Skip to content

Skip to table of contents

ਆਪਣੇ ਹੱਥ ਤਕੜੇ ਕਰੋ

ਆਪਣੇ ਹੱਥ ਤਕੜੇ ਕਰੋ

ਆਪਣੇ ਹੱਥ ਤਕੜੇ ਕਰੋ

ਬਾਈਬਲ ਵਿਚ ਹੱਥਾਂ ਦਾ ਸੈਂਕੜੇ ਵਾਰ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਹੱਥਾਂ ਬਾਰੇ ਵੱਖ-ਵੱਖ ਮੁਹਾਵਰੇ ਵੀ ਪਾਏ ਜਾਂਦੇ ਹਨ। ਮਿਸਾਲ ਲਈ, ਸੁੱਚੇ ਹੱਥਾਂ ਦਾ ਮਤਲਬ ਹੈ ਨਿਰਦੋਸ਼ ਵਿਅਕਤੀ। (2 ਸਮੂਏਲ 22:21; ਜ਼ਬੂਰਾਂ ਦੀ ਪੋਥੀ 24:3, 4) ਹੱਥ ਖੋਲ੍ਹਣ ਦਾ ਮਤਲਬ ਹੈ ਖੁੱਲ੍ਹੇ ਦਿਲ ਨਾਲ ਦੂਸਰਿਆਂ ਨੂੰ ਦੇਣਾ। (ਬਿਵਸਥਾ ਸਾਰ 15:11; ਜ਼ਬੂਰਾਂ ਦੀ ਪੋਥੀ 145:16) ਜਾਨ ਤਲੀ ਉੱਤੇ ਧਰਨ ਦਾ ਮਤਲਬ ਹੈ ਆਪਣੀ ਜ਼ਿੰਦਗੀ ਜੋਖਮ ਵਿਚ ਪਾਉਣੀ। (1 ਸਮੂਏਲ 19:5) ਹੱਥ ਢਿੱਲੇ ਕਰਨ ਦਾ ਮਤਲਬ ਹੈ ਹੌਸਲਾ ਹਾਰਨਾ। (2 ਇਤਹਾਸ 15:7) ਆਪਣੇ ਹੱਥਾਂ ਨੂੰ ਤਕੜੇ ਕਰਨ ਦਾ ਮਤਲਬ ਹੈ ਹਿੰਮਤ ਅਤੇ ਜੋਸ਼ ਨਾਲ ਕੋਈ ਕੰਮ ਕਰਨਾ।—1 ਸਮੂਏਲ 23:16.

ਅੱਜ ਅਸੀਂ ‘ਭੈੜੇ ਸਮਿਆਂ’ ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਹੱਥ ਤਕੜੇ ਕਰੀਏ ਯਾਨੀ ਹਿੰਮਤ ਤੋਂ ਕੰਮ ਲਈਏ। ਜਦੋਂ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਤਾਂ ਕੁਦਰਤੀ ਸਾਡਾ ਝੁਕਾਅ ਹੁੰਦਾ ਹੈ ਕਿ ਅਸੀਂ ਆਪਣੇ ਹੱਥ ਢਿੱਲੇ ਕਰ ਦਿੰਦੇ ਹਾਂ ਯਾਨੀ ਹੌਸਲਾ ਹਾਰ ਜਾਂਦੇ ਹਾਂ। ਇਹ ਆਮ ਦੇਖਿਆ ਜਾਂਦਾ ਹੈ ਕਿ ਨੌਜਵਾਨ ਸਕੂਲ ਛੱਡ ਦਿੰਦੇ ਹਨ, ਪਤੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਮਾਵਾਂ ਆਪਣੇ ਬੱਚਿਆਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ। ਪਰ ਮਸੀਹੀ ਹੋਣ ਦੇ ਨਾਤੇ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਕਰਕੇ ਆ ਰਹੀਆਂ ਮੁਸ਼ਕਲਾਂ ਸਹਿਣ ਲਈ ਆਪਣੇ ਹੱਥ ਤਕੜੇ ਕਰਨ ਦੀ ਲੋੜ ਹੈ। (ਮੱਤੀ 24:13) ਇਸ ਤਰ੍ਹਾਂ ਕਰਨ ਨਾਲ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ।—ਕਹਾਉਤਾਂ 27:11.

