Skip to content

Skip to table of contents

“ਜਾਗਦੇ ਰਹੋ!”

“ਜਾਗਦੇ ਰਹੋ!”

“ਜਾਗਦੇ ਰਹੋ!”

“ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ!”—ਮਰਕੁਸ 13:37.

1, 2. (ੳ) ਆਪਣੀ ਧਨ-ਦੌਲਤ ਦੀ ਰਾਖੀ ਕਰਨ ਬਾਰੇ ਇਕ ਆਦਮੀ ਨੇ ਕਿਹੜਾ ਸਬਕ ਸਿੱਖਿਆ ਸੀ? (ਅ) ਚੋਰ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਜਾਗਦੇ ਰਹਿਣ ਬਾਰੇ ਕੀ ਸਿੱਖਦੇ ਹਾਂ?

ਕੁਆਨ ਆਪਣੀਆਂ ਕੀਮਤੀ ਚੀਜ਼ਾਂ ਘਰ ਵਿਚ ਆਪਣੀ ਬੈੱਡ ਹੇਠਾਂ ਰੱਖਦਾ ਹੁੰਦਾ ਸੀ। ਉਸ ਦੇ ਖ਼ਿਆਲ ਵਿਚ ਇਹ ਸਭ ਤੋਂ ਸੁਰੱਖਿਅਤ ਜਗ੍ਹਾ ਸੀ। ਪਰ ਇਕ ਰਾਤ ਜਦ ਉਹ ਪਤੀ-ਪਤਨੀ ਸੌਂ ਰਹੇ ਸਨ, ਤਾਂ ਚੋਰ ਉਨ੍ਹਾਂ ਦੇ ਕਮਰੇ ਵਿਚ ਘੁਸ ਆਇਆ। ਲੱਗਦਾ ਹੈ ਕਿ ਉਸ ਨੂੰ ਪਤਾ ਸੀ ਕਿ ਚੀਜ਼ਾਂ ਕਿੱਥੇ ਰੱਖੀਆਂ ਜਾਂਦੀਆਂ ਸਨ। ਉਸ ਨੇ ਚੁੱਪ-ਚਾਪ ਬੈੱਡ ਹੇਠੋਂ ਸਾਰੀਆਂ ਕੀਮਤੀ ਚੀਜ਼ਾਂ ਚੁਰਾ ਲਈਆਂ ਅਤੇ ਦਰਾਜ਼ ਵਿਚ ਰੱਖੇ ਕੁਆਨ ਦੇ ਪੈਸੇ ਵੀ ਲੈ ਗਿਆ। ਸਵੇਰੇ ਉੱਠ ਕੇ ਕੁਆਨ ਨੂੰ ਪਤਾ ਲੱਗਾ ਕਿ ਉਹ ਦੇ ਘਰ ਚੋਰੀ ਹੋ ਗਈ। ਉਹ ਇਹ ਸਬਕ ਕਦੇ ਨਹੀਂ ਭੁੱਲੇਗਾ: ਸੁੱਤਾ ਮੋਇਆ ਇਕ ਬਰਾਬਰ ਹੈ, ਭਾਵੇਂ ਸੰਨ੍ਹ ਲੱਗ ਜਾਵੇ ਉਹ ਕੁਝ ਨਹੀਂ ਕਰ ਸਕਦਾ।

2 ਰੂਹਾਨੀ ਤੌਰ ਤੇ ਵੀ ਇਹ ਗੱਲ ਸੱਚ ਹੈ। ਅਸੀਂ ਆਪਣੀ ਉਮੀਦ ਅਤੇ ਨਿਹਚਾ ਦੀ ਰਾਖੀ ਨਹੀਂ ਕਰ ਸਕਦੇ ਜੇਕਰ ਅਸੀਂ ਰੂਹਾਨੀ ਤੌਰ ਤੇ ਸੌਂ ਜਾਈਏ। ਇਸ ਲਈ ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ: “ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।” (1 ਥੱਸਲੁਨੀਕੀਆਂ 5:6) ਜਾਗਦੇ ਰਹਿਣ ਦੀ ਮਹੱਤਤਾ ਉੱਤੇ ਜ਼ੋਰ ਦੇਣ ਲਈ ਯਿਸੂ ਨੇ ਇਕ ਚੋਰ ਦੀ ਉਦਾਹਰਣ ਵਰਤੀ ਸੀ। ਉਸ ਨੇ ਉਨ੍ਹਾਂ ਘਟਨਾਵਾਂ ਬਾਰੇ ਦੱਸਣ ਤੋਂ ਬਾਅਦ, ਜੋ ਉਸ ਦੇ ਨਿਆਂ ਕਰਨ ਦੇ ਸਮੇਂ ਤੋਂ ਪਹਿਲਾਂ ਵਾਪਰਨੀਆਂ ਹਨ, ਇਹ ਚੇਤਾਵਨੀ ਦਿੱਤੀ: “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ। ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਭਈ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ੍ਹ ਲੱਗਣ ਨਾ ਦਿੰਦਾ। ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਮੱਤੀ 24:42-44) ਚੋਰ ਸੰਨ੍ਹ ਲਾਉਣ ਤੋਂ ਪਹਿਲਾਂ ਘਰ ਵਾਲਿਆਂ ਨੂੰ ਨਹੀਂ ਦੱਸਦਾ। ਉਹ ਉਸ ਸਮੇਂ ਚੋਰੀ ਕਰਨ ਆਉਂਦਾ ਹੈ ਜਿਸ ਸਮੇਂ ਕਿਸੇ ਨੂੰ ਉਸ ਦੇ ਆਉਣ ਬਾਰੇ ਖ਼ਬਰ ਨਾ ਹੋਵੇ। ਇਸੇ ਤਰ੍ਹਾਂ, ਜਿਵੇਂ ਯਿਸੂ ਨੇ ਕਿਹਾ ਸੀ ਇਸ ਰੀਤੀ-ਵਿਵਸਥਾ ਦਾ ਅੰਤ ਵੀ ਉਸ ਘੜੀ ਵਿਚ ਆਵੇਗਾ “ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ।”

‘ਜਾਗਦੇ ਅਤੇ ਨਿਹਚਾ ਵਿੱਚ ਦ੍ਰਿੜ੍ਹ ਰਹੋ’

3. ਨੌਕਰਾਂ ਬਾਰੇ ਇਕ ਦ੍ਰਿਸ਼ਟਾਂਤ ਵਰਤ ਕੇ ਯਿਸੂ ਨੇ ਜਾਗਦੇ ਰਹਿਣ ਦੀ ਮਹੱਤਤਾ ਉੱਤੇ ਜ਼ੋਰ ਕਿਵੇਂ ਦਿੱਤਾ ਸੀ?

