ਦਾਨ ਦੇਣਾ ਨਾ ਛੱਡੋ ਭਾਵੇਂ ਤੁਸੀਂ ਭੁੱਖੇ ਮਰ ਜਾਓ
ਦਾਨ ਦੇਣਾ ਨਾ ਛੱਡੋ ਭਾਵੇਂ ਤੁਸੀਂ ਭੁੱਖੇ ਮਰ ਜਾਓ
“ਤੁਸੀਂ ਭਾਵੇਂ ਮੈਨੂੰ ਮੰਗਤਾ ਕਹੋ, ਮੈਨੂੰ ਇਸ ਦੀ ਕੋਈ ਪਰਵਾਹ ਨਹੀਂ। ਮੈਂ ਤਾਂ ਯਿਸੂ ਲਈ ਭੀਖ ਮੰਗਦਾ ਹਾਂ।” ਇਹ ਗੱਲ ਇਕ ਪ੍ਰੋਟੈਸਟੈਂਟ ਪਾਦਰੀ ਨੇ ਕਹੀ ਸੀ ਜਿਸ ਤੋਂ ਧਰਮਾਂ ਲਈ ਪੈਸਾ ਇਕੱਠਾ ਕਰਨ ਦੇ ਵਾਦ-ਵਿਵਾਦ ਬਾਰੇ ਪਤਾ ਚੱਲਦਾ ਹੈ। ਵੱਡੇ ਧਰਮ ਮੋਟੀਆਂ ਰਕਮਾਂ ਦੇ ਸਹਾਰੇ ਹੀ ਚੱਲਦੇ ਹਨ। ਮੰਦਰਾਂ-ਗਿਰਜਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਤਨਖ਼ਾਹ ਦੇਣ, ਮੰਦਰਾਂ-ਗਿਰਜਿਆਂ ਨੂੰ ਬਣਾਉਣ ਤੇ ਇਨ੍ਹਾਂ ਦੀ ਦੇਖ-ਭਾਲ ਕਰਨ ਅਤੇ ਧਰਮ ਦਾ ਪ੍ਰਚਾਰ ਕਰਨ ਲਈ ਪੈਸੇ ਦੀ ਲੋੜ ਹੈ। ਇਨ੍ਹਾਂ ਸਭਨਾਂ ਚੀਜ਼ਾਂ ਲਈ ਪੈਸਾ ਕਿੱਥੋਂ ਆਉਂਦਾ ਹੈ?
ਬਹੁਤ ਸਾਰੇ ਗਿਰਜੇ ਇਸ ਕੰਮ ਲਈ ਦਸਵੰਧ ਦੇ ਨਿਯਮ ਨੂੰ ਇਸਤੇਮਾਲ ਕਰਦੇ ਹਨ। * ਨੋਰਮਨ ਰੌਬਰਟਸਨ ਨਾਂ ਦਾ ਇਕ ਪ੍ਰੋਟੈਸਟੈਂਟ ਪ੍ਰਚਾਰਕ ਪੂਰੇ ਦਾਅਵੇ ਨਾਲ ਕਹਿੰਦਾ ਹੈ: “ਧਰਤੀ ਉੱਤੇ ਆਪਣੇ ਰਾਜ ਤੇ ਕੰਮ-ਕਾਰ ਚਲਾਉਣ ਲਈ ਪਰਮੇਸ਼ੁਰ ਨੇ ਹੀ ਦਸਵੰਧ ਦਾ ਪ੍ਰਬੰਧ ਕੀਤਾ ਹੈ। ਇਹ ਪ੍ਰਬੰਧ ਪਰਮੇਸ਼ੁਰ ਨੇ ਪੈਸਾ ਇਕੱਠਾ ਕਰਨ ਲਈ ਬਣਾਇਆ ਹੈ ਜਿਸ ਨੂੰ ਇੰਜੀਲ ਦਾ ਪ੍ਰਚਾਰ ਕਰਨ ਲਈ ਵਰਤਿਆ ਜਾਂਦਾ ਹੈ।” ਰੌਬਰਟਸਨ ਆਪਣੇ ਪੈਰੋਕਾਰਾਂ ਨੂੰ ਦਸਵੰਧ ਦੇਣ ਬਾਰੇ ਯਾਦ ਕਰਾਉਣ ਤੋਂ ਜ਼ਰਾ ਵੀ ਨਹੀਂ ਹਿਚਕਿਚਾਉਂਦਾ। ਉਹ ਜ਼ੋਰ ਦੇ ਕੇ ਕਹਿੰਦਾ ਹੈ: ‘ਤੁਸੀਂ ਦਸਵੰਧ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਤੁਹਾਡੇ ਵਿਚ ਇਸ ਨੂੰ ਦੇਣ ਦੀ ਗੁੰਜਾਇਸ਼ ਹੈ। ਸਗੋਂ ਇਹ ਦੇ ਕੇ ਤੁਸੀਂ ਪਰਮੇਸ਼ੁਰ ਪ੍ਰਤੀ ਆਪਣੀ ਆਗਿਆਕਾਰੀ ਦਿਖਾਉਂਦੇ ਹੋ। ਦਸਵੰਧ ਨਾ ਦੇਣ ਦਾ ਮਤਲਬ ਪਰਮੇਸ਼ੁਰ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ। ਇਹ ਹੇਰਾ-ਫੇਰੀ ਹੈ।’—ਦਸਵੰਧ—ਪਰਮੇਸ਼ੁਰ ਦਾ ਪੈਸੇ ਇਕੱਠੇ ਕਰਨ ਦਾ ਪ੍ਰਬੰਧ (ਅੰਗ੍ਰੇਜ਼ੀ)।
ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਦਾਨ ਦੇਣਾ ਮਸੀਹੀਆਂ ਦੀ ਭਗਤੀ ਦਾ ਹਿੱਸਾ ਹੋਣਾ ਚਾਹੀਦਾ ਹੈ। ਪਰ ਕੀ ਵਾਰ-ਵਾਰ ਪੈਸਾ ਮੰਗਣ ਤੇ ਤੁਸੀਂ ਪਰੇਸ਼ਾਨ ਨਹੀਂ ਹੋ ਜਾਂਦੇ ਜਾਂ ਸ਼ਾਇਦ ਤੁਹਾਨੂੰ ਗੁੱਸਾ ਨਹੀਂ ਆਉਂਦਾ? ਈਨਾਸੀਯੂ ਸਟ੍ਰੀਡ ਨਾਂ ਦਾ ਇਕ ਬ੍ਰਾਜ਼ੀਲੀ ਧਰਮ-ਸ਼ਾਸਤਰੀ ਈਸਾਈ ਫਿਰਕਿਆਂ ਉੱਤੇ ਦੋਸ਼ ਲਾਉਂਦਾ ਹੈ ਕਿ ਇਹ ਫਿਰਕੇ “ਆਪਣੀਆਂ ਅੰਦਰੂਨੀ ਸਮੱਸਿਆਵਾਂ ਸੁਲਝਾਉਣ” ਲਈ ਦਸਵੰਧ ਦਾ ਸਹਾਰਾ ਲੈਂਦੇ ਹਨ ਅਤੇ ਉਹ ਦਸਵੰਧ ਮੰਗਣ ਨੂੰ “ਨਾਜਾਇਜ਼, ਭ੍ਰਿਸ਼ਟਾਚਾਰੀ ਅਤੇ ਧਰਮ ਤੋਂ ਦੂਰ” ਹੋਣਾ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ “ਬੇਰੁਜ਼ਗਾਰ ਲੋਕ, ਵਿਧਵਾਵਾਂ, ਝੁੱਗੀਆਂ ਵਿਚ ਰਹਿਣ ਵਾਲੇ ਲੋਕ ਅਤੇ ਭੋਲੇ-ਭਾਲੇ ਲੋਕ ਇਹ ਸੋਚਣ ਲੱਗ ਪੈਂਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ ਅਤੇ ਉਹ ‘ਪਾਦਰੀ’ ਨੂੰ ਪੈਸੇ ਦੇਣ ਲਈ ਮਜਬੂਰ ਹੋ ਜਾਂਦੇ ਹਨ, ਭਾਵੇਂ ਉਨ੍ਹਾਂ ਦੇ ਪਰਿਵਾਰ ਭੁੱਖੇ ਰਹਿਣ।”
ਤੁਸੀਂ ਸ਼ਾਇਦ ਸੋਚੋ ਕਿ ‘ਕੀ ਦਸਵੰਧ ਦੇਣ ਲਈ ਮਜਬੂਰ ਕਰਨ ਵਾਲੇ ਗਿਰਜੇ ਬਾਈਬਲ ਦੀ ਸਲਾਹ ਨੂੰ ਸਹੀ-ਸਹੀ ਲਾਗੂ ਕਰਦੇ ਹਨ? ਜਾਂ ਕੀ ਕੁਝ ਧਾਰਮਿਕ ਫਿਰਕੇ ਆਪਣੇ ਪੈਰੋਕਾਰਾਂ ਦੀ ਛਿੱਲ ਲਾਹੁਣ ਲਈ ਉਨ੍ਹਾਂ ਨੂੰ ਰੱਬ ਦੇ ਨਾਂ ਤੇ ਡਰਾਉਂਦੇ ਹਨ? ਕੀ ਪਰਮੇਸ਼ੁਰ ਸਾਡੇ ਤੋਂ ਸੱਚੀਂ ਇਹ ਆਸ ਰੱਖਦਾ ਹੈ ਕਿ ਅਸੀਂ ਦਾਨ ਦਿੰਦੇ ਰਹੀਏ ਭਾਵੇਂ ਅਸੀਂ ਭੁੱਖੇ ਮਰ ਜਾਈਏ?’
[ਫੁਟਨੋਟ]
^ ਪੈਰਾ 3 ਦਸਵੰਧ ਦੇਣ ਦਾ ਮਤਲਬ ਹੈ ਕਿ ਹਰ ਕੋਈ ਆਪਣੀ ਕੁੱਲ ਆਮਦਨ ਦਾ ਦਸਵਾਂ ਹਿੱਸਾ ਦੇਵੇ।