Skip to content

Skip to table of contents

ਯਹੋਸ਼ੁਆ ਨੇ ਸਾਰਾ ਕੁਝ ਯਾਦ ਰੱਖਿਆ

ਯਹੋਸ਼ੁਆ ਨੇ ਸਾਰਾ ਕੁਝ ਯਾਦ ਰੱਖਿਆ

ਯਹੋਸ਼ੁਆ ਨੇ ਸਾਰਾ ਕੁਝ ਯਾਦ ਰੱਖਿਆ

‘ਮੇਰਾ ਦਾਸ ਮੂਸਾ ਮਰ ਗਿਆ ਹੈ। ਹੁਣ ਤੂੰ ਉੱਠ ਅਤੇ ਏਸ ਯਰਦਨ ਦੇ ਪਾਰ ਲੰਘ, ਤੂੰ ਅਤੇ ਏਹ ਸਾਰੇ ਲੋਕ ਉਸ ਦੇਸ ਨੂੰ ਜਾਓ ਜਿਹੜਾ ਮੈਂ ਉਨ੍ਹਾਂ ਨੂੰ ਦਿੰਦਾ ਹਾਂ।’ (ਯਹੋਸ਼ੁਆ 1:2) ਯਹੋਵਾਹ ਨੇ ਯਹੋਸ਼ੁਆ ਨੂੰ ਕਿੰਨੀ ਭਾਰੀ ਜ਼ਿੰਮੇਵਾਰੀ ਦਿੱਤੀ ਸੀ! ਉਸ ਨੇ ਤਕਰੀਬਨ 40 ਸਾਲਾਂ ਤੋਂ ਮੂਸਾ ਦੀ ਸੇਵਾ ਕੀਤੀ ਸੀ। ਹੁਣ ਉਸ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਮਾਲਕ ਦੀ ਥਾਂ ਲੈ ਕੇ ਕੱਬੇ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾਵੇ।

ਜਦੋਂ ਯਹੋਸ਼ੁਆ ਨੇ ਸੋਚਿਆ ਹੋਣਾ ਕਿ ਉਸ ਨੇ ਆਉਣ ਵਾਲੇ ਸਮੇਂ ਵਿਚ ਕੀ ਕਰਨਾ ਸੀ, ਤਾਂ ਸ਼ਾਇਦ ਉਸ ਨੂੰ ਉਹ ਸਾਰੀਆਂ ਅਜ਼ਮਾਇਸ਼ਾਂ ਯਾਦ ਆਈਆਂ ਹੋਣਗੀਆਂ ਜਿਨ੍ਹਾਂ ਦਾ ਉਸ ਨੇ ਸਾਮ੍ਹਣਾ ਕੀਤਾ ਸੀ। ਯਹੋਸ਼ੁਆ ਨੇ ਜੋ ਵੀ ਗੱਲਾਂ ਯਾਦ ਰੱਖੀਆਂ ਸਨ, ਉਹ ਉਸ ਵੇਲੇ ਜ਼ਰੂਰ ਉਸ ਦੇ ਕੰਮ ਆਈਆਂ ਹੋਣਗੀਆਂ ਤੇ ਅੱਜ ਮਸੀਹੀਆਂ ਲਈ ਵੀ ਇਹ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀਆਂ ਹਨ।

ਇਕ ਗ਼ੁਲਾਮ ਤੋਂ ਫ਼ੌਜ ਦਾ ਕਪਤਾਨ

ਯਹੋਸ਼ੁਆ ਨੇ ਕਈ ਸਾਲਾਂ ਤਕ ਗ਼ੁਲਾਮੀ ਕੀਤੀ ਸੀ। (ਕੂਚ 1:13, 14; 2:23) ਗ਼ੁਲਾਮੀ ਵਿਚ ਯਹੋਸ਼ੁਆ ਦੀ ਜ਼ਿੰਦਗੀ ਕਿੱਦਾਂ ਸੀ, ਇਸ ਬਾਰੇ ਅਸੀਂ ਸਿਰਫ਼ ਅੰਦਾਜ਼ਾ ਹੀ ਲਾ ਸਕਦੇ ਹਾਂ ਕਿਉਂਕਿ ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਯਹੋਸ਼ੁਆ ਨੇ ਮਿਸਰ ਵਿਚ ਗ਼ੁਲਾਮੀ ਕਰਦੇ ਹੋਏ ਸਿੱਖਿਆ ਹੋਣਾ ਕਿ ਹਰ ਕੰਮ ਚੰਗੀ ਤਰ੍ਹਾਂ ਕਿੱਦਾਂ ਕਰਨਾ ਹੈ। ਜਦੋਂ ਇਸਰਾਏਲੀ ਅਤੇ “ਮਿਲੀ ਜੁਲੀ ਭੀੜ” ਮਿਸਰ ਵਿੱਚੋਂ ਨਿਕਲ ਰਹੀ ਸੀ, ਤਾਂ ਸ਼ਾਇਦ ਉਸ ਨੇ ਉੱਥੋਂ ਨਿਕਲਣ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ।—ਕੂਚ 12:38.

