Skip to content

Skip to table of contents

ਆਪਣੀ ਇੱਛਾ ਨਾਲ ਦਾਨ ਦੇ ਕੇ ਖ਼ੁਸ਼ੀ ਮਿਲਦੀ ਹੈ

ਆਪਣੀ ਇੱਛਾ ਨਾਲ ਦਾਨ ਦੇ ਕੇ ਖ਼ੁਸ਼ੀ ਮਿਲਦੀ ਹੈ

ਆਪਣੀ ਇੱਛਾ ਨਾਲ ਦਾਨ ਦੇ ਕੇ ਖ਼ੁਸ਼ੀ ਮਿਲਦੀ ਹੈ

ਜ਼ਨੀਵੁ ਉੱਤਰ-ਪੂਰਬੀ ਬ੍ਰਾਜ਼ੀਲ ਦੇ ਇਕ ਗ਼ਰੀਬ ਇਲਾਕੇ ਵਿਚ ਰਹਿੰਦਾ ਹੈ। ਉਹ ਇਕ ਹਸਪਤਾਲ ਵਿਚ ਸੁਰੱਖਿਆ ਗਾਰਡ ਦਾ ਕੰਮ ਕਰਦਾ ਸੀ ਅਤੇ ਉਸ ਨੂੰ ਜੋ ਥੋੜ੍ਹੀ ਜਿਹੀ ਤਨਖ਼ਾਹ ਮਿਲਦੀ ਸੀ, ਉਸ ਨਾਲ ਉਹ ਆਪਣੀ ਘਰ ਵਾਲੀ ਤੇ ਬੱਚਿਆਂ ਦਾ ਢਿੱਡ ਭਰਦਾ ਸੀ। ਤੰਗੀਆਂ ਦੇ ਬਾਵਜੂਦ ਜ਼ਨੀਵੁ ਈਮਾਨਦਾਰੀ ਨਾਲ ਦਸਵੰਧ ਦਿੰਦਾ ਹੁੰਦਾ ਸੀ। ਆਪਣੇ ਢਿੱਡ ਤੇ ਹੱਥ ਫੇਰਦੇ ਹੋਏ ਉਹ ਕਹਿੰਦਾ ਹੈ: “ਕਈ ਵਾਰ ਤਾਂ ਮੇਰੇ ਪਰਿਵਾਰ ਨੂੰ ਭੁੱਖਾ ਰਹਿਣਾ ਪੈਂਦਾ ਸੀ, ਪਰ ਮੈਂ ਰੱਬ ਨੂੰ ਆਪਣੀ ਸਭ ਤੋਂ ਕੀਮਤੀ ਚੀਜ਼ ਦੇਣੀ ਚਾਹੁੰਦਾ ਸੀ, ਭਾਵੇਂ ਇਸ ਲਈ ਮੈਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪੈਂਦੀ।”

ਨੌਕਰੀ ਤੋਂ ਹੱਥ ਧੋ ਬੈਠਣ ਤੋਂ ਬਾਅਦ ਵੀ ਜ਼ਨੀਵੁ ਦਸਵੰਧ ਦਿੰਦਾ ਰਿਹਾ। ਉਸ ਦੇ ਪਾਦਰੀ ਨੇ ਉਸ ਨੂੰ ਕਿਹਾ ਕਿ ਉਹ ਵੱਡੀ ਰਕਮ ਦਾਨ ਕਰ ਕੇ ਰੱਬ ਦਾ ਇਮਤਿਹਾਨ ਲਵੇ। ਉਸ ਪਾਦਰੀ ਨੇ ਉਸ ਨੂੰ ਇਸ ਗੱਲ ਦਾ ਪੱਕਾ ਭਰੋਸਾ ਦਿੱਤਾ ਕਿ ਰੱਬ ਜ਼ਰੂਰ ਉਸ ਉੱਤੇ ਆਪਣੀਆਂ ਬਰਕਤਾਂ ਦਾ ਮੀਂਹ ਵਰਾਏਗਾ। ਇਸ ਲਈ ਜ਼ਨੀਵੁ ਨੇ ਆਪਣਾ ਘਰ ਵੇਚ ਕੇ ਪੈਸਾ ਗਿਰਜੇ ਨੂੰ ਦਾਨ ਦੇਣ ਦਾ ਫ਼ੈਸਲਾ ਕੀਤਾ।

ਇਕੱਲਾ ਜ਼ਨੀਵੁ ਹੀ ਪੂਰੀ ਈਮਾਨਦਾਰੀ ਨਾਲ ਦਾਨ ਨਹੀਂ ਦਿੰਦਾ। ਬਹੁਤ ਸਾਰੇ ਗ਼ਰੀਬ ਵੀ ਪੂਰੀ ਆਗਿਆਕਾਰੀ ਨਾਲ ਦਸਵੰਧ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਗਿਰਜਿਆਂ ਵਿਚ ਸਿਖਾਇਆ ਜਾਂਦਾ ਹੈ ਕਿ ਬਾਈਬਲ ਵਿਚ ਦਸਵੰਧ ਦੇਣ ਦਾ ਹੁਕਮ ਦਿੱਤਾ ਗਿਆ ਹੈ। ਕੀ ਇਹ ਸੱਚ ਹੈ?

