Skip to content

Skip to table of contents

ਇਕ ਛੋਟੀ ਜਿਹੀ ਚਿੱਠੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ

ਇਕ ਛੋਟੀ ਜਿਹੀ ਚਿੱਠੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ

ਜੀਵਨੀ

ਇਕ ਛੋਟੀ ਜਿਹੀ ਚਿੱਠੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ

ਈਰੀਨ ਹੁਖਸਟੈਨਬਾਖ ਦੀ ਜ਼ਬਾਨੀ

ਇਹ 1972 ਵਿਚ ਇਕ ਮੰਗਲਵਾਰ ਦੀ ਗੱਲ ਹੈ। ਮੈਂ 16 ਸਾਲਾਂ ਦੀ ਸੀ ਅਤੇ ਆਪਣੇ ਮਾਪਿਆਂ ਦੇ ਨਾਲ ਨੀਦਰਲੈਂਡਜ਼ ਦੇ ਬ੍ਰਬੰਟ ਸੂਬੇ ਦੇ ਇੰਟਹੋਵਨ ਸ਼ਹਿਰ ਵਿਚ ਇਕ ਧਾਰਮਿਕ ਮੀਟਿੰਗ ਵਿਚ ਹਾਜ਼ਰ ਸੀ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਅਤੇ ਮੈਂ ਉੱਥੋਂ ਜਾਣਾ ਚਾਹੁੰਦੀ ਸੀ। ਫਿਰ ਦੋ ਜਵਾਨ ਔਰਤਾਂ ਨੇ ਮੈਨੂੰ ਕਾਗਜ਼ ਤੇ ਇਹ ਸ਼ਬਦ ਲਿਖ ਕੇ ਦਿੱਤੇ: “ਸਾਡੀ ਪਿਆਰੀ ਈਰੀਨ, ਅਸੀਂ ਤੇਰੀ ਮਦਦ ਕਰਨੀ ਚਾਹੁੰਦੀਆਂ ਹਾਂ।” ਉਸ ਸਮੇਂ ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਛੋਟੀ ਜਿਹੀ ਚਿੱਠੀ ਨੇ ਮੇਰੀ ਜ਼ਿੰਦਗੀ ਹੀ ਬਦਲ ਦੇਣੀ ਸੀ। ਪਰ ਇਹ ਦੱਸਣ ਤੋਂ ਪਹਿਲਾਂ ਕਿ ਅੱਗੇ ਕੀ ਹੋਇਆ ਸੀ, ਮੈਂ ਤੁਹਾਨੂੰ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ।

ਮੇਰਾ ਜਨਮ ਇੰਡੋਨੇਸ਼ੀਆ ਦੇ ਬੈਲਿਟਨ ਟਾਪੂ ਵਿਚ ਹੋਇਆ ਸੀ। ਉਸ ਗਰਮ ਪੌਣ-ਪਾਣੀ ਵਾਲੇ ਦੇਸ਼ ਦੀਆਂ ਕੁਝ ਆਵਾਜ਼ਾਂ ਮੈਨੂੰ ਯਾਦ ਹਨ। ਹਵਾ ਨਾਲ ਝੂਲਦੇ ਪਾਮ ਦਰਖ਼ਤਾਂ ਦੀ ਹਲਕੀ ਆਵਾਜ਼, ਨੇੜੇ ਇਕ ਦਰਿਆ ਦੇ ਵਹਿੰਦੇ ਪਾਣੀ ਦੀ ਕਲਕਲ, ਸਾਡੇ ਘਰ ਦੇ ਆਸ-ਪਾਸ ਖੇਡਦੇ ਬੱਚਿਆਂ ਦੀ ਖਿੜਖਿੜ ਅਤੇ ਸਾਡੇ ਘਰ ਵਿਚ ਸੰਗੀਤ ਦੀ ਆਵਾਜ਼। ਸਾਲ 1960 ਵਿਚ ਜਦ ਮੈਂ ਚਾਰ ਸਾਲਾਂ ਦੀ ਸੀ, ਸਾਡਾ ਪਰਿਵਾਰ ਇੰਡੋਨੇਸ਼ੀਆ ਤੋਂ ਨੀਦਰਲੈਂਡਜ਼ ਵਿਚ ਰਹਿਣ ਗਿਆ। ਅਸੀਂ ਇਹ ਲੰਬਾ ਸਫ਼ਰ ਸਮੁੰਦਰੀ ਜਹਾਜ਼ ਵਿਚ ਕੀਤਾ ਅਤੇ ਮੈਨੂੰ ਖ਼ਾਸ ਕਰਕੇ ਆਪਣੇ ਸਭ ਤੋਂ ਮਨਪਸੰਦ ਖਿਡੌਣੇ ਦੀ ਆਵਾਜ਼ ਯਾਦ ਹੈ, ਜੋ ਢੋਲਕੀਆਂ ਵਾਲਾ ਇਕ ਕਲਾਊਨ ਸੀ ਜੋ ਮੈਂ ਨਾਲ ਲੈ ਆਈ ਸੀ। ਸੱਤ ਸਾਲ ਦੀ ਉਮਰ ਤੇ ਇਕ ਬੀਮਾਰੀ ਕਾਰਨ ਮੈਂ ਬੋਲ਼ੀ ਹੋ ਗਈ। ਉਸ ਸਮੇਂ ਤੋਂ ਮੈਂ ਕੋਈ ਵੀ ਆਵਾਜ਼ ਨਹੀਂ ਸੁਣੀ। ਹੁਣ ਮੇਰੇ ਕੋਲ ਬੱਸ ਮੇਰੀਆਂ ਯਾਦਾਂ ਹੀ ਹਨ।