3 ਲੂਕਾ ਦੀ ਇੰਜੀਲ ਵਿਚ ਯਿਸੂ ਨੇ ਮਸੀਹੀਆਂ ਦੀ ਤੁਲਨਾ ਉਨ੍ਹਾਂ ਨੌਕਰਾਂ ਨਾਲ ਕੀਤੀ ਜੋ ਆਪਣੇ ਮਾਲਕ ਦੀ ਵਿਆਹ ਤੋਂ ਆਉਣ ਦੀ ਉਡੀਕ ਕਰਦੇ ਸਨ। ਉਨ੍ਹਾਂ ਨੌਕਰਾਂ ਨੂੰ ਸਚੇਤ ਰਹਿਣ ਦੀ ਲੋੜ ਸੀ ਤਾਂਕਿ ਉਹ ਮਾਲਕ ਦੇ ਵਾਪਸ ਆਉਣ ਤੇ ਜਾਗਦੇ ਰਹਿਣ ਅਤੇ ਉਸ ਲਈ ਦਰਵਾਜ਼ਾ ਖੋਲ੍ਹ ਸਕਣ। ਇਸੇ ਤਰ੍ਹਾਂ ਯਿਸੂ ਨੇ ਕਿਹਾ: “ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਲੂਕਾ 12:40) ਕੁਝ ਲੋਕ ਜੋ ਯਹੋਵਾਹ ਦੀ ਸੇਵਾ ਕਈਆਂ ਸਾਲਾਂ ਤੋਂ ਕਰਦੇ ਆਏ ਹਨ, ਸ਼ਾਇਦ ਸਾਡੇ ਸਮਿਆਂ ਦੀ ਅਹਿਮੀਅਤ ਭੁੱਲ ਜਾਣ। ਉਹ ਸ਼ਾਇਦ ਇਸ ਤਰ੍ਹਾਂ ਸੋਚਣ ਲੱਗ ਪੈਣ ਕਿ ਅੰਤ ਆਉਣ ਵਿਚ ਹਾਲੇ ਬਹੁਤ ਸਮਾਂ ਪਿਆ ਹੈ। ਪਰ ਇਸ ਤਰ੍ਹਾਂ ਸੋਚਣ ਦੇ ਨਤੀਜੇ ਵਜੋਂ ਉਹ ਰੂਹਾਨੀ ਕੰਮਾਂ-ਕਾਰਾਂ ਦੀ ਬਜਾਇ, ਸ਼ਾਇਦ ਧਨ-ਦੌਲਤ ਪਿੱਛੇ ਲੱਗ ਕੇ ਪਰਮੇਸ਼ੁਰ ਦੀ ਸੇਵਾ ਵਿਚ ਸੁਸਤ ਹੋ ਜਾਣ।—ਲੂਕਾ 8:14; 21:34, 35.

4. ਜਾਗਦੇ ਰਹਿਣ ਵਿਚ ਸਾਨੂੰ ਕਿਸ ਗੱਲ ਤੋਂ ਪ੍ਰੇਰਣਾ ਮਿਲਦੀ ਹੈ ਅਤੇ ਯਿਸੂ ਨੇ ਇਸ ਬਾਰੇ ਕੀ ਕਿਹਾ ਸੀ?

4 ਅਸੀਂ ਯਿਸੂ ਦੇ ਦ੍ਰਿਸ਼ਟਾਂਤ ਤੋਂ ਇਕ ਹੋਰ ਸਬਕ ਸਿੱਖ ਸਕਦੇ ਹਾਂ। ਭਾਵੇਂ ਕਿ ਨੌਕਰਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਮਾਲਕ ਨੇ ਕਿਸ ਘੜੀ ਵਾਪਸ ਆਉਣਾ ਸੀ, ਪਰ ਉਹ ਇਹ ਜ਼ਰੂਰ ਜਾਣਦੇ ਸਨ ਕਿ ਉਸ ਨੇ ਕਿਸ ਰਾਤ ਆਉਣਾ ਸੀ। ਜੇਕਰ ਉਹ ਸੋਚਦੇ ਕਿ ਉਨ੍ਹਾਂ ਦਾ ਮਾਲਕ ਕਿਸੇ ਹੋਰ ਰਾਤ ਵੀ ਆ ਸਕਦਾ ਹੈ, ਤਾਂ ਉਨ੍ਹਾਂ ਲਈ ਸਾਰੀ ਰਾਤ ਜਾਗਦੇ ਰਹਿਣਾ ਬਹੁਤ ਔਖਾ ਹੋਣਾ ਸੀ। ਪਰ ਉਹ ਤਾਂ ਜਾਣਦੇ ਸਨ ਕਿ ਉਸ ਨੇ ਕਿਹੜੀ ਰਾਤ ਆਉਣਾ ਸੀ ਅਤੇ ਇਸ ਗੱਲ ਤੋਂ ਉਨ੍ਹਾਂ ਨੂੰ ਜਾਗਦੇ ਰਹਿਣ ਲਈ ਵੱਡੀ ਪ੍ਰੇਰਣਾ ਮਿਲੀ। ਇਸੇ ਤਰੀਕੇ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਸਾਨੂੰ ਸਾਫ਼-ਸਾਫ਼ ਦੱਸਦੀਆਂ ਹਨ ਕਿ ਅਸੀਂ ਅੰਤ ਦਿਆਂ ਸਮਿਆਂ ਵਿਚ ਰਹਿੰਦੇ ਹਾਂ। ਪਰ ਇਹ ਭਵਿੱਖਬਾਣੀਆਂ ਸਾਨੂੰ ਇਹ ਨਹੀਂ ਦੱਸਦੀਆਂ ਕਿ ਅੰਤ ਕਿਹੜੇ ਦਿਨ ਜਾਂ ਕਿਹੜੀ ਘੜੀ ਆਵੇਗਾ। (ਮੱਤੀ 24:36) ਤਾਂ ਫਿਰ ਸਾਨੂੰ ਇਹ ਪਤਾ ਹੈ ਕਿ ਅੰਤ ਆਉਣ ਵਾਲਾ ਹੈ, ਪਰ ਜੇਕਰ ਸਾਡਾ ਯਕੀਨ ਇਸ ਬਾਰੇ ਪੱਕਾ ਹੋਵੇ ਕਿ ਯਹੋਵਾਹ ਦਾ ਦਿਨ ਸੱਚ-ਮੁੱਚ ਨੇੜੇ ਹੈ, ਤਾਂ ਇਸ ਤੋਂ ਸਾਨੂੰ ਉਸ ਦਿਨ ਦੀ ਉਡੀਕ ਕਰਨ ਵਿਚ ਵੱਡੀ ਪ੍ਰੇਰਣਾ ਮਿਲੇਗੀ।—ਸਫ਼ਨਯਾਹ 1:14.

5. ਅਸੀਂ ਜਾਗਦੇ ਰਹਿਣ ਬਾਰੇ ਪੌਲੁਸ ਦੀ ਸਲਾਹ ਉੱਤੇ ਚੱਲਣ ਲਈ ਕੀ ਕਰ ਸਕਦੇ ਹਾਂ?