ਦਸਵੰਧ ਅਤੇ ਮੂਸਾ ਦੀ ਬਿਵਸਥਾ

ਅੱਜ ਤੋਂ ਤਕਰੀਬਨ 3,500 ਸਾਲ ਪਹਿਲਾਂ ਪੁਰਾਣੇ ਇਸਰਾਏਲ ਦੇ 12 ਗੋਤਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਿਵਸਥਾ ਦਿੱਤੀ ਸੀ। ਇਸ ਬਿਵਸਥਾ ਵਿਚ ਹੀ ਦਸਵੰਧ ਦੇਣ ਦਾ ਹੁਕਮ ਦਿੱਤਾ ਗਿਆ ਸੀ। ਇਸ ਬਿਵਸਥਾ ਵਿਚ ਇਹ ਹੁਕਮ ਦਿੱਤਾ ਗਿਆ ਸੀ ਕਿ ਹਰ ਵਿਅਕਤੀ ਫ਼ਸਲ ਦਾ, ਫਲਾਂ ਦਾ ਅਤੇ ਪਸ਼ੂਆਂ ਦਾ ਦਸਵਾਂ ਹਿੱਸਾ ਲੇਵੀਆਂ ਨੂੰ ਦੇਣ ਜੋ ਤੰਬੂ ਵਿਚ ਸੇਵਾ ਕਰਦੇ ਸਨ।—ਲੇਵੀਆਂ 27:30, 32; ਗਿਣਤੀ 18:21, 24.

ਯਹੋਵਾਹ ਨੇ ਇਸਰਾਏਲੀਆਂ ਨੂੰ ਭਰੋਸਾ ਦਿੱਤਾ ਸੀ ਕਿ ਇਹ ਹੁਕਮ ‘ਉਨ੍ਹਾਂ ਲਈ ਬਹੁਤਾ ਔਖਾ ਨਹੀਂ ਹੋਵੇਗਾ।’ (ਬਿਵਸਥਾ ਸਾਰ 30:11) ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਜਿੰਨਾ ਚਿਰ ਉਹ ਵਫ਼ਾਦਾਰੀ ਨਾਲ ਉਸ ਦੇ ਦਸਵੰਧ ਦੇਣ ਦੇ ਹੁਕਮ ਉੱਤੇ ਅਤੇ ਦੂਸਰੇ ਹੁਕਮਾਂ ਉੱਤੇ ਚੱਲਦੇ ਰਹੇ, ਉੱਨਾ ਚਿਰ ਉਹ ਉਨ੍ਹਾਂ ਨੂੰ ਭਰਪੂਰ ਫ਼ਸਲਾਂ ਦੇਵੇਗਾ। ਤਿਉਹਾਰਾਂ ਵੇਲੇ ਖਾਣ ਵਾਲੀਆਂ ਚੀਜ਼ਾਂ ਥੁੜਨ ਤੋਂ ਬਚਾਉਣ ਲਈ ਹਰ ਸਾਲ ਲਗਾਤਾਰ ਇਕ ਹੋਰ ਦਸਵੰਧ ਵੱਖ ਰੱਖਿਆ ਜਾਂਦਾ ਸੀ। ਇਸ ਨੂੰ ਆਮ ਕਰਕੇ ਉਦੋਂ ਵਰਤਿਆ ਜਾਂਦਾ ਸੀ ਜਦੋਂ ਸਾਰੀ ਕੌਮ ਤਿਉਹਾਰ ਮਨਾਉਣ ਲਈ ਇਕੱਠੀ ਹੁੰਦੀ ਸੀ। ਇਸ ਤਰ੍ਹਾਂ “ਪਰਦੇਸੀ, ਯਤੀਮ ਅਤੇ ਵਿਧਵਾ” ਵੀ ਆਪਣਾ ਢਿੱਡ ਭਰ ਸਕਦੇ ਸਨ।—ਬਿਵਸਥਾ ਸਾਰ 14:28, 29; 28:1, 2, 11-14.

ਬਿਵਸਥਾ ਵਿਚ ਇਹ ਨਹੀਂ ਦੱਸਿਆ ਗਿਆ ਸੀ ਕਿ ਦਸਵੰਧ ਨਾ ਦੇਣ ਵਾਲੇ ਨੂੰ ਕੀ ਸਜ਼ਾ ਦਿੱਤੀ ਜਾਵੇਗੀ, ਪਰ ਹਰ ਇਸਰਾਏਲੀ ਦਾ ਇਹ ਫ਼ਰਜ਼ ਬਣਦਾ ਸੀ ਕਿ ਉਹ ਇਸ ਤਰੀਕੇ ਨਾਲ ਸੱਚੀ ਭਗਤੀ ਦਾ ਸਮਰਥਨ ਕਰੇ। ਯਹੋਵਾਹ ਨੇ ਮਲਾਕੀ ਦੇ ਦਿਨਾਂ ਵਿਚ ਦਸਵੰਧ ਨਾ ਦੇਣ ਵਾਲੇ ਇਸਰਾਏਲੀਆਂ ਨੂੰ ਦੋਸ਼ੀ ਠਹਿਰਾਇਆ ਸੀ ਕਿ ‘ਉਨ੍ਹਾਂ ਨੇ ਉਸ ਨੂੰ ਦਸਵੰਧਾਂ ਅਤੇ ਭੇਟਾਂ ਵਿੱਚ ਠੱਗ ਲਿਆ।’ (ਮਲਾਕੀ 3:8) ਕੀ ਉਨ੍ਹਾਂ ਮਸੀਹੀਆਂ ਉੱਤੇ ਵੀ ਇਹ ਦੋਸ਼ ਲਾਇਆ ਜਾ ਸਕਦਾ ਹੈ ਜੋ ਦਸਵੰਧ ਨਹੀਂ ਦਿੰਦੇ?

