Skip to content

Skip to table of contents

ਨਿੱਜੀ ਅਧਿਐਨ ਜੋ ਸਾਨੂੰ ਬਿਹਤਰ ਸਿਖਾਉਣ ਵਾਲੇ ਬਣਾਉਂਦਾ ਹੈ

ਨਿੱਜੀ ਅਧਿਐਨ ਜੋ ਸਾਨੂੰ ਬਿਹਤਰ ਸਿਖਾਉਣ ਵਾਲੇ ਬਣਾਉਂਦਾ ਹੈ

ਨਿੱਜੀ ਅਧਿਐਨ ਜੋ ਸਾਨੂੰ ਬਿਹਤਰ ਸਿਖਾਉਣ ਵਾਲੇ ਬਣਾਉਂਦਾ ਹੈ

“ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ। ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ।”—1 ਤਿਮੋਥਿਉਸ 4:15, 16.

1. ਸਮੇਂ ਅਤੇ ਨਿੱਜੀ ਅਧਿਐਨ ਬਾਰੇ ਕਿਹੜੀ ਗੱਲ ਸਹੀ ਹੈ?

ਉਪਦੇਸ਼ਕ ਦੀ ਪੋਥੀ 3:1 ਵਿਚ ਬਾਈਬਲ ਕਹਿੰਦੀ ਹੈ: “ਹਰੇਕ ਕੰਮ ਦਾ ਇੱਕ ਸਮਾ ਹੈ।” ਯਕੀਨਨ ਇਹ ਗੱਲ ਸਾਡੇ ਨਿੱਜੀ ਅਧਿਐਨ ਬਾਰੇ ਵੀ ਸੱਚ ਹੈ। ਕਈਆਂ ਨੂੰ ਰੂਹਾਨੀ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਔਖਾ ਲੱਗਦਾ ਹੈ ਜੇ ਉਨ੍ਹਾਂ ਲਈ ਸਮਾਂ ਜਾਂ ਆਲੇ-ਦੁਆਲੇ ਦਾ ਮਾਹੌਲ ਠੀਕ ਨਾ ਹੋਵੇ। ਮਿਸਾਲ ਲਈ, ਸਾਰੀ ਦਿਹਾੜੀ ਕੰਮ ਕਰਨ ਤੋਂ ਬਾਅਦ ਤੁਸੀਂ ਬਹੁਤ ਹੀ ਥੱਕੇ ਹੋਏ ਹੋ। ਤੁਸੀਂ ਘਰ ਆ ਕੇ ਸ਼ਾਮ ਨੂੰ ਰੱਜ ਕੇ ਰੋਟੀ ਖਾਧੀ ਹੈ ਅਤੇ ਸੋਫੇ ਤੇ ਆਰਾਮ ਨਾਲ ਬਹਿ ਕੇ ਟੀ. ਵੀ. ਦੇਖ ਰਹੇ ਹੋ, ਤਾਂ ਕੀ ਤੁਸੀਂ ਇਸ ਸਮੇਂ ਅਧਿਐਨ ਕਰਨਾ ਚਾਹੋਗੇ? ਨਹੀਂ! ਤਾਂ ਫਿਰ ਅਸੀਂ ਕਦੋਂ ਅਧਿਐਨ ਕਰ ਸਕਦੇ ਹਾਂ? ਸਪੱਸ਼ਟ ਹੈ ਕਿ ਸਾਨੂੰ ਨਿਸ਼ਚਿਤ ਕਰਨ ਦੀ ਲੋੜ ਹੈ ਕਿ ਅਸੀਂ ਕਦੋਂ ਅਤੇ ਕਿੱਥੇ ਅਧਿਐਨ ਕਰ ਸਕਦੇ ਹਾਂ ਤਾਂਕਿ ਅਸੀਂ ਆਪਣੇ ਅਧਿਐਨ ਤੋਂ ਪੂਰਾ-ਪੂਰਾ ਲਾਭ ਲੈ ਸਕੀਏ।

2. ਨਿੱਜੀ ਅਧਿਐਨ ਕਰਨ ਦਾ ਸਭ ਤੋਂ ਵਧੀਆ ਸਮਾਂ ਕਦੋਂ ਹੁੰਦਾ ਹੈ?

2 ਕਈਆਂ ਨੂੰ ਸਵੇਰ ਨੂੰ ਅਧਿਐਨ ਕਰਨਾ ਵਧੀਆ ਲੱਗਦਾ ਹੈ ਕਿਉਂਕਿ ਉਸ ਵੇਲੇ ਉਹ ਆਮ ਤੌਰ ਤੇ ਜ਼ਿਆਦਾ ਚੁਸਤ ਹੁੰਦੇ ਹਨ। ਕੁਝ ਲੋਕ ਅੱਧੀ ਛੁੱਟੀ ਵੇਲੇ ਅਧਿਐਨ ਕਰਦੇ ਹਨ। ਅਗਲੀਆਂ ਉਦਾਹਰਣਾਂ ਵੱਲ ਧਿਆਨ ਦਿਓ ਕਿ ਰੂਹਾਨੀ ਕੰਮਾਂ-ਕਾਰਾਂ ਲਈ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ ਹੈ। ਇਸਰਾਏਲ ਦੇ ਰਾਜਾ ਦਾਊਦ ਨੇ ਲਿਖਿਆ: “ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ, ਮੈਂ ਤਾਂ ਆਪਣੀ ਜਾਨ ਤੇਰੀ ਵੱਲ ਉਠਾ ਰੱਖੀ ਹੈ।” (ਜ਼ਬੂਰਾਂ ਦੀ ਪੋਥੀ 143:8) ਯਸਾਯਾਹ ਨਬੀ ਨੇ ਵੀ ਅਜਿਹੀ ਕਦਰ ਦਾ ਇਜ਼ਹਾਰ ਕੀਤਾ ਜਦ ਉਸ ਨੇ ਕਿਹਾ: “ਪ੍ਰਭੁ ਯਹੋਵਾਹ ਨੇ ਮੈਨੂੰ ਚੇਲਿਆਂ ਦੀ ਜ਼ਬਾਨ ਦਿੱਤੀ, ਭਈ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ, ਭਈ ਮੈਂ ਚੇਲਿਆਂ ਵਾਂਙੁ ਸੁਣਾਂ।” ਕਹਿਣ ਦਾ ਮਤਲਬ ਇਹ ਹੈ ਕਿ ਅਧਿਐਨ ਕਰਦੇ ਸਮੇਂ ਅਤੇ ਯਹੋਵਾਹ ਨਾਲ ਆਪਣੇ ਦਿਲ ਦੀ ਗੱਲ ਕਰਦੇ ਹੋਏ ਸਾਨੂੰ ਚੁਸਤ ਹੋਣ ਦੀ ਲੋੜ ਹੈ, ਚਾਹੇ ਦਿਨ ਵਿਚ ਅਸੀਂ ਜਦੋਂ ਮਰਜ਼ੀ ਇਸ ਤਰ੍ਹਾਂ ਕਰੀਏ।—ਯਸਾਯਾਹ 50:4, 5; ਜ਼ਬੂਰਾਂ ਦੀ ਪੋਥੀ 5:3; 88:13.

3. ਚੰਗੀ ਤਰ੍ਹਾਂ ਅਧਿਐਨ ਕਰਨ ਲਈ ਕਿਹੋ ਜਿਹਾ ਮਾਹੌਲ ਹੋਣਾ ਜ਼ਰੂਰੀ ਹੈ?

