Skip to content

Skip to table of contents

ਨਿੱਜੀ ਬਾਈਬਲ ਅਧਿਐਨ ਦਾ ਆਨੰਦ ਮਾਣੋ

ਨਿੱਜੀ ਬਾਈਬਲ ਅਧਿਐਨ ਦਾ ਆਨੰਦ ਮਾਣੋ

ਨਿੱਜੀ ਬਾਈਬਲ ਅਧਿਐਨ ਦਾ ਆਨੰਦ ਮਾਣੋ

“ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।”—ਜ਼ਬੂਰਾਂ ਦੀ ਪੋਥੀ 77:12.

1, 2. (ੳ) ਸਾਨੂੰ ਮਨਨ ਕਰਨ ਲਈ ਸਮਾਂ ਕਿਉਂ ਕੱਢਣਾ ਚਾਹੀਦਾ ਹੈ? (ਅ) ਮਨਨ ਕਰਨ ਦਾ ਮਤਲਬ ਕੀ ਹੈ?

ਯਿਸੂ ਦੇ ਚੇਲਿਆਂ ਵਜੋਂ ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਯਹੋਵਾਹ ਨਾਲ ਸਾਡਾ ਰਿਸ਼ਤਾ ਹੈ ਅਤੇ ਇਹ ਵੀ ਕਿ ਅਸੀਂ ਉਸ ਦੀ ਸੇਵਾ ਕਿਉਂ ਕਰਦੇ ਹਾਂ। ਪਰ ਅੱਜ ਜ਼ਿਆਦਾਤਰ ਲੋਕ ਇੰਨੀ ਨੱਠ-ਭਜਾਈ ਕਰਦੇ ਹਨ ਕਿ ਉਹ ਮਨਨ ਕਰਨ ਵਾਸਤੇ ਜ਼ਰਾ ਵੀ ਸਮਾਂ ਨਹੀਂ ਕੱਢਦੇ। ਉਹ ਪੈਸੇ ਕਮਾਉਣ, ਚੀਜ਼ਾਂ ਖ਼ਰੀਦਣ ਅਤੇ ਮੌਜ-ਮਸਤੀ ਕਰਨ ਵਿਚ ਰੁੱਝੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਪਣਾ ਸਮਾਂ ਬਰਬਾਦ ਕਰਨ ਤੋਂ ਕਿਵੇਂ ਬਚ ਸਕਦੇ ਹਾਂ? ਠੀਕ ਜਿਵੇਂ ਅਸੀਂ ਹਰ ਰੋਜ਼ ਜ਼ਰੂਰੀ ਕੰਮਾਂ-ਕਾਰਾਂ ਲਈ ਸਮਾਂ ਕੱਢਦੇ ਹਾਂ, ਜਿਵੇਂ ਕਿ ਖਾਣ-ਪੀਣ ਅਤੇ ਸੌਣ ਲਈ, ਤਿਵੇਂ ਹੀ ਸਾਨੂੰ ਯਹੋਵਾਹ ਦੇ ਕੰਮਾਂ ਉੱਤੇ ਮਨਨ ਕਰਨ ਲਈ ਹਰ ਰੋਜ਼ ਸਮਾਂ ਕੱਢਣਾ ਚਾਹੀਦਾ ਹੈ।—ਬਿਵਸਥਾ ਸਾਰ 8:3; ਮੱਤੀ 4:4.

2 ਕੀ ਤੁਸੀਂ ਮਨਨ ਕਰਨ ਲਈ ਕਦੇ ਸਮਾਂ ਕੱਢਦੇ ਹੋ? ਮਨਨ ਕਰਨ ਦਾ ਮਤਲਬ ਕੀ ਹੈ? ਮਨਨ ਕਰਨ ਦਾ ਮਤਲਬ ਹੈ ਕਿਸੇ ਗੱਲ ਤੇ ਪੂਰਾ ਧਿਆਨ ਲਾ ਕੇ ਵਿਚਾਰ ਕਰਨਾ ਜਾਂ ਕਿਸੇ ਗੱਲ ਬਾਰੇ ਆਪਣੇ ਮਨ ਵਿਚ ਸੋਚਣਾ। ਮਨਨ ਕਰਨਾ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ?

3. ਰੂਹਾਨੀ ਤੌਰ ਤੇ ਤਰੱਕੀ ਕਰਨ ਲਈ ਕੀ ਕਰਨ ਦੀ ਲੋੜ ਹੈ?

3 ਮਨਨ ਕਰਨ ਬਾਰੇ ਗੱਲ ਕਰਦੇ ਹੋਏ ਸਾਨੂੰ ਤਿਮੋਥਿਉਸ ਨੂੰ ਲਿਖੇ ਗਏ ਪੌਲੁਸ ਰਸੂਲ ਦੇ ਸ਼ਬਦ ਯਾਦ ਆਉਂਦੇ ਹਨ: “ਜਦ ਤੀਕੁਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ। . . . ਇਨ੍ਹਾਂ ਗੱਲਾਂ ਦਾ ਉੱਦਮ [“ਉੱਤੇ ਮਨਨ,” ਨਿ ਵ] ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।” ਜੀ ਹਾਂ, ਤਿਮੋਥਿਉਸ ਤੋਂ ਤਰੱਕੀ ਕਰਨ ਦੀ ਉਮੀਦ ਰੱਖੀ ਗਈ ਸੀ ਅਤੇ ਪੌਲੁਸ ਦੇ ਸ਼ਬਦ ਦਿਖਾਉਂਦੇ ਹਨ ਕਿ ਮਨਨ ਕਰਨ ਤੋਂ ਬਿਨਾਂ ਤਰੱਕੀ ਨਹੀਂ ਕੀਤੀ ਜਾ ਸਕਦੀ। ਇਹ ਗੱਲ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਰੂਹਾਨੀ ਤੌਰ ਤੇ ਤਰੱਕੀ ਕਰਨ ਲਈ ਸਾਨੂੰ ਵੀ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਉੱਤੇ “ਮਨਨ” ਕਰਨ ਅਤੇ ਇਨ੍ਹਾਂ ਵਿਚ ‘ਲੱਗੇ ਰਹਿਣ’ ਦੀ ਲੋੜ ਹੈ। ਇਸ ਤਰੱਕੀ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ।—1 ਤਿਮੋਥਿਉਸ 4:13-15.

4. ਯਹੋਵਾਹ ਦੇ ਬਚਨ ਉੱਤੇ ਸੋਚ-ਵਿਚਾਰ ਕਰਨ ਲਈ ਤੁਸੀਂ ਕਿਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਲੈ ਸਕਦੇ ਹੋ?