ਜ਼ਰਾ ਇਸ ਗੱਲ ਤੇ ਧਿਆਨ ਦਿਓ ਕਿ ਕਿਸੇ ਦੇਸ਼ ਦੇ ਕਾਨੂੰਨ ਆਮ ਤੌਰ ਤੇ ਉਸ ਦੀਆਂ ਸਰਹੱਦਾਂ ਤੋਂ ਬਾਹਰ ਲਾਗੂ ਨਹੀਂ ਹੁੰਦੇ। ਉਦਾਹਰਣ ਲਈ, ਇੰਗਲੈਂਡ ਵਿਚ ਇਹ ਕਾਨੂੰਨ ਹੈ ਕਿ ਸਾਰੇ ਲੋਕ ਖੱਬੇ ਹੱਥ ਡ੍ਰਾਈਵਿੰਗ ਕਰਨ। ਇਹ ਕਾਨੂੰਨ ਫ਼ਰਾਂਸ ਦੇ ਲੋਕਾਂ ਉੱਤੇ ਲਾਗੂ ਨਹੀਂ ਹੁੰਦਾ। ਇਸੇ ਤਰ੍ਹਾਂ ਦਸਵੰਧ ਦੇਣ ਦਾ ਨਿਯਮ ਸਿਰਫ਼ ਇਸਰਾਏਲ ਦੀ ਕੌਮ ਉੱਤੇ ਲਾਗੂ ਹੁੰਦਾ ਸੀ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਹੀ ਬਿਵਸਥਾ ਦਿੱਤੀ ਸੀ। (ਕੂਚ 19:3-8; ਜ਼ਬੂਰਾਂ ਦੀ ਪੋਥੀ 147:19, 20) ਸਿਰਫ਼ ਇਸਰਾਏਲੀਆਂ ਨੇ ਹੀ ਇਸ ਨਿਯਮ ਉੱਤੇ ਚੱਲਣਾ ਸੀ।

ਇਸ ਤੋਂ ਇਲਾਵਾ, ਭਾਵੇਂ ਪਰਮੇਸ਼ੁਰ ਕਦੀ ਬਦਲਦਾ ਨਹੀਂ, ਪਰ ਉਸ ਦੀਆਂ ਮੰਗਾਂ ਕਈ ਵਾਰ ਬਦਲ ਜਾਂਦੀਆਂ ਹਨ। (ਮਲਾਕੀ 3:6) ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ 33 ਸਾ.ਯੁ. ਨੂੰ ਯਿਸੂ ਦੀ ਕੁਰਬਾਨੀ ਨੇ ਮੂਸਾ ਦੀ ਬਿਵਸਥਾ ਨੂੰ “ਮੇਸ ਦਿੱਤਾ” ਜਾਂ “ਅਕਾਰਥ ਕਰ ਦਿੱਤਾ,” ਜਿਸ ਵਿਚ “ਦਸੌਂਧ ਲੈਣ ਦਾ ਹੁਕਮ” ਵੀ ਸ਼ਾਮਲ ਹੈ।—ਕੁਲੁੱਸੀਆਂ 2:13, 14; ਅਫ਼ਸੀਆਂ 2:13-15; ਇਬਰਾਨੀਆਂ 7:5, 18.

ਮਸੀਹੀ ਦਾਨ

ਪਰ ਸੱਚੀ ਉਪਾਸਨਾ ਵਿਚ ਸ਼ਾਮਲ ਕੰਮ ਕਰਨ ਲਈ ਦਾਨ ਦੀ ਜ਼ਰੂਰਤ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ‘ਧਰਤੀ ਦੇ ਬੰਨੇ ਤੀਕੁਰ ਗਵਾਹ ਹੋਣ।’ (ਰਸੂਲਾਂ ਦੇ ਕਰਤੱਬ 1:8) ਜਿਉਂ-ਜਿਉਂ ਮਸੀਹੀਆਂ ਦੀ ਗਿਣਤੀ ਵਧਦੀ ਗਈ, ਤਿਉਂ-ਤਿਉਂ ਕਲੀਸਿਯਾਵਾਂ ਨੂੰ ਮਿਲਣ ਅਤੇ ਮਜ਼ਬੂਤ ਕਰਨ ਲਈ ਮਸੀਹੀ ਸਿੱਖਿਅਕਾਂ ਅਤੇ ਨਿਗਾਹਬਾਨਾਂ ਦੀ ਲੋੜ ਵੀ ਵਧਦੀ ਗਈ। ਸਮੇਂ-ਸਮੇਂ ਤੇ ਵਿਧਵਾਵਾਂ, ਯਤੀਮਾਂ ਅਤੇ ਦੂਸਰੇ ਲੋੜਵੰਦਾਂ ਨੂੰ ਵੀ ਮਦਦ ਦੀ ਲੋੜ ਪੈਂਦੀ ਸੀ। ਪਹਿਲੀ ਸਦੀ ਦੇ ਮਸੀਹੀ ਇਸ ਸਾਰੇ ਕੰਮ ਦਾ ਖ਼ਰਚਾ ਕਿੱਥੋਂ ਕੱਢਦੇ ਸਨ?

ਤਕਰੀਬਨ 55 ਸਾ.ਯੁ. ਵਿਚ ਯੂਰਪ ਅਤੇ ਏਸ਼ੀਆ ਮਾਈਨਰ ਦੇ ਗ਼ੈਰ-ਯਹੂਦੀ ਮਸੀਹੀਆਂ ਨੂੰ ਯਹੂਦਿਯਾ ਦੀ ਕਲੀਸਿਯਾ ਦੇ ਗ਼ਰੀਬ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ ਗਈ। ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਸਮਝਾਇਆ ਕਿ ‘ਸੰਤਾਂ ਲਈ ਚੰਦਾ’ ਕਿਵੇਂ ਇਕੱਠਾ ਕੀਤਾ ਜਾਣਾ ਸੀ। (1 ਕੁਰਿੰਥੀਆਂ 16:1) ਪੌਲੁਸ ਦੇ ਇਨ੍ਹਾਂ ਸ਼ਬਦਾਂ ਨੇ ਮਸੀਹੀ ਦਾਨ ਦੇਣ ਬਾਰੇ ਜੋ ਗੱਲਾਂ ਜ਼ਾਹਰ ਕੀਤੀਆਂ, ਉਨ੍ਹਾਂ ਨੂੰ ਜਾਣ ਕੇ ਤੁਸੀਂ ਸ਼ਾਇਦ ਹੈਰਾਨ ਹੋਵੋ।