3 ਚੰਗੀ ਤਰ੍ਹਾਂ ਅਧਿਐਨ ਕਰਨ ਲਈ ਸਾਨੂੰ ਇਕ ਹੋਰ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਸਾਨੂੰ ਆਰਾਮਦੇਹ ਸੋਫੇ ਜਾਂ ਪਲੰਘ ਤੇ ਲੰਮੇ ਪੈ ਕੇ ਅਧਿਐਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਤੁਸੀਂ ਚੁਸਤ ਨਹੀਂ ਰਹਿ ਸਕੋਗੇ। ਅਧਿਐਨ ਕਰਦੇ ਸਮੇਂ ਇਹ ਜ਼ਰੂਰੀ ਹੈ ਕਿ ਅਸੀਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਸਕੀਏ, ਪਰ ਜ਼ਿਆਦਾ ਆਰਾਮ ਨਾਲ ਬੈਠਣ ਦਾ ਉਲਟਾ ਅਸਰ ਪੈਂਦਾ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਅਧਿਐਨ ਅਤੇ ਮਨਨ ਕਰੀਏ ਜਿੱਥੇ ਆਸਾਨੀ ਨਾਲ ਸਾਡਾ ਧਿਆਨ ਭੰਗ ਨਹੀਂ ਹੋਵੇਗਾ। ਅਜਿਹੇ ਮਾਹੌਲ ਵਿਚ ਅਧਿਐਨ ਕਰਨ ਦੀ ਕੋਸ਼ਿਸ਼ ਕਰਨ ਦਾ ਇੰਨਾ ਫ਼ਾਇਦਾ ਨਹੀਂ ਹੋਵੇਗਾ ਜਿੱਥੇ ਰੇਡੀਓ ਅਤੇ ਟੀ. ਵੀ. ਦੀ ਆਵਾਜ਼ ਸੁਣਾਈ ਦਿੰਦੀ ਹੋਵੇ ਅਤੇ ਬੱਚੇ ਤੁਹਾਡਾ ਧਿਆਨ ਆਪਣੇ ਵੱਲ ਖਿੱਚਣ ਲਈ ਰੌਲਾ ਪਾਉਂਦੇ ਹੋਣ। ਜਦੋਂ ਯਿਸੂ ਸੋਚ-ਵਿਚਾਰ ਕਰਨਾ ਚਾਹੁੰਦਾ ਸੀ, ਤਾਂ ਉਹ ਇਕ ਇਕਾਂਤ ਥਾਂ ਵਿਚ ਚਲਾ ਗਿਆ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਕਿਸੇ ਸ਼ਾਂਤ ਜਗ੍ਹਾ ਵਿਚ ਜਾ ਕੇ ਪ੍ਰਾਰਥਨਾ ਕਰਨੀ ਚੰਗੀ ਗੱਲ ਹੋਵੇਗੀ।—ਮੱਤੀ 6:6; 14:13; ਮਰਕੁਸ 6:30-32.

ਨਿੱਜੀ ਅਧਿਐਨ ਜੋ ਸਾਨੂੰ ਜਵਾਬ ਦੇਣ ਲਈ ਤਿਆਰ ਕਰਦਾ ਹੈ

4, 5. ਮੰਗ ਬ੍ਰੋਸ਼ਰ ਸਾਡੀ ਵਧੀਆ ਤਰੀਕੇ ਨਾਲ ਕਿਵੇਂ ਮਦਦ ਕਰ ਸਕਦਾ ਹੈ?

4 ਨਿੱਜੀ ਅਧਿਐਨ ਕਰਦੇ ਹੋਏ ਜੇਕਰ ਅਸੀਂ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਨੂੰ ਇਸਤੇਮਾਲ ਕਰ ਕੇ ਕਿਸੇ ਵਿਸ਼ੇ ਉੱਤੇ ਰਿਸਰਚ ਕਰੀਏ, ਤਾਂ ਬਹੁਤ ਹੀ ਮਜ਼ਾ ਆਉਂਦਾ ਹੈ, ਖ਼ਾਸ ਕਰਕੇ ਜਦੋਂ ਅਸੀਂ ਕਿਸੇ ਵਿਅਕਤੀ ਦੇ ਦਿਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਲੱਭਦੇ ਹਾਂ। (1 ਤਿਮੋਥਿਉਸ 1:4; 2 ਤਿਮੋਥਿਉਸ 2:23) ਕਈ ਨਵੇਂ ਵਿਅਕਤੀ ਪਹਿਲਾਂ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? * ਨਾਮਕ ਬ੍ਰੋਸ਼ਰ ਦਾ ਅਧਿਐਨ ਕਰਦੇ ਹਨ, ਜੋ 261 ਭਾਸ਼ਾਵਾਂ ਵਿਚ ਮਿਲ ਸਕਦਾ ਹੈ। ਇਹ ਬ੍ਰੋਸ਼ਰ ਸੌਖੇ ਤਰੀਕੇ ਨਾਲ ਬਾਈਬਲ ਦੀਆਂ ਗੱਲਾਂ ਨੂੰ ਸਹੀ-ਸਹੀ ਸਮਝਾਉਂਦਾ ਹੈ। ਇਸ ਨੂੰ ਪੜ੍ਹਨ ਵਾਲਿਆਂ ਨੂੰ ਜਲਦੀ ਪਤਾ ਲੱਗ ਜਾਂਦਾ ਹੈ ਕਿ ਸੱਚੀ ਭਗਤੀ ਕਰਨ ਵਿਚ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ। ਪਰ ਇਹ ਸਿਰਫ਼ ਇਕ ਛੋਟਾ ਜਿਹਾ ਬ੍ਰੋਸ਼ਰ ਹੈ, ਇਸ ਲਈ ਇਸ ਵਿਚ ਹਰ ਵਿਸ਼ੇ ਉੱਤੇ ਡੂੰਘਾ ਅਧਿਐਨ ਨਹੀਂ ਕੀਤਾ ਜਾ ਸਕਦਾ। ਪਰ ਜੇਕਰ ਬਾਈਬਲ ਵਿਦਿਆਰਥੀ ਚਰਚਾ ਕੀਤੇ ਜਾ ਰਹੇ ਵਿਸ਼ੇ ਉੱਤੇ ਤੁਹਾਡੇ ਕੋਲੋਂ ਕੋਈ ਜ਼ਰੂਰੀ ਸਵਾਲ ਪੁੱਛੇ, ਤਾਂ ਤੁਸੀਂ ਉਸ ਦੇ ਸਵਾਲ ਦਾ ਜਵਾਬ ਜਾਣਨ ਲਈ ਹੋਰ ਜਾਣਕਾਰੀ ਕਿਵੇਂ ਪ੍ਰਾਪਤ ਕਰ ਸਕਦੇ ਹੋ?

5 ਜਿਨ੍ਹਾਂ ਕੋਲ ਆਪਣੀ ਭਾਸ਼ਾ ਵਿਚ ਸੀ. ਡੀ ਰੋਮ ਉੱਤੇ ਵਾਚਟਾਵਰ ਲਾਇਬ੍ਰੇਰੀ ਹੈ, ਤਾਂ ਉਨ੍ਹਾਂ ਨੂੰ ਕੰਪਿਊਟਰ ਤੇ ਆਸਾਨੀ ਨਾਲ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਮਿਲ ਸਕਦੀ ਹੈ। ਪਰ ਉਨ੍ਹਾਂ ਬਾਰੇ ਕੀ ਜਿਨ੍ਹਾਂ ਕੋਲ ਕੰਪਿਊਟਰ ਅਤੇ ਇਹ ਸੀ. ਡੀ ਰੋਮ ਨਹੀਂ ਹਨ? ਆਓ ਆਪਾਂ ਦੋ ਵਿਸ਼ਿਆਂ ਦੀ ਜਾਂਚ ਕਰੀਏ ਜਿਨ੍ਹਾਂ ਦੀ ਚਰਚਾ ਮੰਗ ਬ੍ਰੋਸ਼ਰ ਵਿਚ ਕੀਤੀ ਗਈ ਹੈ। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਵਿਸ਼ਿਆਂ ਬਾਰੇ ਆਪਣੀ ਸਮਝ ਕਿਵੇਂ ਵਧਾ ਸਕਦੇ ਹਾਂ, ਤਾਂਕਿ ਅਸੀਂ ਇਨ੍ਹਾਂ ਉੱਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਚੰਗੀ ਤਰ੍ਹਾਂ ਦੇ ਸਕੀਏ। ਖ਼ਾਸ ਕਰ ਕੇ ਜੇ ਅਜਿਹੇ ਸਵਾਲ ਪੁੱਛੇ ਜਾਣ ਕਿ ਪਰਮੇਸ਼ੁਰ ਕੌਣ ਹੈ ਅਤੇ ਯਿਸੂ ਸੱਚ-ਮੁੱਚ ਕਿਹੋ ਜਿਹਾ ਵਿਅਕਤੀ ਸੀ?—ਕੂਚ 5:2; ਲੂਕਾ 9:18-20; 1 ਪਤਰਸ 3:15.