ਇਕ ਬੋਲ਼ੀ ਦੀ ਜ਼ਿੰਦਗੀ

ਮੇਰੇ ਮਾਪੇ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ, ਇਸ ਲਈ ਪਹਿਲਾਂ-ਪਹਿਲਾਂ ਮੈਂ ਬੋਲ਼ੀ ਹੋਣ ਦਾ ਅਸਰ ਪੂਰੀ ਤਰ੍ਹਾਂ ਸਮਝਿਆ ਨਹੀਂ ਸੀ। ਛੋਟੀ ਹੁੰਦੀ ਹੋਈ, ਮੈਂ ਤਾਂ ਆਪਣੀ ਹਿਅਰਿੰਗ ਏਡ ਨੂੰ ਵੀ ਇਕ ਖੇਡ ਸਮਝਦੀ ਸੀ। ਖ਼ੈਰ ਉਸ ਦਾ ਮੈਨੂੰ ਇੰਨਾ ਫ਼ਾਇਦਾ ਨਹੀਂ ਹੁੰਦਾ ਸੀ। ਗੁਆਂਢੀਆਂ ਦੇ ਨਿਆਣੇ ਫੁਟਪਾਥ ਤੇ ਲਿਖ ਕੇ ਮੈਨੂੰ ਗੱਲਬਾਤ ਸਮਝਾਉਂਦੇ ਹੁੰਦੇ ਸਨ ਅਤੇ ਮੈਂ ਉਨ੍ਹਾਂ ਨੂੰ ਜਵਾਬ ਦਿੰਦੀ ਸੀ, ਭਾਵੇਂ ਕਿ ਮੈਂ ਆਪਣੀ ਆਵਾਜ਼ ਸੁਣ ਨਹੀਂ ਸਕਦੀ ਸੀ।

ਵੱਡੀ ਹੁੰਦੀ ਹੋਈ ਮੈਨੂੰ ਅਹਿਸਾਸ ਹੋਇਆ ਕਿ ਮੈਂ ਦੂਸਰੇ ਲੋਕਾਂ ਵਰਗੀ ਨਹੀਂ ਸੀ। ਮੈਂ ਇਹ ਵੀ ਦੇਖਿਆ ਕਿ ਕੁਝ ਲੋਕ ਮੇਰਾ ਮਖੌਲ ਉਡਾਉਂਦੇ ਸਨ ਅਤੇ ਕਈ ਮੇਰੇ ਨਾਲ ਦੋਸਤੀ ਨਹੀਂ ਕਰਨੀ ਚਾਹੁੰਦੇ ਸਨ। ਮੇਰਾ ਸੁੰਨਾ-ਸੁੰਨਾ ਜੀਵਨ ਮੈਨੂੰ ਅੰਦਰੋਂ-ਅੰਦਰੀ ਵੱਡ-ਵੱਡ ਖਾ ਰਿਹਾ ਸੀ। ਬੋਲ਼ੀ ਹੋਣ ਦਾ ਮਤਲਬ ਮੈਂ ਸਮਝਣ ਲੱਗੀ ਅਤੇ ਸਮੇਂ ਦੇ ਬੀਤਣ ਨਾਲ ਮੈਂ ਆਮ ਲੋਕਾਂ ਤੋਂ ਜੋ ਸੁਣ ਸਕਦੇ ਸਨ ਜ਼ਿਆਦਾ ਡਰਨ ਲੱਗੀ।