4 ਮਨਨ ਕਰਨ ਦਾ ਸਭ ਤੋਂ ਵਧੀਆ ਸਮਾਂ ਤੁਹਾਡੇ ਉੱਤੇ ਅਤੇ ਤੁਹਾਡੇ ਪਰਿਵਾਰ ਦੇ ਰੁਟੀਨ ਉੱਤੇ ਨਿਰਭਰ ਕਰਦਾ ਹੈ। ਬਹੁਤ ਸਾਰੇ ਭੈਣ-ਭਰਾ ਸਵੇਰੇ ਉੱਠਦੇ ਹੀ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿੱਚੋਂ ਦੈਨਿਕ ਪਾਠ ਪੜ੍ਹ ਕੇ ਉਸ ਉੱਤੇ ਮਨਨ ਕਰਦੇ ਹਨ। ਦਰਅਸਲ, ਸੰਸਾਰ ਭਰ ਵਿਚ ਬੈਥਲ ਪਰਿਵਾਰ ਦੇ ਤਕਰੀਬਨ 20,000 ਮੈਂਬਰ 15 ਮਿੰਟਾਂ ਲਈ ਇਸ ਤਰ੍ਹਾਂ ਸ਼ਾਸਤਰਵਚਨ ਉੱਤੇ ਵਿਚਾਰ ਕਰ ਕੇ ਆਪਣਾ ਦਿਨ ਸ਼ੁਰੂ ਕਰਦੇ ਹਨ। ਹਰ ਰੋਜ਼ ਬੈਥਲ ਪਰਿਵਾਰ ਦੇ ਕੁਝ ਮੈਂਬਰ ਦੈਨਿਕ ਪਾਠ ਉੱਤੇ ਟਿੱਪਣੀਆਂ ਕਰਦੇ ਹਨ ਅਤੇ ਬਾਕੀ ਦੇ ਮੈਂਬਰ ਕਹੀਆਂ ਅਤੇ ਪੜ੍ਹੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦੇ ਹਨ। ਦੂਸਰੇ ਗਵਾਹ ਕੰਮ ਤੇ ਜਾਂਦੇ ਹੋਏ ਯਹੋਵਾਹ ਦੇ ਬਚਨ ਉੱਤੇ ਵਿਚਾਰ ਕਰਦੇ ਹਨ। ਉਹ ਬਾਈਬਲ ਅਤੇ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਆਡੀਓ-ਕੈਸੇਟਾਂ ਸੁਣਦੇ ਹਨ ਜੋ ਕੁਝ ਭਾਸ਼ਾਵਾਂ ਵਿਚ ਮਿਲ ਸਕਦੀਆਂ ਹਨ। ਕਈ ਭੈਣਾਂ ਘਰ ਦਾ ਕੰਮ-ਕਾਜ ਕਰਦੀਆਂ ਹੋਈਆਂ ਇਨ੍ਹਾਂ ਕੈਸੇਟਾਂ ਨੂੰ ਸੁਣਦੀਆਂ ਹਨ। ਅਸਲ ਵਿਚ ਇਹ ਸਾਰੇ ਭੈਣ-ਭਰਾ ਜ਼ਬੂਰਾਂ ਦੇ ਲਿਖਾਰੀ ਆਸਾਫ਼ ਦੀ ਰੀਸ ਕਰਦੇ ਹਨ ਜਿਸ ਨੇ ਲਿਖਿਆ: “ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ। ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।”—ਜ਼ਬੂਰਾਂ ਦੀ ਪੋਥੀ 77:11, 12.

ਸਹੀ ਰਵੱਈਏ ਦੇ ਵਧੀਆ ਨਤੀਜੇ

5. ਨਿੱਜੀ ਅਧਿਐਨ ਕਰਨਾ ਸਾਡੇ ਲਈ ਜ਼ਰੂਰੀ ਕਿਉਂ ਹੋਣਾ ਚਾਹੀਦਾ ਹੈ?

5 ਅੱਜ-ਕੱਲ੍ਹ ਜ਼ਿਆਦਾਤਰ ਲੋਕ ਟੀ. ਵੀ. ਅਤੇ ਵਿਡਿਓ ਦੇਖਦੇ ਰਹਿੰਦੇ ਹਨ ਜਾਂ ਕੰਪਿਊਟਰ ਤੇ ਲੱਗੇ ਰਹਿੰਦੇ ਹਨ, ਇਸ ਲਈ ਉਹ ਪੜ੍ਹਦੇ ਬਹੁਤ ਹੀ ਘੱਟ ਹਨ ਜਿਸ ਦਾ ਉਨ੍ਹਾਂ ਉੱਤੇ ਬੁਰਾ ਅਸਰ ਪੈਂਦਾ ਹੈ। ਪਰ ਇਸ ਤਰ੍ਹਾਂ ਯਹੋਵਾਹ ਦੇ ਗਵਾਹਾਂ ਨਾਲ ਨਹੀਂ ਹੋਣਾ ਚਾਹੀਦਾ। ਆਖ਼ਰਕਾਰ ਬਾਈਬਲ ਪੜ੍ਹ ਕੇ ਹੀ ਅਸੀਂ ਯਹੋਵਾਹ ਨੂੰ ਜਾਣ ਸਕਦੇ ਅਤੇ ਉਸ ਨਾਲ ਰਿਸ਼ਤਾ ਜੋੜ ਸਕਦੇ ਹਾਂ। ਹਜ਼ਾਰਾਂ ਸਾਲ ਪਹਿਲਾਂ ਮੂਸਾ ਤੋਂ ਬਾਅਦ ਯਹੋਸ਼ੁਆ ਇਸਰਾਏਲ ਦਾ ਆਗੂ ਬਣਿਆ। ਯਹੋਵਾਹ ਦੀ ਬਰਕਤ ਪਾਉਣ ਲਈ ਯਹੋਸ਼ੁਆ ਨੂੰ ਖ਼ੁਦ ਪਰਮੇਸ਼ੁਰ ਦਾ ਬਚਨ ਪੜ੍ਹਨ ਦੀ ਲੋੜ ਸੀ। (ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:1, 2) ਅੱਜ ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ। ਪਰ ਕਈਆਂ ਨੂੰ ਸ਼ਾਇਦ ਪੜ੍ਹਨਾ ਔਖਾ ਜਾਂ ਬੋਰਿੰਗ ਲੱਗੇ ਜੋ ਇੰਨੇ ਪੜ੍ਹੇ-ਲਿਖੇ ਨਹੀਂ ਹਨ। ਤਾਂ ਫਿਰ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਦੀ ਚਾਹ ਪੈਦਾ ਕਰਨ ਵਿਚ ਸਾਡੀ ਕਿਹੜੀ ਚੀਜ਼ ਮਦਦ ਕਰ ਸਕਦੀ ਹੈ? ਇਸ ਦਾ ਜਵਾਬ ਰਾਜਾ ਸੁਲੇਮਾਨ ਦੇ ਸ਼ਬਦਾਂ ਤੋਂ ਮਿਲ ਸਕਦਾ ਹੈ ਜੋ ਕਹਾਉਤਾਂ 2:1-6 ਵਿਚ ਦਰਜ ਹਨ। ਕਿਰਪਾ ਕਰ ਕੇ ਆਪਣੀਆਂ ਬਾਈਬਲਾਂ ਖੋਲ੍ਹ ਕੇ ਇਨ੍ਹਾਂ ਆਇਤਾਂ ਨੂੰ ਪੜ੍ਹੋ। ਫਿਰ ਅਸੀਂ ਇਨ੍ਹਾਂ ਦੀ ਇਕੱਠੇ ਚਰਚਾ ਕਰਾਂਗੇ।

6. ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਬਾਰੇ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

