Skip to content

Skip to table of contents

ਅਸੀਂ ਅਫ਼ਰੀਕਾ ਨੂੰ ਆਪਣਾ ਘਰ ਬਣਾਇਆ

ਅਸੀਂ ਅਫ਼ਰੀਕਾ ਨੂੰ ਆਪਣਾ ਘਰ ਬਣਾਇਆ

ਜੀਵਨੀ

ਅਸੀਂ ਅਫ਼ਰੀਕਾ ਨੂੰ ਆਪਣਾ ਘਰ ਬਣਾਇਆ

ਡਿੱਕ ਵੋਲਡਰਨ ਦੀ ਜ਼ਬਾਨੀ

ਇਹ ਗੱਲ ਸਤੰਬਰ 1953 ਦੇ ਇਕ ਐਤਵਾਰ ਦੀ ਦੁਪਹਿਰ ਦੀ ਹੈ। ਅਸੀਂ ਦੱਖਣੀ-ਪੱਛਮੀ ਅਫ਼ਰੀਕਾ (ਹੁਣ ਨਮੀਬੀਆ) ਵਿਚ ਨਵੇਂ-ਨਵੇਂ ਆਏ ਸੀ। ਸਾਨੂੰ ਉੱਥੇ ਆਇਆਂ ਨੂੰ ਅਜੇ ਇਕ ਹਫ਼ਤੇ ਤੋਂ ਵੀ ਥੋੜ੍ਹਾ ਸਮਾਂ ਹੋਇਆ ਸੀ ਤੇ ਅਸੀਂ ਇਸ ਦੀ ਰਾਜਧਾਨੀ ਵਿੰਡਹੁਕ ਵਿਚ ਇਕ ਪਬਲਿਕ ਮੀਟਿੰਗ ਸ਼ੁਰੂ ਕਰਨ ਵਾਲੇ ਸੀ। ਅਸੀਂ ਕਿਹੜੀ ਗੱਲੋਂ ਆਸਟ੍ਰੇਲੀਆ ਤੋਂ ਇਸ ਅਫ਼ਰੀਕੀ ਦੇਸ਼ ਆਏ ਸੀ? ਮੈਂ, ਮੇਰੀ ਪਤਨੀ ਅਤੇ ਤਿੰਨ ਹੋਰ ਜਵਾਨ ਤੀਵੀਆਂ ਮਿਸ਼ਨਰੀ ਬਣ ਕੇ ਉੱਥੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਆਏ ਸੀ।—ਮੱਤੀ 24:14.

ਮੇਰੀ ਜ਼ਿੰਦਗੀ ਦੀ ਸ਼ੁਰੂਆਤ ਧਰਤੀ ਦੀ ਇਕ ਬਹੁਤ ਹੀ ਨਵੇਕਲੀ ਥਾਂ, ਆਸਟ੍ਰੇਲੀਆ ਵਿਚ ਬਹੁਤ ਹੀ ਤਬਾਹਕੁਨ ਸਾਲ 1914 ਨੂੰ ਹੋਈ ਸੀ। ਜਦੋਂ ਮੈਂ ਕਿਸ਼ੋਰ ਉਮਰ ਦਾ ਸੀ, ਤਾਂ ਉਸ ਵੇਲੇ ਆਸਟ੍ਰੇਲੀਆ ਵਿਚ ਮਹਾਮੰਦੀ ਫੈਲੀ ਹੋਈ ਸੀ ਜਿਸ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮੈਨੂੰ ਵੀ ਕੰਮ ਕਰਨਾ ਪਿਆ। ਉਸ ਵੇਲੇ ਕੰਮ ਮਿਲਣਾ ਬਹੁਤ ਔਖਾ ਸੀ, ਪਰ ਮੈਂ ਜੰਗਲੀ ਖਰਗੋਸ਼ਾਂ ਦਾ ਸ਼ਿਕਾਰ ਕਰਨ ਲੱਗ ਪਿਆ ਜੋ ਆਸਟ੍ਰੇਲੀਆ ਵਿਚ ਬਹੁਤ ਸਨ। ਇਸ ਤਰ੍ਹਾਂ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਵਾਸਤੇ ਲਗਾਤਾਰ ਖਰਗੋਸ਼ਾਂ ਦਾ ਮੀਟ ਲਿਆਉਂਦਾ ਹੁੰਦਾ ਸੀ।

ਸਾਲ 1939 ਵਿਚ ਜਦੋਂ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ, ਉਸ ਵੇਲੇ ਮੈਨੂੰ ਮੈਲਬੋਰਨ ਸ਼ਹਿਰ ਦੀਆਂ ਟ੍ਰਾਮਾਂ ਅਤੇ ਬੱਸਾਂ ਵਿਚ ਕੰਮ ਮਿਲ ਗਿਆ। ਉਸ ਵੇਲੇ ਬੱਸਾਂ ਵਿਚ ਤਕਰੀਬਨ 700 ਆਦਮੀ ਸ਼ਿਫਟਾਂ ਵਿਚ ਕੰਮ ਕਰਦੇ ਸਨ। ਹਰ ਸ਼ਿਫਟ ਤੇ ਮੈਂ ਹਮੇਸ਼ਾ ਵੱਖਰੇ ਡਰਾਈਵਰ ਜਾਂ ਕੰਡਕਟਰ ਨੂੰ ਮਿਲਦਾ ਸੀ। ਮੈਂ ਉਨ੍ਹਾਂ ਤੋਂ ਅਕਸਰ ਪੁੱਛਿਆ ਕਰਦਾ ਸੀ, “ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ?” ਅਤੇ ਮੈਂ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਦੱਸਣ ਲਈ ਕਹਿੰਦਾ। ਸਿਰਫ਼ ਇਕ ਯਹੋਵਾਹ ਦਾ ਗਵਾਹ ਹੀ ਮੈਨੂੰ ਮੇਰੇ ਸਵਾਲਾਂ ਦੇ ਸਹੀ ਜਵਾਬ ਦੇ ਸਕਿਆ। ਉਸ ਨੇ ਮੈਨੂੰ ਸਮਝਾਇਆ ਕਿ ਬਾਈਬਲ ਵਿਚ ਫਿਰਦੌਸ ਵਰਗੀ ਧਰਤੀ ਬਾਰੇ ਦੱਸਿਆ ਗਿਆ ਜਿਸ ਵਿਚ ਪਰਮੇਸ਼ੁਰ ਤੋਂ ਡਰਨ ਵਾਲੇ ਲੋਕ ਹਮੇਸ਼ਾ ਲਈ ਰਹਿਣਗੇ।—ਜ਼ਬੂਰਾਂ ਦੀ ਪੋਥੀ 37:29.

