Skip to content

Skip to table of contents

ਪਹਿਲਾਂ ਨਾਲੋਂ ਹੁਣ ਜਾਗਦੇ ਰਹਿਣ ਦੀ ਜ਼ਿਆਦਾ ਲੋੜ ਹੈ!

ਪਹਿਲਾਂ ਨਾਲੋਂ ਹੁਣ ਜਾਗਦੇ ਰਹਿਣ ਦੀ ਜ਼ਿਆਦਾ ਲੋੜ ਹੈ!

ਪਹਿਲਾਂ ਨਾਲੋਂ ਹੁਣ ਜਾਗਦੇ ਰਹਿਣ ਦੀ ਜ਼ਿਆਦਾ ਲੋੜ ਹੈ!

“ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।”—1 ਥੱਸਲੁਨੀਕੀਆਂ 5:6.

1, 2. (ੳ) ਪੌਂਪੇ ਅਤੇ ਹਰਕੁਲੈਨੀਅਮ ਕਿਹੋ ਜਿਹੇ ਸ਼ਹਿਰ ਸਨ? (ਅ) ਇਨ੍ਹਾਂ ਦੋ ਸ਼ਹਿਰਾਂ ਦੇ ਵਾਸੀਆਂ ਨੇ ਕਿਸ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

ਪੌਂਪੇ ਅਤੇ ਹਰਕੁਲੈਨੀਅਮ, ਵਿਸੂਵੀਅਸ ਪਰਬਤ ਦੇ ਲੱਗੇ ਦੋ ਰੋਮੀ ਸ਼ਹਿਰ ਹੁੰਦੇ ਸਨ। ਪਹਿਲੀ ਸਦੀ ਦੇ ਅਮੀਰ ਰੋਮੀ ਲੋਕ ਅਕਸਰ ਇਨ੍ਹਾਂ ਸ਼ਹਿਰਾਂ ਵਿਚ ਛੁੱਟੀਆਂ ਮਨਾਉਣੀਆਂ ਪਸੰਦ ਕਰਦੇ ਸਨ। ਉੱਥੇ ਦੇ ਥੀਏਟਰਾਂ ਵਿਚ ਹਜ਼ਾਰਾਂ ਹੀ ਲੋਕ ਬੈਠ ਸਕਦੇ ਸਨ ਅਤੇ ਪੌਂਪੇ ਵਿਚ ਇਕ ਵੱਡਾ ਗੋਲ ਥੀਏਟਰ ਵੀ ਸੀ ਜਿਸ ਵਿਚ ਤਕਰੀਬਨ ਪੂਰੇ ਸ਼ਹਿਰ ਦੇ ਲੋਕ ਬੈਠ ਸਕਦੇ ਸਨ। ਪਰ 24 ਅਗਸਤ 79 ਸਾ.ਯੁ. ਵਿਚ, ਵਿਸੂਵੀਅਸ ਪਰਬਤ ਫਟਣ ਲੱਗ ਪਿਆ ਅਤੇ ਦੋਹਾਂ ਸ਼ਹਿਰਾਂ ਦੀ ਤਬਾਹੀ ਹੋ ਗਈ। ਪੌਂਪੇ ਦੀ ਖੁਦਾਈ ਕਰਨ ਵਾਲਿਆਂ ਨੂੰ ਉਸ ਵਿਚ 118 ਸ਼ਰਾਬਖ਼ਾਨੇ ਲੱਭੇ ਹਨ, ਜਿਨ੍ਹਾਂ ਵਿੱਚੋਂ ਕਈ ਜੂਏਖ਼ਾਨੇ ਜਾਂ ਕੋਠੇ ਸਨ। ਸ਼ਹਿਰ ਵਿਚ ਅਨੈਤਿਕਤਾ ਅਤੇ ਧਨ-ਦੌਲਤ ਇਕੱਠਾ ਕਰਨ ਦਾ ਲਾਲਚ ਇਕ ਰੋਗ ਵਾਂਗ ਫੈਲਿਆ ਹੋਇਆ ਸੀ। ਇਸ ਗੱਲ ਦਾ ਸਬੂਤ ਸਾਨੂੰ ਕੰਧਾਂ ਤੇ ਬਣਾਈਆਂ ਗਈਆਂ ਤਸਵੀਰਾਂ ਅਤੇ ਹੋਰਨਾਂ ਚੀਜ਼ਾਂ ਤੋਂ ਮਿਲਦਾ ਹੈ।

2 ਜੁਆਲਾਮੁਖੀ ਪਹਾੜਾਂ ਦੇ ਵਿਗਿਆਨੀ ਦੱਸਦੇ ਹਨ ਕਿ ਜਦੋਂ ਪਹਿਲਾਂ ਧਮਾਕਾ ਹੋਇਆ ਅਤੇ ਉਨ੍ਹਾਂ ਦੋ ਸ਼ਹਿਰਾਂ ਉੱਤੇ ਜੁਆਲਾਮੁਖੀ ਦੀ ਸੁਆਹ ਡਿੱਗਣ ਲੱਗੀ, ਉਸ ਵੇਲੇ ਵੀ ਲੋਕ ਬਚ ਸਕਦੇ ਸਨ। ਦਰਅਸਲ, ਕਈ ਬਚੇ ਵੀ ਸਨ। ਪਰ ਦੂਸਰੇ ਲੋਕਾਂ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ। ਉਹ ਸ਼ਾਇਦ ਸੋਚ ਰਹੇ ਸਨ ਕਿ ਉਨ੍ਹਾਂ ਨੂੰ ਇੰਨਾ ਖ਼ਤਰਾ ਨਹੀਂ ਸੀ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਜੁਆਲਾਮੁਖੀ ਦੇ ਧੂੰਏਂ ਵਗੈਰਾ ਵੱਲ ਧਿਆਨ ਨਹੀਂ ਦਿੱਤਾ। ਫਿਰ, ਰਾਤ ਦੇ ਬਾਰਾਂ ਕੁ ਵਜੇ ਜੁਆਲਾਮੁਖੀ ਫਟ ਗਿਆ ਅਤੇ ਉਸ ਵਿੱਚੋਂ ਨਿਕਲੇ ਤਪਦੇ ਗੈਸ, ਲਾਵਾ ਅਤੇ ਪੱਥਰਾਂ ਨੇ ਹਰਕੁਲੈਨੀਅਮ ਸ਼ਹਿਰ ਅਤੇ ਉਸ ਦੇ ਵਾਸੀਆਂ ਨੂੰ ਭਸਮ ਕਰ ਦਿੱਤਾ। ਅਗਲੇ ਦਿਨ ਸਵੇਰੇ ਅਜਿਹੇ ਇਕ ਹੋਰ ਧਮਾਕੇ ਨੇ ਪੌਂਪੇ ਦੇ ਸਾਰੇ ਵਾਸੀਆਂ ਨੂੰ ਵੀ ਝੱਫ ਲਿਆ। ਚੇਤਾਵਨੀਆਂ ਵੱਲ ਧਿਆਨ ਨਾ ਦੇਣ ਦਾ ਕਿੰਨਾ ਬੁਰਾ ਨਤੀਜਾ!

ਯਹੂਦੀ ਰੀਤੀ-ਵਿਵਸਥਾ ਦਾ ਅੰਤ

3. ਯਰੂਸ਼ਲਮ ਦੇ ਵਿਨਾਸ਼ ਅਤੇ ਪੌਂਪੇ ਤੇ ਹਰਕੁਲੈਨੀਅਮ ਦੀ ਤਬਾਹੀ ਵਿਚ ਕਿਹੜੀ ਸਮਾਨਤਾ ਹੈ?