ਇੰਟਹੋਵਨ ਸ਼ਹਿਰ ਵਿਚ ਬੋਲ਼ੇ ਨਿਆਣਿਆਂ ਲਈ ਇਕ ਖ਼ਾਸ ਸਕੂਲ ਸੀ। ਮੈਨੂੰ ਉਸ ਸਕੂਲ ਵਿਚ ਦਾਖ਼ਲ ਕਰਨ ਲਈ ਮੇਰੇ ਮਾਪੇ ਪੂਰੇ ਪਰਿਵਾਰ ਸਮੇਤ ਲਿਮਬਰਗ ਦੇ ਸੂਬੇ ਦੇ ਛੋਟੇ ਜਿਹੇ ਪਿੰਡ ਤੋਂ ਇੰਟਹੋਵਨ ਸ਼ਹਿਰ ਵਿਚ ਰਹਿਣ ਗਏ। ਉੱਥੇ ਮੇਰੇ ਪਿਤਾ ਜੀ ਨੇ ਨੌਕਰੀ ਲੱਭਣੀ ਸ਼ੁਰੂ ਕੀਤੀ ਅਤੇ ਮੇਰਾ ਭਰਾ ਤੇ ਮੇਰੀਆਂ ਭੈਣਾਂ ਨਵੇਂ ਸਕੂਲ ਜਾਣ ਲੱਗੇ। ਉਨ੍ਹਾਂ ਨੇ ਜੋ ਮੇਰੇ ਲਈ ਕੀਤਾ ਉਹ ਮੈਂ ਕਦੇ ਨਹੀਂ ਭੁੱਲਾਂਗੀ। ਸਕੂਲੇ ਮੈਨੂੰ ਆਪਣੀ ਆਵਾਜ਼ ਉੱਚੀ-ਨੀਵੀਂ ਕਰਨ ਅਤੇ ਸਾਫ਼-ਸਾਫ਼ ਬੋਲਣ ਵਿਚ ਸਿੱਖਿਆ ਦਿੱਤੀ ਗਈ ਸੀ। ਭਾਵੇਂ ਕਿ ਅਧਿਆਪਕ ਸੈਨਤ ਭਾਸ਼ਾ ਨਹੀਂ ਵਰਤਦੇ ਸਨ, ਮੇਰੀ ਕਲਾਸ ਦੇ ਬੱਚਿਆਂ ਨੇ ਮੈਨੂੰ ਸੈਨਤਾਂ ਨਾਲ ਬੋਲਣਾ ਸਿਖਾਇਆ।

ਮੇਰੀ ਆਪਣੀ ਇਕ ਦੁਨੀਆਂ ਸੀ

ਜਿੱਦਾਂ-ਜਿੱਦਾਂ ਮੈਂ ਵੱਡੀ ਹੁੰਦੀ ਗਈ ਮੇਰੇ ਮਾਪਿਆਂ ਨੇ ਮੇਰੇ ਨਾਲ ਗੱਲਬਾਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਈ ਗੱਲਾਂ ਸਨ ਜਿਨ੍ਹਾਂ ਨੂੰ ਮੈਂ ਸਮਝ ਨਾ ਸਕੀ। ਮਿਸਾਲ ਲਈ, ਮੈਨੂੰ ਪਤਾ ਨਹੀਂ ਸੀ ਕਿ ਮੇਰੇ ਮਾਪੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰ ਰਹੇ ਸਨ। ਪਰ ਮੈਨੂੰ ਯਾਦ ਹੈ ਕਿ ਇਕ ਦਿਨ ਸਾਡਾ ਪਰਿਵਾਰ ਅਜਿਹੀ ਜਗ੍ਹਾ ਗਿਆ ਜਿੱਥੇ ਬਹੁਤ ਸਾਰੇ ਲੋਕ ਕੁਰਸੀਆਂ ਤੇ ਬੈਠੇ ਸਨ। ਉਹ ਸਾਰੇ ਸਾਮ੍ਹਣੇ ਦੇਖ ਰਹੇ ਸਨ, ਕਦੇ-ਕਦੇ ਉਹ ਤਾੜੀਆਂ ਵੀ ਮਾਰਦੇ ਸਨ ਅਤੇ ਖੜ੍ਹੇ ਵੀ ਹੁੰਦੇ ਸਨ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਇਸ ਤਰ੍ਹਾਂ ਕਿਉਂ ਕਰਦੇ ਸਨ। ਮੇਰੇ ਮਾਪੇ ਮੈਨੂੰ ਇੰਟਹੋਵਨ ਸ਼ਹਿਰ ਵਿਚ ਇਕ ਛੋਟੇ ਜਿਹੇ ਹਾਲ ਵਿਚ ਵੀ ਲੈ ਜਾਂਦੇ ਸਨ। ਉੱਥੇ ਜਾਣਾ ਮੈਨੂੰ ਚੰਗਾ ਲੱਗਦਾ ਸੀ ਕਿਉਂਕਿ ਸਾਰੇ ਜਣੇ ਮੇਰੇ ਨਾਲ ਪਿਆਰ ਕਰਦੇ ਸਨ ਅਤੇ ਉੱਥੇ ਜਾ ਕੇ ਮੇਰਾ ਪਰਿਵਾਰ ਬਹੁਤ ਖ਼ੁਸ਼ ਹੁੰਦਾ ਸੀ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਉੱਥੇ ਕਿਉਂ ਜਾਂਦੇ ਸਨ। ਹੁਣ ਮੈਨੂੰ ਪਤਾ ਹੈ ਕਿ ਉਹ ਛੋਟਾ ਜਿਹਾ ਹਾਲ ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ ਸੀ। ਕਈ ਸਾਲ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਵੀ ਗਈ ਸੀ।