ਇਸ ਦੌਰਾਨ ਮੇਰੇ ਮਾਤਾ ਜੀ ਵੀ ਯਹੋਵਾਹ ਦੇ ਗਵਾਹਾਂ ਨੂੰ ਮਿਲੇ। ਜਦੋਂ ਮੈਂ ਆਪਣਾ ਕੰਮ ਖ਼ਤਮ ਕਰ ਕੇ ਰਾਤ ਨੂੰ ਦੇਰ ਨਾਲ ਘਰ ਆਉਂਦਾ ਹੁੰਦਾ ਸੀ, ਤਾਂ ਮੇਰੀ ਰੋਟੀ ਦੇ ਨਾਲ ਕੌਂਸੋਲੇਸ਼ਨ (ਹੁਣ ਜਾਗਰੂਕ ਬਣੋ!) ਰਸਾਲਾ ਪਿਆ ਹੁੰਦਾ ਸੀ। ਜੋ ਵੀ ਮੈਂ ਪੜ੍ਹਦਾ ਸੀ, ਉਹ ਮੈਨੂੰ ਚੰਗਾ ਲੱਗਦਾ ਸੀ। ਰਸਾਲਿਆਂ ਨੂੰ ਪੜ੍ਹ ਕੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਇਹੀ ਸੱਚਾ ਧਰਮ ਸੀ ਅਤੇ ਮੈਂ ਕਲੀਸਿਯਾ ਨਾਲ ਸੰਗਤੀ ਕਰਨ ਲੱਗ ਪਿਆ ਤੇ ਮਈ 1940 ਵਿਚ ਬਪਤਿਸਮਾ ਲੈ ਲਿਆ।

ਮੈਲਬੋਰਨ ਵਿਚ ਪਾਇਨੀਅਰਾਂ ਦਾ ਘਰ ਸੀ ਜਿੱਥੇ ਯਹੋਵਾਹ ਦੇ ਗਵਾਹਾਂ ਦੇ ਤਕਰੀਬਨ 25 ਪੂਰੇ ਸਮੇਂ ਦੇ ਸੇਵਕ ਰਹਿੰਦੇ ਸਨ। ਮੈਂ ਵੀ ਉਨ੍ਹਾਂ ਨਾਲ ਰਹਿਣ ਲੱਗ ਪਿਆ। ਹਰ ਰੋਜ਼ ਮੈਂ ਉਨ੍ਹਾਂ ਦੇ ਪ੍ਰਚਾਰ ਕੰਮ ਦੇ ਦਿਲਚਸਪ ਤਜਰਬੇ ਸੁਣਦਾ ਹੁੰਦਾ ਸੀ ਜਿਸ ਕਰਕੇ ਮੇਰੇ ਅੰਦਰ ਵੀ ਪਾਇਨੀਅਰ ਬਣਨ ਦੀ ਇੱਛਾ ਜਾਗ ਉੱਠੀ। ਅਖ਼ੀਰ ਵਿਚ ਮੈਂ ਪਾਇਨੀਅਰ ਸੇਵਾ ਦਾ ਫਾਰਮ ਭਰ ਦਿੱਤਾ। ਮੈਨੂੰ ਪਾਇਨੀਅਰ ਬਣਨ ਦੀ ਇਜਾਜ਼ਤ ਦੇ ਦਿੱਤੀ ਗਈ ਤੇ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਇਸ ਤਰ੍ਹਾਂ ਮੈਂ ਬੈਥਲ ਪਰਿਵਾਰ ਦਾ ਇਕ ਮੈਂਬਰ ਬਣ ਗਿਆ।

ਕੈਦ ਅਤੇ ਪਾਬੰਦੀ

ਬੈਥਲ ਵਿਚ ਮੇਰਾ ਕੰਮ ਆਰਾ ਚਲਾਉਣਾ ਸੀ। ਅਸੀਂ ਗੈਸ ਬਣਾਉਣ ਵਾਸਤੇ ਕੋਲੇ ਲਈ ਲੱਕੜਾਂ ਕੱਟਦੇ ਹੁੰਦੇ ਸੀ। ਇਹ ਗੈਸ ਬ੍ਰਾਂਚ ਦੀਆਂ ਕਾਰਾਂ ਵਗੈਰਾ ਚਲਾਉਣ ਲਈ ਵਰਤੀ ਜਾਂਦੀ ਸੀ ਕਿਉਂਕਿ ਲੜਾਈ ਲੱਗੀ ਹੋਣ ਕਰਕੇ ਪਟਰੋਲ ਦੀ ਘਾਟ ਸੀ। ਆਰੇ ਤੇ ਅਸੀਂ 12 ਮੁੰਡੇ ਕੰਮ ਕਰਦੇ ਸੀ ਅਤੇ ਸਾਰੇ ਮੁੰਡਿਆਂ ਨੂੰ ਕਾਨੂੰਨ ਮੁਤਾਬਕ ਫ਼ੌਜ ਵਿਚ ਭਰਤੀ ਹੋਣਾ ਪੈਣਾ ਸੀ। ਪਰ ਅਸੀਂ ਬਾਈਬਲ ਦੀ ਸਿੱਖਿਆ ਉੱਤੇ ਚੱਲਦੇ ਹੋਏ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਸਾਨੂੰ ਛੇ-ਛੇ ਮਹੀਨੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। (ਯਸਾਯਾਹ 2:4) ਸਾਨੂੰ ਜੇਲ੍ਹ ਦੇ ਫਾਰਮ ਵਿਚ ਮਜ਼ਦੂਰੀ ਕਰਨ ਲਈ ਲਿਜਾਇਆ ਗਿਆ। ਤੁਹਾਨੂੰ ਪਤਾ ਹੈ ਉੱਥੇ ਸਾਨੂੰ ਕੀ ਕੰਮ ਦਿੱਤਾ ਗਿਆ? ਸਾਨੂੰ ਉੱਥੇ ਲੱਕੜੀ ਕੱਟਣ ਦਾ ਕੰਮ ਦਿੱਤਾ ਗਿਆ ਜੋ ਅਸੀਂ ਬੈਥਲ ਵਿਚ ਕਰਦੇ ਹੁੰਦੇ ਸੀ।

ਅਸੀਂ ਇਹ ਕੰਮ ਇੰਨਾ ਮਨ ਲਾ ਕੇ ਕੀਤਾ ਕਿ ਜੇਲ੍ਹ ਦੇ ਗਵਰਨਰ ਨੇ ਸਾਨੂੰ ਇਕ ਬਾਈਬਲ ਅਤੇ ਸੋਸਾਇਟੀ ਦੇ ਕੁਝ ਪ੍ਰਕਾਸ਼ਨ ਦੇ ਦਿੱਤੇ, ਭਾਵੇਂ ਕਿ ਇਹ ਸਖ਼ਤ ਆਰਡਰ ਸੀ ਕਿ ਸਾਨੂੰ ਇਹ ਚੀਜ਼ਾਂ ਨਾ ਦਿੱਤੀਆਂ ਜਾਣ। ਇਸ ਸਮੇਂ ਦੌਰਾਨ ਹੀ ਮੈਂ ਇਨਸਾਨੀ ਰਿਸ਼ਤਿਆਂ ਬਾਰੇ ਇਕ ਫ਼ਾਇਦੇਮੰਦ ਸਬਕ ਸਿੱਖਿਆ। ਜਦੋਂ ਮੈਂ ਬੈਥਲ ਵਿਚ ਕੰਮ ਕਰ ਰਿਹਾ ਸੀ, ਉਸ ਵੇਲੇ ਮੇਰੀ ਇਕ ਭਰਾ ਨਾਲ ਨਹੀਂ ਬਣਦੀ ਸੀ। ਸਾਡਾ ਦੋਵਾਂ ਦਾ ਸੁਭਾਅ ਬਿਲਕੁਲ ਵੱਖਰਾ ਸੀ। ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਲ੍ਹ ਦੀ ਕੋਠੜੀ ਵਿਚ ਮੇਰੇ ਨਾਲ ਹੋਰ ਕਿਸ ਨੂੰ ਬੰਦ ਕੀਤਾ ਗਿਆ ਸੀ। ਜੀ ਹਾਂ, ਉਸੇ ਭਰਾ ਨੂੰ। ਹੁਣ ਸਾਡੇ ਕੋਲ ਇਕ-ਦੂਜੇ ਨੂੰ ਜਾਣਨ ਦਾ ਕਾਫ਼ੀ ਸਮਾਂ ਸੀ ਅਤੇ ਇਸ ਤਰ੍ਹਾਂ ਅਸੀਂ ਦੋਵੇਂ ਪੱਕੇ ਦੋਸਤ ਬਣ ਗਏ।