6 ਇਨ੍ਹਾਂ ਆਇਤਾਂ ਦੇ ਸ਼ੁਰੂ ਵਿਚ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ, . . .” (ਕਹਾਉਤਾਂ 2:1, 2) ਇਨ੍ਹਾਂ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਇਹ ਸਿੱਖਦੇ ਹਾਂ ਕਿ ਬਾਈਬਲ ਦਾ ਅਧਿਐਨ ਕਰਨਾ ਸਾਡੇ ਸਾਰਿਆਂ ਦੀ ਨਿੱਜੀ ਜ਼ਿੰਮੇਵਾਰੀ ਹੈ। ਧਿਆਨ ਦਿਓ ਕਿ ਪਹਿਲੀ ਆਇਤ ਵਿਚ ਲਿਖਿਆ ਹੈ, “ਜੇ ਤੂੰ ਮੇਰੇ ਆਖੇ ਲੱਗੇਂ।” ਇਹ ਬਹੁਤ ਵੱਡੀ ਸ਼ਰਤ ਹੈ ਕਿਉਂਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਬਚਨ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦੇ। ਜੇਕਰ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਤਾਂ ਸਾਨੂੰ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਆਖੇ ਲੱਗਣਾ ਚਾਹੀਦਾ ਹੈ ਅਤੇ ਉਸ ਦੀਆਂ ਗੱਲਾਂ ਨੂੰ ਇਕ ਕੀਮਤੀ ਖ਼ਜ਼ਾਨੇ ਵਾਂਗ ਸਮਝਣਾ ਚਾਹੀਦਾ ਹੈ ਜਿਸ ਨੂੰ ਅਸੀਂ ਹੱਥੋਂ ਗੁਆਉਣਾ ਨਹੀਂ ਚਾਹੁੰਦੇ। ਸਾਨੂੰ ਆਪਣੇ ਰੋਜ਼ਾਨਾ ਕੰਮਾਂ-ਕਾਰਾਂ ਵਿਚ ਇੰਨੇ ਬਿਜ਼ੀ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਅਹਿਮੀਅਤ ਭੁੱਲ ਜਾਈਏ ਜਾਂ ਉਸ ਤੇ ਸ਼ੱਕ ਕਰਨ ਲੱਗ ਪਈਏ।—ਰੋਮੀਆਂ 3:3, 4.

7. ਸਾਨੂੰ ਹਰ ਮੌਕੇ ਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਧਿਆਨ ਲਾ ਕੇ ਸੁਣਨਾ ਕਿਉਂ ਚਾਹੀਦਾ ਹੈ?

7 ਕੀ ਅਸੀਂ ‘ਕੰਨ ਲਾ ਕੇ’ ਧਿਆਨ ਨਾਲ ਸੁਣਦੇ ਹਾਂ ਜਦ ਮਸੀਹੀ ਸਭਾਵਾਂ ਵਿਚ ਪਰਮੇਸ਼ੁਰ ਦੇ ਬਚਨ ਨੂੰ ਸਮਝਾਇਆ ਜਾਂਦਾ ਹੈ? (ਅਫ਼ਸੀਆਂ 4:20, 21) ਕੀ ਅਸੀਂ ‘ਚਿੱਤ ਲਾ ਕੇ’ ਸਮਝ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਹੋ ਸਕਦਾ ਹੈ ਕਿ ਭਾਸ਼ਣਕਾਰ ਇੰਨੇ ਵਧੀਆ ਤਰੀਕੇ ਨਾਲ ਭਾਸ਼ਣ ਨਾ ਦੇ ਸਕੇ, ਪਰ ਜਦ ਉਹ ਬਾਈਬਲ ਵਿੱਚੋਂ ਪੜ੍ਹਦਾ ਹੈ, ਤਾਂ ਸਾਨੂੰ ਧਿਆਨ ਨਾਲ ਉਸ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਸੱਚ ਹੈ ਕਿ ਯਹੋਵਾਹ ਦੀ ਬੁੱਧੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਹਰ ਮੌਕੇ ਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਦੀ ਲੋੜ ਹੈ। (ਕਹਾਉਤਾਂ 18:1) ਜ਼ਰਾ ਉਨ੍ਹਾਂ ਭੈਣ-ਭਰਾਵਾਂ ਦੀ ਨਿਰਾਸ਼ਾ ਦੀ ਕਲਪਨਾ ਕਰੋ ਜੋ ਸ਼ਾਇਦ ਪੰਤੇਕੁਸਤ 33 ਸਾ.ਯੁ. ਤੇ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਹੋਈ ਮੀਟਿੰਗ ਵਿਚ ਹਾਜ਼ਰ ਨਹੀਂ ਸਨ! ਭਾਵੇਂ ਕਿ ਸਾਡੀਆਂ ਸਭਾਵਾਂ ਵਿਚ ਅੱਜ ਅਜਿਹਾ ਕੋਈ ਚਮਤਕਾਰ ਨਹੀਂ ਹੁੰਦਾ ਜੋ ਉਸ ਸਮੇਂ ਹੋਇਆ ਸੀ, ਪਰ ਅਸੀਂ ਬਾਈਬਲ ਦੀ ਚਰਚਾ ਜ਼ਰੂਰ ਕਰਦੇ ਹਾਂ ਜੋ ਸਾਡੇ ਲਈ ਇਕ ਬਹੁਤ ਹੀ ਖ਼ਾਸ ਪੁਸਤਕ ਹੈ। ਇਸ ਲਈ ਹਰ ਮੀਟਿੰਗ ਤੋਂ ਅਸੀਂ ਰੂਹਾਨੀ ਤੌਰ ਤੇ ਕੋਈ-ਨ-ਕੋਈ ਲਾਭ ਜ਼ਰੂਰ ਹਾਸਲ ਕਰ ਸਕਦੇ ਹਾਂ, ਜੇਕਰ ਅਸੀਂ ਧਿਆਨ ਲਾ ਕੇ ਸੁਣਦੇ ਹਾਂ ਅਤੇ ਜਦੋਂ ਆਇਤਾਂ ਪੜ੍ਹੀਆਂ ਜਾਂਦੀਆਂ ਹਨ, ਤਾਂ ਆਪਣੀ ਬਾਈਬਲ ਖੋਲ੍ਹ ਕੇ ਨਾਲ-ਨਾਲ ਪੜ੍ਹਦੇ ਹਾਂ।—ਰਸੂਲਾਂ ਦੇ ਕਰਤੱਬ 2:1-4; ਇਬਰਾਨੀਆਂ 10:24, 25.

8, 9. (ੳ) ਸਾਨੂੰ ਨਿੱਜੀ ਅਧਿਐਨ ਕਿੱਦਾਂ ਕਰਨਾ ਚਾਹੀਦਾ ਹੈ? (ਅ) ਤੁਹਾਡੇ ਲਈ ਕਿਹੜੀ ਚੀਜ਼ ਕੀਮਤੀ ਹੈ ਸੋਨਾ ਜਾਂ ਪਰਮੇਸ਼ੁਰ ਦਾ ਗਿਆਨ?

8 ਰਾਜਾ ਸੁਲੇਮਾਨ ਅੱਗੇ ਕਹਿੰਦਾ ਹੈ: “ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, . . ।” (ਕਹਾਉਤਾਂ 2:3) ਇਨ੍ਹਾਂ ਸ਼ਬਦਾਂ ਅਨੁਸਾਰ ਸਾਨੂੰ ਕਿਹੋ ਜਿਹਾ ਰਵੱਈਆ ਅਪਣਾਉਣਾ ਚਾਹੀਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਅੰਦਰ ਯਹੋਵਾਹ ਦੇ ਬਚਨ ਨੂੰ ਸਮਝਣ ਦੀ ਇੱਛਾ ਹੋਣੀ ਚਾਹੀਦੀ ਹੈ। ਇਹ ਸ਼ਬਦ ਇਹ ਵੀ ਸੰਕੇਤ ਕਰਦੇ ਹਨ ਕਿ ਸਾਨੂੰ ਯਹੋਵਾਹ ਦੀ ਇੱਛਾ ਜਾਣਨ ਲਈ ਸਮਝ ਦੀ ਲੋੜ ਹੈ ਜੋ ਸਾਨੂੰ ਅਧਿਐਨ ਕਰਨ ਨਾਲ ਮਿਲ ਸਕਦੀ ਹੈ। ਪਰ ਅਧਿਐਨ ਕਰਨ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ ਅਤੇ ਇਹ ਗੱਲ ਸੁਲੇਮਾਨ ਦੇ ਅਗਲੇ ਸ਼ਬਦਾਂ ਅਤੇ ਉਦਾਹਰਣ ਵੱਲ ਸਾਡਾ ਧਿਆਨ ਖਿੱਚਦੀ ਹੈ।—ਅਫ਼ਸੀਆਂ 5:15-17.