ਪਰਮੇਸ਼ੁਰ ਕੌਣ ਹੈ?

6, 7. (ੳ) ਪਰਮੇਸ਼ੁਰ ਬਾਰੇ ਕਿਹੜਾ ਸਵਾਲ ਪੈਦਾ ਹੁੰਦਾ ਹੈ? (ਅ) ਇਕ ਪਾਦਰੀ ਆਪਣੇ ਲੈਕਚਰ ਵਿਚ ਕਿਹੜੀ ਜ਼ਰੂਰੀ ਗੱਲ ਕਹਿਣੀ ਭੁੱਲ ਗਿਆ ਸੀ?

6ਮੰਗ ਬ੍ਰੋਸ਼ਰ ਦੇ ਦੂਜੇ ਪਾਠ ਵਿਚ ਇਸ ਬਹੁਤ ਹੀ ਜ਼ਰੂਰੀ ਸਵਾਲ ਦਾ ਜਵਾਬ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਕੌਣ ਹੈ? ਹੋਰਨਾਂ ਗੱਲਾਂ ਤੋਂ ਪਹਿਲਾਂ ਇਸ ਗੱਲ ਦਾ ਜਵਾਬ ਜਾਣਨਾ ਜ਼ਰੂਰੀ ਹੈ ਕਿਉਂਕਿ ਅਸੀਂ ਸੱਚੇ ਪਰਮੇਸ਼ੁਰ ਨੂੰ ਜਾਣੇ ਬਿਨਾਂ ਜਾਂ ਉਸ ਦੀ ਹੋਂਦ ਉੱਤੇ ਸ਼ੱਕ ਕਰਦੇ ਹੋਏ ਉਸ ਦੀ ਭਗਤੀ ਨਹੀਂ ਕਰ ਸਕਦੇ। (ਰੋਮੀਆਂ 1:19, 20; ਇਬਰਾਨੀਆਂ 11:6) ਪਰ ਸੰਸਾਰ ਭਰ ਵਿਚ ਪਰਮੇਸ਼ੁਰ ਬਾਰੇ ਲੋਕਾਂ ਦੇ ਸੈਂਕੜੇ ਹੀ ਖਿਆਲ ਹਨ। (1 ਕੁਰਿੰਥੀਆਂ 8:4-6) ਵੱਖਰੇ-ਵੱਖਰੇ ਧਰਮ ਇਸ ਸਵਾਲ ਦਾ ਵੱਖੋ-ਵੱਖਰਾ ਜਵਾਬ ਦਿੰਦੇ ਹਨ। ਈਸਾਈ-ਜਗਤ ਦੇ ਅਨੇਕ ਧਰਮ ਮੰਨਦੇ ਹਨ ਕਿ ਪਰਮੇਸ਼ੁਰ ਇਕ ਤ੍ਰਿਏਕ ਹੈ। ਅਮਰੀਕਾ ਦੇ ਇਕ ਮਸ਼ਹੂਰ ਪਾਦਰੀ ਨੇ ਇਸ ਵਿਸ਼ੇ ਉੱਤੇ ਲੈਕਚਰ ਦਿੱਤਾ: “ਕੀ ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ?” ਪਰ ਉਸ ਨੇ ਆਪਣੇ ਭਾਸ਼ਣ ਵਿਚ ਇਕ ਵਾਰ ਵੀ ਪਰਮੇਸ਼ੁਰ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਭਾਵੇਂ ਕਿ ਉਸ ਨੇ ਕਈ ਵਾਰ ਇਬਰਾਨੀ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ ਸਨ। ਹਾਂ, ਉਹ ਬਾਈਬਲ ਦਾ ਅਜਿਹਾ ਤਰਜਮਾ ਵਰਤ ਰਿਹਾ ਸੀ ਜਿਸ ਵਿੱਚੋਂ ਯਹੋਵਾਹ ਜਾਂ ਯਾਹਵੇਹ ਹਟਾ ਕੇ ਇਸ ਦੀ ਥਾਂ “ਪ੍ਰਭੂ” ਵਰਤਿਆ ਗਿਆ ਸੀ। ਪਰ “ਪ੍ਰਭੂ” ਸਿਰਫ਼ ਇਕ ਖ਼ਿਤਾਬ ਹੈ ਜੋ ਕਿਸੇ ਹੋਰ ਲਈ ਵੀ ਵਰਤਿਆ ਜਾ ਸਕਦਾ ਹੈ।

7 ਇਹ ਪਾਦਰੀ ਯਿਰਮਿਯਾਹ 31:33, 34 ਦਾ ਹਵਾਲਾ ਦਿੰਦੇ ਹੋਏ ਇਕ ਜ਼ਰੂਰੀ ਗੱਲ ਨੋਟ ਕਰਨੀ ਭੁੱਲ ਗਿਆ: “ਉਹ ਇਕ ਦੂਜੇ ਨੂੰ ਮੇਰੇ ਬਾਰੇ ਇਹ ਕਹਿ ਕੇ ਨਹੀਂ ਸਿਖਾਉਣਗੇ, ‘ਪ੍ਰਭੂ ਨੂੰ ਜਾਣ’ [ਇਬਰਾਨੀ ਵਿਚ, “ਯਹੋਵਾਹ ਨੂੰ ਜਾਣੋ”] ਕਿਉਂਕਿ ਛੋਟੇ ਤੋਂ ਲੈ ਕੇ ਵੱਡੇ ਤਕ, ਸਭ ਮੈਨੂੰ ਜਾਣਨਗੇ। . . . ਮੈਂ, ਪ੍ਰਭੂ [ਇਬਰਾਨੀ ਵਿਚ, ਯਹੋਵਾਹ] ਨੇ ਇਹ ਕਿਹਾ ਹੈ।” ਜੀ ਹਾਂ, ਜਿਸ ਤਰਜਮੇ ਵਿੱਚੋਂ ਉਸ ਨੇ ਇਹ ਹਵਾਲਾ ਪੜ੍ਹਿਆ ਸੀ ਉਸ ਵਿੱਚੋਂ ਪਰਮੇਸ਼ੁਰ ਦਾ ਨਾਂ, ਯਹੋਵਾਹ ਹਟਾ ਦਿੱਤਾ ਗਿਆ ਸੀ।—ਜ਼ਬੂਰਾਂ ਦੀ ਪੋਥੀ 103:1, 2.

8. ਕਿਹੜੀ ਗੱਲ ਦਿਖਾਉਂਦੀ ਹੈ ਕਿ ਯਹੋਵਾਹ ਦਾ ਨਾਂ ਵਰਤਣਾ ਜ਼ਰੂਰੀ ਹੈ?