ਪੌਲੁਸ ਰਸੂਲ ਨੇ ਦਾਨ ਦੇਣ ਲਈ ਸਾਥੀ ਵਿਸ਼ਵਾਸੀਆਂ ਦੀ ਚਾਪਲੂਸੀ ਨਹੀਂ ਕੀਤੀ। ਅਸਲ ਵਿਚ ਮਕਦੂਨਿਯਾ ਦੇ ਮਸੀਹੀ, ਜਿਹੜੇ “ਬਿਪਤਾ” ਅਤੇ “ਡਾਢੀ ਗਰੀਬੀ” ਵਿਚ ਸਨ, ਪੌਲੁਸ ਰਸੂਲ ਦੇ ‘ਅੱਗੇ ਇਹ ਬੇਨਤੀ ਕਰਦੇ ਰਹੇ ਭਈ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ ਸਾਂਝ ਹੋਵੇ।’—2 ਕੁਰਿੰਥੀਆਂ 8:1-4.

ਇਹ ਸੱਚ ਹੈ ਕਿ ਪੌਲੁਸ ਨੇ ਕੁਰਿੰਥੁਸ ਦੇ ਅਮੀਰ ਮਸੀਹੀਆਂ ਨੂੰ ਪ੍ਰੇਰਿਆ ਸੀ ਕਿ ਉਹ ਮਕਦੂਨਿਯਾ ਦੇ ਭਰਾਵਾਂ ਦੀ ਖੁੱਲ੍ਹ-ਦਿਲੀ ਦੀ ਨਕਲ ਕਰਨ। ਇਸ ਬਾਰੇ ਇਕ ਕਿਤਾਬ ਦੱਸਦੀ ਹੈ ਕਿ ਇਹ ਕਹਿੰਦੇ ਹੋਏ ਵੀ ਉਸ ਨੇ ਉਨ੍ਹਾਂ ਨੂੰ ‘ਹੁਕਮ ਨਹੀਂ ਦਿੱਤਾ, ਸਗੋਂ ਇਸ ਤਰ੍ਹਾਂ ਕਰਨ ਲਈ ਬੇਨਤੀ ਕੀਤੀ, ਸੁਝਾਅ ਦਿੱਤਾ, ਪ੍ਰੇਰਿਆ ਜਾਂ ਅਰਜ਼ ਕੀਤੀ। ਜੇ ਕੁਰਿੰਥੁਸ ਦੇ ਮਸੀਹੀਆਂ ਉੱਤੇ ਦਾਨ ਦੇਣ ਦਾ ਜ਼ੋਰ ਪਾਇਆ ਜਾਂਦਾ, ਤਾਂ ਉਹ ਆਪਣੀ ਇੱਛਾ ਨਾਲ ਦਾਨ ਨਾ ਦੇ ਪਾਉਂਦੇ।’ ਪੌਲੁਸ ਜਾਣਦਾ ਸੀ ਕਿ “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ,” ਨਾ ਕਿ ਉਸ ਨੂੰ ਜਿਹੜਾ “ਰੰਜ ਨਾਲ ਅਥਵਾ ਲਚਾਰੀ ਨਾਲ” ਦਿੰਦਾ ਹੈ।—2 ਕੁਰਿੰਥੀਆਂ 9:7.

ਪੱਕੇ ਵਿਸ਼ਵਾਸ ਅਤੇ ਗਿਆਨ ਦੇ ਨਾਲ-ਨਾਲ ਸੱਚੇ ਪਿਆਰ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਦਿਲੋਂ ਦਾਨ ਦੇਣ ਲਈ ਪ੍ਰੇਰਿਆ ਹੋਣਾ।—2 ਕੁਰਿੰਥੀਆਂ 8:7, 8.

“ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ”

ਇਹ ਦੱਸਣ ਦੀ ਬਜਾਇ ਕਿ ਹਰ ਮਸੀਹੀ ਨੇ ਕਿੰਨਾ ਕੁ ਦਾਨ ਦੇਣਾ ਹੈ, ਪੌਲੁਸ ਨੇ ਸਿਰਫ਼ ਇੰਨਾ ਹੀ ਕਿਹਾ ਕਿ “ਹਰ ਹਫਤੇ ਦੇ ਪਹਿਲੇ ਦਿਨ . . . ਹਰੇਕ ਆਪਣੀ ਉਕਾਤ ਅਨੁਸਾਰ [“ਆਪਣੀ ਆਮਦਨੀ ਦਾ ਕੁਝ ਹਿੱਸਾ,” “ਪਵਿੱਤਰ ਬਾਈਬਲ ਨਵਾਂ ਅਨੁਵਾਦ”] ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ।” (ਟੇਢੇ ਟਾਈਪ ਸਾਡੇ।) (1 ਕੁਰਿੰਥੀਆਂ 16:2) ਯੋਜਨਾ ਬਣਾ ਕੇ ਬਾਕਾਇਦਾ ਕੁਝ ਪੈਸਾ ਵੱਖ ਰੱਖਣ ਨਾਲ ਕੁਰਿੰਥੁਸ ਦੇ ਮਸੀਹੀਆਂ ਨੂੰ ਫਿਰ ਇਹ ਮਹਿਸੂਸ ਨਹੀਂ ਹੋਣਾ ਸੀ ਕਿ ਉਨ੍ਹਾਂ ਨੂੰ ਹੁਣ ਮਜਬੂਰੀ ਵੱਸ ਦੇਣਾ ਹੀ ਪੈਣਾ ਸੀ। ਇਸ ਤਰ੍ਹਾਂ ਵੀ ਨਹੀਂ ਹੋਣਾ ਸੀ ਕਿ ਪੌਲੁਸ ਦੇ ਆਉਣ ਤੇ ਜੋਸ਼ ਵਿਚ ਆ ਕੇ ਉਹ ਦਾਨ ਦੇਣ। ਹਰ ਮਸੀਹੀ ਨੇ ਆਪ ਫ਼ੈਸਲਾ ਕਰਨਾ ਸੀ ਕਿ ਉਹ ਕਿੰਨਾ ਦੇ ਸਕਦਾ ਸੀ, ਠੀਕ ਜਿੰਨਾ ‘ਉਹ ਨੇ ਦਿਲ ਵਿੱਚ ਧਾਰਿਆ ਸੀ।’—2 ਕੁਰਿੰਥੀਆਂ 9:5, 7.