ਯਹੋਸ਼ੁਆ ਅਫ਼ਰਈਮ ਦੇ ਗੋਤ ਵਿੱਚੋਂ ਸੀ। ਉਸ ਦਾ ਦਾਦਾ ਅਲੀਸ਼ਾਮਾ ਅਫ਼ਰਈਮ ਗੋਤ ਦਾ ਮੁਖੀਆ ਸੀ ਅਤੇ ਉਹ ਇਸਰਾਏਲ ਦੀਆਂ ਤਿੰਨ-ਗੋਤੀ ਟੁਕੜੀਆਂ ਵਿੱਚੋਂ ਇਕ ਟੁਕੜੀ ਦਾ ਪ੍ਰਧਾਨ ਸੀ ਜਿਸ ਵਿਚ 1,08,100 ਫ਼ੌਜੀ ਸਨ। (ਗਿਣਤੀ 1:4, 10, 16; 2:18-24; 1 ਇਤਹਾਸ 7:20, 26, 27) ਇਸਰਾਏਲੀਆਂ ਨੂੰ ਮਿਸਰ ਵਿੱਚੋਂ ਨਿੱਕਲੇ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਅਮਾਲੇਕੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਮੂਸਾ ਨੇ ਯਹੋਸ਼ੁਆ ਨੂੰ ਕਿਹਾ ਕਿ ਉਹ ਲੜਨ ਵਾਸਤੇ ਫ਼ੌਜ ਤਿਆਰ ਕਰੇ। (ਕੂਚ 17:8, 9ੳ) ਪਰ ਮੂਸਾ ਨੇ ਯਹੋਸ਼ੁਆ ਨੂੰ ਕਿਉਂ ਇਹ ਕੰਮ ਦਿੱਤਾ, ਉਸ ਦੇ ਦਾਦੇ ਜਾਂ ਪਿਉ ਨੂੰ ਕਿਉਂ ਨਹੀਂ? ਇਸ ਬਾਰੇ ਕਿਸੇ ਨੇ ਕਿਹਾ ਹੈ: “[ਯਹੋਸ਼ੁਆ] ਅਫ਼ਰਾਈਮ ਨਾਂ ਦੇ ਮਹੱਤਵਪੂਰਣ ਗੋਤ ਦਾ ਮੁਖੀਆ ਸੀ। ਲੋਕ ਉਸ ਉੱਤੇ ਭਰੋਸਾ ਕਰਦੇ ਸਨ ਤੇ ਜਾਣਦੇ ਸਨ ਕਿ ਉਹ ਕੰਮ ਕਰਨ ਵਿਚ ਬਹੁਤ ਮਾਹਰ ਸੀ, ਇਸੇ ਲਈ ਮੂਸਾ ਨੇ ਉਸ ਨੂੰ ਕਿਹਾ ਕਿ ਉਹ ਲੜਾਈ ਵਾਸਤੇ ਫ਼ੌਜ ਤਿਆਰ ਕਰੇ।”

ਪਰ ਕਾਰਨ ਚਾਹੇ ਜੋ ਮਰਜ਼ੀ ਹੋਵੇ, ਚੁਣੇ ਜਾਣ ਤੇ ਯਹੋਸ਼ੁਆ ਨੇ ਉਹੀ ਕੀਤਾ ਜੋ ਮੂਸਾ ਨੇ ਹੁਕਮ ਦਿੱਤਾ ਸੀ। ਭਾਵੇਂ ਕਿ ਇਸਰਾਏਲੀਆਂ ਨੂੰ ਲੜਾਈ ਦਾ ਕੋਈ ਤਜਰਬਾ ਨਹੀਂ ਸੀ, ਪਰ ਯਹੋਸ਼ੁਆ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਜ਼ਰੂਰ ਉਨ੍ਹਾਂ ਦੀ ਮਦਦ ਕਰੇਗਾ। ਇਸੇ ਲਈ ਉਸ ਨੂੰ ਮੂਸਾ ਦੀ ਗੱਲ ਤੋਂ ਹੌਸਲਾ ਮਿਲਿਆ: “ਭਲਕੇ ਮੈਂ ਪਰਮੇਸ਼ੁਰ ਦਾ ਢਾਂਗਾ ਲੈਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ।” ਯਹੋਸ਼ੁਆ ਨੂੰ ਇਹ ਗੱਲ ਜ਼ਰੂਰ ਯਾਦ ਹੋਣੀ ਕਿ ਯਹੋਵਾਹ ਨੇ ਕੁਝ ਹੀ ਸਮੇਂ ਪਹਿਲਾਂ ਉਸ ਜ਼ਮਾਨੇ ਦੀ ਸਭ ਤੋਂ ਤਾਕਤਵਰ ਫ਼ੌਜੀ ਸ਼ਕਤੀ ਨੂੰ ਤਬਾਹ ਕੀਤਾ ਸੀ। ਅਗਲੇ ਦਿਨ ਮੂਸਾ ਨੇ ਸੂਰਜ ਛਿੱਪਣ ਤਕ ਆਪਣੇ ਹੱਥ ਉਤਾਹਾਂ ਚੁੱਕੀ ਰੱਖੇ ਤੇ ਇਸਰਾਏਲੀਆਂ ਦਾ ਇਕ ਵੀ ਦੁਸ਼ਮਣ ਉਨ੍ਹਾਂ ਦੇ ਅੱਗੇ ਖੜ੍ਹਾ ਨਾ ਰਹਿ ਸਕਿਆ। ਉਨ੍ਹਾਂ ਨੇ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ। ਫਿਰ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ “ਯਹੋਸ਼ੁਆ ਦੇ ਕੰਨਾਂ” ਵਿਚ ਇਹ ਰੱਬੀ ਫ਼ੈਸਲਾ ਸੁਣਾਵੇ ਅਤੇ ਇਕ ਕਿਤਾਬ ਵਿਚ ਇਸ ਨੂੰ ਲਿਖ ਲਵੇ: “ਮੈਂ ਅਮਾਲੇਕ ਦਾ ਚੇਤਾ ਅਕਾਸ਼ ਦੇ ਹੇਠੋਂ ਮਿਟਾ ਦੇਵਾਂਗਾ।” (ਕੂਚ 17:9ਅ-14) ਜੀ ਹਾਂ, ਯਹੋਵਾਹ ਨੇ ਆਪਣੇ ਕਹੇ ਅਨੁਸਾਰ ਅਮਾਲੇਕੀਆਂ ਨੂੰ ਸਜ਼ਾ ਦਿੱਤੀ।

ਮੂਸਾ ਦਾ ਸੇਵਾਦਾਰ

ਅਮਾਲੇਕੀਆਂ ਨੂੰ ਫਤਹ ਕਰਨ ਨਾਲ ਯਹੋਸ਼ੁਆ ਅਤੇ ਮੂਸਾ ਵਿਚ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ ਹੋਣਾ। ਯਹੋਸ਼ੁਆ ਨੂੰ ਮੂਸਾ ਦਾ ਖ਼ਾਸ “ਸੇਵਕ” ਹੋਣ ਦਾ ਸਨਮਾਨ ਮਿਲਿਆ ਸੀ। ਉਸ ਨੇ ਆਪਣੀ ਜਵਾਨੀ ਤੋਂ ਮੂਸਾ ਦੇ ਮਰਨ ਤਕ ਤਕਰੀਬਨ 40 ਸਾਲ ਉਸ ਦੀ ਸੇਵਾ ਕੀਤੀ ਸੀ।—ਗਿਣਤੀ 11:28.

