੁਹਾਨੂੰ ਬਾਅਦ ਵਿਚ ਪਤਾ ਚੱਲਦਾ ਹੈ ਕਿ ਉਹ ਪਰਮੇਸ਼ੁਰ ਦੀ ਇੱਛਾ ਅਨੁਸਾਰ ਨਹੀਂ ਹੈ? ਫ਼ਰਜ਼ ਕਰੋ ਕਿ ਜੇ ਇਹ ਸੁੱਖਣਾ ਸੱਚੀ ਉਪਾਸਨਾ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਅਨੈਤਿਕਤਾ ਨੂੰ ਮਿਲਾਉਂਦੀ ਹੈ, ਤਾਂ ਤੁਸੀਂ ਕੀ ਕਰੋਗੇ? (ਬਿਵਸਥਾ ਸਾਰ 23:18) ਇਹ ਤਾਂ ਸਪੱਸ਼ਟ ਹੈ ਕਿ ਤੁਹਾਨੂੰ ਅਜਿਹੀ ਸੁੱਖਣਾ ਪੂਰੀ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ, ਮੂਸਾ ਦੀ ਬਿਵਸਥਾ ਅਨੁਸਾਰ ਇਕ ਔਰਤ ਦਾ ਪਿਤਾ ਜਾਂ ਉਸ ਦਾ ਪਤੀ ਉਸ ਦੁਆਰਾ ਸੁੱਖੀ ਸੁੱਖਣਾ ਨੂੰ ਤੋੜ ਸਕਦਾ ਸੀ।—ਗਿਣਤੀ 30:3-15.

ਉਸ ਵਿਅਕਤੀ ਉੱਤੇ ਵੀ ਵਿਚਾਰ ਕਰੋ ਜਿਸ ਨੇ ਪਰਮੇਸ਼ੁਰ ਅੱਗੇ ਸੌਂਹ ਖਾਧੀ ਹੋਵੇ ਕਿ ਉਸ ਨੇ ਵਿਆਹ ਨਹੀਂ ਕਰਾਉਣਾ। ਪਰ ਹੁਣ ਉਹ ਇੰਨੀ ਦੁਬਿਧਾ ਵਿਚ ਪਿਆ ਹੋਇਆ ਹੈ ਕਿ ਉਸ ਨੂੰ ਆਪਣੀ ਸੌਂਹ ਪੂਰੀ ਕਰਨੀ ਮੁਸ਼ਕਲ ਲੱਗ ਰਹੀ ਹੈ। ਉਸ ਨੂੰ ਡਰ ਹੈ ਕਿ ਉਹ ਪਰਮੇਸ਼ੁਰ ਦੇ ਨੈਤਿਕ ਅਸੂਲ ਤੋੜ ਕੇ ਪਾਪ ਕਰ ਬੈਠੇਗਾ। ਕੀ ਉਸ ਨੂੰ ਫਿਰ ਵੀ ਇਹ ਵਾਅਦਾ ਪੂਰਾ ਕਰਨਾ ਚਾਹੀਦਾ ਹੈ? ਕੀ ਇਸ ਵਿਚ ਉਸ ਦਾ ਭਲਾ ਨਹੀਂ ਹੋਵੇਗਾ ਕਿ ਉਹ ਇਸ ਸੌਂਹ ਨੂੰ ਭੁੱਲ ਜਾਵੇ ਤੇ ਪਰਮੇਸ਼ੁਰ ਤੋਂ ਮਾਫ਼ੀ ਮੰਗ ਕੇ ਉਸ ਦੀ ਕਿਰਪਾ ਪਾਵੇ ਤੇ ਆਪਣੇ ਆਪ ਨੂੰ ਕਿਸੇ ਗ਼ਲਤੀ ਤੋਂ ਬਚਾ ਲਵੇ? ਇਸ ਮਾਮਲੇ ਵਿਚ ਹੋਰ ਕੋਈ ਇਨਸਾਨ ਨਹੀਂ, ਪਰ ਸਿਰਫ਼ ਉਹੀ ਆਪਣਾ ਫ਼ੈਸਲਾ ਕਰ ਸਕਦਾ ਹੈ।

