Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਰਕਾਸ਼ ਦੀ ਪੋਥੀ 20:8 ਤੋਂ ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਆਖ਼ਰੀ ਪਰੀਖਿਆ ਦੌਰਾਨ ਸ਼ਤਾਨ ਬਹੁਤ ਸਾਰੇ ਲੋਕਾਂ ਨੂੰ ਭਰਮਾਏਗਾ?

ਪਰਕਾਸ਼ ਦੀ ਪੋਥੀ 20:8 ਉਨ੍ਹਾਂ ਵਿਅਕਤੀਆਂ ਦਾ ਵਰਣਨ ਕਰਦਾ ਹੈ ਜੋ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅਖ਼ੀਰ ਵਿਚ ਇਸ ਧਰਤੀ ਤੇ ਜੀਉਂਦੇ ਹੋਣਗੇ। ਸ਼ਤਾਨ ਬਾਰੇ ਗੱਲ ਕਰਦੇ ਹੋਏ ਇਹ ਆਇਤ ਕਹਿੰਦੀ ਹੈ ਕਿ ਉਹ “ਓਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੂੰਟਾਂ ਵਿੱਚ ਹਨ ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਓਹਨਾਂ ਨੂੰ ਜੁੱਧ ਲਈ ਇਕੱਠਿਆਂ ਕਰੇ। ਓਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ।”

ਵਿਗਿਆਨ ਅਤੇ ਗਿਣਤੀ ਕਰਨ ਦੇ ਸਾਜ਼-ਸਾਮਾਨ ਵਿਚ ਤਰੱਕੀ ਹੋਣ ਦੇ ਬਾਵਜੂਦ ਵੀ ‘ਸਮੁੰਦਰ ਦੀ ਰੇਤ ਦੀ ਗਿਣਤੀ’ ਹਾਲੇ ਨਾਮਾਲੂਮ ਹੈ। ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਅਸੀਂ ਇਹ ਨਹੀਂ ਜਾਣ ਸਕਦੇ ਕਿ ਕਿੰਨੇ ਲੋਕ ਭਰਮਾਏ ਜਾਣਗੇ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਬਹੁਤ ਵੱਡੀ ਗਿਣਤੀ ਵਿਚ ਲੋਕ ਭਰਮਾਏ ਜਾਣਗੇ ਜਾਂ ਸਿਰਫ਼ ਇਹ ਕਿ ਅਸੀਂ ਉਨ੍ਹਾਂ ਨੂੰ ਗਿਣ ਨਹੀਂ ਸਕਦੇ?

ਬਾਈਬਲ ਦੇ ਸ਼ਬਦ “ਸਮੁੰਦਰ ਦੀ ਰੇਤ ਜਿੰਨੀ” ਕਈ ਤਰ੍ਹਾਂ ਵਰਤੇ ਗਏ ਹਨ। ਮਿਸਾਲ ਵਜੋਂ ਉਤਪਤ 41:49 ਵਿਚ ਅਸੀਂ ਪੜ੍ਹਦੇ ਹਾਂ: “ਯੂਸੁਫ਼ ਨੇ ਢੇਰ ਸਾਰਾ ਅੰਨ ਸਮੁੰਦਰ ਦੀ ਰੇਤ ਵਾਂਙੁ ਜਮਾ ਕੀਤਾ ਅਤੇ ਉਹ ਏੱਨਾ ਵਧੀਕ ਸੀ ਕਿ ਉਨ੍ਹਾਂ ਨੇ ਲੇਖਾ ਕਰਨਾ ਛੱਡ ਦਿੱਤਾ ਕਿਉਂਜੋ ਉਹ ਲੇਖਿਓਂ ਬਾਹਰ ਸੀ।” ਇੱਥੇ ਇਨ੍ਹਾਂ ਸ਼ਬਦਾਂ ਦਾ ਮਤਲਬ ਹੈ ਕਿ ਅੰਨ ਗਿਣਤੀ ਤੋਂ ਬਾਹਰ ਸੀ। ਇਸੇ ਤਰ੍ਹਾਂ ਯਹੋਵਾਹ ਨੇ ਕਿਹਾ: ‘ਜਿਵੇਂ ਅਕਾਸ਼ ਦੀ ਸੈਨਾ ਗਿਣੀ ਨਹੀਂ ਜਾਂਦੀ, ਨਾ ਸਮੁੰਦਰ ਦੀ ਰੇਤ ਮਿਣੀ ਜਾਂਦੀ ਹੈ ਤਿਵੇਂ ਮੈਂ ਆਪਣੇ ਦਾਸ ਦਾਊਦ ਦੀ ਨਸਲ ਨੂੰ ਵਧਾਵਾਂਗਾ।’ ਜਿਵੇਂ ਅਕਾਸ਼ ਦੇ ਤਾਰੇ ਤੇ ਸਮੁੰਦਰ ਦੀ ਰੇਤ ਗਿਣੀ ਨਹੀਂ ਜਾ ਸਕਦੀ ਇਸੇ ਤਰ੍ਹਾਂ ਹੀ ਯਹੋਵਾਹ ਦਾਊਦ ਨਾਲ ਕੀਤਾ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ।—ਯਿਰਮਿਯਾਹ 33:22.