8ਜ਼ਬੂਰਾਂ ਦੀ ਪੋਥੀ 8:9 ਦਿਖਾਉਂਦੀ ਹੈ ਕਿ ਯਹੋਵਾਹ ਦਾ ਨਾਂ ਵਰਤਣਾ ਕਿਉਂ ਇੰਨਾ ਜ਼ਰੂਰੀ ਹੈ: “ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ!” ਇਸ ਦੀ ਤੁਲਨਾ ਇਸ ਆਇਤ ਨਾਲ ਕਰੋ: “ਹੇ ਪ੍ਰਭੂ, ਸਾਡੇ ਮਾਲਕ, ਤੇਰਾ ਨਾਂ ਸਾਰੀ ਧਰਤੀ ਉਤੇ ਕਿੰਨਾ ਮਹਾਨ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਿਵੇਂ ਪਿੱਛਲੇ ਲੇਖ ਵਿਚ ਕਿਹਾ ਗਿਆ ਸੀ, ਅਸੀਂ ‘ਪਰਮੇਸ਼ੁਰ ਦਾ ਗਿਆਨ’ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਉਸ ਦੇ ਬਚਨ ਦਾ ਅਧਿਐਨ ਕਰ ਕੇ ਉਸ ਵਿਚ ਦੱਸੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਪਰ ਪਰਮੇਸ਼ੁਰ ਦੇ ਨਾਂ ਦੀ ਮਹੱਤਤਾ ਬਾਰੇ ਸਾਡੇ ਸਵਾਲਾਂ ਦੇ ਜਵਾਬ ਕਿਹੜੀ ਕਿਤਾਬ ਦੇ ਸਕਦੀ ਹੈ?—ਕਹਾਉਤਾਂ 2:1-6.

9. (ੳ) ਕਿਹੜੀ ਕਿਤਾਬ ਪਰਮੇਸ਼ੁਰ ਦਾ ਨਾਂ ਲੈਣ ਦੀ ਮਹੱਤਤਾ ਸਮਝਾਉਂਦੀ ਹੈ? (ਅ) ਬਹੁਤ ਸਾਰੇ ਅਨੁਵਾਦਕ ਪਰਮੇਸ਼ੁਰ ਦੇ ਨਾਂ ਦੀ ਕਦਰ ਕਰਨੀ ਕਿਵੇਂ ਭੁੱਲ ਗਏ ਹਨ?

9 ਅਸੀਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਮਕ ਕਿਤਾਬ ਵਰਤ ਸਕਦੇ ਹਾਂ, ਜਿਸ ਦਾ ਕੁਝ 154 ਭਾਸ਼ਾਵਾਂ ਵਿਚ ਤਰਜਮਾ ਕੀਤਾ ਗਿਆ ਹੈ। * ਇਸ ਦੇ ਤੀਜੇ ਅਧਿਆਇ ਵਿਚ “ਸੱਚੇ ਪਰਮੇਸ਼ੁਰ ਦਾ ਇਕ ਨਾਂ ਹੈ” ਦੇ ਉਪ-ਸਿਰਲੇਖ ਹੇਠ (ਸਫ਼ਾ 24) ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਜਿਨ੍ਹਾਂ ਚਾਰ ਇਬਰਾਨੀ ਅੱਖਰਾਂ ਦੁਆਰਾ ਪਰਮੇਸ਼ੁਰ ਦਾ ਨਾਂ ਦਰਸਾਇਆ ਜਾਂਦਾ ਹੈ, ਉਹ ਮੁਢਲੀਆਂ ਇਬਰਾਨੀ ਕਾਪੀਆਂ ਵਿਚ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਪਰ, ਯਹੂਦੀ ਧਰਮ ਅਤੇ ਈਸਾਈ-ਜਗਤ ਦੇ ਪਾਦਰੀ ਤੇ ਅਨੁਵਾਦਕ ਜਾਣ-ਬੁੱਝ ਕੇ ਉਨ੍ਹਾਂ ਬਹੁਤ ਸਾਰੀਆਂ ਬਾਈਬਲਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਹਟਾਉਂਦੇ ਹਨ ਜਿਨ੍ਹਾਂ ਦਾ ਉਹ ਤਰਜਮਾ ਕਰਦੇ ਹਨ। * ਜੇਕਰ ਅਜਿਹੇ ਲੋਕ ਪਰਮੇਸ਼ੁਰ ਦਾ ਨਾਂ ਲੈ ਕੇ ਉਸ ਨੂੰ ਨਹੀਂ ਪੁਕਾਰਦੇ, ਤਾਂ ਉਹ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਨਾਲ ਚੰਗੇ ਰਿਸ਼ਤੇ ਦਾ ਦਾਅਵਾ ਕਿਸ ਤਰ੍ਹਾਂ ਕਰ ਸਕਦੇ ਹਨ? ਉਸ ਦੇ ਨਾਂ ਨੂੰ ਜਾਣਨ ਨਾਲ ਅਸੀਂ ਉਸ ਨੂੰ ਅਤੇ ਉਸ ਦੇ ਮਕਸਦ ਨੂੰ ਸਮਝ ਸਕਦੇ ਹਾਂ। ਇਸ ਤੋਂ ਇਲਾਵਾ, ਜੇਕਰ ਅਸੀਂ ਉਸ ਦਾ ਨਾਂ ਨਾ ਲਈਏ, ਤਾਂ ਯਿਸੂ ਦੀ ਆਦਰਸ਼ ਪ੍ਰਾਰਥਨਾ ਦੇ ਅਗਲੇ ਸ਼ਬਦ ਸਾਡੇ ਲਈ ਕਿੰਨੀ ਕੁ ਅਹਿਮੀਅਤ ਰੱਖਣਗੇ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ”?—ਮੱਤੀ 6:9; ਯੂਹੰਨਾ 5:43; 17:6.

ਯਿਸੂ ਮਸੀਹ ਕੌਣ ਹੈ?

10. ਅਸੀਂ ਯਿਸੂ ਦੇ ਜੀਵਨ ਅਤੇ ਉਸ ਦੀ ਸੇਵਕਾਈ ਬਾਰੇ ਜ਼ਿਆਦਾ ਜਾਣਕਾਰੀ ਕਿਵੇਂ ਹਾਸਲ ਕਰ ਸਕਦੇ ਹਾਂ?

10ਮੰਗ ਬ੍ਰੋਸ਼ਰ ਦੇ ਤੀਜੇ ਪਾਠ ਦਾ ਵਿਸ਼ਾ ਹੈ: “ਯਿਸੂ ਮਸੀਹ ਕੌਣ ਹੈ?” ਇਸ ਪਾਠ ਦੇ ਸਿਰਫ਼ ਛੇ ਪੈਰੇ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਸੀ ਅਤੇ ਉਹ ਧਰਤੀ ਉੱਤੇ ਕਿਉਂ ਆਇਆ ਸੀ। ਪਰ ਜੇਕਰ ਤੁਸੀਂ ਉਸ ਦੇ ਜੀਵਨ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਤੁਹਾਨੂੰ ਇੰਜੀਲਾਂ ਦੇ ਇਲਾਵਾ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਨਾਮਕ ਪੁਸਤਕ ਵਿਚ ਉਸ ਬਾਰੇ ਪੂਰੀ ਜਾਣਕਾਰੀ ਮਿਲੇਗੀ। * ਇਹ ਪੁਸਤਕ 111 ਭਾਸ਼ਾਵਾਂ ਵਿਚ ਮਿਲ ਸਕਦੀ ਹੈ। ਇਸ ਪੁਸਤਕ ਵਿਚ ਇੰਜੀਲਾਂ ਅਨੁਸਾਰ ਯਿਸੂ ਦੀਆਂ ਸਿੱਖਿਆਵਾਂ ਅਤੇ ਜਿੱਦਾਂ-ਜਿੱਦਾਂ ਉਸ ਦੇ ਜੀਵਨ ਵਿਚ ਗੱਲਾਂ ਵਾਪਰੀਆਂ ਸਨ, ਉਸੇ ਤਰ੍ਹਾਂ ਉਨ੍ਹਾਂ ਨੂੰ ਬਿਆਨ ਕੀਤਾ ਗਿਆ ਹੈ। ਇਸ ਦੇ 133 ਅਧਿਆਵਾਂ ਵਿਚ ਯਿਸੂ ਦੇ ਜੀਵਨ ਅਤੇ ਉਸ ਦੀ ਸੇਵਕਾਈ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ। ਇਨਸਾਈਟ ਦੇ ਦੂਜੇ ਖੰਡ ਵਿਚ “ਯਿਸੂ ਮਸੀਹ” ਦੇ ਉਪ-ਸਿਰਲੇਖ ਹੇਠ ਯਿਸੂ ਦੇ ਪੂਰੇ ਜੀਵਨ ਬਾਰੇ ਖੋਲ੍ਹ ਕੇ ਦੱਸਿਆ ਗਿਆ ਹੈ।