3 ਪੌਂਪੇ ਅਤੇ ਹਰਕੁਲੈਨੀਅਮ ਦੇ ਸ਼ਹਿਰਾਂ ਦੀ ਭਿਆਨਕ ਤਬਾਹੀ ਤਾਂ ਕੁਝ ਵੀ ਨਹੀਂ ਸੀ ਜਦ ਇਸ ਦੀ ਤੁਲਨਾ ਯਰੂਸ਼ਲਮ ਦੇ ਤਬਾਹਕੁਨ ਵਿਨਾਸ਼ ਨਾਲ ਕੀਤੀ ਜਾਂਦੀ ਹੈ। ਨੌਂ ਸਾਲ ਪਹਿਲਾਂ ਹੋਇਆ ਯਰੂਸ਼ਲਮ ਦਾ ਵਿਨਾਸ਼ ਕਿਸੇ ਕੁਦਰਤੀ ਆਫ਼ਤ ਕਾਰਨ ਨਹੀਂ ਸੀ ਹੋਇਆ ਸਗੋਂ ਇਨਸਾਨਾਂ ਦੁਆਰਾ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ “ਇਤਿਹਾਸ ਦੀ ਸਭ ਤੋਂ ਭਿਆਨਕ ਘੇਰਾਬੰਦੀ ਸੀ” ਜਿਸ ਦੇ ਨਤੀਜੇ ਵਜੋਂ ਕੁਝ ਦਸ ਲੱਖ ਯਹੂਦੀ ਮਾਰੇ ਗਏ ਸਨ। ਪਰ ਪੌਂਪੇ ਅਤੇ ਹਰਕੁਲੈਨੀਅਮ ਦੀ ਤਬਾਹੀ ਵਾਂਗ ਯਰੂਸ਼ਲਮ ਦੇ ਵਿਨਾਸ਼ ਤੋਂ ਪਹਿਲਾਂ ਵੀ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ।

4. ਯਿਸੂ ਨੇ ਆਪਣੇ ਚੇਲਿਆਂ ਨੂੰ ਯਹੂਦੀ ਰੀਤੀ-ਵਿਵਸਥਾ ਦੇ ਅੰਤ ਬਾਰੇ ਚੇਤਾਵਨੀ ਦੇਣ ਵਾਸਤੇ ਕਿਹੜੇ ਨਿਸ਼ਾਨ ਦਿੱਤੇ ਸਨ ਅਤੇ ਇਹ ਕਿਵੇਂ ਪੂਰੇ ਹੋਏ ਦੇਖੇ ਗਏ ਸਨ?

4 ਯਿਸੂ ਮਸੀਹ ਨੇ ਯਰੂਸ਼ਲਮ ਦੇ ਵਿਨਾਸ਼ ਬਾਰੇ ਭਵਿੱਖਬਾਣੀ ਕਰ ਕੇ ਦੱਸਿਆ ਸੀ ਕਿ ਇਸ ਤੋਂ ਪਹਿਲਾਂ ਯੁੱਧ, ਕਾਲ, ਭੁਚਾਲ ਅਤੇ ਕੁਧਰਮ ਦਾ ਵਾਧਾ ਹੋਵੇਗਾ। ਉਸ ਨੇ ਇਹ ਵੀ ਕਿਹਾ ਕਿ ਝੂਠੇ ਨਬੀ ਉੱਠਣ ਦੇ ਬਾਵਜੂਦ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸੰਸਾਰ ਭਰ ਵਿਚ ਕੀਤਾ ਜਾਵੇਗਾ। (ਮੱਤੀ 24:4-7, 11-14) ਇਹ ਸੱਚ ਹੈ ਕਿ ਯਿਸੂ ਦੇ ਸ਼ਬਦਾਂ ਦੀ ਵੱਡੀ ਪੂਰਤੀ ਅੱਜ ਹੋ ਰਹੀ ਹੈ, ਪਰ ਉਸ ਸਮੇਂ ਵੀ ਇਨ੍ਹਾਂ ਸ਼ਬਦਾਂ ਦੀ ਪੂਰਤੀ ਹੋਈ ਸੀ। ਇਤਿਹਾਸ ਦੇ ਰਿਕਾਰਡ ਦੱਸਦੇ ਹਨ ਕਿ ਯਹੂਦਿਯਾ ਵਿਚ ਵੱਡਾ ਕਾਲ ਪਿਆ ਸੀ। (ਰਸੂਲਾਂ ਦੇ ਕਰਤੱਬ 11:28) ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਰਿਪੋਰਟ ਕੀਤਾ ਕਿ ਯਰੂਸ਼ਲਮ ਸ਼ਹਿਰ ਦੀ ਤਬਾਹੀ ਤੋਂ ਕੁਝ ਹੀ ਸਮੇਂ ਪਹਿਲਾਂ ਉਸ ਇਲਾਕੇ ਵਿਚ ਭੁਚਾਲ ਆਇਆ ਸੀ। ਜਿਉਂ-ਜਿਉਂ ਯਰੂਸ਼ਲਮ ਦਾ ਅੰਤ ਨੇੜੇ ਆਇਆ, ਤਿਉਂ-ਤਿਉਂ ਲੋਕਾਂ ਨੇ ਬਾਰੰਬਾਰ ਬਗਾਵਤ ਕੀਤੀ। ਯਹੂਦੀ ਰਾਜਨੀਤੀ ਪਾਰਟੀਆਂ ਵਿਚਕਾਰ ਝਗੜੇ ਚੱਲਦੇ ਸਨ ਅਤੇ ਕਈ ਸ਼ਹਿਰਾਂ ਵਿਚ ਕਤਲਾਮ ਕੀਤਾ ਗਿਆ ਸੀ ਜਿੱਥੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਰਹਿੰਦੇ ਸਨ। ਫਿਰ ਵੀ, ਰਾਜ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ” ਗਿਆ ਸੀ।—ਕੁਲੁੱਸੀਆਂ 1:23.

5, 6. (ੳ) ਯਿਸੂ ਦੇ ਕਿਹੜੇ ਭਵਿੱਖ-ਸੂਚਕ ਸ਼ਬਦ 66 ਸਾ.ਯੁ. ਵਿਚ ਪੂਰੇ ਹੋਏ ਸਨ? (ਅ) ਸੰਨ 70 ਸਾ.ਯੁ. ਵਿਚ ਯਰੂਸ਼ਲਮ ਦੇ ਡਿਗਣ ਤੇ ਇੰਨੇ ਲੋਕ ਕਿਉਂ ਮਰੇ ਸਨ?

5 ਆਖ਼ਰ 66 ਸਾ.ਯੁ. ਵਿਚ ਯਹੂਦੀਆਂ ਨੇ ਰੋਮ ਦੇ ਵਿਰੁੱਧ ਬਗਾਵਤ ਕੀਤੀ। ਜਦ ਸੈਸਟੀਅਸ ਗੈਲਸ ਆਪਣੀਆਂ ਫ਼ੌਜਾਂ ਲੈ ਕੇ ਯਰੂਸ਼ਲਮ ਨੂੰ ਘੇਰਨ ਆਇਆ, ਤਾਂ ਯਿਸੂ ਦੇ ਚੇਲਿਆਂ ਨੂੰ ਯਿਸੂ ਦੇ ਇਹ ਸ਼ਬਦ ਯਾਦ ਆਏ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।” (ਲੂਕਾ 21:20, 21) ਉਨ੍ਹਾਂ ਨੂੰ ਯਰੂਸ਼ਲਮ ਤੋਂ ਉਸ ਸਮੇਂ ਭੱਜਣਾ ਚਾਹੀਦਾ ਸੀ—ਪਰ ਕਿਵੇਂ? ਅਚਾਨਕ ਹੀ ਗੈਲਸ ਆਪਣੀਆਂ ਫ਼ੌਜਾਂ ਲੈ ਕੇ ਵਾਪਸ ਚਲਾ ਗਿਆ ਅਤੇ ਇਸ ਨਾਲ ਯਰੂਸ਼ਲਮ ਅਤੇ ਯਹੂਦਿਯਾ ਵਿਚ ਰਹਿ ਰਹੇ ਮਸੀਹੀਆਂ ਨੂੰ ਯਿਸੂ ਦੀ ਗੱਲ ਮੰਨ ਕੇ ਪਹਾੜਾਂ ਨੂੰ ਭੱਜਣ ਦਾ ਮੌਕਾ ਮਿਲਿਆ।—ਮੱਤੀ 24:15, 16.