ਮੂਸਾ ਦਾ ਸੇਵਾਦਾਰ ਹੋਣ ਕਰਕੇ ਉਸ ਨੂੰ ਸੇਵਾ ਦੇ ਕਈ ਖ਼ਾਸ ਮੌਕੇ ਤੇ ਜ਼ਿੰਮੇਵਾਰੀਆਂ ਮਿਲੀਆਂ। ਉਦਾਹਰਣ ਲਈ ਜਦੋਂ ਮੂਸਾ, ਹਾਰੂਨ, ਹਾਰੂਨ ਦੇ ਮੁੰਡੇ ਅਤੇ ਇਸਰਾਏਲ ਦੇ 70 ਬਜ਼ੁਰਗ ਸੀਨਾਈ ਪਹਾੜ ਤੇ ਚੜ੍ਹੇ ਅਤੇ ਉੱਥੇ ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਦੀ ਝਲਕ ਦੇਖੀ, ਤਾਂ ਯਹੋਸ਼ੁਆ ਵੀ ਸ਼ਾਇਦ ਉਸ ਵੇਲੇ ਉਨ੍ਹਾਂ ਨਾਲ ਸੀ। ਸੇਵਾਦਾਰ ਹੋਣ ਕਰਕੇ ਉਹ ਮੂਸਾ ਦੇ ਨਾਲ ਪਹਾੜ ਉੱਤੇ ਹੋਰ ਉੱਚਾ ਚੜ੍ਹਿਆ ਅਤੇ ਜਦੋਂ ਮੂਸਾ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਣ ਵਾਲੇ ਬੱਦਲ ਵਿਚਕਾਰ ਗਿਆ, ਤਾਂ ਯਹੋਸ਼ੁਆ ਕੁਝ ਦੂਰੀ ਤੇ ਉਸ ਦੇ ਇੰਤਜ਼ਾਰ ਵਿਚ ਖੜ੍ਹਾ ਰਿਹਾ। ਇਹ ਕਿੰਨੀ ਚੰਗੀ ਗੱਲ ਹੈ ਕਿ ਯਹੋਸ਼ੁਆ ਉਸ ਪਹਾੜ ਉੱਤੇ 40 ਦਿਨ ਤੇ 40 ਰਾਤਾਂ ਰਿਹਾ। ਉਸ ਨੇ ਵਫ਼ਾਦਾਰੀ ਨਾਲ ਆਪਣੇ ਮਾਲਕ ਦੇ ਮੁੜਨ ਦੀ ਉਡੀਕ ਕੀਤੀ। ਜਦੋਂ ਮੂਸਾ ਸਾਖੀ ਦੀਆਂ ਫੱਟੀਆਂ ਲੈ ਕੇ ਥੱਲੇ ਉਤਰਿਆ, ਤਾਂ ਯਹੋਸ਼ੁਆ ਉਸ ਨੂੰ ਮਿਲਣ ਲਈ ਉੱਥੇ ਹਾਜ਼ਰ ਸੀ।—ਕੂਚ 24:1, 2, 9-18; 32:15-17.

ਇਸਰਾਏਲੀਆਂ ਵੱਲੋਂ ਸੋਨੇ ਦੇ ਵੱਛੇ ਦੀ ਪੂਜਾ ਕਰਨ ਦੀ ਘਟਨਾ ਤੋਂ ਬਾਅਦ, ਯਹੋਸ਼ੁਆ ਡੇਰੇ ਤੋਂ ਬਾਹਰ ਮੰਡਲੀ ਦੇ ਤੰਬੂ ਵਿਚ ਮੂਸਾ ਦੀ ਸੇਵਾ ਕਰਦਾ ਰਿਹਾ। ਤੰਬੂ ਵਿਚ ਯਹੋਵਾਹ ਮੂਸਾ ਨਾਲ ਆਮੋ-ਸਾਮ੍ਹਣੇ ਗੱਲਾਂ ਕਰਦਾ ਹੁੰਦਾ ਸੀ। ਪਰ ਜਦੋਂ ਮੂਸਾ ਡੇਰੇ ਵਿਚ ਵਾਪਸ ਜਾਂਦਾ ਸੀ, ਤਾਂ ਯਹੋਸ਼ੁਆ ਤੰਬੂ ਵਿਚ ਹੀ ਰਹਿੰਦਾ ਸੀ। ਸ਼ਾਇਦ ਉਸ ਨੂੰ ਤੰਬੂ ਵਿਚ ਇਸ ਲਈ ਰਹਿਣਾ ਪੈਂਦਾ ਸੀ, ਤਾਂ ਕਿ ਕੋਈ ਅਸ਼ੁੱਧ ਇਸਰਾਏਲੀ ਤੰਬੂ ਵਿਚ ਨਾ ਚਲਾ ਜਾਵੇ। ਯਹੋਸ਼ੁਆ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਕਿੰਨੇ ਚੰਗੇ ਤਰੀਕੇ ਨਾਲ ਪੂਰਾ ਕੀਤਾ!—ਕੂਚ 33:7, 11.

ਇਤਿਹਾਸਕਾਰ ਜੋਸੀਫ਼ਸ ਅਨੁਸਾਰ ਮੂਸਾ ਯਹੋਸ਼ੁਆ ਤੋਂ 35 ਸਾਲ ਵੱਡਾ ਸੀ। ਉਨ੍ਹਾਂ ਦੇ ਰਿਸ਼ਤੇ ਨੂੰ “ਤਜਰਬੇ ਅਤੇ ਜਵਾਨੀ, ਉਸਤਾਦ ਅਤੇ ਸ਼ਾਗਿਰਦ ਦਾ ਸੰਗਮ” ਕਿਹਾ ਗਿਆ ਹੈ ਜਿਸ ਨਾਲ ਯਹੋਸ਼ੁਆ “ਮਜ਼ਬੂਤ ਇਰਾਦੇ ਵਾਲਾ ਤੇ ਭਰੋਸੇਯੋਗ ਵਿਅਕਤੀ” ਬਣਿਆ। ਜੀ ਹਾਂ, ਮੂਸਾ ਨਾਲ ਰਹਿਣ ਕਰਕੇ ਯਹੋਸ਼ੁਆ ਦਾ ਵਿਸ਼ਵਾਸ ਬਹੁਤ ਹੀ ਮਜ਼ਬੂਤ ਹੋਇਆ ਸੀ। ਅੱਜ ਸਾਡੇ ਵਿਚ ਮੂਸਾ ਵਰਗੇ ਨਬੀ ਨਹੀਂ ਹਨ, ਪਰ ਯਹੋਵਾਹ ਦੇ ਲੋਕਾਂ ਦੀਆਂ ਕਲੀਸਿਯਾਵਾਂ ਵਿਚ ਅਜਿਹੇ ਬਜ਼ੁਰਗ ਜ਼ਰੂਰ ਹਨ ਜੋ ਆਪਣੇ ਤਜਰਬੇ ਅਤੇ ਅਧਿਆਤਮਿਕਤਾ ਕਰਕੇ ਦੂਸਰਿਆਂ ਨੂੰ ਹੌਸਲਾ ਅਤੇ ਹੱਲਾਸ਼ੇਰੀ ਦਿੰਦੇ ਹਨ। ਕੀ ਤੁਸੀਂ ਇਨ੍ਹਾਂ ਬਜ਼ੁਰਗਾਂ ਦੀ ਕਦਰ ਕਰਦੇ ਹੋ? ਕੀ ਤੁਸੀਂ ਉਨ੍ਹਾਂ ਦੇ ਤਜਰਬੇ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹੋ?