ਅਕਸਰ “ਸਮੁੰਦਰ ਦੀ ਰੇਤ” ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਗਿਣਨਾ ਸੰਭਵ ਨਹੀਂ ਹੈ ਜਾਂ ਜੋ ਬਹੁਤ ਹੀ ਵੱਡੇ ਆਕਾਰ ਦੀਆਂ ਹੁੰਦੀਆਂ ਹਨ। ਮਿਕਮਾਸ਼ ਵਿਚ ਇਕੱਠੀਆਂ ਹੋਈਆਂ ਫਲਿਸਤੀ ਫ਼ੌਜਾਂ ਨੇ, ਜੋ “ਸਮੁੰਦਰ ਦੇ ਕੰਢੇ ਦੀ ਰੇਤ” ਜਿੰਨੀਆਂ ਲੱਗਦੀਆਂ ਸਨ, ਗਿਲਗਾਲ ਵਿਚ ਇਸਰਾਏਲੀਆਂ ਨੂੰ ਬੜੀ ਚਿੰਤਾ ਵਿਚ ਪਾਇਆ ਹੋਇਆ ਸੀ। (1 ਸਮੂਏਲ 13:5, 6; ਨਿਆਈਆਂ 7:12) ਅਤੇ “ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਦਿੱਤੀ ਅਤੇ ਖੁੱਲਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ।” (1 ਰਾਜਿਆਂ 4:29) ਭਾਵੇਂ ਕਿ ਇਨ੍ਹਾਂ ਉਦਾਹਰਣਾਂ ਵਿਚ ਅਣਗਿਣਤ ਚੀਜ਼ਾਂ ਨੂੰ ਦਰਸਾਉਣ ਲਈ “ਸਮੁੰਦਰ ਦੇ ਕੰਢੇ ਦੀ ਰੇਤ” ਸ਼ਬਦ ਇਸਤੇਮਾਲ ਕੀਤੇ ਗਏ ਸਨ, ਫਿਰ ਵੀ, ਇਨ੍ਹਾਂ ਚੀਜ਼ਾਂ ਦੀ ਇਕ ਹੱਦ ਸੀ।