5 ਕੁਰਿੰਥੀਆਂ ਨੂੰ ਲਿਖਦੇ ਹੋਏ ਪੌਲੁਸ ਨੇ ਕਿਹਾ: “ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ੍ਹ ਰਹੋ।” (1 ਕੁਰਿੰਥੀਆਂ 16:13) ਜੀ ਹਾਂ, ਜਾਗਦੇ ਰਹਿਣ ਦਾ ਸੰਬੰਧ ਮਸੀਹੀ ਨਿਹਚਾ ਵਿਚ ਦ੍ਰਿੜ੍ਹ ਰਹਿਣ ਨਾਲ ਜੋੜਿਆ ਜਾਂਦਾ ਹੈ। ਅਸੀਂ ਕਿਸ ਤਰ੍ਹਾਂ ਜਾਗਦੇ ਰਹਿ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਦਾ ਡੂੰਘਾ ਗਿਆਨ ਹਾਸਲ ਕਰਦੇ ਰਹਿਣ ਨਾਲ। (2 ਤਿਮੋਥਿਉਸ 3:14, 15) ਜੇਕਰ ਅਸੀਂ ਚੰਗੀ ਤਰ੍ਹਾਂ ਨਿੱਜੀ ਅਧਿਐਨ ਕਰਨ ਦੀ ਆਦਤ ਪਾਈਏ, ਬਾਕਾਇਦਾ ਸਭਾਵਾਂ ਵਿਚ ਜਾਈਏ ਅਤੇ ਇਸ ਦੇ ਨਾਲ-ਨਾਲ ਯਹੋਵਾਹ ਦੇ ਦਿਨ ਨੂੰ ਮਨ ਵਿਚ ਰੱਖੀਏ, ਤਾਂ ਸਾਡੀ ਨਿਹਚਾ ਜ਼ਰੂਰ ਮਜ਼ਬੂਤ ਹੋਵੇਗੀ। ਇਸ ਲਈ ਜੇਕਰ ਅਸੀਂ ਸਮੇਂ-ਸਮੇਂ ਤੇ ਬਾਈਬਲ ਵਿਚ ਦਿੱਤੇ ਗਏ ਸਬੂਤਾਂ ਉੱਤੇ ਗੌਰ ਕਰੀਏ ਕਿ ਅਸੀਂ ਇਸ ਰੀਤੀ-ਵਿਵਸਥਾ ਦੇ ਅੰਤ ਦੇ ਨੇੜੇ ਆ ਪਹੁੰਚੇ ਹਾਂ, ਤਾਂ ਅਸੀਂ ਆਉਣ ਵਾਲੇ ਅੰਤ ਬਾਰੇ ਜ਼ਰੂਰੀ ਸੱਚਾਈਆਂ ਨੂੰ ਯਾਦ ਰੱਖ ਸਕਾਂਗੇ। * ਜੇ ਅਸੀਂ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਉੱਤੇ ਧਿਆਨ ਰੱਖੀਏ ਜਿਉਂ ਉਹ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਕਰਦੀਆਂ ਹਨ, ਤਾਂ ਇਹ ਵੀ ਇਕ ਵਧੀਆ ਗੱਲ ਹੋਵੇਗੀ। ਜਰਮਨੀ ਤੋਂ ਇਕ ਭਰਾ ਨੇ ਲਿਖਿਆ: “ਜਦ ਵੀ ਮੈਂ ਟੀ. ਵੀ. ਤੇ ਯੁੱਧਾਂ, ਭੁਚਾਲਾਂ, ਹਿੰਸਾ ਅਤੇ ਇਸ ਧਰਤੀ ਦੇ ਪ੍ਰਦੂਸ਼ਣ ਬਾਰੇ ਖ਼ਬਰਾਂ ਦੇਖਦਾ ਹਾਂ, ਤਾਂ ਮੈਨੂੰ ਹੋਰ ਵੀ ਵਿਸ਼ਵਾਸ ਹੁੰਦਾ ਹੈ ਕਿ ਅੰਤ ਬਹੁਤ ਨੇੜੇ ਹੈ।”

6. ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਸਮੇਂ ਦੇ ਬੀਤਣ ਨਾਲ ਰੂਹਾਨੀ ਤੌਰ ਤੇ ਜਾਗਦੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ?

6 ਮਰਕੁਸ ਦੇ 13ਵੇਂ ਅਧਿਆਇ ਵਿਚ ਇਕ ਹੋਰ ਬਿਰਤਾਂਤ ਹੈ ਜਿਸ ਵਿਚ ਯਿਸੂ ਆਪਣੇ ਚੇਲਿਆਂ ਨੂੰ ਜਾਗਦੇ ਰਹਿਣ ਬਾਰੇ ਸਲਾਹ ਦਿੰਦਾ ਹੈ। ਇਸ ਅਧਿਆਇ ਅਨੁਸਾਰ, ਯਿਸੂ ਆਪਣੇ ਚੇਲਿਆਂ ਦੀ ਤੁਲਨਾ ਇਕ ਦਰਬਾਨ ਨਾਲ ਕਰਦਾ ਹੈ ਜੋ ਆਪਣੇ ਮਾਲਕ ਦੀ ਪਰਦੇਸ ਤੋਂ ਵਾਪਸ ਆਉਣ ਦੀ ਉਡੀਕ ਕਰਦਾ ਹੈ। ਦਰਬਾਨ ਨੂੰ ਉਸ ਘੜੀ ਦਾ ਪਤਾ ਨਹੀਂ ਸੀ ਜਦ ਉਸ ਦੇ ਮਾਲਕ ਨੇ ਘਰ ਵਾਪਸ ਆਉਣਾ ਸੀ। ਉਸ ਨੂੰ ਜਾਗਦੇ ਰਹਿਣ ਦੀ ਲੋੜ ਸੀ। ਯਿਸੂ ਨੇ ਰਾਤ ਦੀਆਂ ਚਾਰ ਵੱਖੋ-ਵੱਖਰੀਆਂ ਪਹਿਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚੋਂ ਕਿਸੇ ਤੇ ਵੀ ਮਾਲਕ ਵਾਪਸ ਆ ਸਕਦਾ ਸੀ। ਚੌਥੀ ਪਹਿਰ ਸਵੇਰ ਦੇ ਤਿੰਨ ਕੁ ਵਜੇ ਤੋਂ ਲੈ ਕੇ ਸੂਰਜ ਚੜ੍ਹਨ ਤਕ ਸੀ। ਇਸ ਆਖ਼ਰੀ ਪਹਿਰ ਦੌਰਾਨ ਸੁਸਤੀ ਕਾਰਨ ਦਰਬਾਨ ਦੀ ਆਸਾਨੀ ਨਾਲ ਅੱਖ ਲੱਗ ਸਕਦੀ ਸੀ। ਕਿਹਾ ਜਾਂਦਾ ਹੈ ਕਿ ਫ਼ੌਜੀ ਤੜਕਾ ਹੋਣ ਤੋਂ ਇਕ ਘੰਟਾ ਪਹਿਲਾਂ ਦੁਸ਼ਮਣ ਨੂੰ ਫੜਨ ਦਾ ਸਭ ਤੋਂ ਵਧੀਆ ਸਮਾਂ ਸਮਝਦੇ ਸਨ ਕਿਉਂਕਿ ਉਹ ਸੁਸਤ ਹੁੰਦੇ ਹਨ। ਇਸੇ ਤਰ੍ਹਾਂ ਇਸ ਆਖ਼ਰੀ ਘੜੀ ਵਿਚ ਜਦ ਰੂਹਾਨੀ ਤੌਰ ਤੇ ਦੁਨੀਆਂ ਦੇ ਲੋਕ ਗਹਿਰੀ ਨੀਂਦ ਵਿਚ ਹਨ, ਤਾਂ ਸਾਨੂੰ ਸ਼ਾਇਦ ਜਾਗਦੇ ਰਹਿਣਾ ਮੁਸ਼ਕਲ ਲੱਗੇ। (ਰੋਮੀਆਂ 13:11, 12) ਇਸ ਲਈ ਆਪਣੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਵਾਰ-ਵਾਰ ਇਹ ਸਲਾਹ ਦਿੱਤੀ: “ਖਬਰਦਾਰ, ਜਾਗਦੇ ਰਹੋ . . . ਸੋ ਜਾਗਦੇ ਰਹੋ . . . ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ!”—ਮਰਕੁਸ 13:32-37.

7. ਸਾਡੇ ਸਿਰ ਤੇ ਕਿਹੜਾ ਅਸਲੀ ਖ਼ਤਰਾ ਖੜ੍ਹਾ ਹੈ ਅਤੇ ਇਸ ਬਾਰੇ ਬਾਈਬਲ ਵਿਚ ਸਾਨੂੰ ਕੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ?

