Skip to content

Skip to table of contents

ਮਸੀਹੀਆਂ ਨੂੰ ਇਕ-ਦੂਜੇ ਦੀ ਲੋੜ ਹੈ

ਮਸੀਹੀਆਂ ਨੂੰ ਇਕ-ਦੂਜੇ ਦੀ ਲੋੜ ਹੈ

ਮਸੀਹੀਆਂ ਨੂੰ ਇਕ-ਦੂਜੇ ਦੀ ਲੋੜ ਹੈ

“ਅਸੀਂ ਇੱਕ ਦੂਏ ਦੇ ਅੰਗ ਹਾਂ।”—ਅਫ਼ਸੀਆਂ 4:25.

1. ਮਨੁੱਖੀ ਸਰੀਰ ਬਾਰੇ ਇਕ ਐਨਸਾਈਕਲੋਪੀਡੀਆ ਕੀ ਦੱਸਦਾ ਹੈ?

ਮਨੁੱਖੀ ਸਰੀਰ ਪਰਮੇਸ਼ੁਰ ਦੀ ਸ੍ਰਿਸ਼ਟੀ ਦਾ ਇਕ ਸ਼ਾਨਦਾਰ ਅਜੂਬਾ ਹੈ! ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ: “ਲੋਕੀ ਕਹਿੰਦੇ ਹਨ ਕਿ ਮਨੁੱਖੀ ਸਰੀਰ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਇਕ ਮਸ਼ੀਨ ਹੈ। ਅਸਲ ਵਿਚ ਇਹ ਮਸ਼ੀਨ ਨਹੀਂ ਹੈ। ਪਰ ਕਈ ਤਰੀਕਿਆਂ ਨਾਲ ਇਸ ਦੀ ਤੁਲਨਾ ਮਸ਼ੀਨ ਨਾਲ ਕੀਤੀ ਵੀ ਜਾ ਸਕਦੀ ਹੈ। ਮਸ਼ੀਨ ਵਾਂਗ ਸਰੀਰ ਦੇ ਵੀ ਬਹੁਤ ਸਾਰੇ ਅੰਗ ਹੁੰਦੇ ਹਨ। ਸਰੀਰ ਦਾ ਹਰ ਅੰਗ ਮਸ਼ੀਨ ਦੇ ਹਰ ਪੁਰਜ਼ੇ ਵਾਂਗ ਖ਼ਾਸ ਕੰਮ ਕਰਦਾ ਹੈ। ਪਰ ਸਾਰੇ ਅੰਗਾਂ ਜਾਂ ਪੁਰਜ਼ਿਆਂ ਦੇ ਇਕੱਠੇ ਕੰਮ ਕਰਨ ਨਾਲ ਸਰੀਰ ਜਾਂ ਮਸ਼ੀਨ ਚੰਗੀ ਤਰ੍ਹਾਂ ਚੱਲਦੇ ਰਹਿੰਦੇ ਹਨ।”

2. ਮਨੁੱਖੀ ਸਰੀਰ ਅਤੇ ਮਸੀਹੀ ਕਲੀਸਿਯਾ ਦੀ ਕਿਹੜੀ ਗੱਲ ਮਿਲਦੀ-ਜੁਲਦੀ ਹੈ?

2 ਜੀ ਹਾਂ, ਮਨੁੱਖੀ ਸਰੀਰ ਦੇ ਬਹੁਤ ਸਾਰੇ ਅੰਗ ਜਾਂ ਮੈਂਬਰ ਹਨ ਜੋ ਕੋਈ ਨਾ ਕੋਈ ਮਹੱਤਵਪੂਰਣ ਕੰਮ ਕਰਦੇ ਹਨ। ਇਸ ਦੀ ਕੋਈ ਵੀ ਨਾੜੀ, ਮਾਸ-ਪੇਸ਼ੀ ਜਾਂ ਕੋਈ ਹੋਰ ਅੰਗ ਵਿਅਰਥ ਨਹੀਂ ਹੈ। ਇਸੇ ਤਰ੍ਹਾਂ, ਮਸੀਹੀ ਕਲੀਸਿਯਾ ਦਾ ਹਰ ਮੈਂਬਰ ਕਲੀਸਿਯਾ ਦੀ ਰੂਹਾਨੀ ਸਿਹਤ ਅਤੇ ਸੁੰਦਰਤਾ ਵਧਾਉਣ ਵਿਚ ਹਿੱਸਾ ਪਾਉਂਦਾ ਹੈ। (1 ਕੁਰਿੰਥੀਆਂ 12:14-26) ਹਾਲਾਂਕਿ ਕਲੀਸਿਯਾ ਦੇ ਕਿਸੇ ਵੀ ਮੈਂਬਰ ਨੂੰ ਦੂਜਿਆਂ ਨਾਲੋਂ ਆਪਣੇ ਆਪ ਨੂੰ ਚੰਗਾ ਨਹੀਂ ਸਮਝਣਾ ਚਾਹੀਦਾ, ਪਰ ਉਨ੍ਹਾਂ ਨੂੰ ਦੂਜਿਆਂ ਨਾਲੋਂ ਆਪਣੇ ਆਪ ਨੂੰ ਘਟੀਆ ਵੀ ਨਹੀਂ ਸਮਝਣਾ ਚਾਹੀਦਾ।—ਰੋਮੀਆਂ 12:3.

3. ਅਫ਼ਸੀਆਂ 4:25 ਕਿੱਦਾਂ ਦੱਸਦਾ ਹੈ ਕਿ ਮਸੀਹੀਆਂ ਨੂੰ ਇਕ-ਦੂਜੇ ਦੀ ਲੋੜ ਹੈ?

3 ਜਿਸ ਤਰ੍ਹਾਂ ਮਨੁੱਖੀ ਸਰੀਰ ਦੇ ਅੰਗ ਇਕ-ਦੂਜੇ ਉੱਤੇ ਨਿਰਭਰ ਕਰਦੇ ਹਨ, ਉਸੇ ਤਰ੍ਹਾਂ ਮਸੀਹੀਆਂ ਨੂੰ ਵੀ ਇਕ-ਦੂਜੇ ਦੀ ਲੋੜ ਹੈ। ਪੌਲੁਸ ਰਸੂਲ ਨੇ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਨੂੰ ਦੱਸਿਆ ਸੀ: “ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ।” (ਅਫ਼ਸੀਆਂ 4:25) “ਇੱਕ ਦੂਏ ਦੇ ਅੰਗ” ਹੋਣ ਕਰਕੇ, ਰੂਹਾਨੀ ਇਸਰਾਏਲ ਯਾਨੀ “ਮਸੀਹ ਦੀ ਦੇਹੀ” ਦੇ ਮੈਂਬਰ ਇਕ-ਦੂਜੇ ਨਾਲ ਸੱਚ ਬੋਲਦੇ ਹਨ ਅਤੇ ਇਕ-ਦੂਜੇ ਦਾ ਪੂਰਾ-ਪੂਰਾ ਸਾਥ ਦਿੰਦੇ ਹਨ। ਜੀ ਹਾਂ, ਉਹ ਸਾਰੇ ਇਕ-ਦੂਜੇ ਦੇ ਅੰਗ ਹਨ। (ਅਫ਼ਸੀਆਂ 4:11-13) ਇਸੇ ਤਰ੍ਹਾਂ, ਧਰਤੀ ਉੱਤੇ ਜੀਉਣ ਦੀ ਉਮੀਦ ਰੱਖਣ ਵਾਲੇ ਮਸੀਹੀ, ਰੂਹਾਨੀ ਇਸਰਾਏਲ ਦੇ ਮੈਂਬਰਾਂ ਨਾਲ ਮਿਲ ਕੇ ਖ਼ੁਸ਼ੀ ਨਾਲ ਕੰਮ ਕਰਦੇ ਹਨ ਤੇ ਉਨ੍ਹਾਂ ਨਾਲ ਸੱਚ ਬੋਲਦੇ ਹਨ ਅਤੇ ਉਨ੍ਹਾਂ ਦਾ ਸਾਥ ਦਿੰਦੇ ਹਨ।

4. ਨਵੇਂ ਭੈਣਾਂ-ਭਰਾਵਾਂ ਦੀ ਕਿਨ੍ਹਾਂ ਤਰੀਕਿਆਂ ਨਾਲ ਮਦਦ ਕੀਤੀ ਜਾ ਸਕਦੀ ਹੈ?