11. (ੳ) ਯਿਸੂ ਬਾਰੇ ਜੋ ਯਹੋਵਾਹ ਦੇ ਗਵਾਹ ਮੰਨਦੇ ਹਨ ਉਹ ਦੂਸਰਿਆਂ ਧਰਮਾਂ ਤੋਂ ਭਿੰਨ ਕਿਵੇਂ ਹੈ? (ਅ) ਬਾਈਬਲ ਦੇ ਕਿਹੜੇ ਹਵਾਲੇ ਤ੍ਰਿਏਕ ਦੀ ਸਿੱਖਿਆ ਨੂੰ ਗ਼ਲਤ ਸਾਬਤ ਕਰਦੇ ਹਨ ਅਤੇ ਇਸ ਵਿਚ ਕਿਹੜੀ ਪੁਸਤਕ ਸਾਡੀ ਮਦਦ ਕਰਦੀ ਹੈ?

11 ਈਸਾਈ-ਜਗਤ ਦੇ ਧਰਮਾਂ ਵਿਚ ਯਿਸੂ ਬਾਰੇ ਇਹੋ ਬਹਿਸ ਚੱਲ ਰਹੀ ਹੈ ਕਿ ਉਹ “ਪਰਮੇਸ਼ੁਰ ਦਾ ਪੁੱਤਰ” ਹੋਣ ਦੇ ਨਾਲ-ਨਾਲ ਖ਼ੁਦ “ਪਰਮੇਸ਼ੁਰ” ਵੀ ਹੈ ਜਾਂ ਨਹੀਂ। ਕੈਥੋਲਿਕ ਗਿਰਜੇ ਬਾਰੇ ਇਕ ਕਿਤਾਬ ਤ੍ਰਿਏਕ ਦੀ ਸਿੱਖਿਆ ਨੂੰ “ਮਸੀਹੀ ਵਿਸ਼ਵਾਸ ਦੀ ਮੂਲ ਸਿੱਖਿਆ” ਕਹਿੰਦੀ ਹੈ। ਈਸਾਈ-ਜਗਤ ਦੇ ਧਰਮਾਂ ਤੋਂ ਭਿੰਨ, ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਪਰਮੇਸ਼ੁਰ ਨੇ ਯਿਸੂ ਨੂੰ ਸਿਰਜਿਆ ਹੈ, ਪਰ ਯਿਸੂ ਪਰਮੇਸ਼ੁਰ ਨਹੀਂ। ਇਸ ਵਿਸ਼ੇ ਉੱਤੇ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਮਕ ਪੁਸਤਕ ਵਿਚ ਵਧੀਆ ਚਰਚਾ ਕੀਤੀ ਗਈ ਹੈ, ਜਿਸ ਦਾ ਤਰਜਮਾ 131 ਭਾਸ਼ਾਵਾਂ ਵਿਚ ਕੀਤਾ ਗਿਆ ਹੈ। * ਤ੍ਰਿਏਕ ਦੀ ਸਿੱਖਿਆ ਗ਼ਲਤ ਸਾਬਤ ਕਰਨ ਲਈ ਇਸ ਵਿਚ ਕਈ ਸ਼ਾਸਤਰਵਚਨ ਵਰਤੇ ਗਏ ਹਨ, ਜਿਵੇਂ ਕਿ ਮਰਕੁਸ 13:32 ਅਤੇ 1 ਕੁਰਿੰਥੀਆਂ 11:3; 15:28.

12. ਹੋਰ ਕਿਹੜੇ ਸਵਾਲ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ?

12 ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਉੱਪਰ ਕੀਤੀ ਗਈ ਚਰਚਾ ਵਿਚ ਨਿੱਜੀ ਅਧਿਐਨ ਕਰਨ ਦੇ ਵੱਖਰੇ-ਵੱਖਰੇ ਤਰੀਕੇ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੁਆਰਾ ਅਸੀਂ ਉਨ੍ਹਾਂ ਲੋਕਾਂ ਦੀ ਜੋ ਬਾਈਬਲ ਬਾਰੇ ਨਹੀਂ ਜਾਣਦੇ, ਸਹੀ ਗਿਆਨ ਹਾਸਲ ਕਰਨ ਵਿਚ ਮਦਦ ਕਰ ਸਕਦੇ ਹਾਂ। (ਯੂਹੰਨਾ 17:3) ਪਰ ਉਨ੍ਹਾਂ ਬਾਰੇ ਕੀ ਜੋ ਕਈਆਂ ਸਾਲਾਂ ਤੋਂ ਮਸੀਹੀ ਕਲੀਸਿਯਾ ਨਾਲ ਸੰਗਤ ਰੱਖਦੇ ਆਏ ਹਨ? ਭਾਵੇਂ ਕਿ ਉਨ੍ਹਾਂ ਕੋਲ ਬਾਈਬਲ ਦਾ ਕਾਫ਼ੀ ਗਿਆਨ ਹੈ, ਪਰ ਕੀ ਉਨ੍ਹਾਂ ਨੂੰ ਹਾਲੇ ਵੀ ਯਹੋਵਾਹ ਦੇ ਬਚਨ ਦਾ ਨਿੱਜੀ ਅਧਿਐਨ ਕਰਨ ਦੀ ਲੋੜ ਹੈ?

‘ਆਪਣੀ ਸਿੱਖਿਆ ਦੀ ਰਾਖੀ ਕਰਨ’ ਦੀ ਕਿਉਂ ਲੋੜ ਹੈ?

13. ਨਿੱਜੀ ਅਧਿਐਨ ਬਾਰੇ ਕੁਝ ਲੋਕਾਂ ਦਾ ਸ਼ਾਇਦ ਕਿਹੜਾ ਗ਼ਲਤ ਵਿਚਾਰ ਹੋ ਸਕਦਾ ਹੈ?

13 ਜੋ ਲੋਕ ਕਈਆਂ ਸਾਲਾਂ ਤੋਂ ਕਲੀਸਿਯਾ ਦੇ ਮੈਂਬਰ ਹਨ ਸ਼ਾਇਦ ਇਹ ਗ਼ਲਤੀ ਕਰ ਬੈਠਣ ਕਿ ਯਹੋਵਾਹ ਦੇ ਗਵਾਹਾਂ ਵਜੋਂ ਉਨ੍ਹਾਂ ਨੇ ਸੱਚਾਈ ਵਿਚ ਆਉਣ ਦੇ ਪਹਿਲੇ ਕੁਝ ਸਾਲਾਂ ਵਿਚ ਜੋ ਗਿਆਨ ਲਿਆ ਸੀ, ਉੱਨਾ ਹੀ ਗਿਆਨ ਕਾਫ਼ੀ ਹੈ। ਆਪਣੇ ਆਪ ਨੂੰ ਇਹ ਕਹਿਣਾ ਸੌਖਾ ਹੈ: “ਮੈਨੂੰ ਸੱਚਾਈ ਵਿਚ ਆਏ ਨਵੇਂ ਵਿਅਕਤੀਆਂ ਵਾਂਗ ਇੰਨਾ ਅਧਿਐਨ ਕਰਨ ਦੀ ਲੋੜ ਨਹੀਂ। ਵੈਸੇ ਵੀ, ਮੈਂ ਤਾਂ ਕਈ ਵਾਰ ਬਾਈਬਲ ਅਤੇ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਪੜ੍ਹ ਚੁੱਕਾ ਹਾਂ।” ਇੱਦਾਂ ਕਹਿਣਾ ਇਹ ਕਹਿਣ ਦੇ ਬਰਾਬਰ ਹੈ: “ਮੈਨੂੰ ਹੁਣ ਆਪਣੇ ਖਾਣ-ਪੀਣ ਵੱਲ ਇੰਨਾ ਧਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਵਾਰ ਰੋਟੀ ਖਾ ਚੁੱਕਾ ਹਾਂ।” ਸਾਨੂੰ ਪਤਾ ਹੈ ਕਿ ਹਮੇਸ਼ਾ ਤੰਦਰੁਸਤ ਰਹਿਣ ਲਈ ਸਾਨੂੰ ਚੰਗੇ ਭੋਜਨ ਦੀ ਲੋੜ ਹੈ। ਤਾਂ ਸਾਡੀ ਰੂਹਾਨੀ ਸਿਹਤ ਅਤੇ ਤੰਦਰੁਸਤੀ ਬਾਰੇ ਇਹ ਗੱਲ ਹੋਰ ਵੀ ਜ਼ਿਆਦਾ ਸੱਚ ਹੈ!—ਇਬਰਾਨੀਆਂ 5:12-14.