ਹੱਥ ਤਕੜੇ ਕਿਵੇਂ ਕੀਤੇ ਜਾਂਦੇ ਹਨ

ਅਜ਼ਰਾ ਦੇ ਦਿਨਾਂ ਵਿਚ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਨੂੰ ਦੁਬਾਰਾ ਬਣਾਉਣ ਲਈ ਯਹੂਦੀਆਂ ਨੂੰ ਆਪਣੇ ਹੱਥ ਤਕੜੇ ਕਰਨ ਦੀ ਲੋੜ ਸੀ। ਉਨ੍ਹਾਂ ਦੇ ਹੱਥ ਤਕੜੇ ਕਿਵੇਂ ਕੀਤੇ ਗਏ ਸਨ? ਬਿਰਤਾਂਤ ਸਾਨੂੰ ਦੱਸਦਾ ਹੈ: “ਅਨੰਦ ਨਾਲ ਸੱਤਾਂ ਦਿਨਾਂ ਤਾਈਂ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਜੋ ਯਹੋਵਾਹ ਨੇ ਓਹਨਾਂ ਨੂੰ ਪਰਸਿੰਨ ਕੀਤਾ ਸੀ ਅਤੇ ਅੱਸੂਰ ਦੇ ਪਾਤਸ਼ਾਹ ਦਾ ਮਨ ਓਹਨਾਂ ਵੱਲ ਫੇਰਿਆ ਸੀ ਤਾਂ ਜੋ ਉਹ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦਾ ਭਵਨ ਬਣਾਉਣ ਵਿੱਚ ਓਹਨਾਂ ਦੀ ਸਹਾਇਤਾ ਕਰੇ।” (ਅਜ਼ਰਾ 6:22) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਨਾਲ “ਅੱਸੂਰ ਦੇ ਪਾਤਸ਼ਾਹ” ਨੂੰ ਪ੍ਰੇਰਿਆ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦੇਵੇ ਅਤੇ ਪਰਮੇਸ਼ੁਰ ਨੇ ਲੋਕਾਂ ਦਾ ਜੋਸ਼ ਵੀ ਵਧਾਇਆ ਤਾਂਕਿ ਉਹ ਸ਼ੁਰੂ ਕੀਤੇ ਗਏ ਕੰਮ ਨੂੰ ਪੂਰਾ ਕਰਨ।

ਬਾਅਦ ਵਿਚ ਜਦੋਂ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਕਰਨ ਦੀ ਲੋੜ ਪਈ, ਤਾਂ ਨਹਮਯਾਹ ਨੇ ਇਹ ਕੰਮ ਕਰਨ ਲਈ ਆਪਣੇ ਭਰਾਵਾਂ ਦੇ ਹੱਥ ਤਕੜੇ ਕੀਤੇ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਪਰਮੇਸ਼ੁਰ ਦਾ ਹੱਥ ਕਿਸ ਤਰਾਂ ਮੇਰੇ ਉੱਤੇ ਨੇਕੀ ਲਈ ਸੀ ਅਤੇ ਪਾਤਸ਼ਾਹ ਦੀਆਂ ਗੱਲਾਂ ਜਿਹੜੀਆਂ ਉਸ ਮੈਨੂੰ ਆਖੀਆਂ ਸਨ, ਤਾਂ ਉਨ੍ਹਾਂ ਆਖਿਆ, ਆਓ, ਅਸੀਂ ਉਠੀਏ ਤੇ ਬਣਾਈਏ ਤਾਂ ਉਨ੍ਹਾਂ ਨੇ ਏਸ ਨੇਕ ਕੰਮ ਲਈ ਆਪਣੇ ਹੱਥਾਂ ਨੂੰ ਤਕੜਿਆਂ ਕੀਤਾ।” ਹਿੰਮਤ ਨਾਲ ਨਹਮਯਾਹ ਅਤੇ ਉਸ ਦੇ ਯਹੂਦੀ ਭਰਾਵਾਂ ਨੇ ਯਰੂਸ਼ਲਮ ਦੀਆਂ ਕੰਧਾਂ 52 ਦਿਨਾਂ ਵਿਚ ਪੂਰੀਆਂ ਕੀਤੀਆਂ।—ਨਹਮਯਾਹ 2:18; 6:9, 15.