ਉਸ ਸਮੇਂ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਸੋਸਾਇਟੀ ਦੇ ਸਾਰੇ ਫ਼ੰਡਾਂ ਨੂੰ ਜ਼ਬਤ ਕਰ ਲਿਆ ਗਿਆ ਸੀ ਜਿਸ ਕਰਕੇ ਬੈਥਲ ਦੇ ਭਰਾਵਾਂ ਦੀਆਂ ਜੇਬਾਂ ਤਕਰੀਬਨ ਖਾਲੀ ਸਨ। ਇਕ ਵਾਰ ਇਕ ਭਰਾ ਮੇਰੇ ਕੋਲ ਆਇਆ ਤੇ ਮੈਨੂੰ ਕਿਹਾ: “ਡਿੱਕ ਮੈਂ ਸ਼ਹਿਰ ਵਿਚ ਜਾ ਕੇ ਥੋੜ੍ਹਾ ਪ੍ਰਚਾਰ ਕਰਨਾ ਚਾਹੁੰਦਾ ਹਾਂ, ਪਰ ਮੇਰੇ ਕੋਲ ਚੰਗੇ ਬੂਟ ਨਹੀਂ, ਪਰ ਕੰਮ ਤੇ ਪਾਉਣ ਵਾਲੇ ਬੂਟ ਹਨ।” ਮੈਂ ਖ਼ੁਸ਼ੀ-ਖ਼ੁਸ਼ੀ ਉਸ ਨੂੰ ਆਪਣੇ ਬੂਟ ਦੇ ਦਿੱਤੇ ਤੇ ਉਹ ਬੂਟ ਪਾ ਕੇ ਸ਼ਹਿਰ ਨੂੰ ਚਲਾ ਗਿਆ।

ਬਾਅਦ ਵਿਚ ਮੈਨੂੰ ਪਤਾ ਚੱਲਿਆ ਕਿ ਪ੍ਰਚਾਰ ਕਰਨ ਕਰਕੇ ਉਸ ਭਰਾ ਨੂੰ ਗਿਰਫ਼ਤਾਰ ਕਰ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਮੈਂ ਉਸ ਨੂੰ ਇਕ ਛੋਟਾ ਜਿਹਾ ਨੋਟ ਘੱਲਣ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ: “ਮੈਨੂੰ ਤੇਰੇ ਬਾਰੇ ਸੁਣ ਕੇ ਬਹੁਤ ਅਫ਼ਸੋਸ ਹੋਇਆ। ਚੰਗਾ ਹੋਇਆ ਮੈਂ ਆਪਣੇ ਬੂਟ ਨਹੀਂ ਪਾਏ ਸਨ।” ਪਰ ਕੁਝ ਸਮੇਂ ਬਾਅਦ ਨਿਰਪੱਖ ਰਹਿਣ ਕਰਕੇ ਮੈਨੂੰ ਵੀ ਦੂਸਰੀ ਵਾਰ ਗਿਰਫ਼ਤਾਰ ਕਰ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਰਿਹਾ ਹੋਣ ਤੋਂ ਬਾਅਦ ਮੈਨੂੰ ਬੈਥਲ ਫਾਰਮ ਵਿਚ ਕੰਮ ਦਿੱਤਾ ਗਿਆ ਜਿੱਥੋਂ ਬੈਥਲ ਪਰਿਵਾਰ ਲਈ ਭੋਜਨ ਆਉਂਦਾ ਸੀ। ਉਦੋਂ ਤਕ ਅਸੀਂ ਮੁਕੱਦਮਾ ਜਿੱਤ ਗਏ ਸੀ ਅਤੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਤੋਂ ਪਾਬੰਦੀ ਹਟਾ ਦਿੱਤੀ ਗਈ।

ਇਕ ਜੋਸ਼ੀਲੀ ਪ੍ਰਚਾਰਕ ਨਾਲ ਵਿਆਹ

ਫਾਰਮ ਵਿਚ ਰਹਿੰਦੇ ਹੋਏ ਮੈਂ ਵਿਆਹ ਕਰਾਉਣ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਇਕ ਜਵਾਨ ਪਾਇਨੀਅਰ ਭੈਣ ਕੋਰਲੀ ਕਲੋਗਨ ਨੂੰ ਚਾਹੁਣ ਲੱਗ ਪਿਆ। ਕੋਰਲੀ ਦੀ ਨਾਨੀ ਨੇ ਆਪਣੇ ਪਰਿਵਾਰ ਵਿੱਚੋਂ ਸਾਰਿਆਂ ਤੋਂ ਪਹਿਲਾਂ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲਈ ਸੀ। ਮਰਨ ਵੇਲੇ ਉਸ ਨੇ ਕੋਰਲੀ ਦੀ ਮਾਂ ਵਿਰ ਨੂੰ ਕਿਹਾ ਸੀ: “ਆਪਣੇ ਬੱਚਿਆਂ ਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਤੇ ਉਸ ਦੀ ਸੇਵਾ ਕਰਨੀ ਸਿਖਾਈਂ ਅਤੇ ਅਸੀਂ ਇਕ ਦਿਨ ਧਰਤੀ ਉੱਤੇ ਫਿਰਦੌਸ ਵਿਚ ਮਿਲਾਂਗੇ।” ਬਾਅਦ ਵਿਚ ਇਕ ਪਾਇਨੀਅਰ ਵਿਰ ਦੇ ਘਰ ਆਇਆ ਤੇ ਉਸ ਨੂੰ “ਲੱਖਾਂ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ” (ਅੰਗ੍ਰੇਜ਼ੀ) ਨਾਂ ਦੀ ਪੁਸਤਿਕਾ ਦਿਖਾਈ ਜਿਸ ਤੋਂ ਵਿਰ ਨੂੰ ਆਪਣੀ ਮਾਂ ਦੇ ਸ਼ਬਦ ਸਮਝ ਆ ਗਏ। ਉਹ ਪੁਸਤਿਕਾ ਪੜ੍ਹ ਕੇ ਵਿਰ ਨੂੰ ਵਿਸ਼ਵਾਸ ਹੋ ਗਿਆ ਕਿ ਪਰਮੇਸ਼ੁਰ ਦਾ ਮਕਸਦ ਸੀ ਕਿ ਫਿਰਦੌਸ ਵਰਗੀ ਧਰਤੀ ਉੱਤੇ ਲੋਕ ਜ਼ਿੰਦਗੀ ਦਾ ਆਨੰਦ ਮਾਣਨ। (ਪਰਕਾਸ਼ ਦੀ ਪੋਥੀ 21:4) ਉਸ ਨੇ 1930 ਦੇ ਦਹਾਕੇ ਦੇ ਸ਼ੁਰੂ ਵਿਚ ਬਪਤਿਸਮਾ ਲੈ ਲਿਆ ਅਤੇ ਜਿਵੇਂ ਉਸ ਦੀ ਮਾਂ ਨੇ ਉਸ ਨੂੰ ਕਿਹਾ ਸੀ ਉਸੇ ਤਰ੍ਹਾਂ ਉਸ ਨੇ ਆਪਣੀਆਂ ਤਿੰਨ ਧੀਆਂ ਲੂਸੀ, ਜੀਨ ਅਤੇ ਕੋਰਲੀ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਕੀਤਾ। ਪਰ ਕੋਰਲੀ ਦੇ ਪਿਤਾ ਨੇ ਹਮੇਸ਼ਾ ਆਪਣੇ ਪਰਿਵਾਰ ਦੇ ਧਾਰਮਿਕ ਵਿਸ਼ਵਾਸਾਂ ਦਾ ਵਿਰੋਧ ਕੀਤਾ, ਜਿਵੇਂ ਯਿਸੂ ਨੇ ਖ਼ਬਰਦਾਰ ਕੀਤਾ ਸੀ ਕਿ ਪਰਿਵਾਰਾਂ ਵਿਚ ਇਸ ਤਰ੍ਹਾਂ ਹੋ ਸਕਦਾ ਹੈ।—ਮੱਤੀ 10:34-36.