4 ਹਰ ਸਾਲ ਹਜ਼ਾਰਾਂ ਹੀ ਅਜਿਹੇ ਲੋਕ ਬਪਤਿਸਮਾ ਲੈਂਦੇ ਹਨ ਜੋ ਫਿਰਦੌਸ ਵਰਗੀ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਦੇ ਹਨ। ਖ਼ੁਸ਼ੀ ਨਾਲ ਕਲੀਸਿਯਾ ਦੇ ਦੂਜੇ ਮੈਂਬਰ ਇਨ੍ਹਾਂ ਨਵੇਂ ਭੈਣਾਂ-ਭਰਾਵਾਂ ਦੀ ‘ਸਿਆਣਪੁਣੇ ਵੱਲ ਅਗਾਹਾਂ ਵਧਣ’ ਵਿਚ ਮਦਦ ਕਰਦੇ ਹਨ। (ਇਬਰਾਨੀਆਂ 6:1-3) ਇਸ ਮਦਦ ਵਿਚ ਬਾਈਬਲ ਬਾਰੇ ਸਵਾਲਾਂ ਦੇ ਜਵਾਬ ਦੇਣੇ ਜਾਂ ਪ੍ਰਚਾਰ ਵਿਚ ਮਦਦ ਕਰਨੀ ਵੀ ਸ਼ਾਮਲ ਹੈ। ਅਸੀਂ ਸਭਾਵਾਂ ਵਿਚ ਬਾਕਾਇਦਾ ਹਿੱਸਾ ਲੈਣ ਵਿਚ ਚੰਗੀ ਮਿਸਾਲ ਕਾਇਮ ਕਰ ਕੇ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਦੁੱਖਾਂ ਦੇ ਵੇਲੇ ਅਸੀਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਾਂ ਜਾਂ ਦਿਲਾਸਾ ਵੀ ਦੇ ਸਕਦੇ ਹਾਂ। (1 ਥੱਸਲੁਨੀਕੀਆਂ 5:14, 15) “ਸਚਿਆਈ ਉੱਤੇ ਚੱਲਦੇ” ਰਹਿਣ ਵਿਚ ਸਾਨੂੰ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਭਾਲਣੇ ਚਾਹੀਦੇ ਹਨ। (3 ਯੂਹੰਨਾ 4) ਚਾਹੇ ਅਸੀਂ ਜਵਾਨ ਹਾਂ ਜਾਂ ਬੁੱਢੇ, ਸੱਚਾਈ ਵਿਚ ਸਾਨੂੰ ਚਾਹੇ ਥੋੜ੍ਹਾ ਹੀ ਸਮਾਂ ਹੋਇਆ ਹੈ ਜਾਂ ਅਸੀਂ ਕਈ ਸਾਲਾਂ ਤੋਂ ਸੱਚਾਈ ਵਿਚ ਹਾਂ, ਫਿਰ ਵੀ ਸਾਨੂੰ ਸਾਰਿਆਂ ਨੂੰ ਆਪਣੇ ਭੈਣ-ਭਰਾਵਾਂ ਦੀ ਰੂਹਾਨੀ ਤਰੱਕੀ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਇਕ-ਦੂਜੇ ਦੀ ਲੋੜ ਹੈ!

ਉਨ੍ਹਾਂ ਨੇ ਲੋੜੀਂਦੀ ਮਦਦ ਦਿੱਤੀ

5. ਅਕੂਲਾ ਤੇ ਪ੍ਰਿਸਕਿੱਲਾ ਨੇ ਪੌਲੁਸ ਦੀ ਮਦਦ ਕਿਵੇਂ ਕੀਤੀ ਸੀ?

5 ਮਸੀਹੀ ਵਿਆਹੁਤਾ ਜੋੜੇ ਵੀ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਹਨ। ਮਿਸਾਲ ਵਜੋਂ, ਅਕੂਲਾ ਤੇ ਉਸ ਦੀ ਪਤਨੀ ਪ੍ਰਿਸਕਿੱਲਾ (ਪਰਿਸਕਾ) ਨੇ ਪੌਲੁਸ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਆਪਣੇ ਘਰ ਵਿਚ ਉਸ ਦਾ ਸੁਆਗਤ ਕੀਤਾ ਅਤੇ ਉਸ ਨਾਲ ਮਿਲ ਕੇ ਤੰਬੂ ਬਣਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕੁਰਿੰਥ ਦੀ ਨਵੀਂ ਕਲੀਸਿਯਾ ਮਜ਼ਬੂਤ ਕਰਨ ਵਿਚ ਵੀ ਉਸ ਦੀ ਮਦਦ ਕੀਤੀ ਸੀ। (ਰਸੂਲਾਂ ਦੇ ਕਰਤੱਬ 18:1-4) ਉਨ੍ਹਾਂ ਨੇ ਪੌਲੁਸ ਦੀ ਖ਼ਾਤਰ ਆਪਣੀਆਂ ਜਾਨਾਂ ਵੀ ਖ਼ਤਰੇ ਵਿਚ ਪਾਈਆਂ। ਜਦੋਂ ਉਹ ਰੋਮ ਵਿਚ ਰਹਿੰਦੇ ਸਨ, ਤਾਂ ਪੌਲੁਸ ਨੇ ਉੱਥੇ ਦੇ ਮਸੀਹੀਆਂ ਨੂੰ ਕਿਹਾ: “ਪਰਿਸਕਾ ਅਤੇ ਅਕੂਲਾ ਨੂੰ ਸੁਖ ਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ। ਜਿਨ੍ਹਾਂ ਮੇਰੀ ਜਾਨ ਦੇ ਬਦਲੇ ਆਪਣੀ ਹੀ ਧੌਣ ਡਾਹ ਦਿੱਤੀ ਅਤੇ ਨਿਰਾ ਮੈਂ ਹੀ ਤਾਂ ਨਹੀਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂ ਓਹਨਾਂ ਦਾ ਧੰਨਵਾਦ ਕਰਦੀਆਂ ਹਨ।” (ਰੋਮੀਆਂ 16:3, 4) ਅੱਜ ਵੀ ਕੁਝ ਮਸੀਹੀ ਅਕੂਲਾ ਤੇ ਪ੍ਰਿਸਕਿੱਲਾ ਵਾਂਗ ਕਲੀਸਿਯਾਵਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ। ਕਈ ਵਾਰੀ ਉਹ ਪਰਮੇਸ਼ੁਰ ਦੇ ਦੂਜੇ ਸੇਵਕਾਂ ਨੂੰ ਅਤਿਆਚਾਰੀਆਂ ਦੇ ਹੱਥੋਂ ਬਚਾਉਣ ਲਈ ਆਪਣੀਆਂ ਜਾਨਾਂ ਵੀ ਖ਼ਤਰੇ ਵਿਚ ਪਾਉਂਦੇ ਹਨ।

6. ਅਪੁੱਲੋਸ ਨੂੰ ਕਿਹੜੀ ਮਦਦ ਦਿੱਤੀ ਗਈ ਸੀ?