14. ਸਾਨੂੰ ਆਪਣੇ ਆਪ ਦੀ ਰਾਖੀ ਕਰਨ ਦੀ ਕਿਉਂ ਲੋੜ ਹੈ?

14 ਇਸ ਲਈ ਸਾਨੂੰ ਸਾਰਿਆਂ ਨੂੰ, ਚਾਹੇ ਅਸੀਂ ਬਾਈਬਲ ਬਾਰੇ ਚਿਰ ਤੋਂ ਸਿੱਖ ਰਹੇ ਹਾਂ ਜਾਂ ਥੋੜ੍ਹੇ ਸਮੇਂ ਤੋਂ ਸਿੱਖਣ ਲੱਗੇ ਹਾਂ, ਤਿਮੋਥਿਉਸ ਨੂੰ ਦਿੱਤੀ ਗਈ ਪੌਲੁਸ ਰਸੂਲ ਦੀ ਸਲਾਹ ਲਾਗੂ ਕਰਨੀ ਚਾਹੀਦੀ ਹੈ। ਤਿਮੋਥਿਉਸ ਉਸ ਸਮੇਂ ਇਕ ਜ਼ਿੰਮੇਵਾਰ ਨਿਗਾਹਬਾਨ ਸੀ ਅਤੇ ਪੌਲੁਸ ਨੇ ਉਸ ਨੂੰ ਇਹ ਸਲਾਹ ਦਿੱਤੀ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:15, 16) ਸਾਨੂੰ ਕਿਉਂ ਪੌਲੁਸ ਦੀ ਸਲਾਹ ਵੱਲ ਚੰਗੀ ਤਰ੍ਹਾਂ ਧਿਆਨ ਦੇਣ ਦੀ ਲੋੜ ਹੈ? ਯਾਦ ਰੱਖੋ ਕਿ ਪੌਲੁਸ ਨੇ ਇਹ ਵੀ ਕਿਹਾ ਸੀ ਕਿ ਸਾਡੀ ਲੜਾਈ “ਸ਼ਤਾਨ ਦੇ ਛਲ ਛਿੱਦ੍ਰਾਂ [“ਖ਼ਤਰਨਾਕ ਚਾਲਾਂ,” ਨਵਾਂ ਅਨੁਵਾਦ]” ਅਤੇ “ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” ਪਤਰਸ ਰਸੂਲ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਸ਼ਤਾਨ ‘ਭਾਲਦਾ ਫਿਰਦਾ ਹੈ ਕਿ ਉਹ ਕਿਹ ਨੂੰ ਪਾੜ ਖਾਵੇ।’ ਇਸ ਲਈ ਸਾਨੂੰ ਵੀ ਉਸ ਤੋਂ ਬਹੁਤ ਖ਼ਤਰਾ ਹੈ। ਜੇਕਰ ਅਸੀਂ ਭੁਲੇਖੇ ਨਾਲ ਇਹ ਸੋਚ ਬੈਠੀਏ ਕਿ ਸਾਨੂੰ ਕੋਈ ਖ਼ਤਰਾ ਨਹੀਂ, ਤਾਂ ਸ਼ਤਾਨ ਜ਼ਰੂਰ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਸਾਨੂੰ ਪਾੜ ਖਾਵੇਗਾ।—ਅਫ਼ਸੀਆਂ 6:11, 12; 1 ਪਤਰਸ 5:8.

15. ਅਸੀਂ ਕਿਸ ਚੀਜ਼ ਨਾਲ ਸ਼ਤਾਨ ਦਾ ਸਾਮ੍ਹਣਾ ਕਰ ਸਕਦੇ ਹਾਂ ਅਤੇ ਇਸ ਦੀ ਦੇਖ-ਭਾਲ ਕਿਵੇਂ ਕੀਤੀ ਜਾ ਸਕਦੀ ਹੈ?

15 ਤਾਂ ਫਿਰ, ਅਸੀਂ ਸ਼ਤਾਨ ਦਾ ਕਿਸ ਤਰ੍ਹਾਂ ਸਾਮ੍ਹਣਾ ਕਰ ਸਕਦੇ ਹਾਂ? ਪੌਲੁਸ ਰਸੂਲ ਸਾਨੂੰ ਯਾਦ ਕਰਾਉਂਦਾ ਹੈ: “ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸੱਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ।” (ਅਫ਼ਸੀਆਂ 6:13) ਸਾਡੇ ਰੂਹਾਨੀ ਸ਼ਸਤ੍ਰ ਬਸਤ੍ਰ ਸਾਡਾ ਬਚਾਅ ਤਾਂ ਹੀ ਕਰ ਸਕਦੇ ਹਨ ਜੇਕਰ ਅਸੀਂ ਉਨ੍ਹਾਂ ਦੀ ਨਿਯਮਿਤ ਤੌਰ ਕੇ ਚੰਗੀ ਤਰ੍ਹਾਂ ਦੇਖ-ਭਾਲ ਕਰੀਏ। ਰੂਹਾਨੀ ਸ਼ਸਤ੍ਰ ਬਸਤ੍ਰ ਪਹਿਨਣ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਦੇ ਬਚਨ ਬਾਰੇ ਨਵਾਂ ਤੋਂ ਨਵਾਂ ਗਿਆਨ ਹਾਸਲ ਕਰਨ ਦੀ ਵੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਸੱਚਾਈ ਦੀਆਂ ਗੱਲਾਂ ਸਮਝਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਜੋ ਯਹੋਵਾਹ ਨੇ ਸਾਨੂੰ ਆਪਣੇ ਬਚਨ ਤੇ ਮਾਤਬਰ ਅਤੇ ਬੁੱਧਵਾਨ ਨੌਕਰ ਰਾਹੀਂ ਪ੍ਰਗਟ ਕੀਤੀਆਂ ਹਨ। ਰੂਹਾਨੀ ਸ਼ਸਤ੍ਰ ਬਸਤ੍ਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਨਿਯਮਿਤ ਤੌਰ ਤੇ ਬਾਈਬਲ ਅਤੇ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਦਾ ਅਧਿਐਨ ਕਰੀਏ।—ਮੱਤੀ 24:45-47; ਅਫ਼ਸੀਆਂ 6:14, 15.