ਕਨਾਨ ਵਿਚ ਜਾਸੂਸੀ ਦਾ ਕੰਮ

ਇਸਰਾਏਲੀਆਂ ਨੂੰ ਬਿਵਸਥਾ ਮਿਲਣ ਤੋਂ ਜਲਦੀ ਹੀ ਬਾਅਦ ਯਹੋਸ਼ੁਆ ਦੀ ਜ਼ਿੰਦਗੀ ਵਿਚ ਇਕ ਬਹੁਤ ਹੀ ਮਹੱਤਵਪੂਰਣ ਘਟਨਾ ਘਟੀ। ਵਾਅਦਾ ਕੀਤੇ ਹੋਏ ਦੇਸ਼ ਦੀ ਜਾਸੂਸੀ ਕਰਨ ਲਈ ਉਸ ਨੂੰ ਆਪਣੇ ਗੋਤ ਵਿੱਚੋਂ ਚੁਣਿਆ ਗਿਆ। ਤੁਸੀਂ ਇਹ ਕਹਾਣੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਸਾਰੇ 12 ਜਾਸੂਸ ਇਸ ਗੱਲ ਨਾਲ ਸਹਿਮਤ ਸਨ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਸੱਚ-ਮੁੱਚ “ਦੁੱਧ ਅਤੇ ਸ਼ਹਿਤ ਵਗਦਾ” ਸੀ, ਜਿਵੇਂ ਯਹੋਵਾਹ ਨੇ ਕਿਹਾ ਸੀ। ਪਰ ਦਸ ਜਾਸੂਸਾਂ ਨੂੰ ਪਰਮੇਸ਼ੁਰ ਤੇ ਭਰੋਸਾ ਨਹੀਂ ਸੀ ਤੇ ਉਨ੍ਹਾਂ ਨੇ ਡਰਦੇ ਹੋਏ ਕਿਹਾ ਕਿ ਉਹ ਉਸ ਦੇਸ਼ ਦੇ ਲੋਕਾਂ ਨੂੰ ਹਰਾ ਨਹੀਂ ਸਕਣਗੇ। ਸਿਰਫ਼ ਯਹੋਸ਼ੁਆ ਤੇ ਕਾਲੇਬ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਯਹੋਵਾਹ ਦੇ ਵਿਰੁੱਧ ਡਰਦੇ ਮਾਰੇ ਬਗਾਵਤ ਨਾ ਕਰਨ ਕਿਉਂਕਿ ਯਹੋਵਾਹ ਜ਼ਰੂਰ ਉਨ੍ਹਾਂ ਦੀ ਮਦਦ ਕਰੇਗਾ। ਇਸ ਤੇ ਸਾਰੇ ਲੋਕਾਂ ਨੇ ਉਨ੍ਹਾਂ ਦੋਵਾਂ ਦੀ ਗੱਲ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣ ਦਾ ਫ਼ੈਸਲਾ ਕੀਤਾ। ਲੋਕਾਂ ਨੇ ਉਨ੍ਹਾਂ ਦੋਵਾਂ ਨੂੰ ਮਾਰ ਹੀ ਦਿੱਤਾ ਹੁੰਦਾ ਜੇ ਯਹੋਵਾਹ ਨੇ ਆਪਣਾ ਪ੍ਰਤਾਪ ਦਿਖਾਉਂਦੇ ਹੋਏ ਇਸ ਗੱਲ ਵਿਚ ਦਖ਼ਲ ਨਾ ਦਿੱਤਾ ਹੁੰਦਾ। ਲੋਕਾਂ ਨੇ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਰੱਖਿਆ, ਇਸ ਲਈ ਪਰਮੇਸ਼ੁਰ ਨੇ ਇਹ ਐਲਾਨ ਕੀਤਾ ਕਿ 20 ਸਾਲ ਤੋਂ ਵੱਡੀ ਉਮਰ ਦੇ ਸਾਰੇ ਇਸਰਾਏਲੀ ਕਨਾਨ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਮਰ ਜਾਣਗੇ। ਇਨ੍ਹਾਂ ਵਿੱਚੋਂ ਸਿਰਫ਼ ਯਹੋਸ਼ੁਆ, ਕਾਲੇਬ ਅਤੇ ਲੇਵੀ ਹੀ ਬਚਣਗੇ।—ਗਿਣਤੀ 13:1-16, 25-29; 14:6-10, 26-30.