6 ਅਕੂਲਾ ਤੇ ਪ੍ਰਿਸਕਿੱਲਾ ਨੇ ਮਸੀਹੀ ਅਪੁੱਲੋਸ ਦੀ ਵੀ ਮਦਦ ਕੀਤੀ ਸੀ ਜੋ ਬੋਲਣ ਵਿਚ ਬੜਾ ਮਾਹਰ ਸੀ। ਉਹ ਅਫ਼ਸੁਸ ਦੇ ਲੋਕਾਂ ਨੂੰ ਯਿਸੂ ਮਸੀਹ ਬਾਰੇ ਸਿੱਖਿਆ ਦਿੰਦਾ ਹੁੰਦਾ ਸੀ। ਉਸ ਵੇਲੇ ਅਪੁੱਲੋਸ ਸਿਰਫ਼ ਯੂਹੰਨਾ ਦੁਆਰਾ ਦਿੱਤੇ ਜਾਂਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ ਜੋ ਬਿਵਸਥਾ ਨੇਮ ਵਿਰੁੱਧ ਕੀਤੇ ਪਾਪਾਂ ਦੀ ਤੋਬਾ ਵਜੋਂ ਲੋਕਾਂ ਨੂੰ ਦਿੱਤਾ ਜਾਂਦਾ ਸੀ। ਅਕੂਲਾ ਤੇ ਪ੍ਰਿਸਕਿੱਲਾ ਨੇ ਦੇਖਿਆ ਕਿ ਇਸ ਮਾਮਲੇ ਵਿਚ ਅਪੁੱਲੋਸ ਨੂੰ ਮਦਦ ਦੀ ਲੋੜ ਸੀ, ਇਸ ਲਈ ਉਨ੍ਹਾਂ ਨੇ ਉਸ ਨੂੰ “ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ।” ਉਨ੍ਹਾਂ ਨੇ ਸ਼ਾਇਦ ਦੱਸਿਆ ਹੋਣਾ ਕਿ ਮਸੀਹੀ ਬਪਤਿਸਮਾ ਲੈਣ ਲਈ ਪਾਣੀ ਵਿਚ ਡੁਬਕੀ ਲੈਣ ਦੀ ਲੋੜ ਸੀ ਜਿਸ ਵੇਲੇ ਯਹੋਵਾਹ ਉਨ੍ਹਾਂ ਉੱਤੇ ਆਪਣੀ ਪਵਿੱਤਰ ਆਤਮਾ ਪਾਉਂਦਾ ਸੀ। ਅਪੁੱਲੋਸ ਇਨ੍ਹਾਂ ਸਿੱਖੀਆਂ ਹੋਈਆਂ ਗੱਲਾਂ ਮੁਤਾਬਕ ਚੱਲਣ ਲੱਗ ਪਿਆ। ਬਾਅਦ ਵਿਚ ਉਸ ਨੇ ਅਖਾਯਾ ਵਿਚ “ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ ਜਿਨ੍ਹਾਂ ਕਿਰਪਾ ਦੇ ਕਾਰਨ ਨਿਹਚਾ ਕੀਤੀ ਸੀ। ਕਿਉਂ ਜੋ ਉਸ ਨੇ ਲਿਖਤਾਂ ਤੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਉਹੋ ਮਸੀਹ ਹੈ ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।” (ਰਸੂਲਾਂ ਦੇ ਕਰਤੱਬ 18:24-28) ਸਭਾਵਾਂ ਵਿਚ ਭੈਣਾਂ-ਭਰਾਵਾਂ ਦੁਆਰਾ ਦਿੱਤੇ ਜਵਾਬ ਵੀ ਪਰਮੇਸ਼ੁਰ ਦੇ ਬਚਨ ਵਿਚ ਸਾਡੀ ਸਮਝ ਨੂੰ ਵਧਾ ਸਕਦੇ ਹਨ। ਇਸ ਮਾਮਲੇ ਵਿਚ ਵੀ ਸਾਨੂੰ ਇਕ-ਦੂਜੇ ਦੀ ਲੋੜ ਹੈ।

ਲੋੜੀਂਦੀਆਂ ਚੀਜ਼ਾਂ ਦੇ ਕੇ ਮਦਦ ਕਰਨੀ

7. ਫ਼ਿਲਿੱਪੈ ਦੇ ਮਸੀਹੀਆਂ ਨੇ ਕਿਸ ਤਰ੍ਹਾਂ ਦੀ ਖੁੱਲ੍ਹ-ਦਿਲੀ ਦਿਖਾਈ ਜਦੋਂ ਉਨ੍ਹਾਂ ਦੇ ਭੈਣਾਂ-ਭਰਾਵਾਂ ਨੂੰ ਪੈਸੇ-ਧੇਲੇ ਦੀ ਲੋੜ ਸੀ?

7 ਫ਼ਿਲਿੱਪੈ ਦੀ ਮਸੀਹੀ ਕਲੀਸਿਯਾ ਦੇ ਮੈਂਬਰ ਪੌਲੁਸ ਨੂੰ ਬਹੁਤ ਪਿਆਰ ਕਰਦੇ ਸਨ। ਇਸ ਲਈ ਜਦੋਂ ਪੌਲੁਸ ਥੱਸਲੁਨੀਕੇ ਸ਼ਹਿਰ ਵਿਚ ਸੀ, ਤਾਂ ਉਨ੍ਹਾਂ ਨੇ ਉਸ ਨੂੰ ਲੋੜੀਂਦੀਆਂ ਚੀਜ਼ਾਂ ਭੇਜੀਆਂ। (ਫ਼ਿਲਿੱਪੀਆਂ 4:15, 16) ਜਦੋਂ ਯਰੂਸ਼ਲਮ ਵਿਚ ਭੈਣਾਂ-ਭਰਾਵਾਂ ਨੂੰ ਪੈਸੇ-ਧੇਲੇ ਦੀ ਲੋੜ ਸੀ, ਤਾਂ ਫ਼ਿਲਿੱਪੈ ਦੇ ਮਸੀਹੀਆਂ ਨੇ ਆਪਣੀ ਹੈਸੀਅਤ ਨਾਲੋਂ ਜ਼ਿਆਦਾ ਦਾਨ ਕੀਤਾ। ਇਸ ਲਈ ਪੌਲੁਸ ਨੇ ਫ਼ਿਲਿੱਪੈ ਵਿਚ ਆਪਣੇ ਭੈਣ-ਭਰਾਵਾਂ ਦੀ ਖੁੱਲ੍ਹ-ਦਿਲੀ ਦੀ ਇੰਨੀ ਕਦਰ ਕੀਤੀ ਕਿ ਉਨ੍ਹਾਂ ਨੂੰ ਦੂਜੇ ਭੈਣਾਂ-ਭਰਾਵਾਂ ਲਈ ਇਕ ਚੰਗੀ ਮਿਸਾਲ ਕਿਹਾ।—2 ਕੁਰਿੰਥੀਆਂ 8:1-6.

8. ਇਪਾਫ਼ਰੋਦੀਤੁਸ ਨੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ ਸੀ?