7 ਆਪਣੀ ਸੇਵਕਾਈ ਦੌਰਾਨ ਅਤੇ ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੇ ਕਈ ਵਾਰ ਚੌਕਸ ਰਹਿਣ ਲਈ ਕਿਹਾ। ਦਰਅਸਲ ਤਕਰੀਬਨ ਜਦ ਵੀ ਅਸੀਂ ਬਾਈਬਲ ਵਿਚ ਇਸ ਰੀਤੀ-ਵਿਵਸਥਾ ਦੇ ਅੰਤ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਜਾਗਦੇ ਰਹਿਣ ਬਾਰੇ ਚੇਤਾਵਨੀ ਦਿੱਤੀ ਜਾਂਦੀ ਹੈ। * (ਲੂਕਾ 12:38, 40; ਪਰਕਾਸ਼ ਦੀ ਪੋਥੀ 3:2; 16:14-16) ਇਸ ਲਈ, ਇਹ ਸਪੱਸ਼ਟ ਹੈ ਕਿ ਰੂਹਾਨੀ ਤੌਰ ਤੇ ਉਨੀਂਦੇ ਹੋਣਾ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਚੇਤਾਵਨੀਆਂ ਸਾਡੇ ਸਾਰਿਆਂ ਲਈ ਜ਼ਰੂਰੀ ਹਨ! —1 ਕੁਰਿੰਥੀਆਂ 10:12; 1 ਥੱਸਲੁਨੀਕੀਆਂ 5:2, 6.

ਤਿੰਨ ਰਸੂਲ ਜੋ ਜਾਗਦੇ ਰਹਿ ਨਾ ਸਕੇ

8. ਗਥਸਮਨੀ ਦੇ ਬਾਗ਼ ਵਿਚ ਯਿਸੂ ਨੇ ਆਪਣੇ ਤਿੰਨ ਰਸੂਲਾਂ ਨੂੰ ਜਾਗਦੇ ਰਹਿਣ ਲਈ ਕਿਹਾ, ਪਰ ਉਨ੍ਹਾਂ ਨੇ ਕੀ ਕੀਤਾ ਸੀ?

8 ਜਾਗਦੇ ਰਹਿਣ ਲਈ ਚੰਗਾ ਇਰਾਦਾ ਹੋਣਾ ਕਾਫ਼ੀ ਨਹੀਂ। ਇਹ ਗੱਲ ਅਸੀਂ ਪਤਰਸ, ਯਾਕੂਬ ਅਤੇ ਯੂਹੰਨਾ ਦੀ ਮਿਸਾਲ ਤੋਂ ਦੇਖ ਸਕਦੇ ਹਾਂ। ਇਹ ਤਿੰਨ ਰੂਹਾਨੀ ਤੌਰ ਤੇ ਜ਼ਿੰਮੇਵਾਰ ਆਦਮੀ ਸਨ। ਯਿਸੂ ਦੇ ਇਹ ਵਫ਼ਾਦਾਰ ਚੇਲੇ ਸਨ ਜੋ ਉਸ ਨੂੰ ਬਹੁਤ ਪਿਆਰ ਕਰਦੇ ਸਨ। ਫਿਰ ਵੀ, 14 ਨੀਸਾਨ 33 ਸਾ.ਯੁ. ਦੀ ਰਾਤ ਨੂੰ ਉਹ ਜਾਗਦੇ ਰਹਿ ਨਾ ਸਕੇ। ਯਿਸੂ ਅਤੇ ਉਸ ਦੇ ਚੇਲੇ ਪਸਾਹ ਦਾ ਤਿਉਹਾਰ ਮਨਾਉਣ ਲਈ ਇਕ ਘਰ ਦੇ ਚੁਬਾਰੇ ਵਿਚ ਇਕੱਠੇ ਹੋਏ ਸਨ। ਇਸ ਤੋਂ ਬਾਅਦ ਇਹ ਤਿੰਨ ਰਸੂਲ ਯਿਸੂ ਦੇ ਨਾਲ ਗਥਸਮਨੀ ਦੇ ਬਾਗ਼ ਨੂੰ ਗਏ। ਉੱਥੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ। ਤੁਸੀਂ ਐਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।” (ਮੱਤੀ 26:38) ਯਿਸੂ ਨੇ ਤਿੰਨ ਵਾਰ ਆਪਣੇ ਪਿਤਾ ਨੂੰ ਦਿਲੋਂ ਪ੍ਰਾਰਥਨਾ ਕੀਤੀ ਅਤੇ ਤਿੰਨ ਵਾਰ ਉਸ ਨੇ ਵਾਪਸ ਜਾ ਕੇ ਦੇਖਿਆ ਕਿ ਉਸ ਦੇ ਚੇਲੇ ਸੁੱਤੇ ਸਨ।—ਮੱਤੀ 26:40, 43, 45.

9. ਰਸੂਲਾਂ ਨੂੰ ਸ਼ਾਇਦ ਇੰਨੀ ਨੀਂਦ ਕਿਉਂ ਆਈ ਸੀ?

9 ਇਹ ਤਿੰਨ ਵਫ਼ਾਦਾਰ ਬੰਦੇ ਯਿਸੂ ਨਾਲ ਜਾਗਦੇ ਕਿਉਂ ਨਹੀਂ ਰਹਿ ਸਕੇ? ਇਕ ਕਾਰਨ ਇਹ ਹੈ ਕਿ ਉਹ ਥੱਕੇ ਹੋਏ ਸਨ। ਬਹੁਤ ਰਾਤ ਹੋ ਚੁੱਕੀ ਸੀ, ਸ਼ਾਇਦ ਰਾਤ ਦੇ ਬਾਰਾ ਕੁ ਵੱਜੇ ਸਨ ਅਤੇ “ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਹੋਈਆਂ ਸਨ।” (ਮੱਤੀ 26:43) ਫਿਰ ਵੀ, ਯਿਸੂ ਨੇ ਕਿਹਾ: “ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”—ਮੱਤੀ 26:41.

10, 11. (ੳ) ਥਕਾਵਟ ਦੇ ਬਾਵਜੂਦ ਗਥਸਮਨੀ ਦੇ ਬਾਗ਼ ਵਿਚ ਯਿਸੂ ਕਿਵੇਂ ਜਾਗਦਾ ਰਹਿ ਸਕਿਆ? (ਅ) ਜਦ ਯਿਸੂ ਨੇ ਰਸੂਲਾਂ ਨੂੰ ਜਾਗਦੇ ਰਹਿਣ ਲਈ ਕਿਹਾ, ਤਾਂ ਉਨ੍ਹਾਂ ਨਾਲ ਜੋ ਹੋਇਆ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

10 ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖ਼ਾਸ ਰਾਤ ਤੇ ਯਿਸੂ ਵੀ ਥੱਕਿਆ ਹੋਇਆ ਸੀ। ਪਰ, ਸੌਣ ਦੀ ਬਜਾਇ ਉਸ ਨੇ ਆਪਣੀ ਗਿਰਫ਼ਤਾਰੀ ਤੋਂ ਪਹਿਲਾਂ ਆਜ਼ਾਦੀ ਦੇ ਆਖ਼ਰੀ ਕੀਮਤੀ ਪਲ ਪ੍ਰਾਰਥਨਾ ਕਰਨ ਵਿਚ ਲਗਾਏ। ਕੁਝ ਹੀ ਦਿਨ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਕੀਤਾ ਸੀ: “ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।” (ਲੂਕਾ 21:36; ਅਫ਼ਸੀਆਂ 6:18) ਜੇਕਰ ਅਸੀਂ ਯਿਸੂ ਦੀ ਸਲਾਹ ਉੱਤੇ ਚੱਲੀਏ ਅਤੇ ਪ੍ਰਾਰਥਨਾ ਕਰਨ ਵਿਚ ਉਸ ਦੀ ਰੀਸ ਕਰੀਏ, ਤਾਂ ਯਹੋਵਾਹ ਨੂੰ ਦਿਲੋਂ ਕੀਤੀਆਂ ਗਈਆਂ ਆਪਣੀਆਂ ਪ੍ਰਾਰਥਨਾਵਾਂ ਦੁਆਰਾ ਅਸੀਂ ਰੂਹਾਨੀ ਤੌਰ ਤੇ ਜਾਗਦੇ ਰਹਿ ਸਕਾਂਗੇ।