ਕੀ ਇਨ੍ਹਾਂ ਸਾਰੇ ਲੋਕਾਂ ਨੇ ਮਿਸਰ ਵਿਚ ਯਹੋਵਾਹ ਦੇ ਚਮਤਕਾਰਾਂ ਨੂੰ ਨਹੀਂ ਦੇਖਿਆ ਸੀ? ਤਾਂ ਫਿਰ ਯਹੋਸ਼ੁਆ ਨੂੰ ਕਿਉਂ ਇਸ ਗੱਲ ਤੇ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ, ਜਦ ਕਿ ਜ਼ਿਆਦਾਤਰ ਲੋਕਾਂ ਨੂੰ ਬਿਲਕੁਲ ਭਰੋਸਾ ਨਹੀਂ ਸੀ? ਯਹੋਸ਼ੁਆ ਨੇ ਯਹੋਵਾਹ ਦੇ ਵਾਅਦਿਆਂ ਅਤੇ ਕੰਮਾਂ ਨੂੰ ਜ਼ਰੂਰ ਚੰਗੀ ਤਰ੍ਹਾਂ ਯਾਦ ਰੱਖਿਆ ਹੋਣਾ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਵੀ ਕੀਤਾ ਹੋਣਾ। ਬਹੁਤ ਸਾਲਾਂ ਬਾਅਦ ਉਹ ਕਹਿ ਸਕਿਆ ਕਿ ‘ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਪੂਰੇ ਹੋਏ।’ (ਯਹੋਸ਼ੁਆ 23:14) ਇਸ ਲਈ ਯਹੋਸ਼ੁਆ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਨੇ ਭਵਿੱਖ ਸੰਬੰਧੀ ਜੋ ਵਾਅਦੇ ਕੀਤੇ ਸਨ, ਉਹ ਉਨ੍ਹਾਂ ਨੂੰ ਵੀ ਜ਼ਰੂਰ ਪੂਰਾ ਕਰੇਗਾ। (ਇਬਰਾਨੀਆਂ 11:6) ਇਸ ਤੋਂ ਪ੍ਰੇਰਿਤ ਹੋ ਕੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੇਰੇ ਬਾਰੇ ਕੀ? ਯਹੋਵਾਹ ਦੇ ਵਾਅਦਿਆਂ ਦਾ ਅਧਿਐਨ ਕਰ ਕੇ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰ ਕੇ ਕੀ ਮੈਨੂੰ ਯਕੀਨ ਹੁੰਦਾ ਹੈ ਕਿ ਇਹ ਵਾਅਦੇ ਜ਼ਰੂਰ ਪੂਰੇ ਹੋਣਗੇ? ਕੀ ਮੈਂ ਵਿਸ਼ਵਾਸ ਕਰਦਾ ਹਾਂ ਕਿ ਆਉਣ ਵਾਲੇ ਵੱਡੇ ਕਸ਼ਟ ਵਿਚ ਪਰਮੇਸ਼ੁਰ ਆਪਣੇ ਲੋਕਾਂ ਦੇ ਨਾਲ ਮੇਰੀ ਵੀ ਰੱਖਿਆ ਕਰੇਗਾ?’

ਯਹੋਸ਼ੁਆ ਨੇ ਸਿਰਫ਼ ਨਿਹਚਾ ਹੀ ਨਹੀਂ ਕੀਤੀ, ਸਗੋਂ ਸਹੀ ਕੰਮ ਕਰਨ ਦਾ ਹੌਸਲਾ ਵੀ ਦਿਖਾਇਆ ਸੀ। ਸਿਰਫ਼ ਉਸ ਨੇ ਤੇ ਕਾਲੇਬ ਨੇ ਹੀ ਯਹੋਵਾਹ ਤੇ ਭਰੋਸਾ ਰੱਖਿਆ ਤੇ ਸਾਰੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਮਾਰਨ ਦਾ ਫ਼ੈਸਲਾ ਕੀਤਾ। ਜੇ ਤੁਸੀਂ ਉੱਥੇ ਹੁੰਦੇ, ਤਾਂ ਤੁਸੀਂ ਕੀ ਕਰਦੇ? ਡਰ ਜਾਂਦੇ? ਯਹੋਸ਼ੁਆ ਨਹੀਂ ਡਰਿਆ। ਉਸ ਨੇ ਅਤੇ ਕਾਲੇਬ ਨੇ ਪੂਰੇ ਵਿਸ਼ਵਾਸ ਨਾਲ ਦੱਸ ਦਿੱਤਾ ਕਿ ਉਨ੍ਹਾਂ ਨੂੰ ਯਹੋਵਾਹ ਤੇ ਭਰੋਸਾ ਸੀ। ਯਹੋਵਾਹ ਪ੍ਰਤੀ ਵਫ਼ਾਦਾਰੀ ਕਰਕੇ ਸ਼ਾਇਦ ਸਾਨੂੰ ਵੀ ਕਿਸੇ ਦਿਨ ਇਸੇ ਤਰ੍ਹਾਂ ਕਰਨਾ ਪਵੇ।

ਜਾਸੂਸਾਂ ਦੀ ਕਹਾਣੀ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸ ਵੇਲੇ ਯਹੋਸ਼ੁਆ ਦਾ ਨਾਂ ਬਦਲ ਦਿੱਤਾ ਗਿਆ ਸੀ। ਪਹਿਲਾਂ ਉਸ ਦਾ ਨਾਂ ਹੋਸ਼ੇਆ ਸੀ ਜਿਸ ਦਾ ਮਤਲਬ ਹੈ “ਮੁਕਤੀ।” ਪਰ ਮੂਸਾ ਨੇ ਉਸ ਦੇ ਨਾਂ ਨਾਲ ਇਕ-ਦੋ ਅੱਖਰ ਹੋਰ ਜੋੜ ਦਿੱਤੇ। ਇਹ ਅੱਖਰ ਪਰਮੇਸ਼ੁਰ ਦੇ ਨਾਂ ਨੂੰ ਦਰਸਾਉਂਦੇ ਸਨ। ਇਸ ਤਰ੍ਹਾਂ ਉਸ ਦਾ ਨਾਂ ਹੋਸ਼ੇਆ ਤੋਂ ਯਹੋਸ਼ੁਆ ਰੱਖਿਆ ਗਿਆ ਜਿਸ ਦਾ ਮਤਲਬ ਹੈ “ਯਹੋਵਾਹ ਮੁਕਤੀ ਹੈ।” ਸੈਪਟੂਜਿੰਟ ਵਿਚ ਉਸ ਦਾ ਨਾਂ “ਯਿਸੂ” ਅਨੁਵਾਦ ਕੀਤਾ ਗਿਆ ਹੈ। (ਗਿਣਤੀ 13:8, 16) ਆਪਣੇ ਨਾਂ ਅਨੁਸਾਰ ਯਹੋਸ਼ੁਆ ਨੇ ਦਲੇਰੀ ਨਾਲ ਐਲਾਨ ਕੀਤਾ ਕਿ ਮੁਕਤੀ ਯਹੋਵਾਹ ਹੀ ਦੇ ਸਕਦਾ ਹੈ। ਯਹੋਸ਼ੁਆ ਦਾ ਨਾਂ ਐਵੇਂ ਹੀ ਨਹੀਂ ਬਦਲ ਦਿੱਤਾ ਗਿਆ ਹੋਣਾ। ਇਸ ਤੋਂ ਪਤਾ ਲੱਗਦਾ ਹੈ ਕਿ ਮੂਸਾ ਯਹੋਸ਼ੁਆ ਦੇ ਗੁਣਾਂ ਦੀ ਬਹੁਤ ਕਦਰ ਕਰਦਾ ਸੀ ਅਤੇ ਉਸ ਦਾ ਇਹ ਨਾਂ ਰੱਖਣਾ ਕਿੰਨਾ ਢੁਕਵਾਂ ਸੀ ਕਿਉਂਕਿ ਉਸ ਨੂੰ ਇਸਰਾਏਲੀਆਂ ਦੀ ਨਵੀਂ ਪੀੜ੍ਹੀ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾਣ ਦੀ ਮਹੱਤਵਪੂਰਣ ਜ਼ਿੰਮੇਵਾਰੀ ਸੌਂਪੀ ਗਈ ਸੀ।