8 ਜਦੋਂ ਪੌਲੁਸ ਕੈਦ ਵਿਚ ਸੀ, ਤਾਂ ਫ਼ਿਲਿੱਪੈ ਦੇ ਮਸੀਹੀਆਂ ਨੇ ਉਸ ਨੂੰ ਨਾ ਸਿਰਫ਼ ਲੋੜੀਂਦੀਆਂ ਚੀਜ਼ਾਂ ਭੇਜੀਆਂ, ਸਗੋਂ ਉਸ ਕੋਲ ਇਪਾਫ਼ਰੋਦੀਤੁਸ ਨੂੰ ਵੀ ਭੇਜਿਆ ਸੀ। ਪੌਲੁਸ ਨੇ ਕਿਹਾ: “[ਇਪਾਫ਼ਰੋਦੀਤੁਸ] ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਟਹਿਲ ਕਰਨ ਵਿੱਚ ਜੋ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਿਆਂ ਕਰਨ ਲਈ ਓਨ ਆਪਣੀ ਜਾਨ ਤਲੀ ਉੱਤੇ ਧਰੀ।” (ਫ਼ਿਲਿੱਪੀਆਂ 2:25-30; 4:18) ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਪਾਫ਼ਰੋਦੀਤੁਸ ਇਕ ਬਜ਼ੁਰਗ ਸੀ ਜਾਂ ਸਹਾਇਕ ਸੇਵਕ। ਪਰ ਇਹ ਭਰਾ ਦੂਜਿਆਂ ਲਈ ਕੁਰਬਾਨੀਆਂ ਕਰਨ ਤੇ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਪੌਲੁਸ ਨੂੰ ਇਸ ਭਰਾ ਦੀ ਸੱਚ-ਮੁੱਚ ਬੜੀ ਲੋੜ ਸੀ। ਕੀ ਤੁਹਾਡੀ ਕਲੀਸਿਯਾ ਵਿਚ ਇਪਾਫ਼ਰੋਦੀਤੁਸ ਵਰਗਾ ਕੋਈ ਭੈਣ-ਭਰਾ ਹੈ?

ਉਹ “ਤਸੱਲੀ” ਦਿੰਦੇ ਸਨ

9. ਅਰਿਸਤਰਖੁਸ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ?

9 ਹਰ ਕਲੀਸਿਯਾ ਵਿਚ ਅਕੂਲਾ, ਪ੍ਰਿਸਕਿੱਲਾ ਅਤੇ ਇਪਾਫ਼ਰੋਦੀਤੁਸ ਵਰਗੇ ਪਿਆਰ ਕਰਨ ਵਾਲੇ ਭੈਣ-ਭਰਾਵਾਂ ਦੀ ਬੜੀ ਕਦਰ ਕੀਤੀ ਜਾਂਦੀ ਹੈ। ਸਾਡੇ ਕੁਝ ਭੈਣ-ਭਰਾ ਪਹਿਲੀ ਸਦੀ ਦੇ ਮਸੀਹੀ ਅਰਿਸਤਰਖੁਸ ਵਰਗੇ ਵੀ ਹੋ ਸਕਦੇ ਹਨ। ਉਹ ਅਤੇ ਦੂਸਰੇ ਮਸੀਹੀ ਇਕ-ਦੂਜੇ ਨੂੰ “ਤਸੱਲੀ” ਦਿੰਦੇ ਸਨ। ਉਹ ਸ਼ਾਇਦ ਜ਼ਰੂਰੀ ਗੱਲਾਂ ਵਿਚ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਤੇ ਮਦਦ ਕਰਦੇ ਸਨ। (ਕੁਲੁੱਸੀਆਂ 4:10, 11) ਲੋੜ ਵੇਲੇ ਪੌਲੁਸ ਦੀ ਮਦਦ ਕਰਨ ਦੁਆਰਾ ਅਰਿਸਤਰਖੁਸ ਸੱਚਾ ਦੋਸਤ ਸਾਬਤ ਹੋਇਆ। ਉਹ ਕਹਾਉਤਾਂ 17:17 ਵਿਚ ਜ਼ਿਕਰ ਕੀਤੇ ਗਏ ਮਿੱਤਰ ਵਰਗਾ ਸੀ: “ਇਕ ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” ਕੀ ਸਾਨੂੰ ਸਾਰਿਆਂ ਨੂੰ ਆਪਣੇ ਭੈਣਾਂ-ਭਰਾਵਾਂ ਨੂੰ “ਤਸੱਲੀ” ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਖ਼ਾਸ ਕਰ ਕੇ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਮੁਸੀਬਤ ਵਿਚ ਹਨ।

10. ਪਤਰਸ ਨੇ ਮਸੀਹੀ ਬਜ਼ੁਰਗਾਂ ਲਈ ਕਿਹੜੀ ਮਿਸਾਲ ਕਾਇਮ ਕੀਤੀ?

10 ਖ਼ਾਸਕਰ ਮਸੀਹੀ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੂਹਾਨੀ ਭੈਣਾਂ-ਭਰਾਵਾਂ ਨੂੰ ਤਸੱਲੀ ਦੇਣ। ਮਸੀਹ ਨੇ ਪਤਰਸ ਰਸੂਲ ਨੂੰ ਕਿਹਾ ਸੀ: “ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।” (ਲੂਕਾ 22:32) ਪਤਰਸ ਇੱਦਾਂ ਕਰ ਸਕਦਾ ਸੀ ਕਿਉਂਕਿ ਉਹ ਖ਼ੁਦ ਨਿਹਚਾ ਵਿਚ ਬਹੁਤ ਤਕੜਾ ਸੀ, ਖ਼ਾਸਕਰ ਯਿਸੂ ਦੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ। ਬਜ਼ੁਰਗੋ, ਤੁਸੀਂ ਵੀ ਖ਼ੁਸ਼ੀ ਤੇ ਪਿਆਰ ਨਾਲ ਇਸੇ ਤਰ੍ਹਾਂ ਕਰਨ ਦੀ ਹਰ ਕੋਸ਼ਿਸ਼ ਕਰੋ ਕਿਉਂਕਿ ਤੁਹਾਡੇ ਭੈਣਾਂ-ਭਰਾਵਾਂ ਨੂੰ ਤੁਹਾਡੀ ਲੋੜ ਹੈ।—ਰਸੂਲਾਂ ਦੇ ਕਰਤੱਬ 20:28-30; 1 ਪਤਰਸ 5:2, 3.

11. ਤਿਮੋਥਿਉਸ ਦੀ ਮਿਸਾਲ ਉੱਤੇ ਵਿਚਾਰ ਕਰਨ ਨਾਲ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

11 ਪੌਲੁਸ ਦਾ ਹਮਸਫ਼ਰ ਤਿਮੋਥਿਉਸ ਇਕ ਬਜ਼ੁਰਗ ਸੀ ਜੋ ਦੂਜਿਆਂ ਦੀ ਬੜੀ ਚਿੰਤਾ ਕਰਦਾ ਸੀ। ਹਾਲਾਂਕਿ ਤਿਮੋਥਿਉਸ ਨੂੰ ਕੁਝ ਸਿਹਤ ਸਮੱਸਿਆਵਾਂ ਸਨ, ਫਿਰ ਵੀ ਉਸ ਨੇ ਪੱਕੀ ਨਿਹਚਾ ਦਿਖਾਈ ਅਤੇ ‘ਪੌਲੁਸ ਨਾਲ ਇੰਜੀਲੀ ਸੇਵਾ ਕੀਤੀ।’ ਇਸ ਲਈ ਪੌਲੁਸ ਤਿਮੋਥਿਉਸ ਬਾਰੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਕਹਿ ਸਕਿਆ: “ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।” (ਫ਼ਿਲਿੱਪੀਆਂ 2:20, 22; 1 ਤਿਮੋਥਿਉਸ 5:23; 2 ਤਿਮੋਥਿਉਸ 1:5) ਤਿਮੋਥਿਉਸ ਵਰਗੇ ਬਣ ਕੇ ਅਸੀਂ ਵੀ ਯਹੋਵਾਹ ਦੀ ਭਗਤੀ ਕਰਨ ਵਾਲੇ ਆਪਣੇ ਭੈਣ-ਭਰਾਵਾਂ ਲਈ ਬਰਕਤ ਸਾਬਤ ਹੋ ਸਕਦੇ ਹਾਂ। ਇਹ ਤਾਂ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਕਮਜ਼ੋਰੀਆਂ ਅਤੇ ਵੱਖੋ-ਵੱਖਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਫਿਰ ਵੀ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ। ਸਾਨੂੰ ਆਪਣੇ ਅਧਿਆਤਮਿਕ ਭੈਣਾਂ-ਭਰਾਵਾਂ ਨਾਲ ਪਿਆਰ ਅਤੇ ਉਨ੍ਹਾਂ ਦੀ ਚਿੰਤਾ ਵੀ ਕਰਨੀ ਚਾਹੀਦੀ ਹੈ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਾਡੀ ਲੋੜ ਹੈ।