ਕਲੋਗਨ ਪਰਿਵਾਰ ਸੰਗੀਤ ਨਾਲ ਪਿਆਰ ਕਰਦਾ ਸੀ ਅਤੇ ਸਾਰੇ ਨਿਆਣੇ ਕੋਈ-ਨ-ਕੋਈ ਸਾਜ਼ ਵਜਾਉਂਦੇ ਸਨ। ਕੋਰਲੀ ਵਾਇਲਨ ਵਜਾਉਂਦੀ ਹੁੰਦੀ ਸੀ। ਸਾਲ 1939 ਵਿਚ 15 ਸਾਲ ਦੀ ਉਮਰ ਤੇ ਉਸ ਨੇ ਸੰਗੀਤ ਦਾ ਡਿਪਲੋਮਾ ਕੀਤਾ। ਦੂਸਰੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਨਾਲ ਕੋਰਲੀ ਨੇ ਆਪਣੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਹੁਣ ਉਸ ਨੇ ਫ਼ੈਸਲਾ ਕਰਨਾ ਸੀ ਕਿ ਉਹ ਜ਼ਿੰਦਗੀ ਵਿਚ ਕੀ ਕਰੇਗੀ। ਇਕ ਪਾਸੇ ਤਾਂ ਉਹ ਸੰਗੀਤ ਵਿਚ ਤਰੱਕੀ ਕਰ ਸਕਦੀ ਸੀ। ਉਸ ਨੂੰ ਪਹਿਲਾਂ ਹੀ ਮੈਲਬੋਰਨ ਸਿੰਫਨੀ ਆਰਕੈਸਟਰਾ ਵਿਚ ਵਾਇਲਨ ਵਜਾਉਣ ਦਾ ਸੱਦਾ ਮਿਲ ਚੁੱਕਾ ਸੀ। ਦੂਸਰੇ ਪਾਸੇ ਉਹ ਰਾਜ ਦੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕਦੀ ਸੀ। ਗੰਭੀਰਤਾ ਨਾਲ ਸੋਚਣ ਤੋਂ ਬਾਅਦ ਕੋਰਲੀ ਅਤੇ ਉਸ ਦੀਆਂ ਦੋ ਭੈਣਾਂ ਨੇ 1940 ਵਿਚ ਬਪਤਿਸਮਾ ਲੈ ਲਿਆ ਅਤੇ ਪ੍ਰਚਾਰ ਦਾ ਕੰਮ ਕਰਨ ਦੀਆਂ ਤਿਆਰੀਆਂ ਕੀਤੀਆਂ।

ਕੋਰਲੀ ਨੇ ਪੂਰੇ ਸਮੇਂ ਦੀ ਸੇਵਕਾਈ ਕਰਨ ਦਾ ਮਨ ਬਣਾਇਆ ਹੋਇਆ ਸੀ। ਇਸ ਤੋਂ ਥੋੜ੍ਹੇ ਸਮੇਂ ਬਾਅਦ ਉਸ ਨੂੰ ਆਸਟ੍ਰੇਲੀਆ ਬ੍ਰਾਂਚ ਦਾ ਇਕ ਜ਼ਿੰਮੇਵਾਰ ਭਰਾ ਲੋਇਡ ਬੈਰੀ ਮਿਲਿਆ ਜੋ ਬਾਅਦ ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ। ਭਰਾ ਬੈਰੀ ਨੇ ਮੈਲਬੋਰਨ ਵਿਚ ਭਾਸ਼ਣ ਦਿੱਤਾ ਸੀ ਅਤੇ ਉਸ ਨੇ ਕੋਰਲੀ ਨੂੰ ਕਿਹਾ: “ਮੈਂ ਬੈਥਲ ਵਾਪਸ ਜਾ ਰਿਹਾ ਹਾਂ। ਤੂੰ ਮੇਰੇ ਨਾਲ ਗੱਡੀ ਵਿਚ ਕਿਉਂ ਨਹੀਂ ਆਉਂਦੀ ਤੇ ਬੈਥਲ ਦੀ ਮੈਂਬਰ ਨਹੀਂ ਬਣਦੀ?” ਕੋਰਲੀ ਨੇ ਖ਼ੁਸ਼ੀ-ਖ਼ੁਸ਼ੀ ਉਸ ਦਾ ਸੱਦਾ ਸਵੀਕਾਰ ਕਰ ਲਿਆ।

ਕੋਰਲੀ ਅਤੇ ਬੈਥਲ ਦੀਆਂ ਦੂਸਰੀਆਂ ਭੈਣਾਂ ਨੇ ਲੜਾਈ ਦੇ ਸਾਲਾਂ ਦੌਰਾਨ ਲੱਗੀ ਪਾਬੰਦੀ ਵਿਚ ਆਸਟ੍ਰੇਲੀਆ ਦੇ ਭਰਾਵਾਂ ਨੂੰ ਬਾਈਬਲ ਸੰਬੰਧੀ ਪ੍ਰਕਾਸ਼ਨ ਮੁਹੱਈਆ ਕਰਾਉਣ ਦਾ ਬਹੁਤ ਜ਼ਰੂਰੀ ਕੰਮ ਕੀਤਾ। ਅਸਲ ਵਿਚ ਭਰਾ ਮੈਲਕਮ ਵੇਲ ਦੀ ਨਿਗਰਾਨੀ ਅਧੀਨ ਉਹੀ ਛਪਾਈ ਦਾ ਜ਼ਿਆਦਾ ਕੰਮ ਕਰਦੀਆਂ ਸਨ। ਪਾਬੰਦੀ ਦੌਰਾਨ ਨਵਾਂ ਸੰਸਾਰ (ਅੰਗ੍ਰੇਜ਼ੀ) ਅਤੇ ਬੱਚੇ (ਅੰਗ੍ਰੇਜ਼ੀ) ਕਿਤਾਬਾਂ ਛਾਪੀਆਂ ਗਈਆਂ ਸਨ ਅਤੇ ਦੋ ਸਾਲਾਂ ਦੌਰਾਨ ਪਹਿਰਾਬੁਰਜ ਦਾ ਇਕ ਵੀ ਅੰਕ ਛਪਣ ਤੋਂ ਨਹੀਂ ਰਿਹਾ।

ਪੁਲਸ ਤੋਂ ਬਚਣ ਲਈ ਛਪਾਈ ਦੀ ਮਸ਼ੀਨ ਘੱਟੋ-ਘੱਟ 15 ਵਾਰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣੀ ਪਈ। ਇਕ ਵਾਰ ਇਕ ਇਮਾਰਤ ਵਿਚ ਲੋਕਾਂ ਨੂੰ ਦਿਖਾਉਣ ਲਈ ਹੋਰ ਕਿਤਾਬਾਂ ਦੀ ਛਪਾਈ ਕੀਤੀ ਜਾਂਦੀ ਸੀ, ਪਰ ਇਸ ਦੇ ਤਹਿਖ਼ਾਨੇ ਵਿਚ ਸੋਸਾਇਟੀ ਦੀਆਂ ਕਿਤਾਬਾਂ ਛਾਪੀਆਂ ਜਾਂਦੀਆਂ ਸਨ। ਜਦੋਂ ਵੀ ਕਿਸੇ ਗੱਲ ਦਾ ਖ਼ਤਰਾ ਹੁੰਦਾ ਸੀ, ਤਾਂ ਰਿਸੈਪਸ਼ਨ ਤੇ ਬੈਠੀ ਭੈਣ ਇਕ ਬਟਨ ਦਬਾਅ ਕੇ ਤਹਿਖ਼ਾਨੇ ਵਿਚ ਲੱਗੀ ਘੰਟੀ ਵਜਾ ਦਿੰਦੀ ਸੀ ਜਿਸ ਨੂੰ ਸੁਣ ਕੇ ਭੈਣਾਂ ਤਲਾਸ਼ੀ ਹੋਣ ਤੋਂ ਪਹਿਲਾਂ ਹੀ ਸਾਰੇ ਪ੍ਰਕਾਸ਼ਨ ਲੁਕਾ ਦਿੰਦੀਆਂ ਸਨ।