9 ਸੁਲੇਮਾਨ ਅੱਗੇ ਕਹਿੰਦਾ ਹੈ: “ਜੇ ਤੂੰ ਚਾਂਦੀ ਵਾਂਙੁ ਉਹ ਦੀ [ਸਮਝ ਦੀ] ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, . . .” (ਕਹਾਉਤਾਂ 2:4) ਇਹ ਸ਼ਬਦ ਪੜ੍ਹ ਕੇ ਸਾਨੂੰ ਖਾਣਾਂ ਵਿਚ ਸੋਨੇ-ਚਾਂਦੀ ਦੀ ਭਾਲ ਕਰਨ ਵਾਲਿਆਂ ਦੇ ਜਤਨ ਯਾਦ ਆਉਂਦੇ ਹਨ ਜੋ ਸਦੀਆਂ ਤੋਂ ਇਨ੍ਹਾਂ ਕੀਮਤੀ ਧਾਤਾਂ ਦੀ ਖੋਜ ਕਰਦੇ ਆਏ ਹਨ। ਬੰਦਿਆਂ ਨੇ ਸੋਨਾ ਹਾਸਲ ਕਰਨ ਲਈ ਲੋਕਾਂ ਦੀਆਂ ਜਾਨਾਂ ਵੀ ਲਈਆਂ ਹਨ। ਦੂਸਰਿਆਂ ਨੇ ਆਪਣੀ ਪੂਰੀ ਜ਼ਿੰਦਗੀ ਸੋਨੇ ਦੀ ਭਾਲ ਵਿਚ ਲਗਾ ਦਿੱਤੀ ਹੈ। ਪਰ ਅਸਲ ਵਿਚ ਸੋਨਾ ਕਿੰਨਾ ਕੁ ਕੀਮਤੀ ਹੈ? ਜੇਕਰ ਤੁਸੀਂ ਰੇਗਿਸਤਾਨ ਵਿਚ ਆਪਣਾ ਰਾਹ ਭੁੱਲ ਗਏ ਹੋ ਅਤੇ ਤੁਸੀਂ ਪਿਆਸ ਨਾਲ ਮਰ ਰਹੇ ਹੋ, ਤਾਂ ਤੁਸੀਂ ਕੀ ਚਾਹੋਗੇ: ਸੋਨੇ ਦੀ ਇਕ ਇੱਟ ਜਾਂ ਪਾਣੀ ਦਾ ਗਲਾਸ? ਫਿਰ ਵੀ ਬੰਦਿਆਂ ਨੇ ਕਿੰਨੇ ਜੋਸ਼ ਨਾਲ ਸੋਨੇ ਦੀ ਭਾਲ ਕੀਤੀ ਹੈ, ਭਾਵੇਂ ਕਿ ਉਸ ਦਾ ਕੋਈ ਅਸਲੀ ਲਾਭ ਨਹੀਂ ਤੇ ਉਸ ਦੀ ਕੀਮਤ ਵਧਦੀ-ਘੱਟਦੀ ਰਹਿੰਦੀ ਹੈ! * ਤਾਂ ਫਿਰ ਇਹ ਕਿੰਨਾ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜੋਸ਼ ਨਾਲ ਪਰਮੇਸ਼ੁਰ ਦੀ ਬੁੱਧ ਅਤੇ ਉਸ ਦੀ ਇੱਛਾ ਬਾਰੇ ਸਮਝ ਹਾਸਲ ਕਰਨ ਦੀ ਕੋਸ਼ਿਸ਼ ਕਰੀਏ! ਪਰ ਸਾਨੂੰ ਇਸ ਕੋਸ਼ਿਸ਼ ਦੇ ਕੀ ਫ਼ਾਇਦੇ ਹੋਣਗੇ?—ਜ਼ਬੂਰਾਂ ਦੀ ਪੋਥੀ 19:7-10; ਕਹਾਉਤਾਂ 3:13-18.

10. ਬਾਈਬਲ ਦਾ ਅਧਿਐਨ ਕਰ ਕੇ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ?

10 ਸੁਲੇਮਾਨ ਅੱਗੇ ਕਹਿੰਦਾ ਹੈ: “ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।” (ਕਹਾਉਤਾਂ 2:5) ਇਹ ਕਿੰਨੀ ਵਧੀਆ ਗੱਲ ਹੈ ਕਿ ਅਸੀਂ ਪਾਪੀ ਹੁੰਦੇ ਹੋਏ ਵੀ ਵਿਸ਼ਵ ਦੇ ਸਰਬਸ਼ਕਤੀਮਾਨ ਯਹੋਵਾਹ “ਪਰਮੇਸ਼ੁਰ ਦੇ ਗਿਆਨ” ਨੂੰ ਪ੍ਰਾਪਤ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 73:28; ਰਸੂਲਾਂ ਦੇ ਕਰਤੱਬ 4:24) ਫ਼ਿਲਾਸਫ਼ਰ ਅਤੇ ਦੁਨੀਆਂ ਦੇ ਬੁੱਧਵਾਨ ਵਿਅਕਤੀ ਸਦੀਆਂ ਤੋਂ ਜੀਵਨ, ਧਰਤੀ ਤੇ ਆਕਾਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਏ ਹਨ। ਪਰ ਉਹ “ਪਰਮੇਸ਼ੁਰ ਦੇ ਗਿਆਨ” ਨੂੰ ਪ੍ਰਾਪਤ ਨਹੀਂ ਕਰ ਸਕੇ। ਕਿਉਂ? ਭਾਵੇਂ ਕਿ ਬਾਈਬਲ ਵਿਚ ਪਰਮੇਸ਼ੁਰ ਦਾ ਗਿਆਨ ਹਜ਼ਾਰਾਂ ਸਾਲਾਂ ਤੋਂ ਮੌਜੂਦ ਹੈ, ਪਰ ਉਨ੍ਹਾਂ ਨੇ ਬਾਈਬਲ ਨੂੰ ਮਾਮੂਲੀ ਸਮਝ ਕੇ ਇਸ ਨੂੰ ਸਵੀਕਾਰ ਕਰਨ ਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।—1 ਕੁਰਿੰਥੀਆਂ 1:18-21.

11. ਨਿੱਜੀ ਅਧਿਐਨ ਕਰਨ ਦੇ ਕੁਝ ਫ਼ਾਇਦੇ ਕੀ ਹਨ?