ਦੂਜਿਆਂ ਦੀ ਚਿੰਤਾ ਕਰਨ ਵਾਲੀਆਂ ਔਰਤਾਂ

12. ਦੋਰਕਸ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12 ਦੂਜਿਆਂ ਦੀ ਚਿੰਤਾ ਕਰਨ ਵਾਲੀਆਂ ਧਰਮੀ ਔਰਤਾਂ ਵਿੱਚੋਂ ਇਕ ਸੀ ਦੋਰਕਸ। ਜਦੋਂ ਉਹ ਮਰ ਗਈ, ਤਾਂ ਚੇਲਿਆਂ ਨੇ ਪਤਰਸ ਨੂੰ ਸੁਨੇਹਾ ਭੇਜਿਆ ਤੇ ਉਸ ਨੂੰ ਚੁਬਾਰੇ ਵਿਚ ਲੈ ਗਏ ਜਿੱਥੇ ਦੋਰਕਸ ਦੀ ਲਾਸ਼ ਪਈ ਸੀ। ਉੱਥੇ “ਸਭ ਵਿਧਵਾਂ ਉਹ ਦੇ ਕੋਲ ਖੜੀਆਂ ਰੋਂਦੀਆਂ ਸਨ ਅਤੇ ਓਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਓਹਨਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।” ਦੋਰਕਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਫਿਰ ਤੋਂ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ” ਰਹੀ। ਅੱਜ ਵੀ ਮਸੀਹੀ ਕਲੀਸਿਯਾ ਵਿਚ ਦੋਰਕਸ ਵਰਗੀਆਂ ਔਰਤਾਂ ਹਨ ਜੋ ਲੋੜਵੰਦਾਂ ਲਈ ਸ਼ਾਇਦ ਕੱਪੜੇ ਬਣਾਉਂਦੀਆਂ ਹਨ ਜਾਂ ਪਿਆਰ ਨਾਲ ਉਨ੍ਹਾਂ ਲਈ ਕੁਝ ਹੋਰ ਕਰਦੀਆਂ ਹਨ। ਉਹ ਆਪਣੇ ਚੰਗੇ ਕੰਮਾਂ ਵਿਚ ਪਹਿਲੀ ਥਾਂ ਰਾਜ ਦੇ ਕੰਮਾਂ ਨੂੰ ਦਿੰਦੀਆਂ ਹਨ ਤੇ ਚੇਲੇ ਬਣਾਉਣ ਦੇ ਕੰਮ ਵਿਚ ਵੀ ਹਿੱਸਾ ਲੈਂਦੀਆਂ ਹਨ।—ਰਸੂਲਾਂ ਦੇ ਕਰਤੱਬ 9:36-42; ਮੱਤੀ 6:33; 28:19, 20.

13. ਲੁਦਿਯਾ ਭੈਣਾਂ-ਭਰਾਵਾਂ ਦਾ ਧਿਆਨ ਕਿਵੇਂ ਰੱਖਦੀ ਸੀ?

13 ਪਰਮੇਸ਼ੁਰ ਤੋਂ ਡਰਨ ਵਾਲੀ ਲੁਦਿਯਾ ਨਾਂ ਦੀ ਇਕ ਹੋਰ ਔਰਤ ਸੀ ਜੋ ਦੂਜਿਆਂ ਦਾ ਬੜਾ ਧਿਆਨ ਰੱਖਦੀ ਸੀ। ਥੁਆਤੀਰਾ ਸ਼ਹਿਰ ਦੀ ਇਹ ਔਰਤ ਫ਼ਿਲਿੱਪੈ ਵਿਚ ਰਹਿੰਦੀ ਸੀ ਜਦੋਂ ਪੌਲੁਸ ਨੇ ਲਗਭਗ 50 ਸਾ. ਯੁ. ਵਿਚ ਉੱਥੇ ਪ੍ਰਚਾਰ ਕੀਤਾ ਸੀ। ਲੁਦਿਯਾ ਨੇ ਯਹੂਦੀ ਧਰਮ ਅਪਣਾਇਆ ਹੋਇਆ ਸੀ, ਪਰ ਫ਼ਿਲਿੱਪੈ ਸ਼ਹਿਰ ਵਿਚ ਸ਼ਾਇਦ ਥੋੜ੍ਹੇ ਜਿਹੇ ਹੀ ਯਹੂਦੀ ਰਹਿੰਦੇ ਸਨ ਤੇ ਉੱਥੇ ਕੋਈ ਯਹੂਦੀ ਸਭਾ-ਘਰ ਵੀ ਨਹੀਂ ਸੀ। ਲੁਦਿਯਾ ਅਤੇ ਹੋਰ ਧਰਮੀ ਔਰਤਾਂ ਭਗਤੀ ਕਰਨ ਲਈ ਇਕ ਦਰਿਆ ਦੇ ਕੋਲ ਇਕੱਠੀਆਂ ਹੋਈਆਂ ਸਨ ਜਿੱਥੇ ਪੌਲੁਸ ਨੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਸੀ। ਬਿਰਤਾਂਤ ਦੱਸਦਾ ਹੈ: “[ਲੁਦਿਯਾ] ਦਾ ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ। ਅਤੇ ਜਾਂ ਉਸ ਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰ ਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ।” (ਰਸੂਲਾਂ ਦੇ ਕਰਤੱਬ 16:12-15) ਲੁਦਿਯਾ ਦੂਜਿਆਂ ਲਈ ਚੰਗੇ ਕੰਮ ਕਰਨੇ ਚਾਹੁੰਦੀ ਸੀ, ਇਸ ਲਈ ਉਹ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਮੱਲੋ-ਮੱਲੀ ਆਪਣੇ ਘਰ ਲੈ ਗਈ। ਅੱਜ ਅਸੀਂ ਉਨ੍ਹਾਂ ਦਿਆਲੂ ਤੇ ਪਿਆਰ ਕਰਨ ਵਾਲੇ ਮਸੀਹੀਆਂ ਦਾ ਕਿੰਨਾ ਧੰਨਵਾਦ ਕਰਦੇ ਹਾਂ ਜਦੋਂ ਉਹ ਇਸੇ ਤਰ੍ਹਾਂ ਦੀ ਪਰਾਹੁਣਚਾਰੀ ਦਿਖਾਉਂਦੇ ਹਨ!—ਰੋਮੀਆਂ 12:13; 1 ਪਤਰਸ 4:9.

ਬੱਚਿਓ, ਸਾਨੂੰ ਤੁਹਾਡੀ ਵੀ ਲੋੜ ਹੈ

14. ਯਿਸੂ ਮਸੀਹ ਨੇ ਬੱਚਿਆਂ ਨਾਲ ਕਿੱਦਾਂ ਦਾ ਸਲੂਕ ਕੀਤਾ ਸੀ?