ਇਕ ਵਾਰ ਜਦੋਂ ਪੁਲਸ ਤਲਾਸ਼ੀ ਲੈਣ ਆਈ, ਤਾਂ ਭੈਣਾਂ ਮੇਜ਼ ਉੱਤੇ ਪਏ ਪਹਿਰਾਬੁਰਜ ਨੂੰ ਦੇਖ ਕੇ ਡਰ ਗਈਆਂ। ਪੁਲਸ ਵਾਲਾ ਆਇਆ ਤੇ ਆਪਣਾ ਟੈਚੀ ਪਹਿਰਾਬੁਰਜ ਉੱਤੇ ਰੱਖ ਕੇ ਤਲਾਸ਼ੀ ਲੈਣ ਲੱਗ ਪਿਆ। ਕੁਝ ਨਾ ਮਿਲਣ ਤੇ ਉਸ ਨੇ ਆਪਣਾ ਟੈਚੀ ਚੁੱਕਿਆ ਤੇ ਚਲਾ ਗਿਆ!

ਪਾਬੰਦੀ ਹੱਟਣ ਤੋਂ ਬਾਅਦ ਬ੍ਰਾਂਚ ਦੀ ਸਾਰੀ ਜਾਇਦਾਦ ਸੋਸਾਇਟੀ ਨੂੰ ਵਾਪਸ ਦੇ ਦਿੱਤੀ ਗਈ। ਉਸ ਵੇਲੇ ਬਹੁਤ ਸਾਰੇ ਭਰਾਵਾਂ ਨੂੰ ਖ਼ਾਸ ਪਾਇਨੀਅਰ ਬਣਨ ਦਾ ਮੌਕਾ ਦਿੱਤਾ ਗਿਆ। ਕੋਰਲੀ ਖ਼ਾਸ ਪਾਇਨੀਅਰ ਬਣ ਕੇ ਗਲੈੱਨ ਇਨਜ਼ ਸ਼ਹਿਰ ਚਲੀ ਗਈ। ਜਦੋਂ ਅਸੀਂ ਦੋਵਾਂ ਨੇ 1 ਜਨਵਰੀ 1948 ਨੂੰ ਵਿਆਹ ਕਰਾ ਲਿਆ, ਤਾਂ ਮੈਂ ਵੀ ਉੱਥੇ ਚਲਾ ਗਿਆ। ਜਿਸ ਸਮੇਂ ਅਸੀਂ ਉੱਥੇ ਆਪਣਾ ਪ੍ਰਚਾਰ ਦਾ ਕੰਮ ਖ਼ਤਮ ਕੀਤਾ, ਉਸ ਵੇਲੇ ਉੱਥੇ ਇਕ ਵੱਡੀ ਕਲੀਸਿਯਾ ਸਥਾਪਿਤ ਹੋ ਚੁੱਕੀ ਸੀ।

ਉੱਥੋਂ ਸਾਨੂੰ ਰਾਕਹੈਂਪਟਨ ਪ੍ਰਚਾਰ ਕਰਨ ਲਈ ਘੱਲਿਆ ਗਿਆ। ਉੱਥੇ ਸਾਨੂੰ ਰਹਿਣ ਲਈ ਜਗ੍ਹਾ ਨਹੀਂ ਮਿਲੀ ਇਸ ਲਈ ਅਸੀਂ ਇਕ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੇ ਫਾਰਮ ਵਿਚ ਖੁੱਲ੍ਹੀ ਜਗ੍ਹਾ ਤੇ ਟੈਂਟ ਲਾ ਲਿਆ। ਅਸੀਂ ਇਸ ਟੈਂਟ ਵਿਚ ਨੌਂ ਮਹੀਨਿਆਂ ਤਕ ਰਹੇ। ਇਸ ਵਿਚ ਅਸੀਂ ਹੋਰ ਜ਼ਿਆਦਾ ਰਹਿ ਸਕਦੇ ਸੀ, ਪਰ ਬਰਸਾਤ ਦੇ ਮੌਸਮ ਵਿਚ ਤੂਫ਼ਾਨ ਨੇ ਇਸ ਨੂੰ ਲੀਰੋ-ਲੀਰ ਕਰ ਦਿੱਤਾ ਤੇ ਮੀਂਹ ਨੇ ਇਸ ਦਾ ਕੰਮ ਤਮਾਮ ਕਰ ਦਿੱਤਾ। *

ਵਿਦੇਸ਼ੀ ਧਰਤੀ ਤੇ ਪ੍ਰਚਾਰ ਕਰਨਾ

ਜਦੋਂ ਅਸੀਂ ਰਾਕਹੈਂਪਟਨ ਵਿਚ ਸੀ, ਉੱਥੇ ਸਾਨੂੰ ਮਿਸ਼ਨਰੀ ਟ੍ਰੇਨਿੰਗ ਵਾਸਤੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 19ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ। ਇਸ ਤਰ੍ਹਾਂ 1952 ਵਿਚ ਗ੍ਰੈਜੂਏਟ ਹੋਣ ਤੋਂ ਬਾਅਦ ਸਾਨੂੰ ਦੱਖਣੀ-ਪੱਛਮੀ ਅਫ਼ਰੀਕਾ ਘੱਲਿਆ ਗਿਆ।

ਉੱਥੇ ਈਸਾਈ-ਜਗਤ ਦੇ ਪਾਦਰੀਆਂ ਨੇ ਇਹ ਦਿਖਾਉਣ ਵਿਚ ਜ਼ਰਾ ਜਿੰਨੀ ਵੀ ਢਿੱਲ ਨਹੀਂ ਕੀਤੀ ਕਿ ਉਹ ਸਾਡੇ ਮਿਸ਼ਨਰੀ ਕੰਮ ਨੂੰ ਕਿਸ ਨਜ਼ਰ ਨਾਲ ਦੇਖਦੇ ਸਨ। ਲਗਾਤਾਰ ਛੇ ਹਫ਼ਤਿਆਂ ਲਈ ਹਰ ਐਤਵਾਰ ਨੂੰ ਉਹ ਚਰਚ ਵਿਚ ਆਪਣੇ ਲੋਕਾਂ ਨੂੰ ਸਾਡੇ ਤੋਂ ਖ਼ਬਰਦਾਰ ਕਰਦੇ ਸਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇ ਅਸੀਂ ਉਨ੍ਹਾਂ ਦੇ ਘਰ ਆਉਂਦੇ ਹਾਂ, ਤਾਂ ਉਹ ਦਰਵਾਜ਼ਾ ਨਾ ਖੋਲ੍ਹਣ ਤੇ ਨਾ ਹੀ ਸਾਨੂੰ ਬਾਈਬਲ ਵਿੱਚੋਂ ਕੁਝ ਪੜ੍ਹਨ ਦੇਣ ਕਿਉਂਕਿ ਸਾਡੀਆਂ ਗੱਲਾਂ ਸੁਣ ਕੇ ਉਹ ਪਰੇਸ਼ਾਨੀ ਵਿਚ ਪੈ ਜਾਣਗੇ। ਇਕ ਇਲਾਕੇ ਵਿਚ ਅਸੀਂ ਕਈ ਪ੍ਰਕਾਸ਼ਨ ਲੋਕਾਂ ਵਿਚ ਵੰਡੇ, ਪਰ ਪਾਦਰੀ ਨੇ ਸਾਰਿਆਂ ਦੇ ਘਰ ਜਾ ਕੇ ਉਹ ਪ੍ਰਕਾਸ਼ਨ ਲੈ ਲਏ। ਇਕ ਵਾਰ ਅਸੀਂ ਪਾਦਰੀ ਦੇ ਘਰ ਉਸ ਨਾਲ ਗੱਲਬਾਤ ਕੀਤੀ। ਉੱਥੇ ਅਸੀਂ ਦੇਖਿਆ ਕਿ ਪਾਦਰੀ ਨੇ ਸਾਡੀਆਂ ਕਿਤਾਬਾਂ ਵਗੈਰਾ ਦਾ ਚੰਗਾ ਸਟਾਕ ਜਮਾ ਕੀਤਾ ਹੋਇਆ ਸੀ।