ਅਫ਼ਸੋਸ ਦੀ ਗੱਲ ਹੈ ਕਿ ਮੀਟਿੰਗਾਂ ਵਿਚ ਹੋ ਰਹੀਆਂ ਗੱਲਾਂ ਮੈਨੂੰ ਸਮਝਾਉਣ ਲਈ ਕੋਈ ਸੈਨਤ ਭਾਸ਼ਾ ਨਹੀਂ ਜਾਣਦਾ ਸੀ। ਮੈਨੂੰ ਪਤਾ ਹੈ ਕਿ ਭੈਣ-ਭਰਾ ਮੇਰੀ ਮਦਦ ਕਰਨੀ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਿਸੇ ਬੋਲ਼ੇ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਸੀ। ਇਨ੍ਹਾਂ ਮੀਟਿੰਗਾਂ ਵਿਚ ਜਾ ਕੇ ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਸੀ ਅਤੇ ਸੋਚਦੀ ਹੁੰਦੀ ਸੀ ਕਿ ‘ਇੱਥੇ ਆਉਣ ਨਾਲੋਂ ਤਾਂ ਮੈਂ ਸਕੂਲੇ ਹੀ ਚੰਗੀ ਹਾਂ।’ ਮੈਂ ਹਾਲੇ ਇਸ ਤਰ੍ਹਾਂ ਸੋਚ ਹੀ ਰਹੀ ਸੀ ਜਦ ਦੋ ਜਵਾਨ ਔਰਤਾਂ ਨੇ ਕਾਗਜ਼ ਤੇ ਕੁਝ ਲਿਖ ਕੇ ਮੈਨੂੰ ਦਿੱਤਾ। ਇਹ ਉਹ ਚਿੱਠੀ ਸੀ ਜਿਸ ਦਾ ਮੈਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ। ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਛੋਟੀ ਜਿਹੀ ਚਿੱਠੀ ਦੁਆਰਾ ਇਕ ਬਹੁਤ ਹੀ ਪਿਆਰੀ ਦੋਸਤੀ ਬਣ ਜਾਵੇਗੀ ਅਤੇ ਮੇਰੀ ਸੁੰਨੀ ਜ਼ਿੰਦਗੀ ਵਿਚ ਉਜਾਲਾ ਹੋ ਜਾਵੇਗਾ।

ਸਾਡੀ ਪਿਆਰੀ ਦੋਸਤੀ

ਕੋਲੈਟ ਅਤੇ ਹਾਰਮੀਨ, ਜਿਨ੍ਹਾਂ ਨੇ ਮੈਨੂੰ ਚਿੱਠੀ ਭੇਜੀ ਸੀ, ਦੋਵੇਂ ਵੀਹਾਂ ਕੁ ਸਾਲਾਂ ਦੀਆਂ ਸਨ। ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਉਸ ਕਲੀਸਿਯਾ ਵਿਚ, ਜਿੱਥੇ ਮੈਂ ਜਾਂਦੀ ਹੁੰਦੀ ਸੀ, ਪਾਇਨੀਅਰਾਂ ਯਾਨੀ ਪੂਰੇ ਸਮੇਂ ਦੀਆਂ ਸੇਵਕਾਂ ਵਜੋਂ ਆਈਆਂ ਸਨ। ਭਾਵੇਂ ਕਿ ਕੋਲੈਟ ਅਤੇ ਹਾਰਮੀਨ ਨੂੰ ਸੈਨਤ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ, ਫਿਰ ਵੀ ਮੈਂ ਉਨ੍ਹਾਂ ਦੇ ਬੁੱਲ੍ਹ ਪੜ੍ਹ ਸਕਦੀ ਸੀ ਅਤੇ ਇਸ ਤਰ੍ਹਾਂ ਅਸੀਂ ਗੱਲਬਾਤ ਕਰ ਸਕਦੀਆਂ ਸਨ।