ਇਸੇ ਤਰ੍ਹਾਂ ਯਹੋਵਾਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਾਡੇ ਹੱਥ ਤਕੜੇ ਕਰਦਾ ਹੈ। (ਮੱਤੀ 24:14) ਉਹ ਸਾਨੂੰ ‘ਹਰੇਕ ਭਲੇ ਕੰਮ’ ਲਈ ਤਿਆਰ ਕਰਦਾ ਹੈ ਤਾਂਕਿ ਅਸੀਂ ਉਸ ਦੀ ਇੱਛਾ ਪੂਰੀ ਕਰ ਸਕੀਏ। (ਇਬਰਾਨੀਆਂ 13:21) ਉਸ ਨੇ ਸਾਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਵਧੀਆ ਤੋਂ ਵਧੀਆ ਕਿਤਾਬਾਂ, ਰਸਾਲੇ, ਬਰੋਸ਼ਰ, ਟ੍ਰੈਕਟ ਅਤੇ ਆਡੀਓ ਤੇ ਵਿਡਿਓ ਟੇਪਾਂ ਦਿੱਤੀਆਂ ਹਨ ਤਾਂਕਿ ਅਸੀਂ ਸੰਸਾਰ ਭਰ ਵਿਚ ਲੋਕਾਂ ਨੂੰ ਸੱਚਾਈ ਸਿਖਾ ਸਕੀਏ। ਦਰਅਸਲ, ਸਾਡੀਆਂ ਕਿਤਾਬਾਂ ਵਗੈਰਾ ਕੁਝ 380 ਭਾਸ਼ਾਵਾਂ ਵਿਚ ਮਿਲ ਸਕਦੀਆਂ ਹਨ। ਇਸ ਦੇ ਨਾਲ-ਨਾਲ ਮਸੀਹੀ ਸਭਾਵਾਂ ਅਤੇ ਵੱਡੇ-ਛੋਟੇ ਸੰਮੇਲਨਾਂ ਦੁਆਰਾ ਯਹੋਵਾਹ ਸਾਨੂੰ ਰੂਹਾਨੀ ਸਿੱਖਿਆ ਅਤੇ ਪ੍ਰਚਾਰ ਦੇ ਕੰਮ ਵਿਚ ਇਨ੍ਹਾਂ ਕਿਤਾਬਾਂ ਨੂੰ ਵਧੀਆ ਤਰੀਕੇ ਨਾਲ ਵਰਤਣ ਦੀ ਟ੍ਰੇਨਿੰਗ ਵੀ ਦਿੰਦਾ ਹੈ।

ਭਾਵੇਂ ਕਿ ਯਹੋਵਾਹ ਬਹੁਤ ਸਾਰੇ ਤਰੀਕਿਆਂ ਨਾਲ ਸਾਡੇ ਹੱਥ ਤਕੜੇ ਕਰਦਾ ਹੈ, ਪਰ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਆਪਣੀ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰੀਏ। ਯਾਦ ਕਰੋ ਕਿ ਜਦ ਰਾਜਾ ਯੋਆਸ਼ ਅਰਾਮ ਦੀਆਂ ਫ਼ੌਜਾਂ ਨਾਲ ਲੜਨ ਲਈ ਅਲੀਸ਼ਾ ਤੋਂ ਮਦਦ ਮੰਗਣ ਆਇਆ ਸੀ, ਤਾਂ ਅਲੀਸ਼ਾ ਨਬੀ ਨੇ ਉਸ ਨੂੰ ਕੀ ਕਿਹਾ ਸੀ। ਅਲੀਸ਼ਾ ਨੇ ਉਸ ਨੂੰ ਕੁਝ ਤੀਰ ਧਰਤੀ ਉੱਤੇ ਮਾਰਨ ਲਈ ਕਿਹਾ। ਬਾਈਬਲ ਦਾ ਬਿਰਤਾਂਤ ਦੱਸਦਾ ਹੈ: “ਉਸ ਨੇ ਤਿੰਨ ਵਾਰੀ ਮਾਰਿਆ ਤਦ ਠਹਿਰ ਗਿਆ। ਫੇਰ ਪਰਮੇਸ਼ੁਰ ਦਾ ਜਨ ਉਸ ਦੇ ਉੱਤੇ ਕ੍ਰੋਧਵਾਨ ਹੋ ਕੇ ਬੋਲਿਆ, ਤੈਨੂੰ ਪੰਜ ਯਾ ਛੇ ਵਾਰੀ ਮਾਰਨਾ ਚਾਹੀਦਾ ਸੀ ਤਾਂ ਤੂੰ ਅਰਾਮ ਨੂੰ ਐਨਾ ਮਾਰਦਾ ਭਈ ਉਹ ਨੂੰ ਨਾਸ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਂਗਾ।” (2 ਰਾਜਿਆਂ 13:18, 19) ਯੋਆਸ਼ ਨੇ ਜੋਸ਼ ਨਾਲ ਆਪਣੀ ਪੂਰੀ ਵਾਹ ਨਹੀਂ ਲਾਈ, ਇਸ ਲਈ ਉਸ ਨੂੰ ਅਰਾਮ ਨਾਲ ਲੜਾਈ ਵਿਚ ਕੁਝ ਹੱਦ ਤਕ ਹੀ ਜਿੱਤ ਪ੍ਰਾਪਤ ਹੋਈ।