11 ਯਿਸੂ ਤਾਂ ਜਾਣਦਾ ਸੀ ਕਿ ਉਸ ਦੀ ਗਿਰਫ਼ਤਾਰੀ ਅਤੇ ਮੌਤ ਦੀ ਘੜੀ ਨੇੜੇ ਸੀ, ਪਰ ਇਸ ਬਾਰੇ ਉਸ ਦੇ ਚੇਲਿਆਂ ਨੂੰ ਖ਼ਬਰ ਨਹੀਂ ਸੀ। ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਉਸ ਨੂੰ ਅਖ਼ੀਰ ਵਿਚ ਤਸੀਹੇ ਦੀ ਸੂਲੀ ਉੱਤੇ ਦੁੱਖ-ਭਰੀ ਮੌਤ ਝੱਲਣੀ ਪਈ। ਯਿਸੂ ਨੇ ਆਪਣੇ ਚੇਲਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਚੇਤਾਵਨੀ ਤਾਂ ਦਿੱਤੀ ਸੀ, ਪਰ ਉਨ੍ਹਾਂ ਨੇ ਉਸ ਦੀ ਗੱਲ ਸਮਝੀ ਨਹੀਂ। ਇਸ ਲਈ ਉਹ ਯਿਸੂ ਦੇ ਪ੍ਰਾਰਥਨਾ ਕਰਦੇ ਸਮੇਂ ਸੌਂ ਗਏ ਸਨ। (ਮਰਕੁਸ 14:27-31; ਲੂਕਾ 22:15-18) ਰਸੂਲਾਂ ਵਾਂਗ ਅਸੀਂ ਵੀ ਸਰੀਰਕ ਤੌਰ ਤੇ ਕਮਜ਼ੋਰ ਹਾਂ ਅਤੇ ਕਈ ਗੱਲਾਂ ਹਨ ਜਿਨ੍ਹਾਂ ਬਾਰੇ ਸਾਨੂੰ ਵੀ ਹਾਲੇ ਪੂਰੀ ਸਮਝ ਨਹੀਂ। ਜੇਕਰ ਅਸੀਂ ਅੱਜ ਦੇ ਸਮੇਂ ਦੀ ਅਹਿਮੀਅਤ ਭੁੱਲ ਜਾਈਏ, ਤਾਂ ਅਸੀਂ ਰੂਹਾਨੀ ਤੌਰ ਤੇ ਉਨੀਂਦੇ ਹੋ ਸਕਦੇ ਹਾਂ। ਅਸੀਂ ਸਿਰਫ਼ ਸਚੇਤ ਰਹਿਣ ਨਾਲ ਹੀ ਜਾਗਦੇ ਰਹਿ ਸਕਦੇ ਹਾਂ।

ਤਿੰਨ ਮਹੱਤਵਪੂਰਣ ਗੁਣ

12. ਜਾਗਦੇ ਰਹਿਣ ਦੇ ਸੰਬੰਧ ਵਿਚ ਪੌਲੁਸ ਨੇ ਕਿਨ੍ਹਾਂ ਤਿੰਨ ਗੁਣਾਂ ਦਾ ਜ਼ਿਕਰ ਕੀਤਾ ਸੀ?

12 ਅਸੀਂ ਕਿਸ ਤਰ੍ਹਾਂ ਸਮੇਂ ਦੀ ਅਹਿਮੀਅਤ ਯਾਦ ਰੱਖਦੇ ਹੋਏ ਜਾਗਦੇ ਰਹਿ ਸਕਦੇ ਹਾਂ? ਅਸੀਂ ਦੇਖ ਚੁੱਕੇ ਹਾਂ ਕਿ ਪ੍ਰਾਰਥਨਾ ਕਰਨੀ ਅਤੇ ਯਹੋਵਾਹ ਦਾ ਦਿਨ ਯਾਦ ਰੱਖਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ। ਇਸ ਦੇ ਨਾਲ-ਨਾਲ, ਪੌਲੁਸ ਨੇ ਤਿੰਨ ਮਹੱਤਵਪੂਰਣ ਗੁਣਾਂ ਦਾ ਜ਼ਿਕਰ ਕੀਤਾ ਸੀ ਜੋ ਸਾਨੂੰ ਪੈਦਾ ਕਰਨ ਦੀ ਲੋੜ ਹੈ। ਉਸ ਨੇ ਕਿਹਾ: “ਅਸੀਂ ਜਦੋਂ ਦਿਨ ਦੇ ਹਾਂ ਤਾਂ ਨਿਹਚਾ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ ਸੁਚੇਤ ਰਹੀਏ।” (1 ਥੱਸਲੁਨੀਕੀਆਂ 5:8) ਆਓ ਆਪਾਂ ਸੰਖੇਪ ਵਿਚ ਨਿਹਚਾ, ਪ੍ਰੇਮ ਅਤੇ ਆਸ਼ਾ ਦੇ ਗੁਣਾਂ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਇਹ ਗੁਣ ਰੂਹਾਨੀ ਤੌਰ ਤੇ ਜਾਗਦੇ ਰਹਿਣ ਵਿਚ ਸਾਡੀ ਮਦਦ ਕਿਵੇਂ ਕਰਦੇ ਹਨ।

13. ਜਾਗਦੇ ਰਹਿਣ ਵਿਚ ਨਿਹਚਾ ਦਾ ਗੁਣ ਸਾਡੀ ਮਦਦ ਕਿਵੇਂ ਕਰਦਾ ਹੈ?

13 ਸਾਨੂੰ ਪੂਰੀ ਨਿਹਚਾ ਜਾਂ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਯਹੋਵਾਹ ਅਸਲੀ ਹੈ ਅਤੇ “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਪਹਿਲੀ ਸਦੀ ਵਿਚ ਹੋਈ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਤੋਂ ਸਾਨੂੰ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਸਾਡੇ ਸਮੇਂ ਵਿਚ ਵੀ ਉਸ ਦੀ ਵੱਡੀ ਪੂਰਤੀ ਜ਼ਰੂਰ ਹੋਵੇਗੀ। ਨਿਹਚਾ ਕਾਰਨ ਅਸੀਂ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹਾਂ, ਇਸ ਯਕੀਨ ਨਾਲ ਕਿ ਭਵਿੱਖ-ਸੂਚਕ ਦਰਸ਼ਣ ਜ਼ਰੂਰ ਪੂਰਾ ਹੋਵੇਗਾ, ਉਹ ਚਿਰ ਨਾ ਲਾਵੇਗਾ।—ਹਬੱਕੂਕ 2:3.

14. ਜਾਗਦੇ ਰਹਿਣ ਲਈ ਸਾਨੂੰ ਆਸ਼ਾ ਦੀ ਲੋੜ ਕਿਉਂ ਹੈ?