ਮੇਰੇ ਮਾਪੇ ਬਹੁਤ ਖ਼ੁਸ਼ ਹੋਏ ਜਦ ਕੋਲੈਟ ਅਤੇ ਹਾਰਮੀਨ ਨੇ ਮੇਰੇ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਬਾਰੇ ਗੱਲ ਕੀਤੀ। ਇਨ੍ਹਾਂ ਭੈਣਾਂ ਨੇ ਮੇਰੇ ਨਾਲ ਸਿਰਫ਼ ਸਟੱਡੀ ਹੀ ਨਹੀਂ ਕੀਤੀ, ਸਗੋਂ ਇਨ੍ਹਾਂ ਨੇ ਮੈਨੂੰ ਮੀਟਿੰਗਾਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਨਾਲੇ ਜਦੋਂ ਉਹ ਕਲੀਸਿਯਾ ਦੇ ਦੂਸਰੇ ਭੈਣ-ਭਰਾਵਾਂ ਨਾਲ ਸੰਗਤ ਕਰਦੀਆਂ ਸਨ ਉਹ ਮੈਨੂੰ ਵੀ ਬੁਲਾਉਂਦੀਆਂ ਸਨ। ਪ੍ਰਚਾਰ ਦੇ ਕੰਮ ਵਿਚ ਜਾਣ ਤੋਂ ਪਹਿਲਾਂ ਉਹ ਮੇਰੇ ਨਾਲ ਪੇਸ਼ਕਾਰੀ ਤਿਆਰ ਕਰਦੀਆਂ ਸਨ ਅਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਲਈ ਟਾਕ ਦੀ ਤਿਆਰੀ ਕਰਨ ਵਿਚ ਮੇਰੀ ਮਦਦ ਕਰਦੀਆਂ ਸਨ। ਜ਼ਰਾ ਸੋਚੋ ਕਿ ਇਹ ਕਿੰਨੀ ਵਧੀਆ ਗੱਲ ਸੀ ਕਿ ਹੁਣ ਮੇਰੇ ਕੋਲ ਇੰਨੀ ਹਿੰਮਤ ਸੀ ਕਿ ਮੈਂ ਸੁਣਨ ਵਾਲੇ ਲੋਕਾਂ ਦੇ ਸਾਮ੍ਹਣੇ ਟਾਕ ਵੀ ਦੇ ਸਕਦੀ ਸੀ!

ਇਸ ਤੋਂ ਵੱਧ, ਕੋਲੈਟ ਅਤੇ ਹਾਰਮੀਨ ਨੇ ਮੈਨੂੰ ਇਹਸਾਸ ਦਿਲਾਇਆ ਕਿ ਮੈਂ ਉਨ੍ਹਾਂ ਵਿਚ ਪੂਰਾ ਭਰੋਸਾ ਰੱਖ ਸਕਦੀ ਸੀ। ਉਹ ਧੀਰਜ ਨਾਲ ਮੇਰੀ ਗੱਲ ਸੁਣਦੀਆਂ ਸਨ। ਭਾਵੇਂ ਕਿ ਅਸੀਂ ਕਈ ਵਾਰ ਮੇਰੀਆਂ ਗ਼ਲਤੀਆਂ ਕਾਰਨ ਹੱਸ ਪੈਂਦੀਆਂ ਸਨ, ਪਰ ਉਨ੍ਹਾਂ ਨੇ ਕਦੇ ਮੇਰਾ ਮਜ਼ਾਕ ਨਹੀਂ ਉਡਾਇਆ ਤੇ ਨਾ ਹੀ ਮੇਰੇ ਨਾਲ ਸੰਗਤ ਰੱਖ ਕੇ ਕਦੇ ਸ਼ਰਮਿੰਦਗੀ ਮਹਿਸੂਸ ਕੀਤੀ। ਉਹ ਮੇਰੇ ਜਜ਼ਬਾਤ ਸਮਝਣ ਦੀ ਕੋਸ਼ਿਸ਼ ਕਰਦੀਆਂ ਸਨ ਅਤੇ ਮੈਨੂੰ ਆਪਣੇ ਵਰਗਾ ਹੀ ਸਮਝਦੀਆਂ ਸਨ। ਇਨ੍ਹਾਂ ਪਿਆਰੀਆਂ ਭੈਣਾਂ ਨੇ ਮੈਨੂੰ ਇਕ ਅਨਮੋਲ ਤੋਹਫ਼ਾ ਦਿੱਤਾ—ਆਪਣਾ ਪਿਆਰ ਤੇ ਦੋਸਤੀ।