ਜੇਕਰ ਅਸੀਂ ਵੀ ਉਸ ਕੰਮ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਜੋ ਯਹੋਵਾਹ ਨੇ ਸਾਨੂੰ ਸੌਂਪਿਆ ਹੈ, ਤਾਂ ਇਹੀ ਗੱਲ ਸਾਡੇ ਉੱਤੇ ਵੀ ਲਾਗੂ ਹੋਵੇਗੀ ਹੈ। ਸਾਡੇ ਰਾਹ ਵਿਚ ਖੜ੍ਹੀਆਂ ਰੁਕਾਵਟਾਂ ਬਾਰੇ ਚਿੰਤਾ ਕਰਨ ਦੀ ਬਜਾਇ ਜਾਂ ਇਹ ਸੋਚਣ ਦੀ ਬਜਾਇ ਕਿ ਸਾਡਾ ਕੰਮ ਕਿੰਨਾ ਔਖਾ ਹੈ, ਸਾਨੂੰ ਜੋਸ਼ ਨਾਲ ਦਿਲ ਲਾ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਹੱਥ ਤਕੜੇ ਕਰਨੇ ਚਾਹੀਦੇ ਹਨ ਅਤੇ ਯਹੋਵਾਹ ਕੋਲੋਂ ਮਦਦ ਮੰਗਣੀ ਚਾਹੀਦੀ ਹੈ।—ਯਸਾਯਾਹ 35:3, 4.

ਯਹੋਵਾਹ ਸਾਡੇ ਹੱਥ ਤਕੜੇ ਕਰੇਗਾ

ਯਹੋਵਾਹ ਸਾਡੇ ਹੱਥ ਤਕੜੇ ਕਰ ਕੇ ਸਾਡੀ ਮਦਦ ਜ਼ਰੂਰ ਕਰੇਗਾ ਤਾਂਕਿ ਅਸੀਂ ਉਸ ਦੀ ਇੱਛਿਆ ਪੂਰੀ ਕਰ ਸਕੀਏ। ਪਰ ਉਹ ਕੋਈ ਚਮਤਕਾਰ ਕਰ ਕੇ ਸਾਡੇ ਲਈ ਸਭ ਕੁਝ ਨਹੀਂ ਕਰੇਗਾ। ਉਹ ਆਸ ਰੱਖਦਾ ਹੈ ਕਿ ਅਸੀਂ ਵੀ ਕੁਝ ਕਰ ਕੇ ਆਪਣੀ ਜ਼ਿੰਮੇਵਾਰੀ ਨਿਭਾਈਏ। ਜੀ ਹਾਂ, ਆਪਣੇ ਹੱਥ ਤਕੜੇ ਕਰਨ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਨਿੱਤ ਬਾਈਬਲ ਪੜ੍ਹੀਏ, ਸਭਾਵਾਂ ਲਈ ਤਿਆਰੀ ਕਰ ਕੇ ਉਨ੍ਹਾਂ ਵਿਚ ਹਾਜ਼ਰ ਹੋਈਏ, ਪ੍ਰਚਾਰ ਦੇ ਕੰਮ ਵਿਚ ਹਿੱਸਾ ਲਈਏ ਅਤੇ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰੀਏ। ਜੇਕਰ ਅਸੀਂ ਵਫ਼ਾਦਾਰੀ ਅਤੇ ਲਗਨ ਨਾਲ ਹਰ ਮੌਕੇ ਤੇ ਇਹ ਸਭ ਕੁਝ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਉਸ ਦਾ ਕੰਮ ਪੂਰਾ ਕਰਨ ਲਈ ਤਾਕਤ ਜ਼ਰੂਰ ਦੇਵੇਗਾ।—ਫ਼ਿਲਿੱਪੀਆਂ 4:13.