14 ਸਾਡੀ ਪੱਕੀ ਆਸ਼ਾ ਮਾਨੋ “ਸਾਡੀ ਜਾਨ ਦਾ ਲੰਗਰ ਹੈ।” ਇਸ ਗੁਣ ਦੁਆਰਾ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਾਕਤ ਮਿਲਦੀ ਹੈ, ਭਾਵੇਂ ਕਿ ਸਾਨੂੰ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣ ਦੀ ਉਡੀਕ ਕਰਨੀ ਪਵੇ। (ਇਬਰਾਨੀਆਂ 6:18, 19) ਮਾਰਗ੍ਰੇਟ 90 ਸਾਲਾਂ ਦੀ ਮਸਹ ਕੀਤੀ ਹੋਈ ਭੈਣ ਹੈ। ਉਸ ਨੂੰ ਬਪਤਿਸਮਾ ਲਏ ਨੂੰ 70 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਤੇ ਉਹ ਦੱਸਦੀ ਹੈ: “ਜਦ ਮੇਰਾ ਪਤੀ 1963 ਵਿਚ ਕੈਂਸਰ ਦੀ ਬੀਮਾਰੀ ਕਾਰਨ ਮਰ ਰਿਹਾ ਸੀ, ਤਾਂ ਮੈਂ ਚਾਹੁੰਦੀ ਸੀ ਕਿ ਅੰਤ ਜਲਦੀ ਆ ਜਾਵੇ। ਪਰ ਹੁਣ ਮੈਂ ਜਾਣਦੀ ਹਾਂ ਕਿ ਉਸ ਸਮੇਂ ਮੈਂ ਸਿਰਫ਼ ਆਪਣੇ ਬਾਰੇ ਹੀ ਸੋਚ ਰਹੀ ਸੀ। ਉਸ ਸਮੇਂ ਸਾਨੂੰ ਇਹ ਨਹੀਂ ਸੀ ਪਤਾ ਕਿ ਦੁਨੀਆਂ ਭਰ ਵਿਚ ਪ੍ਰਚਾਰ ਦੇ ਕੰਮ ਦਾ ਇੰਨਾ ਵਾਧਾ ਹੋਵੇਗਾ। ਹਾਲੇ ਵੀ ਕਈ ਥਾਂ ਹਨ ਜਿੱਥੇ ਕੰਮ ਸ਼ੁਰੂ ਹੀ ਹੋਇਆ ਹੈ। ਇਸ ਲਈ ਮੈਂ ਬਹੁਤ ਖ਼ੁਸ਼ ਹਾਂ ਕਿ ਯਹੋਵਾਹ ਨੇ ਧੀਰਜ ਕੀਤਾ।” ਪੌਲੁਸ ਰਸੂਲ ਸਾਨੂੰ ਯਕੀਨ ਦਿਲਾਉਂਦਾ ਹੈ: “ਧੀਰਜ ਦ੍ਰਿੜ੍ਹਤਾ [ਪੈਦਾ ਕਰਦਾ ਹੈ] ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ। ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ।”—ਰੋਮੀਆਂ 5:3-5.

15. ਭਾਵੇਂ ਕਿ ਸਾਨੂੰ ਲੱਗੇ ਕਿ ਸਾਨੂੰ ਉਡੀਕ ਕਰਦੇ ਹੋਏ ਕਾਫ਼ੀ ਸਮਾਂ ਹੋ ਚੁੱਕਾ ਹੈ, ਪਰ ਪ੍ਰੇਮ ਸਾਨੂੰ ਕਿਵੇਂ ਪ੍ਰੇਰਿਤ ਕਰਦਾ ਹੈ?

15 ਅਸੀਂ ਜੋ ਵੀ ਕਰਦੇ ਹਾਂ ਪ੍ਰੇਮ ਕਾਰਨ ਹੀ ਕਰਦੇ ਹਾਂ। ਸਾਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਕਿ ਯਹੋਵਾਹ ਦਾ ਦਿਨ ਕਦੋਂ ਆਵੇਗਾ ਸਗੋਂ ਅਸੀਂ ਉਸ ਦੀ ਸੇਵਾ ਉਸ ਨਾਲ ਆਪਣੇ ਪ੍ਰੇਮ ਕਾਰਨ ਹੀ ਕਰਦੇ ਹਾਂ। ਪਰਮੇਸ਼ੁਰ ਦੀ ਇੱਛਾ ਪੂਰੀ ਹੋਣ ਵਿਚ ਚਾਹੇ ਜਿੰਨਾ ਮਰਜ਼ੀ ਸਮਾਂ ਲੱਗੇ ਅਸੀਂ ਲੋਕਾਂ ਦੇ ਘਰਾਂ ਨੂੰ ਵਾਰ-ਵਾਰ ਜਾ ਕੇ ਰਾਜ ਬਾਰੇ ਖ਼ੁਸ਼ ਖ਼ਬਰੀ ਸੁਣਾਉਂਦੇ ਰਹਾਂਗੇ ਕਿਉਂਕਿ ਅਸੀਂ ਉਨ੍ਹਾਂ ਨਾਲ ਪ੍ਰੇਮ ਕਰਦੇ ਹਾਂ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮਸੀਹੀ ਪ੍ਰੇਮ ਬਹੁਤ ਹੀ ਵਧੀਆ ਗੁਣ ਹੈ ਜਿਵੇਂ ਪੌਲੁਸ ਨੇ ਲਿਖਿਆ, “ਨਿਹਚਾ, ਆਸ਼ਾ, ਪ੍ਰੇਮ, ਏਹ ਤਿੰਨੇ ਰਹਿੰਦੇ ਹਨ ਪਰ ਏਹਨਾਂ ਵਿੱਚੋਂ ਉੱਤਮ ਪ੍ਰੇਮ ਹੀ ਹੈ।” (1 ਕੁਰਿੰਥੀਆਂ 13:13) ਪ੍ਰੇਮ ਸਾਨੂੰ ਸਹਿਣ ਦੀ ਸ਼ਕਤੀ ਦਿੰਦਾ ਹੈ ਅਤੇ ਜਾਗਦੇ ਰਹਿਣ ਵਿਚ ਮਦਦ ਕਰਦਾ ਹੈ। “[ਪ੍ਰੇਮ] ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।”—1 ਕੁਰਿੰਥੀਆਂ 13:7, 8.

“ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ”

16. ਆਪਣੇ ਹੱਥ ਢਿੱਲੇ ਕਰਨ ਦੀ ਬਜਾਇ ਸਾਨੂੰ ਕਿਹੋ ਜਿਹਾ ਰਵੱਈਆ ਪੈਦਾ ਕਰਨਾ ਚਾਹੀਦਾ ਹੈ?

16 ਅਸੀਂ ਮਹੱਤਵਪੂਰਣ ਸਮਿਆਂ ਵਿਚ ਰਹਿ ਰਹੇ ਹਾਂ। ਸੰਸਾਰ ਵਿਚ ਹੋ ਰਹੀਆਂ ਘਟਨਾਵਾਂ ਸਾਨੂੰ ਹਰ ਵੇਲੇ ਯਾਦ ਕਰਾਉਂਦੀਆਂ ਹਨ ਕਿ ਅਸੀਂ ਅੰਤ ਦੇ ਦਿਨਾਂ ਦੇ ਅਖ਼ੀਰ ਵਿਚ ਹਾਂ। (2 ਤਿਮੋਥਿਉਸ 3:1-5) ਹੁਣ ਹੱਥ ਢਿੱਲੇ ਕਰਨ ਦਾ ਬਿਲਕੁਲ ਸਮਾਂ ਨਹੀਂ, ਸਗੋਂ ‘ਜੋ ਕੁਝ ਸਾਡੇ ਕੋਲ ਹੈ ਸਾਨੂੰ ਤਕੜਾਈ ਨਾਲ ਫੜੀ ਰੱਖਣਾ’ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 3:11) ‘ਸੁਰਤ ਵਾਲੇ ਹੋ ਕੇ ਅਤੇ ਪ੍ਰਾਰਥਨਾ ਲਈ ਸੁਚੇਤ ਰਹਿ ਕੇ’ ਅਤੇ ਨਿਹਚਾ, ਆਸ਼ਾ ਅਤੇ ਪ੍ਰੇਮ ਦੇ ਗੁਣਾਂ ਨੂੰ ਪੈਦਾ ਕਰ ਕੇ ਅਸੀਂ ਪਰੀਖਿਆ ਦੀ ਘੜੀ ਲਈ ਤਿਆਰ ਹੋਵਾਂਗੇ। (1 ਪਤਰਸ 4:7) ਪ੍ਰਭੂ ਦੇ ਕੰਮ ਵਿਚ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਜੇਕਰ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹੀਏ, ਤਾਂ ਪੂਰੀ ਤਰ੍ਹਾਂ ਜਾਗਦੇ ਰਹਿਣ ਵਿਚ ਸਾਡੀ ਮਦਦ ਹੋਵੇਗੀ।—2 ਪਤਰਸ 3:11.