6 ਚਾਰ ਸਾਲ ਬਾਅਦ, ਲਗਭਗ ਪਸਾਹ ਦੇ ਸਮੇਂ ਤੇ, ਜਨਰਲ ਟਾਈਟਸ ਦੇ ਅਧੀਨ ਰੋਮੀ ਫ਼ੌਜਾਂ ਵਾਪਸ ਆ ਗਈਆਂ। ਯੁੱਧ ਦੇ ਖ਼ਤਰੇ ਦੇ ਬਾਵਜੂਦ, ਰੋਮੀ ਇਲਾਕਿਆਂ ਵਿਚ ਰਹਿ ਰਹੇ ਹਜ਼ਾਰਾਂ ਹੀ ਯਹੂਦੀ ਲੋਕ ਪਸਾਹ ਮਨਾਉਣ ਲਈ ਯਰੂਸ਼ਲਮ ਵਿਚ ਇਕੱਠੇ ਹੋਏ ਸਨ। ਟਾਈਟਸ ਦੀ ਸੈਨਾ ਨੇ ਯਰੂਸ਼ਲਮ ਦੇ ਆਲੇ-ਦੁਆਲੇ ਘੇਰਾ ਪਾਇਆ ਅਤੇ ‘ਮੋਰਚਾ ਬੰਨ੍ਹਿਆ’ ਜਿਸ ਕਾਰਨ ਉੱਥੋਂ ਬਚ ਨਿਕਲਣਾ ਨਾਮੁਮਕਿਨ ਸੀ। ਫ਼ੌਜਾਂ ਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ। (ਲੂਕਾ 19:43, 44) ਜੋਸੀਫ਼ਸ ਦੇ ਅਨੁਸਾਰ ਰੋਮੀ ਹਮਲੇ ਦੇ ਸ਼ਿਕਾਰ ਜ਼ਿਆਦਾਤਰ ਬਾਹਰੋਂ ਆਏ ਬਦਨਸੀਬ ਲੋਕ ਹੀ ਸਨ। * ਜਦ ਆਖ਼ਰ ਯਰੂਸ਼ਲਮ ਡਿੱਗ ਪਿਆ, ਤਾਂ ਰੋਮੀ ਸਾਮਰਾਜ ਵਿਚ ਰਹਿਣ ਵਾਲੇ ਯਹੂਦੀਆਂ ਦਾ ਸੱਤਵਾਂ ਹਿੱਸਾ ਮਾਰਿਆ ਗਿਆ। ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਨਾਸ਼ ਹੋਣ ਦੇ ਨਤੀਜੇ ਵਜੋਂ ਮੂਸਾ ਦੀ ਬਿਵਸਥਾ ਤੇ ਆਧਾਰਿਤ ਯਹੂਦੀ ਰੀਤੀ-ਵਿਵਸਥਾ ਦਾ ਅੰਤ ਆ ਗਿਆ। *ਮਰਕੁਸ 13:1, 2.

7. ਯਰੂਸ਼ਲਮ ਦੇ ਵਿਨਾਸ਼ ਵਿੱਚੋਂ ਵਫ਼ਾਦਾਰ ਮਸੀਹੀ ਕਿਵੇਂ ਬਚੇ ਸਨ?

7 ਸੰਨ 70 ਸਾ.ਯੁ. ਵਿਚ, ਯਰੂਸ਼ਲਮ ਦੇ ਬਾਕੀ ਦੇ ਲੋਕਾਂ ਨਾਲ ਯਹੂਦੀ ਮਸੀਹੀਆਂ ਨੂੰ ਵੀ ਜਾਂ ਤਾਂ ਮਾਰੇ ਜਾਣ ਜਾਂ ਗ਼ੁਲਾਮੀ ਵਿਚ ਲਿਜਾਏ ਜਾਣ ਦਾ ਖ਼ਤਰਾ ਹੋ ਸਕਦਾ ਸੀ। ਪਰ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਉਹ 37 ਸਾਲ ਪਹਿਲਾਂ ਕਹੀ ਗਈ ਯਿਸੂ ਦੀ ਗੱਲ ਮੰਨ ਕੇ ਉੱਥੋਂ ਭੱਜ ਗਏ ਸਨ। ਉਹ ਸ਼ਹਿਰ ਵਿੱਚੋਂ ਨਿਕਲ ਕੇ ਵਾਪਸ ਨਹੀਂ ਆਏ।

ਰਸੂਲਾਂ ਨੇ ਵੇਲੇ ਸਿਰ ਚੇਤਾਵਨੀ ਦਿੱਤੀ

8. ਪਤਰਸ ਨੇ ਕਿਸ ਗੱਲ ਦੀ ਜ਼ਰੂਰਤ ਸਮਝੀ ਅਤੇ ਯਿਸੂ ਦੇ ਕਿਹੜੇ ਸ਼ਬਦ ਸ਼ਾਇਦ ਉਸ ਨੂੰ ਯਾਦ ਆਏ ਸਨ?

8 ਅੱਜ ਇਸ ਤੋਂ ਵੀ ਵੱਡਾ ਵਿਨਾਸ਼ ਸਾਡੇ ਸਿਰ ਤੇ ਆ ਖੜ੍ਹਾ ਹੈ, ਜਿਸ ਦੁਆਰਾ ਇਸ ਰੀਤੀ-ਵਿਵਸਥਾ ਦਾ ਅੰਤ ਆਵੇਗਾ। ਯਰੂਸ਼ਲਮ ਦੇ ਵਿਨਾਸ਼ ਤੋਂ ਛੇ ਸਾਲ ਪਹਿਲਾਂ ਪਤਰਸ ਰਸੂਲ ਨੇ ਵੇਲੇ ਸਿਰ ਅਤੇ ਜ਼ਰੂਰੀ ਸਲਾਹ ਦਿੱਤੀ ਸੀ ਜੋ ਖ਼ਾਸ ਕਰਕੇ ਅੱਜ ਮਸੀਹੀਆਂ ਉੱਤੇ ਲਾਗੂ ਹੁੰਦੀ ਹੈ। ਉਸ ਨੇ ਸਾਨੂੰ ਚੌਕਸ ਰਹਿਣ ਲਈ ਕਿਹਾ ਸੀ। ਪਤਰਸ ਜਾਣਦਾ ਸੀ ਕਿ ਮਸੀਹੀਆਂ ਨੂੰ ਆਪਣੇ “ਸਾਫ਼ ਚਿੱਤਾਂ” ਨੂੰ ਪ੍ਰੇਰਿਤ ਕਰਨ ਦੀ ਲੋੜ ਸੀ ਤਾਂਕਿ ਉਹ ਆਪਣੇ ਪ੍ਰਭੂ ਯਿਸੂ ਮਸੀਹ ਦੀ ‘ਆਗਿਆ ਨੂੰ ਚੇਤੇ ਰੱਖ’ ਸਕਣ। (2 ਪਤਰਸ 3:1, 2) ਪਤਰਸ ਨੇ ਸ਼ਾਇਦ ਮਸੀਹੀਆਂ ਨੂੰ ਇਸ ਲਈ ਚੌਕਸ ਰਹਿਣ ਲਈ ਕਿਹਾ ਸੀ ਕਿਉਂਕਿ ਉਸ ਨੂੰ ਯਿਸੂ ਦੇ ਸ਼ਬਦ ਯਾਦ ਸਨ, ਜੋ ਉਸ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਰਸੂਲਾਂ ਨੂੰ ਕਹੇ ਸਨ: “ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ।”—ਮਰਕੁਸ 13:33.

9. (ੳ) ਕੁਝ ਲੋਕਾਂ ਦਾ ਕਿਹੋ ਜਿਹਾ ਖ਼ਤਰਨਾਕ ਰਵੱਈਆ ਹੋ ਸਕਦਾ ਹੈ? (ਅ) ਸ਼ੱਕੀ ਰਵੱਈਆ ਖ਼ਾਸ ਕਰਕੇ ਕਿਵੇਂ ਖ਼ਤਰਨਾਕ ਸਾਬਤ ਹੋ ਸਕਦਾ ਹੈ?

