Skip to content

Skip to table of contents

“ਪੂਰਬ ਦੇ ਤਿੰਨ ਸਿਆਣੇ” ਕੌਣ ਸਨ?

“ਪੂਰਬ ਦੇ ਤਿੰਨ ਸਿਆਣੇ” ਕੌਣ ਸਨ?

“ਪੂਰਬ ਦੇ ਤਿੰਨ ਸਿਆਣੇ” ਕੌਣ ਸਨ?

ਯਿਸੂ ਦੇ ਜਨਮ ਬਾਰੇ ਖੇਡੇ ਜਾਂਦੇ ਨਾਟਕਾਂ ਵਿਚ ਅਕਸਰ ਤਿੰਨ ਮਨੁੱਖ ਹੁੰਦੇ ਹਨ ਜੋ ਚੋਗੇ ਪਹਿਨੇ ਆਪਣੇ ਊਠਾਂ ਉੱਤੇ ਬੈਠੇ ਹੁੰਦੇ ਹਨ। ਉਹ ਉਸ ਤਬੇਲੇ ਵਿਚ ਆਉਂਦੇ ਹਨ ਜਿੱਥੇ ਯਿਸੂ ਖੁਰਲੀ ਵਿਚ ਪਿਆ ਹੁੰਦਾ ਹੈ। ਸ਼ਾਨਦਾਰ ਕੱਪੜੇ ਪਹਿਨੇ ਇਨ੍ਹਾਂ ਮਨੁੱਖਾਂ ਨੂੰ ਪੂਰਬ ਦੇ ਤਿੰਨ ਸਿਆਣੇ ਕਿਹਾ ਜਾਂਦਾ ਹੈ। ਬਾਈਬਲ ਸਾਨੂੰ ਉਨ੍ਹਾਂ ਬਾਰੇ ਕੀ ਦੱਸਦੀ ਹੈ?

ਬਾਈਬਲ ਦੇ ਅਨੁਸਾਰ ਇਹ ਸਿਆਣੇ ਮਨੁੱਖ “ਚੜ੍ਹਦੇ ਪਾਸਿਓਂ” ਆਏ ਸਨ ਅਤੇ ਇਨ੍ਹਾਂ ਨੂੰ ਪੂਰਬ ਵਿਚ ਹੀ ਯਿਸੂ ਦੇ ਜਨਮ ਬਾਰੇ ਪਤਾ ਲੱਗਾ ਸੀ। (ਮੱਤੀ 2:1, 2, 9) ਇਨ੍ਹਾਂ ਨੂੰ ਯਹੂਦਿਯਾ ਪਹੁੰਚਣ ਲਈ ਕਾਫ਼ੀ ਸਮਾਂ ਲੱਗਾ ਹੋਵੇਗਾ। ਅਖ਼ੀਰ ਵਿਚ ਜਦੋਂ ਉਨ੍ਹਾਂ ਨੇ ਯਿਸੂ ਨੂੰ ਲੱਭ ਲਿਆ, ਤਾਂ ਉਸ ਵੇਲੇ ਉਹ ਤਬੇਲੇ ਵਿਚ ਇਕ ਨਵਾਂ ਜੰਮਿਆ ਬੱਚਾ ਨਹੀਂ ਸੀ। ਇਸ ਦੀ ਬਜਾਇ, ਇਨ੍ਹਾਂ ਮਨੁੱਖਾਂ ਨੇ ਮਰਿਯਮ ਤੇ “ਬਾਲਕ” ਨੂੰ ਇਕ ਘਰ ਵਿਚ ਰਹਿੰਦੇ ਦੇਖਿਆ।—ਮੱਤੀ 2:11.