17. (ੳ) ਉਡੀਕ ਕਰਦੇ ਹੋਏ ਸਾਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ? (ਸਫ਼ੇ 21 ਉੱਤੇ ਡੱਬੀ ਦੇਖੋ।) (ਅ) ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ ਅਤੇ ਜਿਹੜੇ ਇਸ ਤਰ੍ਹਾਂ ਕਰਦੇ ਹਨ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

17 ਯਿਰਮਿਯਾਹ ਨੇ ਲਿਖਿਆ: “ਯਹੋਵਾਹ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਏਸ ਲਈ ਮੈਨੂੰ ਉਸ ਦੇ ਉੱਤੇ ਆਸਾ ਹੈ। ਯਹੋਵਾਹ ਉਹ ਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਤਾਲਿਬ ਹੈ। ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਉ ਲਈ ਆਸਾ ਰੱਖੇ।” (ਵਿਰਲਾਪ 3:24-26) ਸਾਡੇ ਵਿੱਚੋਂ ਕਈਆਂ ਨੂੰ ਉਡੀਕ ਕਰਦੇ ਹੋਏ ਥੋੜ੍ਹਾ ਹੀ ਸਮਾਂ ਹੋਇਆ ਹੈ। ਜਦ ਕਿ ਦੂਸਰਿਆਂ ਨੂੰ ਯਹੋਵਾਹ ਵੱਲੋਂ ਮੁਕਤੀ ਦੀ ਉਡੀਕ ਕਰਦਿਆਂ ਨੂੰ ਕਈ ਸਾਲ ਹੋ ਚੁੱਕੇ ਹਨ। ਪਰ ਇਹ ਸਮਾਂ ਕਿੰਨਾ ਥੋੜ੍ਹਾ ਹੈ ਜਦ ਇਸ ਦੀ ਤੁਲਨਾ ਸਦਾ ਦੀ ਜ਼ਿੰਦਗੀ ਨਾਲ ਕੀਤੀ ਜਾਂਦੀ ਹੈ! (2 ਕੁਰਿੰਥੀਆਂ 4:16-18) ਯਹੋਵਾਹ ਦੇ ਸਮੇਂ ਦੀ ਉਡੀਕ ਕਰਦੇ ਹੋਏ, ਆਓ ਆਪਾਂ ਜ਼ਰੂਰੀ ਮਸੀਹੀ ਗੁਣ ਪੈਦਾ ਕਰੀਏ ਅਤੇ ਦੂਸਰਿਆਂ ਦੀ ਮਦਦ ਕਰੀਏ ਕਿ ਉਹ ਯਹੋਵਾਹ ਦੇ ਧੀਰਜ ਤੋਂ ਫ਼ਾਇਦਾ ਲੈਣ ਅਤੇ ਸੱਚਾਈ ਬਾਰੇ ਸਿੱਖਣ। ਆਓ ਆਪਾਂ ਜਾਗਦੇ ਰਹੀਏ ਅਤੇ ਧੀਰਜ ਦਿਖਾਉਣ ਵਿਚ ਯਹੋਵਾਹ ਦੀ ਰੀਸ ਕਰੀਏ, ਧੰਨਵਾਦ ਕਰਦੇ ਹੋਏ ਕਿ ਉਸ ਨੇ ਸਾਨੂੰ ਇਕ ਵਧੀਆ ਉਮੀਦ ਦਿੱਤੀ ਹੈ। ਸਾਡੀ ਪ੍ਰਾਰਥਨਾ ਹੈ ਕਿ ਅਸੀਂ ਵਫ਼ਾਦਾਰੀ ਨਾਲ ਸਚੇਤ ਰਹਿ ਕੇ ਸਦਾ ਦੀ ਜ਼ਿੰਦਗੀ ਦੀ ਉਮੀਦ ਨੂੰ ਫੜੀ ਰੱਖਾਂਗੇ। ਫਿਰ ਅਸੀਂ ਪਰਮੇਸ਼ੁਰ ਦੇ ਇਨ੍ਹਾਂ ਵਾਅਦਿਆਂ ਦਾ ਪੂਰਾ ਆਨੰਦ ਮਾਣਾਂਗੇ: “[ਯਹੋਵਾਹ] ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।”—ਜ਼ਬੂਰਾਂ ਦੀ ਪੋਥੀ 37:34.

[ਫੁਟਨੋਟ]

^ ਪੈਰਾ 5 ਚੰਗਾ ਹੋਵੇਗਾ ਜੇਕਰ ਅਸੀਂ 15 ਜਨਵਰੀ 2000 ਦੇ ਪਹਿਰਾਬੁਰਜ ਦੇ ਸਫ਼ੇ 12, 13 ਉੱਤੇ ਦਿੱਤੇ ਗਏ ਉਨ੍ਹਾਂ ਛੇ ਸਬੂਤਾਂ ਵੱਲ ਪੂਰਾ ਧਿਆਨ ਦੇਈਏ ਜੋ ਸਾਬਤ ਕਰਦੇ ਹਨ ਕਿ ਅੰਤ ਨੇੜੇ ਹੈ।—2 ਤਿਮੋਥਿਉਸ 3:1.

^ ਪੈਰਾ 7 ਉਸ ਯੂਨਾਨੀ ਕ੍ਰਿਆ ਬਾਰੇ ਗੱਲ ਕਰਦੇ ਹੋਏ ਜਿਸ ਦਾ ਤਰਜਮਾ “ਜਾਗਦੇ ਰਹੋ” ਕੀਤਾ ਗਿਆ ਹੈ, ਡਬਲਯੂ. ਈ. ਵਾਈਨ ਨੇ ਆਪਣੇ ਸ਼ਬਦ-ਕੋਸ਼ ਵਿਚ ਸਮਝਾਇਆ ਕਿ ਇਸ ਦਾ ਅਸਲੀ ਅਰਥ ‘ਨੀਂਦ ਨੂੰ ਭਜਾਉਣਾ’ ਹੈ ਅਤੇ ਇਹ ਸ਼ਬਦ ਸਿਰਫ਼ ਇਸ ਦਾ ਸੰਕੇਤ ਹੀ ਨਹੀਂ ਕਰਦੇ ਕਿ “ਸਾਨੂੰ ਜਾਗਦੇ ਰਹਿਣ ਦੀ ਲੋੜ ਹੈ ਪਰ ਇਨ੍ਹਾਂ ਦਾ ਇਹ ਵੀ ਮਤਲਬ ਹੈ ਕਿ ਸਾਨੂੰ ਕਿਸੇ ਮਕਸਦ ਲਈ ਸਚੇਤ ਰਹਿਣ ਦੀ ਵੀ ਲੋੜ ਹੈ।”

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਅਸੀਂ ਆਪਣੇ ਆਪ ਨੂੰ ਪੱਕਾ ਯਕੀਨ ਕਿਵੇਂ ਦਿਲਾ ਸਕਦੇ ਹਾਂ ਕਿ ਇਸ ਰੀਤੀ-ਵਿਵਸਥਾ ਦਾ ਅੰਤ ਨੇੜੇ ਹੈ?