11 ਸੁਲੇਮਾਨ ਸਾਨੂੰ ਅੱਗੇ ਹੋਰ ਵੀ ਪ੍ਰੇਰਣਾ ਦਿੰਦਾ ਹੈ: “ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।” (ਕਹਾਉਤਾਂ 2:6) ਜੋ ਵੀ ਬੁੱਧ, ਗਿਆਨ ਅਤੇ ਸਮਝ ਨੂੰ ਭਾਲਣ ਲਈ ਤਿਆਰ ਹੈ, ਯਹੋਵਾਹ ਉਸ ਨੂੰ ਖੁੱਲ੍ਹੇ ਦਿਲ ਅਤੇ ਖ਼ੁਸ਼ੀ ਨਾਲ ਇਹ ਸਭ ਕੁਝ ਦਿੰਦਾ ਹੈ। ਯਕੀਨਨ ਕਈ ਕਾਰਨਾਂ ਕਰਕੇ ਸਾਡੇ ਲਈ ਪਰਮੇਸ਼ੁਰ ਦੇ ਬਚਨ ਦਾ ਨਿੱਜੀ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਪਰ ਅਧਿਐਨ ਕਰਨ ਲਈ ਸਾਨੂੰ ਮਿਹਨਤ ਕਰਨ, ਆਪਣੇ ਆਪ ਨਾਲ ਥੋੜ੍ਹੀ ਸਖ਼ਤੀ ਵਰਤਣ ਅਤੇ ਕੋਈ-ਨ-ਕੋਈ ਕੁਰਬਾਨੀ ਦੇਣ ਦੀ ਲੋੜ ਤਾਂ ਪਵੇਗੀ। ਇਹ ਕਿੰਨੀ ਵਧੀਆ ਗੱਲ ਹੈ ਕਿ ਸਾਨੂੰ ਪ੍ਰਾਚੀਨ ਸਮਿਆਂ ਵਾਂਗ ਆਪ ਨਕਲ ਕਰ ਕੇ ਬਾਈਬਲ ਦੀਆਂ ਕਾਪੀਆਂ ਨਹੀਂ ਬਣਾਉਣੀਆਂ ਪੈਂਦੀਆਂ ਕਿਉਂਕਿ ਸਾਡੇ ਸਾਰਿਆਂ ਕੋਲ ਆਪਣੀਆਂ-ਆਪਣੀਆਂ ਬਾਈਬਲਾਂ ਹਨ।—ਬਿਵਸਥਾ ਸਾਰ 17:18, 19.

ਅਜਿਹਾ ਜੀਵਨ ਗੁਜ਼ਾਰੋ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ

12. ਸਾਨੂੰ ਕਿਹੜੀ ਗੱਲ ਕਰਕੇ ਪਰਮੇਸ਼ੁਰ ਦਾ ਗਿਆਨ ਲੈਣਾ ਚਾਹੀਦਾ ਹੈ?

12 ਸਾਨੂੰ ਕਿਹੜੀ ਗੱਲ ਕਰਕੇ ਨਿੱਜੀ ਅਧਿਐਨ ਕਰਨਾ ਚਾਹੀਦਾ ਹੈ? ਆਪਣੇ ਆਪ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਚੰਗੇ ਸਾਬਤ ਕਰਨ ਲਈ? ਦੂਸਰਿਆਂ ਨੂੰ ਇਹ ਦਿਖਾਉਣ ਲਈ ਕਿ ਸਾਨੂੰ ਕਿੰਨਾ ਗਿਆਨ ਹੈ? ਅਜਿਹੇ ਵਿਅਕਤੀ ਬਣਨ ਲਈ ਜਿਸ ਨੂੰ ਬਾਈਬਲ ਦੀ ਬਹੁਤ ਸਮਝ ਹੈ? ਨਹੀਂ। ਸਾਡਾ ਟੀਚਾ ਹਮੇਸ਼ਾ ਆਪਣੇ ਬੋਲ-ਚਾਲ ਅਤੇ ਕੰਮਾਂ-ਕਾਰਾਂ ਵਿਚ ਨੇਕ ਮਸੀਹੀ ਬਣਨ ਦਾ ਹੋਣਾ ਚਾਹੀਦਾ ਹੈ। ਨਾਲੇ ਮਸੀਹ ਦੇ ਕੋਮਲ ਸੁਭਾਅ ਦੀ ਰੀਸ ਕਰਦੇ ਹੋਏ ਸਾਨੂੰ ਦੂਸਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਮੱਤੀ 11:28-30) ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: “ਇਲਮ ਫੁਲਾਉਂਦਾ ਪਰ ਪ੍ਰੇਮ ਬਣਾਉਂਦਾ ਹੈ।” (1 ਕੁਰਿੰਥੀਆਂ 8:1) ਇਸ ਲਈ ਸਾਨੂੰ ਨਿਮਰ ਰਵੱਈਆ ਦਿਖਾਉਣਾ ਚਾਹੀਦਾ ਹੈ ਜਿਵੇਂ ਮੂਸਾ ਨੇ ਯਹੋਵਾਹ ਨੂੰ ਇਹ ਕਹਿੰਦੇ ਹੋਏ ਦਿਖਾਇਆ ਸੀ: “ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ।” (ਕੂਚ 33:13) ਜੀ ਹਾਂ, ਸਾਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਗਿਆਨ ਹਾਸਲ ਕਰਨਾ ਚਾਹੀਦਾ ਹੈ, ਨਾ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ। ਅਸੀਂ ਅਜਿਹਾ ਨੇਕ ਜੀਵਨ ਗੁਜ਼ਾਰਨਾ ਚਾਹੁੰਦੇ ਹਾਂ ਜੋ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੇ। ਅਸੀਂ ਇਸ ਟੀਚੇ ਤੇ ਕਿਵੇਂ ਪਹੁੰਚ ਸਕਦੇ ਹਾਂ?

13. ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਚੰਗਾ ਸੇਵਕ ਬਣਨ ਲਈ ਕੀ ਕਰਨ ਦੀ ਲੋੜ ਹੈ?

13 ਪਰਮੇਸ਼ੁਰ ਨੂੰ ਖ਼ੁਸ਼ ਕਰਨ ਬਾਰੇ ਪੌਲੁਸ ਨੇ ਤਿਮੋਥਿਉਸ ਨੂੰ ਇਹ ਸਲਾਹ ਦਿੱਤੀ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” (2 ਤਿਮੋਥਿਉਸ 2:15) ਸ਼ਬਦ “ਜਥਾਰਥ ਵਖਿਆਣ” ਦੋ ਸ਼ਬਦਾਂ ਦੀ ਬਣੀ ਯੂਨਾਨੀ ਕ੍ਰਿਆ ਤੋਂ ਲਿਆ ਗਿਆ ਹੈ, ਜਿਸ ਦਾ ਮੂਲ ਮਤਲਬ ਹੈ “ਸਿੱਧਾ ਕੱਟਣਾ।” (ਕਿੰਗਡਮ ਇੰਟਰਲਿਨੀਅਰ) ਇਨ੍ਹਾਂ ਸ਼ਬਦਾਂ ਤੋਂ ਕਈਆਂ ਦੇ ਮਨ ਵਿਚ ਇਕ ਦਰਜ਼ੀ ਦਾ ਖ਼ਿਆਲ ਆਉਂਦਾ ਹੈ ਜੋ ਡੀਜ਼ਾਈਨ ਦੇ ਅਨੁਸਾਰ ਕੱਪੜਾ ਸਹੀ ਕੱਟਦਾ ਹੈ ਜਾਂ ਇਕ ਅਜਿਹੇ ਕਿਸਾਨ ਦਾ ਜੋ ਹਲ ਦੇ ਨਾਲ ਸਿੱਧੇ ਸਿਆੜ ਕੱਢਦਾ ਹੈ। ਇਹ ਦੋਵੇਂ ਬੰਦੇ ਆਪਣਾ ਕੰਮ ਸਹੀ ਤਰੀਕੇ ਨਾਲ ਕਰਦੇ ਹਨ। ਕਹਿਣ ਦਾ ਮਤਲਬ ਇਹ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਸੇਵਕ ਬਣਨ ਲਈ ਤਿਮੋਥਿਉਸ ਨੂੰ ‘ਪੂਰਾ ਜਤਨ ਕਰ ਕੇ’ ਇਹ ਨਿਸ਼ਚਿਤ ਕਰਨ ਦੀ ਲੋੜ ਸੀ ਕਿ ਜੋ ਵੀ ਉਹ ਸਿਖਾਉਂਦਾ ਸੀ ਉਹ ਸਹੀ ਤੇ ਸਿੱਧਾ ਪਰਮੇਸ਼ੁਰ ਦੇ ਬਚਨ ਵਿੱਚੋਂ ਸੀ ਅਤੇ ਉਹ ਆਪ ਵੀ ਉਸ ਦੇ ਮੁਤਾਬਕ ਚੱਲਦਾ ਸੀ।—1 ਤਿਮੋਥਿਉਸ 4:16.