ਸਭ ਤੋਂ ਵੱਡੀ ਗੱਲ ਇਹ ਸੀ ਕਿ ਕੋਲੈਟ ਅਤੇ ਹਾਰਮੀਨ ਨੇ ਮੈਨੂੰ ਇਹ ਸਿਖਾਇਆ ਕਿ ਮੇਰੇ ਲਈ ਯਹੋਵਾਹ ਪਰਮੇਸ਼ੁਰ ਨੂੰ ਜਾਣਨਾ ਕਿੰਨਾ ਜ਼ਰੂਰੀ ਸੀ ਤੇ ਮੈਂ ਉਸ ਉੱਤੇ ਇਕ ਪੱਕੇ ਦੋਸਤ ਵਾਂਗ ਭਰੋਸਾ ਰੱਖ ਸਕਦੀ ਸੀ। ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਯਹੋਵਾਹ ਨੇ ਮੈਨੂੰ ਕਿੰਗਡਮ ਹਾਲ ਵਿਚ ਬੈਠੀ ਨੂੰ ਦੇਖਿਆ ਸੀ ਅਤੇ ਉਹ ਮੇਰੀ ਹਾਲਤ ਪੂਰੀ ਤਰ੍ਹਾਂ ਸਮਝਦਾ ਸੀ। ਮੈਂ ਕਿੰਨੀ ਖ਼ੁਸ਼ ਹਾਂ ਕਿ ਯਹੋਵਾਹ ਲਈ ਸਾਡੇ ਪਿਆਰ ਨੇ ਸਾਡੀ ਤਿੰਨਾਂ ਦੀ ਦੋਸਤੀ ਪੱਕੀ ਕੀਤੀ! ਯਹੋਵਾਹ ਨੇ ਮੇਰੀ ਇੰਨੀ ਦੇਖ-ਭਾਲ ਕੀਤੀ ਸੀ ਕਿ ਮੈਂ ਉਸ ਲਈ ਆਪਣਾ ਪਿਆਰ ਇਜ਼ਹਾਰ ਕਰਨ ਲਈ ਆਪਣਾ ਜੀਵਨ ਉਸ ਨੂੰ ਸਮਰਪਿਤ ਕਰ ਕੇ ਜੁਲਾਈ 1975 ਵਿਚ ਬਪਤਿਸਮਾ ਲਿਆ।

ਮੈਨੂੰ ਮੇਰਾ ਜੀਵਨ-ਸਾਥੀ ਮਿਲਿਆ

ਅਗਲੇ ਸਾਲਾਂ ਦੌਰਾਨ ਮੈਂ ਕਈ ਮਸੀਹੀ ਭੈਣ-ਭਰਾਵਾਂ ਨੂੰ ਜਾਣਨ ਲੱਗ ਪਈ। ਇਕ ਭਰਾ ਨੂੰ ਮੈਂ ਪਸੰਦ ਕਰਨ ਲੱਗੀ ਅਤੇ 1980 ਵਿਚ ਸਾਡਾ ਵਿਆਹ ਹੋਇਆ। ਇਸ ਤੋਂ ਕੁਝ ਹੀ ਸਮੇਂ ਬਾਅਦ ਮੈਂ ਪਾਇਨੀਅਰ ਸੇਵਾ ਕਰਨ ਲੱਗ ਪਈ ਅਤੇ 1994 ਵਿਚ ਮੈਨੂੰ ਤੇ ਮੇਰੇ ਪਤੀ ਹੈਰੀ ਨੂੰ ਸਪੈਸ਼ਲ ਪਾਇਨੀਅਰਾਂ ਵਜੋਂ ਡੱਚ ਲੋਕਾਂ ਨੂੰ ਸੈਨਤ ਭਾਸ਼ਾ ਵਿਚ ਪ੍ਰਚਾਰ ਕਰਨ ਲਈ ਭੱਜਿਆ ਗਿਆ। ਅਗਲੇ ਸਾਲ ਮੈਨੂੰ ਇਕ ਔਖੇ ਕੰਮ ਦਾ ਸਾਮ੍ਹਣਾ ਕਰਨਾ ਪਿਆ। ਮੈਨੂੰ ਆਪਣੇ ਪਤੀ ਦਾ ਸਾਥ ਦਿੰਦੇ ਹੋਏ ਵੱਖੋ-ਵੱਖਰੀਆਂ ਕਲੀਸਿਯਾਵਾਂ ਨੂੰ ਜਾਣਾ ਪਿਆ ਜਿਉਂ-ਜਿਉਂ ਉਹ ਸਰਕਟ ਨਿਗਾਹਬਾਨ ਵਜੋਂ ਲੋੜ ਪੈਣ ਤੇ ਕਲੀਸਿਯਾਵਾਂ ਨੂੰ ਮਿਲਣ ਜਾਂਦੇ ਸਨ। ਹੈਰੀ ਤਾਂ ਸੁਣ ਸਕਦੇ ਸਨ ਪਰ ਬੋਲ਼ੀ ਹੋਣ ਕਾਰਨ ਮੇਰੇ ਲਈ ਇਹ ਕੰਮ ਬਹੁਤ ਔਖਾ ਸੀ।