ਜਲਦੀ ਹੀ ਸਥਾਨਕ ਅਧਿਕਾਰੀਆਂ ਨੇ ਸਾਡੇ ਕੰਮ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪਾਦਰੀ ਦੇ ਭੜਕਾਉਣ ਤੇ ਉਨ੍ਹਾਂ ਨੇ ਸਾਡੇ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਡੇ ਸੰਬੰਧ ਕਮਿਊਨਿਸਟ ਪਾਰਟੀ ਨਾਲ ਸਨ। ਇਸ ਕਰਕੇ ਉਨ੍ਹਾਂ ਨੇ ਸਾਡੇ ਫਿੰਗਰ ਪਰਿੰਟ ਲੈ ਲਏ ਅਤੇ ਜਿਨ੍ਹਾਂ ਕੁਝ ਲੋਕਾਂ ਨੂੰ ਅਸੀਂ ਮਿਲੇ ਸੀ, ਉਨ੍ਹਾਂ ਨੂੰ ਵੀ ਪੁੱਛ-ਗਿੱਛ ਕੀਤੀ ਗਈ। ਇਸ ਸਾਰੇ ਵਿਰੋਧ ਦੇ ਬਾਵਜੂਦ ਸਭਾਵਾਂ ਵਿਚ ਹਾਜ਼ਰੀ ਵਧਦੀ ਗਈ।

ਉਸ ਦੇਸ਼ ਵਿਚ ਪਹੁੰਚਣ ਦੇ ਪਹਿਲੇ ਦਿਨ ਤੋਂ ਸਾਡੀ ਇਹ ਇੱਛਾ ਸੀ ਕਿ ਅਸੀਂ ਓਵੇਮਬੋ, ਹਿਅਰੇਰੋ, ਨਾਮਾ ਨਾਂ ਦੇ ਆਦਿਵਾਸੀ ਕਬੀਲਿਆਂ ਦੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਈਏ। ਪਰ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਦੱਖਣੀ-ਪੱਛਮੀ ਅਫ਼ਰੀਕਾ ਉੱਤੇ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਸ਼ਾਸਨ ਸੀ। ਗੋਰੇ ਹੋਣ ਕਰਕੇ ਸਾਨੂੰ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਕਾਲੇ ਲੋਕਾਂ ਦੇ ਇਲਾਕਿਆਂ ਵਿਚ ਪ੍ਰਚਾਰ ਦਾ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਅਸੀਂ ਵਾਰ-ਵਾਰ ਇਜਾਜ਼ਤ ਲਈ ਸਰਕਾਰ ਨੂੰ ਬੇਨਤੀ ਕਰਦੇ ਰਹੇ, ਪਰ ਅਫ਼ਸਰਾਂ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ।

ਦੋ ਸਾਲ ਨਮੀਬੀਆ ਵਿਚ ਪ੍ਰਚਾਰ ਕਰਨ ਤੋਂ ਬਾਅਦ ਸਾਡੀ ਜ਼ਿੰਦਗੀ ਵਿਚ ਇਕ ਹੈਰਾਨੀਜਨਕ ਮੋੜ ਆਇਆ। ਕੋਰਲੀ ਮਾਂ ਬਣ ਵਾਲੀ ਸੀ। ਅਕਤੂਬਰ 1955 ਵਿਚ ਸਾਡੀ ਧੀ ਸ਼ਾਰਲਟ ਪੈਦਾ ਹੋਈ। ਭਾਵੇਂ ਅਸੀਂ ਹੁਣ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਨਹੀਂ ਕਰ ਸਕਦੇ ਸੀ, ਫਿਰ ਵੀ ਮੈਂ ਪਾਰਟ-ਟਾਈਮ ਕੰਮ ਕਰ ਕੇ ਕੁਝ ਸਮੇਂ ਲਈ ਨਿਯਮਿਤ ਪਾਇਨੀਅਰੀ ਕਰਦਾ ਰਿਹਾ।

ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ

ਸਾਲ 1960 ਵਿਚ ਅਸੀਂ ਇਕ ਹੋਰ ਮੁਸ਼ਕਲ ਦਾ ਸਾਮ੍ਹਣਾ ਕੀਤਾ। ਕੋਰਲੀ ਨੂੰ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਉਸ ਦੀ ਮਾਂ ਬਹੁਤ ਬੀਮਾਰ ਸੀ ਅਤੇ ਜੇ ਕੋਰਲੀ ਆਸਟ੍ਰੇਲੀਆ ਆ ਕੇ ਉਸ ਨੂੰ ਨਹੀਂ ਮਿਲੀ, ਤਾਂ ਸ਼ਾਇਦ ਉਨ੍ਹਾਂ ਦਾ ਦੁਬਾਰਾ ਮੇਲ ਨਾ ਹੋਵੇ। ਇਸ ਕਰਕੇ ਅਸੀਂ ਦੱਖਣੀ-ਪੱਛਮੀ ਅਫ਼ਰੀਕਾ ਛੱਡ ਕੇ ਆਸਟ੍ਰੇਲੀਆ ਵਿਚ ਦੁਬਾਰਾ ਵਸ ਜਾਣ ਦਾ ਫ਼ੈਸਲਾ ਕੀਤਾ। ਪਰ ਜਿਸ ਹਫ਼ਤੇ ਅਸੀਂ ਜਾਣਾ ਸੀ, ਉਸੇ ਹਫ਼ਤੇ ਮੈਨੂੰ ਸਥਾਨਕ ਅਧਿਕਾਰੀਆਂ ਤੋਂ ਚਿੱਠੀ ਮਿਲੀ ਜਿਸ ਵਿਚ ਉਨ੍ਹਾਂ ਨੇ ਮੈਨੂੰ ਕਾਲੇ ਲੋਕਾਂ ਦੇ ਕਾਟੂਟੂਰਾ ਇਲਾਕੇ ਵਿਚ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹੁਣ ਅਸੀਂ ਕੀ ਕਰੀਏ? ਸੱਤ ਸਾਲ ਤਕ ਕੋਸ਼ਿਸ਼ ਕਰਨ ਤੋਂ ਬਾਅਦ ਮਿਲੇ ਪਰਮਿਟ ਨੂੰ ਵਾਪਸ ਦੇ ਦੇਈਏ? ਇਹ ਕਹਿਣਾ ਸੌਖਾ ਸੀ ਕਿ ਅਸੀਂ ਜੋ ਕੰਮ ਸ਼ੁਰੂ ਕੀਤਾ ਸੀ, ਉਸ ਨੂੰ ਦੂਸਰੇ ਭੈਣ-ਭਰਾ ਪੂਰਾ ਕਰ ਦੇਣਗੇ। ਪਰ ਕੀ ਇਹ ਯਹੋਵਾਹ ਵੱਲੋਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਸੀ?