9 ਅੱਜ ਕਈ ਮਖੌਲ ਉਡਾਉਂਦੇ ਹੋਏ ਪੁੱਛਦੇ ਹਨ: “ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ?” (2 ਪਤਰਸ 3:3, 4) ਲੱਗਦਾ ਹੈ ਕਿ ਅਜਿਹੇ ਲੋਕ ਸਮਝਦੇ ਹਨ ਕਿ ਸਭ ਕੁਝ ਉਸੇ ਤਰ੍ਹਾਂ ਚੱਲਦਾ ਹੈ ਜਿਸ ਤਰ੍ਹਾਂ ਸੰਸਾਰ ਦੇ ਆਰੰਭ ਤੋਂ ਹੁਣ ਤਕ ਚੱਲਦਾ ਆਇਆ ਹੈ, ਕਿ ਅਸਲ ਵਿਚ ਕੁਝ ਬਦਲਿਆ ਨਹੀਂ। ਇਸ ਤਰ੍ਹਾਂ ਸੋਚਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਾਡੇ ਮਨਾਂ ਵਿਚ ਸ਼ੱਕ ਦੇ ਬੀ ਬੀਜੇ ਜਾ ਸਕਦੇ ਹਨ। ਨਤੀਜੇ ਵਜੋਂ ਅਸੀਂ ਸਮੇਂ ਦੀ ਅਹਿਮੀਅਤ ਭੁੱਲ ਕੇ ਜੋਸ਼ ਨਾਲ ਸੇਵਾ ਕਰਨ ਦੀ ਬਜਾਇ ਸ਼ਾਇਦ ਆਪਣੇ ਹੀ ਕੰਮਾਂ-ਕਾਰਾਂ ਵਿਚ ਲੱਗ ਜਾਈਏ। (ਲੂਕਾ 21:34) ਇਸ ਤੋਂ ਛੁੱਟ, ਜਿਵੇਂ ਪਤਰਸ ਰਸੂਲ ਸਮਝਾਉਂਦਾ ਹੈ, ਅਜਿਹੇ ਮਖੌਲ ਉਡਾਉਣ ਵਾਲੇ ਭੁੱਲ ਗਏ ਹਨ ਕਿ ਨੂਹ ਦੇ ਸਮੇਂ ਜਲ-ਪਰਲੋ ਆਈ ਸੀ ਅਤੇ ਉਸ ਸਮੇਂ ਦੀ ਪੂਰੀ ਰੀਤੀ-ਵਿਵਸਥਾ ਰੋੜ੍ਹ ਕੇ ਲੈ ਗਈ। ਉਸ ਸਮੇਂ ਸਭ ਕੁਝ ਸੱਚ-ਮੁੱਚ ਬਦਲ ਗਿਆ ਸੀ!—ਉਤਪਤ 6:13, 17; 2 ਪਤਰਸ 3:5, 6.

10. ਜਿਨ੍ਹਾਂ ਲੋਕਾਂ ਨੂੰ ਧੀਰਜ ਰੱਖਣ ਦੀ ਲੋੜ ਹੈ ਉਨ੍ਹਾਂ ਨੂੰ ਪਤਰਸ ਕਿਵੇਂ ਹੌਸਲਾ ਦਿੰਦਾ ਹੈ?

10 ਪਤਰਸ ਰਸੂਲ ਆਪਣੀ ਪੱਤਰੀ ਵਿਚ ਸਮਝਾਉਂਦਾ ਹੈ ਕਿ ਪਰਮੇਸ਼ੁਰ ਅਕਸਰ ਛੇਤੀ ਨਾਲ ਕਦਮ ਕਿਉਂ ਨਹੀਂ ਚੁੱਕਦਾ ਅਤੇ ਇਵੇਂ ਧੀਰਜ ਰੱਖਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ। ਪਹਿਲਾਂ ਤਾਂ ਪਤਰਸ ਕਹਿੰਦਾ ਹੈ: “ਪ੍ਰਭੁ ਦੇ ਅੱਗੇ ਇੱਕ ਦਿਨ ਹਜ਼ਾਰ ਵਰਹੇ ਜਿਹਾ ਹੈ ਅਤੇ ਹਜ਼ਾਰ ਵਰਹਾ ਇੱਕ ਦਿਨ ਜਿਹਾ ਹੈ।” (2 ਪਤਰਸ 3:8) ਕਿਉਂਕਿ ਯਹੋਵਾਹ ਸਦੀਪਕਾਲ ਤਕ ਪਰਮੇਸ਼ੁਰ ਹੈ, ਇਸ ਲਈ ਉਹ ਸਾਰੀਆਂ ਗੱਲਾਂ ਵੱਲ ਧਿਆਨ ਦੇ ਕੇ ਸਭ ਤੋਂ ਵਧੀਆ ਸਮੇਂ ਤੇ ਕਦਮ ਚੁੱਕ ਸਕਦਾ ਹੈ। ਫਿਰ ਪਤਰਸ ਇਹ ਦੱਸਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਹਰ ਇਨਸਾਨ ਤੋਬਾ ਕਰੇ। ਕਈਆਂ ਨੂੰ ਉਸ ਦੇ ਧੀਰਜ ਕਾਰਨ ਬਚਣ ਦਾ ਮੌਕਾ ਮਿਲਿਆ ਹੈ, ਲੇਕਿਨ ਜੇ ਉਹ ਤੇਜ਼ੀ ਨਾਲ ਪਹਿਲਾਂ ਹੀ ਕਦਮ ਚੁੱਕ ਲੈਂਦਾ, ਤਾਂ ਉਨ੍ਹਾਂ ਨੇ ਮਰ ਜਾਣਾ ਸੀ। (1 ਤਿਮੋਥਿਉਸ 2:3, 4; 2 ਪਤਰਸ 3:9) ਪਰ ਯਹੋਵਾਹ ਦੇ ਧੀਰਜ ਦਾ ਮਤਲਬ ਇਹ ਨਹੀਂ ਕਿ ਉਹ ਕਦੇ ਵੀ ਕੁਝ ਨਹੀਂ ਕਰੇਗਾ। ਪਤਰਸ ਨੇ ਕਿਹਾ ਸੀ: “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ।” (ਟੇਢੇ ਟਾਈਪ ਸਾਡੇ।)—2 ਪਤਰਸ 3:10.

11. ਰੂਹਾਨੀ ਤੌਰ ਤੇ ਜਾਗਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਯਹੋਵਾਹ ਦਾ ਦਿਨ ‘ਛੇਤੀ’ ਕਿਵੇਂ ਆਵੇਗਾ?

11 ਪਤਰਸ ਨੇ ਚੋਰ ਬਾਰੇ ਵਧੀਆ ਉਦਾਹਰਣ ਵਰਤੀ। ਚੋਰਾਂ ਨੂੰ ਸੌਖਿਆਂ ਹੀ ਫੜਿਆ ਨਹੀਂ ਜਾਂਦਾ। ਜੇਕਰ ਪਹਿਰੇਦਾਰ ਉਂਘਲਾਉਂਦਾ ਰਹੇ ਉਹ ਚੋਰ ਨੂੰ ਨਹੀਂ ਫੜ ਸਕੇਗਾ। ਪਰ ਜਿਹੜਾ ਪਹਿਰੇਦਾਰ ਸਾਰੀ ਰਾਤ ਜਾਗਦਾ ਰਹਿੰਦਾ ਹੈ ਉਸ ਲਈ ਚੋਰ ਨੂੰ ਫੜਨਾ ਸੰਭਵ ਹੋ ਸਕਦਾ ਹੈ। ਤਾਂ ਫਿਰ ਪਹਿਰੇਦਾਰ ਜਾਗਦਾ ਕਿਵੇਂ ਰਹਿ ਸਕਦਾ ਹੈ? ਇਕ ਜਗ੍ਹਾ ਬੈਠਣ ਦੀ ਬਜਾਇ ਜੇਕਰ ਉਹ ਤੁਰਦਾ-ਫਿਰਦਾ ਰਹੇ, ਤਾਂ ਇਸ ਤਰ੍ਹਾਂ ਚੌਕਸ ਰਹਿਣ ਵਿਚ ਉਸ ਦੀ ਮਦਦ ਹੋਵੇਗੀ। ਇਸੇ ਤਰ੍ਹਾਂ ਮਸੀਹੀਆਂ ਵਜੋਂ ਰੂਹਾਨੀ ਕੰਮਾਂ-ਕਾਰਾਂ ਵਿਚ ਹਿੱਸਾ ਲੈਂਦੇ ਰਹਿਣ ਨਾਲ ਸਾਡੀ ਜਾਗਦੇ ਰਹਿਣ ਵਿਚ ਮਦਦ ਹੋਵੇਗੀ। ਇਸ ਲਈ ਪਤਰਸ ਨੇ ਸਾਨੂੰ “ਪਵਿੱਤਰ ਚਲਣ ਅਤੇ ਭਗਤੀ” ਦੇ ਕੰਮਾਂ ਵਿਚ ਲੱਗੇ ਰਹਿਣ ਲਈ ਕਿਹਾ ਸੀ। (2 ਪਤਰਸ 3:11) ਇਸ ਤਰ੍ਹਾਂ ਕਰਨ ਨਾਲ ਅਸੀਂ ‘ਪਰਮੇਸ਼ੁਰ ਦੇ ਉਸ ਦਿਨ ਨੂੰ ਲੋਚਦੇ ਰਹਾਂਗੇ।’ (2 ਪਤਰਸ 3:12) “ਲੋਚਦੇ ਰਹੋ” ਦਾ ਤਰਜਮਾ “ਛੇਤੀ ਲਿਆਉਣ ਦੀ ਕੋਸ਼ਿਸ਼ ਕਰੋ” ਵੀ ਕੀਤਾ ਗਿਆ ਹੈ। (2 ਪਤਰਸ 3:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸੱਚ ਹੈ ਕਿ ਅਸੀਂ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਨੂੰ ਬਦਲ ਨਹੀਂ ਸਕਦੇ। ਉਸ ਦਾ ਦਿਨ ਤਾਂ ਠੀਕ ਉਸੇ ਘੜੀ ਆਵੇਗਾ ਜੋ ਘੜੀ ਉਸ ਨੇ ਨਿਸ਼ਚਿਤ ਕੀਤੀ ਹੈ। ਪਰ ਜੇਕਰ ਅਸੀਂ ਉਸ ਸਮੇਂ ਤਕ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਲੱਗੇ ਰਹੀਏ, ਤਾਂ ਸਾਡੇ ਲਈ ਉਹ ਸਮਾਂ ਛੇਤੀ ਆਵੇਗਾ।—1 ਕੁਰਿੰਥੀਆਂ 15:58.