ਆਓ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਹ ਕੰਮ ਕਿੱਦਾਂ ਪੂਰਾ ਕਰਦੀ ਹਾਂ। ਜਦੋਂ ਅਸੀਂ ਕਿਸੇ ਕਲੀਸਿਯਾ ਨੂੰ ਪਹਿਲੀ ਵਾਰ ਜਾਂਦੇ ਹਾਂ, ਤਾਂ ਮੈਂ ਜਾਂਦੀ ਹੀ ਜਿੰਨਿਆਂ ਭੈਣ-ਭਰਾਵਾਂ ਨਾਲ ਹੋ ਸਕੇ, ਮਿਲ ਕੇ ਆਪਣੀ ਜਾਣ-ਪਛਾਣ ਕਰਾਉਂਦੀ ਹਾਂ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੰਦੀ ਹਾਂ ਕਿ ਮੈਂ ਬੋਲ਼ੀ ਹਾਂ। ਨਾਲੇ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਉਹ ਮੇਰੇ ਵੱਲ ਦੇਖ ਕੇ ਮੇਰੇ ਨਾਲ ਹੌਲੀ-ਹੌਲੀ ਗੱਲ ਕਰਨ। ਮੈਂ ਮੀਟਿੰਗਾਂ ਵਿਚ ਜਲਦੀ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੀ ਹਾਂ। ਮੈਂ ਇਹ ਵੀ ਪੁੱਛ ਲੈਂਦੀ ਹਾਂ ਜੇ ਕੋਈ ਮੇਰੇ ਲਈ ਉਸ ਹਫ਼ਤੇ ਦੌਰਾਨ ਸੈਨਤ ਭਾਸ਼ਾ ਵਿਚ ਮੀਟਿੰਗਾਂ ਸਮਝਾ ਸਕਦਾ ਅਤੇ ਮੇਰੇ ਨਾਲ ਪ੍ਰਚਾਰ ਦੇ ਕੰਮ ਵਿਚ ਜਾ ਸਕਦਾ ਸੀ ਕਿ ਨਹੀਂ।

ਇਸ ਤਰ੍ਹਾਂ ਕਰਨ ਨਾਲ ਮੈਨੂੰ ਬਹੁਤ ਫ਼ਾਇਦਾ ਹੁੰਦਾ ਹੈ। ਭੈਣ-ਭਰਾ ਤਾਂ ਇਹ ਵੀ ਭੁੱਲ ਜਾਂਦੇ ਹਨ ਕਿ ਮੈਂ ਬੋਲ਼ੀ ਹਾਂ ਜਿਸ ਕਾਰਨ ਕਈ ਵਾਰ ਕੁਝ ਇੱਦਾਂ ਵੀ ਹੁੰਦਾ ਹੈ ਜਿਸ ਤੋਂ ਬਹੁਤ ਹੀ ਹਾਸਾ ਆਉਂਦਾ ਹੈ। ਮਿਸਾਲ ਲਈ, ਉਹ ਮੈਨੂੰ ਦੱਸਦੇ ਹਨ ਕਿ ਜਦ ਕਦੇ ਉਹ ਮੈਨੂੰ ਸੜਕ ਤੇ ਚੱਲਦੀ ਦੇਖਦੇ ਹਨ, ਤਾਂ ਉਹ ਕਾਰ ਦਾ ਹਾਰਨ ਵਜਾ ਕੇ ਮੈਨੂੰ ਨਮਸਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਮੈਂ ਉਨ੍ਹਾਂ ਵੱਲ ਪਲਟ ਕੇ ਦੇਖਦੀ ਵੀ ਨਹੀਂ। ਮੈਂ ਵੀ ਕਈ ਵਾਰ ਭੁੱਲ ਜਾਂਦੀ ਹਾਂ ਕਿ ਕੁਝ ਅਜਿਹੀਆਂ ਗੱਲਾਂ ਹਨ ਜੋ ਮੈਂ ਨਹੀਂ ਕਰ ਸਕਦੀ। ਉਦਾਹਰਣ ਲਈ, ਕਦੇ-ਕਦੇ ਮੈਂ ਆਪਣੇ ਪਤੀ ਦੇ ਕੰਨ ਵਿਚ ਧੀਮੀ ਆਵਾਜ਼ ਵਿਚ ਕੁਝ ਨਿੱਜੀ ਗੱਲ ਕਹਿਣ ਦੀ ਕੋਸ਼ਿਸ਼ ਕਰਦੀ ਹਾਂ। ਪਰ ਜਦੋਂ ਮੈਂ ਦੇਖਦੀ ਹਾਂ ਕਿ ਉਹ ਸ਼ਰਮਾ ਜਾਂਦਾ ਹੈ, ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੀ “ਧੀਮੀ ਆਵਾਜ਼” ਕੁਝ ਜ਼ਿਆਦਾ ਹੀ ਉੱਚੀ ਸੀ।