ਪਰ ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਇਕ ਵਿਅਕਤੀ ਨੇ ਕਾਹਲੀ-ਕਾਹਲੀ ਸੁੱਖਣਾ ਸੁੱਖ ਲਈ ਹੋਵੇ, ਪਰ ਹੁਣ ਉਸ ਲਈ ਇਹ ਪੂਰੀ ਕਰਨੀ ਔਖੀ ਲੱਗਦੀ ਹੈ? ਕੀ ਉਸ ਨੂੰ ਫਿਰ ਵੀ ਆਪਣੀ ਇਹ ਸੁੱਖਣਾ ਪੂਰੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਯਿਫ਼ਤਾਹ ਲਈ ਪਰਮੇਸ਼ੁਰ ਅੱਗੇ ਆਪਣੀ ਸੁੱਖਣਾ ਪੂਰੀ ਕਰਨੀ ਸੌਖੀ ਨਹੀਂ ਸੀ, ਪਰ ਫਿਰ ਵੀ ਉਸ ਨੇ ਈਮਾਨਦਾਰੀ ਨਾਲ ਇਹ ਪੂਰੀ ਕੀਤੀ। (ਨਿਆਈਆਂ 11:30-40) ਜੇਕਰ ਇਕ ਵਿਅਕਤੀ ਆਪਣੀ ਸੁੱਖੀ ਹੋਈ ਸੁੱਖਣਾ ਪੂਰੀ ਨਹੀਂ ਕਰਦਾ, ਤਾਂ ਪਰਮੇਸ਼ੁਰ ਉਸ ਨਾਲ “ਕੋਪਵਾਨ” ਯਾਨੀ ਕ੍ਰੋਧਵਾਨ ਹੋ ਸਕਦਾ ਹੈ ਤੇ ਉਸ ਦੇ ਹੱਥਾਂ ਦਾ ਕੰਮ ਬਰਬਾਦ ਕਰ ਸਕਦਾ ਹੈ। (ਉਪਦੇਸ਼ਕ ਦੀ ਪੋਥੀ 5:6) ਜੇ ਅਸੀਂ ਆਪਣੀ ਸੁੱਖੀ ਹੋਈ ਸੁੱਖਣਾ ਵੱਲ ਚੰਗੀ ਤਰ੍ਹਾਂ ਧਿਆਨ ਨਾ ਦੇਈਏ, ਤਾਂ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੇਗੀ।

ਯਿਸੂ ਮਸੀਹ ਨੇ ਕਿਹਾ ਸੀ: “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਅਰ ਜੋ ਇਨ੍ਹਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ।” (ਮੱਤੀ 5:37) ਇਕ ਮਸੀਹੀ ਨੂੰ ਪਰਮੇਸ਼ੁਰ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਨ ਤੋਂ ਇਲਾਵਾ, ਉਸ ਨੂੰ ਪਰਮੇਸ਼ੁਰ ਅਤੇ ਇਨਸਾਨਾਂ ਦੋਹਾਂ ਪ੍ਰਤੀ ਆਪਣੀ ਸਾਰੀ ਬੋਲ-ਬਾਣੀ ਵਿਚ ਭਰੋਸੇਯੋਗ ਸਾਬਤ ਹੋਣਾ ਚਾਹੀਦਾ ਹੈ। ਪਰ ਉਦੋਂ ਕੀ ਹੋਣਾ ਚਾਹੀਦਾ ਹੈ ਜਦੋਂ ਇਕ ਵਿਅਕਤੀ ਕਿਸੇ ਨਾਲ ਕੋਈ ਇਕਰਾਰਨਾਮਾ ਕਰ ਲੈਂਦਾ ਹੈ ਤੇ ਬਾਅਦ ਵਿਚ ਚੰਗੀ ਤਰ੍ਹਾਂ ਜਾਂਚ ਕਰਨ ਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਮੂਰਖਤਾ ਹੀ ਸੀ? ਉਸ ਨੂੰ ਇਹ ਗੱਲ ਮਾਮੂਲੀ ਨਹੀਂ ਸਮਝਣੀ ਚਾਹੀਦੀ। ਪਰ ਖੁੱਲ੍ਹੀ ਚਰਚਾ ਕਰਨ ਤੋਂ ਬਾਅਦ ਹੋ ਸਕਦਾ ਹੈ ਕਿ ਦੂਜਾ ਵਿਅਕਤੀ ਉਸ ਨੂੰ ਉਸ ਦੇ ਫ਼ਰਜ਼ ਤੋਂ ਮੁਕਤ ਕਰ ਦੇਵੇ।—ਜ਼ਬੂਰਾਂ ਦੀ ਪੋਥੀ 15:4; ਕਹਾਉਤਾਂ 6:2, 3.

ਸੁੱਖਣਾਂ ਸੁੱਖਣ ਅਤੇ ਦੂਜੀਆਂ ਸਾਰੀਆਂ ਗੱਲਾਂ ਦੇ ਸੰਬੰਧ ਵਿਚ, ਸਾਡੇ ਮਨ ਵਿਚ ਕਿਹੜੀ ਗੱਲ ਸਭ ਤੋਂ ਜ਼ਰੂਰੀ ਹੋਣੀ ਚਾਹੀਦੀ ਹੈ? ਸਾਨੂੰ ਹਮੇਸ਼ਾ ਯਹੋਵਾਹ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ।

[ਸਫ਼ੇ 30, 31 ਉੱਤੇ ਤਸਵੀਰਾਂ]

ਹੰਨਾਹ ਆਪਣੀ ਸੁੱਖੀ ਹੋਈ ਸੁੱਖਣਾ ਪੂਰੀ ਕਰਨ ਤੋਂ ਪਿੱਛੇ ਨਹੀਂ ਹਟੀ

[ਸਫ਼ੇ 30, 31 ਉੱਤੇ ਤਸਵੀਰਾਂ]

ਭਾਵੇਂ ਕਿ ਯਿਫ਼ਤਾਹ ਲਈ ਆਪਣੀ ਸੁੱਖੀ ਹੋਈ ਸੁੱਖਣਾ ਪੂਰੀ ਕਰਨੀ ਔਖੀ ਸੀ, ਫਿਰ ਵੀ ਉਸ ਨੇ ਪੂਰੀ ਕੀਤੀ