12. ਅਸੀਂ ਨਿੱਜੀ ਤੌਰ ਤੇ ਯਹੋਵਾਹ ਦੇ ਧੀਰਜ ਦਾ ਫ਼ਾਇਦਾ ਕਿਵੇਂ ਉਠਾ ਸਕਦੇ ਹਾਂ?

12 ਇਸ ਲਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਹੋਵਾਹ ਦਾ ਦਿਨ ਆਉਣ ਵਿਚ ਚਿਰ ਲਾ ਰਿਹਾ ਹੈ, ਤਾਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਪਤਰਸ ਰਸੂਲ ਦੀ ਸਲਾਹ ਉੱਤੇ ਚੱਲ ਕੇ ਉਸ ਦਿਨ ਦੀ ਧੀਰਜ ਨਾਲ ਉਡੀਕ ਕਰਨ। ਅਸਲ ਵਿਚ, ਪਰਮੇਸ਼ੁਰ ਦੇ ਧੀਰਜ ਕਾਰਨ ਜੋ ਸਾਨੂੰ ਸਮਾਂ ਮਿਲਿਆ ਹੈ ਸਾਨੂੰ ਉਸ ਨੂੰ ਵਧੀਆ ਤਰੀਕੇ ਨਾਲ ਵਰਤਣਾ ਚਾਹੀਦਾ ਹੈ। ਮਿਸਾਲ ਲਈ, ਅਸੀਂ ਜ਼ਰੂਰੀ ਮਸੀਹੀ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਹੋਰਨਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਮੌਕਾ ਦਾ ਪੂਰਾ-ਪੂਰਾ ਫ਼ਾਇਦਾ ਉਠਾ ਸਕਦੇ ਹਾਂ। ਜੇਕਰ ਅਸੀਂ ਜਾਗਦੇ ਰਹੀਏ, ਤਾਂ ਅਸੀਂ ਇਸ ਰੀਤੀ ਦੇ ਅੰਤ ਵਿਚ “ਸ਼ਾਂਤੀ ਨਾਲ [ਯਹੋਵਾਹ] ਦੇ ਅੱਗੇ ਨਿਰਮਲ ਅਤੇ ਨਿਹਕਲੰਕ” ਹੋਵਾਂਗੇ। (2 ਪਤਰਸ 3:14, 15) ਇਹ ਕਿੰਨੀ ਵਧੀਆ ਬਰਕਤ ਹੋਵੇਗੀ!

13. ਥੱਸਲੁਨੀਕਾ ਦੇ ਮਸੀਹੀਆਂ ਨੂੰ ਕਹੇ ਗਏ ਪੌਲੁਸ ਰਸੂਲ ਦੇ ਕਿਹੜੇ ਸ਼ਬਦ ਅੱਜ ਸਾਡੇ ਲਈ ਅਹਿਮੀਅਤ ਰੱਖਦੇ ਹਨ?

13 ਪੌਲੁਸ ਰਸੂਲ ਨੇ ਵੀ ਥੱਸਲੁਨੀਕਾ ਦੇ ਮਸੀਹੀਆਂ ਨੂੰ ਆਪਣੀ ਪਹਿਲੀ ਚਿੱਠੀ ਵਿਚ ਜਾਗਦੇ ਰਹਿਣ ਦੀ ਸਲਾਹ ਦਿੱਤੀ ਸੀ: “ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।” (1 ਥੱਸਲੁਨੀਕੀਆਂ 5:2, 6) ਅੱਜ ਸਾਡੇ ਸਿਰ ਤੇ ਇਸ ਪੂਰੀ ਰੀਤੀ-ਵਿਵਸਥਾ ਦਾ ਵਿਨਾਸ਼ ਖੜ੍ਹਾ ਹੈ, ਇਸ ਲਈ ਇਹ ਸਲਾਹ ਸਾਡੇ ਲਈ ਕਿੰਨੀ ਜ਼ਰੂਰੀ ਹੈ! ਯਹੋਵਾਹ ਦੇ ਸੇਵਕ ਇਕ ਅਜਿਹੀ ਦੁਨੀਆਂ ਵਿਚ ਰਹਿੰਦੇ ਹਨ ਜਿਸ ਵਿਚ ਲੋਕ ਰੂਹਾਨੀ ਗੱਲਾਂ ਵਿਚ ਜ਼ਰਾ ਵੀ ਦਿਲਚਸਪੀ ਨਹੀਂ ਲੈਂਦੇ। ਇਸ ਦਾ ਪਰਮੇਸ਼ੁਰ ਦੇ ਸੇਵਕਾਂ ਉੱਤੇ ਬੁਰਾ ਅਸਰ ਪੈ ਸਕਦਾ ਹੈ। ਇਸੇ ਲਈ ਪੌਲੁਸ ਨੇ ਇਹ ਸਲਾਹ ਦਿੱਤੀ ਕਿ ਅਸੀਂ “ਨਿਹਚਾ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ ਸੁਚੇਤ ਰਹੀਏ।” (1 ਥੱਸਲੁਨੀਕੀਆਂ 5:8) ਹਰ ਰੋਜ਼ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਲਗਾਤਾਰ ਸਭਾਵਾਂ ਵਿਚ ਆਪਣੇ ਭਰਾਵਾਂ ਨਾਲ ਸੰਗਤ ਕਰਨ ਦੁਆਰਾ ਪੌਲੁਸ ਦੀ ਸਲਾਹ ਉੱਤੇ ਚੱਲਣ ਵਿਚ ਸਾਡੀ ਮਦਦ ਹੋਵੇਗੀ ਅਤੇ ਇਸ ਤਰ੍ਹਾਂ ਅਸੀਂ ਸਮੇਂ ਦੀ ਅਹਿਮੀਅਤ ਨਹੀਂ ਭੁੱਲਾਂਗੇ।—ਮੱਤੀ 16:1-3.

ਲੱਖਾਂ ਹੀ ਲੋਕ ਜਾਗਦੇ ਰਹਿੰਦੇ ਹਨ

14. ਕਿਹੜੇ ਅੰਕੜੇ ਦਿਖਾਉਂਦੇ ਹਨ ਕਿ ਅੱਜ ਕਈ ਪਤਰਸ ਰਸੂਲ ਦੀ ਸਲਾਹ ਉੱਤੇ ਚੱਲ ਕੇ ਜਾਗਦੇ ਰਹਿੰਦੇ ਹਨ?

14 ਕੀ ਅੱਜ ਅਜਿਹੇ ਲੋਕ ਹਨ ਜੋ ਬਾਈਬਲ ਦੀ ਸਲਾਹ ਉੱਤੇ ਚੱਲ ਕੇ ਸਚੇਤ ਰਹਿੰਦੇ ਹਨ? ਜੀ ਹਾਂ। ਕੁਝ 63,04,645 ਪ੍ਰਕਾਸ਼ਕਾਂ ਨੇ, 2002 ਸੇਵਾ ਸਾਲ ਵਿਚ 1,20,23,81,302 ਘੰਟੇ ਲੋਕਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰ ਕੇ ਰੂਹਾਨੀ ਤੌਰ ਤੇ ਸਚੇਤ ਰਹਿਣ ਦਾ ਸਬੂਤ ਦਿੱਤਾ। ਪਿਛਲੇ ਸਾਲ ਨਾਲੋਂ ਪ੍ਰਕਾਸ਼ਕਾਂ ਦੀ ਗਿਣਤੀ ਵਿਚ 3.1 ਫੀ ਸਦੀ ਵਾਧਾ ਹੋਇਆ ਹੈ। ਇਨ੍ਹਾਂ ਭੈਣ-ਭਰਾਵਾਂ ਲਈ ਪ੍ਰਚਾਰ ਕਰਨਾ ਕੋਈ ਮਾਮੂਲੀ ਕੰਮ ਨਹੀਂ। ਇਹ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਇਕ ਖ਼ਾਸ ਹਿੱਸਾ ਹੈ। ਇਨ੍ਹਾਂ ਵਿੱਚੋਂ ਕਈਆਂ ਦਾ ਰਵੱਈਆ ਐਲ ਸੈਲਵੇਡਾਰ ਤੋਂ ਐਡਵਾਡੋ ਅਤੇ ਨਾਓਮੀ ਦੇ ਰਵੱਈਏ ਵਰਗਾ ਹੈ।

15. ਐਲ ਸੈਲਵੇਡਾਰ ਤੋਂ ਕਿਹੜਾ ਅਨੁਭਵ ਦਿਖਾਉਂਦਾ ਹੈ ਕਿ ਉੱਥੇ ਬਹੁਤ ਸਾਰੇ ਭੈਣ-ਭਰਾ ਰੂਹਾਨੀ ਤੌਰ ਤੇ ਸਚੇਤ ਹਨ?