ਚਾਲੀ ਸਾਲਾਂ ਦੌਰਾਨ ਇਸਰਾਏਲੀਆਂ ਦੇ ਪਿਉ-ਦਾਦੇ ਮਰਦੇ ਰਹੇ ਤੇ ਇਸਰਾਏਲੀ ਆਪ ਉਜਾੜ ਵਿਚ ਭਟਕਦੇ ਰਹੇ। ਇਸ ਸਮੇਂ ਦੌਰਾਨ ਯਹੋਸ਼ੁਆ ਦੀ ਜ਼ਿੰਦਗੀ ਬਾਰੇ ਸਾਨੂੰ ਕੁਝ ਨਹੀਂ ਪਤਾ। ਪਰ ਉਸ ਨੇ ਇਸ ਸਮੇਂ ਦੌਰਾਨ ਬਹੁਤ ਕੁਝ ਸਿੱਖਿਆ ਹੋਵੇਗਾ। ਉਸ ਨੇ ਜ਼ਰੂਰ ਦੇਖਿਆ ਹੋਣਾ ਜਦੋਂ ਯਹੋਵਾਹ ਨੇ ਕੋਰਾਹ, ਦਾਥਾਨ ਅਤੇ ਅਬੀਰਾਮ ਅਤੇ ਉਨ੍ਹਾਂ ਦੀ ਚੁੱਕ ਵਿਚ ਆਉਣ ਵਾਲੇ ਲੋਕਾਂ ਅਤੇ ਘਿਣਾਉਣੇ ਬਆਲ ਪਓਰ ਦੀ ਭਗਤੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਸੀ। ਨਾਲੇ ਜਦੋਂ ਯਹੋਸ਼ੁਆ ਨੂੰ ਪਤਾ ਲੱਗਿਆ ਹੋਣਾ ਕਿ ਮਰੀਬਾਹ ਵਿਚ ਲੋਕਾਂ ਨੂੰ ਪਾਣੀ ਪਿਲਾਉਣ ਵੇਲੇ ਮੂਸਾ ਨੇ ਯਹੋਵਾਹ ਦੇ ਨਾਂ ਦੀ ਮਹਿਮਾ ਨਹੀਂ ਕੀਤੀ ਸੀ, ਜਿਸ ਕਰਕੇ ਮੂਸਾ ਵੀ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕੇਗਾ, ਤਾਂ ਉਸ ਦਾ ਮਨ ਬਹੁਤ ਦੁਖੀ ਹੋਇਆ ਹੋਣਾ।—ਗਿਣਤੀ 16:1-50; 20:9-13; 25:1-9.

ਮੂਸਾ ਦੀ ਜਗ੍ਹਾ ਆਗੂ ਨਿਯੁਕਤ ਕੀਤਾ ਗਿਆ

ਜਦੋਂ ਮੂਸਾ ਮਰਨ ਵਾਲਾ ਸੀ, ਤਾਂ ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਕਿਸੇ ਹੋਰ ਨੂੰ ਉਸ ਦੀ ਜਗ੍ਹਾ ਆਗੂ ਨਿਯੁਕਤ ਕਰੇ, ਤਾਂਕਿ ਇਸਰਾਏਲੀ ‘ਉਸ ਇੱਜੜ ਵਾਂਙੁ ਨਾ ਹੋਣ ਜਿਨ੍ਹਾਂ ਦਾ ਪਾਲੀ ਨਹੀਂ।’ ਯਹੋਵਾਹ ਨੇ ਉਸ ਦੀ ਗੱਲ ਦਾ ਕੀ ਜਵਾਬ ਦਿੱਤਾ? ‘ਇੱਕ ਮਰਦ ਜਿਹ ਦੇ ਵਿੱਚ ਆਤਮਾ ਹੈ’ ਯਾਨੀ ਯਹੋਸ਼ੁਆ ਨੂੰ ਸਾਰੇ ਇਸਰਾਏਲੀਆਂ ਸਾਮ੍ਹਣੇ ਆਗੂ ਨਿਯੁਕਤ ਕੀਤਾ ਗਿਆ। ਹੁਣ ਤੋਂ ਉਨ੍ਹਾਂ ਨੇ ਯਹੋਸ਼ੁਆ ਦੀ ਗੱਲ ਸੁਣਨੀ ਸੀ। ਯਹੋਸ਼ੁਆ ਦਾ ਚੁਣਿਆ ਜਾਣਾ ਬਿਲਕੁਲ ਜਾਇਜ਼ ਸੀ। ਯਹੋਵਾਹ ਨੇ ਯਹੋਸ਼ੁਆ ਦੇ ਵਿਸ਼ਵਾਸ ਤੇ ਕਾਬਲੀਅਤ ਨੂੰ ਦੇਖਿਆ ਸੀ। ਇਸਰਾਏਲ ਦੀ ਅਗਵਾਈ ਕਰਨ ਲਈ ਹੋਰ ਕੋਈ ਉਸ ਤੋਂ ਜ਼ਿਆਦਾ ਕਾਬਲ ਬੰਦਾ ਨਹੀਂ ਸੀ ਜਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਸੀ। (ਗਿਣਤੀ 27:15-20) ਪਰ ਮੂਸਾ ਜਾਣਦਾ ਸੀ ਕਿ ਯਹੋਸ਼ੁਆ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ। ਇਸ ਲਈ ਮੂਸਾ ਨੇ ਉਸ ਨੂੰ ‘ਤਕੜਾ ਹੋਣ ਅਤੇ ਹੌਸਲਾ ਰੱਖਣ’ ਦੀ ਹੱਲਾਸ਼ੇਰੀ ਦਿੱਤੀ ਕਿਉਂਕਿ ਯਹੋਵਾਹ ਉਸ ਦਾ ਸਾਥ ਦੇਵੇਗਾ।—ਬਿਵਸਥਾ ਸਾਰ 31:7, 8.