ਜੇ ਕੁਰਿੰਥੁਸ ਦੇ ਮਸੀਹੀ ਚਾਹੁੰਦੇ ਕਿ ਉਨ੍ਹਾਂ ਲਈ ਖੁੱਲ੍ਹ-ਦਿਲੀ ਦਿਖਾਈ ਜਾਵੇ, ਤਾਂ ਉਨ੍ਹਾਂ ਨੂੰ ਆਪ ਵੀ ਪਹਿਲਾਂ ਦੂਸਰਿਆਂ ਲਈ ਖੁੱਲ੍ਹ-ਦਿਲੀ ਦਿਖਾਉਣ ਦੀ ਲੋੜ ਸੀ। ਪੌਲੁਸ ਨੇ ਇੱਥੇ ਇਹ ਨਹੀਂ ਕਿਹਾ ਸੀ ਕਿ ਉਹ ਦਾਨ ਦਿੰਦੇ ਰਹਿਣ, ਭਾਵੇਂ ਉਨ੍ਹਾਂ ਨੂੰ ਆਪ ਭੁੱਖਾ ਮਰਨਾ ਪਵੇ। ਪੌਲੁਸ ਨੇ ਉਨ੍ਹਾਂ ਨੂੰ ਕਿਹਾ: ‘ਮੈਂ ਇਹ ਨਹੀਂ ਆਖਦਾ ਭਈ ਤੁਹਾਨੂੰ ਔਖ ਹੋਵੇ।’ ਦਾਨ ‘ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੇ ਸਨ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਸੀ।’ (2 ਕੁਰਿੰਥੀਆਂ 8:12, 13; 9:6) ਬਾਅਦ ਵਿਚ ਪੌਲੁਸ ਨੇ ਇਕ ਚਿੱਠੀ ਵਿਚ ਲਿਖਿਆ: ‘ਜੇ ਕੋਈ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।’ (1 ਤਿਮੋਥਿਉਸ 5:8) ਸੋ ਪੌਲੁਸ ਨੇ ਦਾਨ ਦੇਣ ਵੇਲੇ ਇਹ ਨਹੀਂ ਕਿਹਾ ਕਿ ਮਸੀਹੀ ਆਪਣੇ ਪਰਿਵਾਰਾਂ ਦੀ ਦੇਖ-ਭਾਲ ਨਾ ਕਰਨ।

ਇਹ ਗੱਲ ਬਹੁਤ ਹੀ ਮਹੱਤਵਪੂਰਣ ਹੈ ਕਿ ਪੌਲੁਸ ਨੇ ਉਨ੍ਹਾਂ ‘ਸੰਤਾਂ ਲਈ ਚੰਦਾ’ ਇਕੱਠਾ ਕਰਨ ਦੀ ਜ਼ਿੰਮੇਵਾਰੀ ਲਈ ਜਿਨ੍ਹਾਂ ਨੂੰ ਤੰਗੀ ਸੀ। ਅਸੀਂ ਬਾਈਬਲ ਵਿਚ ਕਿਤੇ ਵੀ ਪੌਲੁਸ ਜਾਂ ਹੋਰ ਦੂਸਰੇ ਰਸੂਲਾਂ ਬਾਰੇ ਇਹ ਨਹੀਂ ਪੜ੍ਹਦੇ ਕਿ ਉਨ੍ਹਾਂ ਨੇ ਆਪਣੇ ਪ੍ਰਚਾਰ ਕੰਮ ਦਾ ਖ਼ਰਚਾ ਤੋਰਨ ਲਈ ਦਾਨ ਇਕੱਠਾ ਕੀਤਾ ਜਾਂ ਦਸਵੰਧ ਲਿਆ। (ਰਸੂਲਾਂ ਦੇ ਕਰਤੱਬ 3:6) ਕਲੀਸਿਯਾਵਾਂ ਨੇ ਪੌਲੁਸ ਨੂੰ ਜੋ ਵੀ ਤੋਹਫ਼ੇ ਘੱਲੇ ਸਨ, ਉਨ੍ਹਾਂ ਲਈ ਉਹ ਭਰਾਵਾਂ ਦਾ ਹਮੇਸ਼ਾ ਧੰਨਵਾਦ ਕਰਦਾ ਸੀ। ਫਿਰ ਵੀ ਉਹ ਆਪਣੇ ਭਰਾਵਾਂ ਦੇ ਉੱਤੇ ‘ਭਾਰੂ ਨਾ ਹੋਣ’ ਦਾ ਧਿਆਨ ਰੱਖਦਾ ਸੀ।—1 ਥੱਸਲੁਨੀਕੀਆਂ 2:9; ਫ਼ਿਲਿੱਪੀਆਂ 4:15-18.