16. ਆਪਣੀ “ਨਿਹਚਾ ਦੀ ਢਾਲ” ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

16 ਪੌਲੁਸ ਰਸੂਲ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਸਾਡੇ ਰੂਹਾਨੀ ਹਥਿਆਰਾਂ ਵਿਚ “ਨਿਹਚਾ ਦੀ ਢਾਲ” ਰੱਖਣੀ ਬਹੁਤ ਜ਼ਰੂਰੀ ਹੈ ਜੋ ਸ਼ਤਾਨ ਦੇ ਅਗਨਮਈ ਬਾਣਾਂ ਯਾਨੀ ਸਾਡੇ ਉੱਤੇ ਲਾਏ ਗਏ ਝੂਠੇ ਦੋਸ਼ ਤੇ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਤੋਂ ਸਾਡੀ ਰੱਖਿਆ ਕਰ ਸਕਦੀ ਹੈ। (ਅਫ਼ਸੀਆਂ 6:16) ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ। ਪਰ ਇਸ ਨੂੰ ਮਜ਼ਬੂਤ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ? ਮਿਸਾਲ ਲਈ, ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ: ‘ਮੈਂ ਹਰ ਹਫ਼ਤੇ ਪਹਿਰਾਬੁਰਜ ਦੁਆਰਾ ਕੀਤੇ ਜਾਂਦੇ ਬਾਈਬਲ ਦੇ ਅਧਿਐਨ ਦੀ ਕਿਵੇਂ ਤਿਆਰੀ ਕਰਦਾ ਹਾਂ? ਕੀ ਮੈਂ ਧਿਆਨ ਨਾਲ ਅਧਿਐਨ ਕੀਤਾ ਹੈ ਤਾਂਕਿ ਮੈਂ ਮੀਟਿੰਗ ਦੌਰਾਨ ਆਪਣੀਆਂ ਟਿੱਪਣੀਆਂ ਦੁਆਰਾ ਦੂਸਰਿਆਂ ਨੂੰ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰ’ ਸਕਾਂ? ਕੀ ਮੈਂ ਬਾਈਬਲ ਖੋਲ੍ਹ ਕੇ ਉਨ੍ਹਾਂ ਆਇਤਾਂ ਨੂੰ ਪੜ੍ਹਦਾ ਹਾਂ ਜਿਨ੍ਹਾਂ ਦਾ ਸਿਰਫ਼ ਹਵਾਲਾ ਦਿੱਤਾ ਗਿਆ ਹੈ? ਕੀ ਮੈਂ ਮੀਟਿੰਗਾਂ ਵਿਚ ਜੋਸ਼ ਨਾਲ ਹਿੱਸਾ ਲੈ ਕੇ ਦੂਸਰਿਆਂ ਦਾ ਹੌਸਲਾ ਵਧਾਉਂਦਾ ਹਾਂ?’ ਰੂਹਾਨੀ ਭੋਜਨ ਤੋਂ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਉਸ ਨੂੰ ਚੰਗੀ ਤਰ੍ਹਾਂ ਹਜ਼ਮ ਕਰਨ ਦੀ ਲੋੜ ਹੈ।—ਇਬਰਾਨੀਆਂ 5:14; 10:24.

17. (ੳ) ਸ਼ਤਾਨ ਸਾਡੀ ਨਿਹਚਾ ਕਮਜ਼ੋਰ ਕਰਨ ਲਈ ਕਿਹੜੀ ਖ਼ਤਰਨਾਕ ਚਾਲ ਵਰਤਦਾ ਹੈ? (ਅ) ਸ਼ਤਾਨ ਦੀਆਂ ਖ਼ਤਰਨਾਕ ਚਾਲਾਂ ਤੋਂ ਅਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ?

17 ਸ਼ਤਾਨ ਪਾਪੀ ਇਨਸਾਨਾਂ ਦੀਆਂ ਕਮਜ਼ੋਰੀਆਂ ਜਾਣਦਾ ਹੈ ਅਤੇ ਉਸ ਦੀਆਂ ਚਾਲਾਂ ਖ਼ਤਰਨਾਕ ਹਨ। ਮਿਸਾਲ ਲਈ, ਉਹ ਅਸ਼ਲੀਲ ਤਸਵੀਰਾਂ ਰਾਹੀਂ ਸਾਡੇ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ। ਇਨ੍ਹਾਂ ਤਸਵੀਰਾਂ ਦੀ ਅੱਜ ਕੋਈ ਘਾਟ ਨਹੀਂ, ਸਗੋਂ ਅਸੀਂ ਆਸਾਨੀ ਨਾਲ ਟੀ. ਵੀ., ਇੰਟਰਨੈੱਟ, ਵਿਡਿਓ ਅਤੇ ਕਿਤਾਬਾਂ ਵਿਚ ਇਨ੍ਹਾਂ ਨੂੰ ਦੇਖ ਸਕਦੇ ਹਾਂ। ਕੁਝ ਮਸੀਹੀ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਗਈ ਹੈ, ਸ਼ਤਾਨ ਦੇ ਇਸ ਫੰਦੇ ਵਿਚ ਫਸ ਗਏ ਹਨ ਅਤੇ ਨਤੀਜੇ ਵਜੋਂ ਉਹ ਕਲੀਸਿਯਾ ਵਿਚ ਆਪਣੇ ਵਿਸ਼ੇਸ਼-ਸਨਮਾਨ ਗੁਆ ਬੈਠੇ ਹਨ ਜਾਂ ਇਸ ਤੋਂ ਵੀ ਬੁਰੇ ਨਤੀਜੇ ਭੋਗ ਰਹੇ ਹਨ। (ਅਫ਼ਸੀਆਂ 4:17-19) ਸ਼ਤਾਨ ਦੀਆਂ ਖ਼ਤਰਨਾਕ ਚਾਲਾਂ ਤੋਂ ਅਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ? ਸਾਨੂੰ ਹਮੇਸ਼ਾ ਬਾਈਬਲ ਦਾ ਨਿੱਜੀ ਅਧਿਐਨ ਕਰਨਾ, ਸਭਾਵਾਂ ਵਿਚ ਜਾਣਾ ਅਤੇ ਪਰਮੇਸ਼ੁਰ ਵੱਲੋਂ ਦਿੱਤੇ ਗਏ ਸਾਰੇ ਸ਼ਸਤ੍ਰ ਬਸਤ੍ਰ ਪਹਿਨਣੇ ਚਾਹੀਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਰਾਹੀਂ ਅਸੀਂ ਸਹੀ ਅਤੇ ਗ਼ਲਤ ਵਿਚਕਾਰ ਫ਼ਰਕ ਪਛਾਣ ਸਕਾਂਗੇ ਅਤੇ ਉਨ੍ਹਾਂ ਚੀਜ਼ਾਂ ਨਾਲ ਵੈਰ ਰੱਖਣਾ ਸਿੱਖਾਂਗੇ ਜਿਨ੍ਹਾਂ ਨਾਲ ਪਰਮੇਸ਼ੁਰ ਵੈਰ ਰੱਖਦਾ ਹੈ।—ਜ਼ਬੂਰਾਂ ਦੀ ਪੋਥੀ 97:10; ਰੋਮੀਆਂ 12:9.

18. ਸ਼ਤਾਨ ਨਾਲ ਲੜਾਈ ਲੜਨ ਵਿਚ “ਆਤਮਾ ਦੀ ਤਲਵਾਰ” ਸਾਡੀ ਮਦਦ ਕਿਵੇਂ ਕਰ ਸਕਦੀ ਹੈ?