ਪਰਮੇਸ਼ੁਰ ਨੇ ਆਪ ਵੀ ਯਹੋਸ਼ੁਆ ਨੂੰ ਇਹੀ ਹੱਲਾਸ਼ੇਰੀ ਦਿੱਤੀ ਤੇ ਅੱਗੇ ਕਿਹਾ: “ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ ਤਾਂ ਜੋ ਤੂੰ ਉਸ ਸਾਰੀ ਬਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਨਾ ਕਰ ਕੇ ਪੂਰਾ ਕਰੇਂ, ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੇਂ ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ। ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਈ ਤਕੜਾ ਹੋ ਅਤੇ ਹੌਸਲਾ ਰੱਖ? ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।”—ਯਹੋਸ਼ੁਆ 1:7-9.

ਉਸ ਦੇ ਕੰਨਾਂ ਵਿਚ ਯਹੋਵਾਹ ਦੇ ਇਹ ਸ਼ਬਦ ਗੂੰਝ ਰਹੇ ਸਨ ਤੇ ਉਹ ਹੁਣ ਬਹੁਤ ਹੀ ਤਜਰਬੇਕਾਰ ਇਨਸਾਨ ਬਣ ਗਿਆ ਸੀ, ਇਸ ਲਈ ਉਹ ਹੁਣ ਸ਼ੱਕ ਕਰ ਕੇ ਕਿੱਦਾਂ ਪਿੱਛੇ ਹੱਟ ਸਕਦਾ ਸੀ? ਉਸ ਦੇਸ਼ ਉੱਤੇ ਉਨ੍ਹਾਂ ਦੀ ਫਤਹ ਪੱਕੀ ਸੀ। ਰਾਹ ਵਿਚ ਮੁਸ਼ਕਲਾਂ ਤਾਂ ਆਉਣੀਆਂ ਹੀ ਸਨ। ਉਸ ਦੇ ਸਾਮ੍ਹਣੇ ਸਭ ਤੋਂ ਪਹਿਲੀ ਮੁਸ਼ਕਲ ਸੀ ਯਰਦਨ ਦਰਿਆ ਨੂੰ ਪਾਰ ਕਰਨਾ ਜਿਸ ਵਿਚ ਹੜ੍ਹ ਆਇਆ ਹੋਇਆ ਸੀ। ਪਰ ਯਹੋਵਾਹ ਨੇ ਆਪ ਇਹ ਹੁਕਮ ਦਿੱਤਾ ਸੀ: “ਤੂੰ ਉੱਠ ਅਤੇ ਏਸ ਯਰਦਨ ਦੇ ਪਾਰ ਲੰਘ।” ਇਸ ਲਈ ਜਦ ਯਹੋਵਾਹ ਨੇ ਯਰਦਨ ਦਰਿਆ ਨੂੰ ਪਾਰ ਕਰਨ ਲਈ ਕਿਹਾ ਸੀ, ਤਾਂ ਫਿਰ ਇਹ ਕਰਨਾ ਔਖਾ ਕਿਉਂ ਹੁੰਦਾ?—ਯਹੋਸ਼ੁਆ 1:2.

ਇਸ ਤੋਂ ਬਾਅਦ ਯਹੋਸ਼ੁਆ ਦੀ ਜ਼ਿੰਦਗੀ ਵਿਚ ਜੋ ਵੀ ਘਟਨਾਵਾਂ ਘਟੀਆਂ, ਜਿਵੇਂ ਕਿ ਯਰੀਹੋ ਸ਼ਹਿਰ ਨੂੰ ਜਿੱਤਣਾ, ਬਾਅਦ ਵਿਚ ਆਪਣੇ ਦੁਸ਼ਮਣਾਂ ਨੂੰ ਫਤਹ ਕਰਨਾ ਅਤੇ ਦੇਸ਼ ਨੂੰ ਇਸਰਾਏਲ ਦੇ ਵੱਖ-ਵੱਖ ਗੋਤਾਂ ਵਿਚ ਵੰਡਣਾ, ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਦੇ ਵੀ ਪਰਮੇਸ਼ੁਰ ਦੇ ਵਾਅਦੇ ਭੁੱਲਿਆ ਨਹੀਂ। ਆਪਣੀ ਜ਼ਿੰਦਗੀ ਦੇ ਅਖ਼ੀਰੀ ਦਿਨਾਂ ਤੇ, ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਹੋਇਆ ਸੀ, ਉਸ ਵੇਲੇ ਯਹੋਸ਼ੁਆ ਨੇ ਸਾਰੇ ਲੋਕਾਂ ਨੂੰ ਇਕੱਠਾ ਕਰ ਕੇ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਕੰਮਾਂ ਬਾਰੇ ਗੱਲ ਕੀਤੀ ਜੋ ਉਸ ਨੇ ਉਨ੍ਹਾਂ ਲਈ ਕੀਤੇ ਸਨ। ਉਸ ਨੇ ਉਨ੍ਹਾਂ ਨੂੰ ਇਹ ਵੀ ਉਤਸ਼ਾਹ ਦਿੱਤਾ ਕਿ ਉਹ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਨ। ਇਸ ਕਰਕੇ ਇਸਰਾਏਲੀਆਂ ਨੇ ਯਹੋਵਾਹ ਨਾਲ ਆਪਣੇ ਨੇਮ ਨੂੰ ਫਿਰ ਤੋਂ ਸਥਾਪਿਤ ਕੀਤਾ ਅਤੇ ਆਪਣੇ ਆਗੂ ਦੀ ਮਿਸਾਲ ਉੱਤੇ ਚੱਲਦੇ ਹੋਏ “ਇਸਰਾਏਲ ਨੇ ਯਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਯਹੋਵਾਹ ਦੀ ਉਪਾਸਨਾ ਕੀਤੀ।”—ਯਹੋਸ਼ੁਆ 24:16, 31.