ਅੱਜ ਆਪਣੀ ਇੱਛਾ ਨਾਲ ਦਾਨ ਦੇਣਾ

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਹਿਲੀ ਸਦੀ ਦੌਰਾਨ ਮਸੀਹ ਦੇ ਚੇਲੇ ਦਸਵੰਧ ਦੇਣ ਦੀ ਬਜਾਇ ਆਪਣੀ ਇੱਛਾ ਨਾਲ ਦਾਨ ਦਿੰਦੇ ਸਨ। ਪਰ ਤੁਸੀਂ ਸ਼ਾਇਦ ਸੋਚੋ ਕਿ ਕੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਆਉਂਦੇ ਖ਼ਰਚੇ ਅਤੇ ਲੋੜਵੰਦ ਮਸੀਹੀਆਂ ਦੀ ਮਦਦ ਕਰਨ ਲਈ ਪੈਸਾ ਇਕੱਠਾ ਕਰਨ ਦਾ ਇਹ ਪ੍ਰਬੰਧ ਅੱਜ ਵੀ ਢੁਕਵਾਂ ਹੈ।

ਜ਼ਰਾ ਅਗਲੀ ਗੱਲ ਵੱਲ ਧਿਆਨ ਦਿਓ। ਸਾਲ 1879 ਵਿਚ ਇਸ ਰਸਾਲੇ ਦੇ ਸੰਪਾਦਕਾਂ ਨੇ ਇਹ ਗੱਲ ਖੁੱਲ੍ਹੇ-ਆਮ ਕਹੀ ਸੀ ਕਿ ਉਹ “ਮਦਦ ਲਈ ਕਿਸੇ ਵੀ ਬੰਦੇ ਨੂੰ ਬੇਨਤੀ ਜਾਂ ਮਿੰਨਤਾਂ ਨਹੀਂ ਕਰਨਗੇ।” ਕੀ ਇਸ ਫ਼ੈਸਲੇ ਕਾਰਨ ਯਹੋਵਾਹ ਦੇ ਗਵਾਹਾਂ ਦੇ ਬਾਈਬਲ ਦੀ ਸੱਚਾਈ ਫੈਲਾਉਣ ਦੇ ਕੰਮ ਵਿਚ ਕੋਈ ਰੁਕਾਵਟ ਆਈ?

ਅੱਜ ਗਵਾਹ 235 ਦੇਸ਼ਾਂ ਵਿਚ ਬਾਈਬਲਾਂ, ਕਿਤਾਬਾਂ ਅਤੇ ਦੂਸਰੇ ਪ੍ਰਕਾਸ਼ਨ ਵੰਡਦੇ ਹਨ। ਬਾਈਬਲ ਦੀ ਸਿੱਖਿਆ ਦੇਣ ਵਾਲੇ ਪਹਿਰਾਬੁਰਜ ਰਸਾਲੇ ਦੀਆਂ ਸ਼ੁਰੂ-ਸ਼ੁਰੂ ਵਿਚ ਮਹੀਨੇ ਵਿਚ ਸਿਰਫ਼ ਇਕ ਭਾਸ਼ਾ ਵਿਚ 6,000 ਕਾਪੀਆਂ ਵੰਡੀਆਂ ਜਾਂਦੀਆਂ ਸਨ। ਪਰ ਹੁਣ ਮਹੀਨੇ ਵਿਚ ਦੋ ਵਾਰ 146 ਭਾਸ਼ਾਵਾਂ ਵਿਚ ਇਸ ਦੀਆਂ 2,40,00,000 ਕਾਪੀਆਂ ਛਪਦੀਆਂ ਹਨ। ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਦਾ ਕੰਮ ਕਰਨ ਲਈ ਗਵਾਹਾਂ ਨੇ 110 ਦੇਸ਼ਾਂ ਵਿਚ ਆਪਣੀਆਂ ਬ੍ਰਾਂਚਾਂ ਖੋਲ੍ਹੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹਜ਼ਾਰਾਂ ਹੀ ਕਿੰਗਡਮ ਹਾਲ ਬਣਾਏ ਹਨ ਤੇ ਇਸ ਦੇ ਨਾਲ-ਨਾਲ ਵੱਡੇ-ਵੱਡੇ ਅਸੈਂਬਲੀ ਹਾਲ ਵੀ ਜਿੱਥੇ ਦਿਲਚਸਪੀ ਰੱਖਣ ਵਾਲੇ ਲੋਕ ਬਾਈਬਲ ਦਾ ਹੋਰ ਜ਼ਿਆਦਾ ਗਿਆਨ ਲੈਂਦੇ ਹਨ।

ਭਾਵੇਂ ਕਿ ਯਹੋਵਾਹ ਦੇ ਗਵਾਹ ਮੁੱਖ ਤੌਰ ਤੇ ਲੋਕਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਦੇ ਹਨ, ਪਰ ਉਹ ਆਪਣੇ ਸਾਥੀ ਵਿਸ਼ਵਾਸੀਆਂ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਵੀ ਨਹੀਂ ਭੁੱਲਦੇ। ਜਦੋਂ ਲੜਾਈਆਂ, ਭੁਚਾਲਾਂ, ਸੋਕਿਆਂ ਅਤੇ ਤੂਫ਼ਾਨਾਂ ਕਰਕੇ ਉਨ੍ਹਾਂ ਦੇ ਭੈਣਾਂ-ਭਰਾਵਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਉਹ ਉਨ੍ਹਾਂ ਨੂੰ ਫ਼ੌਰਨ ਦਵਾਈਆਂ, ਭੋਜਨ, ਕੱਪੜੇ ਤੇ ਹੋਰ ਲੋੜੀਂਦੀਆਂ ਚੀਜ਼ਾਂ ਘੱਲਦੇ ਹਨ। ਇਹ ਸਾਰੀਆਂ ਚੀਜ਼ਾਂ ਮਸੀਹੀਆਂ ਅਤੇ ਕਲੀਸਿਯਾਵਾਂ ਵੱਲੋਂ ਦਿੱਤੇ ਗਏ ਦਾਨ ਨਾਲ ਖ਼ਰੀਦੀਆਂ ਜਾਂਦੀਆਂ ਹਨ।