14. ਸਾਡੇ ਨਿੱਜੀ ਅਧਿਐਨ ਦਾ ਸਾਡੀ ਕਹਿਣੀ ਅਤੇ ਕਰਨੀ ਉੱਤੇ ਕਿਹੋ ਜਿਹਾ ਅਸਰ ਪੈਣਾ ਚਾਹੀਦਾ ਹੈ?

14 ਪੌਲੁਸ ਰਸੂਲ ਨੇ ਵੀ ਕੁਲੁੱਸੈ ਦੇ ਮਸੀਹੀਆਂ ਨੂੰ ਇਹੋ ਸਲਾਹ ਦਿੱਤੀ ਸੀ ਜਦ ਉਸ ਨੇ ਕਿਹਾ: “ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਰਹੋ।” (ਕੁਲੁੱਸੀਆਂ 1:10) ਇੱਥੇ ਪੌਲੁਸ ਦੱਸਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਚੰਗਾ ਸੇਵਕ ਬਣਨ ਲਈ “ਹਰੇਕ ਸ਼ੁਭ ਕਰਮ ਵਿੱਚ ਫਲਦੇ” ਰਹਿਣ ਅਤੇ “ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ” ਰਹਿਣ ਯਾਨੀ ਉਸ ਬਾਰੇ ਸਹੀ ਗਿਆਨ ਲੈਂਦੇ ਰਹਿਣ ਦੀ ਲੋੜ ਹੈ। ਦੂਸਰੇ ਸ਼ਬਦਾਂ ਵਿਚ, ਯਹੋਵਾਹ ਸਿਰਫ਼ ਇਹੀ ਨਹੀਂ ਚਾਹੁੰਦਾ ਕਿ ਅਸੀਂ ਗਿਆਨ ਦੀ ਕਦਰ ਕਰੀਏ, ਪਰ ਉਹ ਇਹ ਚਾਹੁੰਦਾ ਹੈ ਕਿ ਅਸੀਂ ਆਪਣੀ ਕਹਿਣੀ ਅਤੇ ਕਰਨੀ ਵਿਚ ਉਸ ਦੇ ਬਚਨ ਅਨੁਸਾਰ ਚੱਲੀਏ। (ਰੋਮੀਆਂ 2:21, 22) ਇਸ ਲਈ ਜੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਨਿੱਜੀ ਅਧਿਐਨ ਦੌਰਾਨ ਸਿੱਖੀਆਂ ਗੱਲਾਂ ਦਾ ਸਾਡੀ ਸੋਚਣੀ ਅਤੇ ਚਾਲ-ਚਲਣ ਉੱਤੇ ਅਸਰ ਪੈਣਾ ਚਾਹੀਦਾ ਹੈ।

15. ਅਸੀਂ ਆਪਣੀ ਸੋਚਣੀ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ ਅਤੇ ਮਨ ਵਿਚ ਗ਼ਲਤ ਵਿਚਾਰ ਪੈਦਾ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ?

15 ਅੱਜ ਸ਼ਤਾਨ ਸਾਡੇ ਮਨਾਂ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਸਾਡੀ ਅਧਿਆਤਮਿਕਤਾ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ। (ਰੋਮੀਆਂ 7:14-25) ਇਸ ਲਈ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਆਪਣੀ ਸੋਚਣੀ ਦੀ ਰੱਖਿਆ ਕਰਨੀ ਅਤੇ ਮਨ ਵਿਚ ਗ਼ਲਤ ਵਿਚਾਰ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ। ਸਾਡੇ ਕੋਲ ‘ਪਰਮੇਸ਼ੁਰ ਦਾ ਗਿਆਨ’ ਹੈ ਜੋ ‘ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆ ਸਕਦਾ ਹੈ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ।’ (2 ਕੁਰਿੰਥੀਆਂ 10:5) ਇਸ ਤੋਂ ਸਾਨੂੰ ਹਰ ਰੋਜ਼ ਬਾਈਬਲ ਦਾ ਅਧਿਐਨ ਕਰਨ ਦਾ ਹੋਰ ਵੀ ਵਧੀਆ ਕਾਰਨ ਮਿਲਦਾ ਹੈ ਕਿਉਂਕਿ ਅਸੀਂ ਆਪਣੇ ਮਨਾਂ ਵਿੱਚੋਂ ਸੁਆਰਥੀ ਖ਼ਿਆਲਾਂ ਨੂੰ ਕੱਢਣਾ ਚਾਹੁੰਦੇ ਹਾਂ।—2 ਕੁਰਿੰਥੀਆਂ 10:5.

ਸਮਝ ਹਾਸਲ ਕਰਨ ਲਈ ਪ੍ਰਬੰਧ

16. ਅਸੀਂ ਯਹੋਵਾਹ ਦੀ ਸਿੱਖਿਆ ਤੋਂ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹਾਂ?

16 ਯਹੋਵਾਹ ਦੀ ਸਿੱਖਿਆ ਤੋਂ ਰੂਹਾਨੀ ਅਤੇ ਸਰੀਰਕ ਲਾਭ ਪ੍ਰਾਪਤ ਹੁੰਦੇ ਹਨ। ਇਹ ਕਿਸੇ ਸਕੂਲੀ ਪੜ੍ਹਾਈ ਵਰਗੀ ਨਹੀਂ ਹੈ ਜਿਸ ਤੋਂ ਕੁਝ ਹੱਦ ਤਕ ਹੀ ਸਾਨੂੰ ਫ਼ਾਇਦਾ ਹੁੰਦਾ ਹੈ। ਇਸ ਲਈ ਅਸੀਂ ਪੜ੍ਹਦੇ ਹਾਂ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:17) ਯਹੋਵਾਹ ਆਪਣੇ ਸਹੀ ਰਾਹ ਤੇ ਚੱਲਣ ਵਿਚ ਸਾਡੀ ਮਦਦ ਕਿਵੇਂ ਕਰਦਾ ਹੈ? ਪਹਿਲਾਂ ਤਾਂ ਸਾਡੇ ਕੋਲ ਉਸ ਦਾ ਪ੍ਰੇਰਿਤ ਬਚਨ ਯਾਨੀ ਪਵਿੱਤਰ ਬਾਈਬਲ ਹੈ। ਇਸ ਖ਼ਾਸ ਪੁਸਤਕ ਤੋਂ ਅਸੀਂ ਜ਼ਰੂਰੀ ਸਿੱਖਿਆ ਲੈਂਦੇ ਹਾਂ। ਇਸੇ ਲਈ ਜਦੋਂ ਮਸੀਹੀ ਸਭਾਵਾਂ ਵਿਚ ਆਇਤਾਂ ਪੜ੍ਹੀਆਂ ਜਾਂਦੀਆਂ ਹਨ, ਤਾਂ ਸਾਨੂੰ ਵੀ ਆਪਣੀ ਬਾਈਬਲ ਖੋਲ੍ਹ ਕੇ ਨਾਲ-ਨਾਲ ਪੜ੍ਹਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਵਧੀਆ ਨਤੀਜੇ ਰਸੂਲਾਂ ਦੇ ਕਰਤੱਬ ਦੇ 8ਵੇਂ ਅਧਿਆਇ ਵਿਚ ਦਰਜ ਹਬਸ਼ੀ ਖੋਜੇ ਦੀ ਉਦਾਹਰਣ ਤੋਂ ਦੇਖੇ ਜਾ ਸਕਦੇ ਹਨ।