ਯਹੋਸ਼ੁਆ ਨੇ ਸਾਡੇ ਸਾਮ੍ਹਣੇ ਬਿਹਤਰੀਨ ਮਿਸਾਲ ਕਾਇਮ ਕੀਤੀ ਹੈ। ਅੱਜ ਵੀ ਮਸੀਹੀਆਂ ਨੂੰ ਆਪਣੇ ਵਿਸ਼ਵਾਸ ਕਰਕੇ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਨੂੰ ਜਿੱਤਣ ਨਾਲ ਹੀ ਸਾਡੇ ਉੱਤੇ ਯਹੋਵਾਹ ਦੀ ਮਿਹਰ ਹੋਵੇਗੀ ਅਤੇ ਅਖ਼ੀਰ ਵਿਚ ਅਸੀਂ ਉਸ ਦੇ ਵਾਅਦਿਆਂ ਤੋਂ ਲਾਭ ਪ੍ਰਾਪਤ ਕਰਾਂਗੇ। ਯਹੋਸ਼ੁਆ ਦੀ ਕਾਮਯਾਬੀ ਉਸ ਦੀ ਮਜ਼ਬੂਤ ਨਿਹਚਾ ਉੱਤੇ ਨਿਰਭਰ ਸੀ। ਇਹ ਸੱਚ ਹੈ ਕਿ ਅਸੀਂ ਯਹੋਸ਼ੁਆ ਵਾਂਗ ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ ਨਹੀਂ ਦੇਖੇ ਹਨ, ਪਰ ਜੇ ਕਿਸੇ ਨੂੰ ਵੀ ਸ਼ੱਕ ਹੈ, ਤਾਂ ਬਾਈਬਲ ਵਿਚ ਯਹੋਸ਼ੁਆ ਨਾਮਕ ਕਿਤਾਬ ਇਸ ਗੱਲ ਦਾ ਪੱਕਾ ਸਬੂਤ ਦਿੰਦੀ ਹੈ ਕਿ ਯਹੋਵਾਹ ਦੇ ਵਾਅਦਿਆਂ ਤੇ ਭਰੋਸਾ ਕੀਤਾ ਜਾ ਸਕਦਾ ਹੈ। ਯਹੋਸ਼ੁਆ ਵਾਂਗ ਅਸੀਂ ਵੀ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹੀਏ ਅਤੇ ਇਸ ਉੱਤੇ ਚਲੀਏ, ਤਾਂ ਸਾਨੂੰ ਵੀ ਬੁੱਧ ਮਿਲੇਗੀ ਅਤੇ ਕਾਮਯਾਬੀ ਸਾਡੇ ਕਦਮ ਚੁੰਮੇਗੀ।

ਕੀ ਕਦੇ ਦੂਸਰੇ ਮਸੀਹੀਆਂ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਤੁਹਾਡੇ ਦਿਲ ਨੂੰ ਸੱਟ ਲੱਗਦੀ ਹੈ? ਜ਼ਰਾ ਸੋਚੋ ਕਿ ਯਹੋਸ਼ੁਆ ਨੇ ਕੋਈ ਗ਼ਲਤੀ ਨਹੀਂ ਕੀਤੀ ਸੀ ਪਰ ਫਿਰ ਵੀ ਉਸ ਨੂੰ ਅਵਿਸ਼ਵਾਸੀ ਲੋਕਾਂ ਨਾਲ 40 ਸਾਲ ਉਜਾੜ ਵਿਚ ਭਟਕਣਾ ਪਿਆ ਸੀ, ਉਸ ਵੇਲੇ ਉਸ ਨੇ ਕਿੰਨਾ ਧੀਰਜ ਰੱਖਿਆ। ਕੀ ਤੁਹਾਨੂੰ ਆਪਣੇ ਵਿਸ਼ਵਾਸਾਂ ਤੇ ਮਜ਼ਬੂਤ ਖੜ੍ਹੇ ਰਹਿਣਾ ਮੁਸ਼ਕਲ ਲੱਗਦਾ ਹੈ? ਯਾਦ ਕਰੋ ਕਿ ਯਹੋਸ਼ੁਆ ਅਤੇ ਕਾਲੇਬ ਨੇ ਕੀ ਕੀਤਾ ਸੀ। ਉਨ੍ਹਾਂ ਦੀ ਨਿਹਚਾ ਅਤੇ ਆਗਿਆਕਾਰੀ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਇਨਾਮ ਮਿਲਿਆ। ਜੀ ਹਾਂ, ਯਹੋਸ਼ੁਆ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਆਓ ਆਪਾਂ ਵੀ ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖੀਏ।—ਯਹੋਸ਼ੁਆ 23:14.

[ਸਫ਼ੇ 10 ਉੱਤੇ ਤਸਵੀਰ]

ਮੂਸਾ ਨਾਲ ਰਹਿਣ ਕਰਕੇ ਯਹੋਸ਼ੁਆ ਦੀ ਨਿਹਚਾ ਮਜ਼ਬੂਤ ਹੋਈ

[ਸਫ਼ੇ 10 ਉੱਤੇ ਤਸਵੀਰ]

ਕਾਲੇਬ ਅਤੇ ਯਹੋਸ਼ੁਆ ਨੂੰ ਯਹੋਵਾਹ ਦੀ ਸ਼ਕਤੀ ਤੇ ਪੂਰਾ ਭਰੋਸਾ ਸੀ

[ਸਫ਼ੇ 10 ਉੱਤੇ ਤਸਵੀਰ]

ਯਹੋਸ਼ੁਆ ਦੀ ਅਗਵਾਈ ਤੋਂ ਲੋਕਾਂ ਨੂੰ ਪ੍ਰੇਰਣਾ ਮਿਲੀ ਕਿ ਉਹ ਯਹੋਵਾਹ ਦੀ ਹੀ ਭਗਤੀ ਕਰਦੇ ਰਹਿਣ