ਸੋ ਆਪਣੀ ਇੱਛਾ ਨਾਲ ਦਾਨ ਦੇਣ ਦਾ ਇਹ ਪ੍ਰਬੰਧ ਅੱਜ ਵੀ ਢੁਕਵਾਂ ਹੈ। ਇਸ ਤੋਂ ਇਲਾਵਾ ਇਸ ਪ੍ਰਬੰਧ ਨਾਲ ਜ਼ਨੀਵੁ ਵਰਗੇ ਗ਼ਰੀਬ ਲੋਕਾਂ ਦੇ ਸਿਰੋਂ ਬੋਝ ਵੀ ਲੱਥ ਜਾਂਦਾ ਹੈ। ਖ਼ੁਸ਼ੀ ਦੀ ਗੱਲ ਹੈ ਕਿ ਘਰ ਵੇਚਣ ਤੋਂ ਪਹਿਲਾਂ ਜ਼ਨੀਵੁ ਨੂੰ ਮਰੀਯਾ ਨਾਂ ਦੀ ਯਹੋਵਾਹ ਦੀ ਗਵਾਹ ਮਿਲੀ, ਜੋ ਇਕ ਪਾਇਨੀਅਰ ਸੀ। ਜ਼ਨੀਵੁ ਯਾਦ ਕਰਦਾ ਹੋਇਆ ਦੱਸਦਾ ਹੈ: “ਉਸ ਨਾਲ ਹੋਈ ਗੱਲਬਾਤ ਨੇ ਮੇਰੇ ਪਰਿਵਾਰ ਨੂੰ ਬਹੁਤ ਸਾਰੀਆਂ ਬੇਲੋੜੀਆਂ ਮੁਸ਼ਕਲਾਂ ਤੋਂ ਬਚਾ ਲਿਆ।”

ਜ਼ਨੀਵੁ ਨੇ ਦੇਖਿਆ ਕਿ ਪਰਮੇਸ਼ੁਰ ਦਾ ਕੰਮ ਦਸਵੰਧ ਉੱਤੇ ਨਹੀਂ ਚੱਲਦਾ। ਅਸਲ ਵਿਚ ਦਸਵੰਧ ਦੇਣ ਦਾ ਬਾਈਬਲੀ ਨਿਯਮ ਹੁਣ ਸਾਡੇ ਉੱਤੇ ਲਾਗੂ ਨਹੀਂ ਹੁੰਦਾ। ਉਸ ਨੇ ਸਿੱਖਿਆ ਕਿ ਮਸੀਹੀਆਂ ਨੂੰ ਉਸ ਵੇਲੇ ਬਰਕਤਾਂ ਮਿਲਦੀਆਂ ਹਨ ਜਦੋਂ ਉਹ ਖੁੱਲ੍ਹੇ ਦਿਲ ਨਾਲ ਦਿੰਦੇ ਹਨ, ਪਰ ਉਨ੍ਹਾਂ ਨੂੰ ਆਪਣੀ ਵਿੱਤੋਂ ਬਾਹਰ ਦਾਨ ਦੇਣ ਦੀ ਕੋਈ ਜ਼ਰੂਰਤ ਨਹੀਂ।

ਆਪਣੀ ਇੱਛਾ ਨਾਲ ਦਾਨ ਦੇ ਕੇ ਜ਼ਨੀਵੁ ਨੂੰ ਸੱਚੀ ਖ਼ੁਸ਼ੀ ਮਿਲੀ ਹੈ। ਉਹ ਆਪਣੀ ਖ਼ੁਸ਼ੀ ਬਾਰੇ ਦੱਸਦਾ ਹੈ: “ਹੁਣ ਮੈਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇ ਵੀ ਸਕਦਾ ਹਾਂ ਤੇ ਨਹੀਂ ਵੀ, ਪਰ ਮੈਂ ਜਿੰਨਾ ਵੀ ਦਿੰਦਾ ਹਾਂ, ਉਸ ਤੋਂ ਮੈਨੂੰ ਖ਼ੁਸ਼ੀ ਹੁੰਦੀ ਹੈ। ਅਤੇ ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਵੀ ਇਸ ਤੋਂ ਖ਼ੁਸ਼ ਹੁੰਦਾ ਹੈ।”

[ਸਫ਼ੇ 6 ਉੱਤੇ ਡੱਬੀ/ਤਸਵੀਰਾਂ]

ਕੀ ਚਰਚ ਦੇ ਪਹਿਲੇ ਧਰਮ-ਪਿਤਾ ਦਸਵੰਧ ਦੇਣ ਦੀ ਸਿੱਖਿਆ ਦਿੰਦੇ ਸਨ?

“ਸਾਡੇ ਵਿਚ ਜੋ ਲੋਕ ਅਮੀਰ ਹਨ, ਉਹ ਲੋੜਵੰਦਾਂ ਦੀ ਮਦਦ ਕਰਦੇ ਹਨ। . . . ਜਿਹੜੇ ਸਰਦੇ-ਪੁਜਦੇ ਘਰਾਣੇ ਦੇ ਹਨ ਅਤੇ ਜਿਹੜੇ ਜਿੰਨਾ ਦੇਣਾ ਚਾਹੁੰਦੇ ਹਨ, ਉੱਨਾ ਦਾਨ ਦੇਣ।”—ਦ ਫਸਟ ਅਪੌਲੋਜੀ, ਜਸਟਿਨ ਮਾਰਟਰ, ਤਕਰੀਬਨ 150 ਸਾ.ਯੁ.