• ਅਸੀਂ ਪਤਰਸ, ਯਾਕੂਬ ਅਤੇ ਯੂਹੰਨਾ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?

• ਰੂਹਾਨੀ ਤੌਰ ਤੇ ਸਚੇਤ ਰਹਿਣ ਵਿਚ ਕਿਹੜੇ ਤਿੰਨ ਗੁਣ ਸਾਡੀ ਮਦਦ ਕਰਨਗੇ?

• ‘ਜੋ ਕੁਝ ਸਾਡੇ ਕੋਲ ਹੈ ਉਸ ਨੂੰ ਤਕੜਾਈ ਨਾਲ ਫੜੀ ਰੱਖਣ’ ਦਾ ਸਮਾਂ ਹੁਣ ਕਿਉਂ ਹੈ?

[ਸਵਾਲ]

[ਸਫ਼ੇ 21 ਉੱਤੇ ਡੱਬੀ/ਤਸਵੀਰ]

“ਧੰਨ ਉਹ ਹੈ ਜੋ ਉਡੀਕਦਾ ਹੈ।”—ਦਾਨੀਏਲ 12:12

ਕਲਪਨਾ ਕਰੋ ਕਿ ਇਕ ਪਹਿਰੇਦਾਰ ਨੂੰ ਸ਼ੱਕ ਹੈ ਕਿ ਚੋਰ ਉਸ ਘਰ ਸੰਨ੍ਹ ਮਾਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਦੀ ਉਹ ਰਾਖੀ ਕਰਦਾ ਹੈ। ਰਾਤ ਪੈਣ ਤੇ, ਪਹਿਰੇਦਾਰ ਬੜੇ ਧਿਆਨ ਨਾਲ ਸੁਣਦਾ ਹੈ ਤਾਂਕਿ ਚੋਰ ਦੇ ਆਉਣ ਤੇ ਉਸ ਨੂੰ ਪਤਾ ਲੱਗ ਜਾਵੇ। ਉਹ ਪੂਰੀ ਰਾਤ ਦੇਖਦਾ ਅਤੇ ਸੁਣਦਾ ਰਹਿੰਦਾ ਹੈ। ਉਹ ਕੋਈ ਵੀ ਆਵਾਜ਼ ਸੁਣ ਕੇ ਭੁਲੇਖਾ ਖਾ ਸਕਦਾ ਹੈ ਕਿ ਚੋਰ ਆ ਗਿਆ, ਜਿਵੇਂ ਕਿ ਹਵਾ ਨਾਲ ਝੂਲਦੇ ਦਰਖ਼ਤਾਂ ਦੀ ਹਲਕੀ ਆਵਾਜ਼ ਜਾਂ ਬਿੱਲੀ ਦੀ ਕਿਸੇ ਚੀਜ਼ ਵਿਚ ਟਕਰਾਉਣ ਦਾ ਖੜਾਕਾ।—ਲੂਕਾ 12:39, 40.

ਇਸ ਤਰ੍ਹਾਂ ਉਨ੍ਹਾਂ ਨਾਲ ਵੀ ਹੋ ਸਕਦਾ ਹੈ ਜੋ “ਪ੍ਰਭੁ ਯਿਸੂ ਮਸੀਹ ਦੇ ਪਰਗਟ ਹੋਣ ਦੀ ਉਡੀਕ ਕਰਦੇ” ਹਨ। (1 ਕੁਰਿੰਥੀਆਂ 1:7) ਰਸੂਲ ਸੋਚਦੇ ਸਨ ਕਿ ਯਿਸੂ ਆਪਣੇ ਜੀ ਉੱਠਣ ਤੋਂ ਕੁਝ ਹੀ ਸਮੇਂ ਬਾਅਦ “ਇਸਰਾਏਲ ਦਾ ਰਾਜ ਬਹਾਲ” ਕਰੇਗਾ। (ਰਸੂਲਾਂ ਦੇ ਕਰਤੱਬ 1:6) ਕਈ ਸਾਲ ਬਾਅਦ ਥੱਸਲੁਨੀਕਾ ਦੇ ਮਸੀਹੀਆਂ ਨੂੰ ਯਾਦ ਕਰਾਉਣਾ ਪਿਆ ਸੀ ਕਿ ਯਿਸੂ ਦੀ ਮੌਜੂਦਗੀ ਭਵਿੱਖ ਵਿਚ ਹੋਣੀ ਸੀ। (2 ਥੱਸਲੁਨੀਕੀਆਂ 2:3, 8) ਭਾਵੇਂ ਕਿ ਉਨ੍ਹਾਂ ਦੀਆਂ ਉਮੀਦਾਂ ਉਸ ਵੇਲੇ ਪੂਰੀਆਂ ਨਹੀਂ ਹੋਈਆਂ ਜਦ ਉਨ੍ਹਾਂ ਨੇ ਸਮਝਿਆ, ਫਿਰ ਵੀ ਯਿਸੂ ਦੇ ਇਹ ਚੇਲੇ ਜੀਵਨ ਦੇ ਰਾਹ ਤੋਂ ਹਟੇ ਨਹੀਂ।—ਮੱਤੀ 7:13.

ਅਸੀਂ ਵੀ ਇਸ ਰੀਤੀ-ਵਿਵਸਥਾ ਦੇ ਅੰਤ ਦੀ ਉਡੀਕ ਕਰਦੇ ਹੋਏ ਸ਼ਾਇਦ ਸੋਚੀਏ ਕਿ ਦੇਰ ਹੋ ਰਹੀ ਹੈ ਅਤੇ ਨਿਰਾਸ਼ ਹੋ ਜਾਈਏ, ਪਰ ਸਾਨੂੰ ਹਮੇਸ਼ਾ ਸਚੇਤ ਰਹਿਣਾ ਚਾਹੀਦਾ ਹੈ। ਇਕ ਸਚੇਤ ਪਹਿਰੇਦਾਰ ਨੂੰ ਭੁਲੇਖਾ ਜ਼ਰੂਰ ਲੱਗ ਸਕਦਾ ਹੈ, ਪਰ ਉਸ ਦਾ ਜਾਗਦੇ ਰਹਿਣਾ ਬਹੁਤ ਹੀ ਜ਼ਰੂਰੀ ਹੈ! ਇਹ ਉਸ ਦੀ ਜ਼ਿੰਮੇਵਾਰੀ ਹੈ। ਮਸੀਹੀਆਂ ਨੂੰ ਵੀ ਇਸੇ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

[ਸਫ਼ੇ 18 ਉੱਤੇ ਤਸਵੀਰ]

ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਦਾ ਦਿਨ ਨੇੜੇ ਹੈ?

[ਸਫ਼ੇ 19 ਉੱਤੇ ਤਸਵੀਰਾਂ]

ਸਭਾਵਾਂ ਵਿਚ ਜਾਣ, ਪ੍ਰਾਰਥਨਾ ਅਤੇ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਦੁਆਰਾ ਅਸੀਂ ਜਾਗਦੇ ਰਹਿ ਸਕਦੇ ਹਾਂ

[ਸਫ਼ੇ 22 ਉੱਤੇ ਤਸਵੀਰ]

ਮਾਰਗ੍ਰੇਟ ਵਾਂਗ, ਆਓ ਆਪਾਂ ਵੀ ਧੀਰਜ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਜਾਗਦੇ ਰਹੀਏ