17. ਹਬਸ਼ੀ ਖੋਜੇ ਨਾਲ ਕੀ ਹੋਇਆ ਸੀ ਅਤੇ ਇਸ ਤੋਂ ਕਿਹੜੀ ਗੱਲ ਸਪੱਸ਼ਟ ਹੁੰਦੀ ਹੈ?

17 ਹਬਸ਼ੀ ਖੋਜੇ ਨੇ ਯਹੂਦੀ ਧਰਮ ਅਪਣਾਇਆ ਸੀ। ਉਹ ਸੱਚੇ ਦਿਲੋਂ ਪਰਮੇਸ਼ੁਰ ਨੂੰ ਮੰਨਦਾ ਸੀ ਅਤੇ ਪਵਿੱਤਰ ਲਿਖਤਾਂ ਦਾ ਅਧਿਐਨ ਕਰਦਾ ਸੀ। ਇਕ ਵਾਰ ਆਪਣੇ ਰਥ ਵਿਚ ਸਫ਼ਰ ਕਰਦੇ ਹੋਏ ਉਹ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ। ਫ਼ਿਲਿੱਪੁਸ ਨੇ ਉਸ ਵੱਲ ਦੌੜ ਕੇ ਉਸ ਨੂੰ ਪੁੱਛਿਆ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” ਖੋਜੇ ਨੇ ਕੀ ਜਵਾਬ ਦਿੱਤਾ? “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ? ਫੇਰ ਉਸ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ ਕਿ ਮੇਰੇ ਨਾਲ ਤੂੰ ਚੜ੍ਹ ਬੈਠ।” ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋ ਕੇ ਫ਼ਿਲਿੱਪੁਸ ਨੇ ਯਸਾਯਾਹ ਦੀ ਭਵਿੱਖਬਾਣੀ ਸਮਝਣ ਵਿਚ ਖੋਜੇ ਦੀ ਮਦਦ ਕੀਤੀ। (ਰਸੂਲਾਂ ਦੇ ਕਰਤੱਬ 8:27-35) ਇਸ ਤੋਂ ਕਿਹੜੀ ਗੱਲ ਸਪੱਸ਼ਟ ਹੁੰਦੀ ਹੈ? ਇਸ ਤੋਂ ਪਤਾ ਲੱਗਦਾ ਹੈ ਕਿ ਸਿਰਫ਼ ਆਪ ਹੀ ਬਾਈਬਲ ਪੜ੍ਹਨ ਨਾਲ ਅਸੀਂ ਪੂਰੀ ਸਮਝ ਹਾਸਲ ਨਹੀਂ ਕਰ ਸਕਦੇ। ਆਪਣੀ ਆਤਮਾ ਦੁਆਰਾ ਯਹੋਵਾਹ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਨੂੰ ਵਰਤ ਕੇ ਬਾਈਬਲ ਦੀ ਸਮਝ ਹਾਸਲ ਕਰਨ ਵਿਚ ਸਾਡੀ ਮਦਦ ਕਰਦਾ ਹੈ। ਇਹ ਕਿਵੇਂ ਕੀਤਾ ਜਾ ਰਿਹਾ ਹੈ?—ਮੱਤੀ 24:45-47; ਲੂਕਾ 12:42.

18. ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਸਾਡੀ ਕਿਵੇਂ ਮਦਦ ਕਰਦਾ ਹੈ?

18 ਭਾਵੇਂ ਕਿ ਇਸ ਨੌਕਰ ਵਰਗ ਨੂੰ “ਮਾਤਬਰ ਅਤੇ ਬੁੱਧਵਾਨ” ਕਿਹਾ ਗਿਆ ਹੈ, ਯਿਸੂ ਨੇ ਇਹ ਨਹੀਂ ਸੀ ਕਿਹਾ ਕਿ ਉਹ ਸੰਪੂਰਣ ਹੋਵੇਗਾ। ਇਹ ਸਮੂਹ ਮਸਹ ਕੀਤੇ ਹੋਏ ਵਫ਼ਾਦਾਰ ਤੇ ਅਪੂਰਣ ਮਸੀਹੀਆਂ ਦਾ ਬਣਿਆ ਹੋਇਆ ਹੈ। ਨੇਕ ਇਰਾਦਿਆਂ ਦੇ ਬਾਵਜੂਦ ਵੀ ਇਨ੍ਹਾਂ ਨੂੰ ਕਈ ਵਾਰ ਗ਼ਲਤਫ਼ਹਿਮੀ ਹੋ ਸਕਦੀ ਹੈ, ਜਿਵੇਂ ਪਹਿਲੀ ਸਦੀ ਵਿਚ ਕੁਝ ਇਨਸਾਨਾਂ ਨੂੰ ਹੋਈ ਸੀ। (ਰਸੂਲਾਂ ਦੇ ਕਰਤੱਬ 10:9-15; ਗਲਾਤੀਆਂ 2:8, 11-14) ਪਰ ਇਹ ਭਰਾ ਸੱਚੇ ਦਿਲੋਂ ਸੇਵਾ ਕਰਦੇ ਹਨ ਅਤੇ ਯਹੋਵਾਹ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਵਗੈਰਾ ਤਿਆਰ ਕਰਨ ਲਈ ਇਨ੍ਹਾਂ ਨੂੰ ਵਰਤਦਾ ਹੈ, ਜਿਨ੍ਹਾਂ ਨੂੰ ਪੜ੍ਹ ਕੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਨਿੱਜੀ ਅਧਿਐਨ ਕਰਨ ਲਈ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਮੂਲ ਪ੍ਰਬੰਧ ਹੈ ਜੋ ਨੌਕਰ ਵਰਗ ਨੇ ਸਾਡੇ ਲਈ ਤਿਆਰ ਕੀਤਾ ਹੈ। ਇਹ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ 42 ਭਾਸ਼ਾਵਾਂ ਵਿਚ ਮਿਲ ਸਕਦੇ ਹਨ ਅਤੇ ਇਸ ਬਾਈਬਲ ਦੀਆਂ ਹੁਣ ਤਕ 11 ਕਰੋੜ 40 ਲੱਖ ਕਾਪੀਆਂ ਛਾਪੀਆਂ ਜਾ ਚੁੱਕੀਆਂ ਹਨ। ਅਸੀਂ ਇਸ ਦਾ ਵਧੀਆ ਤਰੀਕੇ ਨਾਲ ਨਿੱਜੀ ਅਧਿਐਨ ਕਿਵੇਂ ਕਰ ਸਕਦੇ ਹਾਂ?—2 ਤਿਮੋਥਿਉਸ 3:14-17.