15 ਕੁਝ ਸਾਲ ਪਹਿਲਾਂ ਐਡਵਾਡੋ ਅਤੇ ਨਾਓਮੀ ਨੇ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦਿੱਤਾ: “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (1 ਕੁਰਿੰਥੀਆਂ 7:31) ਉਨ੍ਹਾਂ ਨੇ ਸਾਦਾ ਜੀਵਨ ਜੀਉਣ ਦਾ ਫ਼ੈਸਲਾ ਕੀਤਾ ਅਤੇ ਪਾਇਨੀਅਰ ਸੇਵਾ ਵਿਚ ਹਿੱਸਾ ਲੈਣ ਲੱਗ ਪਏ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਐਡਵਾਡੋ ਨੂੰ ਆਪਣੀ ਪਤਨੀ ਨਾਲ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਵੀ ਮੌਕਾ ਮਿਲਿਆ। ਸਖ਼ਤ ਮੁਸ਼ਕਲਾਂ ਸਹਿਣ ਦੇ ਬਾਵਜੂਦ ਵੀ ਐਡਵਾਡੋ ਅਤੇ ਨਾਓਮੀ ਨੂੰ ਪੂਰਾ ਵਿਸ਼ਵਾਸ ਹੈ ਕਿ ਪਾਇਨੀਅਰ ਸੇਵਾ ਕਰਨ ਲਈ ਐਸ਼ੋ-ਆਰਾਮ ਵਾਲੀ ਜ਼ਿੰਦਗੀ ਤਿਆਗ ਕੇ ਸਾਦਾ ਜੀਵਨ ਜੀਉਣ ਦਾ ਉਨ੍ਹਾਂ ਦਾ ਫ਼ੈਸਲਾ ਬਿਲਕੁਲ ਸਹੀ ਸੀ। ਐਲ ਸੈਲਵੇਡਾਰ ਵਿਚ 29,269 ਪ੍ਰਕਾਸ਼ਕ ਅਤੇ 2,454 ਪਾਇਨੀਅਰ ਹਨ। ਇਨ੍ਹਾਂ ਵਿੱਚੋਂ ਕਈ ਭੈਣ-ਭਰਾਵਾਂ ਨੇ ਐਡਵਾਡੋ ਅਤੇ ਨਾਓਮੀ ਵਰਗਾ ਰਵੱਈਆ ਦਿਖਾਇਆ ਹੈ ਅਤੇ ਨਤੀਜੇ ਵਜੋਂ ਪਿਛਲੇ ਸਾਲ ਉਸ ਦੇਸ਼ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਵਿਚ 2 ਫੀ ਸਦੀ ਵਾਧਾ ਹੋਇਆ ਸੀ।

16. ਕੋਟ ਡਿਵੁਆਰ ਦੇ ਇਕ ਜਵਾਨ ਭਰਾ ਨੇ ਕਿਹੋ ਜਿਹਾ ਰਵੱਈਆ ਦਿਖਾਇਆ ਸੀ?

16 ਕੋਟ ਡਿਵੁਆਰ ਵਿਚ ਇਕ ਜਵਾਨ ਮਸੀਹੀ ਭਰਾ ਨੇ ਵੀ ਵਧੀਆ ਰਵੱਈਆ ਦਿਖਾਇਆ ਸੀ। ਉਸ ਨੇ ਬੈਥਲ ਨੂੰ ਚਿੱਠੀ ਲਿਖੀ: “ਮੈਂ ਕਲੀਸਿਯਾ ਵਿਚ ਸਹਾਇਕ ਸੇਵਕ ਹਾਂ। ਪਰ ਮੈਂ ਆਪਣੇ ਭਰਾਵਾਂ ਨੂੰ ਕਿਹੜੇ ਮੂੰਹ ਨਾਲ ਪਾਇਨੀਅਰ ਸੇਵਾ ਕਰਨ ਲਈ ਕਹਿ ਸਕਦਾ ਹਾਂ ਜਦ ਕਿ ਮੈਂ ਆਪ ਪਾਇਨੀਅਰ ਸੇਵਾ ਕਰ ਕੇ ਉਨ੍ਹਾਂ ਲਈ ਇਕ ਚੰਗੀ ਮਿਸਾਲ ਕਾਇਮ ਨਹੀਂ ਕਰਦਾ। ਇਸ ਲਈ ਮੈਂ ਵਧੀਆ ਕਮਾਈ ਵਾਲੀ ਨੌਕਰੀ ਛੱਡ ਕੇ ਆਪਣਾ ਇਕ ਛੋਟਾ ਜਿਹਾ ਕਾਰੋਬਾਰ ਚਲਾ ਰਿਹਾ ਹਾਂ। ਇਸ ਨਾਲ ਮੈਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਸਕਦਾ ਹਾਂ।” ਹੁਣ ਇਹ ਭਰਾ ਕੋਟ ਡਿਵੁਆਰ ਦੇ 983 ਪਾਇਨੀਅਰਾਂ ਨਾਲ ਸੇਵਾ ਕਰ ਰਿਹਾ ਹੈ। ਪਿਛਲੇ ਸਾਲ ਉਸ ਦੇਸ਼ ਵਿਚ 6,701 ਪ੍ਰਕਾਸ਼ਕ ਸਨ ਜੋ ਕਿ 5 ਫੀ ਸਦੀ ਵਾਧਾ ਹੈ।

17. ਬੈਲਜੀਅਮ ਵਿਚ ਇਕ ਜਵਾਨ ਭੈਣ ਨੇ ਪੱਖਪਾਤ ਦੇ ਬਾਵਜੂਦ ਹਿੰਮਤ ਕਿਵੇਂ ਦਿਖਾਈ ਸੀ?

17 ਬੈਲਜੀਅਮ ਵਿਚ ਹੋ ਰਹੇ ਪੱਖਪਾਤ ਅਤੇ ਨਫ਼ਰਤ ਕਾਰਨ ਉੱਥੇ ਦੇ 24,961 ਰਾਜ ਪ੍ਰਕਾਸ਼ਕਾਂ ਨੂੰ ਹਾਲੇ ਵੀ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਫਿਰ ਵੀ ਉਹ ਡਰਦੇ ਨਹੀਂ ਸਗੋਂ ਜੋਸ਼ ਨਾਲ ਸੇਵਾ ਕਰ ਰਹੇ ਹਨ। ਜਦ ਸਕੂਲ ਵਿਚ ਨੀਤੀ-ਵਿੱਦਿਆ ਬਾਰੇ ਗੱਲਬਾਤ ਚੱਲ ਰਹੀ ਸੀ ਅਤੇ ਯਹੋਵਾਹ ਦੇ ਗਵਾਹਾਂ ਨੂੰ ਇਕ ਪੰਥ ਕਿਹਾ ਗਿਆ ਸੀ, ਤਾਂ ਇਕ 16 ਸਾਲਾਂ ਦੀ ਗਵਾਹ ਨੇ ਗਵਾਹਾਂ ਦੇ ਪੱਖ ਵਿਚ ਕੁਝ ਕਹਿਣ ਦੀ ਇਜਾਜ਼ਤ ਮੰਗੀ। ਇਸ ਭੈਣ ਨੇ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਨਾਮਕ ਵਿਡਿਓ ਅਤੇ ਯਹੋਵਾਹ ਦੇ ਗਵਾਹ—ਇਹ ਕੌਣ ਹਨ? (ਅੰਗ੍ਰੇਜ਼ੀ) ਨਾਂ ਦਾ ਬ੍ਰੋਸ਼ਰ ਵਰਤ ਕੇ ਸਮਝਾਇਆ ਕਿ ਯਹੋਵਾਹ ਦੇ ਗਵਾਹ ਅਸਲ ਵਿਚ ਕੌਣ ਹਨ। ਸਾਰਿਆਂ ਨੇ ਇਸ ਜਾਣਕਾਰੀ ਦੀ ਬਹੁਤ ਕਦਰ ਕੀਤੀ ਅਤੇ ਅਗਲੇ ਹਫ਼ਤੇ ਵਿਦਿਆਰਥੀਆਂ ਤੋਂ ਟੈੱਸਟ ਲਿਆ ਗਿਆ ਜਿਸ ਵਿਚ ਸਾਰੇ ਸਵਾਲ ਯਹੋਵਾਹ ਦੇ ਗਵਾਹਾਂ ਦੇ ਮਸੀਹੀ ਧਰਮ ਬਾਰੇ ਸਨ।