ਬੱਚੇ ਵੀ ਕਈ ਵਾਰ ਅਚਾਨਕ ਮੇਰੀ ਮਦਦ ਕਰਦੇ ਹਨ। ਇਕ ਕਲੀਸਿਯਾ ਵਿਚ ਜਦੋਂ ਅਸੀਂ ਪਹਿਲੀ ਵਾਰ ਗਏ, ਤਾਂ ਇਕ ਨੌਂ ਸਾਲਾਂ ਦੇ ਮੁੰਡੇ ਨੇ ਦੇਖਿਆ ਕਿ ਕੁਝ ਭੈਣ-ਭਰਾ ਕਿੰਗਡਮ ਹਾਲ ਵਿਚ ਮੇਰੇ ਨਾਲ ਗੱਲ ਕਰਨ ਤੋਂ ਝਿਜਕਦੇ ਸਨ। ਉਸ ਨੇ ਇਸ ਬਾਰੇ ਕੁਝ ਕਰਨ ਦਾ ਫ਼ੈਸਲਾ ਕੀਤਾ। ਉਹ ਮੇਰੇ ਕੋਲ ਆਇਆ ਅਤੇ ਮੇਰਾ ਹੱਥ ਫੜ ਕੇ ਉਸ ਨੇ ਮੈਨੂੰ ਕਿੰਗਡਮ ਹਾਲ ਦੇ ਗੱਭੇ ਲੈ ਜਾ ਕੇ ਖੜ੍ਹਾ ਕਰ ਦਿੱਤਾ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਸਾਰਿਆਂ ਨੂੰ ਕਿਹਾ: “ਮੈਂ ਤੁਹਾਡੇ ਨਾਲ ਈਰੀਨ ਦੀ ਜਾਣ-ਪਛਾਣ ਕਰਾਉਣੀ ਚਾਹੁੰਦਾ ਹਾਂ ਜੋ ਕਿ ਬੋਲ਼ੀ ਹੈ!” ਉੱਥੇ ਹਾਜ਼ਰ ਸਾਰੇ ਭੈਣ-ਭਰਾ ਮੇਰਾ ਸੁਆਗਤ ਕਰਨ ਆਏ।

ਜਿਉਂ-ਜਿਉਂ ਮੈਂ ਆਪਣੇ ਪਤੀ ਨਾਲ ਸਰਕਟ ਦੇ ਕੰਮ ਵਿਚ ਹਿੱਸਾ ਲੈਂਦੀ ਹਾਂ, ਤਿਉਂ-ਤਿਉਂ ਮੇਰੇ ਹੋਰ ਵੀ ਦੋਸਤ ਬਣਦੇ ਜਾ ਰਹੇ ਹਨ। ਮੇਰੀ ਜ਼ਿੰਦਗੀ ਬਚਪਨ ਦੇ ਸੁੰਨੇ-ਸੁੰਨੇ ਸਾਲਾਂ ਨਾਲੋਂ ਹੁਣ ਕਿੰਨੀ ਵੱਖਰੀ ਹੈ! ਉਸ ਸ਼ਾਮ ਤੋਂ ਜਦ ਕੋਲੈਟ ਅਤੇ ਹਾਰਮੀਨ ਨੇ ਮੈਨੂੰ ਉਹ ਚਿੱਠੀ ਦਿੱਤੀ ਸੀ, ਮੈਂ ਦੋਸਤੀ ਦੀ ਸ਼ਕਤੀ ਮਹਿਸੂਸ ਕੀਤੀ ਹੈ ਅਤੇ ਮੇਰੀ ਮੁਲਾਕਾਤ ਉਨ੍ਹਾਂ ਲੋਕਾਂ ਨਾਲ ਹੋਈ ਹੈ ਜੋ ਹੁਣ ਮੇਰੇ ਬਹੁਤ ਚੰਗੇ ਮਿੱਤਰ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੈਂ ਯਹੋਵਾਹ ਪਰਮੇਸ਼ੁਰ ਨੂੰ ਜਾਣ ਸਕੀ ਹਾਂ, ਜੋ ਮੇਰਾ ਸਭ ਤੋਂ ਪਿਆਰਾ ਮਿੱਤਰ ਹੈ। (ਰੋਮੀਆਂ 8:38, 39) ਉਸ ਛੋਟੀ ਜਿਹੀ ਚਿੱਠੀ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ!

[ਸਫ਼ੇ 24 ਉੱਤੇ ਤਸਵੀਰ]

ਮੈਨੂੰ ਆਪਣੇ ਸਭ ਤੋਂ ਮਨਪਸੰਦ ਖਿਡੌਣੇ ਦੀ ਆਵਾਜ਼ ਯਾਦ ਹੈ

[ਸਫ਼ੇ 25 ਉੱਤੇ ਤਸਵੀਰ]

ਪ੍ਰਚਾਰ ਦੇ ਕੰਮ ਵਿਚ ਅਤੇ ਆਪਣੇ ਪਤੀ ਹੈਰੀ ਨਾਲ