ਮੈਂ ਜਲਦੀ ਹੀ ਆਪਣਾ ਮਨ ਬਣਾ ਲਿਆ। ਮੈਂ ਉੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ ਕਿਉਂਕਿ ਜੇ ਅਸੀਂ ਸਾਰੇ ਆਸਟ੍ਰੇਲੀਆ ਚਲੇ ਜਾਂਦੇ, ਤਾਂ ਦੱਖਣੀ-ਅਫ਼ਰੀਕਾ ਦੇ ਨਾਗਰਿਕ ਬਣਨਾ ਸਾਡੇ ਲਈ ਔਖਾ ਹੋ ਜਾਂਦਾ। ਅਗਲੇ ਦਿਨ ਮੈਂ ਸਮੁੰਦਰੀ ਜਹਾਜ਼ ਦੀ ਆਪਣੀ ਬੁਕਿੰਗ ਕੈਂਸਲ ਕਰਾ ਦਿੱਤੀ ਅਤੇ ਕੋਰਲੀ ਤੇ ਸ਼ਾਰਲਟ ਨੂੰ ਲੰਬੀ ਛੁੱਟੀ ਤੇ ਆਸਟ੍ਰੇਲੀਆ ਘੱਲ ਦਿੱਤਾ।

ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਕਾਲੇ ਲੋਕਾਂ ਦੇ ਇਲਾਕੇ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੇ ਦਿਲਚਸਪੀ ਦਿਖਾਈ। ਜਦੋਂ ਕੋਰਲੀ ਤੇ ਸ਼ਾਰਲਟ ਵਾਪਸ ਆਈਆਂ, ਉਸ ਵੇਲੇ ਤਕ ਕਈ ਕਾਲੇ ਲੋਕਾਂ ਨੇ ਸਾਡੀਆਂ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ ਸੀ।

ਉਦੋਂ ਤਕ ਮੈਂ ਇਕ ਪੁਰਾਣੀ ਕਾਰ ਵੀ ਖ਼ਰੀਦ ਲਈ ਸੀ ਜਿਸ ਵਿਚ ਮੈਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਸਭਾਵਾਂ ਵਿਚ ਲਿਆਉਂਦਾ ਸੀ। ਮੈਂ ਹਰ ਸਭਾ ਵਿਚ ਲੋਕਾਂ ਨੂੰ ਲਿਆਉਣ ਲਈ ਚਾਰ ਜਾਂ ਪੰਜ ਗੇੜੇ ਮਾਰਦਾ ਹੁੰਦਾ ਸੀ ਤੇ ਹਰ ਗੇੜੇ ਵਿਚ ਸੱਤ, ਅੱਠ ਜਾਂ ਨੌਂ ਲੋਕਾਂ ਨੂੰ ਲਿਆਉਂਦਾ ਸੀ। ਜਦੋਂ ਆਖ਼ਰੀ ਬੰਦਾ ਕਾਰ ਵਿੱਚੋਂ ਨਿਕਲਦਾ ਸੀ, ਤਾਂ ਕੋਰਲੀ ਮਜ਼ਾਕ ਨਾਲ ਪੁੱਛਦੀ ਹੁੰਦੀ ਸੀ: “ਹੋਰ ਕਿੰਨੇ ਕੁ ਜਣੇ ਸੀਟ ਥੱਲੇ ਵਾੜੇ ਹਨ?”

ਚੰਗੀ ਤਰ੍ਹਾਂ ਪ੍ਰਚਾਰ ਕਰਨ ਲਈ ਸਾਨੂੰ ਆਦਿਵਾਸੀ ਲੋਕਾਂ ਦੀ ਭਾਸ਼ਾ ਵਿਚ ਕਿਤਾਬਾਂ ਵਗੈਰਾ ਚਾਹੀਦੀਆਂ ਸਨ। ਇਸ ਲਈ ਮੈਨੂੰ ਉੱਥੇ ਦੀਆਂ ਚਾਰ ਭਾਸ਼ਾਵਾਂ ਹਿਅਰੇਰੋ, ਨਾਮਾ, ਨਡੌਂਗਾ ਅਤੇ ਖਵਾਂਨਿਯਾਮਾ ਵਿਚ ਨਵੀਂ ਦੁਨੀਆਂ ਵਿਚ ਜੀਵਨ ਨਾਂ ਦਾ ਟ੍ਰੈਕਟ ਅਨੁਵਾਦ ਕਰਾਉਣ ਦਾ ਮੌਕਾ ਮਿਲਿਆ। ਇਸ ਨੂੰ ਅਨੁਵਾਦ ਕਰਨ ਵਾਲੇ ਲੋਕ ਪੜ੍ਹੇ-ਲਿਖੇ ਸਨ ਜਿਨ੍ਹਾਂ ਨਾਲ ਅਸੀਂ ਬਾਈਬਲ ਦਾ ਅਧਿਐਨ ਕਰਦੇ ਸੀ। ਪਰ ਮੈਨੂੰ ਇਨ੍ਹਾਂ ਨਾਲ ਬੈਠਣਾ ਪੈਂਦਾ ਸੀ ਤੇ ਧਿਆਨ ਰੱਖਣਾ ਪੈਂਦਾ ਸੀ ਕਿ ਉਹ ਹਰ ਗੱਲ ਦਾ ਸਹੀ-ਸਹੀ ਅਨੁਵਾਦ ਕਰਦੇ ਸਨ ਜਾਂ ਨਹੀਂ। ਨਾਮਾ ਭਾਸ਼ਾ ਵਿਚ ਬਹੁਤ ਥੋੜ੍ਹੇ ਸ਼ਬਦ ਹਨ। ਉਦਾਹਰਣ ਲਈ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ: “ਸ਼ੁਰੂ ਵਿਚ ਆਦਮ ਇਕ ਸੰਪੂਰਣ ਆਦਮੀ ਸੀ।” ਅਨੁਵਾਦ ਕਰਨ ਵਾਲੇ ਨੇ ਆਪਣਾ ਸਿਰ ਖੁਰਕਦੇ ਹੋਏ ਕਿਹਾ ਕਿ ਉਸ ਨੂੰ “ਸੰਪੂਰਣ” ਲਈ ਨਾਮਾ ਸ਼ਬਦ ਨਹੀਂ ਪਤਾ। ਅਖ਼ੀਰ ਉਸ ਨੇ ਕਿਹਾ: “ਹਾਂ, ਮੈਨੂੰ ਪਤਾ ਲੱਗ ਗਿਆ। ਸ਼ੁਰੂ ਵਿਚ ਆਦਮ ਇਕ ਪੱਕੇ ਆੜੂ ਵਾਂਗ ਸੀ।”