“ਯਹੂਦੀ ਪਰਮੇਸ਼ੁਰ ਨੂੰ ਅਰਪਿਤ ਕੀਤੀਆਂ ਚੀਜ਼ਾਂ ਦਾ ਦਸਵੰਧ ਦਿੰਦੇ ਹੁੰਦੇ ਸਨ, ਪਰ ਜਿਨ੍ਹਾਂ ਨੂੰ [ਯਾਨੀ ਮਸੀਹੀਆਂ ਨੂੰ] ਆਜ਼ਾਦੀ ਮਿਲ ਗਈ ਸੀ, ਉਹ ਪਰਮੇਸ਼ੁਰ ਦੇ ਮਕਸਦ ਲਈ ਆਪਣੀ ਸਾਰੀ ਧਨ-ਦੌਲਤ ਵਰਤਦੇ ਸਨ, . . . ਜਿਵੇਂ ਗ਼ਰੀਬ ਵਿਧਵਾ ਨੇ ਕੀਤਾ ਸੀ ਜਿਸ ਨੇ ਆਪਣਾ ਸਾਰਾ ਪੈਸਾ ਪਰਮੇਸ਼ੁਰ ਦੇ ਖ਼ਜ਼ਾਨੇ ਵਿਚ ਪਾ ਦਿੱਤਾ ਸੀ।”—ਅਗੇਂਸਟ ਹੈਰੀਸੀਜ਼, ਆਇਰੀਨੀਅਸ, ਤਕਰੀਬਨ 180 ਸਾ.ਯੁ.

“ਭਾਵੇਂ ਕਿ ਸਾਡੇ ਇੱਥੇ ਗੱਲਾ ਰੱਖਿਆ ਹੋਇਆ ਹੈ, ਫਿਰ ਵੀ ਇਹ ਪਾਪਾਂ ਦੀ ਮਾਫ਼ੀ ਖ਼ਰੀਦਣ ਲਈ ਦਾਨ ਕੀਤੇ ਹੋਏ ਪੈਸਿਆਂ ਦਾ ਨਹੀਂ ਬਣਾਇਆ ਗਿਆ ਹੈ, ਜਿਵੇਂ ਦੂਜੇ ਧਰਮਾਂ ਵਿਚ ਕੀਤਾ ਜਾਂਦਾ ਹੈ। ਜੇ ਕੋਈ ਚਾਹੇ, ਤਾਂ ਉਹ ਹਰ ਮਹੀਨੇ ਇਸ ਵਿਚ ਥੋੜ੍ਹਾ ਜਿਹਾ ਪੈਸਾ ਪਾ ਦਿੰਦਾ ਹੈ; ਪਰ ਜੇ ਇਸ ਵਿਚ ਉਸ ਦੀ ਖ਼ੁਸ਼ੀ ਹੈ ਅਤੇ ਜੇ ਉਸ ਵਿਚ ਦਾਨ ਪਾਉਣ ਦੀ ਗੁੰਜਾਇਸ਼ ਹੈ: ਕਿਉਂਕਿ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ; ਹਰ ਕੋਈ ਆਪਣੀ ਇੱਛਾ ਨਾਲ ਦਾਨ ਦਿੰਦਾ ਹੈ।”—ਅਪੌਲੋਜੀ, ਟਰਟੂਲੀਅਨ, ਤਕਰੀਬਨ 197 ਸਾ.ਯੁ.

“ਜਿੱਦਾਂ-ਜਿੱਦਾਂ ਈਸਾਈ ਧਰਮ ਫੈਲਦਾ ਗਿਆ ਤੇ ਇਸ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ, ਉੱਦਾਂ-ਉੱਦਾਂ ਪੈਸੇ ਇਕੱਠੇ ਕਰਨ ਵਾਸਤੇ ਨਿਯਮ ਬਣਾਉਣ ਦੀ ਲੋੜ ਪਈ, ਤਾਂਕਿ ਪਾਦਰੀਆਂ ਨੂੰ ਪੱਕੇ ਤੌਰ ਤੇ ਮਾਲੀ ਮਦਦ ਦਿੱਤੀ ਜਾ ਸਕੇ। ਇਸ ਲਈ ਪੁਰਾਣੇ ਨੇਮ ਵਿੱਚੋਂ ਦਸਵੰਧ ਦਾ ਨਿਯਮ ਅਪਣਾ ਲਿਆ ਗਿਆ। . . . ਪਹਿਲਾਂ-ਪਹਿਲ ਇਸ ਨਿਯਮ ਬਾਰੇ 567 ਵਿਚ ਤੂਰ ਸ਼ਹਿਰ ਵਿਚ ਇਕੱਠੇ ਹੋਏ ਬਿਸ਼ਪਾਂ ਦੀ ਇਕ ਚਿੱਠੀ ਵਿਚ ਅਤੇ 585 ਵਿਚ ਕੌਂਸਲ ਆਫ ਮੌਕਨ ਦੇ [ਨਿਯਮਾਂ ਵਿਚ] ਦੱਸਿਆ ਗਿਆ ਸੀ।”—ਦ ਕੈਥੋਲਿਕ ਐਨਸਾਈਕਲੋਪੀਡੀਆ।

[ਕ੍ਰੈਡਿਟ ਲਾਈਨ]

ਉੱਪਰ ਖੱਬੇ ਪਾਸੇ ਦਿੱਤਾ ਗਿਆ ਸਿੱਕਾ: Pictorial Archive (Near Eastern History) Est.

[ਸਫ਼ੇ 4, 5 ਉੱਤੇ ਤਸਵੀਰ]

ਆਪਣੀ ਇੱਛਾ ਨਾਲ ਦਾਨ ਦੇਣ ਦੇ ਕੇ ਖ਼ੁਸ਼ੀ ਮਿਲਦੀ ਹੈ

[ਸਫ਼ੇ 7 ਉੱਤੇ ਤਸਵੀਰ]

ਆਪਣੀ ਇੱਛਾ ਨਾਲ ਦਾਨ ਕੀਤੇ ਗਏ ਪੈਸਿਆਂ ਨਾਲ ਪ੍ਰਚਾਰ ਦਾ ਕੰਮ, ਆਫ਼ਤਾਂ ਵੇਲੇ ਰਾਹਤ ਘੱਲਣ ਅਤੇ ਕਿੰਗਡਮ ਹਾਲ ਨੂੰ ਬਣਾਉਣ ਦਾ ਖ਼ਰਚਾ ਪੂਰਾ ਕੀਤਾ ਜਾਂਦਾ ਹੈ