18. ਕਿਹੜਾ ਸਬੂਤ ਹੈ ਕਿ ਅਰਜਨਟੀਨਾ ਅਤੇ ਮੋਜ਼ਾਮਬੀਕ ਵਿਚ ਪੈਸੇ ਦੀ ਤੰਗੀ ਦੇ ਬਾਵਜੂਦ ਪ੍ਰਕਾਸ਼ਕਾਂ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਹੱਥ ਢਿੱਲੇ ਨਹੀਂ ਕੀਤੇ?

18 ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਜ਼ਿਆਦਾਤਰ ਮਸੀਹੀਆਂ ਨੂੰ ਸਖ਼ਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਫਿਰ ਵੀ ਉਹ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਅਰਜਨਟੀਨਾ ਵਿਚ ਪੈਸੇ ਦੀ ਬਹੁਤ ਤੰਗੀ ਹੈ, ਪਰ ਫਿਰ ਵੀ ਪਿਛਲੇ ਸਾਲ ਉੱਥੇ ਗਵਾਹਾਂ ਦੀ ਗਿਣਤੀ 1,26,709 ਤਕ ਪਹੁੰਚ ਗਈ। ਮੋਜ਼ਾਮਬੀਕ ਵਿਚ ਵੀ ਬਹੁਤ ਗ਼ਰੀਬੀ ਹੈ। ਪਰ ਉੱਥੇ ਵੀ 37,563 ਗਵਾਹਾਂ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ ਅਤੇ 4 ਫੀ ਸਦੀ ਵਾਧਾ ਹੋਇਆ। ਅਲਬਾਨੀਆ ਵਿਚ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੈ, ਲੇਕਿਨ ਉੱਥੇ 12 ਫੀ ਸਦੀ ਵਾਧਾ ਹੋਇਆ ਅਤੇ ਪ੍ਰਕਾਸ਼ਕਾਂ ਦੀ ਗਿਣਤੀ ਹੁਣ 2,708 ਹੈ। ਸਪੱਸ਼ਟ ਹੈ ਕਿ ਜਦ ਪਰਮੇਸ਼ੁਰ ਦੇ ਸੇਵਕ ਰਾਜ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ, ਤਾਂ ਕੋਈ ਵੀ ਮੁਸ਼ਕਲ ਯਹੋਵਾਹ ਦੀ ਸ਼ਕਤੀ ਨੂੰ ਬਰਕਤਾਂ ਲਿਆਉਣ ਤੋਂ ਰੋਕ ਨਹੀਂ ਸਕਦੀ।—ਮੱਤੀ 6:33.

19. (ੳ) ਸਾਨੂੰ ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਹਾਲੇ ਵੀ ਕਈ ਨੇਕਦਿਲ ਲੋਕ ਬਾਈਬਲ ਦੀ ਸੱਚਾਈ ਸਿੱਖਣੀ ਚਾਹੁੰਦੇ ਹਨ? (ਅ) ਸਾਲਾਨਾ ਰਿਪੋਰਟ ਤੋਂ ਹੋਰ ਕਿਹੜੇ ਅੰਕੜੇ ਦਿਖਾਉਂਦੇ ਹਨ ਕਿ ਯਹੋਵਾਹ ਦੇ ਸੇਵਕ ਰੂਹਾਨੀ ਤੌਰ ਤੇ ਜਾਗਦੇ ਰਹਿੰਦੇ ਹਨ? (ਸਫ਼ੇ 12-15 ਉੱਤੇ ਚਾਰਟ ਨੂੰ ਦੇਖੋ।)

19 ਪਿਛਲੇ ਸਾਲ ਸੰਸਾਰ ਭਰ ਵਿਚ ਔਸਤਨ ਹਰ ਮਹੀਨੇ 53,09,289 ਲੋਕਾਂ ਨਾਲ ਬਾਈਬਲ ਸਟੱਡੀ ਕੀਤੀ ਗਈ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਹਾਲੇ ਵੀ ਕਈ ਨੇਕਦਿਲ ਲੋਕ ਹਨ ਜੋ ਬਾਈਬਲ ਦੀ ਸੱਚਾਈ ਸਿੱਖਣੀ ਚਾਹੁੰਦੇ ਹਨ। ਸਮਾਰਕ ਸਮਾਰੋਹ ਮਨਾਉਣ ਲਈ 1,55,97,746 ਲੋਕ ਆਏ ਸਨ ਜੋ ਗਿਣਤੀ ਅੱਗੇ ਨਾਲੋਂ ਕਿਤੇ ਜ਼ਿਆਦਾ ਹੈ। ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਹਾਲੇ ਪੂਰੀ ਤਰ੍ਹਾਂ ਯਹੋਵਾਹ ਦੀ ਸੇਵਾ ਨਹੀਂ ਕਰਦੇ। ਸਾਡੀ ਪ੍ਰਾਰਥਨਾ ਹੈ ਕਿ ਉਹ ਸਹੀ ਗਿਆਨ ਹਾਸਲ ਕਰਦੇ ਰਹਿਣ ਅਤੇ ਯਹੋਵਾਹ ਤੇ ਸਾਡੇ ਭਾਈਚਾਰੇ ਪ੍ਰਤੀ ਉਨ੍ਹਾਂ ਦਾ ਪਿਆਰ ਵਧਦਾ ਜਾਵੇ। ਸਾਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ‘ਹੋਰ ਭੇਡਾਂ’ ਦੀ “ਵੱਡੀ ਭੀੜ” ਆਪਣੇ ਮਸਹ ਕੀਤੇ ਹੋਏ ਭਰਾਵਾਂ ਦੇ ਨਾਲ-ਨਾਲ ਪਰਮੇਸ਼ੁਰ ਦੀ “ਹੈਕਲ ਵਿੱਚ ਰਾਤ ਦਿਨ” ਉਸ ਦੀ ਸੇਵਾ ਕਰਦੀ ਹੈ ਅਤੇ ਉਸ ਭੀੜ ਦੀ ਗਿਣਤੀ ਵਧਦੀ ਜਾ ਰਹੀ ਹੈ।—ਯੂਹੰਨਾ 10:16 ਪਰਕਾਸ਼ ਦੀ ਪੋਥੀ 7:9, 15.