14 ਮਸੀਹੀ ਕਲੀਸਿਯਾ ਦੀ ਸ਼ੁਰੂਆਤ ਪਰਮੇਸ਼ੁਰ ਦੇ ਦਿਆਲੂ ਤੇ ਨਰਮ ਦਿਲ ਪੁੱਤਰ ਯਿਸੂ ਨੇ ਕੀਤੀ ਸੀ। ਲੋਕਾਂ ਨੂੰ ਉਸ ਕੋਲ ਆਉਣਾ ਚੰਗਾ ਲੱਗਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਸੀ ਤੇ ਉਨ੍ਹਾਂ ਉੱਤੇ ਦਇਆ ਕਰਦਾ ਸੀ। ਇਕ ਮੌਕੇ ਤੇ ਜਦੋਂ ਕੁਝ ਲੋਕ ਆਪਣੇ ਬੱਚਿਆਂ ਨੂੰ ਯਿਸੂ ਕੋਲ ਲਿਆਉਣ ਲੱਗ ਪਏ ਸਨ, ਤਾਂ ਚੇਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਯਿਸੂ ਨੇ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਏਹੋ ਜਿਹਿਆਂ ਦਾ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।” (ਮਰਕੁਸ 10:13-15) ਰਾਜ ਦੀਆਂ ਬਰਕਤਾਂ ਹਾਸਲ ਕਰਨ ਲਈ ਸਾਨੂੰ ਵੀ ਬੱਚਿਆਂ ਵਾਂਗ ਨਿਮਰ ਅਤੇ ਸਿੱਖਣ ਲਈ ਤਿਆਰ ਹੋਣਾ ਚਾਹੀਦਾ ਹੈ। ਯਿਸੂ ਨੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਪਿਆਰ ਕੀਤਾ ਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ। (ਮਰਕੁਸ 10:16) ਬੱਚਿਓ, ਅੱਜ ਤੁਹਾਡੇ ਬਾਰੇ ਕੀ ਕਿਹਾ ਜਾ ਸਕਦਾ ਹੈ? ਯਕੀਨ ਕਰੋ, ਭੈਣ-ਭਰਾ ਤੁਹਾਨੂੰ ਪਿਆਰ ਕਰਦੇ ਹਨ ਅਤੇ ਕਲੀਸਿਯਾ ਵਿਚ ਤੁਹਾਡੀ ਲੋੜ ਹੈ।

15. ਲੂਕਾ 2:40-52 ਵਿਚ ਯਿਸੂ ਦੀ ਜ਼ਿੰਦਗੀ ਬਾਰੇ ਕਿਹੜੀਆਂ ਗੱਲਾਂ ਦੱਸੀਆਂ ਗਈਆਂ ਹਨ ਤੇ ਉਸ ਨੇ ਬੱਚਿਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ?

15 ਯਿਸੂ ਬਚਪਨ ਤੋਂ ਹੀ ਪਰਮੇਸ਼ੁਰ ਅਤੇ ਬਾਈਬਲ ਨਾਲ ਪਿਆਰ ਕਰਦਾ ਸੀ। ਜਦੋਂ ਉਹ ਬਾਰਾਂ ਸਾਲਾਂ ਦਾ ਸੀ, ਤਾਂ ਉਹ ਆਪਣੇ ਮਾਪਿਆਂ, ਯੂਸੁਫ਼ ਅਤੇ ਮਰਿਯਮ ਨਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਨਾਸਰਤ ਤੋਂ ਯਰੂਸ਼ਲਮ ਗਿਆ। ਵਾਪਸ ਆਉਂਦਿਆਂ ਯਿਸੂ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਯਿਸੂ ਉਨ੍ਹਾਂ ਨਾਲ ਸਫ਼ਰ ਕਰ ਰਹੇ ਸਾਕ-ਸੰਬੰਧੀਆਂ ਨਾਲ ਨਹੀਂ ਸੀ। ਅਖ਼ੀਰ ਉਨ੍ਹਾਂ ਨੇ ਯਿਸੂ ਨੂੰ ਹੈਕਲ ਵਿਚ ਬੈਠਾ ਦੇਖਿਆ ਜਿੱਥੇ ਉਹ ਯਹੂਦੀ ਗੁਰੂਆਂ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। ਯਿਸੂ ਨੂੰ ਬੜੀ ਹੈਰਾਨੀ ਹੋਈ ਕਿ ਉਸ ਦੇ ਮਾਂ-ਬਾਪ ਇਹ ਨਹੀਂ ਜਾਣਦੇ ਸਨ ਕਿ ਉਹ ਆਪਣੇ ਪਿਤਾ ਦੇ ਘਰ ਵਿਚ ਹੋਵੇਗਾ। ਇਸ ਲਈ ਉਸ ਨੇ ਪੁੱਛਿਆ: “ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ?” ਫਿਰ ਉਹ ਆਪਣੇ ਮਾਪਿਆਂ ਨਾਲ ਘਰ ਚਲਾ ਗਿਆ ਤੇ ਉਨ੍ਹਾਂ ਦੇ ਕਹਿਣੇ ਵਿਚ ਰਿਹਾ। ਉਹ ਗਿਆਨ ਵਿਚ ਹੀ ਨਹੀਂ, ਸਗੋਂ ਕੱਦ ਵਿਚ ਵੀ ਵਧਦਾ ਗਿਆ। (ਲੂਕਾ 2:40-52) ਯਿਸੂ ਨੇ ਸਾਡੇ ਬੱਚਿਆਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਯਿਸੂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਆਪਣੇ ਮਾਪਿਆਂ ਦੇ ਆਖੇ ਲੱਗਣਾ ਚਾਹੀਦੀ ਹੈ ਅਤੇ ਰੂਹਾਨੀ ਗੱਲਾਂ ਸਿੱਖਣ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ।—ਬਿਵਸਥਾ ਸਾਰ 5:16; ਅਫ਼ਸੀਆਂ 6:1-3.

16. (ੳ) ਯਿਸੂ ਜਦੋਂ ਹੈਕਲ ਵਿਚ ਗਵਾਹੀ ਦੇ ਰਿਹਾ ਸੀ, ਤਾਂ ਕੁਝ ਮੁੰਡਿਆਂ ਨੇ ਉੱਚੀ ਆਵਾਜ਼ ਵਿਚ ਕੀ ਕਿਹਾ ਸੀ? (ਅ) ਮਸੀਹੀ ਬੱਚਿਆਂ ਕੋਲ ਅੱਜ ਕਿਹੜਾ ਸਨਮਾਨ ਹੈ?

16 ਬੱਚਿਓ, ਤੁਸੀਂ ਸ਼ਾਇਦ ਸਕੂਲ ਵਿਚ ਯਹੋਵਾਹ ਬਾਰੇ ਦੱਸਦੇ ਹੋ ਅਤੇ ਆਪਣੇ ਮਾਪਿਆਂ ਨਾਲ ਘਰ-ਘਰ ਜਾ ਕੇ ਗਵਾਹੀ ਦਿੰਦੇ ਹੋ। (ਯਸਾਯਾਹ 43:10-12; ਰਸੂਲਾਂ ਦੇ ਕਰਤੱਬ 20:20, 21) ਯਿਸੂ ਆਪਣੀ ਮੌਤ ਤੋਂ ਕੁਝ ਦੇਰ ਪਹਿਲਾਂ ਜਦੋਂ ਹੈਕਲ ਵਿਚ ਗਵਾਹੀ ਦੇ ਰਿਹਾ ਸੀ ਅਤੇ ਲੋਕਾਂ ਨੂੰ ਠੀਕ ਕਰ ਰਿਹਾ ਸੀ, ਤਾਂ ਕੁਝ ਮੁੰਡਿਆਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੋਸੰਨਾ” ਯਾਨੀ ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ। ਇਹ ਸੁਣ ਕੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਗੁੱਸੇ ਵਿਚ ਕਿਹਾ: “ਕੀ ਤੂੰ ਸੁਣਦਾ ਹੈਂ ਜੋ ਏਹ ਕੀ ਆਖਦੇ ਹਨ?” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹਾਂ, ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?” (ਮੱਤੀ 21:15-17) ਬੱਚਿਓ, ਉਨ੍ਹਾਂ ਬੱਚਿਆਂ ਵਾਂਗ ਤੁਹਾਡੇ ਕੋਲ ਵੀ ਕਲੀਸਿਯਾ ਵਿਚ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਵਡਿਆਈ ਕਰਨ ਦਾ ਵੱਡਾ ਸਨਮਾਨ ਹੈ। ਸਾਨੂੰ ਤੁਹਾਡੀ ਲੋੜ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਰਾਜ ਦੇ ਪ੍ਰਚਾਰਕਾਂ ਵਜੋਂ ਸਾਡੇ ਨਾਲ ਮਿਲ ਕੇ ਕੰਮ ਕਰੋ।