ਇਕ ਮਸੀਹੀ ਭਰਾ ਵੱਲ ਧਿਆਨ ਦਿਓ। ਉਸ ਦੀ ਪਤਨੀ ਅਤੇ ਮਾਂ ਇੱਕੋ ਹੀ ਸਾਲ ਦੇ ਵਿਚ-ਵਿਚ ਮਰ ਗਈਆਂ। ਉਸ ਦੇ ਜ਼ਖ਼ਮ ਹਾਲੇ ਅੱਲ੍ਹੇ ਹੀ ਸਨ ਜਦ ਉਸ ਦੀ ਨੂੰਹ ਸੱਚਾਈ ਨੂੰ ਤੇ ਉਸ ਦੇ ਪੁੱਤ ਨੂੰ ਛੱਡ ਕੇ ਚਲੀ ਗਈ। ਇਸ ਭਰਾ ਨੇ ਕਿਹਾ: “ਮੈਂ ਇਹ ਗੱਲ ਸਿੱਖੀ ਹੈ ਕਿ ਸਾਡਾ ਇਨ੍ਹਾਂ ਗੱਲਾਂ ਉੱਤੇ ਕੋਈ ਵੱਸ ਨਹੀਂ ਚੱਲਦਾ ਕਿ ਸਾਡੇ ਤੇ ਕਿਹੋ ਜਿਹੀਆਂ ਅਜ਼ਮਾਇਸ਼ਾਂ ਆਉਂਦੀਆਂ ਹਨ, ਕਦੋਂ ਆਉਂਦੀਆਂ ਹਨ ਅਤੇ ਕਿੰਨੀ ਵਾਰ ਆਉਂਦੀਆਂ ਹਨ।” ਇਸ ਭਰਾ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਦੀ ਤਾਕਤ ਕਿੱਥੋਂ ਮਿਲੀ? “ਮੈਂ ਦੁੱਖਾਂ ਵਿਚ ਡੁੱਬਦਾ ਜਾ ਰਿਹਾ ਸੀ, ਪਰ ਪ੍ਰਾਰਥਨਾ ਅਤੇ ਨਿੱਜੀ ਅਧਿਐਨ ਕਰਨ ਨਾਲ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਯਹੋਵਾਹ ਮੇਰਾ ਹੱਥ ਫੜ ਕੇ ਮੈਨੂੰ ਬਚਾ ਰਿਹਾ ਸੀ। ਨਾਲੇ ਮਸੀਹੀ ਭੈਣ-ਭਰਾਵਾਂ ਤੋਂ ਮੈਨੂੰ ਬਹੁਤ ਸਹਾਰਾ ਮਿਲਿਆ। ਸਭ ਤੋਂ ਵੱਧ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੁਸ਼ਕਲਾਂ ਆਉਣ ਤੋਂ ਪਹਿਲਾਂ ਹੀ ਸਾਨੂੰ ਸਾਰਿਆਂ ਨੂੰ ਨਿੱਜੀ ਤੌਰ ਤੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਦੀ ਲੋੜ ਹੈ।”

ਜ਼ਿੰਦਗੀ ਦੇ ਹਰ ਮੋੜ ਤੇ ਆਓ ਆਪਾਂ ਯਹੋਵਾਹ ਉੱਤੇ ਆਪਣਾ ਪੂਰਾ ਭਰੋਸਾ ਰੱਖਣ ਅਤੇ ਸਾਡੇ ਹੱਥ ਤਕੜੇ ਕਰਨ ਲਈ ਉਸ ਦੁਆਰਾ ਕੀਤੇ ਗਏ ਹਰ ਪ੍ਰਬੰਧ ਦਾ ਪੂਰਾ ਫ਼ਾਇਦਾ ਲੈਣ ਦਾ ਪੱਕਾ ਇਰਾਦਾ ਕਰੀਏ। ਫਿਰ ਅਸੀਂ ਯਹੋਵਾਹ ਦੀ ਤਨ-ਮਨ ਨਾਲ ਸੇਵਾ ਕਰ ਸਕਾਂਗੇ ਅਤੇ ਇਸ ਤਰ੍ਹਾਂ ਕਰਨ ਨਾਲ ਉਸ ਦੀ ਵਡਿਆਈ ਤੇ ਉਸ ਦੇ ਨਾਂ ਨੂੰ ਰੌਸ਼ਨ ਕਰਾਂਗੇ।—ਇਬਰਾਨੀਆਂ 13:15.

[ਸਫ਼ੇ 31 ਉੱਤੇ ਤਸਵੀਰ]

ਯੋਆਸ਼ ਨੇ ਜੋਸ਼ ਨਾਲ ਆਪਣੀ ਪੂਰੀ ਵਾਹ ਨਹੀਂ ਲਾਈ, ਇਸ ਲਈ ਉਸ ਨੂੰ ਅਰਾਮ ਨਾਲ ਲੜਾਈ ਕਰਦੇ ਹੋਏ ਕੁਝ ਹੱਦ ਤਕ ਹੀ ਜਿੱਤ ਪ੍ਰਾਪਤ ਹੋਈ