19. ਨਿਊ ਵਰਲਡ ਟ੍ਰਾਂਸਲੇਸ਼ਨ—ਵਿਦ ਰੈਫ਼ਰੈਂਸਿਸ ਦੇ ਕੁਝ ਖ਼ਾਸ ਪਹਿਲੂ ਕੀ ਹਨ ਜੋ ਨਿੱਜੀ ਅਧਿਐਨ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ?

19ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ ਵਿਚ ਅਨੇਕ ਕ੍ਰਾਸ ਰੈਫ਼ਰੈਂਸ, ਫੁਟਨੋਟ, ਬਾਈਬਲ ਦੇ ਸ਼ਬਦਾਂ ਦਾ ਇੰਡੈਕਸ, ਫੁਟਨੋਟ ਦੇ ਸ਼ਬਦਾਂ ਦਾ ਇੰਡੈਕਸ, 43 ਵਿਸ਼ਿਆਂ ਤੇ ਇਕ ਅਪੈਂਡਿਕਸ, ਨਕਸ਼ੇ ਅਤੇ ਚਾਰਟ ਦਿੱਤੇ ਗਏ ਹਨ। ਇਸ ਬਾਈਬਲ ਦੀ ਭੂਮਿਕਾ ਵਿਚ ਦੱਸਿਆ ਗਿਆ ਹੈ ਕਿ ਇਸ ਅਨੋਖੇ ਤਰਜਮੇ ਨੂੰ ਪੂਰਾ ਕਰਨ ਲਈ ਜਾਣਕਾਰੀ ਕਿੱਥੋਂ-ਕਿੱਥੋਂ ਲਈ ਗਈ ਸੀ। ਜੇਕਰ ਰੈਫ਼ਰੈਂਸ ਬਾਈਬਲ ਤੁਹਾਡੀ ਭਾਸ਼ਾ ਵਿਚ ਹੈ, ਤਾਂ ਤੁਹਾਨੂੰ ਇਸ ਦੇ ਵੱਖੋ-ਵੱਖਰੇ ਪਹਿਲੂਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੇ ਇਨ੍ਹਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਜ਼ਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਬਾਈਬਲ ਦਾ ਅਧਿਐਨ ਕਰੀਏ। ਨਿਊ ਵਰਲਡ ਟ੍ਰਾਂਸਲੇਸ਼ਨ ਦੀ ਇਕ ਹੋਰ ਖੂਬੀ ਇਹ ਹੈ ਕਿ ਇਸ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ ਅਤੇ ਪਰਮੇਸ਼ੁਰ ਦੇ ਰਾਜ ਉੱਤੇ ਜ਼ੋਰ ਦਿੱਤਾ ਗਿਆ ਹੈ।—ਜ਼ਬੂਰਾਂ ਦੀ ਪੋਥੀ 149:1-9; ਦਾਨੀਏਲ 2:44; ਮੱਤੀ 6:9, 10.

20. ਨਿੱਜੀ ਅਧਿਐਨ ਕਰਨ ਬਾਰੇ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ?

20 ਹੁਣ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਬਾਈਬਲ ਸਮਝਣ ਵਿਚ ਸਾਨੂੰ ਹੋਰ ਕਿਹੜੀ ਮਦਦ ਦੀ ਲੋੜ ਹੈ? ਅਸੀਂ ਨਿੱਜੀ ਅਧਿਐਨ ਕਰਨ ਲਈ ਸਮਾਂ ਕਿਵੇਂ ਕੱਢ ਸਕਦੇ ਹਾਂ? ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਅਧਿਐਨ ਕਿਵੇਂ ਕਰ ਸਕਦੇ ਹਾਂ? ਅਸੀਂ ਅਧਿਐਨ ਕਰ ਕੇ ਦੂਸਰਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?’ ਰੂਹਾਨੀ ਤੌਰ ਤੇ ਤਰੱਕੀ ਕਰਨ ਦੇ ਸੰਬੰਧ ਵਿਚ ਇਨ੍ਹਾਂ ਜ਼ਰੂਰੀ ਗੱਲਾਂ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 9 ਸੰਨ 1979 ਤੋਂ ਸੋਨੇ ਦੀ ਕੀਮਤ ਵਧਦੀ-ਘੱਟਦੀ ਆਈ ਹੈ। ਸਾਲ 1980 ਵਿਚ ਤਕਰੀਬਨ ਢਾਈ ਤੋਲ਼ੇ ਸੋਨੇ ਦੀ ਕੀਮਤ 41,350 ਰੁਪਏ ਸੀ, ਪਰ ਘੱਟਦੀ-ਘੱਟਦੀ 1999 ਵਿਚ 12,222 ਰੁਪਏ ਹੋ ਗਈ।

ਕੀ ਤੁਹਾਨੂੰ ਯਾਦ ਹੈ?

• “ਮਨਨ” ਕਰਨ ਦਾ ਕੀ ਮਤਲਬ ਹੈ?

• ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਬਾਰੇ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

• ਸਾਨੂੰ ਕਿਹੜੀ ਗੱਲ ਕਰਕੇ ਨਿੱਜੀ ਅਧਿਐਨ ਕਰਨਾ ਚਾਹੀਦਾ ਹੈ?

• ਬਾਈਬਲ ਦੀ ਸਮਝ ਹਾਸਲ ਕਰਨ ਲਈ ਸਾਡੇ ਕੋਲ ਕਿਹੜੇ ਪ੍ਰਬੰਧ ਹਨ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਬੈਥਲ ਪਰਿਵਾਰ ਦੇ ਮੈਂਬਰ ਹਰ ਰੋਜ਼ ਦੈਨਿਕ ਪਾਠ ਉੱਤੇ ਵਿਚਾਰ ਕਰ ਕੇ ਆਪਣਾ ਦਿਨ ਸ਼ੁਰੂ ਕਰਦੇ ਹਨ ਜਿਸ ਨਾਲ ਉਹ ਰੂਹਾਨੀ ਤੌਰ ਤੇ ਮਜ਼ਬੂਤ ਹੁੰਦੇ ਹਨ

[ਸਫ਼ੇ 15 ਉੱਤੇ ਤਸਵੀਰਾਂ]

ਸਫ਼ਰ ਕਰਦੇ ਹੋਏ ਬਾਈਬਲ ਦੀਆਂ ਕੈਸੇਟਾਂ ਸੁਣਨ ਨਾਲ ਅਸੀਂ ਆਪਣੇ ਕੀਮਤੀ ਸਮੇਂ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ

[ਸਫ਼ੇ 16 ਉੱਤੇ ਤਸਵੀਰ]

ਸਦੀਆਂ ਤੋਂ ਲੋਕ ਸੋਨੇ ਦੀ ਭਾਲ ਵਿਚ ਵੱਡਾ ਜਤਨ ਕਰਦੇ ਆਏ ਹਨ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਤੁਸੀਂ ਕਿੰਨਾ ਕੁ ਜਤਨ ਕਰਦੇ ਹੋ?

[ਕ੍ਰੈਡਿਟ ਲਾਈਨ]

Courtesy of California State Parks, 2002

[[ਸਫ਼ੇ 17 ਉੱਤੇ ਤਸਵੀਰਾਂ]

ਬਾਈਬਲ ਇਕ ਕੀਮਤੀ ਖ਼ਜ਼ਾਨਾ ਹੈ ਜਿਸ ਤੋਂ ਸਾਨੂੰ ਸਦਾ ਦਾ ਜੀਵਨ ਮਿਲ ਸਕਦਾ ਹੈ