ਜਦੋਂ ਮੁਸ਼ਕਲਾਂ ਆਉਂਦੀਆਂ ਹਨ

17, 18. (ੳ) ਪੌਲੁਸ ਨੇ ਯਹੂਦਿਯਾ ਦੇ ਮਸੀਹੀਆਂ ਲਈ ਚੰਦਾ ਇਕੱਠਾ ਕਰਨ ਦਾ ਪ੍ਰਬੰਧ ਕਿਉਂ ਕੀਤਾ ਸੀ? (ਅ) ਯਹੂਦਿਯਾ ਦੇ ਭੈਣਾਂ-ਭਰਾਵਾਂ ਨੂੰ ਦਿੱਤੇ ਦਾਨ ਤੋਂ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਬਾਰੇ ਕਿਹੜੀ ਗੱਲ ਦਾ ਸਬੂਤ ਮਿਲਿਆ?

17 ਸਾਡੇ ਹਾਲਾਤ ਭਾਵੇਂ ਜੋ ਵੀ ਹੋਣ, ਪਿਆਰ ਸਾਨੂੰ ਆਪਣੇ ਲੋੜਵੰਦ ਭੈਣ-ਭਰਾਵਾਂ ਦੀ ਮਦਦ ਕਰਨ ਲਈ ਉਕਸਾਉਂਦਾ ਹੈ। (ਯੂਹੰਨਾ 13:34, 35; ਯਾਕੂਬ 2:14-17) ਪੌਲੁਸ ਨੇ ਪਿਆਰ ਦੇ ਕਾਰਨ ਹੀ ਯਹੂਦਿਯਾ ਦੇ ਭੈਣਾਂ-ਭਰਾਵਾਂ ਲਈ ਅਖਾਯਾ, ਗਲਾਤਿਯਾ, ਮਕਦੂਨਿਯਾ ਅਤੇ ਅਸਿਯਾ ਦੀਆਂ ਕਲੀਸਿਯਾਵਾਂ ਕੋਲੋਂ ਦਾਨ ਇਕੱਠਾ ਕੀਤਾ ਸੀ। ਯਰੂਸ਼ਲਮ ਵਿਚ ਚੇਲਿਆਂ ਨੇ ਸਤਾਹਟਾਂ, ਲੜਾਈ-ਝਗੜਿਆਂ ਅਤੇ ਭੁੱਖਮਰੀ ਦਾ ਸਾਮ੍ਹਣਾ ਕੀਤਾ ਸੀ। ਪੌਲੁਸ ਨੇ ਕਿਹਾ ਕਿ ਇਹ ਚੀਜ਼ਾਂ ਉਨ੍ਹਾਂ ਲਈ ‘ਦੁੱਖ, ਬਿਪਤਾਵਾਂ ਤੇ ਉਨ੍ਹਾਂ ਦੇ ਧਨ ਦੀ ਲੁੱਟ’ ਸਾਬਤ ਹੋਈਆਂ। (ਇਬਰਾਨੀਆਂ 10:32-34; ਰਸੂਲਾਂ ਦੇ ਕਰਤੱਬ 11:27–12:1) ਇਸ ਲਈ ਉਸ ਨੇ ਯਹੂਦਿਯਾ ਦੇ ਗ਼ਰੀਬ ਮਸੀਹੀਆਂ ਲਈ ਚੰਦਾ ਇਕੱਠਾ ਕਰਨ ਦਾ ਪ੍ਰਬੰਧ ਕੀਤਾ।—1 ਕੁਰਿੰਥੀਆਂ 16:1-3; 2 ਕੁਰਿੰਥੀਆਂ 8:1-4, 13-15; 9:1, 2, 7.

18 ਯਹੂਦਿਯਾ ਦੇ ਸੰਤਾਂ ਲਈ ਦਿਲੋਂ ਦਿੱਤੇ ਦਾਨ ਤੋਂ ਇਹ ਸਾਬਤ ਹੋਇਆ ਕਿ ਯਹੋਵਾਹ ਦੇ ਯਹੂਦੀ ਅਤੇ ਗ਼ੈਰ-ਯਹੂਦੀ ਸੇਵਕਾਂ ਵਿਚ ਭਰਾਵਾਂ ਵਰਗਾ ਪਿਆਰ ਸੀ। ਗ਼ੈਰ-ਯਹੂਦੀ ਮਸੀਹੀਆਂ ਨੇ ਯਹੂਦਿਯਾ ਦੇ ਆਪਣੇ ਭੈਣਾਂ-ਭਰਾਵਾਂ ਨੂੰ ਦਾਨ ਦੇ ਕੇ ਇਹ ਦਿਖਾਇਆ ਕਿ ਉਹ ਉਨ੍ਹਾਂ ਕੋਲੋਂ ਸਿੱਖੀਆਂ ਰੂਹਾਨੀ ਗੱਲਾਂ ਲਈ ਉਨ੍ਹਾਂ ਦੀ ਕਦਰ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਇਕ-ਦੂਜੇ ਨੂੰ ਲੋੜੀਂਦੀਆਂ ਚੀਜ਼ਾਂ ਦੇਣ ਅਤੇ ਰੂਹਾਨੀ ਗੱਲਾਂ ਸਿਖਾਉਣ ਵਿਚ ਮਦਦ ਦਿੱਤੀ। (ਰੋਮੀਆਂ 15:26, 27) ਅੱਜ ਵੀ ਮਸੀਹੀ ਪਿਆਰ ਤੋਂ ਪ੍ਰੇਰਿਤ ਹੋ ਕੇ ਲੋੜਵੰਦ ਭੈਣਾਂ-ਭਰਾਵਾਂ ਲਈ ਆਪਣੀ ਇੱਛਾ ਅਨੁਸਾਰ ਦਾਨ ਦਿੰਦੇ ਹਨ। (ਮਰਕੁਸ 12:28-31) ਇਸ ਮਾਮਲੇ ਵਿਚ ਵੀ ਸਾਨੂੰ ਇਕ-ਦੂਜੇ ਦੀ ਲੋੜ ਹੈ ਤਾਂਕਿ ਅਸੀਂ ਸਾਰੇ ਬਰਾਬਰ ਹੋਈਏ ਤੇ ਕਿਸੇ ਨੂੰ ਕਿਸੇ ਚੀਜ਼ ਦਾ ‘ਘਾਟਾ’ ਨਾ ਹੋਵੇ।—2 ਕੁਰਿੰਥੀਆਂ 8:15.