ਆਪਣੀ ਜ਼ਿੰਮੇਵਾਰੀ ਤੋਂ ਬਹੁਤ ਸੰਤੁਸ਼ਟੀ ਮਿਲੀ

ਸਾਨੂੰ ਇਸ ਦੇਸ਼ ਵਿਚ, ਜਿਸ ਨੂੰ ਹੁਣ ਨਮੀਬੀਆ ਕਿਹਾ ਜਾਂਦਾ ਹੈ, ਆਇਆਂ ਨੂੰ ਤਕਰੀਬਨ 49 ਸਾਲ ਹੋ ਗਏ ਹਨ। ਹੁਣ ਆਦਿਵਾਸੀ ਕਾਲੇ ਲੋਕਾਂ ਦੇ ਇਲਾਕਿਆਂ ਵਿਚ ਜਾਣ ਲਈ ਪਰਮਿਟ ਦੀ ਲੋੜ ਨਹੀਂ ਹੈ। ਨਮੀਬੀਆ ਦੀ ਨਵੀਂ ਸਰਕਾਰ ਕਿਸੇ ਵੀ ਕਬੀਲੇ ਨਾਲ ਪੱਖਪਾਤ ਨਹੀਂ ਕਰਦੀ। ਅੱਜ ਵਿੰਡਹੁਕ ਵਿਚ ਚਾਰ ਕਲੀਸਿਯਾਵਾਂ ਹਨ ਜਿਨ੍ਹਾਂ ਦੇ ਆਪਣੇ ਵਧੀਆ ਕਿੰਗਡਮ ਹਾਲ ਹਨ।

ਅਸੀਂ ਹਮੇਸ਼ਾ ਗਿਲਿਅਡ ਵਿਚ ਕਹੇ ਗਏ ਇਨ੍ਹਾਂ ਸ਼ਬਦਾਂ ਬਾਰੇ ਸੋਚਦੇ ਹਾਂ: “ਜਿਸ ਦੇਸ਼ ਵਿਚ ਤੁਹਾਨੂੰ ਪ੍ਰਚਾਰ ਕਰਨ ਲਈ ਘੱਲਿਆ ਜਾਂਦਾ ਹੈ, ਉਸ ਨੂੰ ਹੀ ਆਪਣਾ ਘਰ ਬਣਾ ਲਓ।” ਜਿਸ ਤਰੀਕੇ ਨਾਲ ਯਹੋਵਾਹ ਨੇ ਹਰ ਮਾਮਲੇ ਨੂੰ ਿਨੱਜਠਿਆ ਹੈ, ਉਸ ਤੋਂ ਸਾਨੂੰ ਪੂਰਾ ਯਕੀਨ ਹੈ ਕਿ ਉਹ ਚਾਹੁੰਦਾ ਸੀ ਕਿ ਅਸੀਂ ਇਸ ਦੇਸ਼ ਨੂੰ ਹੀ ਆਪਣਾ ਘਰ ਬਣਾਈਏ। ਅਸੀਂ ਭਰਾਵਾਂ ਨੂੰ ਅਤੇ ਉਨ੍ਹਾਂ ਦੇ ਵੱਖੋ-ਵੱਖਰੇ ਦਿਲਚਸਪ ਸਭਿਆਚਾਰਾਂ ਨਾਲ ਪਿਆਰ ਕਰਨ ਲੱਗ ਪਏ। ਅਸੀਂ ਉਨ੍ਹਾਂ ਦੀਆਂ ਖ਼ੁਸ਼ੀਆਂ ਤੇ ਗਮਾਂ ਦੋਵਾਂ ਵਿਚ ਸ਼ਾਮਲ ਹੋਏ। ਜਿਨ੍ਹਾਂ ਕੁਝ ਨਵੇਂ ਵਿਅਕਤੀਆਂ ਨੂੰ ਅਸੀਂ ਆਪਣੀ ਕਾਰ ਵਿਚ ਲਿਆਉਂਦੇ ਹੁੰਦੇ ਸੀ, ਉਹ ਅੱਜ ਆਪਣੀਆਂ-ਆਪਣੀਆਂ ਕਲੀਸਿਯਾਵਾਂ ਦੇ ਥੰਮ੍ਹ ਹਨ। ਅਸੀਂ ਇਸ ਵੱਡੇ ਦੇਸ਼ ਵਿਚ 1953 ਵਿਚ ਆਏ ਸੀ ਤੇ ਉਸ ਵੇਲੇ ਇੱਥੇ ਖ਼ੁਸ਼ ਖ਼ਬਰੀ ਦੇ ਦਸ ਤੋਂ ਵੀ ਘੱਟ ਪ੍ਰਚਾਰਕ ਸਨ। ਪਰ ਅੱਜ ਉਨ੍ਹਾਂ ਦੀ ਗਿਣਤੀ 1,200 ਤੋਂ ਜ਼ਿਆਦਾ ਹੈ। ਆਪਣੇ ਵਾਅਦੇ ਦੇ ਮੁਤਾਬਕ ਯਹੋਵਾਹ ਨੇ ਉਨ੍ਹਾਂ ਬੂਟਿਆਂ ਨੂੰ ਵਧਾਇਆ ਹੈ ਜਿਨ੍ਹਾਂ ਨੂੰ ਅਸੀਂ ਤੇ ਦੂਸਰਿਆਂ ਨੇ ‘ਲਾਇਆ ਅਤੇ ਸਿੰਜਿਆ।’—1 ਕੁਰਿੰਥੀਆਂ 3:6.

ਜਦੋਂ ਅਸੀਂ ਆਸਟ੍ਰੇਲੀਆ ਅਤੇ ਨਮੀਬੀਆ ਵਿਚ ਪ੍ਰਚਾਰ ਸੇਵਾ ਵਿਚ ਲਾਏ ਬਹੁਤ ਸਾਰੇ ਸਾਲਾਂ ਉੱਤੇ ਨਿਗਾਹ ਮਾਰਦੇ ਹਾਂ, ਤਾਂ ਸਾਨੂੰ ਬਹੁਤ ਹੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ। ਸਾਨੂੰ ਉਮੀਦ ਹੈ ਅਤੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਸਾਨੂੰ ਸ਼ਕਤੀ ਦੇਵੇਗਾ, ਤਾਂਕਿ ਅਸੀਂ ਹੁਣ ਅਤੇ ਹਮੇਸ਼ਾ ਲਈ ਉਸ ਦੀ ਇੱਛਾ ਪੂਰੀ ਕਰਦੇ ਰਹੀਏ।

[ਫੁਟਨੋਟ]

^ ਪੈਰਾ 22 ਰਾਕਹੈਂਪਟਨ ਵਿਚ ਭਰਾ ਤੇ ਭੈਣ ਵੋਲਡਰਨ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ, ਇਸ ਦੀ ਦਿਲਚਸਪ ਕਹਾਣੀ 1 ਦਸੰਬਰ 1952 ਦੇ ਪਹਿਰਾਬੁਰਜ, (ਅੰਗ੍ਰੇਜ਼ੀ) ਸਫ਼ੇ 707-8 ਉੱਤੇ ਦਿੱਤੀ ਗਈ। ਪਰ ਲੇਖ ਵਿਚ ਉਨ੍ਹਾਂ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ।

[ਸਫ਼ੇ 26, 27 ਉੱਤੇ ਤਸਵੀਰ]

ਆਸਟ੍ਰੇਲੀਆ ਦੇ ਸ਼ਹਿਰ ਰਾਕਹੈਂਪਟਨ ਵਿਚ ਪ੍ਰਚਾਰਕ ਕਰਨ ਲਈ ਜਾਂਦੇ ਹੋਏ

[ਸਫ਼ੇ 27 ਉੱਤੇ ਤਸਵੀਰ]

ਗਿਲੀਅਡ ਸਕੂਲ ਜਾਣ ਵਾਸਤੇ ਸਮੁੰਦਰੀ ਜਹਾਜ਼ ਦੀ ਬੰਦਰਗਾਹ ਉੱਤੇ

[ਸਫ਼ੇ 28 ਉੱਤੇ ਤਸਵੀਰ]

ਨਮੀਬੀਆ ਵਿਚ ਪ੍ਰਚਾਰ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ ਹੈ