ਲੂਤ ਤੋਂ ਸਬਕ ਸਿੱਖੋ

20. ਅਸੀਂ ਲੂਤ ਅਤੇ ਉਸ ਦੀ ਪਤਨੀ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

20 ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਵੀ ਕਦੀ-ਕਦੀ ਸਮੇਂ ਦੀ ਅਹਿਮੀਅਤ ਭੁੱਲ ਸਕਦੇ ਹਨ। ਅਬਰਾਹਾਮ ਦੇ ਭਤੀਜੇ ਲੂਤ ਵੱਲ ਧਿਆਨ ਦਿਓ। ਉਸ ਨੂੰ ਦੋ ਦੂਤਾਂ ਤੋਂ ਪਤਾ ਲੱਗਾ ਕਿ ਪਰਮੇਸ਼ੁਰ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਦਾ ਨਾਸ਼ ਲਿਆਉਣ ਵਾਲਾ ਸੀ। ਇਹ ਸੁਣ ਕੇ ਲੂਤ ਹੈਰਾਨ ਨਹੀਂ ਹੋਇਆ ਹੋਣਾ ਕਿਉਂਕਿ ਉਸ ਨੂੰ “ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਜਿੱਚ ਹੁੰਦਾ ਸੀ।” (2 ਪਤਰਸ 2:7) ਫਿਰ ਵੀ, ਜਦ ਉਹ ਦੂਤ ਉਸ ਨੂੰ ਸਦੂਮ ਵਿੱਚੋਂ ਬਾਹਰ ਲੈ ਜਾਣ ਲਈ ਆਏ ਸਨ, ਤਾਂ ਲੂਤ “ਢਿੱਲ ਕਰ ਰਿਹਾ ਸੀ।” ਦੂਤਾਂ ਨੂੰ ਲੂਤ ਅਤੇ ਉਸ ਦੇ ਪਰਿਵਾਰ ਨੂੰ ਉਸ ਸ਼ਹਿਰ ਵਿੱਚੋਂ ਹੱਥੋਂ ਫੜ ਕੇ ਤਕਰੀਬਨ ਧੂਹ ਕੇ ਲੈ ਜਾਣਾ ਪਿਆ। ਪਰ ਲੂਤ ਦੀ ਪਤਨੀ ਨੇ ਦੂਤਾਂ ਦੀ ਗੱਲ ਨਹੀਂ ਮੰਨੀ। ਉਹ ਪਿੱਛੇ ਮੁੜ ਕੇ ਦੇਖਣ ਲੱਗ ਪਈ। ਲਾਪਰਵਾਹੀ ਕਰਕੇ ਉਹ ਆਪਣੀ ਜਾਨ ਗੁਆ ਬੈਠੀ। (ਉਤਪਤ 19:14-17, 26) ਯਿਸੂ ਨੇ ਚੇਤਾਵਨੀ ਦਿੱਤੀ ਸੀ: “ਲੂਤ ਦੀ ਤੀਵੀਂ ਨੂੰ ਚੇਤੇ ਰੱਖੋ।”—ਲੂਕਾ 17:32.

21. ਹੁਣ ਜਾਗਦੇ ਰਹਿਣ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਕਿਉਂ ਹੈ?

21 ਪੌਂਪੇ ਅਤੇ ਹਰਕੁਲੈਨੀਅਮ ਦੀ ਤਬਾਹੀ, ਯਰੂਸ਼ਲਮ ਦੇ ਵਿਨਾਸ਼ ਵੇਲੇ ਵਾਪਰੀਆਂ ਘਟਨਾਵਾਂ, ਨੂਹ ਦੇ ਸਮੇਂ ਦੀ ਜਲ-ਪਰਲੋ ਅਤੇ ਲੂਤ ਦੀ ਮਿਸਾਲ ਤੋਂ ਅਸੀਂ ਇਹ ਜ਼ਰੂਰੀ ਸਬਕ ਸਿੱਖਦੇ ਹਾਂ ਕਿ ਜਦ ਚੇਤਾਵਨੀ ਦਿੱਤੀ ਜਾਂਦੀ ਹੈ, ਤਾਂ ਸਾਨੂੰ ਧਿਆਨ ਦੇਣ ਦੀ ਲੋੜ ਹੈ। ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਅੰਤ ਦਿਆਂ ਦਿਨਾਂ ਦੇ ਲੱਛਣ ਪਛਾਣਦੇ ਹਾਂ। (ਮੱਤੀ 24:3) ਅਸੀਂ ਝੂਠੇ ਧਰਮਾਂ ਵਿੱਚੋਂ ਨਿਕਲ ਚੁੱਕੇ ਹਾਂ। (ਪਰਕਾਸ਼ ਦੀ ਪੋਥੀ 18:4) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਵੀ ‘ਪਰਮੇਸ਼ੁਰ ਦੇ ਉਸ ਦਿਨ ਨੂੰ ਲੋਚਦੇ ਰਹਿਣਾ’ ਚਾਹੀਦਾ ਹੈ। (2 ਪਤਰਸ 3:12) ਜੀ ਹਾਂ, ਹੁਣ ਜਾਗਦੇ ਰਹਿਣ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਹੈ! ਜਾਗਦੇ ਰਹਿਣ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ ਅਤੇ ਕਿਹੜੇ ਗੁਣ ਪੈਦਾ ਕਰ ਸਕਦੇ ਹਾਂ? ਅਗਲੇ ਲੇਖ ਵਿਚ ਇਨ੍ਹਾਂ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 6 ਇਹ ਸੰਭਵ ਨਹੀਂ ਕਿ ਇਸ ਸਮੇਂ ਯਰੂਸ਼ਲਮ ਵਿਚ 1,20,000 ਤੋਂ ਜ਼ਿਆਦਾ ਲੋਕ ਵੱਸਦੇ ਸਨ। ਯੂਸੀਬੀਅਸ ਨੇ ਅੰਦਾਜ਼ਾ ਲਗਾਇਆ ਸੀ ਕਿ ਯਹੂਦਿਯਾ ਦੇ ਸੂਬੇ ਤੋਂ ਕੁਝ 3,00,000 ਲੋਕ 70 ਸਾ.ਯੁ. ਵਿਚ ਪਸਾਹ ਮਨਾਉਣ ਯਰੂਸ਼ਲਮ ਨੂੰ ਆਏ ਸਨ। ਇਸ ਲਈ ਯੁੱਧ ਦੇ ਬਾਕੀ ਸ਼ਿਕਾਰ ਸਾਮਰਾਜ ਦੇ ਦੂਸਰਿਆਂ ਹਿੱਸਿਆਂ ਤੋਂ ਆਏ ਹੋਏ ਲੋਕ ਹੋਣੇ ਸਨ।

^ ਪੈਰਾ 6 ਯਹੋਵਾਹ ਦੇ ਨਜ਼ਰੀਏ ਤੋਂ ਮੂਸਾ ਦੀ ਬਿਵਸਥਾ 33 ਸਾ.ਯੁ. ਵਿਚ ਨਵੇਂ ਨੇਮ ਨਾਲ ਬਦਲੀ ਗਈ ਸੀ।—ਅਫ਼ਸੀਆਂ 2:15.

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਯਹੂਦੀ ਮਸੀਹੀਆਂ ਨੂੰ ਯਰੂਸ਼ਲਮ ਦੇ ਵਿਨਾਸ਼ ਤੋਂ ਬਚਣ ਦਾ ਮੌਕਾ ਕਿਸ ਤਰ੍ਹਾਂ ਮਿਲਿਆ ਸੀ?

• ਪਤਰਸ ਅਤੇ ਪੌਲੁਸ ਰਸੂਲ ਦੀਆਂ ਲਿਖਤਾਂ ਵਿਚ ਪਾਈ ਗਈ ਸਲਾਹ ਤੋਂ ਸਾਨੂੰ ਜਾਗਦੇ ਰਹਿਣ ਵਿਚ ਕਿਵੇਂ ਮਦਦ ਮਿਲਦੀ ਹੈ?

• ਅੱਜ ਕੌਣ ਸਬੂਤ ਦੇ ਰਹੇ ਹਨ ਕਿ ਉਹ ਪੂਰੀ ਤਰ੍ਹਾਂ ਜਾਗਦੇ ਹਨ?

• ਅਸੀਂ ਲੂਤ ਅਤੇ ਉਸ ਦੀ ਪਤਨੀ ਦੀ ਮਿਸਾਲ ਤੋਂ ਕਿਹੜਾ ਸਬਕ ਸਿੱਖਦੇ ਹਾਂ?

[ਸਵਾਲ]

[ਸਫ਼ੇ 12-15 ਉੱਤੇ ਚਾਰਟ]

ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 2002 ਸੇਵਾ ਸਾਲ ਰਿਪੋਰਟ

[ਸਫ਼ੇ 9 ਉੱਤੇ ਤਸਵੀਰ]

ਯਰੂਸ਼ਲਮ ਵਿਚ ਰਹਿੰਦੇ ਮਸੀਹੀਆਂ ਨੇ 66 ਸਾ.ਯੁ. ਵਿਚ ਯਿਸੂ ਦੀ ਚੇਤਾਵਨੀ ਮੁਤਾਬਕ ਕਦਮ ਚੁੱਕੇ

[ਸਫ਼ੇ 10 ਉੱਤੇ ਤਸਵੀਰਾਂ]

ਪਰਮੇਸ਼ੁਰ ਦੀ ਸੇਵਾ ਕਰਨ ਵਿਚ ਲੱਗੇ ਰਹਿਣ ਨਾਲ ਮਸੀਹੀਆਂ ਦੀ ਜਾਗਦੇ ਰਹਿਣ ਵਿਚ ਮਦਦ ਹੋਵੇਗੀ