19, 20. ਇਕ ਉਦਾਹਰਣ ਦਿਓ ਕਿ ਤਬਾਹੀਆਂ ਆਉਣ ਤੇ ਯਹੋਵਾਹ ਦੇ ਲੋਕ ਇਕ-ਦੂਜੇ ਦੀ ਕਿਵੇਂ ਮਦਦ ਕਰਦੇ ਹਨ।

19 ਸਾਨੂੰ ਪਤਾ ਹੈ ਕਿ ਸਾਨੂੰ ਇਕ-ਦੂਜੇ ਦੀ ਲੋੜ ਹੈ, ਇਸ ਲਈ ਅਸੀਂ ਆਪਣੇ ਨਿਹਚਾਵਾਨ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਾਂ। ਮਿਸਾਲ ਲਈ, ਧਿਆਨ ਦਿਓ ਕਿ ਉਸ ਵੇਲੇ ਭਰਾਵਾਂ ਨੇ ਕੀ ਕੀਤਾ ਸੀ ਜਦੋਂ ਸਾਲ 2001 ਦੇ ਸ਼ੁਰੂ ਵਿਚ ਐਲ ਸੈਲਵੇਡਾਰ ਵਿਚ ਤਬਾਹਕੁਨ ਭੁਚਾਲ ਆਏ ਅਤੇ ਉੱਥੋਂ ਦੀ ਜ਼ਮੀਨ ਹੇਠਾਂ ਖਿਸਕ ਗਈ ਸੀ। ਇਕ ਰਿਪੋਰਟ ਨੇ ਕਿਹਾ: “ਭਰਾਵਾਂ ਨੇ ਐਲ ਸੈਲਵੇਡਾਰ ਦੇ ਸਾਰੇ ਹਿੱਸਿਆਂ ਵਿਚ ਰਾਹਤ-ਸਾਮੱਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਗੁਆਤੇਮਾਲਾ, ਅਮਰੀਕਾ ਅਤੇ ਕੈਨੇਡਾ ਦੇ ਭਰਾ ਵੀ ਸਾਡੀ ਮਦਦ ਕਰਨ ਲਈ ਆਏ। . . . ਭਰਾਵਾਂ ਨੇ ਥੋੜ੍ਹੇ ਹੀ ਸਮੇਂ ਵਿਚ 500 ਤੋਂ ਜ਼ਿਆਦਾ ਘਰ ਅਤੇ 3 ਸੋਹਣੇ ਕਿੰਗਡਮ ਹਾਲ ਬਣਾ ਦਿੱਤੇ। ਦੂਜਿਆਂ ਲਈ ਕੁਰਬਾਨੀਆਂ ਕਰਨ ਵਾਲੇ ਇਨ੍ਹਾਂ ਭਰਾਵਾਂ ਨੇ ਸਖ਼ਤ ਮਿਹਨਤ ਕਰਨ ਅਤੇ ਮਦਦ ਦੇਣ ਨਾਲ ਵੱਡੀ ਗਵਾਹੀ ਦਿੱਤੀ।”

20 ਦੱਖਣੀ ਅਫ਼ਰੀਕਾ ਤੋਂ ਇਕ ਰਿਪੋਰਟ ਨੇ ਕਿਹਾ: “ਮੋਜ਼ਾਮਬੀਕ ਦੇ ਬਹੁਤ ਸਾਰੇ ਹਿੱਸਿਆਂ ਵਿਚ ਭਿਆਨਕ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਜਿਨ੍ਹਾਂ ਦਾ ਸਾਡੇ ਬਹੁਤ ਸਾਰੇ ਭਰਾਵਾਂ ਉੱਤੇ ਬਹੁਤ ਅਸਰ ਪਿਆ। ਮੋਜ਼ਾਮਬੀਕ ਦੀ ਸ਼ਾਖ਼ਾ ਨੇ ਭਰਾਵਾਂ ਦੀਆਂ ਜ਼ਿਆਦਾਤਰ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ। ਪਰ ਸ਼ਾਖ਼ਾ ਦੇ ਭਰਾਵਾਂ ਨੇ ਬੇਨਤੀ ਕੀਤੀ ਕਿ ਅਸੀਂ ਲੋੜਵੰਦ ਭਰਾਵਾਂ ਨੂੰ ਹੰਢਣਸਾਰ ਕੱਪੜੇ ਭੇਜੀਏ। ਇਸ ਲਈ ਅਸੀਂ ਕਾਫ਼ੀ ਕੱਪੜੇ ਇਕੱਠੇ ਕੀਤੇ ਅਤੇ 40 ਫੁੱਟ ਵੱਡਾ ਡੱਬਾ ਭਰ ਕੇ ਮੋਜ਼ਾਮਬੀਕ ਦੇ ਆਪਣੇ ਭਰਾਵਾਂ ਨੂੰ ਭੇਜਿਆ।” ਜੀ ਹਾਂ, ਇਨ੍ਹਾਂ ਮਾਮਲਿਆਂ ਵਿਚ ਵੀ ਸਾਨੂੰ ਇਕ-ਦੂਜੇ ਦੀ ਲੋੜ ਹੈ।

21. ਅਗਲੇ ਲੇਖ ਵਿਚ ਕੀ ਦੱਸਿਆ ਜਾਵੇਗਾ?

21 ਸ਼ੁਰੂ ਵਿਚ ਦੱਸਿਆ ਗਿਆ ਸੀ ਕਿ ਮਨੁੱਖੀ ਸਰੀਰ ਦੇ ਸਾਰੇ ਅੰਗ ਮਹੱਤਵਪੂਰਣ ਹਨ। ਇਹੀ ਗੱਲ ਮਸੀਹੀ ਕਲੀਸਿਯਾ ਬਾਰੇ ਵੀ ਸੱਚ ਹੈ। ਇਸ ਦੇ ਸਾਰੇ ਮੈਂਬਰਾਂ ਨੂੰ ਇਕ-ਦੂਜੇ ਦੀ ਲੋੜ ਹੈ। ਉਨ੍ਹਾਂ ਨੂੰ ਇਕੱਠੇ ਹੋ ਕੇ ਸੇਵਾ ਕਰਨ ਦੀ ਵੀ ਲੋੜ ਹੈ। ਅਗਲੇ ਲੇਖ ਵਿਚ ਇਸ ਤਰ੍ਹਾਂ ਕਰਨ ਲਈ ਕੁਝ ਗੱਲਾਂ ਦੱਸੀਆਂ ਜਾਣਗੀਆਂ।

ਤੁਸੀਂ ਕਿਵੇਂ ਜਵਾਬ ਦਿਓਗੇ?

• ਮਨੁੱਖੀ ਸਰੀਰ ਅਤੇ ਮਸੀਹੀ ਕਲੀਸਿਯਾ ਵਿਚ ਕਿਹੜੀ ਗੱਲ ਮਿਲਦੀ-ਜੁਲਦੀ ਹੈ?

• ਪਹਿਲੀ ਸਦੀ ਦੇ ਮਸੀਹੀਆਂ ਨੇ ਕੀ ਕੀਤਾ ਸੀ ਜਦੋਂ ਉਨ੍ਹਾਂ ਦੇ ਭੈਣਾਂ-ਭਰਾਵਾਂ ਨੂੰ ਮਦਦ ਦੀ ਲੋੜ ਸੀ?

• ਬਾਈਬਲ ਦੀਆਂ ਕਿਹੜੀਆਂ ਕੁਝ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਮਸੀਹੀਆਂ ਨੂੰ ਇਕ-ਦੂਜੇ ਦੀ ਲੋੜ ਹੈ ਅਤੇ ਉਹ ਇਕ-ਦੂਜੇ ਦੀ ਮਦਦ ਕਰਦੇ ਹਨ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਅਕੂਲਾ ਅਤੇ ਪ੍ਰਿਸਕਿੱਲਾ ਦੂਜਿਆਂ ਦਾ ਧਿਆਨ ਰੱਖਦੇ ਸਨ

[ਸਫ਼ੇ 12 ਉੱਤੇ ਤਸਵੀਰਾਂ]

ਯਹੋਵਾਹ ਦੇ ਲੋਕ ਮੁਸ਼ਕਲਾਂ ਆਉਣ ਤੇ ਇਕ-ਦੂਜੇ ਦੀ ਤੇ ਹੋਰਨਾਂ ਦੀ ਵੀ ਮਦਦ ਕਰਦੇ ਹਨ