18 ਜੇਕਰ ਅਸੀਂ ਬਾਈਬਲ ਦਾ ਅਧਿਐਨ ਕਰਨ ਦੀ ਆਦਤ ਪਾਈਏ, ਤਾਂ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਸਿਰਫ਼ ਸਾਡੀ ਰੱਖਿਆ ਹੀ ਨਹੀਂ ਕਰੇਗਾ, ਸਗੋਂ ਅਸੀਂ “ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ,” ਨੂੰ ਇਸਤੇਮਾਲ ਕਰ ਕੇ ਸ਼ਤਾਨ ਦਾ ਸਾਮ੍ਹਣਾ ਵੀ ਕਰ ਸਕਾਂਗੇ। ਪਰਮੇਸ਼ੁਰ ਦਾ ਬਚਨ “ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਅਫ਼ਸੀਆਂ 6:17; ਇਬਰਾਨੀਆਂ 4:12) ਜੇ ਅਸੀਂ ਇਸ “ਤਲਵਾਰ” ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖੀਏ, ਤਾਂ ਪਰੀਖਿਆਵਾਂ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਧੋਖਾ ਨਹੀਂ ਖਾਵਾਂਗੇ, ਸਗੋਂ ਸ਼ਤਾਨ ਦੇ ਘਾਤਕ ਫੰਦੇ ਪਛਾਣ ਸਕਾਂਗੇ। ਅਸੀਂ ਬਾਈਬਲ ਦਾ ਜੋ ਗਿਆਨ ਅਤੇ ਸਮਝ ਹਾਸਲ ਕਰ ਚੁੱਕੇ ਹਾਂ, ਉਹ ਸਾਡੀ ਬੁਰੇ ਕੰਮਾਂ ਤੋਂ ਦੂਰ ਰਹਿਣ ਅਤੇ ਚੰਗੇ ਕੰਮ ਕਰਨ ਵਿਚ ਮਦਦ ਕਰਨਗੇ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੇਰੀ ਤਲਵਾਰ ਤਿੱਖੀ ਹੈ ਜਾਂ ਖੁੰਢੀ? ਪਰੀਖਿਆਵਾਂ ਦਾ ਸਾਮ੍ਹਣਾ ਕਰਨ ਵੇਲੇ ਕੀ ਮੈਨੂੰ ਬਾਈਬਲ ਦੀਆਂ ਆਇਤਾਂ ਯਾਦ ਆਉਂਦੀਆਂ ਹਨ ਕਿ ਨਹੀਂ?’ ਆਓ ਆਪਾਂ ਸ਼ਤਾਨ ਦਾ ਵਿਰੋਧ ਕਰਨ ਲਈ ਬਾਈਬਲ ਦਾ ਨਿੱਜੀ ਅਧਿਐਨ ਕਰਨ ਦੀ ਆਦਤ ਪਾਈਏ।—ਅਫ਼ਸੀਆਂ 4:22-24.

19. ਨਿੱਜੀ ਅਧਿਐਨ ਕਰਨ ਤੋਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

19 ਪੌਲੁਸ ਰਸੂਲ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” ਜੇਕਰ ਅਸੀਂ ਤਿਮੋਥਿਉਸ ਨੂੰ ਕਹੇ ਗਏ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦੇਈਏ, ਤਾਂ ਅਸੀਂ ਵੀ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਾਂਗੇ ਤੇ ਹੋਰ ਵੀ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕਾਂਗੇ। ਕਲੀਸਿਯਾ ਦੇ ਬਜ਼ੁਰਗ ਅਤੇ ਸਹਾਇਕ ਸੇਵਕ ਭੈਣਾਂ-ਭਰਾਵਾਂ ਦੀ ਹੋਰ ਵੀ ਮਦਦ ਕਰ ਸਕਣਗੇ ਅਤੇ ਅਸੀਂ ਸਾਰੇ ਆਪਣੀ ਨਿਹਚਾ ਵਿਚ ਤਕੜੇ ਰਹਿ ਸਕਾਂਗੇ।—2 ਤਿਮੋਥਿਉਸ 3:16, 17; ਮੱਤੀ 7:24-27.

[ਫੁਟਨੋਟ]

^ ਪੈਰਾ 4 ਆਮ ਤੌਰ ਤੇ, ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀ ਮੰਗ ਬ੍ਰੋਸ਼ਰ ਦਾ ਅਧਿਐਨ ਕਰਨ ਤੋਂ ਬਾਅਦ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਮਕ ਪੁਸਤਕ ਦਾ ਅਧਿਐਨ ਕਰਦੇ ਹਨ। ਇਹ ਦੋਵੇਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਹਨ। ਇਨ੍ਹਾਂ ਵਿਚ ਜੋ ਸੁਝਾਅ ਪੇਸ਼ ਕੀਤੇ ਗਏ ਹਨ ਉਹ ਰੂਹਾਨੀ ਤਰੱਕੀ ਵਿਚ ਆ ਰਹੀਆਂ ਰੁਕਾਵਟਾਂ ਦੂਰ ਕਰਨ ਵਿਚ ਤੁਹਾਡੀ ਮਦਦ ਕਰਨਗੇ।

^ ਪੈਰਾ 9 ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ। ਜਿਨ੍ਹਾਂ ਕੋਲ ਆਪਣੀ ਭਾਸ਼ਾ ਵਿਚ ਇਨਸਾਈਟ ਔਨ ਦ ਸਕ੍ਰਿਪਚਰਸ ਹੈ, ਉਹ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਖੰਡ 2 ਵਿਚ “ਯਹੋਵਾਹ” ਦੇ ਉਪ-ਸਿਰਲੇਖ ਹੇਠ ਦੇਖ ਸਕਦੇ ਹਨ।

^ ਪੈਰਾ 9 ਜਿਨ੍ਹਾਂ ਚਾਰ ਇਬਰਾਨੀ ਅੱਖਰਾਂ ਦੁਆਰਾ ਪਰਮੇਸ਼ੁਰ ਦਾ ਨਾਂ ਦਰਸਾਇਆ ਗਿਆ ਹੈ ਉਨ੍ਹਾਂ ਨੂੰ ਕਈ ਸਪੇਨੀ ਅਤੇ ਕਾਟਾਲੋਨੀਅਨ ਤਰਜਮਿਆਂ ਵਿਚ ਇਸ ਤਰ੍ਹਾਂ ਲਿਖਿਆ ਗਿਆ ਹੈ: “ਯੋਵੇ,” “ਯੋਹਵੇ,” “ਜੋਵੇ” ਅਤੇ “ਖ਼ੇਓਵੋ।”

^ ਪੈਰਾ 10 ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 11 ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਕੀ ਤੁਹਾਨੂੰ ਯਾਦ ਹੈ?

• ਚੰਗੀ ਤਰ੍ਹਾਂ ਅਧਿਐਨ ਕਰਨ ਲਈ ਕਿਹੋ ਜਿਹਾ ਮਾਹੌਲ ਹੋਣਾ ਜ਼ਰੂਰੀ ਹੈ?

• ਪਰਮੇਸ਼ੁਰ ਦੇ ਨਾਂ ਦੇ ਸੰਬੰਧ ਵਿਚ ਬਹੁਤ ਸਾਰੇ ਅਨੁਵਾਦਕ ਕਿਹੜੀ ਭੁੱਲ ਕਰਦੇ ਹਨ?

• ਤ੍ਰਿਏਕ ਦੀ ਸਿੱਖਿਆ ਗ਼ਲਤ ਸਾਬਤ ਕਰਨ ਲਈ ਤੁਸੀਂ ਬਾਈਬਲ ਦੇ ਕਿਹੜੇ ਹਵਾਲੇ ਵਰਤੋਗੇ?

• ਭਾਵੇਂ ਕਿ ਅਸੀਂ ਕਈਆਂ ਸਾਲਾਂ ਤੋਂ ਸੱਚੇ ਮਸੀਹੀ ਹਾਂ, ਪਰ ਫਿਰ ਵੀ ਸ਼ਤਾਨ ਦੀਆਂ ਖ਼ਤਰਨਾਕ ਚਾਲਾਂ ਤੋਂ ਆਪਣਾ ਬਚਾਅ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ੇ 19 ਉੱਤੇ ਤਸਵੀਰਾਂ]

ਚੰਗੀ ਤਰ੍ਹਾਂ ਅਧਿਐਨ ਕਰਨ ਲਈ ਸਹੀ ਮਾਹੌਲ ਹੋਣਾ ਜ਼ਰੂਰੀ ਹੈ ਜਿੱਥੇ ਸਾਡਾ ਧਿਆਨ ਭੰਗ ਨਹੀਂ ਹੋਵੇਗਾ

[ਸਫ਼ੇ 23 ਉੱਤੇ ਤਸਵੀਰਾਂ]

ਕੀ ਤੁਹਾਡੀ “ਤਲਵਾਰ” ਤਿੱਖੀ ਹੈ ਜਾਂ ਖੁੰਢੀ?