“ਸਮੁੰਦਰ ਦੀ ਰੇਤ ਜਿੰਨੀ” ਸ਼ਬਦ ਹਮੇਸ਼ਾ ਕੁਝ ਵੱਡੀ ਚੀਜ਼ ਨੂੰ ਦਰਸਾਉਣ ਲਈ ਨਹੀਂ ਵਰਤੇ ਜਾਂਦੇ, ਪਰ ਕਈ ਵਾਰ ਸਿਰਫ਼ ਨਾਮਾਲੂਮ ਗਿਣਤੀ ਦਰਸਾਉਣ ਲਈ ਵਰਤੇ ਜਾਂਦੇ ਹਨ। ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ: “ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ।” (ਉਤਪਤ 22:17) ਅਬਰਾਹਾਮ ਦੇ ਪੋਤੇ ਯਾਕੂਬ ਨਾਲ ਇਹੀ ਵਾਅਦਾ ਕਰਦੇ ਹੋਏ ਯਹੋਵਾਹ ਨੇ ਕਿਹਾ: “ਅਰ ਤੇਰੀ ਅੰਸ ਧਰਤੀ ਦੀ ਧੂੜ ਵਾਂਗਰ ਹੋਵੇਗੀ।” ਯਾਕੂਬ ਨੇ ਇਸ ਵਾਅਦੇ ਦਾ ਦੁਬਾਰਾ ਜ਼ਿਕਰ ਕਰਦੇ ਹੋਏ “ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ” ਸ਼ਬਦ ਵਰਤੇ ਸਨ। (ਉਤਪਤ 28:14; 32:12) ਪਰ ਅਸਲ ਵਿਚ ਯਿਸੂ ਮਸੀਹ ਤੋਂ ਛੁੱਟ, ਅਬਰਾਹਾਮ ਦੀ “ਅੰਸ” ਦੀ ਗਿਣਤੀ 1,44,000 ਹੈ ਅਤੇ ਯਿਸੂ ਨੇ ਇਸ ਨੂੰ ‘ਛੋਟਾ ਝੁੰਡ’ ਕਿਹਾ ਸੀ।—ਲੂਕਾ 12:32; ਗਲਾਤੀਆਂ 3:16, 29; ਪਰਕਾਸ਼ ਦੀ ਪੋਥੀ 7:4; 14:1, 3.

ਅਸੀਂ ਇਨ੍ਹਾਂ ਉਦਾਹਰਣਾਂ ਤੋਂ ਕੀ ਸਿੱਖ ਸਕਦੇ ਹਾਂ? “ਸਮੁੰਦਰ ਦੀ ਰੇਤ ਜਿੰਨੀ” ਸ਼ਬਦ ਹਮੇਸ਼ਾ ਕਿਸੇ ਅਸੀਮ ਜਾਂ ਵੱਡੀ ਗਿਣਤੀ ਨੂੰ ਨਹੀਂ ਦਰਸਾਉਂਦੇ; ਨਾ ਹੀ ਇਹ ਹਮੇਸ਼ਾ ਕੋਈ ਬਹੁਤ ਵੱਡੇ ਆਕਾਰ ਦੀ ਚੀਜ਼ ਨੂੰ ਦਰਸਾਉਂਦੇ ਹਨ। ਅਕਸਰ ਇਹ ਵੱਡੀ ਪਰ ਨਾਮਾਲੂਮ ਗਿਣਤੀ ਨੂੰ ਦਰਸਾਉਂਦੇ ਹਨ। ਤਾਂ ਫਿਰ ਇਹ ਸਿੱਟਾ ਕੱਢਣਾ ਜਾਇਜ਼ ਹੈ ਕਿ ਜੋ ਬਾਗ਼ੀ ਭੀੜ ਸ਼ਤਾਨ ਨਾਲ ਪਰਮੇਸ਼ੁਰ ਦੇ ਸੇਵਕਾਂ ਦੇ ਵਿਰੁੱਧ ਆਖ਼ਰੀ ਹਮਲੇ ਵਿਚ ਹਿੱਸਾ ਲਵੇਗੀ, ਉਹ ਖ਼ਤਰਾ ਪੇਸ਼ ਕਰਨ ਲਈ ਕਾਫ਼ੀ ਹੋਵੇਗੀ ਪਰ ਇੰਨੀ ਵੱਡੀ ਵੀ ਨਹੀਂ ਕਿ ਉਸ ਨੂੰ ਗਿਣਿਆ ਨਾ ਜਾ ਸਕੇ। ਫਿਰ ਵੀ, ਇਸ ਸਮੇਂ ਇਸ ਭੀੜ ਦੀ ਗਿਣਤੀ ਨਾਮਾਲੂਮ ਹੈ।