ਬਾਈਬਲ ਵਿਚ ਇਨ੍ਹਾਂ ਨੂੰ ‘ਜੋਤਸ਼ੀ’ ਕਿਹਾ ਗਿਆ ਹੈ, ਪਰ ਉਸ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਹ ਕਿੰਨੇ ਮਨੁੱਖ ਸਨ। ਬਾਈਬਲ ਦੀ ਇਕ ਡਿਕਸ਼ਨਰੀ ਕਹਿੰਦੀ ਹੈ ਕਿ “ਜਾਦੂ ਅਤੇ ਜੋਤਸ਼-ਵਿੱਦਿਆ ਦਾ ਤਅੱਲਕ ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਮਨੁੱਖਾਂ ਨੇ ਉਸ ਤਾਰੇ ਵਿਚ ਕਿੰਨੀ ਦਿਲਚਸਪੀ ਲਈ ਸੀ ਜਿਸ ਨੇ ਉਨ੍ਹਾਂ ਨੂੰ ਬੈਤਲਹਮ ਤਕ ਲਿਆਂਦਾ ਸੀ।” ਤਾਰਿਆਂ ਤੋਂ ਜਾਣਕਾਰੀ ਲੈਣ ਦੀ ਰੀਤ ਬਾਬਲ ਤੋਂ ਸ਼ੁਰੂ ਹੋਈ ਸੀ। ਬਾਈਬਲ ਜਾਦੂਗਰੀ ਦੇ ਹਰ ਰੂਪ ਨੂੰ ਅਤੇ ਤਾਰਿਆਂ ਤੋਂ ਜਾਣਕਾਰੀ ਲੈਣ ਤੋਂ ਸਾਫ਼-ਸਾਫ਼ ਮਨ੍ਹਾ ਕਰਦੀ ਹੈ।—ਬਿਵਸਥਾ ਸਾਰ 18:10-12; ਯਸਾਯਾਹ 47:13.

ਇਨ੍ਹਾਂ ਮਨੁੱਖਾਂ ਨੂੰ ਜੋ ਜਾਣਕਾਰੀ ਮਿਲੀ ਸੀ, ਉਸ ਦੇ ਨਤੀਜੇ ਚੰਗੇ ਨਹੀਂ ਨਿਕਲੇ ਸਨ। ਇਸ ਨੇ ਰਾਜਾ ਹੇਰੋਦੇਸ ਦਾ ਗੁੱਸਾ ਭੜਕਾਇਆ ਸੀ। ਇਸ ਗੁੱਸੇ ਕਰਕੇ ਯੂਸੁਫ਼, ਮਰਿਯਮ ਤੇ ਯਿਸੂ ਨੂੰ ਮਿਸਰ ਨੂੰ ਭੱਜਣਾ ਪਿਆ ਸੀ ਕਿਉਂਕਿ ਰਾਜੇ ਨੇ ਹੁਕਮ ਦਿੱਤਾ ਸੀ ਕਿ ਉਹ ਸਾਰੇ ਮੁੰਡੇ “ਜਿਹੜੇ ਦੋ ਵਰਿਹਾਂ ਦੇ ਅਤੇ ਏਦੋਂ ਇਆਣੇ ਸਨ” ਮਾਰ ਦਿੱਤੇ ਜਾਣ। ਹੇਰੋਦੇਸ ਨੇ ਜੋਤਸ਼ੀਆਂ ਤੋਂ ਯਿਸੂ ਦੇ ਜਨਮ ਦਾ ਸਮਾਂ ਪਤਾ ਕਰ ਲਿਆ ਸੀ। (ਮੱਤੀ 2:16) ਜੋਤਸ਼ੀਆਂ ਦੇ ਬੈਤਲਹਮ ਵਿਚ ਆਉਣ ਨਾਲ ਕਿੰਨੀ ਬਰਬਾਦੀ ਹੋਈ! ਇਸ ਤੋਂ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਜਿਹੜਾ ਤਾਰਾ ਉਨ੍ਹਾਂ ਨੇ ਦੇਖਿਆ ਸੀ ਅਤੇ ‘ਯਹੂਦੀਆਂ ਦੇ ਪਾਤਸ਼ਾਹ’ ਦੇ ਜਨਮ ਬਾਰੇ ਜਿਹੜਾ ਸੁਨੇਹਾ ਉਨ੍ਹਾਂ ਨੂੰ ਮਿਲਿਆ ਸੀ, ਉਹ ਪਰਮੇਸ਼ੁਰ ਦੇ ਦੁਸ਼ਮਣ ਸ਼ਤਾਨ ਤੋਂ ਹੀ ਸੀ ਜੋ ਯਿਸੂ ਨੂੰ ਮਾਰ ਦੇਣਾ ਚਾਹੁੰਦਾ ਸੀ।—ਮੱਤੀ 2:1, 2.